ਸ਼੍ਰੋਮਣੀ ਕਮੇਟੀ ਬਨਾਮ ਸਿੱਖ ਸਿਆਸਤ

ਡਾ. ਬਲਕਾਰ ਸਿੰਘ, ਪਟਿਆਲਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਧਾਨਕ ਤਰੀਕੇ ਨਾਲ ਚੁਣੀ ਹੋਈ ਇਕੋ ਇਕ ਧਾਰਮਿਕ ਸੰਸਥਾ ਹੋਣ ਕਰਕੇ ਆਪਣੇ ਜਿਹੀ ਆਪ ਹੋ ਗਈ ਹੈ। ਇਸੇ ਕਰਕੇ ਇਸ ਦੀਆਂ ਸਮੱਸਿਆਵਾਂ ਨੂੰ ਵੀ ਸਿੱਖੀ ਦੇ ਹਵਾਲੇ ਨਾਲ ਹੀ ਸਮਝਿਆ ਜਾ ਸਕਦਾ ਹੈ। ਦੇਸ਼ ਦੀ ਅਜ਼ਾਦੀ ਵਾਸਤੇ ਲੜੀ ਗਈ ਲੜਾਈ ਵਿਚ ਸਿੱਖਾਂ ਦੀ ਅਹਿਮ ਭੂਮਿਕਾ ਤੋਂ ਕੋਈ ਇਨਕਾਰੀ ਨਹੀਂ ਹੈ। ਇਸ ਸਥਿਤੀ ਵਿਚ ਵੀ ਗੁਰਦੁਆਰਾ ਸੁਧਾਰ ਲਹਿਰ ਜਿਸ ਤਰ੍ਹਾਂ ਸਿਦਕ, ਸਿਰੜ ਅਤੇ ਸਹਿਜ ਨਾਲ ਚਲਾਈ ਗਈ ਸੀ, ਉਸ ਦੇ ਵਿਸਥਾਰ ਵਿਚ ਜਾਏ ਬਿਨਾ ਇਹ ਕਹਿਣਾ ਚਾਹੁੰਦਾ ਹਾਂ ਕਿ ਸਮੇਂ ਦੀ ਕਾਲੋਨੀਅਲ ਸਰਕਾਰ ਨੇ ਸਿੱਖਾਂ ਵੱਲੋਂ ਗੁਰਦੁਆਰਿਆਂ ਦੇ ਪ੍ਰਬੰਧ ਦੀ ਮੰਗ ਨੂੰ 1925 ਦੇ ਗੁਰਦੁਆਰਾ ਐਕਟ ਰਾਹੀਂ ਮੰਨ ਲਿਆ ਸੀ।

ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਵਿਚ ਕਿਸੇ ਸਰਕਾਰੀ ਦਖਲ ਤੋਂ ਬਿਨਾ ਬਣ ਚੁਕੀ ਸੀ। ਇਸੇ ਕਮੇਟੀ ਨੇ ਅਕਾਲ ਤਖਤ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਨਾਲੋਂ ਵੱਖਰਾ ਸਿੱਖ ਹਿਤਾਂ ਦੀ ਸਿਆਸੀ ਪਹਿਰੇਦਾਰੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਣਾ ਲਿਆ ਸੀ। ਅਕਾਲ ਤਖਤ ਦੀ ਅਗਵਾਈ ਵਿਚ ਇਹ ਦੋਵੇਂ ਸੰਸਥਾਵਾਂ ਇਕ ਦੂਜੇ ਦੀ ਪੂਰਕਤਾ ਵਿਚ ਕੰਮ ਕਰਦੀਆਂ ਰਹੀਆਂ ਸਨ ਅਤੇ 1925 ਦੇ ਐਕਟ ਰਾਹੀਂ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਵਿਧਾਨਕ ਮਾਨਤਾ ਦਿੱਤੀ ਗਈ ਸੀ ਅਤੇ ਇਸ ਵਿਚ ਕਿਸੇ ਕਿਸਮ ਦੇ ਸਿਆਸੀ ਦਖਲ ਦੀਆਂ ਸੰਭਾਵਨਾਵਾਂ ਦੇ ਰਾਹ ਬੰਦ ਕਰ ਦਿੱਤੇ ਗਏ ਸਨ।
1947 ਤੱਕ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਵਰਤਣ ਦੀਆਂ ਮਿਸਾਲਾਂ ਤਾਂ ਮਿਲਦੀਆਂ ਹਨ, ਪਰ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਵਾਸਤੇ ਵਰਤਣ ਦੀਆਂ ਬਹੁਤੀਆਂ ਮਿਸਾਲਾਂ ਨਹੀਂ ਮਿਲਦੀਆਂ। ਮਾਸਟਰ ਤਾਰਾ ਸਿੰਘ ਤੱਕ ਬਹੁਤੀਆਂ ਸਮੱਸਿਆਵਾਂ ਪੈਦਾ ਵੀ ਨਹੀਂ ਹੋਈਆਂ ਸਨ, ਕਿਉਂਕਿ ਉਹ ਮੰਨਦੇ ਸਨ ਕਿ ਜੋ ਪੰਥਕ ਨਹੀਂ, ਉਹ ਉਸ ਦੀ ਸਿਆਸਤ ਹੈ। ਇਸੇ ਕਰਕੇ ਜਦੋਂ ਗਿਆਨੀ ਕਰਤਾਰ ਸਿੰਘ ਦੀ ਅਗਵਾਈ ਵਿਚ ਸਾਰਾ ਅਕਾਲੀ ਦਲ ਕਾਂਗਰਸ ਵਿਚ ਚਲਾ ਗਿਆ ਸੀ, ਉਸ ਵੇਲੇ ਵੀ ਮਾਸਟਰ ਤਾਰਾ ਸਿੰਘ ਕਾਂਗਰਸ ਵਿਚ ਨਹੀਂ ਸਨ ਗਏ। ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਵਿਚ ਸਿੱਧਾ ਦਖਲ ਸੰਤ ਫਤਿਹ ਸਿੰਘ ਨਾਲ ਸ਼ੁਰੂ ਹੋਇਆ ਸੀ ਅਤੇ ਇਸ ਵੇਲੇ ਸਿਖਰ ‘ਤੇ ਪਹੁੰਚ ਗਿਆ ਹੈ। ਇਸੇ ਦੀ ਚਰਚਾ ਕੀਤੀ ਜਾ ਰਹੀ ਹੈ।
ਸਿੱਖ ਸਿਆਸਤ ਜਿਥੇ ਇਸ ਵੇਲੇ ਪਹੁੰਚ ਗਈ ਹੈ, ਉਸ ਨੇ ਸਿੱਖ ਭਾਈਚਾਰੇ ਨੂੰ ਫੈਸਲੇ ਲੈਣ ਦੀਆਂ ਵਿਰਾਸਤੀ ਵਿਧੀਆਂ ਨਾਲੋਂ ਦੂਰ ਕਰ ਲਿਆ ਹੈ। ਇਸ ਨਾਲ ਸਿੱਖ-ਸੁਰ ਵਿਚ ਫੈਸਲੇ ਲੈ ਸਕਣ ਦੀਆਂ ਮੁਸ਼ਕਿਲਾਂ ਨੂੰ ਸਿਆਸੀ ਢੰਗ ਨਾਲ ਨਿਪਟਾਉਣ ਵਾਲੇ ਰਾਹ ਪਏ ਹੋਏ ਸਿੱਖ ਸਿਆਸਤਦਾਨ ਉਲਝਣਾਂ ਪੈਦਾ ਕਰੀ ਜਾ ਰਹੇ ਹਨ। ਅਕਾਲੀ ਸਰਕਾਰ ਦੇ ਦਸ ਸਾਲਾਂ ਪਿਛੋਂ ਕੈਪਟਨ ਸਰਕਾਰ ਦੇ ਆ ਜਾਣ ਨਾਲ ਵਿਹਲੇ ਹੋ ਗਏ ਸਿੱਖ ਸਿਆਸਤਦਾਨਾਂ ਨੇ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਅਖਾੜਾ ਬਣਾ ਲਿਆ ਹੈ, ਇਹ ਸਿਆਸੀ ਕਸਰਤ ਤੋਂ ਅੱਗੇ ਤੁਰਦਾ ਨਜ਼ਰ ਨਹੀਂ ਆਉਂਦਾ। ਜਿਨ੍ਹਾਂ ਸਿੱਖ ਸਿਆਸਤਦਾਨਾਂ ਦੇ ਕਮਜ਼ੋਰ ਸਿਆਸੀ ਧੜਿਆਂ ਕਰਕੇ ਬਾਦਲਕੇ ਲਗਾਤਾਰ ਤਾਕਤ ਵਿਚ ਰਹੇ ਹਨ, ਉਹ ਇਕ ਵਾਰ ਫਿਰ ਬਾਦਲਕਿਆਂ ਕੋਲੋਂ ਸ਼੍ਰੋਮਣੀ ਕਮੇਟੀ ਖੋਹਣ ਦੀ ਸਿਆਸਤ ਕਰਨ ਲੱਗ ਪਏ ਹਨ। ਇਨ੍ਹਾਂ ਧਿਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਿਆਸੀ ਫੱਟਿਆਂ ਨੇ ਉਨ੍ਹਾਂ ਦੀ ਸਿਆਸੀ-ਸਾਖ ਨੂੰ ਲਗਾਤਾਰ ਕਮਜ਼ੋਰ ਕੀਤਾ ਹੈ ਅਤੇ ਇਸ ਕਮਜ਼ੋਰੀ ਦਾ ਬਾਦਲਕਿਆਂ ਨੇ ਲਗਾਤਾਰ ਸਿਆਸੀ ਲਾਹਾ ਲਿਆ ਹੈ।
ਬਾਦਲਕਿਆਂ ਦੇ ਵਿਰੋਧੀਆਂ ਦੀ ਇਹੀ ਕਮਜ਼ੋਰੀ ਬਾਦਲਕਿਆਂ ਦੇ ਕੰਮ ਆਉਂਦੀ ਰਹੀ ਹੈ। ਹੁਣ ਵੀ ਹੋ ਰਹੀਆਂ ਸਿਆਸੀ ਕੋਸ਼ਿਸ਼ਾਂ ਦੀ ਸੇਧ ਜਿੰਨੀ ਬਾਦਲਕਿਆਂ ਦੇ ਖਿਲਾਫ ਹੈ, ਉਸ ਨਾਲੋਂ ਵੱਧ ਇਕ ਦੂਜੇ ਦੇ ਖਿਲਾਫ ਹੈ। ਇਹ ਠੀਕ ਹੈ ਕਿ ਬਾਦਲਕਿਆਂ ਦੀ ਸਿੱਖ-ਸਾਖ ਅਤੇ ਸਿਆਸੀ-ਸਾਖ ਨੂੰ ਬਹੁਤ ਧੱਕਾ ਲੱਗਾ ਹੈ ਅਤੇ ਇਸ ਨਾਲ ਬਾਦਲਕਿਆਂ ਦੇ ਬਦਲ ਲਈ ਸਿਆਸੀ ਸਪੇਸ ਪੈਦਾ ਹੋ ਗਈ ਹੈ। ਇਹ ਵੀ ਠੀਕ ਹੈ ਕਿ ਇਸ ਸਪੇਸ ਦਾ ਲਾਹਾ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਲਿਆ ਜਾ ਸਕਦਾ ਹੈ। ਇਹ ਨਹੀਂ ਭੁੱਲਣਾ ਚਾਹੀਦਾ ਕਿ ਪੈਦਾ ਹੋਈ ਸਪੇਸ, ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤ ਤੋਂ ਮੁਕਤ ਕਰਾਉਣ ਨਾਲ ਜੁੜੀ ਹੋਈ ਹੈ। ਇਸ ਹਾਲਤ ਵਿਚ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਸਿਆਸੀ ਬਦਲ ਸਾਹਮਣੇ ਆ ਸਕਣ ਦੀਆਂ ਸੰਭਾਵਨਾਵਾਂ ਬਹੁਤ ਮੱਧਮ ਹਨ।
ਪਿਛਲੀ ਕੈਪਟਨ ਸਰਕਾਰ ਵੇਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵਿਚ ਸਿਆਸੀ ਬਦਲ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਸਨ, ਪਰ ਉਸ ਨੂੰ ਦਿੱਲੀ ਦੇ ਸਿਆਸੀ ਦਖਲ ਨੇ ਸਿਰੇ ਨਹੀਂ ਸੀ ਚੜ੍ਹਨ ਦਿੱਤਾ। ਇਸ ਦਾ ਅਰਥ ਇਹ ਹੈ ਕਿ ਸ਼੍ਰੋਮਣੀ ਕਮੇਟੀ ਵਿਚ ਪ੍ਰਬੰਧਕੀ ਬਦਲਾਓ ਸਿਆਸੀ ਸੁਰ ਵਿਚ ਨਹੀਂ ਲਿਆਂਦਾ ਜਾ ਸਕਦਾ। ਸਾਧ ਸੰਗਤ ਬੋਰਡ ਇਸੇ ਕਰਕੇ ਹਾਰਿਆ ਸੀ। ਅਕਾਲੀਆਂ ਦੇ ਸ਼੍ਰੋਮਣੀ ਕਮੇਟੀ ਉਤੇ ਕਬਜ਼ੇ ਦਾ ਭੇਦ ਵੀ ਇਸੇ ਵਿਚ ਲੁਕਿਆ ਹੋਇਆ ਹੈ। ਇਸ ਵਿਚ ਜੋ ਸਫਲਤਾ ਬਾਦਲਕਿਆਂ ਨੂੰ ਮਿਲ ਗਈ ਹੈ, ਉਹ ਆਪਣੀ ਕਿਸਮ ਦੀ ਪਹਿਲੀ ਹੀ ਕਹਿਣੀ ਚਾਹੀਦੀ ਹੈ, ਕਿਉਂਕਿ ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਸਰਕਾਰ ਉਤੇ ਕਬਜ਼ਾ ਜਿਸ ਤਰ੍ਹਾਂ ਇਕੱਲੇ ਪ੍ਰਕਾਸ਼ ਸਿੰਘ ਬਾਦਲ ਦਾ ਹੋ ਗਿਆ ਸੀ, ਉਸ ਤਰ੍ਹਾਂ ਹੋਰ ਕਿਸੇ ਸਿੱਖ ਸਿਆਸਤਦਾਨ ਦਾ ਨਾ ਹੋਇਆ ਹੈ ਅਤੇ ਨਾ ਹੋ ਸਕਣਾ ਹੈ। ਇਸ ਦਾ ਕਾਰਨ ਨਿਰਸੰਦੇਹ ਧਾਰਮਿਕ ਨਹੀਂ, ਸਿਆਸੀ ਹੈ।
ਸ਼੍ਰੋਮਣੀ ਕਮੇਟੀ ਦਾ ਵੋਟਰ ਅਕਾਲੀ ਕਾਡਰ ਸੀ ਅਤੇ ਹੈ। ਸਹਿਜਧਾਰੀਆਂ ਬਾਰੇ ਫੈਸਲੇ ਨਾਲ ਇਹ ਹੋਰ ਵੀ ਪੱਕਾ ਹੋ ਗਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਕਾਡਰ, ਅਕਾਲੀਆਂ ਨਾਲੋ ਟੁੱਟਾ ਨਹੀਂ ਸੀ, ਪਰ ਆਮ ਸਿੱਖ ਨੂੰ ਅਕਾਲੀਆਂ ਦੇ ਹੱਕ ਵਿਚ ਭੁਗਤਾ ਨਹੀਂ ਸੀ ਸਕਿਆ। ਚੋਣ ਨਤੀਜਿਆਂ ਵਿਚ ਬਾਦਲਕਿਆਂ ਦੇ ਵਿਰੋਧੀਆਂ ਦਾ ਕੋਈ ਹੱਥ ਨਹੀਂ ਸੀ, ਕਿਉਂਕਿ ਉਹ ਪ੍ਰਗਟ ਅਤੇ ਅਪ੍ਰਗਟ ਰੂਪ ਵਿਚ ‘ਆਪ’ ਦੇ ਹੀ ਹਮਾਇਤੀ ਸਨ। ਇਸ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਬਾਦਲਕਿਆਂ ਕੋਲੋਂ ਸ਼੍ਰੋਮਣੀ ਕਮੇਟੀ ਖੋਹਣੀ ਓਨੀ ਸੌਖੀ ਨਹੀਂ ਹੈ, ਜਿੰਨੀ ਅਪ੍ਰਸੰਗਕ ਹੋ ਚੁਕੇ ਸਿੱਖ ਸਿਆਸਤਦਾਨਾਂ ਨੂੰ ਲੱਗਣ ਲੱਗ ਪਈ ਹੈ।
ਸ਼੍ਰੋਮਣੀ ਕਮੇਟੀ ਦੀ ਲੜਾਈ ਸਿਆਸੀ-ਸੁਰ ਵਿਚ ਨਹੀਂ, ਧਾਰਮਿਕ-ਸੁਰ ਵਿਚ ਹੀ ਲੜੀ ਜਾ ਸਕਦੀ ਹੈ। ਇਸ ਲੜਾਈ ਦਾ ਅਰੰਭ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਢਾਂਚੇ ਤੋਂ ਹੋਣਾ ਚਾਹੀਦਾ ਹੈ ਕਿਉਂਕਿ ਬਾਦਲਕਿਆਂ ਦਾ ਸ਼੍ਰੋਮਣੀ ਕਮੇਟੀ ‘ਤੇ ਕਬਜਾ ਪ੍ਰਬੰਧਕੀ ਢਾਂਚੇ ਰਾਹੀਂ ਹੀ ਹੈ। ਇਸ ਵਾਸਤੇ ਪਹਿਲਾ ਕਦਮ ਇਹ ਹੋ ਸਕਦਾ ਹੈ ਕਿ ਪ੍ਰਬੰਧਕੀ ਢਾਂਚਾ, ਜਿਸ ਦਾ ਆਧਾਰ 1925 ਦਾ ਐਕਟ ਹੈ, ਆਪਣੇ ਸਿਆਸੀ ਪ੍ਰਭੂਆਂ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਰਿਹਾ ਹੈ? ਇਹ ਕਿਸ ਨੂੰ ਨਹੀਂ ਪਤਾ ਕਿ ਬਾਦਲਕਿਆਂ ਦੀ ਮਰਜ਼ੀ ਬਿਨਾ ਸ਼੍ਰੋਮਣੀ ਕਮੇਟੀ ਵਿਚ ਕੁਝ ਨਹੀਂ ਹੋ ਸਕਦਾ? ਇਹ ਕਿਉਂ ਨਹੀਂ ਪੁੱਛਿਆ ਜਾ ਰਿਹਾ ਕਿ ਚੁਣੇ ਹੋਏ ਅਤੇ ਪਰਖੇ ਹੋਏ ਮੈਂਬਰਾਂ ਨੂੰ ਛੱਡ ਕੇ ਪ੍ਰਧਾਨ ਕਿਉਂ ਬਣਦੇ ਰਹੇ ਹਨ? ਇਹ ਕਿਸ ਨੂੰ ਨਹੀਂ ਪਤਾ ਕਿ ਬਾਦਲਕਿਆਂ ਦੇ ਲਿਫਾਫੇ ਵਿਚੋਂ ਪ੍ਰਧਾਨ ਨਿਕਲਦੇ ਰਹੇ ਹਨ? ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਰੀੜ੍ਹ ਦੀ ਹੱਡੀ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਹਨ।
ਇਨ੍ਹਾਂ ਦੋਹਾਂ ਸੰਸਥਾਵਾਂ ਦੇ ਮੁਖੀਆਂ ਦੀ ਕਾਰਗੁਜ਼ਾਰੀ ਬਾਰੇ ਹੋ ਚੁਕੇ ਖੁਲਾਸੇ ਆਮ ਸਿੱਖ ਤੱਕ ਪਹੁੰਚ ਚੁਕੇ ਹਨ। ਇਸ ਦੇ ਬਾਵਜੂਦ ਸੰਸਥਾ ਮੁਖੀਆਂ ਨੂੰ ਕੋਈ ਖਤਰਾ ਨਹੀਂ ਹੈ, ਕਿਉਂਕਿ ਬਾਦਲਕੇ ਉਨ੍ਹਾਂ ਦੇ ਨਾਲ ਹਨ ਅਤੇ ਬਾਦਲਕਿਆਂ ਕਰਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਰਾਸਤਾ ਅੰਤ੍ਰਿੰਗ ਕਮੇਟੀ ਉਨ੍ਹਾਂ ਦੇ ਨਾਲ ਹਨ। ਸ਼੍ਰੋਮਣੀ ਕਮੇਟੀ ‘ਤੇ ਕਬਜ਼ੇ ਨੂੰ ਲੈ ਕੇ ਸਿੱਖ ਸਿਆਸਤਦਾਨਾਂ ਦੇ ਝਗੜੇ ਨੂੰ ਪੰਥਕ ਮੁੱਦਾ ਨਹੀਂ ਬਣਾਇਆ ਜਾ ਸਕਦਾ। ਇਸੇ ਕਰਕੇ ਕਥਿਤ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੂੰ ਵੀ ਕੋਈ ਜਥੇਦਾਰ ਨਹੀਂ ਮੰਨਦਾ। ਹੋਇਆ ਇਹ ਹੈ ਕਿ ਜਥੇਦਾਰ ਥਾਪੇ ਜਾਣ ਤੋਂ ਪਹਿਲਾਂ ਜਿਸ ਦੀ ਜਿੰਨੀ ਕੁ ਵੀ ਪੰਥਕ ਸਾਖ ਸੀ, ਉਹ ਵੀ ਖੁਰਦੀ ਜਾ ਰਹੀ ਹੈ। ਮੁਸ਼ਕਿਲ ਇਹ ਹੈ ਕਿ ਫੱਟੇਬਾਜ਼ੀ ਦੀ ਸਿੱਖ ਸਿਆਸਤ ਨੇ ਸਾਂਝੀ ਸਮਝ Ḕਤੇ ਪਹੁੰਚਣ ਲਈ ਲੋੜੀਂਦੇ ਸਿੱਖ ਸੰਵਾਦ ਦਾ ਰਾਹ ਹੀ ਰੋਕ ਦਿੱਤਾ ਹੈ। ਨਤੀਜਾ ਇਹ ਨਿਕਲ ਆਇਆ ਹੈ ਕਿ ਜਿਸ ਨੂੰ ਜਿੰਨਾ ਘੱਟ ਪਤਾ ਹੈ, ਉਹ ਓਨਾ ਹੀ ਉਚਾ ਤੇ ਵੱਧ ਬੋਲਣ ਦੀ ਕੋਸ਼ਿਸ਼ ਕਰਦਾ ਹੈ। ਸਿਆਸੀ ਕਾਂਵਾਂ ਰੌਲੀ ਵਿਚ ਅਸਲ ਮੁੱਦੇ ਗੁਆਚਦੇ ਜਾ ਰਹੇ ਹਨ। ਜੋ ਇਸੇ ਨੂੰ ਸਿਆਸਤ ਸਮਝ ਕੇ ਤੁਰੇ ਜਾ ਰਹੇ ਹਨ, ਉਨ੍ਹਾਂ ਤੋਂ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ।
ਇਸ ਪਿਛੋਕੜ ਵਿਚ ਇਹ ਸੋਚੇ ਜਾਣ ਦੀ ਲੋੜ ਹੈ ਕਿ ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤਦਾਨ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ? ਇਸ ਦੇ ਜਵਾਬ ਨਾਲ ਜੁੜੀਆਂ ਧਿਰਾਂ ਵਿਚ ਸਿੱਖ, ਸਿੱਖ ਪਰਿਵਾਰ, ਸਿੱਖ ਸਮਾਜ ਅਤੇ ਸਿੱਖ ਸਿਆਸਤ ਸ਼ਾਮਲ ਹਨ। ਪਹਿਲੀਆਂ ਤਿੰਨ ਧਿਰਾਂ ਦਾ ਚੌਥੀ ਨੇ ਅਪਹਰਣ ਕਰ ਲਿਆ ਹੈ। 1925 ਦੇ ਗੁਰਦੁਆਰਾ ਐਕਟ ਵਿਚ ਨਿਯਮ, ਉਪਨਿਯਮ ਬਣਾ ਕੇ ਅਜਿਹੀਆਂ ਸੰਭਾਵਨਾਵਾਂ ਪੈਦਾ ਕਰ ਲਈਆਂ ਹਨ ਅਤੇ ਜੋ ਹੋ ਰਿਹਾ ਹੈ, ਉਸ ਮੁਤਾਬਕ ਹੀ ਹੋ ਰਿਹਾ ਹੈ। ਇਸੇ ਨੂੰ ਬਾਦਲਕੇ ਦਖਲ ਨਾ ਦੇਣਾ ਕਹਿ ਰਹੇ ਹਨ। ਸਿੱਖ ਦਾ ਸਿੱਖ ਵੋਟਰ ਹੋ ਜਾਣ ਦਾ ਸਿਆਸੀ ਅਮਲ, ਜਿੱਥੇ ਪਹੁੰਚ ਗਿਆ ਹੈ, ਇਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਸੀ।
ਸੋਚਿਆ ਜਾਣਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਾਂਗਰਸੀ ਨਾਗੋਕੇ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਂਗਰਸੀ ਗੁਰਮੁਖ ਸਿੰਘ ਮੁਸਾਫਰ ਵੇਲੇ ਜੋ ਨੁਕਸਾਨ ਨਹੀਂ ਹੋਏ ਸਨ, ਉਹ ਬਾਦਲਕਿਆਂ ਵੇਲੇ ਕਿਵੇਂ ਅਤੇ ਕਿਉਂ ਹੋਣ ਲੱਗ ਪਏ ਹਨ? ਇਹੋ ਜਿਹੇ ਸਵਾਲਾਂ ਬਾਰੇ ਕਦੇ ਕਦੇ ਜਥੇਦਾਰ ਟੌਹੜਾ ਬੇਬਾਕ ਟਿੱਪਣੀਆਂ ਕਰ ਜਾਂਦੇ ਸਨ। ਉਨ੍ਹਾਂ ਦਾ ਮੱਤ ਸੀ, ਬਾਦਲਕਿਆਂ ਤੋਂ ਸ਼੍ਰੋਮਣੀ ਕਮੇਟੀ ਨਹੀਂ ਖੋਹੀ ਜਾ ਸਕਦੀ, ਕਿਉਂਕਿ ਸ਼੍ਰੋਮਣੀ ਕਮੇਟੀ ਚੋਣਾਂ, ਗਰੀਬ ਸਿੱਖ ਦੇ ਵੱਸ ਵਿਚ ਨਹੀਂ ਰਹੀਆਂ। ਦੱਸਦੇ ਹੁੰਦੇ ਸਨ ਕਿ ਮੈਂਬਰਾਂ ਲਈ ਫੈਸਲਾ 60 ਤੇ 40 ਦਾ ਹੁੰਦਾ ਸੀ ਅਤੇ ਸੱਚ 70 ਤੇ 30 ਵਿਚ ਉਘੜਦਾ ਸੀ, ਕਿਉਂਕਿ ਬਾਦਲ ਸਾਹਿਬ ਦੇ ਬੰਦਿਆਂ ਨੂੰ ਜਿਸ ਤਰ੍ਹਾਂ ਮੈਨੂੰ ਟਿਕਟਾਂ ਦੇਣੀਆਂ ਪੈਂਦੀਆਂ ਹਨ, ਉਸ ਤਰ੍ਹਾਂ ਮੈਂ ਆਪਣੇ ਬੰਦਿਆਂ ਨੂੰ ਟਿਕਟਾਂ ਬਾਦਲ ਸਾਹਿਬ ਤੋਂ ਨਹੀਂ ਸੀ ਦਿਵਾ ਸਕਦਾ।
ਜੇ ਜਥੇਦਾਰ ਟੌਹੜਾ ਵੇਲੇ ਇਹ ਹਾਲ ਸੀ ਤਾਂ ਹੁਣ ਤੇ ਮੈਦਾਨ ਹੀ ਖਾਲੀ ਹੈ। ਖਾਲੀ ਮੈਦਾਨ ਵਿਚ ਇੱਛਾਵਾਂ ਦੇ ਘੋੜੇ ‘ਤੇ ਚੜ੍ਹੇ ਸਿੱਖ ਸਿਆਸਤਦਾਨਾਂ ਨੂੰ ਕੌਣ ਸਮਝਾਵੇ ਕਿ ਪੈਰਾਂ ਦਾ ਧਿਆਨ ਰੱਖ ਕੇ ਕਦਮ ਚੁੱਕੋ? ਅਸਲ ਵਿਚ ਸਿਆਸਤ ਵਿਹਲਿਆਂ ਦਾ ਧੰਦਾ ਹੋ ਗਈ ਹੈ ਅਤੇ ਸਿਆਸਤ ਉਹੀ ਕਰ ਸਕਦਾ ਹੈ, ਜੋ ਧੰਦਾ ਕਰ ਸਕਣ ਦੀ ਸਿਆਸਤ ਕਰ ਸਕਦਾ ਹੈ। ਸਿਆਸੀ ਪ੍ਰਭੂਆਂ ਦੇ ਕਬਜ਼ਿਆਂ ਦੀ ਲੜਾਈ ਨੂੰ ਹੀ ਸਿਆਸਤ ਸਮਝਿਆ ਜਾਣ ਲੱਗ ਪਿਆ ਹੈ। ਸਿਆਸੀ ਪਾਰਟੀਆਂ ਦੇ ਨਿਸ਼ਾਨ Ḕਤੇ ਲੜੀਆਂ ਜਾਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਨਾਲ ਸਿਆਸਤ, ਸਿੱਖ ਸੁਭਾਅ ਦਾ ਹਿੱਸਾ ਹੋ ਗਈ ਹੈ। ਇਸੇ ਕਰਕੇ ਜੋ ਚੋਣ ਨਹੀਂ ਜਿੱਤ ਸਕਦਾ, ਉਹ ਵੀ ਪ੍ਰਧਾਨ ਬਣ ਸਕਦਾ ਹੈ ਅਤੇ ਜੋ ਪ੍ਰਧਾਨ ਬਣ ਜਾਂਦਾ ਹੈ, ਉਹ ਅਕਾਲੀ ਦਲ ਦਾ ਕਾਮਾ ਹੋ ਜਾਂਦਾ ਹੈ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ, ਸਿੱਖ ਸਿਆਸਤ ਵਿਚ ਨਿਓਟਿਆਂ ਦੀ ਓਟ ਹੁੰਦੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਅਸਲ ਮੁੱਦਾ ਪੰਥਨੁਮਾ ਸਿਆਸਤ ਅਤੇ ਸਿਆਸਤਨੁਮਾ ਪੰਥਕਤਾ ਦਾ ਭੇੜ ਹੋ ਗਿਆ ਹੈ। ਇਸ ਨਾਲ ਸਿੱਖ ਪਛਾਣ ਨੂੰ ਸਿੱਖ ਨੈਤਿਕਤਾ ਉਤੇ ਪਹਿਲ ਪ੍ਰਾਪਤ ਹੋ ਗਈ ਹੈ; ਪਰਿਵਾਰਕ ਭਲਾਈ, ਕੌਮੀ ਭਲਾਈ ਉਤੇ ਭਾਰੂ ਹੋ ਗਈ ਹੈ ਅਤੇ ਸਿੱਖ ਸਭਿਆਚਾਰ ਤੇ ਸਿਆਸੀ ਸਭਿਆਚਾਰ ਰਲਗੱਡ ਹੋ ਗਏ ਹਨ। ਸਿੱਖ ਸਿਆਸਤਦਾਨਾਂ ਲਈ ਸੱਤਾ ਵਿਚ ਰਹਿਣਾ ਹੀ ਮੰਜ਼ਿਲ ਹੋ ਗਿਆ ਹੈ ਅਤੇ ਇਸ ਵਾਸਤੇ ਕੁਝ ਵੀ ਕੀਤੇ ਜਾ ਸਕਣ ਨੂੰ ਸਿਆਸੀ ਨੈਤਿਕਤਾ ਸਮਝਿਆ ਜਾਣ ਲੱਗ ਪਿਆ ਹੈ। ਸਿਆਸਤ, ਮਾਨਸਿਕਤਾ ਦਾ ਵਰਤਾਰੇ ਮੁਤਾਬਕ ਢਲ ਜਾਣ ਦੀ ਕਲਾ ਹੈ ਅਤੇ ਧਰਮ ਤੇ ਸਿਆਸਤ ਨੂੰ ਧਰਮ ਦੀ ਕੀਮਤ ‘ਤੇ ਹੀ ਇਕੱਠਿਆਂ ਤੋਰਿਆ ਜਾ ਸਕਦਾ ਹੈ। ਵਿਸ਼ਵਾਸ ਅਤੇ ਵਿਧਾਨਕਤਾ ਵਿਚਾਲੇ ਉਲਝੀ ਸ਼੍ਰੋਮਣੀ ਕਮੇਟੀ ਕਸੂਤੀ ਫਸੀ ਹੋਈ ਹੈ।
ਸਿੱਖ ਸਿਆਸਤਦਾਨ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਇਕ ਦੂਜੇ ਦੀ ਇਕਸੁਰਤਾ ਵਿਚੋਂ ਨਿਕਲ ਕੇ ਆਪ ਸਹੇੜੀ ਸਿਆਸਤ ਦਾ ਸ਼ਿਕਾਰ ਹੋ ਗਏ ਹਨ। ਤਿੰਨੇ ਇਕ ਦੂਜੇ ਨੂੰ ਵਰਤਣ ਦੀ ਕੋਸ਼ਿਸ਼ ਵਿਚ ਇਕ ਦੂਜੇ ਵੱਲੋਂ ਵਰਤੇ ਜਾ ਰਹੇ ਹਨ। ਇਸ ਹਾਲਤ ਵਿਚ ਨਵੀਂ ਧਿਰ ਦੀ ਗੁੰਜਾਇਸ਼ ਪੈਦਾ ਹੋ ਗਈ ਹੈ। ਇਸੇ ਨੂੰ ਲੈ ਕੇ ਹਾਸ਼ੀਏ ‘ਤੇ ਧੱਕੇ ਹੋਏ ਸਿੱਖ ਸਿਆਸਤਦਾਨਾਂ ਨੇ ਆਪਾ-ਧਾਪੀ ਮਚਾ ਦਿੱਤੀ ਹੈ। ਇਸ ਆਪਾ-ਧਾਪੀ ਦੇ ਮਾਹੌਲ ਵਿਚ ਜੋ ਸਿੱਖ ਧਿਰਾਂ ਚੁੱਪ ਬੈਠੀਆਂ ਹਨ, ਉਨ੍ਹਾਂ ਨਾਲ ਸੰਵਾਦ ਰਚਾਏ ਜਾਣ ਦੀ ਲੋੜ ਹੈ। ਸਿਰ ਜੋੜ ਕੇ ਬੈਠਣ ਨਾਲ ਰਾਹ ਨਿਕਲਦੇ ਰਹੇ ਹਨ ਅਤੇ ਨਿਕਲ ਸਕਦੇ ਹਨ। ਸਮੱਸਿਆ ਇਹ ਹੈ ਕਿ ਜਿਸ ਕਿਸੇ ਦੀ ਸਿੱਖ ਸਾਖ ਬਣਨ ਲੱਗਦੀ ਹੈ, ਸਿੱਖ ਸਿਆਸਤਦਾਨ ਉਸ ਨੂੰ ਨਾਲ ਲੈ ਕੇ ਆਪਣੇ ਜਿਹਾ ਕਰ ਲੈਂਦੇ ਹਨ। ਜੋ ਸਿਆਸਤਦਾਨ ਨੂੰ ਠੀਕ ਨਹੀਂ ਬੈਠਦਾ, ਉਸ ਨੂੰ ਸਬਕ ਸਿਖਾਉਣ ਦੇ ਰਾਹ ਪਾ ਲਿਆ ਜਾਂਦਾ ਹੈ।
ਇਸ ਹਾਲਤ ਵਿਚ ਇਹੀ ਸਲਾਹ ਦਿੱਤੀ ਜਾ ਸਕਦੀ ਹੈ ਕਿ ਕਰ ਕੇ ਸੋਚਣ ਦੀ ਥਾਂ ਸੋਚ ਕੇ ਕਰਨ ਵਾਲੇ ਰਾਹ ਤੁਰਨਾ ਚਾਹੀਦਾ ਹੈ। ਅਜਿਹਾ ਬਾਣੀ ਦੀ ਅਗਵਾਈ ਵਿਚ ਸੌਖਿਆਂ ਹੋ ਸਕਦਾ ਹੈ, ਕਿਉਂਕਿ ਸਿੱਖ ਵਿਸ਼ਵਾਸ ਦੀ ਇਹ ਧੁਰੋਹਰ ਸਿੱਖ ਸਿਆਸਤਦਾਨਾਂ ਤੋਂ ਇਸ ਕਰਕੇ ਬਚੀ ਹੋਈ ਹੈ ਕਿ ਉਨ੍ਹਾਂ ਅੰਦਰ ਵੀ ਗੁਰੂ ਦਾ ਨਿਰਮਲ ਭਉ ਅਜੇ ਮਰਿਆ ਨਹੀਂ ਹੈ।