ਅਫਵਾਹਾਂ

ਹਰਮਹਿੰਦਰ ਚਹਿਲ
ਫੋਨ: 703-362-3239
ਅਫਵਾਹ ਇਕ ਅਜਿਹਾ ਵਰਤਾਰਾ ਹੈ, ਜਿਸ ਨੂੰ ਸੁਣਦਿਆਂ ਹੀ ਆਮ ਬੰਦੇ ਦੇ ਮਨ ‘ਚੋਂ ਘ੍ਰਿਣਾ ਉਠਦੀ ਹੈ। ਜੋ ਲੋਕ ਅਫਵਾਹਾਂ ਫੈਲਾਉਂਦੇ ਹਨ, ਉਨ੍ਹਾਂ ਦੀ ਮਾਨਸਿਕਤਾ ਸ਼ਾਤਰ ਕਿਸਮ ਦੀ ਹੁੰਦੀ ਹੈ। ਜੋ ਘਟਨਾ ਕਿਧਰੇ ਘਟੀ ਹੀ ਨਹੀਂ, ਉਸ ਨੂੰ ਵਾਪਰੀ ਦਰਸਾ ਕੇ ਇਨ੍ਹਾਂ ਲੋਕਾਂ ਨੂੰ ਸੰਤੁਸ਼ਟੀ ਮਿਲਦੀ ਹੈ। ਇਹ ਇਨ੍ਹਾਂ ਲੋਕਾਂ ਦੀ ਖੁਰਾਕ ਹੁੰਦੀ ਹੈ। ਜਦੋਂ ਜਨਤਾ ਨੂੰ ਪਤਾ ਲੱਗਦਾ ਹੈ ਕਿ ਜੋ ਕੁਝ ਸੁਣ ਰਹੇ ਸੀ, ਅਜਿਹਾ ਕੁਝ ਨਹੀਂ ਹੋਇਆ ਤਾਂ ਲੋਕ ਮੱਥੇ ਵਟ ਪਾਉਂਦੇ ਹਨ, ਖਿਝਦੇ ਹਨ, ਅਫਵਾਹਾਂ ਫੈਲਾਉਣ ਵਾਲਿਆਂ ਨੂੰ ਕੋਸਦੇ ਹਨ।

ਉਧਰ, ਲੋਕਾਂ ਦੀ ਇਸ ਖਿਝ ਵਿਚੋਂ ਹੀ ਅਫਵਾਹਾਂ ਫੈਲਾਉਣ ਵਾਲੇ ਸੁਆਦ ਲੈਂਦੇ ਹਨ ਜਾਂ ਜਦੋਂ ਅਫਵਾਹਾਂ ਫੈਲਣ ਨਾਲ ਵੱਡੇ ਵੱਡੇ ਨੁਕਸਾਨ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਅਜੀਬ ਸੰਤੁਸ਼ਟੀ ਮਿਲਦੀ ਹੈ। ਅਫਵਾਹਾਂ ਫੈਲਾਉਣ ਵਾਲੇ ਇਕ ਆਮ ਮੁਜ਼ਰਿਮ ਨਾਲੋਂ ਵੱਧ ਨੁਕਸਾਨਦੇਹ ਹੁੰਦੇ ਹਨ, ਕਿਉਂਕਿ ਆਮ ਮੁਜ਼ਰਿਮ ਸਾਹਮਣੇ ਦਿਸਦਾ ਹੈ, ਜਦੋਂ ਕਿ ਅਫਵਾਹਾਂ ਫੈਲਾਉਣ ਵਾਲਿਆਂ ਦਾ ਕਦੇ ਥਹੁ ਪਤਾ ਨਹੀਂ ਲੱਗਦਾ। ਉਨ੍ਹਾਂ ਦੀ ਕਦੇ ਪਛਾਣ ਨਹੀਂ ਹੋ ਸਕਦੀ, ਕਿਉਂਕਿ ਉਹ ਸਮਾਜ ਵਿਚ ਲੁਕੇ ਹੋਏ ਹੁੰਦੇ ਹਨ। ਜੇ ਕੋਈ ਕਿਸੇ ਤੱਕ ਪਹੁੰਚ ਵੀ ਜਾਂਦਾ ਹੈ ਤਾਂ ਉਹ ਅਗਾਂਹ ਉਂਗਲ ਕਰ ਦਿੰਦਾ ਹੈ ਕਿ ਮੈਨੂੰ ਤਾਂ ਫਲਾਣੇ ਨੇ ਇਹ ਗੱਲ ਦੱਸੀ ਸੀ। ਉਂਜ ਤਾਂ ਅਫਵਾਹਾਂ ਫੈਲਾਉਣ ਵਾਲੇ ਹਰ ਸਮਾਜ ਵਿਚ ਹੁੰਦੇ ਹਨ, ਪਰ ਜੇ ਭਾਰਤ ਦੀ ਗੱਲ ਕਰੀਏ ਤਾਂ ਉਥੇ ਕੁਝ ਲੋਕਾਂ ਦਾ ਇਹ ਇਕ ਸ਼ੁਗਲ ਹੈ। ਇਸ ਨਾਲ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ, ਪਰ ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।
ਇਸੇ ਸਬੰਧੀ ਇਕ ਚੁਟਕਲਾ ਹੈ। ਇਕ ਪੰਡਿਤ ਕਿਸੇ ਗੁਆਂਢੀ ਪਿੰਡੋਂ ਆ ਰਿਹਾ ਸੀ। ਰਸਤੇ ਵਿਚ ਉਸ ਨੂੰ ਖੰਘ ਆਈ ਤੇ ਨਾਲ ਖੰਘਾਰ ਆ ਗਿਆ। ਖੰਘਾਰ ਪਾਸੇ ਸੁਟਦਿਆਂ ਉਸ ਨੇ ਜ਼ਰਾ ਕੁ ਘਾਬਰ ਕੇ ਵੇਖਿਆ ਕਿ ਇਹ ਚਿੱਟੇ ਜਿਹੇ ਰੰਗ ਦਾ ਅੰਦਰੋਂ ਕੀ ਨਿਕਲਿਆ ਹੈ! ਘਰੇ ਜਾ ਕੇ ਉਸ ਨੇ ਘਰ ਵਾਲੀ ਨੂੰ ਦੱਸ ਦਿੱਤਾ ਕਿ ਪਿੰਡ ਨੂੰ ਮੁੜਦਿਆਂ ਰਸਤੇ ‘ਚ ਉਸ ਦੇ ਅੰਦਰੋਂ ਖੰਘਾਰ ਨਿਕਲਿਆ ਸੀ। ਘਰ ਵਾਲੀ ਨੇ ਪੁੱਛਿਆ ਕਿਹੋ ਜਿਹਾ ਸੀ ਤਾਂ ਪੰਡਿਤ ਨੇ ਦੱਸ ਦਿੱਤਾ ਕਿ ਬਗਲੇ ਦੇ ਖੰਭ ਜਿਹਾ ਚਿੱਟਾ ਸੀ। ਨਾਲ ਹੀ ਪੰਡਿਤ ਨੇ ਘਰ ਵਾਲੀ ਨੂੰ ਹਦਾਇਤ ਕਰ ਦਿੱਤੀ ਕਿ ਇਹ ਗੱਲ ਕਿਸੇ ਹੋਰ ਨੂੰ ਨਾ ਦੱਸੇ।
ਘਰ ਵਾਲੀ ਤੋਂ ਰਹਿ ਨਾ ਹੋਇਆ। ਅਗਲੇ ਦਿਨ ਉਸ ਨੇ ਗੁਆਂਢਣ ਸਹੇਲੀ ਨੂੰ ਇਹ ਗੱਲ ਦੱਸਦਿਆਂ ਕਿਹਾ ਕਿ ਸਾਡੇ ਪੰਡਿਤ ਦੇ ਅੰਦਰੋਂ ਬਗਲੇ ਦੇ ਖੰਭ ਜਿਹਾ ਚਿੱਟਾ ਕੁਝ ਨਿਕਲਿਆ ਸੀ। ਨਾਲ ਹੀ ਉਸ ਨੇ ਬੇਨਤੀ ਕੀਤੀ ਕਿ ਉਹ ਗੱਲ ਅਗਾਂਹ ਨਾ ਦੱਸੇ, ਪਰ ਗੁਆਂਢਣ ਨੇ ਗੱਲ ਅੱਗੇ ਕਿਸੇ ਹੋਰ ਨੂੰ ਦਸਦਿਆਂ ਕਿਹਾ ਕਿ ਪੰਡਿਤ ਦੇ ਅੰਦਰੋਂ ਬਗਲੇ ਦਾ ਖੰਭ ਨਿਕਲਿਆ ਹੈ। ਉਸ ਨੇ ਵੀ ਕਹਿ ਦਿੱਤਾ ਕਿ ਗੱਲ ਅੱਗੇ ਨਾ ਕਰੇ। ਇਸ ਤਰ੍ਹਾਂ ਗੱਲ ਇਕ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਤੱਕ ਘੁੰਮਦੀ ਅਗਾਂਹ ਵਧਦੀ ਗਈ। ਇਕ ਨੇ ਕਿਹਾ ਕਿ ਪੰਡਿਤ ਦੇ ਅੰਦਰੋਂ ਬਗਲੇ ਦੇ ਖੰਭ ਜਿਹਾ ਕੁਝ ਨਿਕਲਿਆ ਹੈ। ਅੱਗੇ ਗੱਲ ਪਹੁੰਚ ਗਈ ਕਿ ਪੰਡਿਤ ਦੇ ਅੰਦਰੋਂ ਖੰਭ ਨਿਕਲਿਆ ਹੈ। ਅਗਾਂਹ ਇਸ ਨੇ ਕਈ ਖੰਭਾਂ ਦਾ ਰੂਪ ਲੈ ਲਿਆ। ਉਸ ਤੋਂ ਅੱਗੇ ਕਿਸੇ ਨੇ ਇਸ ਨੂੰ ਪੂਰਾ ਬਗਲਾ ਹੀ ਬਣਾ ਧਰਿਆ। ਸ਼ਾਮ ਹੁੰਦੇ ਤੱਕ ਪਿੰਡ ‘ਚ ਗੱਲ ਘੁੰਮ ਗਈ ਕਿ ਪੰਡਿਤ ਦੇ ਅੰਦਰੋਂ ਬਗਲਿਆਂ ਦੀਆਂ ਡਾਰਾਂ ਨਿਕਲ ਰਹੀਆਂ ਹਨ। ਇੰਜ ਅਫਵਾਹਾਂ ਅਗਾਂਹ ਤੁਰਦੀਆਂ ਵੱਡੀਆਂ ਹੁੰਦੀਆਂ ਜਾਂਦੀਆਂ ਹਨ।
ਭਾਰਤ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਜਦੋਂ ਵੀ ਕੁਝ ਅਣਸੁਖਾਵਾਂ ਘਟਿਆ ਤਾਂ ਇਸ ਪਿੱਛੇ ਅਫਵਾਹਾਂ ਦਾ ਵੱਡਾ ਹੱਥ ਰਿਹਾ। ਬਹੁਤੀ ਦੂਰ ਨਾ ਜਾਈਏ ਤੇ ਗੱਲ ਭਾਰਤ ਵੰਡ ਵੇਲੇ ਦੀ ਕਰੀਏ ਤਾਂ ਬੜਾ ਕੁਝ ਅਫਵਾਹਾਂ ਕਾਰਨ ਘਟਿਆ। ਲਾਹੌਰ ਵਿਚ ਪੰਜਾਬ ਦੀ ਵੰਡ ਨੂੰ ਲੈ ਕੇ ਕਈ ਪਾਰਟੀਆਂ ਦੀ ਮੀਟਿੰਗ ਹੋ ਰਹੀ ਸੀ। ਗੱਲ ਕਿਸੇ ਨਤੀਜ਼ੇ ‘ਤੇ ਨਾ ਪਹੁੰਚੀ ਅਤੇ ਸਭ ਧਿਰਾਂ ਹਾਲ ‘ਚੋਂ ਬਾਹਰ ਆ ਗਈਆਂ। ਕਹਿੰਦੇ, ਮਾਸਟਰ ਤਾਰਾ ਸਿੰਘ ਨੇ ਕਿਰਪਾਨ ਮਿਆਨੋਂ ਕੱਢ ਕੇ ਹਵਾ ‘ਚ ਲਹਿਰਾਉਂਦਿਆਂ ਕਿਹਾ, ਉਹ ਪਾਕਿਸਤਾਨ ਨਹੀਂ ਬਣਨ ਦੇਵੇਗਾ; ਪਰ ਇਸ ਗੱਲ ਨੂੰ ਹੋਰ ਢੰਗ ਨਾਲ ਪ੍ਰਚਾਰਿਆ ਗਿਆ। ਅਫਵਾਹ ਇਹ ਫੈਲਾ ਦਿੱਤੀ ਗਈ ਕਿ ਮਾਸਟਰ ਤਾਰਾ ਸਿੰਘ ਨੇ ਕਿਰਪਾਨ ਨਾਲ ਪਾਕਿਸਤਾਨ ਦਾ ਝੰਡਾ ਪਾੜ ਸੁੱਟਿਆ ਹੈ। ਇਸ ਗੱਲ ਨੇ ਪਹਿਲਾਂ ਹੀ ਗੁੱਸੇ ਨਾਲ ਭਰੇ ਲੋਕਾਂ ਨੂੰ ਤੀਲੀ ਲਾਉਣ ਜਿਹਾ ਕੰਮ ਕੀਤਾ ਤੇ ਲਾਹੌਰ ਵਿਚ ਮਾਰ ਮਰਾਈ ਸ਼ੁਰੂ ਹੋ ਗਈ, ਜੋ ਅਗਲੇ ਦਿਨਾਂ ਵਿਚ ਭਿਆਨਕ ਦੰਗੇ ਬਣ ਗਏ।
ਉਸ ਵੇਲੇ ਹਰ ਫਿਰਕੇ ਦੇ ਲੋਕਾਂ ਵਿਚ ਦੂਜੇ ਪ੍ਰਤੀ ਗੁੱਸਾ ਸੀ, ਪਰ ਇਸ ਗੁੱਸੇ ਨੂੰ ਅੱਗ ਦੀ ਚੰਗਿਆੜੀ ਅਫਵਾਹਾਂ ਬਣਾਉਂਦੀਆਂ ਸਨ। ਮਿਸਾਲ ਵਜੋਂ ਉਧਰਲੇ ਪਾਸੇ ਦੇ ਲੋਕਾਂ ਨੂੰ ਉਸਕਾਉਣ ਲਈ ਇਹ ਅਫਵਾਹ ਫੈਲਾਈ ਗਈ ਕਿ ਹਿੰਦੁਸਤਾਨ ਵੱਲੋਂ ਮੁਸਲਮਾਨਾਂ ਦੀਆਂ ਲਾਸ਼ਾਂ ਦੀ ਭਰੀ ਗੱਡੀ ਆਈ ਹੈ। ਬਸ ਫਿਰ ਕੀ ਸੀ! ਲੱਗ ਗਈ ਚੁਆਤੀ। ਥਾਂ ਥਾਂ ਹਿੰਦੂਆਂ-ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ। ਇਵੇਂ ਹੀ ਇੱਧਰਲੇ ਪਾਸੇ ਇਹ ਅਫਵਾਹ ਫੈਲਾਈ ਗਈ ਕਿ ਲਾਹੌਰ ਵੱਲੋਂ ਇਕ ਗੱਡੀ ਲਾਸ਼ਾਂ ਦੀ ਭਰੀ ਆਈ ਹੈ, ਜਿਸ ਵਿਚ ਹਿੰਦੂ-ਸਿੱਖ ਬੀਬੀਆਂ ਦੀਆਂ ਛਾਤੀਆਂ ਕੱਟੀਆਂ ਹੋਈਆਂ ਹਨ। ਸੁਣਦਿਆਂ ਹੀ ਇੱਧਰ ਦੇ ਹਿੰਦੂਆਂ ਤੇ ਸਿੱਖਾਂ ਨੇ ਮੁਸਲਮਾਨਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ; ਪਰ ਇਹ ਗੱਡੀ ਨਾ ਉਧਰ, ਨਾ ਇੱਧਰ-ਕਿਸੇ ਨੇ ਨਹੀਂ ਵੇਖੀ ਸੀ। ਉਂਜ ਭਾਵੇਂ ਅੱਗ ਭੜਕਣ ਪਿੱਛੋਂ ਲਾਸ਼ਾਂ ਦੀਆਂ ਭਰੀਆਂ ਬਥੇਰੀਆਂ ਗੱਡੀਆਂ ਦੋਨੋਂ ਪਾਸੇ ਪਹੁੰਚੀਆਂ, ਪਰ ਸ਼ੁਰੂਆਤ ਅਫਵਾਹਾਂ ਨਾਲ ਹੋਈ ਸੀ।
ਕਈ ਤਾਂ ਇਸ ਤੋਂ ਵੀ ਅੱਗੇ ਗਏ। ਥਾਂ ਥਾਂ ਭੀੜਾਂ ਭੜਕਾਉਣ ਲਈ ਕੁਝ ਅਨਸਰ ਮਨੁੱਖੀ ਖੋਪੜੀਆਂ ਲੈ ਕੇ ਘੁੰਮਦੇ ਸਨ। ਭੀੜਾਂ ਸਾਹਮਣੇ ਉਹ ਖੋਪੜੀਆਂ ਵਿਖਾਉਂਦੇ ਭਾਸ਼ਨ ਦਿੰਦੇ ਸਨ ਕਿ ਇਹ ਖੋਪੜੀਆਂ ਸਾਡੇ ਲੋਕਾਂ ਦੀਆਂ ਹਨ ਅਤੇ ਦੂਜੇ ਪਾਸੇ ਵਾਲਿਆਂ ਨੇ ਸਾਨੂੰ ਭੇਜਦਿਆਂ ਕਿਹਾ ਹੈ, ‘ਆਹ ਲਉ ਤੁਹਾਡਾ ਵੱਖਰਾ ਮੁਲਕ!’ ਬਸ ਇੰਨਾ ਸੁਣਦਿਆਂ ਹੀ ਲੋਕ ਭੜਕ ਜਾਂਦੇ ਸਨ ਤੇ ਵੱਡਾ ਟੁੱਕੀ ਸ਼ੁਰੂ ਹੋ ਜਾਂਦੀ ਸੀ। ਇਸ ਤਰ੍ਹਾਂ ਵੰਡ ਵੇਲੇ ਇਨ੍ਹਾਂ ਅਫਵਾਹਾਂ ਨੇ ਬਹੁਤ ਨੁਕਸਾਨ ਕੀਤਾ।
ਪਿੱਛੋਂ ਜਾ ਕੇ ਜਦੋਂ ਪਾਕਿਸਤਾਨ ਤੇ ਭਾਰਤ ਦੀਆਂ ਜੰਗਾਂ ਹੋਈਆਂ, ਉਦੋਂ ਵੀ ਬੜੀਆਂ ਅਫਵਾਹਾਂ ਫੈਲੀਆਂ। 1971 ਦੀ ਜੰਗ ਵੇਲੇ ਮੇਰੇ ਪਿੰਡ ਦੀ ਇਕ ਘਟਨਾ ਹੈ। ਉਦੋਂ ਇਹ ਅਫਵਾਹਾਂ ਜ਼ੋਰਾਂ ‘ਤੇ ਸਨ ਕਿ ਪਾਕਿਸਤਾਨ ਵਾਲੇ ਛਾਤਿਆਂ ਨਾਲ ਰਾਤ ਵੇਲੇ ਜਸੂਸ ਉਤਾਰ ਜਾਂਦੇ ਹਨ। ਪਿੰਡ ਵਾਲੇ ਰਾਤਾਂ ਨੂੰ ਪਹਿਰਾ ਦਿੰਦੇ, ਪਰ ਕਦੇ ਕੋਈ ਜਸੂਸ ਨਹੀਂ ਵੇਖਿਆ ਸੀ। ਫਿਰ ਇਕ ਮੰਗਤਾ ਪਿੰਡ ਵਿਚ ਆਇਆ। ਉਸ ਨੇ ਸਾਧਾਂ ਜਿਹੇ ਭਗਵੇਂ ਕੱਪੜੇ ਪਾਏ ਹੋਏ ਸਨ। ਜਦੋਂ ਉਹ ਸੱਥ ਵਿਚੋਂ ਲੰਘਿਆ ਤਾਂ ਕਿਸੇ ਨੇ ਕਿਹਾ ਕਿ ਕਿਧਰੇ ਇਹ ਜਸੂਸ ਹੀ ਨਾ ਹੋਵੇ!
ਕਹਿਣ ਵਾਲਾ ਇੰਨੀ ਗੱਲ ਕਹਿ ਕੇ ਤਾਸ਼ ਖੇਡਣ ਵਿਚ ਰੁੱਝ ਗਿਆ, ਪਰ ਪਤਾ ਨਹੀਂ ਕਿਸ ਨੇ ਅਫਵਾਹ ਫੈਲਾ ਦਿੱਤੀ ਕਿ ਮੰਗਤੇ ਦੇ ਭੇਸ ਵਿਚ ਇਕ ਜਸੂਸ ਪਿੰਡ ਵਿਚ ਘੁੰਮ ਰਿਹਾ ਹੈ। ਫਿਰ ਕੀ ਸੀ, ਹੋ ਗਈ ਉਸ ਜਸੂਸ ਦੀ ਭਾਲ ਸ਼ੁਰੂ। ਉਹ ਵਿਚਾਰਾ ਮੰਗਤਾ ਆਪਣਾ ਕੰਮ ਮੁਕਾ ਕੇ ਨੇੜਲੇ ਕਸਬੇ ਬੋਹਾ ਦੇ ਰਾਹ ਪੈ ਗਿਆ ਸੀ ਕਿ ਕੁਝ ਲੋਕ ਉਸ ਨੂੰ ਧੂਹ ਕੇ ਵਾਪਸ ਸੱਥ ‘ਚ ਲੈ ਆਏ। ਦੋ ਜਣੇ ਸਾਈਕਲਾਂ ‘ਤੇ ਕਸਬੇ ਵੱਲ ਪੁਲਿਸ ਲੈਣ ਚਲੇ ਗਏ ਤੇ ਬਾਕੀ ਲੋਕਾਂ ਨੇ ਆਪ ਹੀ ਉਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।
ਮੰਗਤਾ ਬਥੇਰਾ ਕਹੇ ਕਿ ਮੈਂ ਤਾਂ ਸਾਰੀ ਉਮਰ ਦਾ ਬੋਹਾ ਰਹਿੰਦਾ ਹਾਂ। ਕਸਬੇ ਦੇ ਬਾਹਰ ਸਾਡੀਆਂ ਝੁੱਗੀਆਂ ਹਨ, ਪਰ ਲੋਕਾਂ ਨੇ ਉਸ ਦੀ ਕੋਈ ਗੱਲ ਨਾ ਸੁਣੀ। ਉਸ ਦੀ ਕੁੱਟ ਮਾਰ ਵੀ ਸ਼ੁਰੂ ਹੋ ਗਈ, ਪਰ ਉਦੋਂ ਨੂੰ ਪਿੰਡ ਦਾ ਨੰਬਰਦਾਰ ਆ ਗਿਆ। ਉਹ ਸਿਆਣਾ ਬੰਦਾ ਸੀ ਤੇ ਉਸ ਨੇ ਲੋਕਾਂ ਨੂੰ ਰੋਕਦਿਆਂ ਉਸ ਮੰਗਤੇ ਨੂੰ ਲਿਜਾ ਕੇ ਆਪਣੇ ਘਰ ਦੀ ਬੈਠਕ ਵਿਚ ਬੰਦ ਕਰ ਦਿੱਤਾ। ਸਾਰਾ ਪਿੰਡ ਇਕੱਠਾ ਹੋ ਚੁਕਾ ਸੀ। ਲੋਕਾਂ ਨੇ ਨੰਬਰਦਾਰ ਦਾ ਘਰ ਘੇਰ ਲਿਆ। ਉਨ੍ਹਾਂ ਦੀ ਮਨਸ਼ਾ ਮੰਗਤੇ ਨੂੰ ਕੁੱਟਣ ਮਾਰਨ ਦੀ ਸੀ, ਪਰ ਨੰਬਰਦਾਰ ਨੇ ਲੋਕਾਂ ਨੂੰ ਠੰਢੇ ਕਰਦਿਆਂ ਰੋਕੀ ਰੱਖਿਆ। ਉਦੋਂ ਨੂੰ ਪੁਲਿਸ ਆ ਗਈ, ਜੋ ਮੰਗਤੇ ਨੂੰ ਨਾਲ ਲੈ ਗਈ। ਸ਼ਹਿਰ ਲਿਜਾ ਕੇ ਉਸ ਨੂੰ ਉਸ ਦੀ ਝੁੱਗੀ ਵਿਚ ਛੱਡ ਦਿੱਤਾ।
ਜਦੋਂ ਦਿੱਲੀ ਵਿਚ ਸਿੱਖ ਕਤਲੇਆਮ ਹੋਇਆ ਤਾਂ ਇਸ ਦੀ ਸ਼ੁਰੂਆਤ ਵੀ ਅਫਵਾਹਾਂ ਨਾਲ ਹੀ ਹੋਈ ਸੀ। ਭਾਵੇਂ ਗੁੰਡਾ ਅਨਸਰ ਇਸ ਕੰਮ ਲਈ ਪਹਿਲਾਂ ਹੀ ਤਿਆਰ ਸੀ, ਪਰ ਤੀਲੀ ਸ਼ਰਾਰਤੀਆਂ ਨੇ ਹੀ ਲਾਈ। ਅਫਵਾਹ ਫੈਲਾਈ ਗਈ ਕਿ ਪੰਜਾਬ ਵੱਲੋਂ ਹਿੰਦੂਆਂ ਦੀਆਂ ਲਾਸ਼ਾਂ ਦੀ ਭਰੀ ਗੱਡੀ ਆਈ ਹੈ। ਕੁਝ ਨੇ ਕਿਹਾ ਕਿ ਸਿੱਖਾਂ ਨੇ ਦਿੱਲੀ ਦੇ ਪਾਣੀ ਵਿਚ ਜ਼ਹਿਰ ਮਿਲਾ ਦਿੱਤਾ ਹੈ। ਕਿਸੇ ਨੇ ਕਿਹਾ ਕਿ ਫਲਾਣੇ ਮੁਹੱਲੇ ਵਿਚ ਸਿੱਖ ਇੰਦਰਾ ਗਾਂਧੀ ਦੇ ਕਤਲ ਦੀਆਂ ਖੁਸ਼ੀਆਂ ਮਨਾਉਂਦੇ ਲੱਡੂ ਵੰਡ ਰਹੇ ਹਨ। ਇਸ ਸਭ ਨੇ ਬਹੁਤੇ ਲੋਕਾਂ ਦੇ ਮਨਾਂ ਵਿਚ ਗੁੱਸਾ ਭਰ ਦਿੱਤਾ। ਇਸੇ ਦਾ ਹੀ ਫਾਇਦਾ ਉਠਾਉਂਦਿਆਂ ਗੁੰਡਾ ਅਨਸਰ ਨੇ ਸਿੱਖਾਂ ਦਾ ਕਤਲੇਆਮ ਸ਼ੁਰੂ ਕੀਤਾ। ਫਿਰ ਅਗਲੇ ਤਿੰਨ ਦਿਨ ਮੌਤ ਦਾ ਜੋ ਤਾਂਡਵ ਦਿੱਲੀ ਵਿਚ ਹੋਇਆ, ਕਿਸੇ ਨੂੰ ਭੁੱਲਿਆ ਨਹੀਂ।
ਉਸ ਵੇਲੇ ਪੰਜਾਬ ‘ਚ ਕਾਲੇ ਦਿਨ ਚੱਲ ਰਹੇ ਸਨ। ਅਫਵਾਹਾਂ ਵੀ ਜ਼ੋਰਾਂ ‘ਤੇ ਰਹਿੰਦੀਆਂ ਸਨ। ਇਕ ਸਮੇਂ ਕਾਲੇ ਕੱਛਿਆਂ ਵਾਲਿਆਂ ਦਾ ਦੌਰ ਸ਼ੁਰੂ ਹੋਇਆ। ਇਕ ਪਾਸਿਉਂ ਗੱਲ ਚੱਲੀ ਤੇ ਦਿਨਾਂ ‘ਚ ਹੀ ਸਾਰੇ ਪੰਜਾਬ ‘ਚ ਘੁੰਮ ਗਈ। ਪਿੰਡਾਂ ਦੇ ਲੋਕ ਡਰ ਦੇ ਸਾਏ ਹੇਠ ਰਹਿਣ ਲੱਗੇ। ਲੋਕਾਂ ਨੇ ਮੁਸ਼ਤੈਦੀ ਸ਼ੁਰੂ ਕਰ ਦਿੱਤੀ। ਥਾਂ ਥਾਂ ਰਾਤ ਵੇਲੇ ਠੀਕਰੀ ਪਹਿਰੇ ਸ਼ੁਰੂ ਹੋ ਗਏ। ਇਸ ਵੇਲੇ ਅਫਵਾਹਾਂ ਨੇ ਜ਼ੋਰ ਫੜ੍ਹ ਲਿਆ। ਕਦੇ ਕਿਸੇ ਇੱਕ ਪਿੰਡ ਤੋਂ ਕਾਲੇ ਕੱਛਿਆਂ ਵਾਲਿਆਂ ਦੀ ਖਬਰ ਆਉਂਦੀ, ਕਦੇ ਕਿਸੇ ਦੂਜੇ ਪਿੰਡ ਵੱਲੋਂ। ਇਨ੍ਹਾਂ ਕਾਲੇ ਕੱਛਿਆਂ ਵਾਲਿਆਂ ਦੀ ਦਹਿਸ਼ਤ ਨੇ ਕਈ ਥਾਂਈਂ ਮਾਸੂਮਾਂ ਦੀਆਂ ਜਾਨਾਂ ਵੀ ਲੈ ਲਈਆਂ ਸਨ। ਪਿੰਡਾਂ ਵਾਲੇ ਜਦੋਂ ਵੀ ਕਿਸੇ ਗੈਰ ਨੂੰ ਪਿੰਡ ‘ਚ ਘੁੰਮਦਾ ਵੇਖਦੇ ਤਾਂ ਕਾਲੇ ਕੱਛੇ ਵਾਲਿਆਂ ਦਾ ਲੇਬਲ ਉਦੋਂ ਹੀ ਚਿਪਕਾ ਦਿੰਦੇ।
ਬਰਨਾਲੇ ਨੇੜਲੇ ਇਕ ਪਿੰਡ ਵਿਚ ਕੋਈ ਬੰਦਾ ਪਿੰਡ ਵੱਲ ਆ ਰਿਹਾ ਸੀ। ਉਸ ਦੇ ਭਰਾ ਦੇ ਸਹੁਰੇ ਉਥੇ ਸਨ। ਉਪਰਾ ਜਿਹਾ ਬੰਦਾ ਵੇਖ ਕੇ ਕਈਆਂ ਨੇ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ। ਆਥਣ ਦਾ ਵੇਲਾ ਸੀ ਤੇ ਕਿਸੇ ਨੇ ਪਿੰਡ ‘ਚ ਗੱਲ ਘੁਮਾ ਦਿੱਤੀ ਕਿ ਕਾਲੇ ਕੱਛੇ ਵਾਲਿਆਂ ਦਾ ਇਕ ਬੰਦਾ ਪਿੰਡ ‘ਚ ਘੁੰਮ ਰਿਹਾ ਹੈ। ਫਿਰ ਕੀ ਸੀ, ਲੋਕਾਂ ਨੇ ਚੱਕ’ਤੀ ਧਰਤੀ। ਜਿਸ ਕੋਲ ਜੋ ਹਥਿਆਰ ਸੀ, ਲੈ ਕੇ ਉਧਰ ਨੂੰ ਭੱਜਿਆ। ਕੋਈ ਸਾਈਕਲ, ਕੋਈ ਕਾਰ ਤੇ ਕੋਈ ਟਰੈਕਟਰ ਭਜਾਈ ਉਧਰ ਨੂੰ ਆ ਗਿਆ। ਲੋਕਾਂ ਨੇ ਉਸ ਬੰਦੇ ਦੀ ਕੋਈ ਗੱਲ ਨਾ ਸੁਣੀ ਤੇ ਕੁੱਟ ਮਾਰ ਕਰਨ ਲੱਗੇ। ਫਿਰ ਟਰੈਕਟਰ ਪਿਛੇ ਬੰਨ ਕੇ ਸਿਵਿਆਂ ‘ਚ ਲੈ ਗਏ ਤੇ ਉਥੇ ਉਸ ਨੂੰ ਅੱਗ ਲਾ ਦਿੱਤੀ। ਅਗਲੇ ਦਿਨ ਪਤਾ ਲੱਗਾ ਕਿ ਇਹ ਤਾਂ ਫਲਾਣਿਆਂ ਦਾ ਰਿਸ਼ਤੇਦਾਰ ਸੀ।
ਇਸ ਤਰ੍ਹਾਂ ਹੋਰ ਬਹੁਤ ਥਾਂਈਂ ਮਾੜੇ ਭਾਣੇ ਵਾਪਰੇ। ਇਕ ਦੋਸਤ ਉਨ੍ਹਾਂ ਦਿਨਾਂ ਦੀ ਗੱਲ ਕਰਦਾ ਆਪਣੇ ਪਿੰਡ ਦੀ ਕਹਾਣੀ ਦੱਸਦਾ ਹੈ। ਉਸ ਵੇਲੇ ਉਹ ਪਿੰਡ ਦਾ ਸਰਪੰਚ ਸੀ ਤੇ ਆਲੇ ਦੁਆਲੇ ਕਾਲੇ ਕੱਛੇ ਵਾਲੇ ਗਰੋਹਾਂ ਦੀਆਂ ਅਫਵਾਹਾਂ ਖੂਬ ਘੁੰਮ ਰਹੀਆਂ ਸਨ। ਹੋਇਆ ਇਹ ਕਿ ਇਕ ਦਿਨ ਉਸ ਦੇ ਪਿੰਡ ਦੇ ਬਾਹਰ ਦੋ ਬੰਦੇ ਆ ਗਏ। ਇਕ ਤਾਂ ਵਡੇਰੀ ਉਮਰ ਦਾ ਸੀ, ਜੋ ਅੱਖਾਂ ਤੋਂ ਵੇਖ ਨਹੀਂ ਸੀ ਸਕਦਾ, ਭਾਵ ਅੰਨਾ ਸੀ ਤੇ ਦੂਜਾ ਜੁਆਨ ਉਮਰ ਦਾ ਮੁੰਡਾ, ਸਿੱਧਰਾ ਜਿਹਾ ਸੀ। ਪਿੱਛੋਂ ਮਿਲੀ ਜਾਣਕਾਰੀ ਮੁਤਾਬਕ ਅੰਨਾ ਤਾਂ ਰੇਲ ਗੱਡੀਆਂ ‘ਚ ਭੀਖ ਮੰਗਦਾ ਸੀ ਤੇ ਜੁਆਨ ਮੁੰਡਾ ਕਿਸੇ ਰੇਲਵੇ ਮੁਲਾਜ਼ਮ ਦਾ ਮੁੰਡਾ ਸੀ, ਜੋ ਦਿਮਾਗੋਂ ਸਹੀ ਨਹੀਂ ਸੀ। ਉਹ ਬਿਨ ਮਤਲਬੋਂ ਰੇਲ ਗੱਡੀਆਂ ‘ਚ ਹੀ ਇੱਧਰ ਉਧਰ ਘੁੰਮਦਾ ਰਹਿੰਦਾ। ਉਸ ਦਿਨ, ਉਹ ਸਰਪੰਚ ਦੇ ਨੇੜਲੇ ਕਸਬੇ ਦੇ ਰੇਲਵੇ ਸਟੇਸ਼ਨ ‘ਤੇ ਉਤਰਿਆ। ਉਥੋਂ ਉਸ ਨਾਲ ਅੰਨਾ ਬੰਦਾ ਰਲ ਗਿਆ। ਅੱਗੇ ਉਹ ਸਰਪੰਚ ਦੇ ਪਿੰਡ ਵੱਲ ਜਾਂਦੇ ਕਿਸੇ ਟਰੱਕ ‘ਤੇ ਚੜ੍ਹ ਗਏ। ਟਰੱਕ ਤਾਂ ਮੁੜ ਆਇਆ, ਪਰ ਉਹ ਉਥੇ ਹੀ ਉਤਰ ਕੇ ਪਿੰਡ ‘ਚ ਘੁੰਮਣ ਲੱਗੇ।
ਉਦੋਂ ਹੀ ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ ਇਹ ਕਾਲੇ ਕੱਛਿਆਂ ਵਾਲੇ ਹਨ। ਬਸ ਇੰਨਾ ਕਹਿਣ ਦੀ ਦੇਰ ਸੀ ਕਿ ਪਿੰਡ ‘ਚ ਰੋਹ ਫੈਲ ਗਿਆ। ਹਰ ਕੋਈ ਗੰਡਾਸੇ, ਬਰਛੇ ਲੈ ਕੇ ਉਧਰ ਨੂੰ ਆ ਗਿਆ। ਉਨ੍ਹਾਂ ਦੋਨਾਂ ਨੂੰ ਘੇਰ ਲਿਆ ਗਿਆ, ਪਰ ਉਹ ਤਾਂ ਵਿਚਾਰੇ ਗਰੀਬ ਸਨ। ਇਕ ਨੂੰ ਕੁਝ ਦਿਸਦਾ ਨਹੀਂ ਸੀ ਤੇ ਦੂਜਾ ਸਿੱਧਰਾ ਹੋਣ ਕਰਕੇ ਕਿਸੇ ਗੱਲ ਦਾ ਸਹੀ ਉਤਰ ਨਹੀਂ ਦੇ ਸਕਦਾ ਸੀ। ਲੋਕਾਂ ਨੂੰ ਉਨ੍ਹਾਂ ਦੀਆਂ ਗੱਲਾਂ ਤੋਂ ਸ਼ੱਕ ਹੋਰ ਵੀ ਵਧ ਗਿਆ ਤੇ ਉਨ੍ਹਾਂ ਦੀ ਮਾਰ ਕੁੱਟ ਸ਼ੁਰੂ ਹੋ ਗਈ। ਕਿਵੇਂ ਨਾ ਕਿਵੇਂ ਸਰਪੰਚ ਨੇ ਉਨ੍ਹਾਂ ਦਾ ਬਚਾਓ ਕਰਦਿਆਂ ਲਿਜਾ ਕੇ ਆਪਣੇ ਘਰ ਦੇ ਇਕ ਕਮਰੇ ‘ਚ ਬੰਦ ਕਰ ਦਿੱਤਾ। ਨਾਲ ਹੀ ਲੋਕਾਂ ਨੂੰ ਸ਼ਾਂਤ ਕੀਤਾ ਕਿ ਸਵੇਰ ਵੇਲੇ ਇਨ੍ਹਾਂ ਨੂੰ ਪੁਲਿਸ ਕੋਲ ਲੈ ਕੇ ਚੱਲਾਂਗੇ। ਉਧਰ ਨਾਲ ਦੇ ਪਿੰਡਾਂ ‘ਚ ਗੱਲ ਘੁੰਮ ਗਈ ਕਿ ਕਾਲੇ ਕੱਛੇ ਵਾਲਿਆਂ ਦਾ ਗਰੋਹ ਕਾਬੂ ਕਰ ਲਿਆ ਹੈ। ਦਿਨ ਚੜ੍ਹਦੇ ਨੂੰ ਆਲੇ ਦੁਆਲੇ ਦੇ ਹਜ਼ਾਰਾਂ ਲੋਕ ਇਕੱਠੇ ਹੋ ਗਏ। ਲੋਕ ਉਨ੍ਹਾਂ ਦੋਹਾਂ ਦੀ ਹਵਾਲਗੀ ਦੀ ਮੰਗ ਕਰ ਰਹੇ ਸਨ ਤਾਂ ਕਿ ਹੱਥੀਂ ਉਨ੍ਹਾਂ ਨੂੰ ਸਜ਼ਾ ਦੇ ਸਕਣ।
ਉਦੋਂ ਹੀ ਪਿੰਡ ਦਾ ਇਕ ਬੰਦਾ ਆਇਆ, ਜੋ ਰੇਲਵੇ ਮੁਲਾਜ਼ਮ ਸੀ। ਉਸ ਨੇ ਜਦੋਂ ਸਰਪੰਚ ਦੇ ਘਰ ਜਾ ਕੇ ਫੜ੍ਹੇ ਬੰਦਿਆਂ ਨੂੰ ਦੇਖਿਆ ਤਾਂ ਉਸ ਨੇ ਮੁੰਡੇ ਨੂੰ ਪਛਾਣ ਲਿਆ। ਉਹ ਲੋਕਾਂ ਨੂੰ ਦੱਸਣ ਲੱਗਾ ਕਿ ਇਹ ਤਾਂ ਸਾਡੇ ਮਹਿਕਮੇ ਦੇ ਇਕ ਮੁਲਾਜ਼ਮ ਦਾ ਮੁੰਡਾ ਹੈ, ਇਸ ਦੀ ਦਿਮਾਗੀ ਹਾਲਤ ਠੀਕ ਨਹੀਂ। ਇਹ ਸਾਰਾ ਦਿਨ ਇੱਧਰ ਉਧਰ ਐਵੇਂ ਹੀ ਘੁੰਮਦਾ ਰਹਿੰਦਾ ਹੈ, ਪਰ ਲੋਕਾਂ ਨੇ ਉਸ ਦੀ ਗੱਲ ਮੰਨਣ ਦੀ ਥਾਂ ਉਸੇ ਨੂੰ ਕੁੱਟ ਧਰਿਆ ਕਿ ਉਹ ਕਾਲੇ ਕੱਛੇ ਵਾਲਿਆਂ ਦਾ ਪੱਖ ਲੈਂਦਾ ਹੈ।
ਵਾਹਵਾ ਦਿਨ ਚੜ੍ਹੇ ਪੁਲਿਸ ਆ ਗਈ। ਲੋਕਾਂ ਦੇ ਇਕੱਠ ਨੂੰ ਵੇਖ ਕੇ ਪੁਲਿਸ ਨੂੰ ਸਥਿਤੀ ਦਾ ਅਹਿਸਾਸ ਹੋਇਆ। ਲੋਕਾਂ ਨੇ ਪੁਲਿਸ ਨੂੰ ਅਗਾਂਹ ਜਾਣ ਤੋਂ ਰੋਕਿਆ ਤਾਂ ਉਨ੍ਹਾਂ ਪਿੱਛਿਓਂ ਹੋਰ ਨਫਰੀ ਸੱਦ ਲਈ। ਪੁਲਿਸ ਨੇ ਉਨ੍ਹਾਂ ਦੋਹਾਂ ਨੂੰ ਤਾਂ ਆਪਣੇ ਕਬਜ਼ੇ ‘ਚ ਲੈ ਲਿਆ, ਪਰ ਲੋਕ ਪੁਲਿਸ ਦੇ ਵਿਰੁਧ ਹੋ ਖਲੋਤੇ। ਉਨ੍ਹਾਂ ਨੂੰ ਘੇਰ ਲਿਆ। ਮੁਕਦੀ ਗੱਲ, ਉਥੇ ਤਿੰਨ ਜਿਲਿਆਂ ਦੀ ਪੁਲਿਸ ਇਕੱਠੀ ਹੋ ਗਈ। ਲੋਕਾਂ ਨੇ ਪੁਲਿਸ ਨਾਲ ਕਲੇਸ਼ ਪਾ ਲਿਆ। ਉਨ੍ਹਾਂ ਕੁਝ ਦੁਕਾਨਾਂ ਅਤੇ ਵਾਹਨ ਸਾੜ ਦਿੱਤੇ। ਪੁਲਿਸ ਨੇ ਸੌ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਅਗਲੇ ਦਿਨ ਸਥਿਤੀ ‘ਪੁਲਿਸ ਬਨਾਮ ਲੋਕ’ ਬਣ ਗਈ। ਆਲੇ ਦੁਆਲੇ ਦੇ ਪਿੰਡਾਂ ‘ਚੋਂ ਹੋਰ ਵੀ ਲੋਕ ਇਕੱਠੇ ਹੋ ਗਏ।
ਇਸ ਤਣਾਓ ਨੂੰ ਸਿਆਣੇ ਬੰਦਿਆਂ ਨੇ ਸੰਭਾਲਿਆ। ਇਕ ਕਮੇਟੀ ਬਣਾ ਕੇ ਅੱਗੇ ਦੀ ਗੱਲਬਾਤ ਚਲਾਉਂਦਿਆਂ ਹੌਲੀ ਹੌਲੀ ਲੋਕਾਂ ਨੂੰ ਠੰਢੇ ਕਰਦਿਆਂ ਘਰਾਂ ਨੂੰ ਤੋਰਿਆ, ਪਰ ਬਹੁਤ ਸਾਰੇ ਲੋਕਾਂ ‘ਤੇ ਦੰਗੇ ਫੈਲਾਉਣ ਜਾਂ ਪੁਲਿਸ ਦੇ ਕੰਮ ‘ਚ ਦਖਲ ਦੇਣ ਦੇ ਕੇਸ ਬਣ ਚੁਕੇ ਸਨ। ਸਾਲ ਬਾਅਦ ਜਾ ਕੇ ਕਿਧਰੇ ਕਿਸੇ ਚੰਗੇ ਪੁਲਿਸ ਅਫਸਰ ਦੇ ਦਖਲ ਪਿੱਛੋਂ ਫੜ੍ਹੇ ਗਏ ਸਾਰੇ ਲੋਕ ਛੁਡਵਾਏ ਗਏ। ਇਕ ਅਫਵਾਹ ਤੋਂ ਗੱਲ ਕਿੱਥੇ ਤੱਕ ਪਹੁੰਚ ਗਈ, ਜਦੋਂ ਕਿ ਨਾ ਕਿਧਰੇ ਕੋਈ ਕਾਲੇ ਕੱਛੇ ਵਾਲਾ ਸੀ ਤੇ ਨਾ ਕੋਈ ਗਲਤ ਅਨਸਰ ਸੀ। ਪੰਜਾਬ ‘ਚ ਕਾਲੇ ਕੱਛੇ ਵਾਲਿਆਂ ਦੀਆਂ ਅਫਵਾਹਾਂ ਉਦੋਂ ਤੱਕ ਘੁੰਮਦੀਆਂ ਰਹੀਆਂ ਜਦੋਂ ਤੱਕ ਕਿਸੇ ਹੋਰ ਤਰ੍ਹਾਂ ਦੀ ਅਫਵਾਹ ਨਾ ਆ ਗਈ।
ਅਫਵਾਹਾਂ ਵੀ ਵਕਤ ਅਨੁਸਾਰ ਚਲਦੀਆਂ ਹਨ, ਭਾਵ ਜਿਹੋ ਜਿਹੇ ਆਲੇ ਦੁਆਲੇ ਹਾਲਾਤ ਹੁੰਦੇ ਹਨ, ਉਹੋ ਜਿਹੀਆਂ ਅਫਵਾਹਾਂ ਫੈਲਦੀਆਂ ਹਨ। ਇਕ ਵੇਲੇ ਭਾਰਤ ਦੇ ਸੂਬੇ ਮੱਧ ਪ੍ਰਦੇਸ਼ ਵਿਚ ਜੁਆਕਾਂ ਨੂੰ ਚੁੱਕਣ ਵਾਲੇ ਗਰੋਹ ਦੀਆਂ ਅਫਵਾਹਾਂ ਗਰਮ ਹੋ ਗਈਆਂ। ਉਨ੍ਹੀਂ ਦਿਨੀਂ ਇਕ ਬਜੁਰਗ ਆਪਣੇ ਦਸ-ਬਾਰਾਂ ਸਾਲ ਦੇ ਪੋਤੇ ਨਾਲ ਰਿਸ਼ਤੇਦਾਰੀ ‘ਚ ਜਾ ਰਿਹਾ ਸੀ। ਸ਼ਹਿਰ ‘ਚ ਉਹ ਕਿਸੇ ਢਾਬੇ ‘ਤੇ ਕੁਝ ਖਾਣ ਪੀਣ ਲੱਗੇ। ਉਨ੍ਹਾਂ ਵੱਲ ਵੇਖਦਿਆਂ ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ ਜੁਆਕ ਚੁੱਕਣ ਵਾਲੇ ਗਰੋਹ ਦਾ ਇਕ ਬੁੱਢਾ, ਕਿਸੇ ਜੁਆਕ ਨੂੰ ਚੁੱਕ ਲਿਆਇਆ ਹੈ ਤੇ ਇਸ ਵੇਲੇ ਫਲਾਣੀ ਦੁਕਾਨ ‘ਚ ਬੈਠਾ ਚਾਹ ਪੀ ਰਿਹਾ ਹੈ। ਫਿਰ ਕੀ ਸੀ, ਕੁਝ ਹੀ ਮਿੰਟਾਂ ਵਿਚ ਉਥੇ ਲੋਕਾਂ ਦਾ ਬੇਸ਼ੁਮਾਰ ਇਕੱਠ ਹੋ ਗਿਆ। ਉਨ੍ਹਾਂ ਬਜੁਰਗ ਨੂੰ ਘੇਰ ਲਿਆ ਤੇ ਲੱਗੇ ਸੁਆਲ ਪੁੱਛਣ। ਉਸ ਨੇ ਬਥੇਰਾ ਕਿਹਾ ਕਿ ਉਹ ਨੇੜਲੇ ਪਿੰਡ ਤੋਂ ਹੈ ਤੇ ਇਹ ਉਸ ਦਾ ਪੋਤਾ ਹੈ, ਪਰ ਭੀੜ ਨੇ ਇਕ ਨਾ ਸੁਣੀ। ਜਦੋਂ ਬਜੁਰਗ ਨੂੰ ਕੁੱਟਣ ਲੱਗੇ ਤਾਂ ਪੋਤਾ ਚੀਕਾਂ ਮਾਰਦਾ ਬਾਬੇ ਦਾ ਬਚਾਅ ਕਰਨ ਲੱਗਾ, ਪਰ ਭੀੜ ਨੇ ਕਿਸੇ ਦੀ ਪ੍ਰਵਾਹ ਨਾ ਕੀਤੀ ਤੇ ਮਾਰ ਕੁਟਾਈ ਚੱਲਦੀ ਰਹੀ। ਜਦੋਂ ਨੂੰ ਪੁਲਿਸ ਪਹੁੰਚੀ ਤਾਂ ਲੋਕਾਂ ਨੇ ਕੁੱਟ ਕੁੱਟ ਕੇ ਬਾਬੇ ਤੇ ਪੋਤੇ-ਦੋਹਾਂ ਨੂੰ ਮਾਰ ਮੁਕਾਇਆ ਸੀ। ਅਫਵਾਹ ਨੇ ਦੋ ਮਾਸੂਮਾਂ ਦੀ ਜਾਨ ਲੈ ਲਈ।
ਪਿਛਲੇ ਸਮੇਂ ਭਾਰਤ ‘ਚ ਗਊ ਭਗਤਾਂ ਵੱਲੋਂ ਬਹੁਤ ਅਫਵਾਹਾਂ ਫੈਲਾਈਆਂ ਗਈਆਂ। ਹਰਿਆਣੇ ਵਿਚ ਪਹਿਲੂ ਖਾਂ ਦੇ ਕੇਸ ਦਾ ਸਭ ਨੂੰ ਪਤਾ ਹੈ। ਉਹ ਕਿਸੇ ਮੰਡੀ ‘ਚੋਂ ਗਾਂ ਖਰੀਦ ਕੇ ਲਿਆਇਆ ਸੀ। ਉਸ ਕੋਲ ਖਰੀਦਦਾਰੀ ਦੀ ਰਸੀਦ ਵੀ ਸੀ। ਗਾਂ ਉਸ ਨੇ ਘਰ ਵਿਚ ਰੱਖਣ ਲਈ ਲਿਆਂਦੀ ਸੀ। ਜਦੋਂ ਉਹ ਘਰ ਨੂੰ ਜਾ ਰਿਹਾ ਸੀ ਤਾਂ ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ ਉਹ ਗਾਂ ਨੂੰ ਮਾਰਨ ਵਾਸਤੇ ਲਿਜਾ ਰਿਹਾ ਹੈ। ਫਿਰ ਭੀੜ ਇਕੱਠੀ ਹੋ ਗਈ ਤੇ ਬਿਨਾ ਕਿਸੇ ਦੀ ਗੱਲ ਸੁਣਿਆਂ ਉਸ ਨੂੰ ਮਾਰ ਮੁਕਾਇਆ।
ਇਸੇ ਤਰ੍ਹਾਂ ਇਕ ਹੋਰ ਥਾਂ ਅਫਵਾਹ ਫੈਲਾ ਦਿੱਤੀ ਗਈ ਕਿ ਫਲਾਣੇ ਮੁਸਲਮਾਨ ਦੇ ਘਰ ਫਰਿੱਜ ਵਿਚ ਗਾਂ ਦਾ ਮਾਸ ਪਿਆ ਹੈ। ਬਸ ਭੀੜ ਇਕੱਠੀ ਹੋ ਗਈ ਤੇ ਘਰ ਦੇ ਮਾਲਕ ਨੂੰ ਮਾਰ ਮੁਕਾਇਆ। ਪਿੱਛੋਂ ਜਦੋਂ ਲੈਬਾਰਟਰੀ ਤੋਂ ਮੀਟ ਚੈਕ ਹੋ ਕੇ ਆਇਆ ਤਾਂ ਪਤਾ ਲੱਗਾ ਕਿ ਇਹ ਗਾਂ ਦਾ ਮਾਸ ਨਹੀਂ ਸੀ। ਅਫਵਾਹ ਫੈਲਾਉਣ ਦਾ ਕੰਮ ਮੰਦਿਰ ਦੇ ਪੁਜਾਰੀ ਵੱਲੋਂ ਸਪੀਕਰ ‘ਤੇ ਕੀਤਾ ਗਿਆ ਸੀ, ਪਰ ਸਿਤਮਜ਼ਰੀਫੀ ਇਹ ਰਹੀ ਕਿ ਸਭ ਕੁਝ ਸਾਫ ਦਿਸਦਾ ਹੋਣ ਦੇ ਬਾਵਜੂਦ ਪ੍ਰਸ਼ਾਸਨ ਨੇ ਕੁਝ ਨਾ ਕੀਤਾ।
ਗੁਜਰਾਤ ‘ਚ ਪਸੂਆਂ ਦੀਆਂ ਖੱਲਾਂ ਲਾਹ ਰਹੇ ਕਾਮੇ ਮਰੀਆਂ ਗਊਆਂ ਤੋਂ ਖੱਲਾਂ ਲਾਹ ਰਹੇ ਸਨ। ਅਫਵਾਹ ਉਡਾ ਦਿੱਤੀ ਗਈ ਕਿ ਇਨ੍ਹਾਂ ਨੇ ਗਊਆਂ ਮਾਰੀਆਂ ਹਨ। ਇਸ ਪਿੱਛੋਂ ਭੀੜ ਨੇ ਜੋ ਕੁਝ ਉਨ੍ਹਾਂ ਕਾਮਿਆਂ ਨਾਲ ਕੀਤਾ, ਉਹ ਸਭ ਨੂੰ ਪਤਾ ਹੈ। ਇਨ੍ਹਾਂ ਗੱਲਾਂ ਦੇ ਚੱਲਦਿਆਂ ਹਾਲਤ ਇਹ ਹੋ ਗਏ ਹਨ ਕਿ ਲੋਕਾਂ ਨੇ ਗਊਆਂ ਰੱਖਣੀਆਂ ਛੱਡ ਦਿੱਤੀਆਂ। ਡੇਅਰੀ ਵਪਾਰ ਨੂੰ ਵੱਡਾ ਘਾਟਾ ਪਿਆ ਹੈ।
ਅੱਜ ਕੱਲ੍ਹ ਕਰੋਨਾ ਵਾਇਰਸ ਦੀ ਮਹਾਮਾਰੀ ਦੁਨੀਆਂ ਭਰ ਵਿਚ ਫੈਲੀ ਹੋਈ ਹੈ। ਹਰ ਪਾਸੇ ਖੌਫ ਹੈ। ਸਰਕਾਰਾਂ ਆਪੋ ਆਪਣੇ ਤੌਰ ‘ਤੇ ਇਸ ਦਾ ਸਾਹਮਣਾ ਕਰਨ ਦੀਆਂ ਹਦਾਇਤਾਂ ਕਰ ਰਹੀਆਂ ਹਨ। ਦੁਨੀਆਂ ਭਰ ਦੇ ਡਾਕਟਰ, ਖੋਜੀ ਅਤੇ ਹੋਰ ਸਿਆਣੇ ਇਸ ਵੇਲੇ ਸਿਰ ਜੋੜ ਕੇ ਬੈਠੇ ਹਨ ਤਾਂ ਕਿ ਇਸ ਨਾਮੁਰਾਦ ਵਾਇਰਸ ਦਾ ਤੋੜ ਲੱਭਿਆ ਜਾਵੇ, ਪਰ ਸਾਡੇ ਮਹਾਨ ਭਾਰਤ ਵਿਚ ਇਸ ਵੇਲੇ ਵੀ ਕੁਝ ਲੋਕਾਂ ਨੇ ਇਸ ਦਾ ਸ਼ੁਗਲ ਬਣਾਇਆ ਹੋਇਆ ਹੈ ਤੇ ਅਫਵਾਹਾਂ ਫੈਲਾਉਣ ਵਿਚ ਸਰਗਰਮ ਹਨ। ਉਹ ਵਕਤ ਦੀ ਨਜ਼ਾਕਤ ਨੂੰ ਨਹੀਂ ਸਮਝ ਰਹੇ। ਕਦੇ ਅਫਵਾਹ ਆ ਜਾਂਦੀ ਹੈ ਕਿ ਫਲਾਣੇ ਸ਼ਹਿਰ ਵਿਚ ਇੰਨੇ ਲੋਕ ਵਾਇਰਸ ਨਾਲ ਮਰ ਚੁਕੇ ਹਨ। ਇਸ ਨਾਲ ਉਸ ਸ਼ਹਿਰ ਦੇ ਲੋਕ ਭੈਭੀਤ ਹੋ ਉਠਦੇ ਹਨ।
ਕਦੇ ਅਫਵਾਹ ਆ ਜਾਂਦੀ ਹੈ ਕਿ ਪਿੰਡਾਂ ‘ਤੇ ਰਾਤ ਨੂੰ ਹੈਲੀਕਾਪਟਰ ਦਵਾਈ ਦਾ ਛਿੜਕਾ ਕਰਨਗੇ। ਇਸ ਨਾਲ ਪਿੰਡਾਂ ਦੇ ਲੋਕ ਪ੍ਰੇਸ਼ਾਨੀ ‘ਚ ਸਾਰੀ ਸਾਰੀ ਰਾਤ ਜਾਗਦੇ ਰਹਿੰਦੇ ਹਨ। ਕਦੇ ਇਹ ਅਫਵਾਹ ਫੈਲ ਜਾਂਦੀ ਕਿ ਫਲਾਣੀ ਥਾਂ ਅਣਜਾਣ ਲੋਕ ਘੁੰਮ ਰਹੇ ਹਨ, ਜਿਨ੍ਹਾਂ ਨੂੰ ਕਰੋਨਾ ਵਾਇਰਸ ਚੰਬੜਿਆ ਹੋਇਆ ਹੈ। ਲੋਕ ਉਨ੍ਹਾਂ ਨੂੰ ਲੱਭਦੇ ਫਿਰਦੇ ਹਨ। ਇਕ ਬੰਦਾ ਪਿਛਲੀਆਂ ਚੋਣਾਂ ਵਿਚ ਖੜ੍ਹਾ ਹੋਇਆ ਸੀ। ਉਸ ਨੂੰ ਵੋਟਾਂ ਬਸ ਗਿਣਤੀ ਦੀਆਂ ਹੀ ਪਈਆਂ ਸਨ। ਉਸ ਨੂੰ ਟੀ. ਵੀ. ਰਿਪੋਰਟਰ ਮੂਹਰੇ ਰੋਂਦਿਆਂ ਸਭ ਨੇ ਵੇਖਿਆ ਸੀ। ਉਸ ਭਲੇਮਾਣਸ ਨੇ ਅਫਵਾਹ ਫੈਲਾ ਦਿੱਤੀ ਕਿ ਉਸ ਕੋਲ ਕਰੋਨਾ ਵਾਇਰਸ ਦੀ ਦਵਾਈ ਹੈ, ਜੋ ਕੋਈ ਲੋੜਵੰਦ ਹੈ, ਉਸ ਨਾਲ ਰਾਬਤਾ ਕਰੇ। ਉਸ ਦਾ ਪਤਾ ਲੱਗ ਗਿਆ ਤੇ ਅੱਜ ਕੱਲ੍ਹ ਉਹ ਹਵਾਲਾਤ ‘ਚ ਬੰਦ ਹੈ।
ਅੱਜ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਕਿ ਮੌਜੂਦਾ ਸੰਕਟ ਯਾਨਿ ਕਰੋਨਾ ਵਾਇਰਸ ਬਾਰੇ ਕੋਈ ਅਫਵਾਹ ਨਾ ਫੈਲਾਈ ਜਾਵੇ। ਇਹ ਮਜ਼ਾਕ ਦਾ ਵਕਤ ਨਹੀਂ ਹੈ। ਲੋਕਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਉਹ ਸਰਕਾਰ ਵੱਲੋਂ ਆਈਆਂ ਹਦਾਇਤਾਂ ਹੀ ਮੰਨਣ, ਨਾ ਕਿ ਅਫਵਾਹਾਂ ਦੀ ਗੱਲਾਂ ‘ਤੇ ਧਿਆਨ ਦੇਣ। ਇਸ ਵੇਲੇ ਸਾਰੀ ਦੁਨੀਆਂ ਦੇ ਲੋਕ ਇਕੱਠੇ ਹੋ ਕੇ ਇਸ ਮਹਾਮਾਰੀ ਦਾ ਮੁਕਾਬਲਾ ਕਰ ਰਹੇ ਹਨ। ਡਾਕਟਰ, ਨਰਸਾਂ ਅਤੇ ਸਿਹਤ ਨਾਲ ਜੁੜੇ ਹੋਰ ਕਾਮੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਪੁਲਿਸ ਅਤੇ ਹੋਰ ਪ੍ਰਬੰਧਕੀ ਅਦਾਰੇ ਦਿਨ ਰਾਤ ਆਪਣੀ ਡਿਉਟੀ ਨਿਭਾ ਰਹੇ ਹਨ। ਸ਼ਰਾਰਤੀਆਂ ਨੂੰ ਅਫਵਾਹਾਂ ਛੱਡ ਕੇ, ਇਨ੍ਹਾਂ ਕਾਮਿਆਂ ਦੀ ਪਿੱਠ ‘ਤੇ ਖੜੋਣਾ ਚਾਹੀਦਾ ਹੈ। ਆਓ, ਇਸ ਤਰ੍ਹਾਂ ਦੇ ਭੰਬਲਭੂਸੇ ਤੋਂ ਬਚੀਏ ਅਤੇ ਵਕਤ ਦੀ ਨਜ਼ਾਕਤ ਨੂੰ ਸਮਝ ਕੇ ਦੁਨੀਆਂ ਦੇ ਨਾਲ ਚੱਲਦਿਆਂ ਇਸ ਮਹਾਮਾਰੀ ਦਾ ਮੁਕਾਬਲਾ ਕਰੀਏ।