ਸੁਣਿਐ ਈਸਰੁ ਬਰਮਾ ਇੰਦੁ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ. 408-634-2310
ਜੋ ਲੋਕ ਕਹਿੰਦੇ ਹਨ ਕਿ ਸਿੱਖ ਹਿੰਦੂ ਹਨ, ਉਹ ਅੱਜ ਤੋਂ ਨਹੀਂ, ਸਦੀਆਂ ਤੋਂ ਅਜਿਹਾ ਕਹਿੰਦੇ ਆ ਰਹੇ ਹਨ। ਸਿੱਖ ਵਿਦਵਾਨ ਉਨ੍ਹਾਂ ਦਾ ਕੋਈ ਤਸੱਲੀਬਖਸ਼ ਉਤਰ ਨਹੀਂ ਦੇ ਸਕੇ ਤੇ ਨਾ ਹੀ ਇਸ ਦੀ ਅੱਗੋਂ ਕੋਈ ਸੰਭਾਵਨਾ ਹੈ। ਕਾਰਨ ਇਹ ਹੈ ਕਿ ਅਜੋਕੇ ਸਿੱਖ ਪੰਥ ਵਿਚ ਤਰ੍ਹਾਂ ਤਰ੍ਹਾਂ ਦੇ ਸਿੱਖ ਹਨ। ਦੇਖਣ ਨੂੰ ਤਾਂ ਭਾਵੇਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ, ਪਰ ਮੰਨਦੇ ਆਪੋ ਆਪਣੀ ਮਰਜੀ ਮੁਤਾਬਕ ਹਨ। ਬਹੁਤੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਕਈ ਹੋਰ ਗ੍ਰੰਥਾਂ ਅਤੇ ਪਰੰਪਰਾਵਾਂ ਨੂੰ ਵੀ ਮੰਨਦੇ ਹਨ।

ਇਨ੍ਹਾਂ ਵਿਚ ਬਹੁਤੇ ਉਹ ਹਨ, ਜੋ ਗੁਰੂ ਗ੍ਰੰਥ ਸਾਹਿਬ ਨੂੰ Ḕਪ੍ਰਗਟ ਗੁਰਾਂ ਕੀ ਦੇਹḔ ਮੰਨਦੇ ਹਨ। ਉਹ ਇਸ ਵਾਕ ਵਿਚਲੇ ਅਲੰਕਾਰ ਨੂੰ ਨਾ ਸਮਝ ਕੇ ਗੁਰੂ ਗ੍ਰੰਥ ਸਾਹਿਬ ਨੂੰ ਸੱਚੀ ਮੁੱਚੀ ਦਾ ਭਾਵ ਜਿਉਂਦਾ ਜਾਗਦਾ ਗੁਰੂ ਪਾਤਸ਼ਾਹ ਮੰਨਦੇ ਹਨ। ਉਹ ਇਸ ਨਾਲ ਸਭ ਵਿਹਾਰ ਅਸਲ ਅਰਥਾਤ ਜੀਵਿਤ ਗੁਰੂ ਵਾਲੇ ਕਰਦੇ ਹਨ। ਉਹ ਇਸ ਦੇ ਸਫਿਆਂ ਨੂੰ ਅੰਗ ਆਖਦੇ ਹਨ, ਇਸ ਅੱਗੇ ਸੀਸ ਨਿਵਾ ਕੇ ਮੱਥਾ ਟੇਕਦੇ ਹਨ, ਪਲੰਘ-ਨੁਮਾ ਪੀਹੜੀ ‘ਤੇ ਪਾ ਕੇ ਰੱਖਦੇ ਹਨ, ਸੁੰਦਰ ਰੁਮਾਲਿਆਂ ਨਾਲ ਕੱਜ ਕੇ ਰੱਖਦੇ ਹਨ, ਉਤੇ ਚਾਨਣੀ ਤਾਣਦੇ ਹਨ, ਚੌਰ ਝੱਲਦੇ ਹਨ, ਪੀਹੜੀ ਦੇ ਪਾਵੇ ਘੁੱਟਦੇ ਹਨ, ਗਰਮੀ ਵਿਚ ਪੱਖੇ ਤੇ ਸਰਦੀ ਵਿਚ ਹੀਟਰ ਲਾਉਂਦੇ ਹਨ, ਸਵੇਰੇ ਪ੍ਰਕਾਸ਼ ਕਰਦੇ ਹਨ, ਭੋਗ ਲਾਉਂਦੇ ਹਨ, ਵਾਕ ਪੜ੍ਹ ਕੇ ਸਾਰੇ ਦਿਨ ਲਈ ਹੁਕਮ ਲੈਂਦੇ ਹਨ, ਰਾਤ ਨੂੰ ਸੁਖ-ਆਸਣ ਵਿਚ ਸੰਤੋਖਦੇ ਹਨ ਤੇ ਅਜਿਹਾ ਹੋਰ ਬਹੁਤ ਕੁਝ ਕਰਦੇ ਹਨ।
ਜੇ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿਤੇ ਲੈ ਜਾਣਾ ਹੋਵੇ ਤਾਂ ਪਹਿਲਾਂ ਪੰਜ-ਚਾਰ ਨੰਗੇ ਪੈਰ ਸਿੱਖ ਸ਼ਰਧਾਲੂ ਇਸ ਨੂੰ ਸਿਰ ‘ਤੇ ਜਾਂ ਪਾਲਕੀ ਵਿਚ ਰੱਖਦੇ ਹਨ ਤੇ ਫਿਰ ਬਾਦਸਾਹਾਂ ਦੇ ਸਨਮਾਨ ਵਾਂਗ ਘੜਿਆਲ ਵਜਾਉਂਦੇ, ਪਾਣੀ ਤ੍ਰੌਂਕਦੇ, ਚੌਰ ਝੱਲਦੇ ਤੇ ਸਤਿ ਨਾਮ ਦਾ ਜਾਪ ਕਰਦੇ ਇਕ ਜਲੂਸ ਦੀ ਸ਼ਕਲ ਵਿਚ ਲੈ ਕੇ ਜਾਂਦੇ ਹਨ। ਇਸ ਨੂੰ ਕਿਸੇ ਹੋਰ ਢੰਗ ਨਾਲ ਲਿਆਉਣਾ-ਲੈਜਾਣਾ ਮਨ੍ਹਾ ਹੈ, ਕਿਉਂਕਿ ਉਹ ਇਸ ਨੂੰ ਗ੍ਰੰਥ ਸਾਹਿਬ ਦੀ ਬੇਅਦਬੀ ਮੰਨਦੇ ਹਨ। ਭਾਵੇਂ ਉਹ ਗ੍ਰੰਥ ਸਾਹਿਬ ਨੂੰ ਪੜ੍ਹਦੇ ਤੇ ਸੁਣਦੇ ਵੀ ਹਨ, ਪਰ ਅਜਿਹਾ ਆਮ ਤੌਰ ‘ਤੇ ਅਖੰਡ ਪਾਠਾਂ ਤੇ ਸਹਿਜ ਪਾਠਾਂ ਦੀ ਗਿਣੀ ਮਿੱਥੀ ਵਿਧੀ ਰਾਹੀਂ ਕਰਦੇ ਹਨ। ਇਹ ਉਨ੍ਹਾਂ ਦਾ ਆਪਣੇ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਦਾ ਢੰਗ-ਤਰੀਕਾ ਹੈ।
ਕੁਝ ਕੁ ਸਿੱਖ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦਾ ਆਪ ਪੜ੍ਹ ਕੇ ਅਧਿਐਨ ਕਰਦੇ ਹਨ ਤੇ ਇਸ ਨੂੰ ਤਨੋਂ ਮਨੋਂ ਸਮਝਣ ਦਾ ਉਦਮ ਕਰਦੇ ਰਹਿੰਦੇ ਹਨ। ਉਹ ਇਸ ਦੀਆਂ ਸੈਂਚੀ-ਪੋਥੀਆਂ ਤੇ ਗੁਟਕੇ ਪੜ੍ਹਦੇ ਹਨ, ਕਿਉਂਕਿ ਸਮੁੱਚੇ ਗ੍ਰੰਥ ਸਾਹਿਬ ਨੂੰ ਉਚੇ ਸਨਮਾਨ ਕਾਰਨ ਇਸ ਕੰਮ ਲਈ ਨਹੀਂ ਵਰਤਿਆ ਜਾ ਸਕਦਾ, ਪਰ ਸਦੀਆਂ ਪੁਰਾਣੀ ਕਾਵਿ-ਰੂਪ ਗੁਰਬਾਣੀ ਨੂੰ ਵਿਚਾਰਨ ਦੀ ਉਨ੍ਹਾਂ ਕੋਲ ਕੋਈ ਸੁਤੰਤਰ ਪਿਰਤ ਨਹੀਂ ਹੈ। ਜੇ ਹੋਵੇ ਵੀ ਤਾਂ ਇਹ ਸਨਮਾਨ ਭਾਵਨਾ ਹੇਠ ਦਬੀ ਹੋਣ ਕਰਕੇ ਵਿਚੋਂ ਬਾਹਰ ਉਭਰ ਕੇ ਨਹੀਂ ਆਉਂਦੀ। ਇਸ ਲਈ ਉਹ ਬਹੁਤਾ ਕਰ ਕੇ ਸਿੱਖ ਵਿਦਵਾਨਾਂ ਦੇ ਟੀਕਿਆਂ, ਸਿੱਖ ਪੁਜਾਰੀਆਂ, ਪ੍ਰਚਾਰਕਾਂ ਤੇ ਕਥਾਕਾਰਾਂ ਦੀ ਵਿਆਖਿਆ ਦੇ ਸੰਗ ਸਹਾਰੇ ਹੀ ਚਲਦੇ ਹਨ। ਇਸ ਲਈ ਉਨ੍ਹਾਂ ਦੇ ਅਧਿਐਨ ‘ਤੇ ਵਿਚਾਰ ਦੇ ਭਾਵ ਨਾਲੋਂ ਸਨਮਾਨ ਦਾ ਭਾਵ ਵਧੇਰੇ ਭਾਰੂ ਬਣਿਆ ਰਹਿੰਦਾ ਹੈ।
ਇਨ੍ਹਾਂ ਸਭ ਗੱਲਾਂ ਨਾਲ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ, ਕਿਉਂਕਿ ਹਰ ਇਕ ਨੂੰ ਆਪਣੇ ਧਾਰਮਿਕ ਅਕੀਦੇ ਦਾ ਪੂਰਾ ਪੂਰਾ ਹੱਕ ਹੈ। ਸਿੱਖ ਆਪਣੇ ਆਪ ਵਿਚ ਤਾਂ ਆਪਣੇ ਧਰਮ ਤੇ ਧਾਰਮਿਕ ਪਰੰਪਰਾਵਾਂ ਪ੍ਰਤੀ ਸਤਿਕਾਰ ਤੇ ਸਮਰਪਣ ਦਾ ਪ੍ਰਗਟਾਵਾ ਕਰਦੇ ਹਨ, ਪਰ ਬਾਹਰ ਖੜ੍ਹੇ ਹਿੰਦੂਆਂ ਨੂੰ ਉਹ ਆਪਣੇ ਜਿਹੇ ਕਰਮ-ਕਾਂਡ ਕਰਦੇ ਹੀ ਦਿਖਾਈ ਦਿੰਦੇ ਹਨ, ਜਿਨ੍ਹਾਂ ਦੀ ਗੁਰੂ ਸਾਹਿਬ ਨੇ ਨਿਖੇਧੀ ਕੀਤੀ ਸੀ। ਉਨ੍ਹਾਂ ਨੂੰ ਦੋਹਾਂ ਦੇ ਪੂਜਾ ਪਾਤਰਾਂ ਵਿਚ ਵੀ ਇੰਨਾ ਕੁ ਹੀ ਫਰਕ ਦਿਸਦਾ ਹੈ, ਜਿੰਨਾ ਪੱਥਰ ਤੇ ਕਾਗਜ਼ ਵਿਚ। ਕਈ ਸਿੱਖ ਵਿਦਵਾਨ ਤੇ ਪ੍ਰਚਾਰਕ ਅੰਦਰੋਂ ਸਮਝਦੇ ਵੀ ਹਨ ਕਿ ਉਹ ਸਾਰਾ ਕੁਝ ਗੁਰੂ ਸਿਖਿਆ ਅਨੁਸਾਰ ਨਹੀਂ ਕਰ ਰਹੇ, ਪਰ ਪੱਕ ਚੁਕੀਆਂ ਪਰੰਪਰਾਵਾਂ ‘ਤੇ ਚਲਦੇ ਵੀ ਰਹਿੰਦੇ ਹਨ। ਇਸ ਲਈ ਜਦੋਂ ਕੋਈ ਹਿੰਦੂ ਕਹਿੰਦਾ ਹੈ ਕਿ Ḕਸਿੱਖ ਵੀ ਹਿੰਦੂ ਹਨḔ ਤਾਂ ਸਿੱਖ ਵਿਦਵਾਨ ਉਸ ਦੀ ਦਲੀਲ ਨੂੰ ਸਹਿਜੇ ਕੱਟ ਨਹੀਂ ਸਕਦੇ। ਦੋਵੇਂ ਧਿਰਾਂ ਆਪੋ ਆਪਣੇ ਪੱਧਰ ‘ਤੇ ਬਹਿਸਦੀਆਂ ਰਹਿੰਦੀਆਂ ਹਨ। ਹਿੰਦੂਤਵੀਏ ਬਾਣੀ ਦੀ ਡੂੰਘਾਈ ‘ਚ ਨਹੀਂ ਜਾਂਦੇ, ਕਿਉਂਕਿ ਅਜਿਹਾ ਕਰਨਾ ਉਨ੍ਹਾਂ ਦੇ ਹਿੱਤ ਵਿਚ ਨਹੀਂ ਤੇ ਸਿੱਖ ਇਸ ਵਿਚ ਡੂੰਘਾ ਜਾ ਨਹੀਂ ਸਕਦੇ, ਕਿਉਂਕਿ ਉਨ੍ਹਾਂ ਦੀ ਸਿਖਲਾਈ ਅਜਿਹੀ ਨਹੀਂ। ਸਿੱਟੇ ਵਜੋਂ ਸਿੱਖਾਂ ਵਿਚ ਡਰ, ਤਣਾਓ ਤੇ ਵਿਵਾਦ ਬਣੇ ਰਹਿੰਦੇ ਹਨ। ਉਹ ਆਪਣੇ ਆਪ ਨੂੰ ਘੱਟ-ਗਿਣਤੀ ਕਹਿੰਦਿਆਂ ਬਹੁ-ਗਿਣਤੀ ਹਿੰਦੂਵਾਦ ਵਲੋਂ ਨਿਗਲੇ ਜਾਣ ਦਾ ਖਦਸ਼ਾ ਪਾਲਦੇ ਹਨ।
ਇਸ ਦਾ ਸਹੀ ਉਤਰ ਜੇ ਕੋਈ ਹੈ, ਉਹ ਹੈ ਕਿ ਸਿੱਖ ਵਿਦਵਾਨ, ਪ੍ਰਚਾਰਕ ਤੇ ਪੁਜਾਰੀ ਖੁਲ੍ਹ ਕੇ ਆਪਣੇ ਕਰਮ-ਕਾਂਡਾਂ ਤੇ ਪਰੰਪਰਾਵਾਂ ‘ਤੇ ਝਾਤ ਮਾਰਨ ਅਤੇ ਗੁਰੂ ਸਾਹਿਬ ਦੀ ਸਿਖਿਆ ਨੂੰ ਮੰਨਦਿਆਂ ਇਸ ਦੀ ਤਹਿ ਵਿਚ ਜਾਣ। ਜਦੋਂ ਉਹ ਕਹਿੰਦੇ ਹਨ ਕਿ ਗੁਰੂ ਨਾਨਕ ਬ੍ਰਾਹਮਣਵਾਦ ਦੇ ਖਿਲਾਫ ਸਨ, ਉਹ ਅੰਦਾਜ਼ਾ ਲਾਉਣ ਕਿ ਉਹ ਇਸਲਾਮ, ਨਾਥ-ਪੰਥ ਤੇ ਡੇਰੇਵਾਦ ਦੇ ਵੀ ਓਨੇ ਹੀ ਆਲੋਚਕ ਸਨ, ਜਿੰਨੇ ਬ੍ਰਾਹਮਣਵਾਦ ਦੇ। ਉਹ ਸਭ ਦੀਆਂ ਕੁਰੀਤੀਆਂ ਦਾ ਖੰਡਨ ਕਰਦੇ ਸਨ। ਜੇ ਅਜੋਕੀਆਂ ਰਹੁ ਰੀਤਾਂ ਵਾਲਾ ਸਿੱਖ ਸਮਾਜ ਉਦੋਂ ਹੁੰਦਾ ਤਾਂ ਉਹ ਇਸ ਦੀਆਂ ਤਰਕਹੀਣ ਪਰੰਪਰਾਵਾਂ ਤੇ ਬ੍ਰਾਹਮਣਵਾਦੀ ਰੁਝਾਨਾਂ ਦਾ ਵੀ ਉਨਾ ਹੀ ਵਿਰੋਧ ਕਰਦੇ, ਜਿੰਨਾ ਦੂਜਿਆਂ ਦਾ। ਜਿੱਥੇ ਜਿੱਥੇ ਯਥਾਰਥਕ ਸੋਚ ਦੀ ਅਵਹੇਲਣਾ ਹੋਈ ਹੈ, ਉਹ ਜਰੂਰ ਉਸ ਦੀ ਨਿਖੇਧੀ ਕਰਦੇ। ਇਸ ਲਈ ਗੁਰੂ ਸਾਹਿਬ ਦੇ ਸਿਧਾਂਤ ਨੂੰ ਸਮਝ ਕੇ ਇਸ ਅਨੁਸਾਰ ਚਲਣ। ਜੇ ਕੋਈ ਉਨ੍ਹਾਂ ਬਾਰੇ ਬੇਸਮਝੀ ਵਾਲਾ ਕਿੰਤੂ ਪ੍ਰੰਤੂ ਕਰਦਾ ਹੈ ਤਾਂ ਉਹ ਉਸ ਨੂੰ ਨਿਰੋਲ ਗੁਰਬਾਣੀ ਦੇ ਆਧਾਰ ‘ਤੇ ਜਵਾਬ ਦੇਣ, ਨਾ ਕਿ ਪੰਥ ਦੀ ਸਭਿਆਚਾਰਕ ਦਿੱਖ ਦੇ ਆਧਾਰ ‘ਤੇ।
ਕਿਉਂਕਿ ਗੁਰਬਾਣੀ ਵਿਗਿਆਨ ਦੀ ਸਮਰਥਕ ਹੈ ਤੇ ਖੁਦ ਵਿਗਿਆਨ ਵੀ ਹੈ, ਇਸ ਲਈ ਕੋਈ ਦੂਜਾ ਧਰਮ ਜਾਂ ਵਿਵਸਥਾ ਇਸ ਦੇ ਨੇੜੇ ਤੇੜੇ ਵੀ ਨਹੀਂ ਆ ਸਕਦਾ। ਸਭ ਕਰਮ-ਕਾਂਡੀ ਧਰਮ, ਜਿਨ੍ਹਾਂ ਵਿਚ ਹਿੰਦੂਵਾਦ ਵੀ ਸ਼ਾਮਲ ਹੈ, ਵਿਗਿਆਨ ਤੋਂ ਦੂਰ ਭੱਜਦੇ ਹਨ ਕਿਉਂਕਿ ਵਿਗਿਆਨ ਉਨ੍ਹਾਂ ਦੇ ਪੱਜ ਉਘਾੜਦਾ ਹੈ। ਇਸ ਲਈ ਉਹ ਸਿੱਖ ਮੱਤ ਨੂੰ ਵਿਗਿਆਨਕ ਜਾਣ ਕੇ ਫਿਰ ਕਦੇ ਨਹੀਂ ਕਹਿਣਗੇ ਕਿ ਸਿੱਖ ਹਿੰਦੂ ਹਨ।
ਮਸਲਾ ਇੱਥੇ ਹਿੰਦੂਆਂ ਤੇ ਸਿੱਖਾਂ ਦੀਆਂ ਆਪਸੀ ਬਹਿਸਾਂ ਦਾ ਨਹੀਂ, ਸਗੋਂ ਸਿੱਖੀ ਦੇ ਵਿਗਿਆਨਕ ਵਿਰਸੇ ਨੂੰ ਪਛਾਣਨ ਦਾ ਹੈ। ਇਸ ਉਦਮ ਵਿਚ ਜਪੁਜੀ ਦੀ ਨੌਵੀਂ ਪਉੜੀ ਦੀ ਵਿਸ਼ੇਸ਼ ਭੂਮਿਕਾ ਬਣਦੀ ਹੈ। ਸਿੱਖੀ ਦੀ ਅਧਿਆਤਮਵਾਦ ਤੋਂ ਦੂਰੀ ਤੇ ਵਿਗਿਆਨ ਪ੍ਰਤੀ ਨੇੜਤਾ ਇਸ ਪਉੜੀ ਤੋਂ ਸਾਫ ਸਮਝ ਆਉਂਦੀ ਹੈ,
ਸੁਣਿਐ ਈਸਰੁ ਬਰਮਾ ਇੰਦੁ॥
ਸੁਣਿਐ ਮੁਖਿ ਸਾਲਾਹਣ ਮੰਦੁ॥
ਸੁਣਿਐ ਜੋਗ ਜੁਗਤਿ ਤਨਿ ਭੇਦ॥
ਸੁਣਿਐ ਸਾਸਤ ਸਿਮ੍ਰਿਤਿ ਵੇਦ॥
ਨਾਨਕ ਭਗਤਾ ਸਦਾ ਵਿਗਾਸੁ॥
ਸੁਣਿਐ ਦੂਖ ਪਾਪ ਕਾ ਨਾਸੁ॥੯॥
ਇਸ ਪਉੜੀ ਵਿਚ ਗੁਰੂ ਸਾਹਿਬ ਸੁਣੀ-ਸੁਣਾਈ ਗੱਲ ਦਾ ਮੁਲਾਂਕਣ ਸੱਚ ਦੀ ਖੋਜ ਦੇ ਸਬੰਧ ਵਿਚ ਕਰਦਿਆਂ ਹਿੰਦੂ ਦੇਵੀ-ਦੇਵਤਿਆਂ, ਉਨ੍ਹਾਂ ਦੀਆਂ ਮੂਰਤੀਆਂ, ਹਿੰਦੂ ਗ੍ਰੰਥਾਂ ਤੇ ਉਨ੍ਹਾਂ ਦੀਆਂ ਗਿਆਨ ਵਿਧੀਆਂ ਦੀ ਗੱਲ ਕਰਦੇ ਹਨ। ਉਹ ਇਨ੍ਹਾਂ ਦਾ ਉਹ ਪੱਖ ਲੈਂਦੇ ਹਨ, ਜੋ ਕਹਿਣ ਸੁਣਨ ਵਿਚ ਆਉਂਦਾ ਹੈ। ਇੱਥੇ ਉਹ ਸੂਰਜ, ਚੰਦਰਮਾ, ਹਵਾ, ਪਾਣੀ ਤੇ ਅਗਨੀ ਦੀ ਗੱਲ ਨਹੀਂ ਕਰਦੇ, ਜੋ ਯਥਾਰਥਕ ਹਨ ਅਤੇ ਜਿਨ੍ਹਾਂ ਦੇ ਅਸਤਿਤਵ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ। ਇਨ੍ਹਾਂ ਨੂੰ ਕੋਈ ਸੁਣੀਆਂ ਸੁਣਾਈਆਂ ਚੀਜ਼ਾਂ ਨਹੀਂ ਕਹਿੰਦਾ, ਕਿਉਂਕਿ ਇਹ ਸਿਰ ਚੜ੍ਹ ਬੋਲਦੀਆਂ ਹਨ। ਉਹ ਇੱਥੇ ਉਨ੍ਹਾਂ ਹੀ ਅਧਿਆਤਮਕ ਸੰਕਲਪਾਂ ਤੇ ਕਲਪਿਤ ਕਿਰਦਾਰਾਂ ਦਾ ਜ਼ਿਕਰ ਕਰਦੇ ਹਨ, ਜਿਨ੍ਹਾਂ ਬਾਰੇ ਤਰਕਾਂ, ਸਬੂਤਾਂ ਦੀ ਅਣਹੋਂਦ ਵਿਚ ਬਹੁਤ ਕੁਝ ਕਿਹਾ ਤੇ ਸੁਣਿਆਂ ਜਾਂਦਾ ਹੈ। ਕਿਉਂਕਿ ਕਿਸੇ ਗੱਲ ਨੂੰ ਸਿਰਫ ਕਹਿਣ-ਸੁਣਨ ਲਈ ਕਿਸੇ ਪ੍ਰਮਾਣ ਦੀ ਲੋੜ ਨਹੀਂ ਪੈਂਦੀ, ਇਸ ਲਈ ਕੋਈ ਕੁਝ ਵੀ ਬੋਲ ਤੇ ਸੁਣ ਸਕਦਾ ਹੈ, ਪਰ ਇਹ ਜਰੂਰੀ ਨਹੀਂ ਕਿ ਜੋ ਉਹ ਸੁਣਦਾ ਹੈ ਜਾਂ ਕੋਈ ਦੂਜਾ, ਜੋ ਕੁਝ ਉਸ ਨੂੰ ਦੱਸਦਾ ਹੈ, ਉਹ ਸੱਚ ਹੋਵੇ। ਸੁਣੀ-ਸੁਣਾਈ ਗੱਲ ਜੇ ਪ੍ਰਮਾਣਾਂ ਨਾਲ ਸੱਚ ਸਿੱਧ ਨਾ ਹੋਵੇ ਤਾਂ ਉਹ ਝੂਠੀ ਜਾਂ ਗਲਤ ਹੁੰਦੀ ਹੈ। ਇਸ ਲਈ ਲੋਕਾਂ ਨੂੰ ਇਸ ਗੱਲ ਦੀ ਸਿੱਖਿਆ ਦੇਣੀ ਬਣਦੀ ਹੈ ਤਾਂ ਜੋ ਅਗਿਆਨ ਨਾ ਫੈਲੇ।
ਮੱਧ ਕਾਲ ਦੇ ਹਿੰਦੂ ਅਧਿਆਤਮਵਾਦੀਆਂ ਦੇ ਸੰਕਲਪਾਂ ਤੇ ਸੰਕੇਤਾਂ ‘ਤੇ ਟਿੱਪਣੀ ਕਰਦੀ ਇਸ ਪਉੜੀ ਵਿਚ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਈਸਰ (ਸ਼ਿਵ), ਬਰਮਾ ਤੇ ਇੰਦਰ ਆਦਿਕ ਸਭ ਦੇਵਤੇ ਸੁਣੇ-ਸੁਣਾਏ ਹਨ ਭਾਵ ਇਨ੍ਹਾਂ ਨੂੰ ਕਿਸੇ ਨੇ ਦੇਖਿਆ ਨਹੀਂ ਤੇ ਨਾ ਹੀ ਇਨ੍ਹਾਂ ਦੀ ਹੋਂਦ ਨੂੰ ਕਿਸੇ ਨੇ ਸਿੱਧ ਕੀਤਾ ਹੈ। ਉਨ੍ਹਾਂ ਬਾਰੇ ਇਹ ਵੀ ਸੁਣਿਆ ਜਾਂਦਾ ਹੈ ਕਿ ਉਨ੍ਹਾਂ ਦੇ ਚਿਹਰੇ ਸਲਾਹੁਣਯੋਗ ਭਾਵ ਦੇਖਣ ਯੋਗ ਹਨ। ਇਸ ਦਾ ਭਾਵ ਇਹ ਵੀ ਹੈ ਕਿ ਉਨ੍ਹਾਂ ਦੀਆਂ ਮੂਰਤੀਆਂ ਬੜੇ ਸੁੰਦਰ ਚਿਹਰੇ ਵਾਲੀਆਂ ਬਣਾਈਆਂ ਹੁੰਦੀਆਂ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਵੀ ਸੁਣੀਂਦਾ ਹੈ ਕਿ ਨਾਥ ਜੋਗੀ, ਬ੍ਰਾਹਮਣ ਤੇ ਪੰਡਿਤ ਆਦਿ ਜੋਗ ਕ੍ਰਿਆਵਾਂ ਦੀ ਜੁਗਤ ਨਾਲ ਸਰੀਰ ਦੇ ਅੰਦਰੂਨੀ ਰਾਜ਼ ਪਤਾ ਕਰ ਲੈਂਦੇ ਹਨ ਭਾਵ ਮਨ ਨੂੰ ਕਿਸੇ ਉਚੀ ਅਵਸਥਾ ਵਿਚ ਲਿਜਾ ਕੇ ਕੁਦਰਤ ਦੇ ਭੇਤ ਜਾਣ ਲੈਂਦੇ ਹਨ। ਕਈਆਂ ਨੂੰ ਹਿੰਦੂਆਂ ਦੇ ਸ਼ਾਸਤਰਾਂ, ਸਿਮਰਤੀਆਂ (ਸੁਣ ਕੇ ਯਾਦ ਕੀਤੇ ਧਾਰਮਿਕ ਉਪਦੇਸ਼) ਤੇ ਵੇਦ-ਮੰਤਰਾਂ ਨੂੰ ਉਚਾਰਦੇ ਵੀ ਸੁਣਿਆ ਜਾਂਦਾ ਹੈ। ਇਨ੍ਹਾਂ ਦੇ ਸੁਣਨ ਨੂੰ ਵੀ ਗਿਆਨ ਧਿਆਨ ਲਈ ਅਤਿ ਗੁਣਕਾਰੀ ਸਮਝਿਆ ਜਾਂਦਾ ਹੈ। ਗੁਰੂ ਨਾਨਕ ਵਿਅੰਗ ਕਰਦੇ ਹਨ ਕਿ ਨਾਥ ਜੋਗੀਆਂ ਤੇ ਹਿੰਦੂ ਪੰਡਿਤਾਂ ਕੋਲੋਂ ਵੇਦਾਂ, ਸਮ੍ਰਿਤੀਆਂ ਤੇ ਹੋਰ ਸ਼ਾਸਤਰਾਂ ਵਿਚੋਂ ਅਜਿਹੀ ਸਿੱਖਿਆ ਸੁਣ ਕੇ ਭਗਤ ਜਨ ਖੁਸ਼ੀ ਨਾਲ ਝੂਮ ਉਠਦੇ ਹਨ। ਉਹ ਸਮਝਦੇ ਹਨ ਕਿ ਬੱਸ ਹੁਣ ਉਨ੍ਹਾਂ ਦੇ ਦੁਖ ਤੇ ਪਾਪ ਕੱਟੇ ਜਾਣਗੇ!
ਇਹ ਵਿਆਖਿਆ ਬ੍ਰਾਹਮਣਵਾਦੀਆਂ ਨੂੰ ਨਹੀਂ ਭਾਉਂਦੀ। ਉਹ ਦੇਵੀ-ਦੇਵਤਿਆਂ ਨੂੰ ਅਸਲ ਮੰਨ ਕੇ ਪੂਜਦੇ ਹਨ, ਜਦੋਂ ਕਿ ਗੁਰੂ ਨਾਨਕ ਇਨ੍ਹਾਂ ਨੂੰ ਸੁਣੇ-ਸੁਣਾਏ ਭਾਵ ਕਲਪਿਤ ਮੰਨਦੇ ਹਨ। ਗੁਰੂ ਸਾਹਿਬ ਦਾ ਸਿੱਖੀ ਸਿਧਾਂਤ ਇਨ੍ਹਾਂ ਨੂੰ ਉਦੋਂ ਤੀਕ ਕਲਪਨਾ ਦੇ ਪਾਤਰ ਗਰਦਾਨਦਾ ਰਹੇਗਾ, ਜਦੋਂ ਤੀਕ ਇਨ੍ਹਾਂ ਦੇ ਸੱਚ ਹੋਣ ਦਾ ਪ੍ਰਮਾਣ ਨਹੀਂ ਮਿਲਦਾ। ਗੁਰੂ ਸਾਹਿਬ ਅਨੁਸਾਰ ḔਸੁਣੀਐḔ ਦਾ ਭਾਵ ਇਹ ਨਹੀਂ ਕਿ ਜੇ ਕਿਸੇ ਚੀਜ਼ ਬਾਰੇ ਸੁਣ ਲਿਆ ਤਾਂ ਉਹ ਸੱਚ ਹੈ ਤੇ ਉਸ ਨੂੰ ਸੱਚ ਮੰਨ ਕੇ ਅਮਲ ਕੀਤਾ ਜਾਵੇ, ਸਗੋਂ ਇਸ ਦਾ ਅਰਥ ਇਹ ਹੈ ਕਿ ਸੁਣੀ ਹੋਈ ਗੱਲ ਸੱਚ ਜਾਂ ਝੂਠ ਦੋਹਾਂ ਤਰ੍ਹਾਂ ਦੀ ਹੋ ਸਕਦੀ ਹੈ, ਇਸ ਲਈ ਇਸ ਨੂੰ ਸਿਰਫ ਸੱਚ ਮੰਨਣਾ ਗਲਤ ਹੈ। ਸੱਚ ਮੰਨਣ ਤੋਂ ਪਹਿਲਾਂ ਇਸ ਦੇ ਸੱਚ ਤੇ ਝੂਠ ਦਾ ਤਰਕਾਂ ਸਬੂਤਾਂ ਨਾਲ ਨਿਰਣਾ ਕਰਨਾ ਜਰੂਰੀ ਹੈ, ਪਰ ਦੇਵੀ ਦੇਵਤਿਆਂ ਬਾਰੇ ਅਜਿਹਾ ਕੋਈ ਸਬੂਤ ਨਹੀਂ ਹੈ।
ਸਿੱਖੀ ਸਿਧਾਂਤ ਵਿਗਿਆਨਕ ਵਿਧੀ ਹੈ, ਜੋ ਕਿਸੇ ਸੁਣੀ-ਸੁਣਾਈ ਗੱਲ ‘ਤੇ ਅੰਨ੍ਹਾ ਵਿਸ਼ਵਾਸ ਨਹੀਂ ਕਰਦਾ। ਇਹੀ ਇਕ ਬੁਨਿਆਦੀ ਨੁਕਤਾ ਹੈ, ਜੋ ਸੋਚ ਦੇ ਪੱਧਰ ‘ਤੇ ਸਿੱਖਾਂ ਨੂੰ ਹਿੰਦੂਆਂ ਨਾਲੋਂ ਵੱਖ ਕਰਦਾ ਹੈ। ਜਦੋਂ ਸਿੱਖੀ ਸਿਧਾਂਤ ਹਿੰਦੂਆਂ ਦੇ ਪਵਿਤਰ ਦੱਸੇ ਜਾਂਦੇ ਦੇਵੀ-ਦੇਵਤਿਆਂ ਦੀ ਹੋਂਦ ਨੂੰ ਮੰਨਦਾ ਹੀ ਨਹੀਂ ਤਾਂ ਫਿਰ ਕੋਈ ਕਿਵੇਂ ਕਹਿ ਸਕਦਾ ਹੈ ਕਿ ਸਿੱਖ ਹਿੰਦੂ ਹਨ?
ਪਰ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਇਸ ਮੁੱਦੇ ਤੋਂ ਖੁੰਝ ਗਏ ਹਨ। ਉਹ ਕਦੇ ਵੀ ਇਹ ਕਿਆਸ ਹੀ ਨਹੀਂ ਕਰ ਸਕਦੇ ਕਿ ਗੁਰੂ ਸਾਹਿਬ ਨੇ ਇੱਦਾਂ ਕਿਹਾ ਹੈ। ਉਹ ਹਮੇਸ਼ਾ ਇਹੀ ਸਮਝਦੇ ਆਏ ਹਨ ਕਿ ਗੁਰੂ ਸਾਹਿਬ ਨੇ ਸੁਣਨ ਨੂੰ ਪ੍ਰਭੂ ਪ੍ਰਾਪਤੀ ਦਾ ਇਕ ਅਹਿਮ ਪੜਾਅ ਮੰਨਿਆ ਹੈ। ਇਸ ਕਰਕੇ ਸਿੱਖਾਂ ਨੂੰ ਸੁਣਨਾ ਚਾਹੀਦਾ ਹੈ ਤੇ ਸੁਣ ਕੇ ਵਿਸ਼ਵਾਸ ਕਰਨਾ ਚਾਹੀਦਾ ਹੈ। ਉਹ ਸਦਾ ਤੋਂ ਹੀ ਬ੍ਰਾਹਮਣਵਾਦੀ ਵਿਆਖਿਆ ਦੇ ਪੱਖ ਵਿਚ ਰਹਿ ਕੇ ਕਹਿੰਦੇ ਆਏ ਹਨ ਕਿ ਗੁਰੂ ਸਾਹਿਬ ਜਾਣੀ ਜਾਣ ਤੇ ਮਹਾਨ ਸਨ। ਉਨ੍ਹਾਂ ਅਨੁਸਾਰ ਉਨ੍ਹਾਂ ਨੇ ਸਾਰੇ ਹਿੰਦੂ ਦੇਵਤਿਆਂ ਬਾਰੇ ਸੁਣਿਆ ਹੋਇਆ ਸੀ ਤੇ ਉਹ ਸਮਝਦੇ ਹਨ ਕਿ ਕਿਸੇ ਚੀਜ਼ ਬਾਰੇ ਤਦੇ ਹੀ ਸੁਣ ਸਕੀਦਾ ਹੈ, ਜੇ ਉਹ ਸੱਚ ਹੋਵੇ। ਉਨ੍ਹਾਂ ਅਨੁਸਾਰ ਗੁਰੂ ਸਾਹਿਬ ਮੰਨਦੇ ਸਨ ਕਿ ਹਿੰਦੂ ਦੇਵਤੇ ਮਹਾਨ ਹਨ, ਕਿਉਂਕਿ ਉਨ੍ਹਾਂ ਨੇ ਅਸੀਮ ਬ੍ਰਹਿਮੰਡੀ ਸ਼ਕਤੀਆਂ ਪਾ ਕੇ ਉਚੇ ਪਦ ਪ੍ਰਾਪਤ ਕੀਤੇ ਹੋਏ ਹਨ। ਉਹ ਇਹ ਵੀ ਆਖਦੇ ਹਨ ਕਿ ਗੁਰੂ ਸਾਹਿਬ ਵੱਖ ਵੱਖ ਹਿੰਦੂ ਧਾਰਮਿਕ ਗ੍ਰੰਥਾਂ ਤੇ ਉਨ੍ਹਾਂ ਵਿਚਲੀਆਂ ਕਥਾਵਾਂ ਨੂੰ ਸੱਚ ਤੇ ਸਰਾਹੁਣਯੋਗ ਮੰਨਦੇ ਸਨ, ਕਿਉਂਕਿ ਉਨ੍ਹਾਂ ਵਿਚ ਦੇਵਤਿਆਂ ਦਾ ਪ੍ਰਸ਼ੰਸਾਯੋਗ ਜ਼ਿਕਰ ਹੈ।
ਅਜੋਕੇ ਸਿੱਖ ਵਿਦਵਾਨਾਂ ਦੇ ਸਟੀਕ ਅਜਿਹੀਆਂ ਮਾਨਤਾਵਾਂ ਨਾਲ ਭਰੇ ਪਏ ਹਨ। ਇਸ ਦੀ ਮਿਸਾਲ ਉਨ੍ਹਾਂ ਦੇ ਕਿਸੇ ਵੀ ਇਕ ਸਟੀਕ ਵਿਚੋਂ ਦਿੱਤੀ ਜਾ ਸਕਦੀ ਹੈ। ਪ੍ਰਸਿੱਧ ਸਿੱਖ ਵਿਦਵਾਨ ਡਾ. ਕੁਲਵੰਤ ਸਿੰਘ ਦਾ ਇਸ ਪਉੜੀ ਦਾ ਉਲਥਾ ਇੱਥੇ ਪੇਸ਼ ਹੈ, “ਵਾਹਿਗੁਰੂ ਦਾ ਨਾਮ ਸੁਣ ਕੇ ਹੀ (ਵਾਹਿਗੁਰੂ ਦੀ ਕਿਰਪਾ ਦੇ ਨਾਲ) ਈਸ਼ਰ (ਸ਼ਿਵ-ਮੌਤ ਦਾ ਦੇਵਤਾ), ਬ੍ਰਹਮਾ (ਪੈਦਾ ਕਰਨ ਦਾ ਦੇਵਤਾ) ਅਤੇ ਇੰਦਰ (ਮੀਂਹ ਦਾ ਦੇਵਤਾ) ਹੋਏ। ਨਾਮ ਸੁਣ ਕੇ ਸ਼ਿਵ, ਬ੍ਰਹਮਾ ਅਤੇ ਇੰਦਰ ਜਿਹੇ ਬਣ ਜਾਈਦਾ ਹੈ, ਇਨ੍ਹਾਂ ਦੇ ਗੁਣ ਆ ਜਾਂਦੇ ਹਨ, ਇਨ੍ਹਾਂ ਜਿਹਾ ਗਿਆਨ ਹੋ ਜਾਂਦਾ ਹੈ। ਰੱਬ ਦਾ ਨਾਮ ਸੁਣਨ ਵਾਲੇ ਦੀ ਤਾਰੀਫ ਬੁਰੇ (ਮੰਦੇ) ਲੋਕ ਵੀ ਆਪਣੇ ਮੂੰਹ ਨਾਲ ਕਰਨ ਲੱਗ ਜਾਂਦੇ ਹਨ। ਨਾਮ ਸੁਣਨ ਦੇ ਨਾਲ ਜੋਗ ਦੀ ਜੁਗਤ (ਜੋਗ, ਰੱਬ ਨੂੰ ਮਿਲਣ ਦਾ ਇਕ ਢੰਗ) ਅਤੇ ਸਰੀਰ ਦੇ ਭੇਦ (ਕਿ ਇਹ ਰੱਬ ਦਾ ਘਰ ਹੈ, ਉਹ ਹੀ ਇਹਨੂੰ ਬਣਾਉਂਦਾ-ਚਲਾਉਂਦਾ ਹੈ, ਮਨ ਨੂੰ ਵੱਸ ਕਿੱਦਾਂ ਕਰਨਾ ਹੈ) ਜਾਣ ਲਈਦੇ ਹਨ। ਮਾਲਕ ਦਾ ਨਾਮ ਸੁਣਨ ਦੇ ਨਾਲ ਸ਼ਾਸਤਰ, ਸਿਮ੍ਰਿਤੀਆਂ ਅਤੇ ਵੇਦ ਬਣੇ। ਨਾਮ ਸੁਣਨ ਦੇ ਨਾਲ ਧਰਮ-ਗ੍ਰੰਥਾਂ, ਮਾਇਆ-ਸਰੀਰ, ਆਤਮਾ ਅਤੇ ਪਰਮਾਤਮਾ ਦਾ ਗਿਆਨ ਹੋ ਜਾਂਦਾ ਹੈ। ਨਾਨਕ, ਰੱਬ ਦੇ ਇਹ ਗੁਣ ਜਾਣ ਕੇ, ਭਗਤ ਸਦਾ ਖੁਸ਼ੀ ਵਿਚ ਰਹਿੰਦੇ ਹਨ। ਵਾਹਿਗੁਰੂ ਦਾ ਨਾਮ ਸੁਣਨ ਨਾਲ ਦੁੱਖ ਅਤੇ ਪਾਪ ਦੂਰ ਹੋ ਜਾਂਦੇ ਹਨ। ਭਗਤਾਂ ਦੇ ਮਨਾਂ ਉਤੇ ਦੁਖਾਂ ਤੇ ਪਾਪਾਂ ਦਾ ਅਸਰ ਨਹੀਂ ਹੁੰਦਾ।” ਸ਼ਬਦਾਂ ਦੇ ਫੇਰਬਦਲ ਨਾਲ ਇਹੋ ਕੁਝ ਭਾਈ ਵੀਰ ਸਿੰਘ, ਡਾ. ਸੰਤ ਸਿੰਘ, ਗਿਆਨੀ ਹਰਿਬੰਸ ਸਿੰਘ, ਪ੍ਰੋ. ਸਾਹਿਬ ਸਿੰਘ ਆਦਿ ਵਿਦਵਾਨਾਂ ਦੇ ਸਟੀਕਾਂ ਵਿਚ ਲਿਖਿਆ ਮਿਲਦਾ ਹੈ।
ਅਜੋਕੇ ਸਿੱਖ ਵਿਦਵਾਨਾਂ ਦੀਆਂ ਇਨ੍ਹਾਂ ਵਿਆਖਿਆਵਾਂ ਨੂੰ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਉਹ ḔਸੁਣਿਐḔ ਨੂੰ ਪਰਮਾਤਮਾ ਦਾ ਨਾਮ ਸੁਣਨਾ ਦੱਸ ਕੇ ਇਸ ਨੂੰ ਅਧਿਆਤਮਕ ਮੋੜਾ ਦਿੰਦੇ ਹਨ। ਪਤਾ ਨਹੀਂ ਉਹ ਗੁਰੂ ਸਾਹਿਬ ਦੀਆਂ ਸਪਸ਼ਟ ਤੇ ਮੁੱਲ-ਮੁਕਤ (ਵਅਲੁe ਾਰee) ਤੁਕਾਂ ਵਿਚ ਰੱਬ ਜਾਂ ਪਰਮਾਤਮਾ ਦਾ ਜ਼ਿਕਰ ਅਕਾਰਣ ਕਿਥੋਂ ਲੈ ਆਉਂਦੇ ਹਨ? ਗੁਰੂ ਸਾਹਿਬ ਨੇ ਜਿਸ ਤਰ੍ਹਾਂ ਲਿਖਿਆ ਹੈ, ਉਹ ਉਵੇਂ ਸਵੀਕਾਰ ਕਿਉਂ ਨਹੀਂ ਕਰਦੇ? ਆਪਣੇ ਆਪ ਨੂੰ ਗੁਰੂ ਤੋਂ ਵੀ ਉਪਰ ਸਮਝ ਕੇ ਉਹ ਉਨ੍ਹਾਂ ਦੀ ਬਾਣੀ ਵਿਚ ਆਪਣੇ ਅਨੁਸਾਰ ਸੋਧ ਕਰਨ ਦੀ ਕੋਸਿਸ਼ ਕਰਦੇ ਹਨ। ਉਨ੍ਹਾਂ ਦੀ ਇਹ ਰਲਾ ਪਾਉਣ ਦੀ ਰੁਚੀ ਹਉਮੈ, ਅਗਿਆਨ ਤੇ ਨਿਜੀ ਹਿੱਤਾਂ ਤੋਂ ਪ੍ਰੇਰਿਤ ਭਾਸਦੀ ਹੈ। ਅਗਿਆਨ ਤੋਂ ਇਸ ਲਈ ਕਿ ਉਨ੍ਹਾਂ ਨੂੰ ਗੁਰੂ ਦੇ ਸਿਧਾਂਤ ਅਨੁਸਾਰ ਵਿਆਖਿਆ ਦਾ ਅਭਿਆਸ ਨਹੀਂ ਹੈ। ਇਸ ਲਈ ਉਹ ਰੱਬ ਦਾ ਜ਼ਿਕਰ ਕਰ ਕੇ ਕੰਮ ਚਲਾਉਂਦੇ ਹਨ। ਹਉਮੈ ਤੋਂ ਇਸ ਲਈ ਕਿ ਰੱਬ ਦੇ ਸੰਦਰਭ ਵਿਚ ਕੀਤੀ ਵਿਆਖਿਆ ਵਿਚ ਉਹ ਆਪਣੀ ਕੋਈ ਨਿਜੀ ਧਾਰਨਾ ਜੋੜ ਦਿੰਦੇ ਹਨ। ਉਹ ਨਹੀਂ ਸਮਝਦੇ ਕਿ ਜਿਵੇਂ ਬਾਣੀ ਵਿਚ ਲਿਖਿਆ ਹੈ, ਉਵੇਂ ਲਿਖਣ ਵਿਚ ਵੀ ਗੁਰੂ ਸਾਹਿਬ ਦਾ ਕੋਈ ਉਦੇਸ਼ ਹੋ ਸਕਦਾ ਹੈ। ਨਿਜੀ ਹਿੱਤਾਂ ਤੋਂ ਪ੍ਰੇਰਿਤ ਇਸ ਲਈ ਕਿ ਪੁਜਾਰੀ ਜਮਾਤ ਦੇ ਵੱਖਰੇ ਵਿਸ਼ੇਸ਼ ਹਿੱਤ ਤਦੇ ਸੁਰਖਿਅਤ ਰਹਿ ਸਕਦੇ ਹਨ, ਜੇ ਉਹ ਗੁਰੂ ਸਾਹਿਬ ਦੀ ਸੱਚ ਪ੍ਰਾਪਤੀ ਵਾਲੀ ਵਿਆਖਿਆ ਨਾ ਅਪਨਾਉਣ ਤੇ ਸੁਣੀ-ਸੁਣਾਈ ਗੱਲ ਨੂੰ ਮਾਨਤਾ ਦਾ ਸਮਰਥਨ ਕਰਨ। ਇਸ ਲਈ ਉਹ ਇਸ ਗੱਲ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ ਕਿ ਗੁਰੂ ਸਾਹਿਬ ḔਸੁਣਿਐḔ ਦੀ ਗੱਲ ਸਤਿ ਪ੍ਰਾਪਤੀ ਦੀ ਵਿਧੀ ਦੇ ਸਬੰਧ ਵਿਚ ਕਰ ਰਹੇ ਹਨ, ਨਾ ਕਿ ਪੂਜਾ ਪਾਠ ਦੀ ਮਹਿਮਾ ਬਾਰੇ। ਪਰ ਕੀ ਸੱਚ ਪ੍ਰਾਪਤੀ ਦੇ ਕਿਸੇ ਵੀ ਮਸਲੇ ਵਿਚ ਕਦੇ ਕੋਈ ਸੁਣੀ-ਸੁਣਾਈ ਗੱਲ ਵਿਚ ਵਿਸਵਾਸ਼ ਕਰਦਾ ਹੈ? ਜੀ ਨਹੀਂ, ਬੱਚੇ ਵੀ ਨਹੀਂ ਕਰਦੇ। ਫਿਰ ਅਜੋਕੇ ਵਿਦਵਾਨ ਗੁਰੂ ਸਾਹਿਬ ਨੂੰ ਲਾਈਲੱਗ ਬਣਾਉਣ ਤੇ ਅਗਿਆਨ ਫੈਲਾਉਣ ਵਾਲੀ ਸਿੱਖਿਆ ਦਾ ਮੋਢੀ ਕਿਉਂ ਸਮਝਦੇ ਹਨ?
ਇਹੀ ਨਹੀਂ, ਇਨ੍ਹਾਂ ਵਿਦਵਾਨਾਂ ਅਨੁਸਾਰ ਗੁਰੂ ਨਾਨਕ ਹਿੰਦੂ ਦੇਵਤਿਆਂ ਨੂੰ ਸੱਚ-ਮੁੱਚ ਦੇ ਕਿਰਦਾਰ ਮੰਨ ਕੇ ਉਨ੍ਹਾਂ ਜਿਹੇ ਗੁਣਾਂ ਨੂੰ ਧਾਰਨ ਕਰਨ ਦਾ ਸੰਦੇਸ਼ ਦਿੰਦੇ ਹਨ। ਉਹ ਸਿੱਧ ਕਰਨਾ ਚਾਹੁੰਦੇ ਹਨ ਕਿ ਉਹ ਲੋਕਾਂ ਨੂੰ ਭਾਵ ਆਪਣੇ ਸਿੱਖਾਂ ਨੂੰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੇ ਪ੍ਰਸ਼ੰਸਕ ਬਣਨ ਦੀ ਸਿੱਖਿਆ ਦਿੰਦੇ ਹਨ। ਉਹ ਇਕ ਸਿੱਟਾ ਇਹ ਵੀ ਕੱਢਦੇ ਹਨ ਕਿ ਗੁਰੂ ਸਾਹਿਬ ਹਿੰਦੂ ਗ੍ਰੰਥਾਂ ਦੇ ਗਿਆਨ ਨੂੰ ਉਤਮ ਮੰਨਦੇ ਹਨ ਤੇ ਸਿੱਖਾਂ ਨੂੰ ਇਸ ਨੂੰ ਗ੍ਰਹਿਣ ਕਰਨ ਦੀ ਸਲਾਹ ਦਿੰਦੇ ਹਨ। ਸਭ ਤੋਂ ਵੱਡੀ ਅਤਿਕਥਨੀ, ਜੋ ਉਹ ਗੁਰੂ ਸਾਹਿਬ ਦੇ ਨਾਂ ਮੜ੍ਹਦੇ ਹਨ, ਉਹ ਇਹ ਹੈ ਕਿ ਉਪਰੋਕਤ ਸਭ ਕੁਝ ਨੂੰ ਸੁਣਨ ਵਾਲੇ ਭਗਤਾਂ ਦੇ ਪਾਪ ਕੱਟੇ ਜਾਂਦੇ ਹਨ ਤੇ ਉਨ੍ਹਾਂ ਦੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ। ਇਸ ਅਗਿਆਨ ਭਰਪੂਰ ਵਿਆਖਿਆ ਦਾ ਲਾਭ ਉਠਾ ਕੇ ਕਈ ਸ਼ਾਤਰ ਸਿੱਖ ਮਹਾਂਪੁਰਸ਼ਾਂ ਨੇ ਤਾਂ ਨਾਮ ਜਪਾ ਕੇ ਬੀਮਾਰੀਆਂ ਦਾ ਇਲਾਜ ਕਰਨ ਵਾਲੇ ਹਸਪਤਾਲ ਵੀ ਖੋਲ੍ਹ ਲਏ ਹਨ!
ਸਿੱਖੀ ਸਿਧਾਂਤ ਮੰਗ ਕਰਦਾ ਹੈ ਕਿ ਜੋ ਵਿਦਵਾਨ ਸੁਣਨ ਨਾਲ ਦੁੱਖ ਦਲਿੱਦਰ ਦੂਰ ਹੋਣ ਵਾਲੀ ਗੱਲ ਦਾ ਦਾਅਵਾ ਕਰਦੇ ਹਨ ਤਾਂ ਉਹ ਸਾਬਤ ਕਰਨ ਕਿ ਇਹ ਢੰਗ ਸਹੀ ਤੇ ਕਾਰਆਮਦ ਹੈ। ਉਹ ਵੇਦਾਂ ਸ਼ਾਸਤਰਾਂ ਤੋਂ ਦੇਵੀ-ਦੇਵਤਿਆਂ ਦੀਆਂ ਕਹਾਣੀਆਂ ਸੁਣਾ ਕੇ ਪੰਜਾਬ ਦੇ ਲੋਕਾਂ ਨੂੰ ਨਸ਼ਾ ਮੁਕਤ ਕਰ ਕੇ ਦਿਖਾਉਣ। ਉਹ ਇਹ ਗੱਲਾਂ ਮਾਲਵੇ ਦੇ ਵਾਸੀਆਂ ਨੂੰ ਜਾ ਕੇ ਸੁਣਾਉਣ, ਜੋ ਕੈਂਸਰ ਦੀ ਮਹਾਂਮਾਰੀ ਨਾਲ ਮਰ ਰਹੇ ਹਨ। ਉਹ ਇਨ੍ਹਾਂ ਨੂੰ ਪਿੰਡਾਂ ਦੇ ਕਿਸਾਨਾਂ ਨੂੰ ਜਾ ਕੇ ਸੁਣਾਉਣ ਜੋ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਹਨ। ਹੋਰ ਨਹੀਂ ਤਾਂ ਉਹ ਆਪਣੀਆਂ ਵਿਸ਼ਵਾਸ ਕਹਾਣੀਆਂ ਰਾਹੀਂ ਕਰੋਨਾ ਵਾਇਰਸ ਨੂੰ ਹੀ ਬੇਅਸਰ ਕਰ ਕੇ ਦਿਖਾਉਣ, ਜਿਸ ਨੇ ਨਾ ਸਿਰਫ ਭਗਤਾਂ ਦੇ ਸਾਹ ਸੂਤ ਰੱਖੇ ਹਨ, ਸਗੋਂ ਉਨ੍ਹਾਂ ਲਈ ਮੰਦਿਰਾਂ, ਗੁਰਦੁਆਰਿਆਂ ਦੇ ਦਰਵਾਜੇ ਹੀ ਬੰਦ ਦਰਵਾ ਦਿੱਤੇ ਹਨ। ਗੁਰੂ ਸਾਹਿਬ ਤੋਂ ਲੈ ਕੇ ਅੱਜ ਤੀਕ ਅਣਗਿਣਤ ਲੋਕਾਂ ਨੇ ਅਜਿਹੀਆਂ ਦੰਦ ਕਥਾਵਾਂ ਸੁਣੀਆਂ ਤੇ ਅਣਗਿਣਤ ਨੇ ਮੰਨਿਆ, ਪਰ ਫਿਰ ਵੀ ਬੇਅੰਤ ਲੋਕ ਲੜਾਈਆਂ, ਮਹਾਂਮਾਰੀਆਂ, ਕੁਦਰਤੀ ਆਫਤਾਂ, ਘਰੇਲੂ ਸੰਕਟਾਂ ਤੇ ਦੁਰਘਟਨਾਵਾਂ ਵਿਚ ਮਾਰੇ ਗਏ। ਉਨ੍ਹਾਂ ਦੇ ਦੁੱਖ ਤੇ ਪਾਪ ਕਦੇ ਨਹੀਂ ਕੱਟੇ ਗਏ। ਅੱਜ ਵੱਡੇ ਤੋਂ ਵੱਡਾ ਸਿੱਖ ਵਿਦਵਾਨ ਵੀ ਨਿਰਪੱਖ ਤੌਰ ‘ਤੇ ਇਹ ਨਹੀਂ ਦੇਖ ਸਕਿਆ ਕਿ ਕਿਸ ਤਰ੍ਹਾਂ ਸਮੇਂ ਦੀ ਚਲਦੀ ਫਿਰਦੀ ਪ੍ਰਯੋਗਸ਼ਾਲਾ ਨੇ ਹਿੰਦੂਵਾਦੀਆਂ ਤੇ ਸਿੱਖੀ ਭੇਸ ਵਾਲੇ ਬ੍ਰਾਹਮਣਵਾਦੀਆਂ ਦੇ ਸਭ ਦਾਅਵੇ ਝੂਠੇ ਸਾਬਤ ਕਰ ਕੇ ਗੁਰੂ ਸਾਹਿਬ ਦੇ ਸਿੱਖੀ ਸਿਧਾਂਤ ਦੀ ਝੰਡੀ ਬੁਲੰਦ ਕੀਤੀ ਹੈ।
ਕਿੱਡੀ ਵਿਡੰਬਨਾ ਹੈ ਕਿ ਇਕ ਪਾਸੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਸਾਵਧਾਨ ਕਰਦੇ ਸਨ ਕਿ ਉਹ ਸੁਣੀਆਂ ਸੁਣਾਈਆਂ ਗੱਲਾਂ ਉਤੇ ਅੰਨਾ ਭਰੋਸਾ ਕਰ ਕੇ ਕਿਸੇ ਭਰਮ-ਜਾਲ ਵਿਚ ਨਾ ਫਸਣ, ਤੇ ਦੂਜੇ ਪਾਸੇ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਰਲ ਕੇ ਆਪਣੀ ਅਣਉਚਿਤ ਵਿਆਖਿਆ ਰਾਹੀਂ ਉਨ੍ਹਾਂ ਨੂੰ ਅਗਿਆਨ ਦਾ ਪਾਠ ਪੜ੍ਹਾਉਂਦੇ ਹਨ। ਗੁਰੂ ਸਾਹਿਬ ਲੋਕਾਂ ਨੂੰ ਗਿਆਨ ਵੰਡ ਕੇ ਉਨ੍ਹਾਂ ਦੀਆਂ ਅੱਖਾਂ ਖੋਲ੍ਹਦੇ ਸਨ, ਪਰ ਅਜੋਕੇ ਵਿਦਵਾਨ ਲੋਕਾਂ ਨੂੰ ਅੰਧ-ਵਿਸ਼ਵਾਸ ਦੇ ਰਾਹ ਪਾ ਕੇ ਉਨ੍ਹਾਂ ਦੀ ਕੀਤੀ ‘ਤੇ ਪਾਣੀ ਫੇਰਦੇ ਹਨ। ਜਿਸ ਬਾਣੀ ਨੇ ਲੋਕਾਂ ਨੂੰ ਗਿਆਨ ਦੀ ਸੇਧ ਦੇਣੀ ਸੀ, ਉਸੇ ਦੀ ਗਲਤ ਵਿਆਖਿਆ ਉਨ੍ਹਾਂ ਨੂੰ ਹਨੇਰੇ ਵਲ ਲੈ ਜਾ ਰਹੀ ਹੈ। ਗੁਰੂ ਸਾਹਿਬ ਨੇ ਨਿਸਵਾਰਥ ਹੋ ਕੇ ਸੱਚ ਦਾ ਪਾਠ ਪੜ੍ਹਾਇਆ ਸੀ, ਪਰ ਅਜੋਕੇ ਸਿੱਖ ਵਿਦਵਾਨ ਅਗਿਆਨ, ਸਵਾਰਥ ਤੇ ਹਉਮੈ ਕਾਰਨ ਇਸ ਪਾਠ ਨੂੰ ਉਲਟਾ ਰਹੇ ਹਨ। ਇੱਦਾਂ ਕਰਦਿਆਂ ਉਹ ਇਹ ਵੀ ਖਿਆਲ ਨਹੀਂ ਕਰਦੇ ਕਿ ਗੁਰੂ ਨਾਨਕ ਦੀ ਸਿੱਖੀ ਬਾਰੇ ਉਹ ਬਾਹਰ ਕੀ ਸੰਕੇਤ ਭੇਜ ਰਹੇ ਹਨ।