ਸਾਂਝੇ ਚੁੱਲ੍ਹੇ ਵਾਲਾ ਗਾਰਗੀ

ਮਾਲਵੇ ਦੀ ਮਿੱਟੀ ਵਿਚ ਜੰਮੇ-ਪਲੇ ਬਲਵੰਤ ਗਾਰਗੀ ਨੇ ਲਿਖਾਰੀ ਵਜੋਂ ਸੰਸਾਰ ਭਰ ਵਿਚ ਪਛਾਣ ਬਣਾਈ। ਜਿਵੇਂ ਉਰਦੂ ਵਿਚ ਲੇਖਕਾਂ-ਕਲਾਕਾਰਾਂ ਦੇ ਸ਼ਬਦ ਚਿੱਤਰ ਲਿਖਣ ਦਾ ਮਾਣ ਉਰਦੂ ਲਿਖਾਰੀ ਸਆਦਤ ਹਸਨ ਮੰਟੋ ਨੂੰ ਮਿਲਦਾ ਹੈ, ਪੰਜਾਬੀ ਵਿਚ ਇਹ ਰੁਤਬਾ ਬਲਵੰਤ ਗਾਰਗੀ ਨੂੰ ਮਿਲਿਆ ਹੈ। ਉਹ ਆਪਣੀ ਹਰ ਰਚਨਾ ‘ਚ ਨਿਆਰਾ ਤੇ ਨਿਵੇਕਲਾ ਰੰਗ ਬੰਨਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ। ਐਸ਼ ਬਲਵੰਤ ਨੇ ਇਸ ਲੇਖ ਵਿਚ ਗਾਰਗੀ ਦੇ ਸਾਹਿਤ ਅਤੇ ਜੀਵਨ ਦੇ ਕੁਝ ਪੱਖਾਂ ਬਾਰੇ ਚਰਚਾ ਕੀਤੀ ਹੈ।

-ਸੰਪਾਦਕ

ਐਸ਼ ਬਲਵੰਤ

ਬਲਵੰਤ ਗਾਰਗੀ ਜੰਮਿਆਂ ਤਾਂ ਬਾਣੀਆਂ ਦੇ ਘਰ, ਪਰ ਰਹਿੰਦਾ ਉਹ ਜੱਟਾਂ ਵਾਂਗ ਸੀ ਤੇ ਸੋਚਦਾ ਅਮਰੀਕਨਾਂ ਵਾਂਗ ਸੀ। ਦਿੱਲੀ ਵਿਚ ਕਨਾਟ ਪਲੇਸ ਵਿਖੇ ਛੋਟੇ ਜਿਹੇ ਘਰ ਵਿਚ ਵਾਸਾ ਸੀ ਉਸ ਦਾ, ਜਿਸ ਨੂੰ ਲੋਕੀਂ ‘ਗਾਰਗੀ ਡੈੱਨ’ ਵੀ ਕਹਿੰਦੇ ਸਨ। ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਉਸ ਘਰ ਦਾ ਵੱਡਾ ਕਮਰਾ, ਕੰਧਾਂ ‘ਤੇ ਕਾਲਾ ਪੇਂਟ, ਵਿਚੋਂ ਆਉਂਦੀ ਸ਼ਾਰਪ ਲਾਈਟ, ਦੀਵਾਰਾਂ ‘ਤੇ ਟੰਗੀਆਂ ਖੂਬਸੂਰਤ ਪੇਂਟਿੰਗਾਂ, ਜ਼ਮੀਨ ‘ਤੇ ਵਿਛਿਆ ਗੁਦਗੁਦਾ ਗੱਦਾ, ਉਸ ‘ਤੇ ਛੋਟੀਆਂ-ਛੋਟੀਆਂ ਗੱਦੀਆਂ, ਕਾਨਿਆਂ ਦੇ ਕੁਝ ਕੁ ਮੂੜ੍ਹੇ ਅਤੇ ਉਸੇ ਕਮਰੇ ‘ਚ ਦੂਜੇ ਪਾਸੇ ਇਕ ਹੋਰ ਜਣੇ ਦੇ ਸੌਣ ਲਈ ਬਿਸਤਰਾ। ਉਸੇ ਕਮਰੇ ਵਿਚ ਗੱਦੇ ‘ਤੇ ਜਾਂ ਮੂੜ੍ਹਿਆਂ ‘ਤੇ ਬੈਠ ਮਹਿਫਿਲਾਂ ਸਜਦੀਆਂ। ਜੇ ਲੋਕ ਹੋਰ ਵੱਧ ਹੋ ਜਾਣ ਤਾਂ ਆਪਣੇ ਆਪ ਇਧਰ-ਉਧਰ ਐਡਜਸਟ ਹੋ ਜਾਂਦੇ। ਬਾਹਰ ਚੌੜਾ ਵਿਹੜਾ, ਤੇ ਨਾਲ ਹੀ ਇਕ ਰਸੋਈ। ਗਰਮੀਆਂ ਵੇਲੇ ਵਿਹੜੇ ‘ਚ ਬੈਠ ਚੰਦਰਮਾ ਦੀ ਚਾਂਦਨੀ ਦਾ ਅਨੰਦ। ਕਦੇ ਸੰਗੀਤ ਦੀਆਂ ਧੁਨਾਂ, ਕਦੇ ਕਵਿਤਾ ਦੀਆਂ ਸਤਰਾਂ ਤੇ ਕਦੇ ਲਤੀਫਿਆਂ ‘ਤੇ ਠਹਾਕੇ। ਤੇ ਕਦੇ-ਕਦੇ ਸੰਜੀਦਾ ਬੌਧਿਕ ਬਹਿਸ। ਗਾਰਗੀ ਦਾ ਆਪਣਾ ਹੀ ਸਟਾਈਲ ਸੀ ਬੋਲਣ ਦਾ, ਸੋਚਣ ਦਾ, ਗ੍ਰਹਿਣ ਕਰਨ ਦਾ। ਵਿਹੜੇ ਤੋਂ ਅੱਗੇ ਬਾਹਰ ਨੂੰ ਨਿਕਲਦੇ ਦਰਵਾਜੇ ਦੇ ਸੱਜੇ ਪਾਸੇ ਘਰ ਦੇ ਕਾਮੇ ਲਈ ਵੱਖਰਾ ਕਮਰਾ।
ਗਾਰਗੀ ਦੀ ਤੋਰ ਦਾ ਨਿਆਰਾਪਣ ਵੀ ਕਮਾਲ ਦਾ ਸੀ। ਜਦ ਉਹ ਤੁਰਦਾ ਤਾਂ ਜ਼ਮੀਨ ‘ਤੇ ਪੂਰੇ ਪੈਰ ਦੀ ਥਾਂ ਪੰਜੇ ‘ਤੇ ਜ਼ੋਰ ਵਧੇਰੇ ਪਾਉਂਦਾ, ਅੱਡੀਆਂ ਉਪਰ ਚੁੱਕ ਕਦਮ ਪੁੱਟਦਾ, ਤੁਰਦਿਆਂ ਬਾਹਾਂ ਖਿਲਾਰ ਕੇ ਅਗਾਂਹ ਨੂੰ ਵਧਾਉਂਦਾ ਤੇ ਮੋਢਿਆਂ ਦੇ ਖੂੰਜੇ ਵਾਰ-ਵਾਰ ਉਪਰ-ਥੱਲੇ ਕਰਦਾ ਰਹਿੰਦਾ। ਜਿਵੇਂ ਕੋਈ ਹੌਲੀ-ਹੌਲੀ ਇਸ ਤਰ੍ਹਾਂ ਕਦਮ ਪੁੱਟਦਾ ਹੋਵੇ ਤਾਂ ਕਿ ਕਿਸੇ ਨੂੰ ਬਿੜਕ ਨਾ ਪੈ ਜਾਵੇ। ਇਸੇ ਤੋਰ ਨੂੰ ਲੈ ਕੇ ਹੀ ‘ਟਾਈਮਜ਼ ਆਫ ਇੰਡੀਆ’ ਦੇ ਸੀਨੀਅਰ ਨਾਮਾਨਿਗਾਰ ਸਤਿੰਦਰਾ ਸਿੰਘ ਨੇ ਇਕ ਵਾਰੀ ਆਪਣੇ ਪੰਡਾਰਾ ਰੋਡ ਵਾਲੇ ਘਰ ਬੈਠਿਆਂ ਗਾਰਗੀ ਬਾਰੇ ਲਿਖਿਆ ਸਕੈੱਚ ਸੁਣਾਇਆ ਸੀ, ‘ਲਿੱਪੇ ਹੋਏ ਵਿਹੜੇ ਵਿਚ ਤੁਰਦਾ ਕੁੱਕੜ!’
ਗਾਰਗੀ ਅਜਿਹਾ ਸ਼ਖਸ ਸੀ, ਜਿਸ ਨੂੰ ਜਦੋਂ ਵੀ ਕੋਈ ਆਸ ਹੋਣੀ ਕਿ ਫਲਾਣੀ ਥਾਂ ਤੋਂ ਇੰਨੇ ਪੈਸੇ ਆਉਣੇ ਹਨ ਤਾਂ ਉਹ ਉਸ ਦੇ ਖਰਚੇ ਦੀ ਲਿਸਟ ਪਹਿਲਾਂ ਹੀ ਬਣਾ ਕੇ ਰੱਖਦਾ ਕਿ ਇਹ ਖਰਚ ਕਿਥੇ ਕਰਨੇ ਹਨ! ਕਦੇ ਉਹ ਨੋਟਾਂ ਨਾਲ ਲੱਦਿਆ ਹੁੰਦਾ ਤੇ ਕਦੇ ਮੁਫਲਿਸੀ ਦੀ ਹਾਲਤ ਵਿਚ ਜੇਬ੍ਹ ‘ਚ ਖੋਟੀ ਚੁਆਨੀ ਵੀ ਨਾ ਹੁੰਦੀ। ਗਾਰਗੀ ਦੀ ਦਲੇਰੀ ਤੇ ਫਕੀਰੀ ਵੀ ਮਿਸਾਲ ਸੀ। ਜਦੋਂ ਉਸ ਨੇ ਆਪਣੇ ਪੁੱਤਰ ਮਨੂ ਨੂੰ ਉਚੇਰੀ ਪੜ੍ਹਾਈ ਲਈ ਦਾਖਲ ਕਰਾਉਣਾ ਸੀ ਤਾਂ ਉਦੋਂ ਮੁਫਲਿਸੀ ਦਾ ਮਾਹੌਲ ਸੀ। ਪੈਸੇ ਕੋਲ ਨਹੀਂ ਸਨ, ਪਰ ਪੁੱਤਰ ਦੇ ਭਵਿਖ ਦਾ ਸੁਆਲ ਸੀ। ਅਖੀਰ ਉਸ ਨੇ ਆਪਣਾ ਫਰਿੱਜ ਵੇਚ ਦਿੱਤਾ ਤੇ ਉਨ੍ਹਾਂ ਪੈਸਿਆਂ ਨਾਲ ਮੁੰਡਾ ਦਾਖਲ ਕਰਾ ਫਖਰ ਮਹਿਸੂਸ ਕਰਦਿਆਂ ਕਹਿੰਦਾ, “ਜੇ ਜੱਟ ਆਪਣਾ ਮੁੰਡਾ ਪੜ੍ਹਾਉਣ ਲਈ ਜ਼ਮੀਨ ਵੇਚ ਸਕਦਾ ਤਾਂ ਕੀ ਬਾਣੀਆਂ ਆਪਣਾ ਫਰਿੱਜ ਨਹੀਂ ਵੇਚ ਸਕਦਾ?”
ਗਾਰਗੀ ਆਪਣੇ ਦੋਸਤਾਂ ਤੋਂ ਉਧਾਰ ਮੰਗਣ ਵਿਚ ਰਤਾ ਵੀ ਸੰਗ ਨਹੀਂ ਸੀ ਕਰਦਾ ਤੇ ਪੂਰੀ ਇਮਾਨਦਾਰੀ ਨਾਲ ਪੈਸੇ ਮੋੜਦਾ ਵੀ ਸੀ। ਇਸ ਉਧਾਰੀ ਵਿਚ ਹੋਰ ਲੋਕਾਂ ਤੋਂ ਬਿਨਾ ਗਾਰਗੀ ਖੁਸ਼ਵੰਤ ਸਿੰਘ ਦਾ ਨਾਂ ਇਸ ਲਿਸਟ ਵਿਚ ਸਭ ਤੋਂ ਉਪਰ ਲਿਖਦਾ ਸੀ, ਪਰ ਪਤਾ ਨਹੀਂ ਕਿਸ ਕਾਰਨ ਮਨੂ ਨੂੰ ਦਾਖਲ ਕਰਾਉਣ ਲਈ ਉਸ ਨੇ ਉਧਾਰੀ ਕਿਉਂ ਨਾ ਲਈ? ਖੈਰ! ਜਦੋਂ ਗਾਰਗੀ ਨੇ ਫਰਿੱਜ ਵੇਚਿਆ, ਉਦੋਂ ਤੀਕ ਅਮਰੀਕ ਗਿੱਲ, ਗਾਰਗੀ ਕੋਲ ਰਹਿਣ ਲੱਗ ਪਿਆ ਸੀ।
ਮੁਫਲਿਸੀ ਦਾ ਤਾਂ ਇਹ ਹਾਲ ਸੀ ਕਿ ਇਕ ਦਿਨ ਮੈਂ ਤੇ ਪ੍ਰੋ. ਸੁਤਿੰਦਰ ਨੂਰ ਉਸ ਪਾਸੇ ਗਏ ਹੋਏ ਸਾਂ। ਸੋਚਿਆ, ਗਾਰਗੀ ਨੂੰ ਹੈਲੋ ਕਰਦੇ ਚੱਲੀਏ। ਅਸੀਂ ਪਹੁੰਚੇ ਤਾਂ ਗਾਰਗੀ ਘਰ ਨਹੀਂ ਸੀ। ਅਮਰੀਕ ਨੇ ਸਾਨੂੰ ਬਿਠਾਇਆ, ਪੱਖਾ ਚਲਾਇਆ। ਅਮਰੀਕ ਨੇ ਗਾਰਗੀ ਦੇ ਘਰੇਲੂ ਕਾਮੇ ਕਿਸ਼ੋਰੀ ਲਾਲ ਨੂੰ ‘ਵਾਜ ਮਾਰੀ, “ਕਿਸ਼ੋਰੀ ਲਾਲ਼..ਸਾਹਬ ਆਏਂ ਹੈਂ…ਬੜ੍ਹੀਆ ਸਾ ਪਾਨੀ ਲਾਓ!” ਮੇਰਾ ਹਾਸਾ ਨਿਕਲ ਗਿਆ। ਪਾਣੀ ਤਾਂ ਪਾਣੀ ਹੀ ਹੋਣਾ ਸੀ, ‘ਬੜ੍ਹੀਆ ਸਾ’ ਕੀ ਹੋਇਆ? ਪਰ ਪਿਛੋਂ ਅਹਿਸਾਸ ਹੋਇਆ ਕਿ ਗਰਮੀਆਂ ਦੇ ਦਿਨ, ਘਰ ‘ਚ ਫਰਿੱਜ ਹੈ ਨਹੀਂ। ਇਸ ਤਰ੍ਹਾਂ ਉਹ ਪਾਣੀ ‘ਚ ਠੰਢਾਸ ਪਾ ਰਿਹਾ ਸੀ। ਉਸ ਦਿਨ ਅਮਰੀਕ ਵੀ ਜੇਬ੍ਹੋਂ ਤੰਗ ਸੀ। ਫਿਰ ਉਸ ਨੇ ਕਿਸ਼ੋਰੀ ਲਾਲ ਨੂੰ ਕਿਹਾ, “ਜ਼ਰਾ ਬੜ੍ਹੀਆ ਸੀ ਚਾਏ ਬਨਾਓ।” ਅਮਰੀਕ ਇਹ ਕਹਿ ਤਾਂ ਬੈਠਾ ਪਰ ਇਧਰ-ਉਧਰ ਮੂੰਹ ਹੇਠਾਂ ਨੂੰ ਕਰ ਮੁਸਕਰਾਉਣ ਲੱਗ ਪਿਆ ਤੇ ਕਿਸ਼ੋਰੀ ਲਾਲ ਬੁੱਤ ਬਣ ਕੇ ਖੜ੍ਹਾ ਰਿਹਾ। ਮੈਨੂੰ ਅੰਦਾਜ਼ਾ ਹੋ ਗਿਆ ਤੇ ਮੈਂ ਕਿਸ਼ੋਰੀ ਲਾਲ ਨੂੰ ਬਾਹਰ ਬੁਲਾ ਕੇ ਕੁਝ ਪੈਸੇ ਦਿੱਤੇ ਕਿ ਉਹ ਦੁੱਧ-ਖੰਡ-ਪੱਤੀ ਲੈ ਆਵੇ; ਤਾਂ ਕਿਤੇ ਜਾ ਕੇ ਚਾਹ ਬਣੀ ਤੇ ਅਸੀਂ ਚਾਹ ਪੀਂਦਿਆਂ ਬਹੁਤ ਹੱਸੇ।
ਗਾਰਗੀ ਦੇ ਜੀਭੀ ਸੁਆਦ ਵੀ ਅਵੱਲੇ ਸਨ। ਉਹਨੂੰ ਮੁਰਗ-ਮੁਸੱਲਮ ਦੀ ਥਾਂ ਸ਼ੱਕਰ ‘ਚ ਗਰਮ ਦੇਸੀ ਘਿਓ ਪਾ ਕੇ ਰੋਟੀ ਖਾਣ ‘ਚ ਹੀ ਵੱਖਰਾ ਅਨੰਦ ਮਿਲਦਾ ਸੀ। ਇਕ ਵਾਰੀ ਉਸ ਨੇ ਦੱਸਿਆ ਕਿ ਲੱਸੀ ਦੀ ਥਾਂ ਉਹ ਕੌਫੀ ਪਸੰਦ ਕਰਦਾ ਹੈ, ਕਿਉਂਕਿ ‘ਕੌਫੀ ਇੰਟਲੈਕਚੁਅਲ ਡਰਿੰਕ ਹੈ!’
ਇਕ ਵਾਰੀ ਕ੍ਰਿਸ਼ਨਜੀਤ ਨੇ ਲਿਖਿਆ ਵੀ ਸੀ ਕਿ ਗਾਰਗੀ ਦੇ ਘਰ ਚਾਹ ਜਾਂ ਕੌਫੀ ਵਾਲੀ ਕੇਤਲੀ ਹਮੇਸ਼ਾ ਉਬਲਦੀ ਰਹਿੰਦੀ ਹੈ। ਦੋਸਤਾਂ ਦੀ ਆਮਦ ਲਈ ਗਾਰਗੀ ਦੇ ਘਰ ਦੇ ਦਰਵਾਜੇ ਸਦਾ ਖੁੱਲ੍ਹੇ ਰਹਿੰਦੇ। ਚਾਹ/ਕੌਫੀ ਅਤੁੱਟ ਵਰਤਦੀ। ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਗਾਰਗੀ ਨੇ ਸਭ ਤੋਂ ਪਹਿਲਾਂ ਆਪਣੀ ਕਲਮ ਅੰਗਰੇਜ਼ੀ ‘ਚ ਚਲਾਈ ਸੀ। ਜਦੋਂ ਉਸ ਨੇ ਰਾਬਿੰਦਰ ਨਾਥ ਟੈਗੋਰ ਨੂੰ ਆਪਣੀਆਂ ਲਿਖਤਾਂ ਦਿਖਾਈਆਂ ਤਾਂ ਉਸ ਠਾਕੁਰ ਨੇ ਗਾਰਗੀ ਨੂੰ ਪਹਿਲਾ ਸੁਆਲ ਇਹ ਕੀਤਾ ਸੀ, “ਤੇਰੀ ਮਾਂ-ਬੋਲੀ ਕਿਹੜੀ ਹੈ?” ਜਦੋਂ ਗਾਰਗੀ ਨੇ ਕਿਹਾ, ‘ਪੰਜਾਬੀ’, ਤਾਂ ਠਾਕੁਰ ਨੇ ਗਾਰਗੀ ਨੂੰ ਸਲਾਹ ਦਿੱਤੀ, “ਤੇਰੀ ਲਿਖਤ ਪੰਜਾਬੀ ‘ਚ ਹੀ ਆਪਣਾ ਲੋਹਾ ਮੰਨਵਾਏਗੀ। ਮਾਂ ਬੋਲੀ ‘ਚ ਲਿਖ।”
ਠਾਕੁਰ ਦੇ ਕਹੇ ਨੂੰ ਰੱਬੀ ਹੁਕਮ ਮੰਨ ਗਾਰਗੀ ਨੇ ਪੰਜਾਬੀ ‘ਚ ਲਿਖਣ ਵੱਲ ਮੋੜਾ ਤਾਂ ਪਾ ਲਿਆ, ਪਰ ਉਸ ਨੂੰ ਗੁਰਮੁਖੀ ਲਿਖਣੀ ਕਦੇ ਵੀ ਨਹੀਂ ਆਈ। ਉਹ ਆਪਣੇ ਹੱਥ ਨਾਲ ਜੋ ਗੁਰਮੁਖੀ ਲਿਖਦਾ ਸੀ, ਉਹ ਲੰਡਿਆਂ ਜਿਹੀ ਹੁੰਦੀ ਸੀ। ਜਦੋਂ ਗਾਰਗੀ ਦੇ ਪਿਤਾ ਦੀ ਬਦਲੀ ਮੁਲਤਾਨ ਵਲ ਹੋ ਗਈ ਤਾਂ ਗਾਰਗੀ ਨੇ ਉਥੇ ਫਾਰਸੀ ਲਿਪੀ ‘ਚ ਪੰਜਾਬੀ ਲਿਖਣੀ ਸ਼ਰੂ ਕੀਤੀ। ਗਾਰਗੀ ਭਾਵੇਂ ਖੁਦ ਤਾਂ ਬਠਿੰਡੇ ਦਾ ਠੇਠ ਬਾਣੀਆ ਕਹਾਉਣ ‘ਚ ਫਖਰ ਮਹਿਸੂਸ ਕਰਦਾ ਸੀ, ਪਰ ਉਸ ਨੂੰ ਗੁਰਮੁਖੀ ਲਿਖਣੀ ਨਾ ਆਉਣੀ ਉਸ ਦੀ ਵੱਡੀ ਕਮੀ ਸੀ; ਪਰ ਕਈ ਵਾਰ ਆਪਾਂ ਕਹਿੰਨੇ ਹਾਂ, ਹਰ ਗੱਲ ‘ਚ ਕੋਈ ਨਾ ਕੋਈ ਭਲਾ ਹੁੰਦਾ ਤੇ ਗਾਰਗੀ ਦੇ ਮਾਮਲੇ ਵਿਚ ਇਹ ਵੀ ਕਹਿ ਸਕਦੇ ਹਾਂ ਕਿ ਜੇ ਉਸ ਨੂੰ ਪੰਜਾਬੀ ਲਿਖਣ ਦਾ ਅਭਿਆਸ ਹੁੰਦਾ ਤਾਂ ਕ੍ਰਿਸ਼ਨਜੀਤ ਤੇ ਅਮਰੀਕ ਗਿੱਲ ਜਿਹੇ ਸ਼ਾਗਿਰਦ ਦੋਸਤਾਂ ਦਾ ਨਿੱਘ ਉਹ ਕਦੇ ਵੀ ਨਾ ਮਾਣ ਸਕਦਾ। ਇਹ ਵੀ ਹੋ ਸਕਦਾ ਹੈ ਕਿ ਜਿੰਨੀ ਵਧੀਆ ਤੇ ਠੇਠ ਪੰਜਾਬੀ ‘ਚ ਉਹ ਬੋਲ ਜਾਂ ਸੋਚ ਸਕਦਾ ਸੀ, ਉਸ ਦਾ ਉਹ ਦਿਮਾਗ ਤੇ ਵਕਤ ਕਲਮ ਦੀ ਸਿਆਹੀ ਤੰਦਰੁਸਤ ਕਰਨ ‘ਚ ਹੀ ਜ਼ਾਇਆ ਹੋ ਜਾਂਦਾ।
ਉਸ ਨੇ ਦਿੱਲੀ ਆਉਣ ਪਿਛੋਂ ਪਹਿਲਾਂ ਕ੍ਰਿਸ਼ਨਜੀਤ ਤੇ ਫਿਰ ਅਮਰੀਕ ਗਿੱਲ ਨੂੰ ਆਪਣੇ ਘਰ ਰਹਿਣ ਦੀ ਪੇਸ਼ਕਸ਼ ਕਰ ਕੇ ਉਨ੍ਹਾਂ ਤੋਂ ਆਪਣੀ ਬੋਲੀ ਹੋਈ ਪੰਜਾਬੀ ਨੂੰ ਗੁਰਮੁਖੀ ਅੱਖਰਾਂ ਵਿਚ ਲਿਖਵਾਉਣ ਦੀ ਸਹੂਲਤ ਪ੍ਰਾਪਤ ਕੀਤੀ। ਕ੍ਰਿਸ਼ਨਜੀਤ ਜਦ ਗਾਰਗੀ ਨਾਲ ਜੁੜ ਗਿਆ ਤੇ ਉਸੇ ਦੇ ਘਰ ਹੀ ਰਹਿਣ ਲੱਗ ਪਿਆ ਤਾਂ ਗਾਰਗੀ ਜਿੰਨੀ ਮਰਜ਼ੀ ਸਪੀਡ ‘ਚ ਬੋਲਦਾ, ਉਹ ਗਾਰਗੀ ਦੇ ਲਫਜ਼ਾਂ ਨੂੰ ਹੂਬਹੂ ਆਪਣੇ ਪੈੱਨ ਰਾਹੀਂ ਕਾਗਜ਼ ‘ਤੇ ਅਟੇਰ ਲੈਂਦਾ। ਗਾਰਗੀ ਦੀ ਸੋਚ ਜਾਂ ਲਿਖਵਾਉਣ ਦਾ ਕੋਈ ਵੇਲਾ ਵੀ ਨਹੀਂ ਸੀ। ਕਦੇ ਉਹ ਕ੍ਰਿਸ਼ਨਜੀਤ ਨੂੰ ਅੱਧੀ ਰਾਤੇ ਉਠਾ ਲੈਂਦਾ ਤੇ ਕਦੇ ਰੋਟੀ ਖਾਂਦਿਆਂ ਹੀ ਉਸ ਨੂੰ ਕਹਿੰਦਾ, ਆਪਣਾ ਪੈੱਨ ਤੇ ਕਾਗਜ਼ ਲਿਆ। ਗਾਰਗੀ ਰੋਟੀ ਖਾਂਦਾ ਰਹਿੰਦਾ ਤੇ ਨਾਲ-ਨਾਲ ਡਿਕਟੇਟ ਕਰਦਾ ਰਹਿੰਦਾ। ਕ੍ਰਿਸ਼ਨਜੀਤ ਦੀ ਗਾਰਗੀ ਨਾਲ ਸਾਂਝ ਬਣਨ ‘ਤੇ ਗਾਰਗੀ ਨੂੰ ਬਹੁਤ ਸਹੂਲਤ ਹੋ ਗਈ ਤੇ ਉਹ ਲਗਾਤਾਰ ਗੁਰਮੁਖੀ ਵਿਚ ਲਿਖਣ ਲੱਗ ਪਿਆ। ਗਾਰਗੀ ਨੇ ਉਦੋਂ ਹੀ ਸਭ ਤੋਂ ਵਧ ਲਿਖਿਆ, ਕਿਉਂਕਿ ਕ੍ਰਿਸ਼ਨਜੀਤ ਗਾਰਗੀ ਦਾ ਸਿਰਫ ਸਟੈਨੋ ਨਹੀਂ ਸੀ, ਸਗੋਂ ਸੱਚਾ ਤੇ ਵਧੀਆ ਦੋਸਤ ਵੀ ਸੀ।
ਜਦੋਂ ਕ੍ਰਿਸ਼ਨਜੀਤ ਕੈਨੇਡਾ ਚਲਾ ਗਿਆ ਤਾਂ ਕੁਝ ਸਮੇਂ ਪਿਛੋਂ ਕ੍ਰਿਸ਼ਨਜੀਤ ਦੀ ਥਾਂ ਅਮਰੀਕ ਗਿੱਲ ਨੇ ਲੈ ਲਈ। ਅਮਰੀਕ ਉਦੋਂ ਨੈਸ਼ਨਲ ਸਕੂਲ ਆਫ ਡਰਾਮਾ ਵਿਚ ਪੜ੍ਹਨ ਦਿੱਲੀ ਆਇਆ ਸੀ। ਹੋਸਟਲ ‘ਚ ਰਹਿਣ ਦੀ ਥਾਂ ਅਮਰੀਕ ਨੂੰ ਗਾਰਗੀ ਦਾ ਘਰ ਵੱਧ ਮੁਨਾਸਿਬ ਸੀ। ਗਾਰਗੀ ਥਿਏਟਰ ਦਾ ਵਿਦਵਾਨ ਸੀ ਤੇ ਅਮਰੀਕ ਵਿਦਿਆਰਥੀ। ਅਮਰੀਕ ਨੂੰ ਗਾਰਗੀ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਸੀ। ਗਾਰਗੀ ਨੂੰ ਇਸ ਤਰ੍ਹਾਂ ਦੋ ਫਾਇਦੇ ਸਨ। ਉਸ ਨੂੰ ਇੱਕ ਤਾਂ ਗੁਰਮੁਖੀ ਲਿਖਣ ਲਈ ਸਹਾਇਕ ਮਿਲ ਗਿਆ ਤੇ ਦੂਜਾ ਉਸ ਦੇ ਇਕੱਲ ‘ਚ ਗੱਲਾਂ ਕਰਨ ਲਈ ਸਾਥ ਵੀ। ਸੋ ਦੋਹਾਂ ਦੀ ਗਿੱਟ-ਮਿਟ ਹੋ ਗਈ।
ਮੈਂ ਪਹਿਲੋਂ ਤਾਰਾ ਸਿੰਘ ਦੇ ਨਾਲ ਹੀ ਗਾਰਗੀ ਨੂੰ ਮਿਲਣ ਜਾਂਦਾ ਹੁੰਦਾ ਸੀ। ਫਿਰ ਮੈਂ 1971 ਵਿਚ ਚਾਰ ਸਾਲ ਲਈ ਦਿੱਲੀ ਛੱਡ ਜਲੰਧਰ, ਚੰਡੀਗੜ੍ਹ ਤੇ ਫਿਰ ਬੰਬਈ ਰਹਿਣ ਪਿਛੋਂ ਦਿੱਲੀ ਵਾਪਸ ਆਇਆ ਤਾਂ ਆਪਣੀ ਪ੍ਰਕਾਸ਼ਨ ਕੰਪਨੀ ਸ਼ੁਰੂ ਕਰ ਲਈ। ਜਲਦੀ ਹੀ ਮੇਰੇ ਪੁਰਾਣੇ ਰਿਸ਼ਤੇ ਸੁਰਜੀਤ ਹੋਣ ਲੱਗੇ। ਹੋਰ ਬਹੁਤ ਸਾਰੇ ਨਵੇਂ ਦੋਸਤ ਵੀ ਬਣ ਗਏ, ਜਿਨ੍ਹਾਂ ਵਿਚ ਪੰਜਾਬੀ ਤੋਂ ਬਿਨਾ ਅੰਗਰੇਜ਼ੀ ਤੇ ਹਿੰਦੀ ਦੇ ਲੇਖਕ, ਪੱਤਰਕਾਰ, ਰੰਗਾਂ ਦੇ ਧਨੀ-ਕਲਾਕਾਰ, ਬੁੱਤਘਾੜੇ, ਸਟੇਜੀ ਤੇ ਸੰਗੀਤ ਦੀ ਦੁਨੀਆਂ ਦੇ ਬਾਸ਼ਿੰਦੇ ਸ਼ਾਮਲ ਸਨ। ਇਸ ਲਿਸਟ ਵਿਚ ਪੱਤਰਕਾਰ ਤੇ ਸ਼ਾਇਰ ਸੁਰੇਸ਼ ਕੋਹਲੀ ਵੀ ਸ਼ਾਮਿਲ ਸੀ, ਜਿਸ ਨੇ ਇੱਕ ਵਾਰੀ ਮੇਰੇ ਨਾਲ ਜ਼ਿਕਰ ਵੀ ਕੀਤਾ ਕਿ ਗਾਰਗੀ ਦੇ ਪੁੱਤਰ ਮਨੂ ਨੂੰ ਦੇਵ ਆਨੰਦ ਨਾਲ ਮਿਲਾਉਣ ਵਿਚ ਉਸ ਦਾ ਖਾਸਾ ਹੱਥ ਸੀ, ਪਰ ਇਹ ਸੱਚ ਹੈ ਜਾਂ ਨਹੀਂ, ਇਸ ਬਾਰੇ ਮੈਂ ਯਕੀਨ ਨਾਲ ਨਹੀਂ ਕਹਿ ਸਕਦਾ। ਹਾਂ, ਦੇਵ ਆਨੰਦ ਦੀ ਯੰਗ ਹੀਰੋ ਦੀ ਤਲਾਸ਼ ਬਾਰੇ ਸੁਰੇਸ਼ ਮੈਨੂੰ ਪਹਿਲਾਂ ਵੀ ਕਈ ਵਾਰੀ ਕਹਿ ਚੁਕਾ ਸੀ ਅਤੇ ਦੇਵ ਆਨੰਦ ਤੇ ਸੁਰੇਸ਼ ਦੇ ਕਾਫੀ ਗੂੜ੍ਹੇ ਮਿੱਤਰ ਵੀ ਸਨ। ਸੋ ਗਾਰਗੀ ਨਾਲ ਵੀ ਮੇਰਾ ਰਿਸ਼ਤਾ ਥੋੜ੍ਹਾ-ਬਹੁਤ ਹੀ ਸੁਰਜੀਤ ਹੋਇਆ, ਪਰ ਜਦੋਂ ਉਸ ਨੇ ‘ਨੇਕਡ ਟਰਾਈਐਂਗਲ’ (ਪੰਜਾਬੀ ਵਿਚ ‘ਨੰਗੀ ਧੁੱਪ’) ਨਾਂ ਦਾ ਅੰਗਰੇਜ਼ੀ ‘ਚ ਨਾਵਲ ਲਿਖਿਆ, ਉਦੋਂ ਸਾਡੇ ਰਿਸ਼ਤੇ ਕੁਝ ਵਧੇਰੇ ਹੀ ਨੇੜਲੇ ਹੁੰਦੇ ਗਏ। ਮੇਰੀ ਇੱਛਾ ਸੀ ਕਿ ਇਹ ਨਾਵਲ ਮੈਂ ਪ੍ਰਕਾਸ਼ਿਤ ਕਰਾਂ, ਪਰ ਗਲਪ-ਪ੍ਰਕਾਸ਼ਨ ਮੇਰੀ ਲਾਈਨ ਨਹੀਂ ਸੀ। ਇਸ ਕਰਕੇ ਇਹ ਨਾਵਲ ਮੇਰੇ ਦੋਸਤ ਨਰਿੰਦਰ ਕੁਮਾਰ (ਵਿਕਾਸ ਪਬਲਿਸ਼ਿੰਗ ਹਾਊਸ) ਨੇ ਪ੍ਰਕਾਸ਼ਿਤ ਕੀਤਾ। ਨਰਿੰਦਰ ਦੀ ਖੂਬੀ ਸੀ ਕਿ ਉਹ ਮੁਨਾਸਿਬ ਵਿਵਾਦ ਪੈਦਾ ਕਰ ਲੈਂਦਾ ਸੀ, ਜਿਸ ਨਾਲ ਪਾਠਕ ਦੀ ਦਿਲਚਸਪੀ ਪੜ੍ਹਨ ਵਾਸਤੇ ਵਧਦੀ ਹੈ, ਪਰ ਮੇਰੀ ਲਾਈਨ ਵਿਚ ਸਿਰਫ ਗੰਭੀਰ ਬਹਿਸ ਹੋ ਸਕਦੀ ਸੀ ਤੇ ਹੋਈਆਂ ਵੀ।
ਮੇਰੀ ਇਹ ਧਾਰਨਾ ਵੀ ਰਹੀ ਹੈ ਕਿ ਕੋਈ ਵੀ ਪੁਸਤਕ ਹਮੇਸ਼ਾ ਉਸ ਪ੍ਰਕਾਸ਼ਨ-ਘਰ ਤੋਂ ਹੀ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ, ਜਿਸ ਵਿਚ ਵਿਸ਼ਾ ਤੇ ਲਾਈਨ ਆਪਸ ਵਿਚ ਮੇਲ ਖਾਂਦੇ ਹੋਣ, ਵਰਨਾ ਕਿਤਾਬ ਨਿਰਜਿੰਦ ਹੋ ਜਾਂਦੀ ਹੈ ਤੇ ਪ੍ਰਕਾਸ਼ਕ ਤੇ ਲੇਖਕ-ਦੋਵੇਂ ਘਾਟੇ ਵਿਚ ਰਹਿੰਦੇ ਹਨ।
ਉਂਜ ਗਾਰਗੀ ਨਾਲ ਅਕਸਰ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ। ਕਦੇ ਕਿਸੇ ਪਾਰਟੀ ਵਿਚ, ਕਦੇ ਕਿਸੇ ਸਾਹਿਤਕ ਇਕੱਠ ਵਿਚ। ਭਾਪਾ ਪ੍ਰੀਤਮ ਸਿੰਘ ਦੇ ਫਾਰਮ ਹਾਊਸ ‘ਤੇ ਸਜਦੀ ‘ਧੁੱਪ ਦੀ ਮਹਿਫਿਲ’ ਵਿਚ। ਜਦੋਂ ਅਮਰੀਕ ਗਿੱਲ ਗਾਰਗੀ ਦੇ ਘਰ ਆ ਚੁਕਾ ਸੀ, ਉਦੋਂ ਫਿਰ ਮੇਰਾ ਗਾਰਗੀ ਦੇ ਘਰ ਆਉਣਾ-ਜਾਣਾ ਵਧ ਗਿਆ। ਚੰਡੀਗੜ੍ਹ ਤੋਂ ‘ਪੈਟਰੀਆ’ ਅਖਬਾਰ ਦਾ ਬਿਓਰੋ ਚੀਫ ਸ਼ੌਕੀਨ ਸਿੰਘ ਜਦੋਂ ਦਿੱਲੀ ਆਉਂਦਾ ਤਾਂ ਸਾਡੀ ਚੌਂਕੜੀ ਖੂਬ ਜੰਮਦੀ। ਕਦੇ ਅਸੀਂ ਸ਼ੌਕੀਨ ਦੇ ਪੰਜਾਬ ਭਵਨ ਵਾਲੇ ਕਮਰੇ ‘ਚ ਬੈਠ ਗੱਪਾਂ ਮਾਰਨੀਆਂ ਤੇ ਕਦੇ ਮੇਰੇ ਘਰ। ਕਦੇ-ਕਦੇ ਅਸੀਂ ਅਮਰੀਕ ਨਾਲ ਗਾਰਗੀ ਦੇ ਘਰ ਇਕੱਠੇ ਹੋ ਜਾਂਦੇ। ਪ੍ਰੋ. ਨੂਰ ਵੀ ਹਮੇਸ਼ਾ ਮੇਰੇ ਨਾਲ-ਨਾਲ ਹੀ ਹੁੰਦਾ।
ਗਾਰਗੀ ਦੇ ਮਨੁੱਖੀ ਦੇਹ ਛੱਡਣ ਤੋਂ ਕਰੀਬ ਦੋ ਕੁ ਸਾਲ ਪਹਿਲਾਂ ਦਿੱਲੀ ਦੀ ਪੰਜਾਬੀ ਸਾਹਿਤ ਸਭਾ ਨੇ ਗਾਰਗੀ ਨੂੰ ਫੈਲੋਸ਼ਿਪ ਦੇਣ ਦਾ ਫੈਸਲਾ ਕੀਤਾ ਤਾਂ ਇਸ ਰਸਮ ਨੂੰ ਨੇਪਰੇ ਚਾੜ੍ਹਨ ਲਈ ਦਿੱਲੀ ਤੋਂ ਭਾਪਾ ਪ੍ਰੀਤਮ ਸਿੰਘ ਅਤੇ ਕਹਾਣੀਕਾਰ ਗੁਲਜ਼ਾਰ ਸੰਧੂ ਮੁੰਬਈ ਗਏ। ਗੁਲਜ਼ਾਰ ਨੇ ਕਿਹਾ ਕਿ ਜੇ ਮੈਂ ਵੀ ਇਸ ਮੌਕੇ ਪਹੁੰਚ ਸਕਾਂ ਤਾਂ ਪਹੁੰਚਾਂ। ਮੁੰਬਈ ਦੇ ਵਰਸੋਵਾ ਇਲਾਕੇ ਵਿਚ ਛੇਵੀਂ ਮੰਜ਼ਿਲ ‘ਤੇ ਗਾਰਗੀ ਦੇ ਪੁੱਤਰ ਮਨੂ ਗਾਰਗੀ ਦਾ ਘਰ। ਫਿਲਮਸਾਜ਼ ਤੇ ਸ਼ਾਇਰ ਗੁਲਜ਼ਾਰ ਨੇ ਇਹ ਰਸਮ ਅਦਾ ਕੀਤੀ। ਕਿਸੇ ਜ਼ਮਾਨੇ ‘ਚ ‘ਚੇਤਨਾ’ ਮੈਗਜ਼ੀਨ ਦੀ ਆਮਦ ਨਾਲ ਤੇ ਮਗਰੋਂ ਸਮਾਰਟ ਕਾਰਡ ਤੇ ਹੋਰ ਕਾਢਾਂ ‘ਚ ਪਹਿਲ ਕਰਨ ਵਾਲਾ ਮੇਰਾ ਦੋਸਤ ਐਸ਼ ਸਵਰਨ, ਗਾਰਗੀ ਦੇ ਵਿਦਿਆਰਥੀ ਅਮਰੀਕ ਗਿੱਲ (ਫਿਲਮ-ਲੇਖਕ ਤੇ ਐਕਟਰ), ਗਿਰਿਜਾ ਸ਼ੰਕਰ (ਮਹਾਭਾਰਤ ਦਾ ਧ੍ਰਿਤਰਾਸ਼ਟਰ) ਤੋਂ ਇਲਾਵਾ ਗਾਰਗੀ ਦੇ ਹੋਰ ਵੀ ਕੁਝ ਵਿਦਿਆਰਥੀ ਹਾਜ਼ਰ ਸਨ। ਕੁਝ ਦੋਸਤ ਵੀ ਸਨ, ਜਿਨ੍ਹਾਂ ‘ਚ ਬਲਜੀਤ ਵੀ ਸ਼ਾਮਿਲ ਸੀ। ਉਦੋਂ ਗਾਰਗੀ ਤੋਂ ਬੋਲ ਨਹੀਂ ਸੀ ਹੋ ਰਿਹਾ, ਪਰ ਸਾਨੂੰ ਸਾਰੇ ਦੋਸਤਾਂ ਤੇ ਆਪਣੇ ਵਿਦਿਆਰਥੀਆਂ ਨੂੰ ਦੇਖ ਕੇ ਉਹ ਅੰਤਾਂ ਦਾ ਖੁਸ਼ ਸੀ। ਗਾਰਗੀ ਨਾਲ ਉਸ ਦੇ ਜੀਵਤ-ਸਰੀਰ ਹੁੰਦਿਆਂ ਇਹ ਮੇਰੀ ਆਖਰੀ ਮੁਲਾਕਾਤ ਸੀ।

ਆਖਰੀ ਮੁਲਾਕਾਤ ਵਾਂਗ ਗਾਰਗੀ ਨਾਲ ਮੇਰੀ ਪਹਿਲੀ ਮੁਲਾਕਾਤ ਵੀ ਦਿਲਚਸਪ ਵਾਕਿਆ ਹੋ ਗੁਜ਼ਰੀ। ਮੈਂ ਪਿੰਡੋਂ ਦਿੱਲੀ ਪਹੁੰਚ ਗਿਆਨੀ ਜ਼ੈਲ ਸਿੰਘ ਦੀ ਮਾਇਕ ਸਰਪ੍ਰਸਤੀ ਨਾਲ ਚਲਦੇ ਅਖਬਾਰ ‘ਰੋਜ਼ਾਨਾ ਖਾਲਸਾ ਸੇਵਕ’ ਵਿਚ ਤਾਰਾ ਸਿੰਘ ਦੀ ਸੰਪਾਦਕੀ ਹੇਠ ਸਹਾਇਕ ਦੀ ਨੌਕਰੀ ਸ਼ੁਰੂ ਕੀਤੀ ਹੀ ਸੀ। ਉਨ੍ਹੀਂ ਦਿਨੀਂ ਪੱਤਰਕਾਰਾਂ ਦੀ ਬਹੁਤ ਇੱਜਤ ਹੁੰਦੀ ਸੀ। ਪੱਤਰਕਾਰ ਨੂੰ ਪੱਕੀ ਸਿਆਹੀ ਨਾਲ ਸੱਚ ਲਿਖਣ ਵਾਲਾ ਮੰਨਿਆ ਜਾਂਦਾ ਸੀ। ਵਿਦੇਸ਼ੀ ਸਫਾਰਤਖਾਨੇ ਆਪੋ-ਆਪਣੇ ਦੇਸ਼ਾਂ ਦੀ ਸਭਿਆਚਾਰਕ ਤੇ ਆਰਥਕ ਤਰੱਕੀ ਤੋਂ ਜਾਣੂ ਕਰਵਾਉਣ ਲਈ ਅਖਬਾਰਾਂ ਦੇ ਪੱਤਰਕਾਰਾਂ ਨੂੰ ਚਾਹ-ਦਾਰੂ ਪਾਰਟੀਆਂ ਵਿਚ ਬੁਲਾਉਂਦੇ ਹੀ ਰਹਿੰਦੇ। ‘ਖਾਲਸਾ ਸੇਵਕ’ ਵਿਚ ਵੀ ਕੋਈ ਨਾ ਕੋਈ ਸੱਦਾ-ਪੱਤਰ ਆਇਆ ਹੀ ਰਹਿੰਦਾ, ਕਿਉਂਕਿ ਦਿੱਲੀ ਵਿਚੋਂ ਪੰਜਾਬੀ ‘ਚ ਪ੍ਰਕਾਸ਼ਿਤ ਹੋਣ ਵਾਲਾ ਇਹ ਇਕੋ-ਇਕ ਅਖਬਾਰ ਸੀ। ਤਾਰਾ ਸਿੰਘ ਆਪ ਵੀ ਅਜਿਹੀਆਂ ਪਾਰਟੀਆਂ ‘ਚ ਜਾਂਦਾ, ਪਰ ਕਦੇ ਕਦੇ ਮੈਨੂੰ ਵੀ ਨਾਲ ਲੈ ਜਾਂਦਾ ਤੇ ਕਦੇ-ਕਦੇ ਇਕੱਲਾ ਵੀ ਭੇਜ ਦਿੰਦਾ।
ਉਸ ਦਿਨ ਅਸੀਂ ਦੋਵੇਂ ਹੀ ਇਸੇ ਤਰ੍ਹਾਂ ਦੀ ਇਕ ਪਾਰਟੀ ਤੋਂ ਮੁੜੇ ਸਾਂ। ਦੀਵਾਲੀ ਦਾ ਦਿਨ ਸੀ। ਤਾਰਾ ਸਿੰਘ ਮੈਨੂੰ ਕਰੋਲ ਬਾਗ ਵਿਚਲੇ ਹਰਧਿਆਨ ਸਿੰਘ ਰੋਡ ‘ਤੇ ਆਪਣੇ ਘਰ ਲੈ ਗਿਆ। ਉਦੋਂ ਉਹ ਇਕੋ ਕਮਰੇ ਦੇ ਘਰ ਵਿਚ ਰਹਿੰਦਾ ਸੀ, ਵਿਚੇ ਸਟੋਵ ‘ਤੇ ਰੋਟੀ ਪੱਕਦੀ ਸੀ। ਅਸੀਂ ਤਾਰਾ ਸਿੰਘ ਦੇ ਮੰਜੇ ‘ਤੇ ਬੈਠ ਗਏ। ਰੋਟੀ ਪੱਕਦੀ ਸੀ। ਉਤੋਂ ਬਲਵੰਤ ਗਾਰਗੀ ਕੋਟ-ਸ਼ੋਟ ਪਾ ਕੇ ਆ ਗਿਆ। ਗਾਰਗੀ ਤਾਰਾ ਸਿੰਘ ਦਾ ਗੂੜ੍ਹਾ ਮਿੱਤਰ ਸੀ। ਉਸ ਨੇ ਕੋਈ ਅਮਰੀਕਨ ਮਿਸਾਲ ਦਿੱਤੀ, ਜਿਸ ਵਿਚ ਇਕ ਥਾਂ ਦਾ ਜ਼ਿਕਰ ਕਰਦਿਆਂ ਕਹਿੰਦਾ ਕਿ ਉਥੇ ਕੋਈ ਚੁੰਬਕੀ ਸ਼ਕਤੀ ਰਹਿੰਦੀ ਸੀ, ਤੇ ਜੋ ਵੀ ਮਾਨਵ ਉਸ ਇਲਾਕੇ ਵਿਚ ਜਾਂਦਾ, ਉਹ ਉਸ ਸ਼ਕਤੀ ਵੱਲ ਖਿੱਚਿਆ ਆਉਂਦਾ। ਤੇ ਤਾਰਾ ਸਿੰਹਾਂ, ਤੂੰ ਵੀ ਉਸ ਚੁੰਬਕੀ ਸ਼ਕਤੀ ਤੋਂ ਘੱਟ ਨਹੀਂ। ਗਾਰਗੀ ਇਸ ਪਾਸੇ ਕਿਧਰੇ ਵੀ ਆਇਆ ਹੋਵੇ, ਤੇਰੀ ਚੁੰਬਕ ਮੈਨੂੰ ਤੇਰੇ ਕੋਲ ਖਿੱਚ ਹੀ ਲਿਆਉਂਦੀ ਹੈ।
ਗਾਰਗੀ ਵੀ ਉਸੇ ਮੰਜੇ ਦੀ ਪੁਆਂਦ ਵਲ ਬਹਿ ਗਿਆ। ਸਭ ਨੇ ਰੋਟੀ ਖਾਧੀ। ਜਦੋਂ ਗਾਰਗੀ ਤੁਰਨ ਲੱਗਾ ਤਾਂ ਤਾਰਾ ਸਿੰਘ ਮੈਨੂੰ ਕਹਿੰਦਾ ਕਿ ਗਾਰਗੀ ਕੋਲ ਟੈਕਸੀ ਹੈ, ਤੂੰ ਉਸੇ ਪਾਸੇ ਜਾਣਾ, ਇਹ ਤੈਨੂੰ ਰਾਹ ਵਿਚ ਛੱਡ ਦੇਵੇਗਾ। ਗਾਰਗੀ ਨੇ ਖੁਸ਼ੀ-ਖੁਸ਼ੀ ਮੈਨੂੰ ਇਹ ਸੋਚਦਿਆਂ ਨਾਲ ਬਿਠਾ ਲਿਆ ਕਿ ਤਾਰਾ ਸਿੰਘ ਦਾ ਦੋਸਤ ਹੈ, ਪਤਾ ਨਹੀਂ ਕਿੰਨਾ ਵੱਡਾ ਲੇਖਕ ਹੋਵੇਗਾ? ਰਾਹ ਵਿਚ ਗੱਲਬਾਤ ਕਰਦਿਆਂ ਮੈਨੂੰ ਗਾਰਗੀ ਪੁੱਛਣ ਲੱਗਾ ਕਿ ਮੈਂ ਵੀ ਲੇਖਕ ਹਾਂ? ਪਰ ਮੇਰੀ ਅਭੋਲਤਾ ਦੀ ਇੰਤਹਾ ਇਹ ਸੀ ਕਿ ਮੇਰੇ ਮੂੰਹੋਂ ਨਿਕਲ ਗਿਆ, “ਹਾਂ ਜੀ, ਮੇਰੀ ਇਕ ਕਵਿਤਾ ‘ਖਾਲਸਾ ਸੇਵਕ’ ਵਿਚ ਛਪੀ ਹੈ।” ਗਾਰਗੀ ਮੇਰੇ ਮੂੰਹ ਵਲ ਦੇਖੇ, ਜਿਵੇਂ ਇਹ ਸੋਚ ਰਿਹਾ ਹੋਵੇ ਕਿ ਇਹਨੂੰ ਟੈਕਸੀ ‘ਚੋਂ ਬਾਹਰ ਕਦੋਂ ਸੁੱਟਾਂ?
ਇਹ ਗੱਲ ਗਾਰਗੀ ਨੇ ਚੰਗੀ ਦੋਸਤੀ ਹੋਣ ਪਿਛੋਂ ਮੈਨੂੰ ਬਹੁਤ ਬਾਅਦ ਵਿਚ ਦੱਸੀ ਕਿ ਉਸ ਦਿਨ ਵਾਕਈ ਉਸ ਮੈਨੂੰ ਬਾਹਰ ਸੁੱਟ ਦੇਣਾ ਸੀ, ਪਰ ਉਹ ਮੇਰੀ ਅਭੋਲਤਾ ਤੇ ਸੱਚਾਈ ਦਾ ਕਾਇਲ ਹੋ ਗਿਆ ਅਤੇ ਮੇਰੇ ਨਾਲ ਦੋਸਤੀ ਕਰ ਲਈ, ਜੋ ਉਸ ਦੀ ਮੌਤ ਤੀਕ ਨਾਲ ਚੱਲੀ।
22 ਅਪਰੈਲ 2003 ਨੂੰ ਮੁੰਬਈ ਤੋਂ ਅਮਰੀਕ ਗਿੱਲ ਦਾ ਫੋਨ ਆਇਆ, “ਗਾਰਗੀ ਨਹੀਂ ਰਹੇ। ਮ੍ਰਿਤਕ ਸਰੀਰ ਦਿੱਲੀ ਲਿਆ ਰਹੇ ਹਾਂ। ਦੋਸਤਾਂ ਨੂੰ ਇਤਲਾਹ ਦੇ ਦੇਹ। ਲੋਧੀ ਅਸਟੇਟ ‘ਚ ਬਣੇ ਕਰੈਟੋਰੀਅਮ ਵਿਖੇ ਅੰਤਿਮ ਸੰਸਕਾਰ ਹੋਣਾ ਹੈ।” ਜਿਥੇ-ਜਿਥੇ ਮੈਂ ਦੱਸ ਸਕਦਾ ਸੀ, ਦੱਸਿਆ। ਦੁਪਹਿਰ ਬਾਅਦ ਮੈਂ ਆਪਣੀ ਪਤਨੀ ਜਸਬੀਰ ਅਟਵਾਲ ਤੇ ਪ੍ਰੋ. ਸੁਤਿੰਦਰ ਸਿੰਘ ਨੂਰ ਨੂੰ ਲੈ ਕੇ ਉਥੇ ਪਹੁੰਚ ਗਿਆ। ਗਾਰਗੀ ਦਾ ਸਰੀਰ ਪਹੁੰਚ ਚੁਕਾ ਸੀ। ਅੰਦਰ ਪਰਦੇ ਵਿਚ ਅੰਤਿਮ ਇਸ਼ਨਾਨ ਕਰਵਾਉਣ ਦੀ ਤਿਆਰੀ ਸੀ। ਪਹੁੰਚਦਿਆਂ ਹੀ ਮੇਰੀ ਸਭ ਤੋਂ ਪਹਿਲੀ ਨਜ਼ਰ ਉਥੇ ਉਦਾਸ ਤੇ ਚੁੱਪ ਬੈਠੇ ਗਾਰਗੀ ਦੇ ਵਿਦਿਆਰਥੀ ਅਨੂਪਮ ਖੇਰ ‘ਤੇ ਪਈ, ਜੋ ਗਾਰਗੀ ਦੇ ਸਰੀਰ ਨਾਲ ਹੀ ਮੁੰਬਈ ਤੋਂ ਆਇਆ ਸੀ। ਅੰਦਰ ਸਰੀਰ ਕੋਲ ਮਨੂ, ਅਮਰੀਕ ਗਿੱਲ ਤੇ ਸ਼ਾਇਦ ਇਕ-ਦੋ ਲੋਕ ਹੋਰ ਖੜ੍ਹੇ ਸਨ। ਗਾਰਗੀ ਦੀ ਬੇਟੀ ਜੱਨਤ ਵੀ ਸੀ ਜਾਂ ਨਹੀਂ, ਹੁਣ ਚੇਤਾ ਨਹੀਂ, ਪਰ ਉਹ ਅਮਰੀਕਾ ਤੋਂ ਮੁੰਬਈ ਆਈ ਹੋਈ ਸੀ। ਸਰੀਰ ਨੂੰ ਅੰਤਿਮ ਇਸ਼ਨਾਨ ਕਰਵਾਇਆ ਗਿਆ। ਗਾਰਗੀ ਫਿਰ ਲਾੜਾ ਬਣ ਗਿਆ।
ਕੁਝ ਹੀ ਪਲਾਂ ਵਿਚ ਲੋਕਾਂ ਦੀ ਭੀੜ ਉਮ੍ਹੜਨੀ ਸ਼ੁਰੂ ਹੋ ਗਈ। ਲੇਖਕ, ਪੱਤਰਕਾਰ, ਕਲਾਕਾਰ, ਦੋਸਤ। ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ-ਸਭ ਭਾਸ਼ਾਵਾਂ ਦੇ। ਗਾਰਗੀ ਦੇ ਸੀਰੀਅਲ ‘ਸਾਂਝਾ ਚੁੱਲ੍ਹਾ’ ਵਾਂਗ ਅੱਜ ਸਭ ਨੇ ਸਾਂਝੇ ਦੋਸਤ ਨੂੰ ਆਖਰੀ ਵਿਦਾ ਦੇਣੀ ਸੀ। ਆਖਰੀ ਅਲਵਿਦਾ ਕਹਿਣੀ ਸੀ। ਕੁਝ ਹੀ ਪਲਾਂ ‘ਚ ਗਾਰਗੀ ਅੱਗ ਦੀਆਂ ਲਾਟਾਂ ਵਿਚ ਸਾਡੇ ਤੋਂ ਵਿਦਾ ਹੋ ਗਿਆ। ਪਤਾ ਨਹੀਂ, ਉਹ ਕਿਹੜੀ ਦੁਨੀਆਂ ‘ਚ ਤੁਰ ਗਿਆ, ਪਰ ਤੁਰ ਗਿਆ। ਅਸੀਂ ਅਲਵਿਦਾ ਕਹਿ ਉਸ ਦੀ ਅੰਤਿਮ ਇੱਛਾ ਪੂਰੀ ਕਰਨ ਵਿਚ ਰੁੱਝ ਗਏ।
ਮੁੰਬਈ ਤੋਂ ਬਲਜੀਤ ਨੇ ਉਸੇ ਦਿਨ ਦੱਸਿਆ ਸੀ ਕਿ ਜਦ ਗਾਰਗੀ ਦੇ ਸਵਰਗਵਾਸ ਦੀ ਖਬਰ ਸੁਣ ਉਹ ਮਨੂ ਦੇ ਘਰ ਪਹੁੰਚਿਆ ਤਾਂ ਮਨੂ ਅੰਤਿਮ ਸੰਸਕਾਰ ਲਈ ਸਰੀਰ ਨੂੰ ਦਿੱਲੀ ਲਿਜਾਣ ਦੇ ਪ੍ਰਬੰਧ ਕਰ ਰਿਹਾ ਸੀ। ਗਾਰਗੀ ਦਾ ਸਰੀਰ ਜ਼ਮੀਨ ‘ਤੇ ਮਖਮਲੀ ਚਾਦਰ ‘ਤੇ ਲਿਟਿਆ ਹੋਇਆ ਸੀ। ਮਨੂ ਨੇ ਬਲਜੀਤ ਨੂੰ ਟਾਈਪ ਕੀਤੀ ਪਰਚੀ ਦਿਖਾਈ, ਜਿਸ ‘ਤੇ ਗਾਰਗੀ ਨੇ 17 ਸਤੰਬਰ 1977 ਦੀ ਤਾਰੀਖ ਪਾ ਕੇ ਲਿਖਿਆ ਸੀ, ‘ਮੇਰੀਆਂ ਅਸਥੀਆਂ ਮੇਰੇ ਜੱਦੀ ਇਲਾਕੇ ਬਠਿੰਡੇ ਪਹੁੰਚਦੀ ਸਰਹਿੰਦ ਨਹਿਰ ਦੇ ਪਾਣੀ ਵਿਚ ਪਰਵਾਹ ਕਰਨਾ, ਜਿਥੇ ਮੈਂ ਆਪਣੇ ਬਚਪਨ ਵਿਚ ਉਥੋਂ ਦੀ ਸੁਨਹਿਰੀ ਮਿੱਟੀ ਨਾਲ ਖੇਡਦਾ ਹੁੰਦਾ ਸੀ।’ ਗਾਰਗੀ ਦੀ ਆਖਰੀ ਇੱਛਾ ‘ਚ ਇਹ ਵੀ ਸ਼ਾਮਿਲ ਸੀ ਕਿ ਮੇਰੇ ਮਰਨ ‘ਤੇ ਕਿਸੇ ਨੇ ਰੋਣਾ ਨਹੀਂ! ਕੋਈ ਰਸਮ ਨਹੀਂ ਕਰਨੀ। ਬੱਸ ਮਿਲਜੁਲ ਕੇ ਵਧੀਆ ਜਸ਼ਨ ਮਨਾਉਣਾ। ਵਧੀਆ ਖਾਣਾ ਖਾਣਾ। ਪਰਿਵਾਰ ਵਾਂਗ। ਸਾਂਝੇ ਚੁੱਲ੍ਹੇ ‘ਤੇ ਪਕਾਏ ਖਾਣੇ ਵਾਂਗ।
ਅਸੀਂ ਉਸ ਸ਼ਾਮ ਗਾਰਗੀ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਵਧੀਆ ਖਾਣਾ ਤੇ ਮਹਿੰਗੀ ਸ਼ਰਾਬ ਖਰੀਦੀ ਤੇ ਰੋਂਦਿਆਂ-ਹੱਸਦਿਆਂ-ਲਤੀਫੇਬਾਜ਼ੀ ਕਰਦਿਆਂ ਸ਼ਾਮ ਤਾਂ ਬਿਤਾ ਦਿੱਤੀ, ਪਰ ਗਾਰਗੀ ਨੂੰ ਆਪਣੇ ਆਪ ਤੋਂ ਦੂਰ ਤੋਰਨ ਦੀ ਥਾਂ ਉਹ ਸਾਡੇ ਢਿੱਡ ‘ਚ ਹੋਰ ਵੜ ਗਿਆ।