ਚਿੱਤਰ, ਚਰਚਾ ਅਤੇ ਚੁਟਕਲਾ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 91-81950-25579
ਕੁਲਹਿਣੇ ਕਰੋਨਾ ਵਾਇਰਸ ਕਾਰਨ ਸਾਰੀ ਦੁਨੀਆਂ ਵਿਚ ਹਾਹਾਕਾਰ ਮਚੀ ਹੋਈ ਹੈ। ਸ਼ੋਸ਼ਲ ਮੀਡੀਏ ਵਿਚ ਇਸੇ ਮਹਾਮਾਰੀ ਦੀਆਂ ਮਨਹੂਸ ਜਾਣਕਾਰੀਆਂ ਨੇ ਥਾਂ ਮੱਲੀ ਹੋਈ ਹੈ। ਭਾਵੇਂ ਬਹੁਤੇ ਪੰਜਾਬੀ ਭਾਈ-ਭੈਣਾਂ ਇਸ ਆਫਤ ਬਾਰੇ ਫੇਸਬੁੱਕ ‘ਤੇ ਡਰਾਉਣੀਆਂ ਜਾਣਕਾਰੀਆਂ ਅਤੇ ਦੇਸ਼-ਵਿਦੇਸ਼ ਤੋਂ ਆਉਂਦੀਆਂ ਦੁਖਦਾਈ ਖਬਰਾਂ ਸਾਂਝੀਆਂ ਕਰਦਿਆਂ ਦਿਲੀ ਵਲਵਲੇ ਲਿਖ ਰਹੇ ਹਨ, ਪਰ ਇਸ ਦੇ ਉਲਟ ਬਹੁਤੇ ਉਹ ਵੀ ਹਨ, ਜੋ ਇਸ ਘੋਰ ਉਦਾਸੀ ਵਾਲੇ ਮਾਹੌਲ ਵਿਚ ਵੀ ਹਾਸੇ-ਮਖੌਲ ਵਿਚ ਬੜਾ ਕੁਝ ਲਿਖ-ਬੋਲ ਰਹੇ ਹਨ।

ਇਕ ਸੱਜਣ ਨੇ ਅਫਸਾਨਾ ਨਿਗਾਰ ਰਜਿੰਦਰ ਸਿੰਘ ਬੇਦੀ ਦਾ ਕਥਨ ਕਿ ਜੇ ਕਿਤੇ ਦੋ ਚਾਰ ਵਿਅਕਤੀ ਉਚੀ ਉਚੀ ਹੱਸ ਰਹੇ ਹੋਣ ਤਾਂ ਸਮਝ ਲੈਣਾ ਚਾਹੀਦਾ ਕਿ ਉਨ੍ਹਾਂ ਵਿਚ ਪੰਜਾਬੀ ਜਰੂਰ ਹੋਣਗੇ, ਲਿਖ ਕੇ ਪੰਜਾਬੀਆਂ ਦੀ ਫਿਤਰਤ ਬਾਰੇ ਇਕ ਲਤੀਫਾ ਸਾਂਝਾ ਕੀਤਾ। ਅਖੇ, ਇਕ ਪੰਜਾਬੀ ਭਾਈ ਕਿਤੇ ਰੇਲਵੇ ਲਾਈਨ ਦੇ ਗਾਡਰ ਉਤੇ ਸਿਰ ਰੱਖ ਕੇ ਲੰਮਾ ਪਿਆ ਸੀ। ਕੋਲੋਂ ਲੰਘ ਰਹੇ ਇਕ ਰਾਹੀ ਨੇ ਪੁੱਛਿਆ, “ਸੱਜਣਾਂ ਏਥੇ ਕਿਉਂ ਪਿਆ ਏਂ?”
ਪੰਜਾਬੀ ਰੋਣਹਾਕਾ ਜਿਹਾ ਮੂੰਹ ਬਣਾ ਕੇ ਬੋਲਿਆ, “ਭਰਾਵਾ! ਇਸ ਜ਼ਿੰਦਗੀ ਤੋਂ ਦੁਖੀ ਹੋ ਕੇ ਗੱਡੀ ਥੱਲੇ ਸਿਰ ਦੇ ਕੇ ਖੁਦਕੁਸ਼ੀ ਕਰਨ ਲੱਗਾਂ।”
ਰਾਹੀ ਜਰਾ ਉਹਦੇ ਨੇੜੇ ਹੋਇਆ ਅਤੇ ਲਾਗੇ ਹੀ ਪਿਆ ਇਕ ਝੋਲਾ ਦੇਖ ਕੇ ਪੁੱਛਿਆ ਕਿ ਇਸ ਝੋਲੇ ਵਿਚ ਕੀ ਪਿਆ ਐ?
“ਰੋਟੀ ਐ ਭਰਾਵਾ!” ਪੰਜਾਬੀ ਦਾ ਜਵਾਬ ਸੁਣ ਕੇ ਥੋੜ੍ਹਾ ਮੁਸਕਰਾਉਂਦਿਆਂ ਰਾਹੀ ਕਹਿੰਦਾ, “ਇਕ ਪਾਸੇ ਮੌਤ ਸਹੇੜ ਰਿਹਾ ਏਂ ਤੇ ਨਾਲੇ ਚੁੱਕੀ ਫਿਰਦੈਂ ਰੋਟੀ?”
ਪੰਜਾਬੀ ਬੋਲਿਆ, “ਗੱਡੀਆਂ ਲੇਟ ਆਉਂਦੀਆਂ ਐਂ, ਭੁੱਖੇ ਥੋੜ੍ਹਾ ਮਰਨਾ ਆਪਾਂ!”
ਆਪਣੇ ਦੇਸ਼ ਵਿਚ ਕਰੋਨਾ ਵਾਇਰਸ ਦਾ ਰੌਲਾ ਪੈਣ ਤੋਂ ਕੁਝ ਦਿਨ ਪਹਿਲਾਂ ਮੈਂ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਮਹਿੰਦਪੁਰ ਗਿਆ ਹੋਇਆ ਸਾਂ। ਉਨ੍ਹਾਂ ਦੇ ਘਰ ਮੋਹਰੇ ਇਕ ਕਾਰ ਖੜ੍ਹੀ ਸੀ, ਜਿਸ ‘ਤੇ ਇਕ ਭੂਤਰਿਆ ਬੱਕਰਾ ਇਉਂ ਖੜ੍ਹਾ ਸੀ, ਜਿਵੇਂ ਕੋਈ ਪਹਿਰੇਦਾਰ ਮੁਸ਼ਤੈਦੀ ਨਾਲ ਡਿਊਟੀ ਦੇ ਰਿਹਾ ਹੋਵੇ! ਕੋਲ ਇਕੱਠੇ ਹੋਏ ਨਿਆਣੇ-ਸਿਆਣੇ ਹੱਸ ਰਹੇ ਸਨ। ਇਹ ਹਸਾਉਣਾ ਜਿਹਾ ਦ੍ਰਿਸ਼ ਦੇਖ ਕੇ ਮੈਂ ਫੋਟੋ ਖਿੱਚ ਲਈ।
ਹਫਤੇ ਕੁ ਬਾਅਦ ਹੀ ਜਦ ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਤਰਥੱਲੀ ਮਚਾ ਦਿੱਤੀ ਤਾਂ ਮੈਨੂੰ ਬੱਕਰੇ ਵਾਲੀ ਫੋਟੋ ਦੇਖ ਕੇ ਸੁਣੀ ਹੋਈ ਇਕ ਪੁਰਾਣੀ ਗੱਲ ਯਾਦ ਆ ਗਈ। ਕਹਿੰਦੇ ਨੇ, ਪੁਰਾਣੇ ਵੇਲਿਆਂ ਵਿਚ ਜਦੋਂ ਸਮੁੰਦਰੀ ਬੇੜੇ ਕਈ ਕਈ ਦਿਨ ਸਮੁੰਦਰ ਵਿਚ ਸਫਰ ਕਰਦੇ ਸਨ ਤਾਂ ਮਲਾਹ ਆਪਣੇ ਨਾਲ ਇਕ ਬਿੱਲੀ ਜਰੂਰ ਰੱਖਦੇ ਸਨ, ਜੋ ਮਲਾਹਾਂ ਨੂੰ ਅੱਗੇ ਆਉਣ ਵਾਲੇ ਸਮੁੰਦਰੀ ਮੌਸਮ ਦੇ ਖਤਰਿਆਂ ਬਾਰੇ ਆਗਾਹ ਕਰਦੀ ਸੀ। ਕਹਿੰਦੇ ਨੇ, ਜਦੋਂ ਖੁੰਡੀ ਨਾਲ ਬੰਨ੍ਹੀ ਬਿੱਲੀ ਕਿਸੇ ਇਕ ਦਿਸ਼ਾ ਵੱਲ ਭੱਜਦੀ ਹੋਈ ਗਲੇ ਨਾਲ ਬੰਨ੍ਹੀ ਰੱਸੀ ਤੁੜਾਉਣ ਦਾ ਯਤਨ ਕਰਨ ਲਗਦੀ, ਤਾਂ ਇਸ ਦਾ ਮਤਲਬ ਹੁੰਦਾ ਸੀ, ਉਸ ਦਿਸ਼ਾ ਦੇ ਉਲਟ ਵਾਲੇ ਪਾਸੇ ਤੂਫਾਨ ਉਠਿਆ ਹੋਇਆ ਹੈ। ਇਹ ਦੇਖ ਕੇ ਮਲਾਹ ਉਧਰ ਨਾ ਜਾਂਦੇ।
ਕਾਰ ਉਤੇ ਚੜ੍ਹ ਕੇ ਖੜ੍ਹੇ ਬੱਕਰੇ ਵਾਲਾ ਸੀਨ ਯਾਦ ਕਰਦਿਆਂ ਮੈਂ ਵੀ ਸੋਚ ਰਿਹਾਂ ਕਿ ਹੋਵੇ ਨਾ ਹੋਵੇ, ਸਮੁੰਦਰੀ ਬੇੜਿਆਂ ਵਾਲੀ ਬਿੱਲੀ ਵਾਂਗ ਉਹ ਬੱਕਰਾ ਵੀ ਆਉਣ ਵਾਲੇ ਦਿਨਾਂ ਦੀ ‘ਸ਼ੋਸ਼ਲ ਡਿਸਟੈਂਸ’ ਹਦਾਇਤ ਬਾਰੇ ਅਗਾਊਂ ਇਸ਼ਾਰਾ ਕਰ ਰਿਹਾ ਹੋਵੇ! ਜਿਸ ਨੂੰ ਅਸੀਂ ਦਰਸ਼ਕ ਸਮਝ ਹੀ ਨਾ ਸਕੇ!
ਹਜੂਮੇਂ ਗਮ ਮੇਰੀ ਫਿਤਰਤ ਬਦਲ ਸਕਤੇ ਨਹੀਂ
ਮੈਂ ਕਿਆ ਕਰੂੰ ਮੇਰੀ ਆਦਤ ਹੈ ਮੁਸਕੁਰਾਨੇ ਕੀ!