ਸ਼ਹਾਦਤ ਦੀ ਸੁਰਤਾਲ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਰੋਨਾ ਵਾਇਰਸ ਨਾਲ ਪੈਦਾ ਹੋਏ ਹਾਲਾਤ ‘ਤੇ ਟਿੱਪਣੀ ਕਰਦਿਆਂ ਕਿਹਾ ਸੀ, “ਕਰੋਨਾ ਵਾਇਰਸ ਨੇ ਮਨੁੱਖ ਨੂੰ ਇਹ ਸਮਝਾ ਦਿਤਾ ਕਿ ਮਨੁੱਖ ਕਿੰਨਾ ਵੀ ਵੱਡਾ ਹੋ ਜਾਵੇ, ਕੁਦਰਤੀ ਭਿਆਨਕਤਾ ਸਾਹਵੇਂ ਬਹੁਤ ਹੀ ਨਿਗੁਣਾ ਏ।…ਇਸ ਮਹਾਂਮਾਰੀ ਨੇ ਇਹ ਵੀ ਦਰਸਾ ਦਿਤਾ ਕਿ ਜ਼ਿਆਦਾਤਰ ਵਪਾਰੀ ਲੋਕ ਆਪਣੇ ਮੁਨਾਫੇ ਤੀਕ ਹੀ ਸੀਮਤ ਹੁੰਦੇ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਸ਼ਹਾਦਤ ਦੇ ਅਰਥਾਂ ਨੂੰ ਵਿਸ਼ਾਲਤਾ ਦਿੰਦਿਆਂ ਕਿਹਾ ਹੈ, “ਸ਼ਹਾਦਤ ਨੂੰ ਕਿਸੇ ਧਰਮ, ਕੌਮ, ਸਮਾਜ, ਦੇਸ਼, ਜਾਤ, ਰੰਗ ਜਾਂ ਨਸਲੀ ਵਲਗਣਾਂ ਵਿਚ ਨਹੀਂ ਵਲਿਆ ਜਾ ਸਕਦਾ। ਸ਼ਹਾਦਤ ਸਿਰਫ ਸ਼ਹਾਦਤ।…ਸ਼ਹਾਦਤ, ਸਿਰਫ ਜਿਸਮਾਨੀ ਹੀ ਨਹੀਂ ਹੁੰਦੀ, ਇਹ ਇਖਲਾਕੀ, ਮਾਨਸਿਕ, ਆਰਥਕ, ਸਮਾਜਕ ਤੇ ਰਾਜਨੀਤਕ ਵੀ ਹੁੰਦੀ।” ਉਹ ਕਹਿੰਦੇ ਹਨ, “ਸ਼ਹਾਦਤ ਹਰ ਵਿਅਕਤੀ ਨਹੀਂ ਦੇ ਸਕਦਾ। ਸਿਰਫ ਕੁਝ ਮਰਦ-ਅਗੰਮੜੇ ਹੁੰਦੇ, ਜਿਨ੍ਹਾਂ ਦੇ ਮਨਾਂ ਵਿਚ ਸੁਪਨਿਆਂ ਦੀ ਪ੍ਰਾਪਤੀ ਤੀਕ ਖੁਦ ਨੂੰ ਜਦੋਜਹਿਦ ਦੇ ਨਾਮ ਕਰ, ਖੁਦਦਾਰੀ ਅਤੇ ਅਣਖ ਨੂੰ ਜਿਉਂਦੀ ਰੱਖ, ਸਿਰ ਧੜ ਦੀ ਬਾਜ਼ੀ ਲਾਉਣ ਦਾ ਚਾਅ ਹੁੰਦਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਸ਼ਹਾਦਤ, ਸੁਪਨ-ਸੂਰਜ ਨੂੰ ਸਜਦਾ, ਉਗਦੀ ਸਰਘੀ ਨੂੰ ਸਲਾਮ ਅਤੇ ਦੂਰ-ਦਿਸਦਹੱਦਿਆਂ ‘ਚ ਪਸਰਦੇ ਚਾਨਣ-ਪਸਾਰ ਦਾ ਸੁਆਗਤ।
ਸ਼ਹਾਦਤ, ਅਕੀਦੇ ਪ੍ਰਤੀ ਸਮਰਪਣ, ਫਰਜ਼ਾਂ ਦੀ ਤੰਦੀ ‘ਤੇ ਜਾਨ ਟੰਗਣੀ, ਸੱਚ ਦੀ ਸਰਦਲ ‘ਤੇ ਸੀਸ ਧਰਨਾ ਅਤੇ ਪੈਰਾਂ ਨੂੰ ਸੁੱਚੀਆਂ ਪੈੜਾਂ ਵਰਨੀਆਂ।
ਸ਼ਹਾਦਤ, ਸਮਿਆਂ ਦੀ ਬੀਹੀ ਵਿਚ ਸੱਚ ਦਾ ਹੋਕਰਾ, ਜ਼ੁਲਮ ਖਿਲਾਫ ਹਿੱਕ ਢਾਹੁਣ ਦਾ ਜੇਰਾ ਅਤੇ ਜ਼ਿੰਦਗੀ ਦੇ ਸਾਹਾਂ ਨੂੰ ਚੰਗੇਰੇ ਹਿੱਤ ਲਾਉਣ ਦਾ ਹੀਆ।
ਸ਼ਹਾਦਤ, ਸਿਰਫ ਜਿਸਮਾਨੀ ਹੀ ਨਹੀਂ ਹੁੰਦੀ, ਇਹ ਇਖਲਾਕੀ, ਮਾਨਸਿਕ, ਆਰਥਕ, ਸਮਾਜਕ ਤੇ ਰਾਜਨੀਤਕ ਵੀ ਹੁੰਦੀ।
ਸ਼ਹਾਦਤ ਨੂੰ ਸੌੜੇ ਦਾਇਰੇ ਵਿਚ ਕੈਦ ਨਹੀਂ ਕੀਤਾ ਜਾ ਸਕਦਾ। ਇਸ ਦੀ ਵਿਸ਼ਾਲਤਾ ਅਤੇ ਦੂਰ-ਰਸੀ ਸਿੱਟਿਆਂ ਵਿਚ ਬਹੁਤ ਕੁਝ ਛੁਪਿਆ ਹੁੰਦਾ।
ਸ਼ਹਾਦਤ, ਸੱਚ ਨੂੰ ਸੱਚ ਕਹਿਣ ਦਾ ਸਿੱਦਕ, ਤਲਵਾਰ ਸਾਹਵੇਂ ਸੀਸ ਨੂੰ ਉਚਾ ਰੱਖਣ ਦਾ ਸਿਰੜ ਅਤੇ ਛਵੀਆਂ ਦੀ ਛਾਂਵੇਂ ਅਣਖੀ ਮਟਕ ਦੀ ਨਿਰੰਤਰਤਾ ਨੂੰ ਨਵੀਆਂ ਤਰਜ਼ੀਹਾਂ ਤੇ ਤਦਬੀਰਾਂ ਦੇਣ ਦੀ ਤਮੰਨਾ।
ਸ਼ਹਾਦਤ, ਇਤਿਹਾਸ ਦੇ ਪੰਨਿਆਂ ‘ਤੇ ਉਗੇ ਸੂਰਜਾਂ ਦਾ ਨਾਮ। ਸੂਰਜ, ਜੋ ਠੁਰ ਠੁਰ ਕਰਦੇ ਜਿਸਮਾਂ ਲਈ ਨਿੱਘ ਅਤੇ ਚਾਨਣ ਲੋਚਦੇ ਰਾਹਾਂ ਵਿਚ ਧੁੱਪ ਦਾ ਛਿੜਕਾ ਕਰਨਾ ਆਪਣਾ ਕਰਮ-ਧਰਮ ਸਮਝਦਾ।
ਸ਼ਹਾਦਤ, ਸੁਪਨਿਆਂ ਦੀ ਛਾਂਵੇਂ ਤੁਰਨ ਵਾਲੇ ਪੈਰਾਂ ਨੂੰ ਪਕਿਆਈ, ਸੇਧ ਅਤੇ ਦਿਸ਼ਾ ਦੇਣ ਦਾ ਪ੍ਰਣ। ਸ਼ਮਸ਼ੀਰ ਵਿਚੋਂ ਚੋਂਦੇ ਰੱਤ ਨੂੰ ਅੰਤਰੀਵ ਵਿਚ ਵਗਦਾ ਖਿਆਲ ਕੇ ਲਲਕਾਰ ਬਣ ਜਾਣਾ। ਲਲਕਾਰ, ਜੋ ਗਿੱਦੜ ਭਬਕੀਆਂ ਨੂੰ ਲਿਤਾੜਦੀ।
ਸ਼ਹਾਦਤ ਨੂੰ ਕਿਸੇ ਧਰਮ, ਕੌਮ, ਸਮਾਜ, ਦੇਸ਼, ਜਾਤ, ਰੰਗ ਜਾਂ ਨਸਲੀ ਵਲਗਣਾਂ ਵਿਚ ਨਹੀਂ ਵਲਿਆ ਜਾ ਸਕਦਾ। ਸ਼ਹਾਦਤ ਸਿਰਫ ਸ਼ਹਾਦਤ। ਇਸ ਦੇ ਅਰਥਾਂ ਵਿਚ ਹੀ ਇਸ ਦੀ ਰੁਸ਼ਨਾਈ। ਅਜਿਹੀ ਚਾਨਣ-ਜੋਤ ਨੂੰ ਸਮਝਣ ਅਤੇ ਆਪਣੀ ਚੇਤਨਾ ਦਾ ਹਿੱਸਾ ਬਣਾਉਣ ਦੀ ਲੋੜ।
ਸ਼ਹਾਦਤ, ਨਿੱਕੀ ਜਾਂ ਵੱਡੀ, ਨਿਗੂਣੀ ਜਾਂ ਕੀਮਤੀ, ਅਨੋਖੀ ਜਾਂ ਸਧਾਰਨ, ਆਮ ਜਾਂ ਖਾਸ, ਵਿਕੋਲਿਤਰੀ ਜਾਂ ਹੀਣੀ ਨਹੀਂ ਹੁੰਦੀ। ਇਹ ਵੰਡੀਆਂ ਸਿਰਫ ਸ਼ਹਾਦਤ ਨੂੰ ਉਸ ਦੇ ਅਰਥਾਂ ਵਿਚ ਸਮਝਣ ਤੋਂ ਆਕੀ ਲੋਕ ਹੀ ਪਾਉਂਦੇ ਕਿਉਂਕਿ ਉਨ੍ਹਾਂ ਦੀ ਸੋਚ ਵਿਚ ਸ਼ਹਾਦਤ ਸਿਰਫ ਇਕ ਕਬੀਲੇ ਜਾਂ ਕੌਮ ਤੀਕ ਹੀ ਸੀਮਤ।
ਸ਼ਹਾਦਤ, ਸਾਂਝੀ-ਭਾਵਨਾ ਵਿਚੋਂ ਪੈਦਾ ਹੁੰਦੀ। ਇਸ ਦਾ ਜ਼ਾਮ ਪੀਣ ਲੱਗਿਆਂ ਸਰਬ-ਸੁਖਨ ਨੂੰ ਹੀ ਮਨ ਵਿਚ ਧਿਆਇਆ ਜਾਂਦਾ।
ਸ਼ਹਾਦਤ ਦਾ ਜਦ ਨਿਜੀ ਮੁਫਾਦ, ਆਰਥਕ ਲਾਭ ਜਾਂ ਰਾਜਨੀਤਕ ਫਾਇਦਿਆਂ ਦੇ ਨਾਮ ‘ਤੇ ਵਪਾਰੀਕਰਨ ਹੁੰਦਾ ਤਾਂ ਇਹ ਸ਼ਹਾਦਤ ਨਹੀਂ, ਸੌਦਾ ਹੁੰਦੀ। ਸ਼ਹੀਦ ਕਦੇ ਵੀ ਸੌਦਾ ਨਹੀਂ ਕਰਦਾ। ਉਨ੍ਹਾਂ ਲਈ ਆਪਣੇ ਅਸੂਲਾਂ ‘ਤੇ ਪਹਿਰੇਦਾਰੀ, ਅਸੂਲਾਂ ਪ੍ਰਤੀ ਸਮਰਪਣ ਅਤੇ ਜੀਵਨ ਦਾਅ ‘ਤੇ ਲਾਉਣਾ ਸ਼ਹਾਦਤ ਦਾ ਸਿਰਲੇਖ।
ਸ਼ਹਾਦਤ ਦੀ ਸੁਰ ਤਾਲ ‘ਤੇ ਨੱਚਣ ਵਾਲੇ ਪੱਬ, ਸੰਦਲੀ ਬਹਾਰਾਂ ਦਾ ਸੱਦਾ, ਜਿਨ੍ਹਾਂ ਭਵਿੱਖ ਦਾ ਦਰ ਖੜਕਾਉਣਾ ਹੁੰਦਾ। ਕਾਲੀਆਂ ਰਾਤਾਂ ਨੂੰ ਚਿਤਾਵਨੀ। ਹਨੇਰਿਆਂ ਦੀ ਕੁੱਖ ਵਿਚ ਜੁਗਨੂੰ ਬੀਜਣ ਦਾ ਕਰਮ। ਮਜਲੂਮਾਂ ਦੀ ਬਾਂਹ ਫੜੀ ਜਾਂਦੀ, ਨਿਤਾਣਿਆਂ ਦੀ ਲਿਲਕੜੀ ਦੀ ਸਾਰ ਲਈ ਜਾਂਦੀ ਅਤੇ ਨਿਥਾਵਿਆਂ ਲਈ ਘਰ ਦਾ ਸਿਰਜਣਾ ਅਹਿਮ ਹੁੰਦਾ।
ਸ਼ਹਾਦਤ ਕਦੇ ਵੀ ਜਿਸਮਾਨੀ ਲੋੜਾਂ, ਜੀਵਨੀ ਸੱਧਰਾਂ, ਨਿਗੂਣੀਆਂ ਤਰਜ਼ੀਹਾਂ ਜਾਂ ਸੌੜੇ ਕਾਰਨਾਂ ਵਿਚੋਂ ਪੈਦਾ ਨਹੀਂ ਹੁੰਦੀ। ਇਹ ਤਾਂ ਚਿੰਤਾ ਤੋਂ ਚੇਤਨਾ ਦਾ ਸਫਰ, ਜੋ ਆਖਰ ਚਿੰਤਨ ਦਾ ਜਾਗ ਲਾਉਂਦਾ। ਇਹ ਤਾਂ ਦੀਵਾ ਜਗਾ ਕੇ ਨਵੀਆਂ ਪਗਡੰਡੀਆਂ ਦੀ ਤਲਾਸ਼, ਜਿਨ੍ਹਾਂ ਨੇ ਪੈੜਾਂ ਬਣਨਾ ਹੁੰਦਾ।
ਇਕ ਹੀ ਸੱਚੀ-ਸੁੱਚੀ ਸ਼ਹਾਦਤ ਵਿਚੋਂ ਸ਼ਹਾਦਤਾਂ ਦਾ ਕਾਫਲਾ ਬਣਦਾ, ਜੋ ਜਾਬਰ ਅਤੇ ਹੰਕਾਰੀ ਦੀ ਹੈਂਕੜ ਭੰਨਦਾ, ਉਸ ਨੂੰ ਸ਼ਹਾਦਤੀ ਭਾਵਨਾਵਾਂ ਸਾਹਵੇਂ ਝੁਕਣ ਅਤੇ ਮਨੁੱਖੀ ਅਹਿਸਾਸਾਂ ਦਾ ਸਤਿਕਾਰ ਕਰਨ ਲਈ ਮਜਬੂਰ ਕਰਦਾ। ਇਕ ਹੀ ਸ਼ਹਾਦਤ ਕਾਫੀ ਹੁੰਦੀ ਜੋਸ, ਜਨੂਨ, ਜ਼ਜ਼ਬਾਤਾਂ ਤੇ ਜਦੋਜਹਿਦ ਨੂੰ ਸੂਹੀ ਰੰਗਤ ਦੇਣ ਲਈ, ਜੋ ਸ਼ਾਸ਼ਕਾਂ ਨੂੰ ਕੰਬਣੀ ਛੇੜ, ਇਤਿਹਾਸ ਨੂੰ ਨਵਾਂ ਮੋੜ ਦੇਣ ਅਤੇ ਨਰੋਇਆ ਉਗਮਣ ਦਾ ਕਾਰਨ ਬਣਦੀ।
ਸ਼ਹਾਦਤ ਹਰ ਵਿਅਕਤੀ ਨਹੀਂ ਦੇ ਸਕਦਾ। ਸਿਰਫ ਕੁਝ ਮਰਦ-ਅਗੰਮੜੇ ਹੁੰਦੇ, ਜਿਨ੍ਹਾਂ ਦੇ ਮਨਾਂ ਵਿਚ ਸੁਪਨਿਆਂ ਦੀ ਪ੍ਰਾਪਤੀ ਤੀਕ ਖੁਦ ਨੂੰ ਜਦੋਜਹਿਦ ਦੇ ਨਾਮ ਕਰ, ਖੁਦਦਾਰੀ ਅਤੇ ਅਣਖ ਨੂੰ ਜਿਉਂਦੀ ਰੱਖ, ਸਿਰ ਧੜ ਦੀ ਬਾਜ਼ੀ ਲਾਉਣ ਦਾ ਚਾਅ ਹੁੰਦਾ।
ਸ਼ਹਾਦਤ ਦੇ ਕਈ ਰੂਪ। ਕੁਝ ਲੋਕ ਮਰ ਕੇ ਸ਼ਹੀਦ ਅਖਵਾਉਂਦੇ, ਜਦ ਕਿ ਕੁਝ ਲੋਕ ਜਿਉਂਦੇ ਜੀਅ ਹੀ ਸ਼ਹਾਦਤ-ਪਦਵੀ ਪਾਉਂਦੇ। ਇਸ ‘ਤੇ ਨਿਰਭਰ ਕਰਦਾ ਕਿ ਸ਼ਹਾਦਤ ਨੂੰ ਕਿਹੜੇ ਅਰਥਾਂ, ਕਿਹੜੇ ਕਾਰਨਾਂ ਅਤੇ ਕਿਸ ਮਕਸਦ-ਪੂਰਤੀ ਲਈ ਸ਼ਹਾਦਤ ਦੇ ਹਰਫਾਂ ਰਾਹੀਂ ਮਨ-ਮਸਤਕ ‘ਤੇ ਉਕਰਿਆ ਗਿਆ।
ਸ਼ਹਾਦਤ ਸਦਾ ਜਿਉਂਦੀ, ਕਦੇ ਨਹੀਂ ਮਰਦੀ। ਲੋਕ-ਚੇਤਿਆਂ ਵਿਚ ਸਦਾ ਚਿਰੰਜੀਵ। ਇਸ ਦੀ ਸਦੀਵਤਾ, ਸਾਰਥਕਤਾ ਤੇ ਸੰਭਾਵੀ ਸਿੱਟਿਆਂ ਨੂੰ ਸਮੇਂ ਦੀ ਸੋਚ ਦੇ ਨਾਮ ਕਰ, ਇਤਿਹਾਸ ਨੂੰ ਮੁੜ ਦੁਹਰਾਉਣ ਤੋਂ ਟਾਲਾ ਵੱਟਣ ਵਿਚ ਮਦਦ ਮਿਲਦੀ।
ਸ਼ਹਾਦਤ ਅਜ਼ਾਦੀ ਲਈ, ਜ਼ਬਰ ਤੋਂ ਨਿਜ਼ਾਤ ਪਾਉਣ ਲਈ ਜਾਂ ਚੁੱਕੀ ਅੱਤ ਨੂੰ ਮਿਟਾਉਣ ਲਈ ਵੀ; ਪਰ ਸਭ ਤੋਂ ਖੂਬਸੂਰਤ ਉਹ ਸ਼ਹਾਦਤ, ਜੋ ਜੀਵਨ ਦੀ ਖੂਬਸੂਰਤੀ ਦਾ ਦਮ ਭਰੇ, ਜਿਸ ਵਿਚੋਂ ਮਾਨਵਤਾ ਦੀ ਖੁਸ਼ਬੂ ਆਵੇ ਅਤੇ ਸਰਬ-ਸੁਖਨ ਦਾ ਨਗਮਾ ਗੁਣਗੁਣਾਵੇ। ਬਚਪਨੀ ਚਿਹਰਿਆਂ ਦੇ ਮਲਾਲ, ਬਚਪਨੀ ਸ਼ਰਾਰਤਾਂ ਅਤੇ ਖੇਡਾਂ ਵਿਚ ਵਿਗਨ ਪਾਉਣ ਵਾਲੀਆਂ ਸ਼ਕਤੀਆਂ ਨੂੰ ਆਪਣੀ ਬਰਬਾਦੀ ਦਾ ਖਿਆਲ ਸਤਾਵੇ।
ਸ਼ਹਾਦਤ ਉਸ ਮਾਂ ਦੀ ਘੱਟ ਨਹੀਂ, ਜੋ ਆਪਣੇ ਬੱਚਿਆਂ ਦੀ ਸੁਪਨ-ਪੂਰਤੀ ਲਈ ਆਪਣੇ ਸੁਪਨਿਆਂ ਨੂੰ ਡੂੰਘੀ ਨੀਂਦਰ ਸੁਆਵੇ। ਉਸ ਬਾਪ ਦੀ, ਜੋ ਸਿਰ ‘ਤੇ ਬੱਧੀ ਲੀਰਾਂ ਰੂਪੀ ਪੱਗ ਵਿਚੋਂ, ਪੁੱਤਰ ਦੇ ਸਿਰ ਸਜਣ ਵਾਲੇ ਤਾਜ਼ ਨੂੰ ਕਿਆਸਦਾ, ਰਾਤਾਂ ਦੀ ਨੀਂਦਰ ਹੰਗਾਲੇ। ਉਸ ਪੁੱਤ ਦੀ, ਜੋ ਆਪਣੇ ਕੈਰੀਅਰ ਨੂੰ ਨਿਗੂਣਾ ਸਮਝ, ਬਿਮਾਰ ਮਾਪਿਆਂ ਦੀ ਤਾਮੀਰਦਾਰੀ ਵਿਚ ਸੰਤੁਸ਼ਟੀ ਅਤੇ ਸਬਰ ਨਾਲ ਜੀਣਾ ਸਿੱਖਦਾ। ਜੋ ਦੁਨਿਆਵੀ ਦੌੜ ਤੋਂ ਨਿਰਲੇਪ ਰਹਿ ਕੇ ਬੇਅਰਾਮ ਨੈਣਾਂ ਵਿਚ ਸੁਪਨੇ ਸਜਾਉਣ ਦਾ ਸਬੱਬ ਹੁੰਦਾ। ਜੋ ਬਹੁਲਾਤ ਵਿਚੋਂ ਹੀ ਤੁੱਛ ਨੂੰ ਕਿਆਸਦਾ, ਮਿਲੀਆਂ ਨਿਆਮਤਾਂ ਵਿਚ ਥੁੜ੍ਹਿਆਂ ਨੂੰ ਹਿੱਸੇਦਾਰ ਬਣਾਉਂਦਾ। ਜੋ ਆਪਣੀ ਰੋਟੀ ਦੀਆਂ ਬੁਰਕੀਆਂ ਬਣਾ, ਭੁੱਖਿਆਂ ਨਾਲ ਸਾਂਝੀਆਂ ਕਰਦਾ। ਜੋ ਕਿਸੇ ਦੂਸਰੇ ਦੇ ਜੀਵਨ ਵਿਚੋਂ ਆਪਣੇ ਸਾਹਾਂ ਦੀ ਸੁੱਖ ਮੰਗਦਾ, ਜਿਸ ਦੀ ਸੁਪਨ-ਸਾਜ਼ੀ ਵਿਚ ਸਭ ਦੀ ਭਲਾਈ ਦੀ ਲੋਚਾ। ਹਰੇਕ ਵਿਚ ਆਪਣਾ ਹੀ ਬਿੰਬ ਦੇਖਦਾ।
ਸ਼ਹਾਦਤ ਨੂੰ ਹੱਦਾਂ-ਸਰਹੱਦਾਂ ਵਿਚ ਕਿਵੇਂ ਸੀਮਤ ਕਰੋਗੇ? ਇਸ ਦੀ ਮਹਿਕ ਨੇ ਚੌਗਿਰਦੇ ਨੂੰ ਲਪੇਟ ਵਿਚ ਲੈਣਾ। ਇਸ ਦੇ ਸੁਗਮ-ਸੁਨੇਹਿਆਂ ਨੇ ਪਾਕਿ ਸੋਚਾਂ ਵਿਚ ਖਲਬਲੀ ਪੈਦਾ ਕਰਨੀ। ਉਨ੍ਹਾਂ ਨੂੰ ਆਪਣੀਆਂ ਜਿੰਮੇਵਾਰੀਆਂ, ਫਰਜ਼ਾਂ ਅਤੇ ਦੇਣਦਾਰੀਆਂ ਪ੍ਰਤੀ ਸੁਚੇਤ ਕਰਨਾ। ਇਸ ਸੁਚੇਤਨਾ ਨੇ ਹੀ ਆਖਰ ਪੋਲੇ ਪੋਲੇ ਕਦਮੀਂ ਸ਼ਹਾਦਤ ਵੰਨੀਂ ਜਾਣ ਦਾ ਮਾਰਗ ਬਣਨਾ।
ਸ਼ਹਾਦਤ ਦਾ ਰੁਤਬਾ ਕੁਝ ਵਿਰਲਿਆਂ ਨੂੰ ਮਿਲਦਾ, ਭਾਵੇਂ ਹਰ ਕੋਈ ਹੀ ਮਰਨ ਵਾਲੇ ਨੂੰ ਸ਼ਹੀਦ ਕਹਿਣ ਦੀ ਹਿੰਡ ਕਰੇ। ਸ਼ਹਾਦਤ ਦੇ ਵੱਖਰੇ ਤੇ ਨਿਆਰੇ ਮਾਪਦੰਡ। ਇਨ੍ਹਾਂ ‘ਤੇ ਪੂਰਾ ਉਤਰਨਾ ਹੀ ਕਿਸੇ ਨੂੰ ਸ਼ਹੀਦ ਹੋਣ ਦਾ ਮਾਣ ਦਿੰਦਾ।
ਸ਼ਹਾਦਤ, ਸੰਜੀਦਗੀ, ਸੂਝ, ਸਮਰਪਣ ਅਤੇ ਸਮ-ਦ੍ਰਿਸ਼ਟੀ ਵਿਚੋਂ ਹੀ ਪੈਦਾ ਹੁੰਦੀ। ਮਨ ਵਿਚ ਆਇਆ ਵਿਚਾਰ, ਸੋਚ ਵਿਚ ਉਧੇੜ ਬੁਣ ਕਰਦਾ ਅਤੇ ਉਹ ਖੁਦ ਨੂੰ ਉਸ ਥਾਂ ‘ਤੇ ਦੇਖ ਕੇ ਵਿਚਾਰ ਕਰਦਾ। ਫਿਰ ਇਸ ਵਿਚਾਰਧਾਰਾ ਵਿਚੋਂ ਇਕ ਨਵੀਂ ਰੌਸ਼ਨ ਕਾਤਰ ਲਿਸ਼ਕਦੀ, ਜੋ ਸ਼ਹਾਦਤ ਨੂੰ ਮੀਰੀ ਗੁਣ ਅਤੇ ਗਨੀਮਤ ਸਮਝ ਕੇ ਸਮਾਜਕ ਦੁੱਖਾਂ ਤੋਂ ਨਿਜ਼ਾਤ ਪਾਉਣ ਦਾ ਜ਼ਰੀਆ ਸਮਝਦੀ।
ਸ਼ਹਾਦਤ ਕਈ ਵਾਰ ਤਾਂ ਖੁਦ ‘ਤੇ ਹੋਏ ਜੁਲਮਾਂ, ਤਸ਼ੱਦਦ, ਪੀੜ ਜਾਂ ਤ੍ਰਾਸਦੀ ਵਿਚੋਂ ਜਨਮ ਲੈਂਦੀ, ਪਰ ਕਈ ਵਾਰ ਲੋਕਾਈ ਦੇ ਮੁੱਖ ‘ਤੇ ਛਾਈ ਉਦਾਸੀ, ਸਿਰ ਜੋਗੀ ਥਾਂ ਲੋਚਦੇ ਲੋਕਾਂ ਦੀ ਗੁਰਬਤ-ਗੋਸ਼ਟ ਜਾਂ ਸਹੂਲਤਾਂ ਤੋਂ ਵਿਰਵੇ ਲੋਕਾਂ ਦੀਆਂ ਅਰਦਾਸਾਂ, ਹੂਕਾਂ, ਲੇਰਾਂ ਅਤੇ ਚੀਕ-ਚਿਹਾੜੇ ਵਿਚੋਂ ਵੀ ਪੈਦਾ ਹੁੰਦੀ। ਇਹ ਇਸ ‘ਤੇ ਨਿਰਭਰ ਕਰਦਾ ਕਿ ਮਨੁੱਖੀ ਮਨ ਕਿਸ ਦਾ ਪ੍ਰਭਾਵ, ਕਿੰਨੀ ਸ਼ਿੱਦਤ ਤੇ ਸੂਖਮਤਾ ਨਾਲ ਕਬੂਲ ਕਰਦਾ ਅਤੇ ਸ਼ਹਾਦਤ ਵਿਚੋਂ ਕਿਹੋ ਜਿਹੇ ਸਿੱਟਿਆਂ ਤੇ ਅਸਰਾਂ ਨੂੰ ਕਿਆਸਦਾ, ਸ਼ਹਾਦਤ ਦੀ ਸੂਲੀ ‘ਤੇ ਲਟਕਣ ਨੂੰ ਪਹਿਲ ਦਿੰਦਾ।
ਸ਼ਹਾਦਤ, ਹਾਕਮਾਂ ਲਈ ਚਿਤਾਵਨੀ। ਤਾਕਤ ਦੇ ਨਸ਼ੇ ਵਿਚ ਖੁਦ ਨੂੰ ਖੁਦਾ ਸਮਝਣ ਵਾਲੇ ਅੱਖੜਾਂ ਲਈ ਮੂਕ ਵੰਗਾਰ। ਧੌਂਸ ਨਾਲ ਧਰਮ-ਕਰਮ ਨੂੰ ਪੈਰਾਂ ਵਿਚ ਲਿਤਾੜਨ ਅਤੇ ਖੁਦ ਨੂੰ ਸਰਬ-ਸ਼ਕਤੀਮਾਨ ਸਮਝਣ ਵਾਲਿਆਂ ਦੇ ਮੱਥੇ ‘ਤੇ ਮੌਤ ਦਾ ਉਕਰਿਆ ਫੁਰਮਾਨ।
ਸ਼ਹਾਦਤ ਕਦੇ ਅਜਾਈਂ ਨਹੀਂ ਜਾਂਦੀ। ਬਹੁਤ ਕੀਮਤੀ। ਤਖਤਾਂ ਅਤੇ ਤਾਜਾਂ ਨੂੰ ਪੈਰਾਂ ਵਿਚ ਰੋਲਦੀ। ਪਾਤਸ਼ਾਹ, ਬਾਦਸ਼ਾਹਾਂ ਨੂੰ ਕਦਮਾਂ ‘ਚ ਝੁਕਾਉਂਦੇ। ਦਰਵੇਸ਼ ਦੀਆਂ ਬਰੂਹਾਂ ‘ਤੇ ਦਾਤਿਆਂ ਨੂੰ ਝੋਲੀ ਅੱਡ ਕੇ ਮੰਗਣ ਲਈ ਮਜਬੂਰ ਹੋਣਾ ਪੈਂਦਾ। ਰਾਜ ਕਰਨ ਵਾਲੇ ਗਲੀਆਂ ਵਿਚ ਭੀਖ ਮੰਗਣ ਲਈ ਮਜਬੂਰ ਹੁੰਦੇ।
ਸ਼ਹਾਦਤ ਸਮਾਜ, ਕੌਮ, ਦੇਸ਼ ਜਾਂ ਸਮੁੱਚੀ ਮਾਨਵਤਾ ਲਈ ਹੁੰਦੀ। ਸ਼ਹਾਦਤ ਦੀਆਂ ਮਹੀਨ ਤੰਦਾਂ ਅਤੇ ਪੈਦਾ ਹੋਣ ਵਾਲੇ ਸੁਖਨ ਨੇ ਨਿਰਧਾਰਤ ਕਰਨਾ ਕਿ ਸ਼ਹਾਦਤ ਦਾ ਕੀ ਰੂਪ ਹੈ?
ਸਭ ਤੋਂ ਵੱਡੀ ਸ਼ਹਾਦਤ ਆਪਣੀਆਂ ਖੁਸ਼ੀਆਂ ਨੂੰ ਕਿਸੇ ਉਦਾਸ, ਬੇਆਸ, ਨਿਰਾਸ਼ ਅਤੇ ਹਤਾਸ਼ ਵਿਅਕਤੀ ਲਈ ਕੁਰਬਾਨ ਕਰਨਾ, ਜਿਸ ਦੇ ਪੈਰ ਖੁਦਕੁਸ਼ੀਆਂ ਵੱਲ ਨੂੰ ਅਹੁਲਦੇ ਹੋਣ। ਉਸ ਖੇਤ ਨੂੰ ਕਲਾਵੇ ਵਿਚ ਲੈ ਕੇ ਸਹਿਲਾਉਣਾ ਅਤੇ ਵਰਾਉਣਾ, ਜਿਸ ਵਿਚ ਖੁਦਕੁਸ਼ੀਆਂ ਦੀ ਫਸਲ ਲਹਿਰਾਉਂਦੀ ਹੋਵੇ।
ਸ਼ਹਾਦਤ ਵਿਚੋਂ ਪਨਪਦੀਆਂ ਨੇ ਅਹਿਮ ਪ੍ਰਾਪਤੀਆਂ, ਮਾਰੀਆਂ ਮੱਲਾਂ, ਮੰਗਾਂ ਦੀ ਪੂਰਤੀ, ਆਜ਼ਾਦ ਫਿਜ਼ਾ ਵਿਚ ਸਾਹ ਲੈਣ ਦਾ ਫਖਰ, ਸੰਦਲੀ ਸੁਪਨੇ ਲੈਣ, ਪੂਰੇ ਕਰਨ ਅਤੇ ਸਵੈ-ਜਿਉਣ ਦਾ ਹੱਕ।
ਅਣਸੁਖਾਵੇਂ, ਅਣਚਾਹੇ ਅਤੇ ਔਖੇ ਸਮਿਆਂ ਵਿਚ ਸ਼ਹਾਦਤ ਲਈ ਤਿਆਰ ਰਹੋ। ਕਦੇ ਵੀ ਆਪਣਾ ਪਰਿਵਾਰ, ਹਿਰਦਾ ਜਾਂ ਮਾਣ-ਸਨਮਾਨ ਨੂੰ ਦਾਅ ‘ਤੇ ਲਾ ਕੇ ਖੁਦ ਨੂੰ ਨਾ ਬਚਾਓ।
ਸ਼ਹਾਦਤ, ਸਿਰਫ ਇਕ ਵਿਅਕਤੀ ਦੀ ਹੁੰਦੀ, ਪਰ ਉਸ ਅਜ਼ੀਮ ਸ਼ਹਾਦਤ ਨੂੰ ਕਿਹੜੇ ਅਰਥਾਂ ਵਿਚ ਬਿਆਨ ਕਰੋਗੇ, ਜੋ ਚਾਰ ਪੀੜ੍ਹੀਆਂ ਤੀਕ ਸ਼ਹਾਦਤ ਵਿਚੋਂ ਜੀਵਨ ਭਾਲਦੀ, ‘ਤੇਰਾ ਕੀਆ ਮੀਠਾ ਲਾਗੈ’ ਦੀ ਭਾਵਨਾ ਨੂੰ ਅੰਤਰੀਵ ਵਿਚ ਵਸਾਉਂਦੀ ਰਹੀ।
ਸ਼ਹਾਦਤ ਦੀਆਂ ਨੀਹਾਂ ‘ਤੇ ਉਸਰੀਆਂ ਕੌਮਾਂ ਵਿਰਸੇ ਦਾ ਪ੍ਰਤੀਕ ਰਹਿਣ ਤਾਂ ਕੌਮਾਂ ਨੂੰ ਕੋਈ ਨਹੀਂ ਹਰਾ ਸਕਦਾ, ਕਿਉਂਕਿ ਉਨ੍ਹਾਂ ਦੇ ਅੰਗ ਸੰਗ ਰਹਿੰਦਾ ਹੈ, ਉਨ੍ਹਾਂ ਦਾ ਬੀਤਿਆ ਕੱਲ, ਜਿਸ ਵਿਚੋਂ ਹੀ ਉਨ੍ਹਾਂ ਨੇ ਭਵਿੱਖ ਦੀ ਸਿਰਜਣਾ ਕਰਨੀ ਹੁੰਦੀ; ਪਰ ਜਦ ਨਵੀਆਂ ਨਸਲਾਂ ਵਿਰਾਸਤ ਨੂੰ ਭੁਲਾ ਦਿੰਦੀਆਂ ਤਾਂ ਉਨ੍ਹਾਂ ਦੇ ਭਵਿੱਖ ਵਿਚ ਹਨੇਰ-ਬਸਤੀਆਂ ਹੀ ਉਗਦੀਆਂ।
ਸ਼ਹਾਦਤ, ਸਿਰਫ ਉਨ੍ਹਾਂ ਦੇ ਹਿੱਸੇ ਆਉਂਦੀ, ਜੋ ਉਚੇ ਚਰਿੱਤਰ-ਚਬੂਤਰੇ। ਕੋਈ ਨਹੀਂ ਡੁਲਾ ਸਕਦਾ, ਡਰਾ ਸਕਦਾ, ਧਮਕਾ ਸਕਦਾ ਜਾਂ ਮੌਤ ਦੇ ਡਰਾਵੇ ਨਾਲ ਉਨ੍ਹਾਂ ਦੀ ਖੁਦੀ ਨੂੰ ਨਸ਼ਟ ਕਰ ਸਕਦਾ। ਉਹ ਜਿਉਂਦੀ ਜਾਗਦੀ ਆਤਮਾ ਵਾਲੇ ਹੁੰਦੇ, ਜਿਨ੍ਹਾਂ ਨੂੰ ਅਣਖ ਨਾਲ ਜਿਉਣ ਅਤੇ ਆਪਣੀਆਂ ਰਾਹਾਂ ਖੁਦ ਨਿਰਧਾਰਤ ਕਰਨ ਦੀ ਗੁੜਤੀ ਮਿਲੀ ਹੁੰਦੀ।
ਸ਼ਹਾਦਤ ਦੀ ਤਹਿਜ਼ੀਬ, ਸ਼ਹੀਦਾਂ ਦੀਆਂ ਯਾਦਗਾਰਾਂ ਜਾਂ ਤਹਿਰੀਕ ਵਿਚਲੀਆਂ ਜੀਵਨ-ਕਥਾਵਾਂ ਰਾਹੀਂ ਨਵੀਂ ਪੀੜ੍ਹੀ ਨੂੰ ਵਿਰਾਸਤ ਵਿਚ ਮਿਲਦੀ। ਨਵੀਂ ਪੀੜ੍ਹੀ ਨੂੰ ਕਿਸ ਰੂਪ ਵਿਚ ਇਹ ਵਿਰਾਸਤ ਮਿਲੀ ਅਤੇ ਅਗਲੀ ਪੀੜ੍ਹੀ ਨੇ ਕਿਸ ਸੰਦਰਭ ਵਿਚ ਸ਼ਹਾਦਤ ਵਿਚਲੇ ਸੂਖਮ ਅਤੇ ਸੁਗਮ ਸੰਦੇਸ਼ ਨੂੰ ਆਪਣੀ ਆਤਮਿਕਤਾ ਤੇ ਚੇਤਨਾ ਦਾ ਹਿੱਸਾ ਬਣਾਇਆ, ਇਸ ਨੇ ਹੀ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਤੈਅ ਕਰਨਾ ਹੁੰਦਾ। ਬਜੁਰਗਾਂ ਦੀ ਸ਼ਹੀਦੀਆਂ ਨੂੰ ਭੁੱਲਣ ਵਾਲੇ, ਸ਼ਹਾਦਤੀ ਯਾਦਗਾਰਾਂ ਨੂੰ ਮਲੀਆਮੇਟ ਕਰਨ ਵਾਲੇ ਸਭ ਤੋਂ ਵੱਡਾ ਅਕ੍ਰਿਤਘਣ, ਤੇ ਇਸ ਨਾਲ ਹੀ ਕਿਸੇ ਕੌਮ ਦੀ ਸਰਬਨਾਸ਼ਤਾ ਦਾ ਪੰਧ ਅਰੰਭ ਹੁੰਦਾ। ਸਿੱਖ ਇਤਿਹਾਸ ਦੇ ਹਰ ਵਰਕੇ ਨੂੰ ਸ਼ਹਾਦਤਾਂ ਨਾਲ ਭਰੇ ਹੋਣ ਦਾ ਮਾਣ, ਪਰ ਇਸ ਦੇ ਵਾਰਸਾਂ ਨੂੰ ਆਪਣੇ ਮਾਣਮੱਤੇ ਇਤਿਹਾਸ ਦੀ ਜਾਣਕਾਰੀ ਹੀ ਨਹੀਂ। ਅਸੀਂ ਤਾਂ ਸ਼ਹਾਦਤ ਨਾਲ ਸਬੰਧਤ ਸਥਾਨਾਂ ਨੂੰ ਮਲੀਆਮੇਟ ਕਰਕੇ ਇਨ੍ਹਾਂ ਦੇ ਨਾਮੋ-ਨਿਸ਼ਾਨ ਮਿਟਾਉਣ ਵਿਚ ਵੀ ਮੋਹਰੀ।
ਸੰਗਮਰਮਰ ਹੇਠ ਦਫਨ ਹੋ ਚੁਕੀ ਸਰਹਿੰਦ ਦੀ ਦੀਵਾਰ, ਚਮਕੌਰ ਦੀ ਕੱਚੀ ਗੜ੍ਹੀ ਅਤੇ ਮਾਛੀਵਾੜੇ ਵਿਚ ਖੂਹ ਦੀ ਮੌਣ, ਸ਼ਹਾਦਤ ਦੀ ਵਿਥਿਆ ਦਾ ਬਿਰਤਾਂਤ ਕਿਵੇਂ ਬਣਨਗੀਆਂ? ਦੀਵਾਰ, ਗੜ੍ਹੀ ਅਤੇ ਮੌਣ ਆਪਣਿਆਂ ਹੱਥੋਂ ਹੋਈ ਬੇਕਦਰੀ ਦਾ ਰੋਣਾ ਕਿਸ ਕੋਲ ਰੋਣ? ਕਿਸ ਸਾਹਵੇਂ ਹਾਵਿਆਂ ਦੇ ਤੰਦ ਪਰੋਣ? ਪਾਟੇ ਸੀਨਿਆਂ ‘ਤੇ ਕਿਸ ਧਰਵਾਸ ਦੇ ਤਰੋਪੇ ਲਾਉਣ ਤਾਂ ਕਿ ਤੜਫਦੇ ਹਿਰਦਿਆਂ ਨੂੰ ਸਕੂਨ ਆਵੇ? ਕਿੰਜ ਆਉਣ ਵਾਲੀਆਂ ਨਸਲਾਂ ਨੂੰ ਯਕੀਨ ਆਵੇਗਾ ਕਿ ਦੀਵਾਰ, ਗੜ੍ਹੀ ਅਤੇ ਮੌਣ ਨੂੰ ਸ਼ਹਾਦਤੀ ਇਤਿਹਾਸ ਦਾ ਚਸ਼ਮਦੀਦ ਗਵਾਹ ਹੋਣ ਦਾ ਮਾਣ ਪ੍ਰਾਪਤ ਸੀ। ਉਸ ਮਾਣ ਨੇ ਹੀ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਸੀ ਅਤੇ ਰੋਹੀਲੀ ਵਿਰਾਸਤ ਨੂੰ ਉਨ੍ਹਾਂ ਦੇ ਦੀਦਿਆਂ ਵਿਚ ਧਰਨਾ ਸੀ। ਨਵੀਂ ਪੀੜ੍ਹੀ ਨੇ ਜ਼ੁਲਮ ਤੇ ਸਿਤਮ ਦੀਆਂ ਤਹਿਆਂ ਫੋਲਦਿਆਂ ਨਵੀਂ ਸੋਚ ਤੇ ਨਵੀਂ ਤਰਕੀਬ ਨੂੰ ਸਮਿਆਂ ਦੇ ਨਾਮ ਕਰਨਾ ਸੀ ਤਾਂ ਕਿ ਅਜਿਹੀ ਅਣਹੋਣੀ ਫਿਰ ਕਦੇ ਨਾ ਵਾਪਰੇ। ਜਦ ਅਚੇਤ ਜਾਂ ਸੁਚੇਤ ਰੂਪ ਵਿਚ ਮਾਣਮੱਤੀਆਂ ਨਿਸ਼ਾਨੀਆਂ ਨੂੰ ਮਲੀਆਮੇਟ ਕਰਨ ਦਾ ਅਹਿਦ ਆਪਣੇ ਹੀ ਕਰ ਲੈਣ ਅਤੇ ਇਨ੍ਹਾਂ ਨੂੰ ਸੰਗਮਰਮਰੀ ਲਿਬਾਸ ਵਿਚ ਸਾਹ ਲੈਣ ਤੋਂ ਵੀ ਆਤੁਰ ਕਰ ਦੇਣ ਤਾਂ ਸੰਵੇਦਨਸ਼ੀਲ ਮਨ ‘ਚੋਂ ਬੜਾ ਕੁਝ ਲਾਵਾ ਬਣ ਕੇ ਬਾਹਰ ਨਿਕਲਦਾ। ਕੀ ਇਹ ਸੋਚੀ ਸਮਝੀ ਸਾਜਿਸ਼ ਸੀ? ਜਾਣ ਬੁੱਝ ਕੇ ਵਿਰਸੇ ਤੋਂ ਵਿਰਵਾ ਕਰਨਾ ਸੀ? ਜਾਂ ਕਿਸੇ ਦੂਰ-ਰਸੀ ਭਵਿੱਖੀ ਯੋਜਨਾ ਦਾ ਹਿੱਸਾ ਸੀ ਕਿ ਕਾਰ ਸੇਵਾ ਦੇ ਨਾਮ ‘ਤੇ ਸਿੱਖੀ ਦੀਆਂ ਫਖਰਯੋਗ ਨਿਸ਼ਾਨੀਆਂ ਨੂੰ ਸਦੀਵੀ ਸਮੇਟਿਆ ਜਾਵੇ ਅਤੇ ਇਨ੍ਹਾਂ ਨੂੰ ਲੋਕ-ਚੇਤਿਆਂ ਵਿਚੋਂ ਸਦਾ ਲਈ ਮਿਟਾਇਆ ਜਾਵੇ। ਕੇਹੀ ਤ੍ਰਾਸਦੀ ਹੈ ਕਿ ਸਿੱਖ ਕੌਮ ਆਪਣਾ 300 ਸਾਲ ਦਾ ਮਾਣਮੱਤਾ ਇਤਿਹਾਸ ਹੀ ਨਹੀਂ ਸੰਭਾਲ ਸਕੀ। ਹੋਰ ਕੀ ਆਸ ਰੱਖੀ ਜਾ ਸਕਦੀ ਏ?
ਦੀਵਾਰ, ਗੜ੍ਹੀ ਤੇ ਮੌਣ ਦੀ ਦੱਬ ਦਿਤੀ ਗਈ ਦਰਦੀਲੀ ਦਾਸਤਾਨ, ਬਹਿਰੇ ਅਤੇ ਗੁੰਗਿਆਂ ਨੇ ਤਾਂ ਸੁਣਨੀ ਨਹੀਂ। ਹਾਂ! ਜੇ ਇਤਿਹਾਸ ਦੇ ਵਰਕੇ ‘ਤੇ ਉਗੇ ਕਲਮ ਦੇ ਹਾਵੇ, ਹਾੜੇ, ਹੇਰਵੇ ਅਤੇ ਹਉਕੇ, ਸਿੱਖ-ਦੀਦਿਆਂ ਨੂੰ ਸਿੱਲੇ ਕਰ ਗਏ ਤਾਂ ਉਨ੍ਹਾਂ ਦੇ ਅੰਤਰੀਵ ਵਿਚ ਉਗੀ ਸੰਵੇਦਨਾ ਹੀ ਕਿਸੇ ਦਿਨ ਦੀਵਾਰ, ਗੜ੍ਹੀ ਅਤੇ ਮੌਣ ਦਾ ਹੁੰਗਾਰਾ ਜਰੂਰ ਬਣੇਗੀ।
ਸ਼ਹਾਦਤ, ਪੈਗੰਬਰੀ ਅਹਿਸਾਸ, ਪਾਕੀਜ਼ਗੀ ਭਰਪੂਰ ਕਾਰਜ, ਇਲਹਾਮੀ ਪੈਗਾਮ ਅਤੇ ਪੀਰ-ਪਾਹੁਲ ਵਿਚੋਂ ਪੀੜ-ਨਿਰਵਾਣ ਦੀ ਪ੍ਰੀਖਿਆ।
ਸ਼ਹਾਦਤ ਨੂੰ ਮਿਲਖਾਂ, ਜਗੀਰਾਂ, ਰੁਤਬਿਆਂ, ਸਨਮਾਨਾਂ ਨਾਲ ਕਦੇ ਨਹੀਂ ਤੋਲਿਆ ਜਾ ਸਕਦਾ। ਇਹ ਅਤੋਲਵੀਂ, ਅਮੁੱਲ, ਇਲਾਹੀ ਅਤੇ ਅਰਘ-ਅਰਾਧਨਾ। ਇਸ ਦੀਆਂ ਸੋਆਂ ਅਤੇ ਸੂਹਾਂ ਵਿਚ ਚੰਨ-ਤਾਰਿਆਂ ਦੀ ਬਾਰਸ਼। ਰਿਸ਼ਮਾਂ ਦੀ ਨਗਰੀ ਵਿਚ ਵਾਸਾ। ਚਾਨਣ ਦਾ ਮੁੱਲ ਕੋਈ ਕਿੰਜ ਪਾਵੇਗਾ?
ਸ਼ਹਾਦਤਾਂ ਨੂੰ ਭੁੱਲ ਜਾਣ ਵਾਲੀਆਂ ਕੌਮਾਂ ਅਕ੍ਰਿਤਘਣ, ਬੇਗੈਰਤ, ਬੇਜਾਨ ਅਤੇ ਆਪਣੀ ਬਰਬਾਦੀ ਦਾ ਲਿਖਿਆ ਸਿਰਨਾਵਾਂ। ਆਪਣੀ ਅਰਥੀ ਨੂੰ ਆਪਣੇ ਮੋਢਿਆ ‘ਤੇ ਢੋਂਦੇ ਲੋਕ। ਉਨ੍ਹਾਂ ਦੇ ਹੋਠਾਂ ‘ਤੇ ਖੁਦ ਦਾ ਮਰਸੀਆ। ਰਸਾਤਲ ਵੰਨੀਂ ਜਾਂਦੇ ਉਨ੍ਹਾਂ ਕਦਮਾਂ ਨੂੰ ਕਿੰਜ ਰੋਕੋਗੇ, ਜੋ ਤਬਾਹੀ ਦੇ ਰਾਹੀ ਹੋਣ? ਜਿਨ੍ਹਾਂ ਦੀ ਤਮੰਨਾ ਹੀ ਖੁਦ ਦੀ ਜ਼ਰਜਰੀ ਹੋਂਦ ਨੂੰ ਕਿਆਸਣਾ ਹੁੰਦਾ।
ਸ਼ਹਾਦਤਾਂ ਨੂੰ ਯਾਦ ਰੱਖੋ। ਇਸ ਦੀਆਂ ਕਦਰਾਂ-ਕੀਮਤਾਂ ਅਤੇ ਸੰਦੇਸ਼ਾਂ ਨੂੰ ਅਜੋਕੇ ਸਮਿਆਂ ਵਿਚ ਸਾਰਥਕਤਾ ਤੇ ਤਰਜ਼ੀਹਾਂ ਨੂੰ ਤਦਬੀਰਾਂ ਬਣਾਉਗੇ ਤਾਂ ਸ਼ਹਾਦਤਾਂ ਕਦੇ ਅਜਾਈਂ ਨਹੀਂ ਜਾਣਗੀਆਂ।
ਸ਼ਹਾਦਤ, ਸੂਰਜ ਦਾ ਸਿਰਨਾਵਾਂ। ਸਰਘੀ ਦੀ ਫੁੱਟਦੀ ਲੋਅ ਜਿਸ ਦੀ ਚਾਨਣ-ਰੁਸ਼ਨਾਈ ਨੇ ਜੀਵਨ-ਬਾਗ ਨੂੰ ਰੁਸ਼ਨਾਉਣਾ, ਖਿੜਾਉਣਾ, ਮਹਿਕਾਉਣਾ ਅਤੇ ਰੰਗ-ਲਬਰੇਜ਼ਤਾ ਨੂੰ ਜੀਵਨ ਦੇ ਨਾਮ ਲਾਉਣਾ। ਸੂਰਜ ਕਦੇ ਡੁੱਬਦੇ ਨਹੀਂ, ਸਿਰਫ ਕੁਝ ਸਮੇਂ ਲਈ ਛੁਪਦੇ। ਸੂਰਜ ਤੋਂ ਮੁੱਖ ਮੋੜਨ ਵਾਲੇ ਲੋਕਾਂ ਨੂੰ ਆਪਣਾ ਪ੍ਰਛਾਵਾਂ ਹੀ ਖਾ ਜਾਂਦਾ। ਫਿਰ ਉਹ ਬਿਨ ਸਿਰਨਾਵੇਂ ਅਤੇ ਹੋਂਦਹੀਣ ਹੋ ਕੇ, ਸਿਰ ਜੋਗੀ ਛਾਂ ਤੋਂ ਵੀ ਵਿਰਵੇ ਹੋ ਜਾਂਦੇ।
ਸ਼ਹਾਦਤ ਦੇ ਚੰਨ ਨੂੰ ਅਰਘ ਚੜਾਉਣਾ, ਇਸ ਦੀ ਲੋਅ ‘ਚ ਘੁੱਪ-ਹਨੇਰੀਆਂ ਜੂਹਾਂ ਰੁਸ਼ਨਾਉਣਾ, ਰੋਸ਼ਨੀ ਵਿਚ ਖੁਦ ਨਾਲ ਸੰਵਾਦ ਰਚਾਉਣਾ, ਜਿਉਣ ਢੰਗ ਨੂੰ ਵਿਉਂਤਣ ਦਾ ਵੱਲ ਜਰੂਰ ਆ ਜਾਵੇਗਾ।
ਸ਼ਹਾਦਤ, ਹਮੇਸ਼ਾ ਦਗਦੇ ਅੰਗਿਆਰਾਂ ਦੀ, ਚਮਕਦੇ ਤਾਰਿਆਂ ਦੀ, ਸੰਘਣੇ ਬਿਰਖਾਂ ਦੀ ਜਾਂ ਆਤਮ-ਸੂਝ ਨੂੰ ਪਛਾਣਨ ਵਾਲਿਆਂ ਦੀ ਹੀ ਰੰਗ ਲਿਆਉਂਦੀ, ਕਿਉਂਕਿ ਹਾਕਮਾਂ ਨੂੰ ਸਭ ਤੋਂ ਵੱਡਾ ਖਤਰਾ ਅਜਿਹੇ ਵਿਅਕਤੀਆਂ ਤੋਂ ਹੀ ਹੁੰਦਾ। ਬੁਝੇ ਦੀਵੇ, ਧੁਖਦੀਆਂ ਧੂਣੀਆਂ ਜਾਂ ਉਜੜੇ ਘਰਾਂ ਦੀਆਂ ਸਿਸਕੀਆਂ ਨੂੰ ਸਮਝਣ ਤੋਂ ਆਕੀ ਲੋਕ, ਆਪਣੇ ਪੈਰਾਂ ਵਿਚ ਸ਼ਹਾਦਤ-ਸਫਰ ਉਗਾਉਣ ਤੋਂ ਬਹੁਤ ਦੂਰ ਹੁੰਦੇ। ਬਿਨ-ਸਿਰਨਾਵੇਂ ਰਾਹ ਤੁਰਦਿਆਂ ਕਦੇ ਮੰਜ਼ਿਲਾਂ ਨਹੀਂ ਮਿਲਦੀਆਂ। ਪੈਰਾਂ ਵਿਚ ਸਫਰ ਤਾਂ ਹੀ ਉਗਦਾ, ਜਦ ਦੀਦਿਆਂ ਵਿਚ ਸੁਪਨੇ ਹੋਣ, ਕਦਮਾਂ ਨੂੰ ਤੁਰਨ ਦਾ ਚਾਅ ਹੋਵੇ ਅਤੇ ਰਾਹ ਦੀਆਂ ਮੁਸ਼ਕਿਲਾਂ ਵਿਚੋਂ ਉਭਰਨ ਦਾ ਵੱਲ ਆਉਂਦਾ ਹੋਵੇ। ਅਜਿਹੇ ਵਿਅਕਤੀ ਸ਼ਹਾਦਤ ਨੂੰ ਜਾਂਦੀਆਂ ਰਾਹਾਂ ਦੀ ਘੋਖ ਕਰਦੇ ਅਤੇ ਇਸ ਨੂੰ ਸੋਚ ਦਾ ਹਾਣੀ ਬਣਾਉਣ ਲਈ ਜਿੰਦ-ਜਾਨ ਹੂਲਦੇ।
ਸਦਾ ਜਿਉਂਦੀਆਂ ਰਹਿਣ ਵਾਲੀਆਂ ਕੌਮਾਂ ਆਪਣੇ ਪੁਰਖਿਆਂ ਦੇ ਸ਼ਹਾਦਤੀ ਖਰੜਿਆਂ, ਸ਼ਹੀਦੀ ਸਮਾਰਕਾਂ, ਨਿਸ਼ਾਨੀਆਂ ਅਤੇ ਉਨ੍ਹਾਂ ਨਾਲ ਸਬੰਧਤ ਯਾਦਗਾਰੀ ਅਸਥਾਨਾਂ ਨੂੰ ਮੁਢਲੇ ਰੂਪ ਵਿਚ ਰੱਖਦੀਆਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਬੀਤੇ ਸਮੇਂ ਨੂੰ ਮਨ ਵਿਚ ਹੂਬਹੂ ਚਿੱਤਵ ਸਕਣ। ਉਨ੍ਹਾਂ ਦੇ ਹਿਰਦਿਆਂ ਵਿਚ ਬੀਤੇ ਦਾ ਹਰ ਵਰਕਾ ਅਤੇ ਹਰ ਹਰਫ ਉਕਰਿਆ ਜਾਵੇ। ਸ਼ਹਾਦਤਾਂ ਨਾਲ ਲਬਰੇਜ਼ ਤਹਿਜ਼ੀਬੀ ਵਰਕਾ ਹੀ ਆਉਣ ਵਾਲੀਆਂ ਨਸਲਾਂ ਦੇ ਮਨ ਨੂੰ ਇਹ ਦ੍ਰਿੜ ਕਰਵਾਉਂਦਾ ਕਿ ਉਹ ਇਤਿਹਾਸਕ ਰਹਿਬਰੀ ਵਿਚੋਂ ਆਪਣੀ ਪਛਾਣ, ਪਰੰਪਰਾਵਾਂ, ਮਾਨਤਾਵਾਂ ਅਤੇ ਮਰਿਆਦਾਵਾਂ ਨੂੰ ਸਦੀਵੀ ਜਿਉਂਦਾ ਰੱਖ ਸਕਣ।