ਬ੍ਰਿਜਿੰਦਰ ਸਿੰਘ ਸਿੱਧੂ
ਸੇਵਾ ਮੁਕਤ ਪ੍ਰਿੰਸੀਪਲ
ਫੋਨ: 925-683-1982
ਬਹੁਤ ਸਾਲ ਪਹਿਲਾਂ ਪ੍ਰੋ. ਮੋਹਨ ਸਿੰਘ ਨੇ ਲਿਖਿਆ ਸੀ,
ਰੱਬ ਇਕ ਗੁੰਝਲਦਾਰ ਬੁਝਾਰਤ
ਰੱਬ ਇਕ ਗੋਰਖ ਧੰਦਾ।
ਖੋਲ੍ਹਣ ਲੱਗਿਆ ਪੇਚ ਏਸ ਦੇ
ਕਾਫਰ ਹੋ ਜਾਏ ਬੰਦਾ।
ਅੱਜ ਦੇ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਮੈਂ ਮਹਿਸੂਸ ਕਰਦਾ ਹਾਂ ਕਿ ਮਨੁੱਖੀ ਜੀਵਨ ਦੇ ਮਨੋਰਥ ਵਿਚ ਹੈਰਾਨਕੁਨ ਵੰਨਗੀ ਦੇਖਦਿਆਂ ਇਨਸਾਨ ਅਸਚਰਜਤਾ ਦੀਆਂ ਹੱਦਾਂ ਬੰਨੇ ਪਾਰ ਕਰਦਾ ਨਜ਼ਰ ਆ ਰਿਹਾ ਹੈ! ਇਹ ਮਨੋਰਥ ਵੀ ਗੋਰਖ ਧੰਦਾ ਹੀ ਲੱਗਦਾ ਹੈ। ਜੰਗਲਾਂ ਵਿਚ ਰਹਿੰਦੇ ਮਨੁੱਖ ਲਈ ਸਿਰਫ ਖੁਰਾਕ ਦੀ ਤਲਾਸ਼ ਕਰਨਾ ਹੀ ਜੀਵਨ ਮਨੋਰਥ ਸੀ। ਇਸ ਵਿਚ ਕਾਮਯਾਬ ਹੋਣ ਲਈ ਉਸ ਨੂੰ ਤਕੜੇ ਸਰੀਰ ਦੀ ਲੋੜ ਸੀ। ਇਸ ਦੀ ਪੂਰਤੀ ਲਈ ਅਚਾਨਕ ਲੱਗੀ ਅੱਗ ਅਧੀਨ ਭੁੱਜਿਆ ਮਾਸ ਉਸ ਨੂੰ ਰਾਸ ਆਇਆ। ਕੁਦਰਤੀ ਉਗੀਆਂ ਕੁਝ ਸਬਜ਼ੀਆਂ ਵੀ ਸਹਾਈ ਹੋਈਆਂ, ਪਰ ਇਧਰ ਉਧਰ ਦੀਆਂ ਫਜ਼ੂਲ ਗੱਲਾਂ ਲਈ ਉਸ ਦੇ ਜੀਵਨ ਮਨੋਰਥ ਵਿਚ ਕੋਈ ਥਾਂ ਨਹੀਂ ਸੀ! ਜਿਉਂ-ਜਿਉਂ ਆਦਮੀ ਸਭਿਅਤਾ ਦੇ ਚੱਕਰ ਵਿਚ ਪੈਂਦਾ ਗਿਆ, ਜੀਵਨ ਮਨੋਰਥ ਬਦਲਦੇ ਗਏ। ਹਰ ਆਦਮੀ ਦੀ ਮਾਨਸਿਕ ਅਵਸਥਾ ਅਨੁਸਾਰ ਜੀਵਨ ਲੀਲ੍ਹਾ ਰੰਗ ਬਦਲਦੀ ਰਹਿੰਦੀ ਹੈ ਅਤੇ ਜੀਵਨ ਮਨੋਰਥ ਬਹੁਤ ਦਿਲਚਸਪ ਤੇ ਰੌਚਕ ਬਣਦਾ ਰਹਿੰਦਾ ਹੈ।
ਜ਼ਿੰਦਗੀ ਦੀ ਪਗਡੰਡੀ ‘ਤੇ ਚਲਦਿਆਂ ਕਈ ਅਸੂਲੀ ਆਦਮੀਆਂ ਨੂੰ ਵਕਤ ਦੀ ਨਜ਼ਾਕਤ ਦੇਖਦਿਆਂ ਗਲਤ ਹਾਲਾਤ ਨਾਲ ਵੀ ਸਮਝੌਤਾ ਕਰਨਾ ਪੈਂਦਾ ਹੈ, ਪਰ ਬਹੁਤ ਸਾਰਿਆਂ ਦਾ ਜੀਵਨ ਮਨੋਰਥ ਹੀ ਕਦਮ-ਕਦਮ ‘ਤੇ ਸਮਝੌਤਾ ਕਰਨਾ ਹੈ।
ਨਿਆਣੀ ਉਮਰ ਵਿਚ ਕਿਸੇ ਦੀ ਨਕਲ ਉਤਾਰਨਾ ਜਾਂ ਮੂੰਹ ਚਿੜਾਉਣਾ ਅਤੇ ਪੁੱਠਾ ਸਿੱਧਾ ਦੂਜਾ ਨਾਮ ਰੱਖਣਾ ਬਹੁਤ ਵਾਰ ਮਾਸੂਮੀਅਤ ਤੇ ਭੋਲੇਪਣ ਦੀ ਨਿਸ਼ਾਨੀ ਹੈ, ਪਰ ਸਾਰੀ ਉਮਰ ਇਹੋ ਜਿਹੀ ਹਰਕਤ ਕਰਦੇ ਰਹਿਣਾ ਕੁਝ ਬੰਦਿਆਂ ਦਾ ਜੀਵਨ ਮਨੋਰਥ ਹੀ ਲਗਦਾ ਹੈ! ਮੇਰੀ ਜਾਣ-ਪਛਾਣ ਵਾਲੇ ਕੁੱਝ ਸੱਜਣ ਸਾਰੀ ਉਮਰ ਇਕ ਗੱਲ ਦਾਅਵੇ ਨਾਲ ਕਹਿੰਦੇ ਰਹੇ ਕਿ ਮੂੰਹ ਉਤੇ ਕਿਸੇ ਨੂੰ ਬੁਰਾ ਨਾ ਕਹੋ ਅਤੇ ਪਿੱਠ ਪਿੱਛੇ ਕਿਸੇ ਨੂੰ ਵੀ ਚੰਗਾ ਨਾ ਕਹੋ; ਭਲੇ ਤੇ ਭੋਲੇ ਲੋਕਾਂ ਦਾ ਮਜ਼ਾਕ ਉਡਾਓ ਅਤੇ ਉਨ੍ਹਾਂ ਦੀ ਸ਼ਕਲ ਤੇ ਆਦਤ ਨੂੰ ਦੇਖ ਕੇ ਬਹੁਤ ਭੱਦੇ ਨਾਮ ਰੱਖੋ; ਜਿਵੇਂ ਲੰਮੀਆਂ ਬਾਹਾਂ ਵਾਲੇ ਨੂੰ ਭਾਲੂ (ਰਿੱਛ) ਕਹੋ, ਵਗੈਰਾ-ਵਗੈਰਾ।
ਹੈਰਾਨੀ ਇਸ ਗੱਲ ਦੀ ਹੈ ਕਿ ਇਹ ਸੱਜਣ ਕਾਫੀ ਬੁਧੀਜੀਵੀ ਹਨ। ਮਜ਼ਾਕੀਆ ਫਿਤਰਤ ਦੇ ਮਾਲਕ ਹੋਣ ਕਰਕੇ ਹਰ ਵੇਲੇ ਰੌਣਕ ਲਾਈ ਰੱਖਦੇ ਹਨ। ਇਕ ਦਿਨ ਮੈਂ ਇਨ੍ਹਾਂ ਵਿਚੋਂ ਇਕ ਮਨਚਲੇ ਨੂੰ ਸਵਾਲ ਕੀਤਾ ਕਿ ਤੁਹਾਡਾ ‘ਸੋਲ’ (ਸੁਲ – ਆਤਮਾ/ਰੂਹ) ਬਾਬਤ ਕੀ ਖਿਆਲ ਹੈ? ਉਸ ਨੇ ਝੱਟ ਜਵਾਬ ਦਿੱਤਾ, “ਮੈਂ ਤਾਂ ਇਕ ਹੀ ‘ਸੋਲ’ (ੰੋਲe) ਨੂੰ ਜਾਣਦਾ ਹਾਂ, ਉਹ ਹੈ, ਮੇਰੇ ਬੂਟ ਦਾ ਤਲਾ, ਤੇ ਹਮੇਸ਼ਾ ਮੇਰੇ ਪੈਰਾਂ ਥੱਲੇ ਹੀ ਰਹਿੰਦਾ ਹੈ! ਦੁਨੀਆਂ ਐਵੇਂ ਭੁਲੇਖਿਆਂ ਵਿਚ ਡੁੱਬੀ ‘ਸੋਲ ਸੋਲ’ ਕਹਿੰਦੀ ਰਹਿੰਦੀ ਹੈ।”
ਡਾ. ਵਿਦਿਆ ਸਾਗਰ ਬਹੁਤ ਨੇਕ ਦਿਲ ਇਨਸਾਨ ਸਨ। ਫਰੀਦਕੋਟ ਦੇ ਸਰਕਾਰੀ ਕਾਲਜ ਵਿਚ ਮੈਂ ਉਨ੍ਹਾਂ ਦਾ ਲੈਕਚਰ ਸੁਣਿਆ। ਉਨ੍ਹਾਂ ਕਿਹਾ ਕਿ ਉਸ ਦੇ ਪਿਤਾ ਬਹੁਤ ਸਖਤ ਤਬੀਅਤ ਦੇ ਮਾਲਕ ਸਨ। ਇਸ ਲਈ ਉਹ ਆਪਣੀ ਭੂਆ ਕੋਲ ਰਹਿ ਕੇ ਹੀ ਪੜ੍ਹੇ। ਸਾਰੀ ਉਮਰ ਉਨ੍ਹਾਂ ਨੂੰ ਪਿਆਰ ਦੀ ਭੁੱਖ ਤੜਫਾਉਂਦੀ ਰਹੀ। ਇਸ ਤੜਫਾਹਟ ਵਿਚੋਂ ਉਪਜਿਆ ਜੀਵਨ ਮਨੋਰਥ ਉਨ੍ਹਾਂ ਨੂੰ ਸਾਰੀ ਉਮਰ ਕਿਸੇ ਨੂੰ ਵੀ ਨਾਰਾਜ਼ ਨਾ ਕਰਨ ਲਈ ਪ੍ਰੇਰਦਾ ਰਿਹਾ। ਜੇ ਅੱਧੀ ਰਾਤ ਵੇਲੇ ਵੀ ਕੋਈ ਮਾਨਸਿਕ ਮਰੀਜ਼ ਪਹੁੰਚ ਗਿਆ, ਉਸ ਨੂੰ ਵੀ ਗਲੇ ਲਾਇਆ। ਕਈ ਵਾਰ ਪਤਨੀ ਅਤੇ ਬੱਚਿਆਂ ਨੇ ਇਸ ਆਦਤ ਨਾਲ ਅਸਹਿਮਤੀ ਵੀ ਜਤਾਈ, ਪਰ ਉਹ ਆਪਣੇ ਮਿਸ਼ਨ ਵਿਚ ਅਡੋਲ ਰਹੇ।
ਨਵੇਂ ਜ਼ਮਾਨੇ ਦੀ ਮਾਇਆਧਾਰੀ ਦੁਨੀਆਂ ਵਿਚ ਬਹੁਤੇ ਲੋਕਾਂ ਦਾ ਜੀਵਨ ਮਨੋਰਥ ਪੈਸਾ ਹੈ। ਕਈਆਂ ਦੀ ਜਿੰਦ-ਜਾਨ ਸਿਰਫ ਤਰੱਕੀ ਕਰਨਾ ਹੈ। ਬਹੁਤ ਘੱਟ ਆਦਮੀ ਜੀਵਨ ਮਨੋਰਥ ਨੂੰ ਸਬਰ-ਸਬੂਰੀ ਦਾ ਜਾਮਾ ਪਹਿਨਾਉਂਦੇ ਹਨ।
ਅੱਜ ਕੱਲ੍ਹ ‘ਮੀ ਟੂ’ ਵਾਲਾ ਅਖਾਣ ਬਹੁਤ ਪ੍ਰਚਲਿਤ ਹੈ। ਬਹੁਤੇ ਮਰਦ-ਔਰਤਾਂ ਦਾ ਇਹੀ ਜੀਵਨ ਮਨੋਰਥ ਬਣ ਗਿਆ ਹੈ। ਜਦੋਂ ਇਸ ਵਿਚ ਕੁਰਬਾਨੀ ਦਾ ਅੰਗ ਪੂਰੀ ਤਰ੍ਹਾਂ ਗੈਰ ਹਾਜ਼ਰ ਹੋ ਜਾਵੇ ਤਾਂ ਇਹ ਖੁਦਗਰਜ਼ੀ ਦਾ ਆਲਮ ਬਣ ਜਾਂਦਾ ਹੈ। ਖੁਦਗਰਜ਼ੀ ਸਮਾਜ ਨੂੰ ਤਪਦਿਕ ਦੇ ਰੋਗ ਵਾਂਗ ਹੌਲੀ-ਹੌਲੀ ਖੁਰਦ-ਬੁਰਦ ਕਰ ਦਿੰਦੀ ਹੈ। ਜੀਵਨ ਦਾ ਇਹ ਮਨੋਰਥ ਇਨਸਾਨੀਅਤ ਲਈ ਘਾਤਕ ਸਾਬਤ ਹੋ ਰਿਹਾ ਹੈ! ਰਿਸ਼ਤੇ-ਨਾਤੇ ਕਦਰ ਖੋ ਬੈਠੇ ਹਨ। ਕਈ ਵਾਰ ਜਾਪਦਾ ਹੈ, ਪਿਆਰ-ਮੁਹੱਬਤ ਗੁਜ਼ਰੇ ਸਮੇਂ ਦੀ ਕਹਾਣੀ ਬਣ ਰਹੀ ਹੈ।
ਸਿਆਸਤ ਬੜੀ ਅਜੀਬ ਖੇਡ ਹੈ, ਜੋ ਸ਼ਖਸ ਇਸ ਵਿਚ ਕੁੱਦ ਪੈਂਦਾ ਹੈ, ਉਸ ਦਾ ਨਜ਼ਰੀਆ ਦਿਲਚਸਪ ਕਰਵਟ ਲੈ ਲੈਂਦਾ ਹੈ। ਜੇ ਸ਼ਕਤੀ ਵੀ ਹੱਥ ਲੱਗ ਜਾਏ, ਫੇਰ ਤਾਂ ਕਹਿਣਾ ਹੀ ਕੀ! ਜੀਵਨ ਦਾ ਇਕੋ ਹੀ ਮਨੋਰਥ ਬਣ ਜਾਂਦਾ ਹੈ ਕਿ ਉਸ ਦੀ ਇਹ ਤਾਕਤ ਕਿਵੇਂ ਕਾਇਮ ਰਹੇ?
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਾਲੀਆ ਭਾਰਤ ਫੇਰੀ ਨੂੰ ਲੋਕ ਵੱਖੋ-ਵੱਖ ਖਿਆਲਾਂ ਨਾਲ ਦੇਖਦੇ ਹਨ, ਪਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਨਵੰਬਰ ਦੀ ਚੋਣ ਜਿੱਤਣਾ ਉਸ ਦੇ ਜੀਵਨ ਦਾ ਅੱਜ ਦੀ ਘੜੀ ਮੁੱਖ ਮਨੋਰਥ ਹੈ। ਭਾਰਤ ਦੀ ਜਨਤਾ ਨਾਲ ਬਣਾਉਟੀ ਪਿਆਰ ਜਤਾਉਣਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੱਫੀਆਂ ਪਾਉਣਾ, ਦਿੱਲੀ ਦੇ ਅੱਗ ਤੇ ਧੂੰਏ ਵੱਲ ਅੱਖਾਂ ਮੀਟਣਾ, ਹਥਿਆਰ ਵੇਚ ਕੇ ਅਮਰੀਕਾ ਦੀ ਤਜਾਰਤ ਵਧਾਉਣਾ ਅਤੇ ਭਾਰਤ ਦੇ ਪਿਛੋਕੜ ਵਾਲੇ ਅਮਰੀਕਨਾਂ ਨੂੰ ਅਹਿਮ ਪਦਵੀਆਂ ‘ਤੇ ਬਿਠਾਉਣਾ ਆਉਣ ਵਾਲੀ ਚੋਣ ਵਿਚ ਵੋਟਾਂ ਬਟੋਰਨ ਦਾ ਬਹੁਤ ਖੂਬਸੂਰਤ ਸਾਧਨ ਹੈ।
ਕਈ ਵਾਰ ਜੀਵਨ ਦੇ ਇਸ ਮਨੋਰਥ ਲਈ ਸਿਆਸੀ ਆਦਮੀ ਉਹ ਕੋਝੀਆਂ ਹਰਕਤਾਂ ਕਰਦੇ ਹਨ, ਜਿਨ੍ਹਾਂ ਦਾ ਜ਼ਿਕਰ ਕਰਨ ਤੋਂ ਮੇਰੀ ਕਲਮ ਝਿਜਕ ਰਹੀ ਹੈ। ਦੰਗੇ ਕਰਵਾਉਣਾ ਤਾਂ ਇਨ੍ਹਾਂ ਲਈ ਆਮ ਗੱਲ ਹੈ। ਕਈ ਨਾਮਵਰ ਇਤਿਹਾਸਕਾਰ ਕਹਿੰਦੇ ਹਨ ਕਿ ਭਾਰਤ ਦੀ ਵੰਡ ਦਾ ਇਕ ਕਾਰਨ ਸਿਆਸਤਦਾਨਾਂ ਦੀ ਢਲਦੀ ਉਮਰ ਵਿਚ ਛੇਤੀ ਤੋਂ ਛੇਤੀ ਤਾਕਤ ਸੰਭਾਲਣਾ ਜੀਵਨ ਮਨੋਰਥ ਬਣ ਗਿਆ ਸੀ। ਕਰੋੜਾਂ ਲੋਕਾਂ ਦੀ ਬਰਬਾਦੀ ਇਸ ਖਤਰਨਾਕ ਮਨੋਰਥ ਦੀ ਨਾ ਬਖਸ਼ਣ ਵਾਲੀ ਉਪਜ ਸੀ। ਰੱਬ ਜਾਣੇ ਕੀ ਸੱਚ ਹੈ! ਮਾਸੂਮ ਲੋਕ ਸਦਾ ਸਿਆਸਤਦਾਨਾਂ ਦੀਆਂ ਲੂੰਬੜ ਚਾਲਾਂ ਦੇ ਸ਼ਿਕਾਰ ਬਣਦੇ ਹਨ।
ਪੰਜਾਬ ਦੇ ਪਿੰਡਾਂ ਵਿਚੋਂ ਖਾਸ ਅਤੇ ਬਾਕੀ ਭਾਰਤ ਵਿਚੋਂ ਆਮ ਰੁਝਾਨ ਵਿਦੇਸ਼ ਪਹੁੰਚਣ ਦਾ ਇਸ ਕਦਰ ਹਾਵੀ ਹੋ ਗਿਆ ਹੈ ਕਿ ਇਸ ਨੂੰ ਉਨ੍ਹਾਂ ਲੋਕਾਂ ਦਾ ਜੀਵਨ ਮਨੋਰਥ ਕਹਿਣਾ ਗਲਤ ਨਹੀਂ ਹੋਵੇਗਾ। ਮੇਰੇ ਆਪਣੇ ਅਤੇ ਮੇਰੀ ਜਾਣ-ਪਛਾਣ ਵਾਲੇ ਸ਼ਖਸਾਂ ਦੇ ਬੱਚੇ ਡਾਕਟਰ ਅਤੇ ਇੰਜੀਨੀਅਰ ਹਨ। ਲੰਮੇ ਸਮੇਂ ਤੋਂ ਅਮਰੀਕਾ ਵਿਚ ਰਹਿੰਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਇਨ੍ਹਾਂ ਬੱਚਿਆਂ ਵਿਚੋਂ ਵਿਰਲਿਆਂ ਦਾ ਮਨੋਰਥ ਹੀ ਇਥੋਂ ਦੇ ਚੰਗੇ ਵਾਤਾਵਰਣ ਵਿਚ ਕੰਮ ਕਰਕੇ ਜਗਤ ਪ੍ਰਸਿਧ ਡੈਮ ਇੰਜੀਨੀਅਰ ਸਰਕਾਰੀਆ ਸਾਹਿਬ ਜਾਂ ਕੈਮਿਸਟਰੀ ਦੇ ਖੁਰਾਣਾ ਸਾਹਿਬ ਜਾਂ ਅਰਥ ਸ਼ਾਸਤਰ ਦੇ ਸੈਨ ਸਾਹਿਬ ਦੀ ਤਰ੍ਹਾਂ ਨੋਬੇਲ ਪੁਰਸਕਾਰ ਹਾਸਲ ਕਰਨਾ ਹੈ। ਬਾਕੀ ਤਾਂ ਵੱਡੀਆਂ ਤੇ ਮਹਿੰਗੀਆਂ ਕਾਰਾਂ ਦੇ ਚੱਕਰ ਵਿਚ ਹੀ ਜੀਵਨ ਬਤੀਤ ਕਰ ਰਹੇ ਹਨ। ਚਲੋ ਇਸ ਕਿਸਮ ਦੇ ਮਨੋਰਥ ਦਾ ਸਮਾਜ ‘ਤੇ ਕੋਈ ਬੁਰਾ ਅਸਰ ਨਹੀਂ, ਇਨ੍ਹਾਂ ਬੱਚਿਆਂ ਨੂੰ ਮੇਰੀ ਦਿਲੀ ਮੁਬਾਰਕਬਾਦ; ਫਿਰ ਵੀ ਮੈਂ ਆਸ ਲਾਈ ਬੈਠਾ ਹਾਂ ਕਿ ਇਹ ਬਹੁਤ ਲਾਇਕ ਬੱਚੇ ਆਉਣ ਵਾਲੇ ਸਮੇਂ ਵਿਚ ਕਰੋਨਾ ਵਾਇਰਸ ਜਿਹੀਆਂ ਭਿਆਨਕ ਬਿਮਾਰੀਆਂ ਦੇ ਇਲਾਜ ਲਈ ਆਪਣਾ ਯੋਗਦਾਨ ਪਾਉਣਾ ਜੀਵਨ ਮਨੋਰਥ ਬਣਾ ਲੈਣਗੇ।
ਬਹੁਤ ਥੋੜ੍ਹੇ ਜਿਹੇ ਇਹੋ ਜਿਹੇ ਵੀ ਹਨ, ਜਿਨ੍ਹਾਂ ਦਾ ਜੀਵਨ ਮਨੋਰਥ ਬੇਸਬਰੀ ਨਾਲ ਧਨ ਕਮਾਉਣਾ ਹੈ ਅਤੇ ਪੰਜਾਬੀ ਦੇ ਅਖਬਾਰਾਂ ਵਿਚ ਉਨ੍ਹਾਂ ਦੀਆਂ ਗੈਰ ਕਾਨੂੰਨੀ ਹਰਕਤਾਂ ਪੜ੍ਹ ਕੇ ਅਤੇ ਉਨ੍ਹਾਂ ਨੂੰ ਜੇਲ੍ਹ ਕੋਠੜੀਆਂ ਵੱਲ ਜਾਂਦੇ ਦੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਰੱਬ ਇਨ੍ਹਾਂ ਨੂੰ ਸੁਮੱਤ ਬਖਸ਼ੇ!
ਕੋਈ ਵੇਲਾ ਸੀ, ਜਦੋਂ ਮਿਲਟਰੀ ਦੀ ਨੌਕਰੀ ਸਰਹੱਦਾਂ ਦੀ ਰਾਖੀ ਕਰਨਾ ਹੀ ਸੀ। ਫੌਜੀਆਂ ਨੂੰ ਚੰਗੀਆਂ ਸਹੂਲਤਾਂ ਅਤੇ ਤਨਖਾਹਾਂ ਦੇ ਕੇ ਜਨਤਾ ਤੋਂ ਦੂਰ ਹੀ ਰੱਖਿਆ ਜਾਂਦਾ ਸੀ। ਉਨ੍ਹਾਂ ਦਾ ਜੀਵਨ ਮਨੋਰਥ ਅਨੁਸ਼ਾਸਨ ਵਿਚ ਰਹਿਣਾ, ਚੰਗੀ ਖੁਰਾਕ, ਚੰਗੀ ਸਿਹਤ ਅਤੇ ਇਮਾਨਦਾਰੀ ਦੀ ਜ਼ਿੰਦਗੀ ਬਸਰ ਕਰਨਾ ਸੀ, ਪਰ ਅੱਜ ਕੱਲ੍ਹ ਸਿਆਸੀ ਪਾਰਟੀਆਂ ਦਾ ਆਪਣੇ ਕੋਝੇ ਇਰਾਦਿਆਂ ਲਈ ਫੌਜ ਨੂੰ ਵਰਤਣਾ ਫੌਜੀ ਅਫਸਰਾਂ ਨੂੰ ਵੀ ਝੋਲੀ-ਚੁੱਕ ਬਣਨ ਲਈ ਉਤਸ਼ਾਹਤ ਕਰਦਾ ਹੈ। ਇਸ ਲਈ ਨਵੇਂ ਹਾਲਾਤ ਵਿਚ ਉਨ੍ਹਾਂ ਦੇ ਜੀਵਨ ਮਨੋਰਥ ਦੀ ਚਰਚਾ ਕਰਨਾ ਇਸ ਨਿਮਾਣੇ ਜਿਹੇ ਲੇਖ ਵਿਚ ਢੁਕਵੀਂ ਥਾਂ ਨਹੀਂ।
ਸਮਾਜ ਸੇਵਾ ਦਾ ਸ਼ੌਕ ਦਿਨੋ ਦਿਨ ਧੁੰਦਲਾ ਹੋ ਰਿਹਾ ਹੈ। ਦੇਖਦਿਆਂ-ਦੇਖਦਿਆਂ ਬਹੁਤ ਕੁਝ ਬਦਲ ਗਿਆ ਹੈ। ਪਹਿਲਾਂ ਜਿਨ੍ਹਾਂ ਇਨਸਾਨਾਂ ਨੇ ਇਸ ਸ਼ੌਕ ਨੂੰ ਜੀਵਨ ਮਨੋਰਥ ਸਮਝਿਆ ਸੀ, ਉਨ੍ਹਾਂ ਨੇ ਇਸ ਮਨੋਰਥ ਦੀ ਪੂਰਤੀ ਲਈ ਆਪਣੀ ਜ਼ਮੀਨ-ਜਾਇਦਾਦ ਤਕ ਵੇਚ ਦਿੱਤੀ। ਗਦਰੀ ਬਾਬਿਆਂ ਨੇ ਘਰ ਬਰਬਾਦ ਕਰ ਲਏ। ਕਈਆਂ ਨੇ ਸ਼ਾਦੀਆਂ ਵੀ ਨਾ ਕੀਤੀਆਂ, ਪਰ ਇਸ ਮਨੋਰਥ ਨੂੰ ਆਂਚ ਨਹੀਂ ਆਉਣ ਦਿੱਤੀ। ਅੱਜ ਕੱਲ੍ਹ ਬਹੁਤ ਸਾਰੇ ਲੀਡਰ ਸਮਾਜ ਸੇਵਾ ਦਾ ਢੌਂਗ ਰਚ ਕੇ ਇਸ ਨੂੰ ਜੀਵਨ ਮਨੋਰਥ ਕਹਿੰਦੇ ਹਨ। ਕਰੀਬ ਹਰ ਸਿਆਸੀ ਲੀਡਰ ਆਪਣੇ ਪੁੱਤਰ ਨੂੰ ਵੀ ਇਹੋ ਸਬਕ ਪੜ੍ਹਾਉਂਦਾ ਹੈ। ਘਰ ਗੁਆਉਣ ਦੀ ਥਾਂ ਘਰ ਮਾਇਆ ਨਾਲ ਭਰਦਾ ਹੈ। ਐ ਜੀਵਨ ਮਨੋਰਥ, ਤੇਰੇ ਕਿਤਨੇ ਰੰਗ?
ਫਿਰ ਵੀ ਉਚੇ ਜੀਵਨ ਮਨੋਰਥ ਵਾਲਿਆਂ ਦਾ ਬੀਜ ਨਾਸ ਨਹੀਂ। ਭਗਤ ਪੂਰਨ ਸਿੰਘ ਦੇ ਇਸ ਸੁਚੱਜੇ ਮਨੋਰਥ ਦੀ ਸੰਸਾਰ ਪ੍ਰਸਿੱਧ ਉਪਜ ਪਿੰਗਲਵਾੜੇ ਹਨ। ਮਨੁੱਖਤਾ ਦੀ ਸੇਵਾ ਦੀ ਜਿਉਂਦੀ ਜਾਗਦੀ ਮਿਸਾਲ! ਲੁਧਿਆਣੇ ਦੇ ਡਾ. ਨਾਹਰ ਸਿੰਘ ਮਾਂਗਟ ਨੇ ਖੇਤੀਬਾੜੀ ਦੀ ਵੱਡਮੁੱਲੀ ਖੋਜ ਪਿਛੋਂ ਨਿਆਸਰਿਆਂ ਦੀ ਦੇਖ-ਭਾਲ ਹੀ ਆਪਣਾ ਜੀਵਨ ਮਨੋਰਥ ਬਣਾ ਲਿਆ ਹੈ। ਪਟਿਆਲੇ ਦੇ ਵੀਰ ਜੀ (ਮਰਹੂਮ) ਦਾ ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕਰਨਾ ਹੀ ਉਨ੍ਹਾਂ ਦਾ ਜੀਵਨ ਆਧਾਰ ਸੀ। ਚੰਡੀਗੜ੍ਹ ਵਿਚ ਗਿਆਨ ਚੰਦ ਸਬਰ-ਸਬੂਰੀ ਨਾਲ ਸੈਨਿਟਰੀ ਦਾ ਕੰਮ ਕਰਨ ਵਾਲਾ ਵੀ ਵੀਰ ਜੀ ਵਾਲੀ ਡਿਊਟੀ ਨਿਭਾ ਰਿਹਾ ਹੈ।
ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ ਸ਼ਖਸਾਂ ਵਿਚੋਂ ਕੋਈ ਵੀ ਧਨਾਢ ਨਹੀਂ ਹੈ। ਸਿੱਧੇ-ਸਾਦੇ ਸੰਤੋਖੀ ਬੰਦੇ ਹਨ। ਰੱਬ ਜਾਣੇ, ਕਿਉਂ ਮਾਇਆ ਬੰਦੇ ਦੀ ਤਰਜ਼ੇ-ਜ਼ਿੰਦਗੀ ਨੂੰ ਹੋਰ ਦਾ ਹੋਰ ਕਰ ਦਿੰਦੀ ਹੈ?
ਇਕ ਹੋਰ ਗੱਲ ਬਹੁਤ ਸ਼ਿੱਦਤ ਨਾਲ ਸਾਹਮਣੇ ਆ ਰਹੀ ਹੈ। ਕਈ ਧਰਮ ਪ੍ਰਚਾਰਕ ਅਤੇ ਅਖਬਾਰਾਂ ਵਿਚ ਲੇਖ ਲਿਖਣ ਵਾਲੇ ਲੋਕ ਗੁਰਬਾਣੀ ਦੀ ਵਿਆਖਿਆ ਆਪੋ-ਆਪਣੇ ਵਿਚਾਰਾਂ ਅਨੁਸਾਰ ਬੜੇ ਰੌਚਕ ਅਤੇ ਵਿਗਿਆਨਕ ਢੰਗ ਨਾਲ ਕਰ ਰਹੇ ਹਨ। ਪਤਾ ਨਹੀਂ, ਕਿਉਂ ਮੇਰੇ ਮਨ ਵਿਚ ਇਹ ਫੁਰਨਾ ਆ ਰਿਹਾ ਹੈ ਕਿ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਦੀ ਚੌਥੀ ਅਸ਼ਟਪਦੀ ਵਿਚ ਫਰਮਾਉਂਦੇ ਹਨ,
ਬਾਹਰਿ ਗਿਆਨ ਧਿਆਨ ਇਸਨਾਨ॥
ਅੰਤਰਿ ਬਿਆਪੈ ਲੋਭੁ ਸੁਆਨੁ॥
ਅੰਤਰਿ ਅਗਨਿ ਬਾਹਰਿ ਤਨੁ ਸੁਆਹ॥
ਗਲਿ ਪਾਥਰ ਕੈਸੇ ਤਰੈ ਅਥਾਹ॥
ਜਾ ਕੈ ਅੰਤਰਿ ਬਸੈ ਪ੍ਰਭੁ ਆਪਿ
ਨਾਨਕ ਤੇ ਜਨ ਸਹਜਿ ਸਮਾਤਿ॥
ਸਾਰੇ ਤਾਂ ਨਹੀਂ, ਪਰ ਕਾਫੀ ਸੱਜਣ ਬਾਹਰਲੇ ਗਿਆਨ ਦੇ ਨਾਲ-ਨਾਲ ਅਣਭੋਲ ਹੀ ਬਹੁਤ ਲੋਭੀ ਹਨ। ਇਸ ਤਰ੍ਹਾਂ ਦਾ ਰਲਗੱਡ ਉਨ੍ਹਾਂ ਦਾ ਜੀਵਨ ਮਨੋਰਥ ਬਣ ਗਿਆ ਹੈ ਅਤੇ ਸ਼ਾਇਦ ਉਹ ਇਸ ਗੱਲ ਤੋਂ ਅਣਜਾਣ ਹਨ ਕਿ ਲੋਭ ਦੀ ਅਗਨ ਵਾਲਾ ਪੱਥਰ ਕੀ ਕਾਰੇ ਕਰੇਗਾ? ਫਿਰ ਵੀ ਵਿਰਲੇ, ਜਿਨ੍ਹਾਂ ਦੇ ਮਨ ਵਸਿਆ ਅਤੇ ਧੁਰੋਂ ਲਿਖਿਆ ਆਇਆ ਹੈ, ਉਹੀ ਸਹਿਜ ਅਵਸਥਾ ਵਿਚ ਰਹਿੰਦੇ ਹਨ। ਕਈ ਮਹਾਂਪੁਰਸ਼ ਇਹ ਵੀ ਕਹਿੰਦੇ ਹਨ ਕਿ ਵਾਹਿਗੁਰੂ ਦਾ ਸਿਮਰਨ ਕਰਨ ਤੋਂ ਬਿਨਾ ਮਨੁੱਖ ਦਾ ਜੀਵਨ ਬੇਅਰਥ ਹੈ। ਅਸਲ ਵਿਚ ਇਹੀ ਜ਼ਿੰਦਗੀ ਦਾ ਮਨੋਰਥ ਹੈ। ਇਹੋ ਇਕ ਰਸਤਾ ਹੈ, ਜਿਸ ਵਿਚ ਭਟਕਣਾ ਖਤਮ ਹੋ ਸਕਦੀ ਹੈ।
ਕਈ ਆਦਤਾਂ ਜਿਵੇਂ ਚੁਗਲੀ ਨਿੰਦਾ ਕਰਨਾ ਕਈ ਮਨੁੱਖਾਂ ਵਿਚ ਪੱਕ ਜਾਂਦੀਆਂ ਹਨ। ਇਸ ਬੁਰੀ ਆਦਤ ਕਾਰਨ ਕਈ ਵਾਰ ਉਨ੍ਹਾਂ ਨੂੰ ਭੈੜੇ ਨਤੀਜੇ ਵੀ ਭੁਗਤਣੇ ਪੈਂਦੇ ਹਨ, ਪਰ ਸਾਰੀ ਉਮਰ ਉਹ ਇਸ ਤੋਂ ਮੁਕਤ ਨਹੀਂ ਹੋ ਸਕਦੇ, ਸਗੋਂ ਇਸ ਭੈੜੀ ਰੁਚੀ ਨੂੰ ਨਵੇਂ-ਨਵੇਂ ਢੰਗਾਂ ਨਾਲ ਪੇਸ਼ ਕਰਦੇ ਹਨ ਅਤੇ ਸਿਆਣੇ ਬੀਬੇ ਬੰਦਿਆਂ ਨੂੰ ਵੀ ਭਰਮਾ ਲੈਂਦੇ ਹਨ। ਚੁਗਲੀ ਨੂੰ ਲੌਲੀਪੋਪ ਬਣਾ ਕੇ ਅਡੋਲ ਮਨੁੱਖਾਂ ਨੂੰ ਵੀ ਪੈਰੋਂ ਹਿਲਾ ਦਿੰਦੇ ਹਨ। ਸਾਰੀ ਉਮਰ ਇਸ ਮੁਹਾਰਤ ਵਿਚ ਜੂਝਣਾ ਉਨ੍ਹਾਂ ਦਾ ਜੀਵਨ ਮਨੋਰਥ ਹੀ ਕਹਿਣਾ ਠੀਕ ਹੈ। ਬਹੁਤ ਵਾਰ ਰੋਜ਼ਮੱਰਾ ਜ਼ਿੰਦਗੀ ਵਿਚ ਵੀ ਰੌਚਕ ਹਾਲਾਤ ਸਾਹਮਣੇ ਆਉਂਦੇ ਹਨ। ਸਵੇਰ ਦੀ ਸੈਰ ਵੇਲੇ ਕਈ ਆਦਮੀਆਂ ਦੇ ਦਰਸ਼ਨ ਹੁੰਦੇ ਹਨ, ਪਰ ਇਕ ਸੱਜਣ ਬਿਲਾ ਨਾਗਾ ਮਿਲਦਾ ਹੈ, ਉਹ ਅੰਕੜਿਆਂ ਦਾ ਮਾਹਰ ਹੈ, ਬਹੁਤ ਵਾਰ ਗਲਤ ਅੰਕੜੇ ਪੇਸ਼ ਕਰ ਕੇ ਬਹੁਤ ਚੰਗੀ ਬਾਤ-ਚੀਤ ਦਾ ਮਜ਼ਾ ਕਿਰਕਿਰਾ ਕਰ ਦਿੰਦਾ ਹੈ।
ਕਈ ਵਾਰ ਉਹ ਇਸ ਅਣਗਹਿਲੀ ਦੀ ਮੁਆਫੀ ਵੀ ਮੰਗਦਾ ਹੈ, ਪਰ ਉਸ ਦੇ ਹੱਡ-ਮਾਸ ਵਿਚ ਇਹ ਆਦਤ ਘਰ ਕਰ ਚੁਕੀ ਹੈ ਕਿ ਇਹ ਉਸ ਦਾ ਜੀਵਨ ਮਨੋਰਥ ਬਣ ਗਈ ਹੈ। ਮੈਂ ਉਸ ਨੂੰ ਕਈ ਵਾਰ ਬੜੇ ਪਿਆਰ ਨਾਲ ਦੱਸਿਆ ਹੈ ਕਿ ਅੰਕੜਿਆਂ ਦੇ ਰਹੱਸ ਨੂੰ ਸਮਝਣ ਲਈ ਵਿਦਵਾਨਾਂ ਦਾ ਵਿਚਾਰ ਹੈ ਕਿ ਅੰਕੜੇ ਬਹੁਤ ਕੁਝ ਦੱਸ ਸਕਦੇ ਹਨ, ਪਰ ਸੱਚ ਨਹੀਂ ਦੱਸ ਸਕਦੇ। ਸਿਆਣੇ ਅਤੇ ਤਜਰਬੇਕਾਰ ਡਾਕਟਰ ਆਮ ਅੰਕੜਿਆਂ ਦੀ ਥਾਂ ਮਰੀਜ਼ ਤੋਂ ਇਹ ਪੁੱਛਦੇ ਹਨ ਕਿ ਤੂੰ ਕਿਸ ਕਬੀਲੇ ਵਿਚੋਂ ਹੈ, ਕਿਉਂਕਿ ਕਈ ਬਿਮਾਰੀਆਂ ਕਬੀਲਿਆਂ ਨਾਲ ਹੀ ਸਬੰਧਿਤ ਹਨ, ਜਿਵੇਂ ਕਲਰ ਬਲਾਈਂਡਨੈਸ (ਰੰਗਾਂ ਦੀ ਪਛਾਣ ਨਾ ਕਰ ਸਕਣਾ) ਵਗੈਰਾ-ਵਗੈਰਾ।
ਮੈਂ ਉਸ ਨੂੰ ਦੱਸਿਆ ਕਿ ਬੀ. ਬੀ. ਸੀ. ਦੇ ਹਿਸਟਰੀ ਮੈਗਜ਼ੀਨ ਵਿਚ 5000 ਪਾਠਕਾਂ ਤੋਂ ਪੁੱਛਿਆ ਗਿਆ ਕਿ 19ਵੀਂ-20ਵੀਂ ਸਦੀ ਵਿਚ ਕਿਹੜੇ ਉਚ ਪਦਵੀ ਦੇ ਹੁਕਮਰਾਨ, ਰਾਜੇ ਮਹਾਰਾਜੇ ਨੂੰ ਸਭ ਤੋਂ ਉਪਰ ਰੱਖੋਗੇ? 38 ਫੀਸਦੀ ਨੇ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਲਿਆ। ਚਰਚਲ, ਮਹਾਰਾਣੀ ਐਲਜਬਥ (ਪਹਿਲੀ) ਅਤੇ ਪ੍ਰਧਾਨ ਅਬਰਾਹਮ ਲਿੰਕਨ ਬਹੁਤ ਪਿੱਛੇ ਛੱਡ ਦਿੱਤੇ। ਆਦਤ ਅਨੁਸਾਰ ਉਸ ਨੇ ਝੱਟ ਜਵਾਬ ਦਿੱਤਾ, ‘ਨਹੀਂ ਜੀ, ਮੇਰੇ ਅੰਕੜਿਆਂ ਅਨੁਸਾਰ ਰਣਜੀਤ ਸਿੰਘ ਨੇ ਦਸ ਹਜ਼ਾਰ ਮੁਸਲਮਾਨ ਇਕੋ ਦਿਨ ਵਿਚ ਕਤਲ ਕਰਵਾ ਦਿੱਤੇ ਸਨ।’
ਜਦੋਂ ਉਹ ਆਪਣੇ ਘਰ ਵੱਲ ਚਲਾ ਗਿਆ ਤਾਂ ਬਾਕੀ ਸਾਥੀ ਮੈਨੂੰ ਕਹਿਣ ਲੱਗੇ, ‘ਤੁਸੀਂ ਕਿਵੇਂ ਇਸ ਨਾਲ ਰੋਜ਼ ਸੈਰ ਕਰ ਲੈਂਦੇ ਹੋ? ਸਾਡੇ ਲਈ ਤਾਂ ਇਸ ਨਾਲ ਦਸ ਕਦਮ ਚੱਲਣਾ ਵੀ ਮੁਸ਼ਕਿਲ ਹੈ।’
ਮੇਰਾ ਜਵਾਬ ਸੀ, ‘ਮੇਰੇ ਅਦਨੇ ਜਿਹੇ ਜੀਵਨ ਦਾ ਅਰਥ ਇਹੋ ਜਿਹਿਆਂ ਨੂੰ ਵੀ ਪਿਆਰ ਨਾਲ ਸਮਝਾ ਕੇ ਗਲੇ ਲਾਉਣਾ ਹੈ।’
ਅੰਤਿਕਾ: ਮੇਰੇ ਇਕ ਨਜ਼ਦੀਕੀ ਪਰਿਵਾਰ ਵਿਚ ਇਕ ਬੀਬੀ ਦਾ ਘਰ ਵਾਲਾ ਉਸ ਨੂੰ ਹਰ ਗੱਲ ਤੋਂ ਟੋਕਦਾ ਰਹਿੰਦਾ ਹੈ। ਨੇੜਤਾ ਹੋਣ ਕਰਕੇ ਮੈਂ ਉਸ ਬੀਬੀ ਨੂੰ ਪੁੱਛ ਲਿਆ ਕਿ ਤੈਨੂੰ ਕਦੀ ਗੁੱਸਾ ਨਹੀਂ ਆਉਂਦਾ? ਉਹ ਕਹਿਣ ਲੱਗੀ ਕਿ ਵਿਆਹ ਵਾਲੇ ਦਿਨ ਹੀ ਮੈਂ ਜੀਵਨ ਮਨੋਰਥ ਬਣਾ ਲਿਆ ਸੀ ਕਿ ਬੇਸ਼ੱਕ ਤਲਵਾਰ ਦੀ ਤਿੱਖੀ ਧਾਰ ਉਤੇ ਚੱਲਣਾ ਪਵੇ, ਮੈਂ ਇਸ ਪਵਿਤਰ ਰਿਸ਼ਤੇ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਾਂਗੀ!