ਆਓ, ਤੁਹਾਨੂੰ ਮੈਂ ਪਿੰਡ ਪਠਲਾਵੇ ਲੈ ਕੇ ਚੱਲਦਾਂ…

ਐਸ਼ ਅਸ਼ੋਕ ਭੌਰਾ
ਮੇਰੇ ਪਿੰਡ ਭੌਰਾ ਤੋਂ ਮੋਰਾਂਵਾਲੀ ਪੰਜ ਕੁ ਕਿਲੋਮੀਟਰ ਦੀ ਵਿਥ ‘ਤੇ ਹੈ ਤੇ ਪਿੰਡ ਪਠਲਾਵਾ ਵੀ। ਜਦੋਂ ਮੋਰਾਂਵਾਲੀ ‘ਚ ਦਾਖਲ ਹੁੰਦੇ ਹਾਂ ਤਾਂ ਸਟੇਡੀਅਮ ‘ਚ ਸ਼ਹੀਦ ਭਗਤ ਸਿੰਘ ਦੇ ਆਦਮ ਕੱਦ ਬੁੱਤ ਸਾਹਮਣੇ ਸਤਿਕਾਰ ਵਜੋਂ ਆਪਣੇ ਆਪ ਸਿਰ ਝੁਕ ਜਾਂਦਾ ਹੈ, ਕਿਉਂਕਿ ਇਹ ‘ਪੰਜਾਬ ਮਾਤਾ’ ਬੀਬੀ ਅਮਰ ਕੌਰ ਦਾ ਪਿੰਡ ਹੈ ਯਾਨਿ ਸ਼ਹੀਦ ਭਗਤ ਸਿੰਘ ਦੇ ਨਾਨਕਿਆਂ ਦਾ ਪਿੰਡ। ਭੌਰੇ ਤੋਂ ਪਠਲਾਵਾ ਵੜਦਿਆਂ ਨੂੰ ਸੱਜੇ ਹੱਥ ਸੰਤ ਬਾਬਾ ਘਨੱਈਆ ਸਿੰਘ ਦਾ ਤਪੋ ਅਸਥਾਨ ਹੈ, ਆਲੀਸ਼ਾਨ ਗੁਰਦੁਆਰਾ! ਇੱਥੇ ਵੀ ਸਿਰ ਝੁਕ ਜਾਂਦਾ ਹੈ, ਪਰ ਅੱਜ ਕੱਲ ਇਹ ਦੋਵੇਂ ਪਿੰਡ ਖਾਸੀ ਚਰਚਾ ‘ਚ ਇਸ ਕਰਕੇ ਹਨ ਕਿ ਗਿਆਨੀ ਬਲਦੇਵ ਸਿੰਘ ਇਸੇ ਪਿੰਡ ਦਾ ਸੀ, ਜਿਸ ਕਰਕੇ ਕਰੋਨਾ ਵਾਇਰਸ ਇਸ ਹਲਕੇ ਦੀਆਂ ਜੂਹਾਂ ‘ਚ ਪ੍ਰਵੇਸ਼ ਹੋਇਆ।

18 ਮਾਰਚ, ਦਿਨ ਬੁੱਧਵਾਰ, ਸਮਾਂ ਦੁਪਹਿਰ ਦੋ ਕੁ ਵਜੇ ਦਾ। ਮੈਂ ਆਪਣੇ ਘਰ ਪਿੰਡ ਭੌਰਾ ‘ਚ ਹੀ ਸਾਂ। ਖਬਰ ਮਿਲੀ, ‘ਕਰੋਨਾ ਨਾਲ ਸ਼ੱਕੀ ਮਰੀਜ਼ ਦੀ ਹੋਈ ਮੌਤ।’ ਉਸੇ ਵਕਤ ਪਠਲਾਵੇ ਦੇ ਮਾਸਟਰ ਤਰਲੋਚਨ ਸਿੰਘ ਨੂੰ ਫੋਨ ਕੀਤਾ ਤਾਂ ਉਨ੍ਹਾਂ ਦਾ ਜਵਾਬ ਸੀ, “ਦੱਸਦੇ ਤਾਂ ਇਹ ਨੇ ਕਿ ਬਲਦੇਵ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ, ਪਰ ਉਸ ਦਾ ਟੈਸਟ ਲਈ ਸੈਂਪਲ ਵੀ ਭੇਜਿਆ ਗਿਆ ਹੈ, ਕਿਤੇ ਕਰੋਨਾ ਨਾ ਹੋਵੇ।”
ਉਸ ਦਿਨ ਤੋਂ ਹੁਣ ਤੱਕ ਮੈਂ ਇਸ ਪਿੰਡ, ਪਿੰਡ ਦੇ ਵਾਸੀਆਂ ਤੇ ਪਿੰਡ ਦੇ ਖਾਸ ਲੋਕਾਂ ਨਾਲ ਸੰਪਰਕ ਵਿਚ ਹਾਂ। ਕੋਈ ਸ਼ੱਕ ਨਹੀਂ ਕਿ ਪਠਲਾਵਾ ਇਸ ਵੇਲੇ ਕੌਮਾਂਤਰੀ ਪੱਧਰ ‘ਤੇ ਜਾਣਿਆ ਪਛਾਣਿਆ ਪਿੰਡ ਬਣ ਗਿਆ ਹੈ-ਕਰੋਨਾ ਕਰਕੇ, ਗਿਆਨੀ ਬਲਦੇਵ ਸਿੰਘ ਕਰਕੇ ਤੇ ਇਕ ਨਾਮੁਰਾਦ ਬਿਮਾਰੀ ਦੀ ਦਸਤਕ ਕਰਕੇ। ਪਠਲਾਵਾ ਦੀ ਸੱਜੀ ਵੱਖੀ ‘ਚ ਦੋ ਕੁ ਕੋਹ ‘ਤੇ ਪਿੰਡ ਮੋਰਾਂਵਾਲੀ ਹੈ, ਖੱਬੀ ਵੱਖੀ ‘ਚ ਡਾ. ਸਾਧੂ ਸਿੰਘ ਹਮਦਰਦ ਦਾ ਜੱਦੀ ਪਿੰਡ ਪੱਦੀ ਮੱਟਵਾਲੀ ਹੈ। ਲਹਿੰਦੇ ਪਾਸੇ ਗੋਬਿੰਦਪੁਰ, ਗੁਜਰਪੁਰ, ਬਿੰਜੋ ਤੇ ਚੜ੍ਹਦੇ ਪਾਸੇ ਝਿੱਕਾ, ਉਚਾ, ਮਾਹਿਲ ਗਹਿਲਾਂ, ਭੌਰਾ ਤੇ ਸੁੱਜੋਂ। ਪੰਜ ਛੇ ਕੁ ਕਿਲੋਮੀਟਰ ਦੇ ਘੇਰੇ ‘ਚ ਆਉਂਦੇ ਇਹ ਸਾਰੇ ਪਿੰਡ ਇਸੇ ਵੇਲੇ ਪੰਜਾਬ ਦੇ ਆਮ ਪਿੰਡਾਂ ਨਾਲੋਂ ਵੱਧ ਨਿਗਰਾਨੀ ਹੇਠ ਹਨ, ਸਿਹਤ ਵਿਭਾਗ ਵਲੋਂ ਸੀਲ ਕੀਤੇ ਹੋਏ ਪਿੰਡ ਕਹਿ ਸਕਦੇ ਹਾਂ।
ਬੜੇ ਉਲਾਂਭੇ, ਨਿਹੋਰੇ, ਗਿਲੇ ਸ਼ਿਕਵੇ ਗਿਆਨੀ ਬਲਦੇਵ ਸਿੰਘ ‘ਤੇ ਕੀਤੇ ਜਾ ਰਹੇ ਨੇ। ਇਕ ਅਲੱਗ ਵਿਚਾਰਨ ਵਾਲਾ ਵਿਸ਼ਾ ਹੈ, ਪਰ ਪਿੰਡ ਦਿਆਂ ਲੋਕਾਂ ਨੂੰ, ਪਿੰਡ ਦੇ ਸੁਹਿਰਦ ਪੜ੍ਹੇ-ਲਿਖੇ ਤੇ ਸੁਚੇਤ ਇਨਸਾਨਾਂ ਨੂੰ ਇਸ ਬਿਮਾਰੀ ਦੀ ਆਮਦ ਤੋਂ ਵੀ ਵੱਧ ਉਨ੍ਹਾਂ ਚੋਟਾਂ ਅਤੇ ਢੁੱਚਰਾਂ ਦਾ ਦੁੱਖ ਹੈ, ਜੋ ਬੜੇ ਸੰਵੇਦਨਸ਼ੀਲ ਮੌਕੇ ‘ਤੇ ਉਨ੍ਹਾਂ ਦੇ ਹਿਰਦੇ ਨੂੰ ਮਾਰੀਆਂ ਗਈਆਂ ਹਨ। ਇਨ੍ਹਾਂ ਚੋਟਾਂ ਵਿਚੋਂ ਇਕ ਗਾਇਕ ਸਿੱਧੂ ਮੂਸੇ ਵਾਲੇ ਦਾ ਗੀਤ ਵੀ ਹੈ। ਸ਼ਾਇਦ ਇਹ ਗਵੱਈਆ ਕਦੀ ਇਸ ਪਿੰਡ ‘ਚ, ਇਸ ਹਲਕੇ ‘ਚ ਵੀ ਨਾ ਆਇਆ ਹੋਵੇ ਅਤੇ ਸ਼ਾਇਦ ਉਹਨੂੰ ਇਸ ਪਿੰਡ ਦੀ ਸੰਸਕ੍ਰਿਤੀ, ਇਤਿਹਾਸ ਦਾ ਕੋਈ ਇਲਮ ਵੀ ਨਾ ਹੋਵੇ। ਜਦੋਂ ਇਸ ਪਿੰਡ ਦੀ ਪੀੜਾ ‘ਤੇ ਫਹੇ ਰੱਖ ਕੇ ਫੂਕਾਂ ਮਾਰਨ ਦੀ ਲੋੜ ਹੋਵੇ, ਉਦੋਂ ਅਜਿਹੇ ਅਖੌਤੀ ਗਾਇਕਾਂ ਦਾ ਅਜਿਹਾ ਕਿਰਦਾਰ ਪਿੰਡ ਦੇ ਸ਼ਰੀਫ ਹਿਰਦੇ ਲੋਕਾਂ ਨੂੰ ਵਲੂੰਧਰ ਹੀ ਸਕਦਾ ਸੀ।
ਮੈਂ ਇਹ ਦੱਸ ਦਿਆਂ ਕਿ ਦੁਆਬੇ ਦਾ ਇਹ ਪਿੰਡ ਆਪਣੀ ਵਿਰਾਸਤ ਕਰਕੇ ਹਮੇਸ਼ਾ ਉਸ ਮੁਲਖ ਦੇ ਸੁਭਾਅ ਜਿਹਾ ਰਿਹਾ, ਜੋ ਸ਼ਾਂਤ ਚਿੱਤ ਹੋ ਕੇ ਬੜਾ ਕੁਝ ਕਰਦਾ ਰਿਹਾ। ਇਸ ਕਰਕੇ ਕਰੋਨਾ ਦੇ ਬਹਾਨੇ ਇਸ ਪਿੰਡ ਦੀ ਚਰਚਾ ਸਭ ਨੇ ਸੁਣੀ ਹੈ, ਪਰ ਇਸ ਪਿੰਡ ਦੀਆਂ ਜੂਹਾਂ ‘ਚ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ। ਜਿਸ ਗੁਰੂ ਘਰ ‘ਚ ਗਿਆਨੀ ਬਲਦੇਵ ਸਿੰਘ ਕੀਰਤਨ ਕਰਦਾ ਸੀ ਤੇ ਸੰਤ ਗੁਰਬਚਨ ਸਿੰਘ, ਜੋ ਉਸ ਦੇ ਨਾਲ ਜਰਮਨੀ ਤੇ ਇਟਲੀ ਗਏ ਸਨ, ਜਿਸ ਗੁਰੂ ਘਰ ਦੇ ਮੁੱਖ ਸੇਵਾਦਾਰ ਹਨ, ਉਹ ਗੁਰੂ ਘਰ ਸੰਤ ਬਾਬਾ ਘਨੱਈਆ ਜੀ ਦੀ ਯਾਦ ਵਿਚ ਉਸਰਿਆ ਹੋਇਆ ਹੈ, ਜਿਨ੍ਹਾਂ ਨੇ ਕਿਲਾ ਸ੍ਰੀ ਅਨੰਦਗੜ੍ਹ, ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਕਰਵਾਈ ਸੀ। ਇਲਾਕੇ ਦੇ ਲੋਕਾਂ ਦਾ ਸ਼ਰਧਾ ਪ੍ਰਤੀ ਇਹ ਇਕ ਮੱਕਾ ਹੈ। ਦੁਆਬੇ ਦੇ ਪਿੰਡਾਂ ਵਿਚ ਸ਼ਾਇਦ ਪਠਲਾਵਾ ਪਿੰਡ ਹੀ ਇਕ ਅਜਿਹੀ ਮਿਸਾਲ ਹੈ, ਜਿੱਥੇ ਪਿਛਲੇ ਢਾਈ ਦਹਾਕਿਆਂ ਤੋਂ ਇੰਦਰਜੀਤ ਸਿੰਘ ਬਾਰੀਆ ਦੀ ਰਹਿਨੁਮਾਈ ਹੇਠ ‘ਏਕਨੂਰ ਸਵੈ-ਸੇਵੀ ਸੰਸਥਾ’ ਕੰਮ ਕਰ ਰਹੀ ਹੈ, ਜਿਸ ਨੇ ਸੈਂਕੜੇ ਨਿਆਸਰੀਆਂ ਔਰਤਾਂ ਨੂੰ ਆਸਰਾ ਦਿੱਤਾ ਹੈ, ਲੋੜਵੰਦ ਕੁੜੀਆਂ ਨੂੰ ਰੁਜ਼ਗਾਰ ਦਿੱਤਾ ਹੈ, ਸਿਲਾਈ ਮਸ਼ੀਨਾਂ ਵੰਡੀਆਂ ਨੇ, ਅਪਾਹਜਾਂ ਨੂੰ ਟਰਾਈ-ਸਾਈਕਲ ਦਿੱਤੇ ਨੇ, ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਮਦਦ ਕੀਤੀ ਹੈ, ਆਰਥਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਕਰਵਾਈ ਹੈ, ਪਿੰਡਾਂ ‘ਚ ਮੈਡੀਕਲ ਕੈਂਪ ਲਾਏ ਹਨ, ਵਾਤਾਵਰਣ ਦਾ ਇਲਾਕੇ ‘ਚ ਖਿਆਲ ਰੱਖਿਆ ਹੈ, ਦਰਖਤ ਲਾਏ ਹਨ, ਹਰ ਸਾਲ ਧੀਆਂ ਦੀ ਲੋਹੜੀ ਪਾਉਣ ਦੀ ਪਰੰਪਰਾ ਸ਼ੁਰੂ ਕੀਤੀ ਹੈ ਤੇ ਜਲੰਧਰ ਦੇ ‘ਯੂਨੀਕ ਹੋਮ’ ‘ਚ ਬੇਸਹਾਰਾ ਲੜਕੀਆਂ ਦੇ ਪਾਲਣ ਪੋਸ਼ਣ ਵਿਚ ਸਹਿਯੋਗ ਕੀਤਾ ਹੈ। ਹੁਣ ਕਰੋਨਾ ਵਾਇਰਸ ਨਾਲ ਲੜਾਈ ਦੀ ਘੜੀ ‘ਚ ਵੀ ਇਸ ਸੰਸਥਾ ਨੇ ਸੈਨੇਟਾਈਜ਼ਰ ਅਤੇ ਮਾਸਕ ਵਗੈਰਾ ਬੜਾ ਕੁਝ ਪਿੰਡ ਵਿਚ ਵੰਡਿਆ ਹੈ। ਇਹ ਸੰਸਥਾ ਪਿੰਡ ਦਾ ਮਾਣ ਹੈ ਅਤੇ ਪਿੰਡ ਦੀ ਸੇਵਾ ਪਰੰਪਰਾ ਦੀ ਇਕ ਮਿਸਾਲ ਹੈ।
ਪਿੰਡ ਵਿਚ ਡਾਕਟਰ ਵੀ ਹਨ, ਮਾਸਟਰ ਵੀ ਹਨ, ਸਿਆਸੀ ਲੋਕ ਵੀ ਹਨ ਅਤੇ ਇਤਫਾਕ ਵੀ ਇਸ ਪਿੰਡ ਦੀ ਮਿਸਾਲ ਹੈ। ਸੰਗੀਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਪਤਾ ਹੋਵੇਗਾ ਕਿ ਇਸ ਪਿੰਡ ਦਾ ਹਰਬੰਸ ਸਿੰਘ ਪਠਲਾਵਾ ਵਧੀਆ ਗਵੱਈਆ ਸੀ ਤੇ ਵਾਇਲਨ ‘ਤੇ ਛੇੜੀਆਂ ਉਹਦੀਆਂ ਤਰੰਗਾਂ ਇਲਾਕੇ ‘ਚ ਹੀ ਨਹੀਂ, ਸਗੋਂ ਕਾਇਨਾਤ ਵਿਚ ਘੁਲਦੀਆਂ ਰਹੀਆਂ ਨੇ। ਉਹ ਇਸੇ ਪਿੰਡ ਦੀ ਮਹਾਨ ਸੁਰ ਤੇ ਕਮਾਲ ਦਾ ਵਾਇਲਨ ਵਾਦਕ ਰਿਹਾ। ਕੁਝ ਲੋਕ ਐਨ. ਆਰ. ਆਈ. ਲੋਕਾਂ ਨੂੰ ਲੱਖ ਉਲਾਂਭੇ ਦੇਣ, ਇਸ ਪਿੰਡ ਦੇ ਕਰੀਬ ਹਰ ਦੂਜੇ ਘਰ ਵਿਚੋਂ ਕੋਈ ਨਾ ਕੋਈ ਮੈਂਬਰ ਵਿਦੇਸ਼ ਸੈਟਲ ਹੈ। ਉਨ੍ਹਾਂ ਨੇ ਪਿੰਡ ਦੀ ਨੁਹਾਰ ਬਦਲਣ ਵਿਚ ਵੱਡਾ ਯੋਗਦਾਨ ਪਾਇਆ ਹੈ। ਇਸੇ ਪਿੰਡ ਵਿਚ ਡਿਸਪੈਂਸਰੀ ਹੈ, ਟੈਲੀਫੋਨ ਐਕਸਚੇਂਜ ਹੈ, ਜ਼ਿਕਰਯੋਗ ਕੰਮ ਕਰਨ ਵਾਲੀ ਸਹਿਕਾਰੀ ਸਭਾ ਹੈ। ਇਸ ਪਿੰਡ ਨੂੰ ਸਿਰਫ ਕਰੋਨਾ ਵਾਇਰਸ ਕਰਕੇ ਗਾਇਕ ਸਿੱਧੂ ਮੂਸੇ ਵਾਲੇ ਵਲੋਂ ਤੰਗ ਨਜ਼ਰੀਏ ਨਾਲ ਪੇਸ਼ ਕਰਨਾ ਮਾਨਸਿਕ ਤੌਰ ‘ਤੇ ਕਮਜ਼ੋਰ ਦਿਮਾਗਾਂ ਦੀ ਉਪਜ ਹੀ ਹੋ ਸਕਦੀ ਹੈ। ਇਹ ਪਿੰਡ ਨਸ਼ਿਆਂ ਦੀ ਮਾਰ ਤੋਂ ਕਾਫੀ ਬਚਿਆ ਹੋਇਆ ਹੈ, ਇੱਥੇ ਸਪੋਰਟਸ ਕਲੱਬ ਹੈ, ਪਰ ਇਕ ਚੀਖ ਨਿਕਲਦੀ ਹੈ ਕਿ ਗਿਆਨੀ ਬਲਦੇਵ ਸਿੰਘ ਜਾਣੇ-ਅਣਜਾਣੇ ‘ਚ ਜਿਸ ਬਿਮਾਰੀ ‘ਚ ਲਪੇਟ ਹੋ ਕੇ ਆਪਣੀ ਜਾਨ ਗੁਆ ਬੈਠਾ ਹੈ, ਇਸ ਵੇਲੇ ਉਹਦੇ ਪਰਿਵਾਰ ‘ਚੋਂ ਪੁੱਤਰ-ਸੁਖਵਿੰਦਰ ਸਿੰਘ, ਫਤਿਹ ਸਿੰਘ ਤੇ ਹਰਿੰਦਰ ਸਿੰਘ; ਨੂੰਹਾਂ-ਭੁਪਿੰਦਰ ਕੌਰ ਤੇ ਰਾਜਵਿੰਦਰ ਕੌਰ, ਪੋਤਰੀ ਹਰਪ੍ਰੀਤ ਕੌਰ ਅਤੇ ਬਲਦੇਵ ਸਿੰਘ ਦੀਆਂ ਲੜਕੀਆਂ, ਜਵਾਈ ਤੇ ਪੋਤਰੇ-ਦੋਹਤਰੇ ਵੀ ਇਸ ਵੇਲੇ ਕਰੋਨਾ ਵਾਇਰਸ ਤੋਂ ਪੀੜਤ ਹਨ। ਹਾਲਾਤ ਇਹ ਹਨ ਕਿ ਜੇ ਘਰ ਵਿਚ ਇਕ ਨੂੰ ਵੀ ਕਰੋਨਾ ਵਾਇਰਸ ਹੋਵੇ ਤਾਂ ਜਾਨ ਨਿਕਲ ਜਾਂਦੀ ਹੈ ਤੇ ਜਿਸ ਪਰਿਵਾਰ ਦਾ ਸਾਰਾ ਵੰਸ਼ ਇਸ ਵੇਲੇ ਕਰੋਨਾ ਨਾਲ ਜੂਝ ਰਿਹਾ ਹੈ, ਦੁਖਦੀਆਂ ਰਗਾਂ ‘ਤੇ ਗੀਤ ਦੀਆਂ ਤਰੰਗਾਂ ਛੇੜਨੀਆਂ ਕਿੰਨੀਆਂ ਕੁ ਜਾਇਜ਼ ਨੇ? ਇਤਿਹਾਸ ਫਿਟਕਾਰ ਪਾਉਂਦਾ ਰਹੇਗਾ। ਬਿਮਾਰੀ ਕਿਵੇਂ ਆਈ, ਕਿਵੇਂ ਫੈਲੀ, ਇੱਥੇ ਪ੍ਰਸ਼ਾਸਨ ਜਾਂ ਤੰਤਰ ਜੁਆਬਦੇਹ ਰਹੇਗਾ, ਪਰ ਇਸ ਪਿੰਡ ਦੇ ਲੋਕਾਂ ਦੀ ਇਸ ਵੇਲੇ ਮਾਨਸਿਕ ਪੀੜਾ ਨੂੰ ਸਮਝ ਕੇ ਆਪਣੀ ਜ਼ੁਬਾਨ ‘ਚੋਂ ਕਿਸੇ ਨੂੰ ਕੋਈ ਸ਼ਬਦ ਕੱਢਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ।
ਮੈਂ ਅਮਰੀਕਾ ਆ ਗਿਆ ਹਾਂ। ਪਿਛਲੇ ਦੋ ਹਫਤਿਆਂ ਤੋਂ ਹਰ ਖਬਰ ‘ਤੇ ਨਜ਼ਰ ਹੈ। ਇਸ ਪਿੰਡ ਦੇ ਲੋਕਾਂ ਨਾਲ ਸੰਪਰਕ ਵਿਚ ਹਾਂ, ਚਾਹੇ ਉਹ ਮਾਸਟਰ ਤਰਲੋਚਨ ਸਿੰਘ ਹੋਵੇ ਜਾਂ ਮਾਸਟਰ ਤਰਸੇਮ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ, ਮਾਸਟਰ ਜਗਤ ਸਿੰਘ, ਤਰਸੇਮ ਸਿੰਘ, ਬੀਬੀ ਨਛੱਤਰ ਕੌਰ ਤੇ ਚਾਹੇ ਪਿੰਡ ਦਾ ਮੌਜੂਦਾ ਕਰੋਨਾ ਪੀੜਤ ਸਰਪੰਚ ਹਰਪਾਲ ਸਿੰਘ ਹੋਵੇ-ਸਭਨਾਂ ਦੇ ਚਿਹਰੇ ਅੱਖਾਂ ਸਾਹਮਣੇ ਵਾਰ ਵਾਰ ਗੁਜ਼ਰ ਰਹੇ ਹਨ। 15 ਮਾਰਚ ਨੂੰ ਇਸ ਪਿੰਡ ਦੇ ਮਾਸਟਰ ਤਰਲੋਚਨ ਪਠਲਾਵਾ ਦੇ ਘਰ ਪੀਤਾ ਹੋਇਆ ਚਾਹ ਦਾ ਕੱਪ ਵੀ ਯਾਦ ਹੈ, ਜਦੋਂ ਇਸ ਪਿੰਡ ਵਿਚੋਂ ਗੁਜ਼ਰਦਿਆਂ ਹਰ ਚਿਹਰੇ ‘ਤੇ ਰੌਣਕ ਵੇਖੀ ਸੀ। ਉਂਜ ਵੀ ਸੈਂਕੜੇ ਨਹੀਂ, ਹਜ਼ਾਰਾਂ ਵਾਰ ਪਠਲਾਵਾ ਤੇ ਮੋਰਾਂਵਾਲੀ ਵਿਚ ਵਿਚਰਨ ਦਾ ਮੌਕਾ ਮਿਲਿਆ ਹੈ। ਇਹ ਦੋਵੇਂ ਪਿੰਡ ਮੇਰੇ ਆਪਣਿਆਂ ਵਰਗੇ ਹਨ, ਦੋਹਾਂ ਪਿੰਡਾਂ ਦੇ ਬੜੇ ਜੀਆ ਜੰਤ ਮੈਨੂੰ ਜਾਣਦੇ ਹਨ, ਪਰ ਮੈਂ ਕਰੋਨਾ ਵਾਇਰਸ ਦੀ ਪੀੜਾ ਤੋਂ ਵੀ ਵੱਧ ਇਨ੍ਹਾਂ ਪਿੰਡਾਂ ਦੀ ਮਾਨਸਿਕ ਪੀੜਾ ਤੋਂ ਦੁਖੀ ਹਾਂ।
ਕਰਫਿਊ ਹਟ ਜਾਣਗੇ, ਹਾਲਾਤ ਸੁਧਰ ਜਾਣਗੇ, ਇਹ ਤਾਂ ਅਸੀਂ ਸਾਰੇ ਆਸਵੰਦ ਹਾਂ, ਪਰ ਦੁਆ ਕਰਾਂਗਾ ਕਿ ਪਠਲਾਵੇ ਤੇ ਮੋਰਾਂਵਾਲੀ ਦੇ ਮੱਥੇ ‘ਤੇ ਆਇਆ ਉਲਾਂਭਿਆਂ ਦਾ ਪਸੀਨਾ ਪੂੰਝਿਆ ਜ਼ਰੂਰ ਜਾਵੇ। ਦੁਆ ਕਰਾਂਗਾ ਕਿ ਪਠਲਾਵੇ ਸਮੇਤ ਮੇਰਾ ਸਾਰਾ ਇਲਾਕਾ ਘੁੱਗ ਵਸਦਾ ਰਹੇ ਅਤੇ ਸੁਗੰਧਿਤ ਪੌਣਾਂ ਮਹਿਕਾਂ ਖਿਲਾਰਦੀਆਂ ਰਹਿਣ ਤੇ ਤੱਤੀਆਂ ਹਵਾਵਾਂ ਇਧਰੋਂ ਕਦੇ ਨਾ ਲੰਘਣ।