ਸੁਪਨੇ

ਬੌਬ ਖਹਿਰਾ ਮਿਸ਼ੀਗਨ
ਫੋਨ: 734-925-0177
ਪੰਜਾਬੀ ਸ਼ਾਇਰ ਪਾਸ਼ ਨੇ ਲਿਖਿਆ ਹੈ-ਬਹੁਤ ਬੁਰਾ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾæææ। ਸੁਪਨੇ ਬੰਦ ਅੱਖਾਂ ਨਾਲ ਹੀ ਨਹੀਂ, ਖੁੱਲ੍ਹੀਆਂ ਅੱਖਾਂ ਨਾਲ ਵੀ ਦੇਖੇ ਜਾਂਦੇ ਹਨ। ਜੋ ਬੰਦ ਅੱਖਾਂ ਨਾਲ ਦੇਖੇ ਜਾਂਦੇ ਹਨ, ਉਨ੍ਹਾਂ ਸੁਪਨਿਆਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ਕੁਝ ਕੁ ਚਲਾਕ ਲੋਕਾਂ ਨੇ ਬੰਦ ਅੱਖਾਂ ਦੇ ਇਨ੍ਹਾਂ ਸੁਪਨਿਆਂ ਨੂੰ ਵਹਿਮ ਬਣਾ ਕੇ ਪੇਸ਼ ਕੀਤਾ ਤੇ ਲੋਕਾਂ ਨੂੰ ਗੁੰਮਰਾਹ ਕੀਤਾ; ਖਾਸ ਕਰ ਕੇ ਹਿੰਦੂ ਧਰਮ ਵਿਚ ਤੁਹਾਨੂੰ ਇਹੋ ਜਿਹੀਆਂ ਕਥਾਵਾਂ ਮਿਲਦੀਆਂ ਹਨ ਕਿ ਕਿਸੇ ਨੂੰ ਸੁਪਨੇ ਵਿਚ ਮਾਤਾ ਨੇ ਦਰਸ਼ਨ ਦਿੱਤੇ, ਫਲਾਣੀ ਚੀਜ਼ ਦੀ ਮੰਗ ਕੀਤੀ ਜਾਂ ਵਰਦਾਨ ਦਿੱਤਾ। ਇਸਲਾਮ ਵਿਚ ਵੀ ਇਹ ਗੱਲ ਪ੍ਰਚਲਿਤ ਹੈ ਕਿ ਹਜ਼ਰਤ ਮੁਹੰਮਦ ਨੇ ਲੋਕਾਂ ਨੂੰ ਕਿਹਾ ਕਿ ਰਾਤੀਂ ਮੈਨੂੰ ਸੁਪਨਾ ਆਇਆ ਸੀ, ਅੱਲਾ ਨੇ ਕਿਹਾ ਹੈ ਕਿ ਮੈਂ ਲੋਕਾਂ ਲਈ ਕੁਝ ਭੇਜਿਆ ਹੈ ਜੋ ਜੰਗਲ ਵਿਚ ਸੁੱਕੇ ਖੂਹ ਵਿਚ ਪਿਆ ਹੈ। ਉਹ ਲੋਕਾਂ ਨੂੰ ਲੈ ਕੇ ਜੰਗਲ ਵੱਲ ਤੁਰ ਪਿਆ ਤੇ ਜਦੋਂ ਜਾ ਕੇ ਖੂਹ ਵਿਚ ਵੇਖਿਆ, ਤਾਂ ਉਥੇ ਕੁਰਾਨ ਸ਼ਰੀਫ ਪਈ ਸੀ। ਇਹੋ ਜਿਹਾ ਹੋਰ ਵੀ ਬੜਾ ਕੁਝ ਧਰਮਾਂ ਨਾਲ ਜੁੜਿਆ ਹੋਇਆ ਹੈ ਅਤੇ ਅੱਜ ਵੀ ਲੋਕ ਅਜਿਹੇ ਅੰਧਵਿਸ਼ਵਾਸਾਂ ਨੂੰ ਅੱਖਾਂ ਮੀਚ ਕੇ ਮੰਨ ਰਹੇ ਹਨ।
ਅੱਜ ਤੋਂ ਕੋਈ 450 ਸਾਲ ਪਹਿਲਾਂ ਗਲੀਲਿਓ ਨੇ ਖੁੱਲ੍ਹੀਆਂ ਅੱਖਾਂ ਨਾਲ ਸੁਪਨਾ ਦੇਖਿਆ ਸੀ। ਉਹ ਫਰਾਂਸ ਦਾ ਰਹਿਣ ਵਾਲਾ ਸੀ। ਉਸ ਨੇ ਭਾਵੇਂ ਬਾਈਬਲ ਵਿਚ ਪੜ੍ਹਿਆ ਹੋਇਆ ਸੀ ਕਿ ਧਰਤੀ ਚੌਪਟੀ ਹੈ ਪਰ ਉਸ ਨੇ ਇਸ ਬਾਰੇ ਖੋਜ ਕਰਨ ਦਾ ਸੁਪਨਾ ਵੇਖਿਆ ਅਤੇ ਜ਼ਿੰਦਗੀ ਦੀ ਅਣਥੱਕ ਮਿਹਨਤ ਨਾਲ ਖੋਜ ਕਰ ਕੇ ਸਾਰੀ ਦੁਨੀਆਂ ਨੂੰ ਦੱਸਿਆ ਕਿ ਧਰਤੀ ਗੋਲ ਹੈ, ਇਹ ਸੂਰਜ ਦੁਆਲੇ ਘੁੰਮਦੀ ਹੈ, ਇਸੇ ਚੱਕਰ ਨਾਲ ਰਾਤ ਦਿਨ ਬਣਦੇ ਹਨ। ਜਦੋਂ ਇਸ ਗੱਲ ਦਾ ਪਤਾ ਰੋਮ ਵਿਚ ਬੈਠੇ ਪੋਪ ਨੂੰ ਲੱਗਾ ਤਾਂ ਉਸ ਨੇ ਗਲੀਲਿਓ ਨੂੰ ਰੋਮ ਵਿਚ ਸੱਦਿਆ ਅਤੇ ਕਿਹਾ ਕਿ ਤੂੰ ਬਾਈਬਲ ਦੇ ਉਲਟ ਗੱਲ ਕੀਤੀ ਹੈ। ਇਸ ਲਈ ਤੈਨੂੰ ਸਾਰੀ ਦੁਨੀਆਂ ਦੇ ਸਾਹਮਣੇ ਮੁਆਫ਼ੀ ਮੰਗਣੀ ਪਵੇਗੀ, ਨਹੀਂ ਤਾਂ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਗਲੀਲਿਓ ਨੇ ਕਿਹਾ, “ਤੁਸੀਂ ਜੋ ਕਹਿੰਦੇ ਹੋ, ਮੈਂ ਕਹਿ ਦਿੰਦਾ ਹਾਂ; ਮੁਆਫ਼ੀ ਵੀ ਮੰਗ ਲੈਂਦਾ ਹਾਂ, ਪਰ ਖੋਜ ਕਹਿੰਦੀ ਹੈ ਕਿ ਧਰਤੀ ਗੋਲ ਹੈ।” ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਤੇ ਅੰਨ੍ਹਾ ਕਰ ਕੇ ਬੁਰੀ ਮੌਤ ਮਾਰਿਆ ਗਿਆ। ਸੋਚੋ, ਅੱਜ ਸੱਚ ਕੀ ਹੈ? ਸਾਰੀ ਦੁਨੀਆਂ ਜਾਣ ਗਈ ਹੈ ਕਿ ਧਰਤੀ ਗੋਲ ਹੈ!
ਇਕ ਸੁਪਨਾ ਖੁੱਲ੍ਹੀਆਂ ਅੱਖਾਂ ਦੇ ਨਾਲ ਦੇਖਿਆ ਸੀ ਐਡੀਸਨ ਨੇ। ਉਸ ਨੇ ਬਿਜਲੀ ਦੇ ਬਲਬ ਦੀ ਕਾਢ ਕੱਢ ਕੇ ਪੂਰੇ ਨਿਊ ਯਾਰਕ ਸ਼ਹਿਰ ਨੂੰ ਰੌਸ਼ਨੀ ਨਾਲ ਜਗਮਗਾ ਦਿੱਤਾ ਸੀ। ਇਹ ਸੁਪਨਾ ਭਾਵੇਂ ਉਸ ਨੇ ਇਕੱਲੇ ਨੇ ਹੀ ਵੇਖਿਆ ਸੀ, ਪਰ ਅੱਜ ਪੂਰੀ ਦੁਨੀਆਂ ਉਸ ਦੇ ਇਸ ਸੁਪਨੇ ਦਾ ਸੁੱਖ ਮਾਣ ਰਹੀ ਹੈ। ਅਜਿਹਾ ਹੀ ਸੁਪਨਾ ਅਮਰੀਕੀ ਸਟੇਟ ਓਹਾਇਓ ਦੇ ਸ਼ਹਿਰ ਡੇਅਟਨ ਵਿਚ ਰਹਿੰਦੇ ਰਾਈਟ ਭਰਾਵਾਂ ਨੇ ਦੇਖਿਆ ਸੀ ਕਿ ਆਦਮੀ ਹਵਾ ਵਿਚ ਕਿਵੇਂ ਉਡ ਸਕਦਾ ਹੈ? ਆਪਣੀ ਮਿਹਨਤ ਨਾਲ ਉਹ ਹਵਾਈ ਜਹਾਜ਼ ਬਣਾਉਣ ਵਿਚ ਸਫਲ ਹੋ ਗਏ। ਡੇਅਟਨ ਵਿਚ ਬਹੁਤ ਵੱਡਾ ਮਿਊਜ਼ੀਅਮ ਹੈ ਜਿਹੜਾ ਉਨ੍ਹਾਂ ਵੱਲੋਂ ਇਸ ਖੋਜ ਲਈ ਕੀਤੇ ਸੰਘਰਸ਼ ਦੀ ਕਹਾਣੀ ਬਿਆਨ ਕਰਦਾ ਹੈ। ਉਨ੍ਹਾਂ ਨੇ ਲੱਖ ਔਕੜਾਂ ਅਤੇ ਹਾਰਾਂ ਦੇ ਬਾਵਜੂਦ ਹਾਰ ਨਹੀਂ ਸੀ ਮੰਨੀ!
ਇਸੇ ਤਰ੍ਹਾਂ ਦਾ ਹੀ ਸੁਪਨਾ ਗਰਾਹਮ ਬੈਲ ਨੇ ਦੇਖਿਆ ਸੀ। ਉਸ ਨੇ ਟੈਲੀਫੋਨ ਦੀ ਕਾਢ ਕੱਢ ਕੇ ਪੂਰੀ ਦੁਨੀਆਂ ਨੂੰ ਤੋਹਫ਼ਾ ਦਿੱਤਾ। ਗਰਾਹਮ ਬੈਲ ਦੀ ਭੈਣ ਤੇ ਮਾਂ ਕੰਨਾਂ ਤੋਂ ਭਾਵੇਂ ਬੋਲੀਆਂ ਸਨ, ਪਰ ਗਰਾਮ ਬੈਲ ਨੇ ਉਨ੍ਹਾਂ ਲਈ ਹੀ ਇਹ ਸੁਪਨਾ ਵੇਖ ਲਿਆ ਤੇ ਫ਼ਿਰ ਇਕ ਦਿਨ ਪੂਰਾ ਵੀ ਕਰ ਦਿਖਾਇਆ। ਡਾæ ਹਰਗੋਬਿੰਦ ਖੁਰਾਣਾ ਨੇ ਵੀ ਸੁਪਨਾ ਲਿਆ ਸੀ ਕਿ ਮਾਂ ਦੀ ਕੁੱਖ ਤੋਂ ਬਿਨਾਂ ਬੱਚਾ ਕਿਵੇਂ ਪੈਦਾ ਹੋ ਸਕਦਾ ਹੈ! ਫਿਰ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੇ ਦਿਨ-ਰਾਤ ਇਕ ਕਰ ਦਿੱਤਾ ਤੇ ਥੋੜ੍ਹੇ ਸਮੇਂ ਵਿਚ ਉਸ ਨੇ ਟਿਊਬ ਵਿਚ ਬੱਚਾ ਪੈਦਾ ਕਰ ਕੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਸੋ, ਇਹੋ ਜਿਹੇ ਹੋਰ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਦੇਖੇ ਤੇ ਫਿਰ ਪੂਰੇ ਕੀਤੇ; ਭਾਵੇਂ ਕਿਸੇ ਨੇ ਚੰਦ ‘ਤੇ ਜਾਣ ਦਾ ਸੁਪਨਾ ਦੇਖਿਆ, ਕਿਸੇ ਨੇ ਦਿਲ ਨੂੰ ਬਦਲੀ ਕਰਨ ਦਾ ਦੇਖਿਆ, ਤੇ ਕਿਸੇ ਨੇ ਇਕ ਹੀ ਸ਼ਕਲ ਦੇ ਅੱਠ ਬੰਦੇ ਬਣਾਉਣ ਦਾ। ਸਾਇੰਸਦਾਨਾਂ ਨੇ ਜਿੰਨੀਆਂ ਵੀ ਕਾਢਾਂ ਕੱਢੀਆਂ, ਉਹ ਕਿਸੇ ਨਾ ਕਿਸੇ ਇਨਸਾਨ ਵੱਲੋਂ ਖੁੱਲ੍ਹੀਆਂ ਅੱਖਾਂ ਨਾਲ ਦੇਖੇ ਸੁਪਨੇ ਤੋਂ ਹੀ ਸ਼ੁਰੂ ਹੋਈਆਂ।
ਕੁਝ ਲੋਕਾਂ ਦਾ ਇਹ ਵਹਿਮ ਹੈ ਕਿ ਰਾਤ ਨੂੰ ਦੇਖਿਆ ਸੁਪਨਾ ਹਮੇਸ਼ਾ ਸੱਚ ਹੁੰਦਾ ਹੈ। ਅਸਲ ਵਿਚ ਬੰਦ ਅੱਖਾਂ ਨਾਲ ਦੇਖੇ ਸੁਪਨੇ ਉਹੀ ਹੁੰਦੇ ਹਨ ਜੋ ਅਸੀਂ ਦਿਨ ਨੂੰ ਕੀਤਾ ਜਾਂ ਕਰਨਾ ਹੁੰਦਾ ਹੈ, ਜਾਂ ਜਿਸ ਬਾਰੇ ਅਸੀਂ ਸੋਚਦੇ ਹਾਂ। ਆਪਣੀ ਗੱਲ ਦੱਸਦਾ ਹਾਂ। ਕੁਝ ਦਿਨ ਪਹਿਲਾਂ ਹੀ ਮੈਨੂੰ ਸੁਪਨਾ ਆਇਆ ਕਿ ਵੱਡੇ ਤੇ ਛੋਟੇ ਬਾਦਲ ਨੇ ਪੰਜਾਬੀਆਂ ਕੋਲੋਂ ਮੁਆਫ਼ੀ ਮੰਗ ਲਈ ਹੈ ਤੇ ਹੁਣ ਤੱਕ ਉਨ੍ਹਾਂ ਜਿੰਨਾ ਵੀ ਪੈਸਾ ਇਕੱਠਾ ਕੀਤਾ ਸੀ, ਉਹ ਸਾਰਾ ਲੋਕਾਂ ਨੂੰ ਵਾਪਸ ਕਰ ਦਿੱਤਾ ਹੈ। ਜਿੰਨੀਆਂ ਵੀ ਬੱਸਾਂ ਦੇ ਪਰਮਿਟ ਲੋਕਾਂ ਕੋਲੋਂ ਧੱਕੇ ਨਾਲ ਖੋਹੇ ਸਨ, ਉਹ ਵੀ ਵਾਪਸ ਕਰ ਦਿੱਤੇ ਹਨ। ਰੇਤੇ ਤੇ ਸ਼ਰਾਬ ਦੇ ਠੇਕੇ ਜਾਂ ਛੋਟੇ ਵੱਡੇ ਢਾਬਿਆਂ, ਹੋਟਲ ਮਾਲਕਾਂ ਤੋਂ ਇਕੱਠੇ ਕੀਤੇ ਪੈਸੇ ਵੀ ਵਾਪਸ ਮੋੜ ਦਿੱਤੇ। ਜਿੰਨੇ ਵੀ ਸ਼ਾਮਲਾਟ ਥਾਂ ਵੇਚੇ ਜਾਂ ਜ਼ਮੀਨਾਂ ‘ਤੇ ਧੱਕੇ ਨਾਲ ਕਬਜ਼ਾ ਕੀਤਾ, ਸਭ ਛੱਡ ਦਿੱਤਾ। ਜਿੰਨੇ ਵੀ ਬੰਦੇ ਪੁਲਿਸ ਹੱਥੋਂ ਮਰਵਾਏ, ਜਾਂ ਜੇਲ੍ਹਾਂ ਵਿਚ ਬੰਦ ਕੀਤੇ ਜਾਂ ਜਿੰਨਿਆਂ ਦੇ ਕਾਰੋਬਾਰ ਖੋਹ ਕੇ ਉਨ੍ਹਾਂ ਨੂੰ ਪੰਜਾਬ ਵਿਚੋਂ ਭਜਾਇਆ ਸੀ, ਸਭ ਨੂੰ ਕਾਰੋਬਾਰ ਵਾਪਸ ਕੀਤੇ, ਜੇਲ੍ਹਾਂ ਵਿਚੋਂ ਬਾਹਰ ਕੱਢਿਆ ਅਤੇ ਮਰਨ ਵਾਲਿਆਂ ਦੇ ਵਾਰਸਾਂ ਤੋਂ ਵੀ ਮੁਆਫ਼ੀ ਮੰਗ ਕੇ ਹਰਜਾਨਾ ਭਰਿਆ। ਗੁਰਦੁਆਰਿਆਂ ਦਾ ਜੋ ਬੇਹਿਸਾਬ ਕਰੋੜਾਂ ਅਰਬਾਂ ਰੁਪਿਆ ਖਾਧਾ ਸੀ, ਉਹ ਵੀ ਵਾਪਸ ਕਰ ਦਿੱਤਾ ਹੈ ਅਤੇ ਅੱਗੇ ਤੋਂ ਕਿਸੇ ਵੀ ਮਾੜੇ ਕੰਮ ਤੋਂ ਤੌਬਾ ਕਰ ਲਈ ਹੈ। ਇਸ ਦੀ ਦੇਖਾ ਦੇਖੀ ਪੁਲਿਸ ਦੇ ਵੱਡੇ ਤੋਂ ਲੈ ਕੇ ਛੋਟੇ ਤੱਕ ਜਿੰਨੇ ਵੀ ਅਫ਼ਸਰਾਂ ਨੇ ਅੱਜ ਤੱਕ ਜਿੰਨੀ ਵੀ ਰਿਸ਼ਵਤ ਲਈ ਸੀ, ਸਭ ਪੰਜਾਬ ਦੇ ਲੋਕਾਂ ਸਾਹਮਣੇ ਰੱਖ ਦਿੱਤੀ। ਔਰਤਾਂ ਤੇ ਬਜ਼ੁਰਗਾਂ ਉਤੇ ਜੋ ਜੁਰਮ ਕੀਤੇ, ਸਭ ਲਈ ਮੁਆਫ਼ੀ ਮੰਗੀ। ਜਿੰਨੇ ਵੀ ਸਰਕਾਰੀ ਮੁਲਾਜ਼ਮ ਹਨ, ਸਭ ਨੇ ਰਿਸ਼ਵਤ ਲੈਣੀ ਬੰਦ ਕਰ ਦਿੱਤੀ। ਸਕੂਲ ਟੀਚਰਾਂ ਨੇ ਵੀ ਬੱਚਿਆਂ ਨੂੰ ਪੜ੍ਹਾਉਣ ਦੀ ਪੂਰੀ ਜ਼ਿੰਮੇਵਾਰੀ ਲੈ ਲਈ ਤੇ ਫਰਲੋ ਤੋਂ ਤੌਬਾ ਕਰ ਲਈ। ਨਕਲ ਬਿਲਕੁਲ ਬੰਦ। ਜਦੋਂ ਲੋਕਾਂ ਵਿਚ ਇਨ੍ਹਾਂ ਗੱਲਾਂ ਦੀ ਚਰਚਾ ਛਿੜੀ ਤਾਂ ਜਿੰਨੇ ਵੀ ਕਾਰੋਬਾਰੀ ਹਨ, ਸਭ ਨੇ ਬੇਈਮਾਨੀ ਤੇ ਮਿਲਾਵਟਖੋਰੀ ਬੰਦ ਕਰ ਦਿੱਤੀ। ਨਾਲ ਹੀ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਅੱਜ ਤੋਂ ਬਾਅਦ ਖਾਣ ਪੀਣ ਦੀਆਂ ਵਸਤਾਂ ਜਾਂ ਹੋਰ ਸਭ ਚੀਜ਼ਾਂ ਬਿਲਕੁਲ ਸ਼ੁੱਧ ਤੇ ਸਸਤੀਆਂ ਮਿਲਣਗੀਆਂ। ਪੁਲਿਸ ਵੱਲ ਦੇਖ ਕੇ ਨਸ਼ਿਆਂ ਦੇ ਕਾਰੋਬਾਰੀਆਂ ਨੇ ਨਸ਼ੇ ਵੇਚਣੇ ਬੰਦ ਕਰ ਦਿੱਤੇ ਤੇ ਨੌਜਵਾਨਾਂ ਨੇ ਵੀ ਨਸ਼ੇ ਖਾਣ ਤੋਂ ਤੌਬਾ ਕਰ ਲਈ। ਡਾਕਟਰਾਂ ਨੇ ਵੀ ਇਲਾਜ, ਇਮਾਨਦਾਰੀ ਤੇ ਜਾਇਜ਼ ਫੀਸਾਂ ਲੈ ਕੇ ਕਰਨ ਦਾ ਵਾਅਦਾ ਕੀਤਾ। ਨਕਲੀ ਦਵਾਈਆਂ ਬਣਾਉਣ ਵਾਲੀਆਂ ਸਭ ਫੈਕਟਰੀਆਂ ਵੀ ਬੰਦ। ਕਚਹਿਰੀਆਂ ਵਿਚ ਵੀ ਕਿਸਾਨਾਂ ਦੀ ਪਟਵਾਰੀਆਂ, ਤਹਿਸੀਲਦਾਰਾਂ ਤੇ ਕਲਰਕਾਂ ਹੱਥੋਂ ਜਿਹੜੀ ਲੁੱਟ ਹੁੰਦੀ ਸੀ, ਬੰਦ ਹੋ ਗਈ। ਕਿਸਾਨਾਂ ਨੇ ਵੀ ਵਿਆਹਾਂ ਸ਼ਾਦੀਆਂ ‘ਤੇ ਮਣਾਂ ਮੂੰਹੀ ਪੈਸਾ ਖਰਚ ਕਰਨਾ ਬੰਦ ਕਰ ਦਿੱਤਾ। ਆਪਸ ਵਿਚ ਲੜਾਈ ਝਗੜੇ ਕਤਲ ਬੰਦ ਹੋ ਗਏ ਤੇ ਪਿੰਡਾਂ ਦੀਆਂ ਗਲੀਆਂ ਵਿਚ ਲੋਕਾਂ ਵਿਚਕਾਰ ਆਪਸੀ ਪਿਆਰ ਵਾਪਸ ਆ ਗਿਆ।
ਜਦੋਂ ਮੈਂ ਸੁਪਨੇ ਵਿਚ ਪੰਜਾਬ ਜਾ ਕੇ ਇਹ ਸਭ ਦੇਖ ਰਿਹਾ ਸੀ ਤਾਂ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਨਜ਼ਰ ਆ ਰਹੀਆਂ ਸਨ, ਪਰ ਉਸ ਵਕਤ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ ਦੇਖਿਆ ਕਿ ਪਿੰਡ ਵਿਚ ਸਿਰਫ਼ ਇਕ ਹੀ ਧਾਰਮਿਕ ਸਥਾਨ ਹੈ ਅਤੇ ਉਸ ਦੇ ਉਪਰ ਵੀ ਸਪੀਕਰ ਨਹੀਂ ਹੈ। ਪੁੱਛਣ ‘ਤੇ ਪਤਾ ਲੱਗਾ ਕਿ ਹੁਣ ਕਿਸੇ ਵੀ ਧਾਰਮਿਕ ਸਥਾਨ ‘ਤੇ ਸਪੀਕਰ ਲਾਉਣਾ ਬੰਦ ਕਰ ਦਿੱਤਾ ਗਿਆ ਹੈ। ਧਾਰਮਿਕ ਤੇ ਸਿਆਸੀ ਲੀਡਰਾਂ ਨੇ ਲੋਕਾਂ ਨੂੰ ਭੜਕਾ ਕੇ ਲੜਾਉਣਾ ਬੰਦ ਕਰ ਦਿੱਤਾ ਹੈ। ਸਭ ਜੋਤਸ਼ੀਆਂ ਨੇ ਆਪਣੀਆਂ ਝੂਠ ਵਾਲੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਹਨ। ਪਾਖੰਡੀ ਸਾਧਾਂ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਪਾਉਣਾ ਤੇ ਜਾਦੂ ਟੂਣਾ ਵਗੈਰਾ ਸਭ ਬੰਦ ਕਰ ਦਿੱਤਾ ਹੈ; ਸਗੋਂ ਲੋਕਾਂ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਹੈ ਕਿ ਕੋਈ ਕਾਲਾ ਜਾਦੂ ਨਹੀਂ ਹੁੰਦਾ, ਨਾ ਹੀ ਕੋਈ ਵੀ ਅਜਿਹੀ ਗੈਬੀ ਸ਼ਕਤੀ ਹੈ ਜੋ ਕਿਸੇ ਦੇ ਆਖੇ ਲੱਗ ਕੇ ਕਿਸੇ ਦਾ ਕੁਝ ਚੰਗਾ ਜਾਂ ਮਾੜਾ ਕਰੇ।
ਇਉਂ ਪੂਰਾ ਪੰਜਾਬ ਬਦਲਿਆ ਬਦਲਿਆ ਨਜ਼ਰ ਆ ਰਿਹਾ ਸੀ। ਕਿਸੇ ਨੂੰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ। ਇਹ ਸਭ ਦੇਖ ਕੇ ਮੈਂ ਅਜੇ ਸੋਚ ਹੀ ਰਿਹਾ ਸੀ ਕਿ ਅਚਾਨਕ ਮੇਰੀ ਅੱਖ ਖੁੱਲ੍ਹ ਗਈ। ਫਿਰ ਮੈਂ ਬਥੇਰੀਆਂ ਅੱਖਾਂ ਮੀਟੀਆਂ ਕਿ ਇਹ ਸੁਪਨਾ ਨਾ ਹੋਵੇ, ਸੱਚ ਹੀ ਹੋਵੇ; ਪਰ ਸੁਪਨੇ ਤਾਂ ਸੁਪਨੇ ਹੀ ਹੁੰਦੇ ਹਨ! ਅੱਜਕੱਲ੍ਹ ਤਾਂ ਲੋਕ ਉਹੀ ਸੁਪਨੇ ਦੇਖਦੇ ਹਨ ਜੋ ਕੁਝ ਚਲਾਕ ਲੋਕ ਉਨ੍ਹਾਂ ਨੂੰ ਦਿਖਾਉਂਦੇ ਹਨ। ਲੀਡਰ ਜੋ ਸੁਪਨੇ ਦਿਖਾਉਂਦੇ ਹਨ, ਉਹ ਵੱਖਰੇ ਹੁੰਦੇ ਹਨ, ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਮੂਰਖ ਬਣਾ ਕੇ ਇਨ੍ਹਾਂ ‘ਤੇ ਰਾਜ ਕਰਨਾ ਹੁੰਦਾ ਹੈ। ਹਰ ਬੰਦੇ ਦੇ ਉਸ ਦੇ ਕੰਮ ਦੇ ਹਿਸਾਬ ਨਾਲ ਸੁਪਨੇ ਹਨ। ਪੰਜਾਬ ਦੇ ਨੌਜਵਾਨਾਂ ਦਾ ਅੱਜ ਇਕੋ ਇਕ ਸੁਪਨਾ ਆਇਲੈਟਸ ਕਰ ਕੇ ਵਿਦੇਸ਼ ਪੁੱਜਣ ਦਾ ਹੈ। ਮਾਪਿਆਂ ਦਾ ਸੁਪਨਾ ਵਿਦੇਸ਼ ਵਿਚ ਧੀ ਦਾ ਵਿਆਹ ਕਰ ਕੇ ਸਾਰੇ ਪਰਿਵਾਰ ਨੂੰ ਵਿਦੇਸ਼ ਵਿਚ ਸੈਟਲ ਕਰਨ ਦਾ ਹੈ। ਧੀ ਭਾਵੇਂ ਕਿਸੇ ਬੁੱਢੇ ਜਾਂ ਅਨਪੜ੍ਹ ਨਾਲ ਹੀ ਕਿਉਂ ਨਾ ਵਿਆਹੀ ਜਾਵੇ!
ਸੋ ਦੋਸਤੋ! ਸੁਪਨੇ ਦੇਖੋ, ਪਰ ਖੁੱਲ੍ਹੀਆਂ ਅੱਖਾਂ ਨਾਲ; ਆਉਣ ਵਾਲੀਆਂ ਪੀੜ੍ਹੀਆਂ ਦੇ ਚੰਗੇ ਭਵਿੱਖ ਲਈ; ਆਪਸੀ ਪਿਆਰ ਵਾਲੇ ਅਤੇ ਬੁਰਾਈਆਂ ਤੋਂ ਮਾਨਵਤਾ ਨੂੰ ਬਚਾਉਣ ਲਈ।

Be the first to comment

Leave a Reply

Your email address will not be published.