ਅਫਗਾਨ ਸਿੱਖਾਂ ਦਾ ਦੁਖਾਂਤ

ਕਾਬੁਲ ਵਿਚ ਸਿੱਖਾਂ ਦੇ ਕਤਲੇਆਮ ਨੇ ਕਈ ਸਵਾਲ ਸਾਹਮਣੇ ਲਿਆਂਦੇ ਹਨ। ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੁਣੇ-ਹੁਣੇ ਇਕ ਸਮਝੌਤਾ ਹੋਇਆ ਹੈ, ਜਿਸ ਤਹਿਤ ਅਮਰੀਕਾ ਨੇ ਆਪਣੀਆਂ ਫੌਜਾਂ ਅਫਗਾਨਿਸਤਾਨ ਵਿਚੋਂ ਕੱਢਣੀਆਂ ਹਨ ਅਤੇ ਤਾਲਿਬਾਨ ਦੇ ਕਰੀਬ ਛੇ ਹਜ਼ਾਰ ਲੜਾਕਿਆਂ ਨੂੰ ਅਫਗਾਨ ਸਰਕਾਰ ਨੇ ਰਿਹਾ ਕਰਨਾ ਹੈ। ਕੋਈ ਚਾਰ ਦਹਾਕਿਆਂ ਤੋਂ ਖਾਨਾਜੰਗੀ ਦੀ ਮਾਰ ਝੱਲ ਰਹੇ ਇਸ ਮੁਲਕ ਵਿਚ ਕਈ ਲੜਾਕੂ ਧਿਰਾਂ ਹਨ, ਜਿਨ੍ਹਾਂ ਦੇ ਆਪੋ-ਆਪਣੇ ਮੁਫਾਦ ਹਨ। ਇਹ ਕਤਲੇਆਮ ਇਸੇ ਸਿਆਸੀ ਸਾਜ਼ਿਸ਼ ਦਾ ਹਿੱਸਾ ਜਾਪਦਾ ਹੈ।

ਕਾਬੁਲ ਵਿਚ ਚਾਰ ਸਾਲ ਰਹਿ ਕੇ ਆਏ ਆਈ. ਪੀ. ਐਸ਼ ਅਫਸਰ ਅਤੇ ਲਿਖਾਰੀ ਮਨਮੋਹਨ ਨੇ ਅਫਗਾਨਿਸਤਾਨ ਵਿਚ ਸਿੱਖਾਂ ਦੀ ਹੋਣੀ ਬਾਰੇ ਕੁਝ ਵਿਚਾਰ ਰੱਖੇ ਹਨ, ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ। -ਸੰਪਾਦਕ

ਮਨਮੋਹਨ
ਫੋਨ: +91-82839-48811

ਪੰਝੀ ਮਾਰਚ ਨੂੰ ਟੀ. ਵੀ. ‘ਤੇ ਖਬਰ ਚੱਲਣ ਲੱਗੀ ਕਿ ਕਰੀਬ ਸਵੇਰੇ ਪੌਣੇ ਅੱਠ ਵਜੇ ਕਾਬੁਲ ਦੇ ਗੁਰਦੁਆਰਾ ਖਾਲਸਾ, ਸ਼ੋਰ ਬਾਜ਼ਾਰ ਉਤੇ ਹਥਿਆਰਬੰਦ ਹਮਲਾ ਹੋਇਆ, ਜਿਸ ‘ਚ ਕਈ ਅਫਗਾਨ ਸਿੱਖ ਔਰਤਾਂ, ਮਰਦ ਤੇ ਬੱਚੇ ਮਾਰੇ ਗਏ ਅਤੇ ਵੱਡੀ ਤਾਦਾਦ ‘ਚ ਲੋਕ ਜ਼ਖਮੀ ਹੋਏ। ਹਮਲੇ ਤੋਂ ਕੁਝ ਦੇਰ ਪਿਛੋਂ ਹੀ ਆਈ. ਐਸ਼ ਆਈ. ਐਲ਼ (ਇਸਲਾਮਿਕ ਸਟੇਟ ਆਫ ਇਰਾਕ ਐਂਡ ਲੇਵਾਂਤ) ਨੇ ਇਸ ਦੀ ਜਿੰਮੇਵਾਰੀ ਲੈ ਲਈ।
ਇਹ ਖਬਰ ਦੇਖ ਕੇ ਮੈਨੂੰ ਆਪਣੇ ਉਹ ਦਿਨ ਯਾਦ ਆ ਗਏ, ਜਦੋਂ ਮੈਂ ਸਾਲ 2009 ਤੋਂ ਲੈ ਕੇ 2013 ਤੱਕ ਕਾਬੁਲ ਦੇ ਭਾਰਤੀ ਸਫਾਰਤਖਾਨੇ ‘ਚ ਕੌਂਸਲਰ, ਪਬਲਿਕ ਅਫੇਅਰਜ਼ ਵਜੋਂ ਨਿਯੁਕਤ ਸਾਂ। ਗੁਰਦੁਆਰਾ ਸ਼ੋਰ ਬਾਜ਼ਾਰ ਅਤੇ ਕਾਬੁਲ ਦੇ ਇਲਾਕੇ ਕਾਰਤੇ ਪਰਵਾਨ ਵਿਖੇ ਸਥਿਤ ਮੁੱਖ ਗੁਰਦੁਆਰੇ ਦੇ ਹਰ ਗੁਰਪੁਰਬ ਅਤੇ ਵਿਸਾਖੀ ਸਮਾਗਮਾਂ ‘ਚ ਸ਼ਾਮਿਲ ਹੁੰਦਾ। ਅਫਗਾਨ ਮੂਲ ਦੇ ਸਿੱਖਾਂ ਨਾਲ ਸੰਪਰਕ ‘ਚ ਰਹਿਣਾ ਅਤੇ ਉਨ੍ਹਾਂ ਦੀਆਂ ਸਮਾਜਕ, ਧਾਰਮਿਕ, ਰਾਜਨੀਤਕ, ਆਰਥਕ ਤੇ ਸਭਿਆਚਾਰਕ ਮੁਸ਼ਕਿਲਾਂ ਅਤੇ ਮਸਲਿਆਂ ਨੂੰ ਸਥਾਨਕ ਸਰਕਾਰ ਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਧਿਆਨ ‘ਚ ਲਿਆ ਕੇ ਸੰਭਵ ਹੱਲ ਕੱਢਣਾ ਮੇਰੀ ਜਿੰਮੇਵਾਰੀ ਸੀ। ਕਿਸੇ ਵੀ ਧਰਮ ਆਧਾਰਤ ਸਟੇਟ ‘ਚ ਘੱਟਗਿਣਤੀ ਦੇ ਵਜੂਦ ਨਾਲ ਜੁੜੀਆਂ ਦੁਸ਼ਵਾਰੀਆਂ ਬੜੀਆਂ ਪੇਚੀਦਾ ਤੇ ਬੇਅੰਤ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਹੱਲ ਵੀ ਬੜੇ ਅਨੋਖੇ ਹੁੰਦੇ ਹਨ।
ਮੈਨੂੰ ਯਾਦ ਹੈ, ਕਾਬੁਲ ‘ਚ ਸਿੱਖਾਂ ਤੇ ਹਿੰਦੂਆਂ ਦਾ ਇਕ ਹੀ ਸ਼ਮਸ਼ਾਨਘਾਟ ਹੈ। ਬਹੁਤ ਵਰ੍ਹੇ ਪਹਿਲਾਂ ਤਾਂ ਇਹ ਸ਼ਹਿਰ ਤੋਂ ਬਾਹਰ ਸੀ, ਪਰ ਹੁਣ ਇਸ ਦੇ ਇਰਦ-ਗਿਰਦ ਬੜੀ ਸੰਘਣੀ ਵਸੋਂ ਹੋ ਗਈ ਹੈ। ਸਸਕਾਰ ‘ਚੋਂ ਪੈਦਾ ਹੋਏ ਪ੍ਰਦੂਸ਼ਣ ਨੂੰ ਸਥਾਨਕ ਲੋਕ ਆਪਣੇ ਧਾਰਮਿਕ ਅਕੀਦੇ ਤੇ ਸਭਿਆਚਾਰ ਦੇ ਅਨੁਕੂਲ ਨਹੀਂ ਮੰਨਦੇ। ਜਦੋਂ ਵੀ ਕਿਸੇ ਹਿੰਦੂ ਸਿੱਖ ਦੀ ਮੌਤ ਹੁੰਦੀ ਤਾਂ ਮੈਨੂੰ ਸਥਾਨਕ ਪੁਲਿਸ ਨਾਲ ਸੰਪਰਕ ਕਰ ਕੇ ਮੁਨਾਸਬ ਸੁਰੱਖਿਆ ਦਾ ਪ੍ਰਬੰਧ ਕਰਨਾ ਪੈਂਦਾ ਤਾਂ ਕਿ ਕੋਈ ਰੱਫੜ ਪੈਦਾ ਨਾ ਹੋਵੇ। ਪੰਝੀ ਤਾਰੀਖ ਨੂੰ ਵਾਪਰੇ ਹਾਦਸੇ ਦੇ ਮ੍ਰਿਤਕਾਂ ਦਾ ਜਦੋਂ ਸਸਕਾਰ ਕੀਤਾ ਜਾ ਰਿਹਾ ਸੀ ਤਾਂ ਸ਼ਮਸ਼ਾਨਘਾਟ ‘ਤੇ ਮਿਜ਼ਾਈਲ ਨਾਲ ਹਮਲਾ ਹੋਣ ਅਤੇ ਲਾਗੇ ਹੀ ਜ਼ਮੀਨਦੋਜ਼ ਵਿਸਫੋਟਕ ਸੁਰੰਗਾਂ ਮਿਲਣ ਦੀ ਖਬਰ ਵੀ ਆਈ।
ਅਫਗਾਨ ਸਿੱਖਾਂ ਦੇ ਅਜਿਹੇ ਕਈ ਮਸਲਿਆਂ ਨੂੰ ਨਿਬੇੜਨ ਲਈ ਮੇਰੇ ਨਾਲ ਅਫਗਾਨਿਸਤਾਨ ਦੀ ਪਾਰਲੀਮੈਂਟ ਦੀ ‘ਮਿਸ਼ਰਾਨੋ ਜਿਰਗਾ’ ਦੇ ਮੈਂਬਰ ਅਵਤਾਰ ਸਿੰਘ ਖਾਲਸਾ ਅਤੇ ਗੁਰਦੁਆਰਾ ਕਾਰਤੇ ਪਰਵਾਨ ਦੇ ਪ੍ਰਧਾਨ ਰਵੇਲ ਸਿੰਘ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੁੰਦੇ। ਇਹ ਦੋਵੇਂ ਅਫਗਾਨ ਸਿੱਖਾਂ ਦੇ ਮੁਹਤਬਰ ਜਲਾਲਾਬਾਦ ਵਿਚ 2 ਜੁਲਾਈ 2018 ਨੂੰ ਪਾਰਲੀਮੈਂਟ ਦੀ ਵੋਲੇਸੀ ਜਿਰਗਾ ਦੀਆਂ ਚੋਣਾਂ ਦਾ ਪ੍ਰਚਾਰ ਕਰ ਰਹੇ ਸਨ ਤਾਂ ਆਤਮਘਾਤੀ ਬੰਬ ਧਮਾਕੇ ‘ਚ ਸਿੱਖਾਂ-ਹਿੰਦੂਆਂ ਸਮੇਤ ਉਨੀ ਲੋਕ ਮਾਰੇ ਗਏ ਅਤੇ ਇਸ ਘਟਨਾ ਵਿਚ ਵੀਹ ਤੋਂ ਵੱਧ ਵਿਅਕਤੀ ਜ਼ਖਮੀ ਵੀ ਹੋਏ। ਉਦੋਂ ਇਸ ਧਮਾਕੇ ਦੀ ਜਿੰਮੇਵਾਰੀ ਵੀ ਆਈ. ਐਸ਼ ਆਈ. ਐਲ਼ ਨੇ ਲਈ ਸੀ।
ਸ਼ੋਰ ਬਾਜ਼ਾਰ ਵਾਲੇ ਗੁਰਦੁਆਰੇ ਦੇ ਨਾਲ ਇਕ ਹੋਰ ਗੁਰਦੁਆਰਾ ਗੁਰੂ ਹਰਿਰਾਏ ਵੀ ਹੈ, ਪਰ ਇਹ ਇਤਿਹਾਸਕ ਨਹੀਂ ਸਗੋਂ ਭਾਈਚਾਰਕ ਹੈ। ਸ਼ੋਰ ਬਾਜ਼ਾਰ ਵਾਲੇ ਗੁਰਦੁਆਰੇ ‘ਚ ਕੁਝ ਘਰ ਅਤੇ ਸਰਾਂ ਵੀ ਹਨ, ਜਿੱਥੇ ਬਹੁਤ ਸਾਰੇ ਸਿੱਖ ਹਿੰਦੂ ਪਰਿਵਾਰਾਂ ਨੇ ਪਿਛਲੇ ਸਮਿਆਂ ‘ਚ ਲਾਗਲੇ ਪ੍ਰਦੇਸ਼ਾਂ ਜਿਵੇਂ ਨੰਗਰਹਾਰ, ਲੋਗਾਨ, ਹੈਰਾਤ, ਜਲਾਲਾਬਾਦ, ਕੰਧਾਰ, ਪਕਤੀਆ, ਪਕਤਿਕਾ ਤੇ ਮਜ਼ਾਰ-ਏ-ਸ਼ਰੀਫ ਆਦਿ ਤੋਂ ਉਜੜਨ ਪਿਛੋਂ ਸ਼ਰਨ ਲਈ ਹੈ। ਇਸ ਕੰਪਲੈਕਸ ਦੇ ਨਾਲ ਹੀ ਸਕੂਲੀ ਇਮਾਰਤ ਹੈ, ਜਿਸ ‘ਚ ਸਿੱਖ ਹਿੰਦੂ ਬੱਚੇ ਪੜ੍ਹਦੇ ਹਨ। ਇਹ ਬੱਚੇ ਕਾਬੁਲ ਦੇ ਸਰਕਾਰੀ ਸਕੂਲਾਂ ‘ਚ ਨਹੀਂ ਜਾਂਦੇ ਕਿਉਂਕਿ ਇਨ੍ਹਾਂ ਨਾਲ ਉਥੋਂ ਦੇ ਬਹੁਗਿਣਤੀ ਧਰਮ ਅਤੇ ਫਿਰਕਿਆਂ ਦੇ ਬੱਚੇ ਧੱਕੇਸ਼ਾਹੀ ਤੇ ਧੌਂਸਬਾਜ਼ੀ ਕਰਦੇ ਹਨ।
ਕਿਸੇ ਜ਼ਮਾਨੇ ‘ਚ ਪੂਰੇ ਅਫਗਾਨਿਸਤਾਨ ਦੇ ਵੱਖ ਵੱਖ ਪ੍ਰਦੇਸ਼ਾਂ ‘ਚ ਕੁਲ ਮਿਲਾ ਕੇ ਸੱਤਰ ਗੁਰਦੁਆਰੇ ਸਨ, ਜਿਨ੍ਹਾਂ ‘ਚੋਂ ਕੁਝ ਕੁ ਇਤਿਹਾਸਕ ਅਤੇ ਬਾਕੀ ਭਾਈਚਾਰਕ ਸਨ। ਮੈਨੂੰ ਆਪਣੀ ਚਾਰ ਸਾਲ ਦੀ ਠਾਹਰ ਦੌਰਾਨ ਕੁਝ ਕੁ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਇਨ੍ਹਾਂ ਗੁਰਦੁਆਰਿਆਂ ‘ਚੋਂ ਕੁਝ ਕੁ ਗੁਰੂ ਨਾਨਕ ਨਾਲ ਸਬੰਧਿਤ ਮੰਨੇ ਜਾਂਦੇ ਹਨ; ਜਦੋਂ ਗੁਰੂ ਸਾਹਿਬ 1520 ‘ਚ ਮੱਕੇ ਤੋਂ ਪਰਤਣ ਪਿਛੋਂ ਬਰਾਸਤਾ ਇਰਾਨ, ਹੈਰਾਤ, ਕਾਬੁਲ ਅਤੇ ਜਲਾਲਾਬਾਦ ਹੁੰਦਿਆਂ ਨਨਕਾਣੇ ਪਰਤੇ। ਇਹ ਗੁਰਦੁਆਰੇ ਹਨ-ਗੁਰਦੁਆਰਾ ਬਾਬਾ ਨਾਨਕ, ਜਾਦੇ ਮੇਵਾਨ, ਕਾਬੁਲ; ਜਲਾਲਾਬਾਦ ਦੇ ਦੋ ਗੁਰਦੁਆਰੇ ਛੋਟਾ ਸਾਹਿਬ ਪਾਤਸ਼ਾਹੀ ਅਤੇ ਸੁਲਾਤਨਪੁਰ ਦਾ ਗੁਰਦੁਆਰਾ ਚਸ਼ਮਾ ਸਾਹਿਬ। ਕਾਬੁਲ ‘ਚ ਗੁਰੂ ਨਾਨਕ ਸਾਹਿਬ ਦੇ ਪੁੱਤਰ ਬਾਬਾ ਸ੍ਰੀਚੰਦ ਦਾ ਗੁਰਦੁਆਰਾ ਵੀ ਹੈ। ਮਨੌਤ ਹੈ ਕਿ ਬਾਬਾ ਸ੍ਰੀਚੰਦ ਜੀ ਤਕਸ਼ਿਲਾ ਤੋਂ ਪਿਸ਼ਾਵਰ ਹੁੰਦਿਆਂ ਕਾਬੁਲ ਪੁੱਜੇ ਸਨ। ਇਸ ਤੋਂ ਇਲਾਵਾ ਗਜ਼ਨੀ ‘ਚ ਗੁਰੂਘਰ ਦੇ ਮਹਾਨ ਕਵੀ ਭਾਈ ਨੰਦ ਲਾਲ ਗੋਆ ਨਾਲ ਸਬੰਧਿਤ ਗੁਰਦੁਆਰਾ ਅਤੇ ਗੁਰਦੁਆਰਾ ਕੋਠਾ ਸਾਹਿਬ ਵੀ ਹੈ। ਗਜ਼ਨੀ ‘ਚ ਭਾਈ ਸਾਹਿਬ ਵੱਡੇ ਗਜ਼ਲਗੋ ਹੋਣ ਦੇ ਨਾਲ-ਨਾਲ ਗੁਰੂ ਘਰ ਦੇ ਵੱਡੇ ਪ੍ਰੇਮੀ ਅਤੇ ਸ਼ਰਧਾਵਾਨ ਵੀ ਸਨ।
ਇੰਜ ਅਫਗਾਨਿਸਤਾਨ ‘ਚ ਹਿੰਦੂ ਸਿੱਖਾਂ ਦੀ ਹੋਂਦ ਪਿਛਲੇ ਪੰਜ ਸੌ ਸਾਲ ਤੋਂ ਬਣੀ ਹੋਈ ਹੈ। ਅੱਜ ਦੇ ਅਨੁਮਾਨ ਤੇ ਅੰਕੜਿਆਂ ਮੁਤਾਬਕ ਸਿੱਖਾਂ-ਹਿੰਦੂਆਂ ਦੇ ਤਿੰਨ ਸੌ ਪਰਿਵਾਰ ਹਨ। ਇਕ ਦਹਾਕਾ ਪਹਿਲਾਂ ਇਹ ਗਿਣਤੀ ਤਿੰਨ ਹਜ਼ਾਰ ਦੇ ਲਾਗੇ ਸੀ। ਨੱਬੇਵਿਆਂ ਦੇ ਮੱਧ ਦੌਰਾਨ ਤਾਲਿਬਾਨ ਦੀ ਚੜ੍ਹਤ ਸਮਿਆਂ ‘ਚ ਇਹ ਗਿਣਤੀ ਪੰਜਾਹ ਹਜ਼ਾਰ ਦੇ ਆਸ-ਪਾਸ ਸੀ। ਪ੍ਰੋ. ਹਰਜੀਤ ਸਿੰਘ ਉਬਰਾਏ ਵਲੋਂ ਬ੍ਰਿਟਿਸ਼ ਕੋਲੰਬੀਆ ਦੀ ਯੂਨੀਵਰਸਿਟੀ ‘ਚ ਦੇਖੇ ਕੁਝ ਦਸਤਾਵੇਜ਼ਾਂ ਅਨੁਸਾਰ 1940 ਦੌਰਾਨ ਇਹ ਗਿਣਤੀ ਦੋ-ਢਾਈ ਲੱਖ ਦੇ ਲਾਗੇ ਸੀ। ਅਫਗਾਨਿਸਤਾਨ ‘ਚ ਸਿੱਖ ਤਿੰਨ ਧਾਰਾਵਾਂ ‘ਚੋਂ ਪੈਦਾ ਹੋਏ ਮੰਨੇ ਜਾਂਦੇ ਹਨ। ਪਹਿਲੇ ਉਹ ਲੋਕ ਸਨ, ਜੋ ਗੁਰੂ ਨਾਨਕ ਸਾਹਿਬ ਦੀ ਯਾਤਰਾ ਦੌਰਾਨ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਫਲਸਫੇ ਤੋਂ ਪ੍ਰਭਾਵਿਤ ਹੋਏ। ਇਹ ਪਸ਼ਤੋ ਤੇ ਦਰੀ (ਸਥਾਨਕ ਫਾਰਸੀ) ਭਾਸ਼ਾਵਾਂ ਬੋਲਣ ਵਾਲੇ ਉਹ ਲੋਕ ਸਨ, ਜਿਨ੍ਹਾਂ ਇਸਲਾਮ ਧਾਰਨ ਕਰਨ ਦੀ ਥਾਂ ਗੁਰੂ ਦੇ ਸਿੱਖ ਹੋਣਾ ਚੁਣਿਆ।
ਦੂਜੀ ਧਾਰਾ ਉਹ ਸੀ, ਜੋ ਥੋੜ੍ਹ ਚਿਰੇ ਸਿੱਖ ਰਾਜ (1799-1849) ਕਾਰਨ ਖੈਬਰ ਪਖਤੂਨਖਵਾ ਖੇਤਰਾਂ ਭਾਵ ਪਿਸ਼ਾਵਰ ਤੋਂ ਖੈਬਰ ਦੱਰਾ ਪਾਰ ਕਰ ਅਤੇ ਕਾਬੁਲ, ਕੰਧਾਰ ਦੇ ਪੱਛਮ ਵੱਲ ਖੁੱਲ੍ਹਦੇ ਵਪਾਰ ਮਾਰਗ ਤੇ ਰੇਸ਼ਮ ਮਾਰਗ ‘ਤੇ ਪੈਂਦੇ ਵਪਾਰਕ-ਸਭਿਆਚਾਰਕ ਨਗਰਾਂ/ਕੇਂਦਰਾਂ ‘ਚ ਵਸ ਗਏ। ਇਨ੍ਹਾਂ ਦਾ ਮੂਲ ਧੰਦਾ ਕਈ ਕੀਮਤੀ ਵਸਤਾਂ ਜਿਵੇਂ ਰੇਸ਼ਮ, ਜਵਾਹਰਾਤ, ਮੋਤੀ, ਮਸਾਲੇ, ਨਮਕ ਅਤੇ ਸ਼ੋਰੇ ਦਾ ਵਪਾਰ ਸੀ। ਇਹ ਪੰਜਾਬੀ ਦੀ ਉਪ-ਬੋਲੀ ਹਿੰਦਕੋ ਤੇ ਪਸ਼ਤੋ ਅਤੇ ਦੱਰੀ ਬੋਲਣ ਵਾਲੇ ਲੋਕ ਸਨ।
ਤੀਜੀ ਧਾਰਾ ਉਨ੍ਹਾਂ ਸਿੱਖਾਂ-ਹਿੰਦੂਆਂ ਦੀ ਹੈ, ਜੋ ਭਾਰਤ-ਪਾਕਿ ਵੰਡ ਪਿਛੋਂ ਪਿਸ਼ਾਵਰ, ਬਲੋਚਿਸਤਾਨ ਦੇ ਆਲੇ-ਦੁਆਲੇ ਦੇ ਏਜੰਸੀ ਇਲਾਕਿਆਂ ‘ਚੋਂ ਨਿਕਲ, ਡੂਰੰਡ ਰੇਖਾ ਪਾਰ ਕਰ ਪੂਰਬੀ, ਉਤਰੀ ਅਤੇ ਦੱਖਣੀ ਅਫਗਾਨਿਸਤਾਨ ਦੇ ਸ਼ਹਿਰੀ ਤੇ ਮੁਫਸਿਲ ਇਲਾਕਿਆਂ ‘ਚ ਫੈਲ ਗਏ ਅਤੇ ਜ਼ਿਆਦਾਤਰ ਵਪਾਰਕ ਧੰਦਿਆਂ (ਟਰਾਂਸਪੋਰਟ, ਸਪੇਅਰ ਪਾਰਟਸ, ਚਾਹ ਅਤੇ ਸੁੱਕੇ ਫਲਾਂ), ਸ਼ਾਹੂਕਾਰੇ ਅਤੇ ਲਘੂ ਉਦਯੋਗਾਂ (ਬੇਕਰੀ, ਕਨਫੈਕਸ਼ਨਰੀਜ਼, ਕੈਂਡੀ ਇੰਡਸਟਰੀ) ‘ਚ ਮੁਨੱਸਿਬ ਹੋ ਗਏ। ਇਨ੍ਹਾਂ ਇਲਾਕਿਆਂ ‘ਚ ਆਉਣ ਦਾ ਕਾਰਨ ਸੀ ਕਿ ਅਫਗਾਨਿਸਤਾਨ ਦੇ ਤਤਕਾਲੀ ਬਾਦਸ਼ਾਹ ਜ਼ਹੀਰ ਸ਼ਾਹ ਦਾ ਰਾਜ ਅਤੇ ਸਾਸ਼ਨ ਬੜਾ ਆਧੁਨਿਕ, ਪੜ੍ਹਿਆ-ਲਿਖਿਆ, ਖੁਸ਼ਹਾਲ, ਧਾਰਮਿਕ ਸਹਿਹੋਂਦ ਤੇ ਸਦਭਾਵ ਅਤੇ ਪੱਛਮੀ (ਫਰਾਂਸੀਸੀ) ਸਭਿਆਚਾਰ ਤੇ ਜੀਵਨ ਸ਼ੈਲੀ ਵਾਲਾ ਸੀ। ਮੈਂ ਇਕ ਵਾਰ ਕਾਬੁਲ ਦੇ ਸ਼ਾਹੀ ਪਰਿਵਾਰ ਨਾਲ ਸਬੰਧਿਤ ਮੇਰੇ ਦੋਸਤ ਡਾ. ਐਮਲ ਦੇ ਘਰ ਗਿਆ ਤਾਂ ਉਸ ਦੇ ਦੀਵਾਨਖਾਨੇ ‘ਚ ਇਕ ਤਸਵੀਰ ਦੇਖ ਕੇ ਮੈਂ ਪੁੱਛਿਆ, “ਇਹ ਸਵਿਟਜ਼ਰਲੈਂਡ ਦੇ ਦਰਿਆ ਕੰਢੇ ਵਸਿਆ ਕੋਈ ਨਗਰ ਹੈ?” ਤਾਂ ਉਸ ਨੇ ਯਕਲਖਤ ਕਿਹਾ, “ਨਹੀਂ, ਇਹ ਨਜ਼ਾਰਾ ਦਰਿਆ-ਏ-ਕਾਬੁਲ ਕੰਢੇ ਉਸਰੀਆਂ ਸਰਦ ਰੁੱਤੇ ਬਰਫ ਢੱਕੀਆਂ ਇਮਾਰਤਾਂ ਦਾ ਹੈ।”
ਪਿਛਲੇ ਚਾਲੀ ਸਾਲਾਂ ਤੋਂ ਅਫਗਾਨਿਸਤਾਨ ‘ਚ ਲਗਾਤਰ ਰਾਜਨੀਤਕ ਅਤੇ ਅੰਦਰੂਨੀ ਸੁਰੱਖਿਆ ਨਾਲ ਜੁੜੀ ਉਥਲ-ਪੁਥਲ ਖਾਸ ਕਰ ਕੇ 1980 ‘ਚ ਸੋਵੀਅਤ ਰੂਸ ਵਲੋਂ ਅਫਗਾਨਿਸਤਾਨ ‘ਤੇ ਕਬਜ਼ੇ, ਅਮਰੀਕਾ ਤੇ ਪਾਕਿਸਤਾਨ ਦੀ ਮਦਦ ਨਾਲ ਤਾਜਿਕ, ਉਜ਼ਬੇਕ, ਪਠਾਣ ਅਤੇ ਹਜ਼ਾਰਾ ਕਬਾਇਲੀ ਮੁਜਾਹਿਦਾਂ ਵਲੋਂ 1992 ‘ਚ ਅਫਗਾਨਿਸਤਾਨ ਦੇ ਤਤਕਾਲੀ ਸਦਰ ਨਜੀਬਉਲਾ ਦੀ ਸਰਕਾਰ ਅਤੇ ਸੋਵੀਅਤ ਕਮਿਊਨਿਸਟ ਵਿਚਾਰਧਾਰਕ ਸੱਤਾ ਵਿਰੁਧ ਵਿੱਢੇ ਜਹਾਦ ਦੌਰਾਨ ਬਹੁਤ ਸਾਰੇ ਅਮੀਰ ਵਪਾਰੀ ਅਤੇ ਸਥਾਨਕ ਰਾਜ ਸੱਤਾ ‘ਚ ਅਸਰ ਰਸੂਖ ਰੱਖਣ ਵਾਲੇ ਸਿੱਖ-ਹਿੰਦੂ ਪੱਛਮੀ ਮੁਲਕਾਂ ਜਿਵੇਂ ਅਮਰੀਕਾ, ਕੈਨੇਡਾ, ਜਰਮਨੀ, ਇੰਗਲੈਂਡ ਪਲਾਇਨ ਕਰ ਗਏ। ਮੈਂ ਭਾਰਤੀ ਸਫਾਰਤਖਾਨੇ ਵਲੋਂ ਕਿਰਾਏ ‘ਤੇ ਲਏ ਜਿਸ ਨਿੱਜੀ ਘਰ ‘ਚ ਰਹਿੰਦਾ ਸਾਂ, ਉਹ ਕਿਸੇ ਸਿੱਖ ਅਮੀਰ ਵਪਾਰੀ ਦਾ ਹੀ ਸੀ, ਜਿਸ ਨੂੰ ਤਾਜਿਕ ਨੇਤਾ ਅਹਿਮਦ ਸ਼ਾਹ ਮਸੂਦ ਦੇ ਉਤਰੀ ਗਠਬੰਧਨ ਨਾਲ ਜੁੜੇ ਫੌਜੀ ਜਰਨੈਲਾਂ ਨੇ ਧੱਕੇਸ਼ਾਹੀ ਕਰ ਬੜੇ ਥੋੜ੍ਹੇ ਪੈਸਿਆਂ ‘ਚ ਆਪਣੇ ਨਾਮ ਇੰਤਕਾਲ ਕਰਾ ਲਿਆ। ਬਾਕੀ ਬਚੀ ਕੁਝ ਹੋਰ ਮੱਧਵਰਗੀ ਹਿੰਦੂ ਸਿੱਖ ਬਰਾਦਰੀ ਦੇ ਲੋਕ ਤਾਲਿਬਾਨ ਅਤੇ ਮੁਜਾਹਿਦਾਂ ਦੇ ਆਪਸੀ ਸੰਘਰਸ਼ ਤੇ ਕਸ਼ਮਕਸ਼ ਤੋਂ ਤੰਗ ਆ ਕੇ ਮੱਧ ਪੂਰਬੀ, ਦੱਖਣ ਪੂਰਬੀ ਦੇਸ਼ਾਂ ਜਾਂ ਭਾਰਤ ‘ਚ ਆਰਜ਼ੀ ਤੌਰ ‘ਤੇ ਲੰਮੀਆਂ ਵੀਜ਼ਾ ਸਹੂਲਤਾਂ ਅਧੀਨ ਵਸ ਗਏ। ਅੱਜ ਉਥੇ ਰਹਿੰਦੇ ਤਿੰਨ ਸੌ ਦੇ ਕਰੀਬ ਪਰਿਵਾਰਾਂ ਦੀ ਆਰਥਕ, ਸਮਾਜਕ, ਸਭਿਆਚਾਰਕ ਹਾਲਤ ਬੜੀ ਨਾਜ਼ੁਕ ਹੈ। ਜ਼ਿਆਦਾਤਰ ਇਹ ਲੋਕ ਜੜ੍ਹੀਆਂ ਬੂਟੀਆਂ, ਦਵਾਈਆਂ, ਜੋਤਿਸ਼, ਮੇਵਿਆਂ ਅਤੇ ਕੱਪੜੇ ਦੇ ਖੁਦਰਾ ਵਪਾਰ ਨਾਲ ਰੋਜ਼ੀ ਰੋਟੀ ਕਮਾ ਰਹੇ ਹਨ। ਇਹ ਆਪਣੀਆਂ ਸਾਰੀਆਂ ਵਜੂਦੀ ਮੁਸ਼ਕਿਲਾਂ ਅਤੇ ਦੁਸ਼ਵਾਰੀਆਂ ਦੇ ਬਾਵਜੂਦ ਅਫਗਾਨਿਸਤਾਨ ਛੱਡਣ ਨੂੰ ਤਿਆਰ ਨਹੀਂ। ਇਨ੍ਹਾਂ ਦੀ ਆਮ ਰਾਇ ਹੈ ਕਿ ਅਸੀਂ ਮੂਲ ਰੂਪ ‘ਚ ਅਫਗਾਨ ਵਤਨਪ੍ਰਸਤ ਹਾਂ, ਅਸਾਂ ਇੱਥੋਂ ਦਾ ਪਾਣੀ ਪੀਤਾ, ਨਮਕ ਖਾਧਾ ਅਤੇ ਆਬੋ-ਹਵਾ ‘ਚ ਸਾਹ ਲਿਆ। ਅਸੀਂ ਇਹ ਥਾਂ ਛੱਡ ਕੇ ਕਿਤੇ ਨਹੀਂ ਜਾਵਾਂਗੇ। ਇੱਥੇ ਹੀ ਜੀਵਾਂਗੇ, ਇੱਥੇ ਹੀ ਮਰਾਂਗੇ। ਸਾਨੂੰ ਅਫਗਾਨ ਸ਼ਾਸਕਾਂ ਦੀ ਧਾਰਮਿਕ ਸਹਿਹੋਂਦ ਭਾਵਨਾ ‘ਤੇ ਕੋਈ ਸ਼ੱਕ ਅਤੇ ਬੇਯਕੀਨੀ ਨਹੀਂ, ਪਰ ਪਹਿਲਾਂ ਪਾਕਿਸਤਾਨੀ ਸ਼ਹਿ ਪ੍ਰਾਪਤ ਤਾਲਿਬਾਨ ਅਤੇ ਹੁਣ ਆਈ. ਐਸ਼ ਆਈ. ਐਲ਼ ਦੀ ਹਿੰਸਕ ਰਾਜਨੀਤੀ ਕਾਰਨ ਅਸੀਂ ਮਾਰੇ ਜਾ ਰਹੇ ਹਾਂ। ਅਫਗਾਨਿਸਤਾਨ ਸਾਡਾ ਵਤਨ ਹੈ ਅਤੇ ਕੱਟੜਪੰਥੀ ਇਸਲਾਮੀ ਦਾਬੇ ਹੇਠ ਕਦੇ ਨਹੀਂ ਝੁਕਾਂਗੇ। ਅਸੀਂ ਸਿੱਖੀ ਤੇ ਹਿੰਦੂ ਧਰਮ ਨੂੰ ਮੰਨਣ ਦੇ ਨਾਲ-ਨਾਲ ਇਸਲਾਮ ਦਾ ਵੀ ਇਹਤਰਾਮ ਕਰਦੇ ਹਾਂ। ਸਾਡੇ ਗੁਰੂਆਂ ਬਾਬਾ ਨਾਨਕ, ਗੁਰੂ ਰਾਮਦਾਸ, ਗੁਰੂ ਅਰਜਨ ਅਤੇ ਗੁਰੂ ਗੋਬਿੰਦ ਸਿੰਘ ਨੇ ਇਹੋ ਹੀ ਸਿੱਖਿਆ ਅਤੇ ਬਾਣੀ ਦੀ ਵਿਰਾਸਤ ਦਿੱਤੀ ਹੈ।
ਮੈਂ ਅਕਸਰ ਜਦ ਪੰਜਾਬ ਦੇ ਬਹੁਗਿਣਤੀ ਸਿੱਖਾਂ ਨਾਲ ਇਨ੍ਹਾਂ ਅਫਗਾਨ ਘੱਟਗਿਣਤੀ ਸਿੱਖਾਂ ਦੀ ਤੁਲਨਾ ਕਰਦਾ ਹਾਂ ਤਾਂ ਦੇਖਦਾ ਹਾਂ ਕਿ ਇਹ ਸਾਰੇ ਸਿੱਖ ਰਹਿਤ ਮਰਿਆਦਾ ਨੂੰ ਪੂਰੀ ਤਰ੍ਹਾਂ ਮੰਨਣ ਵਾਲੇ ਸਾਬਤ ਸੂਰਤ ਸਿੱਖ ਹਨ।
ਇਸ ਦੌਰਾਨ ਇਹ ਵੀ ਖਬਰ ਹੈ, ਕਾਬੁਲ ਦੇ ਸ਼ੋਰ ਬਾਜ਼ਾਰ ਦੇ ਗੁਰਦੁਆਰੇ ਅਤੇ ਸ਼ਰਨਗ੍ਰਹਿ ‘ਤੇ ਹਮਲਾ ਇਸ ਲਈ ਹੋਇਆ ਕਿ ਇਕ ਦਿਨ ਪਹਿਲਾਂ ਅਮਰੀਕਾ ਨੇ ਐਲਾਨ ਕੀਤਾ ਸੀ ਕਿ ਉਹ ਅਫਗਾਨ ਸਰਕਾਰ ਨੂੰ ਇਕ ਬਿਲੀਅਨ ਡਾਲਰ ਦੀ ਇਮਦਾਦ ਰੋਕ ਲਵੇਗਾ, ਜੇ ਤਾਲਿਬਾਨ ਨਾਲ ਗੱਲਬਾਤ ਅਤੇ ਮੁਜ਼ਾਕਰਾਤ ਕਰਨ ਲਈ ਭਿੰਨ-ਭਿੰਨ ਅਫਗਾਨ ਰਾਜਨੀਤਕ ਨੇਤਾ ਕਿਸੇ ਸਾਂਝੇ ਸਮਝੌਤੇ ‘ਤੇ ਨਹੀਂ ਅਪੜਦੇ।
ਇਸ ਸਾਰੇ ਘਟਨਾਕ੍ਰਮ ‘ਚੋਂ ਲੰਘਦਿਆਂ ਅਤੇ ਇਸ ਨੂੰ ਮੈਂ ਆਪਣੀ ਵਿਸ਼ਵੀ, ਕੌਮਾਂਤਰੀ, ਰਾਜਨੀਤਕ ਤੇ ਕੂਟਨੀਤਕ ਸਿਧਾਂਤਕ ਅਤੇ ਸ਼ਾਸਤਰੀ ਸੂਝ ਅਨੁਸਾਰ ਸਮਝਣ ਦੀ ਕੋਸ਼ਿਸ਼ ਕਰਦਾਂ ਹਾਂ ਕਿ ਜਾਣ ਸਕਾਂ ਇਸ ਹਮਲੇ ‘ਚ ਆਈ. ਐਸ਼ ਆਈ. ਐਲ਼ ਵਲੋਂ ਇਨ੍ਹਾਂ ਬੇਗੁਨਾਹ ਅਫਗਾਨ ਸਿੱਖਾਂ ਨੂੰ ਕਿਉਂ ਇਸ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ? ਇਸ ਵਿਚਾਰ ਦੇ ਨਾਲ ਹੀ ਮੇਰੇ ਸਾਹਮਣੇ ਵਿਸ਼ਵ ਪੱਧਰ ‘ਤੇ ਕਾਰਗਰ ਬਹੁਤ ਸਾਰੀਆਂ ਅਮੂਰਤ ਗੁੰਝਲਾਂ ਅਤੇ ਅਬਸਟ੍ਰੈਕਟ ਘੁੰਡੀਆਂ ਖੁੱਲ੍ਹਣੀਆਂ ਸ਼ੁਰੂ ਹੋ ਜਾਂਦੀਆਂ ਹਨ। ਵੱਡੀਆਂ ਸੱਤਾਵਾਂ ਦੀ ਆਪਸੀ ਖਹਿਬਾਜ਼ੀ ਦਾ ਇਤਿਹਾਸ ਬੜਾ ਲੰਮਾ ਚੌੜਾ ਤੇ ਗੁੰਝਲਦਾਰ ਹੈ।
18ਵੀਂ-19ਵੀਂ ਸਦੀ ‘ਚ ਅਫਗਾਨਿਸਤਾਨ ਰੂਸ ਦੀ ਜ਼ਾਰਸ਼ਾਹੀ ਅਤੇ ਬਰਤਾਨਵੀ ਬਸਤੀਵਾਦ ਤੇ ਸਾਮਰਾਜਵਾਦ ਦੀ ਮਹਾਨ ਖੇਡ ਦਾ ਸ਼ਿਕਾਰ ਕਿਵੇਂ ਹੋਇਆ, ਭਾਰਤੀ ਉਪ-ਮਹਾਂਦੀਪ ਦੇ ਸਿਆਸੀ ਇਤਿਹਾਸ ਦਾ ਇਹ ਬੜਾ ਘਟਨਾ ਭਰਪੂਰ ਦੌਰ ਸੀ, ਜਿਸ ਨੂੰ ਪੀਟਰ ਹੌਪਕਿਰਕ ਦੀ ਕਿਤਾਬ ‘ਦਿ ਗ੍ਰੇਟ ਗੇਮ’ ਨੂੰ ਪੜ੍ਹ ਸਮਝਿਆ ਜਾ ਸਕਦਾ ਹੈ। ਦੂਜਾ ਬਹੁਗਿਣਤੀ ਧਾਰਮਿਕ ਨੇਸ਼ਨ-ਸਟੇਟ ‘ਚ ਘੱਟਗਿਣਤੀਆਂ ਨੂੰ ਹਮੇਸ਼ਾ ਹੀ ਹਿੰਸਾ ਤੇ ਜ਼ੁਲਮ ਝੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਇਹ ਸਮਝ ਮੈਨੂੰ ਏ. ਪੀ. ਚੈਟਰਜੀ, ਟੀ. ਬੀ. ਹੈਨਸਨ ਅਤੇ ਕ੍ਰਿਸਟੋਫੇ ਜੈਫਰਲੋਟ ਦੀ ਸੰਪਾਦਿਤ ਕੀਤੀ ਕਿਤਾਬ ‘ਮਜੌਰੀਟੇਰੀਅਨ ਸਟੇਟ’ ਪੜ੍ਹ ਕੇ ਸਮਝ ਆਈ।
ਅੰਤ ਮੈਂ ਕਾਬੁਲ ਦੇ ਸ਼ੋਰ ਬਾਜ਼ਾਰ ਦੇ ਗੁਰਦੁਆਰੇ ‘ਚ ਇਸ ਹਮਲੇ ‘ਚ ਘੱਟਗਿਣਤੀ ਸਿੱਖਾਂ ਦੇ ਮਾਰੇ ਜਾਣ ਦਾ ਅਜੇ ਤੱਕ ਕੋਈ ਸੰਭਵ ਤਰਕ ਨਹੀਂ ਲੱਭ ਸਕਿਆ ਕਿ ਇਨ੍ਹਾਂ ਬੇਗਾਨਹਾਂ ਦਾ ਕਸੂਰ ਕੀ ਹੈ? ਇਨ੍ਹਾਂ ਦੀਆਂ ਮੌਤਾਂ ਲਈ ਕੀ ਆਈ. ਐਸ਼ ਆਈ. ਐਲ਼ ਹੀ ਜਿੰਮੇਵਾਰ ਹੈ ਜਾਂ ਕੋਈ ਹੋਰ ਵੱਡੀਆਂ ਸਾਜ਼ਿਸ਼ੀ ਸ਼ਕਤੀਆਂ ਹਨ, ਜੋ ਇਸ ਸਾਰੇ ਘਟਨਾਕ੍ਰਮ ਪਿੱਛੇ ਕੰਮ ਕਰ ਰਹੀਆਂ ਹਨ ਜਾਂ ਕਿਤੇ ਪਿਛਲੇ ਦਿਨੀਂ ਭਾਰਤ ‘ਚ ਘੱਟਗਿਣਤੀਆਂ ‘ਤੇ ਹੋਈ ਹਿੰਸਾ ਦਾ ਪ੍ਰਤੀਕਰਮ ਤਾਂ ਨਹੀਂ ਜਾਂ ਇਨ੍ਹਾਂ ਸਿੱਖਾਂ ਦੀ ਸੰਭਵ ਹੋਣੀ ਸੀ ਕਿ ਇਨ੍ਹਾਂ ਨੇ ਇਸ ਅਨਿਆਈ ਬਰਬਰੀ ਅਤੇ ਨਾਵਾਜਬ ਹਿੰਸਾ ਦਾ ਸ਼ਿਕਾਰ ਹੋਣਾ ਸੀ। ਫਿਰ ਵੀ ਅੰਤ ਤੱਕ ਇਹ ਸਵਾਲ ਮੇਰੇ ਦਿਮਾਗ ‘ਚੋਂ ਨਿਕਲਿਆ ਨਹੀਂ ਕਿ ਇਨ੍ਹਾਂ ਅਫਗਾਨ ਸਿੱਖਾਂ ਨੇ ਕਿਸੇ ਦਾ ਕੀ ਵਿਗਾੜਿਆ ਸੀ?