ਪਰਵਾਸੀ ਕਾਮਿਆਂ ਲਈ ਆਪਣਾ ਹੀ ਦੇਸ ਹੋਇਆ ਪਰਦੇਸ

ਬੂਟਾ ਸਿੰਘ
ਫੋਨ: +91-94634-74342
ਪਹਿਲਾਂ ਹੀ ਹਾਸ਼ੀਏ ‘ਤੇ ਧੱਕੀ ਅਵਾਮ ਇਕ ਪਾਸੇ ਕਰੋਨਾ ਵਾਇਰਸ ਦੀ ਦਹਿਸ਼ਤ ਅਤੇ ਦੂਜੇ ਪਾਸੇ ਭਾਜਪਾ ਰਾਜ ਦੇ ਤਾਨਾਸ਼ਾਹ ਫਰਮਾਨਾਂ ਨਾਲ ਸਹਿਮੀ ਹੋਈ ਹੈ। ਕਿਸੇ ਵੀ ਸੰਕਟ ਵਿਚ ਸਭ ਤੋਂ ਨਿਤਾਣੇ ਅਤੇ ਅਸੁਰੱਖਿਅਤ ਹਿੱਸੇ ਪਰਵਾਸੀ ਹੁੰਦੇ ਹਨ। ਕੋਈ ਭਰੋਸਾ ਨਹੀਂ, ਕਦੋਂ ਹਾਕਮ ਜਮਾਤੀ ਸਿਆਸਤ ‘ਬਾਹਰਲਿਆਂ’ ਖਿਲਾਫ ਸਥਾਨਕ ਜਜ਼ਬਾਤ ਭੜਕਾ ਕੇ ਰਾਜਕੀ ਢਾਂਚੇ ਦੀ ਨਾਕਾਮੀ ਅਤੇ ਨਾਲਾਇਕੀ ਨੂੰ ਲੁਕੋਣ ਦਾ ਰਾਹ ਅਖਤਿਆਰ ਕਰ ਲਵੇ। ਘੋਰ ਅਸੁਰੱਖਿਆ ਦੌਰਾਨ ਬਹੁਤ ਸਾਰੇ ਮਕਾਨ ਮਾਲਕ ਉਨ੍ਹਾਂ ਤੋਂ ਮਕਾਨ ਖਾਲੀ ਕਰਵਾ ਰਹੇ ਹਨ ਅਤੇ ਪੁਲਿਸ ਜਨਮ-ਭੂਮੀ ਵਲ ਵਾਪਸ ਜਾਂਦਿਆਂ ਨੂੰ ਸੜਕਾਂ ਉਪਰ ਘੇਰ ਕੇ ਮੁੜ ਸ਼ਹਿਰਾਂ ਵਲ ਧੱਕ ਰਹੀ ਹੈ।

‘ਕਰੋਨਾ’ ਮਹਾਂਮਾਰੀ ਫੈਲਣ ਦੀਆਂ ਖਬਰਾਂ ਦੌਰਾਨ 29 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਮੁਲਕ ਦੇ ਲੋਕਾਂ ਨੂੰ ‘ਮਨ ਕੀ ਬਾਤ’ ਸੁਣਾਉਣ ਦਾ ਉਚੇਚ ਕੀਤਾ। ਇਸ ਸੰਬੋਧਨ ਵਿਚ ਵੀ 21 ਦਿਨਾਂ ਦੇ ਲੌਕਡਾਊਨ ਨਾਲ ਪੈਦਾ ਹੋਏ ਬੇਥਾਹ ਸੰਕਟ ਦੇ ਹੱਲ ਲਈ ਕੋਈ ਠੋਸ ਵਿਉਂਤਬੰਦੀ ਪੇਸ਼ ਨਹੀਂ ਕੀਤੀ ਗਈ। ਇਹ ਸਿਰਫ ਲੱਛੇਦਾਰ ਭਾਸ਼ਣ ਸੀ ਜਿਸ ਵਿਚ ਮੋਦੀ ਨੇ ਭਾਵੁਕ ਲਫਾਜ਼ੀ ਨਾਲ ਆਪਣੇ ਰਾਜ ਦੀ ਬਦਇੰਤਜ਼ਾਮੀ ਨੂੰ ਮਜਬੂਰੀ ਦੱਸ ਕੇ ਪੱਲਾ ਝਾੜ ਲਿਆ। ਮੋਦੀ ਨੇ ਫਰਮਾਇਆ, “ਮੇਰੀ ਆਤਮਾ ਕਹਿੰਦੀ ਹੈ ਕਿ ਤੁਸੀਂ ਮੈਨੂੰ ਜ਼ਰੂਰ ਮਾਫ ਕਰੋਗੇ। … ਗਰੀਬ ਲੋਕਾਂ ਨੂੰ ਜ਼ਰੂਰ ਲੱਗਦਾ ਹੋਵੇਗਾ ਕਿ ਇਹ ਕੈਸਾ ਪ੍ਰਧਾਨ ਮੰਤਰੀ ਹੈ ਜਿਸ ਨੇ ਦੇਸ਼ ਨੂੰ ਮੁਸੀਬਤ ਵਿਚ ਪਾ ਦਿੱਤਾ।” ਇਨ੍ਹਾਂ ਸ਼ਬਦਾਂ ਨਾਲ ਹਮਦਰਦੀ ਬਟੋਰਨ ਦਾ ਯਤਨ ਕਰਦਿਆਂ ਮੋਦੀ ਨੇ ਬਹੁਤ ਵੱਡੀ ਹਕੀਕਤ ਲੁਕੋ ਲਈ; ਉਹ ਇਹ ਕਿ ਘੋਰ ਨਾਬਰਾਬਰੀ ਆਧਾਰਤ ਮੁਲਕ ਦੋ ਮੁਲਕਾਂ- ‘ਇੰਡੀਆ’ ਤੇ ‘ਭਾਰਤ’ ਵਿਚ ਵੰਡਿਆ ਹੋਇਆ ਹੈ। ਲੌਕਡਾਊਨ ਦੌਰਾਨ ‘ਇੰਡੀਆ’ ਦੇ ਬਾਸ਼ਿੰਦੇ ਸੁਪਰ ਧਨਾਢ, ਧਨਾਢ ਅਤੇ ਉਚ ਮੱਧ ਵਰਗੀ ਲੋਕ ਤਾਂ ‘ਸਮਾਜਿਕ ਦੂਰੀ’ ਬਣਾ ਲੈਣਗੇ ਲੇਕਿਨ ‘ਭਾਰਤ’ ਦੇ ਝੁੱਗੀਆਂ-ਝੌਂਪੜੀਆਂ ਅਤੇ ਖੁੱਡੇਨੁਮਾ ਘਰਾਂ ਵਾਲੇ ਗਰੀਬ ‘ਸਮਾਜਿਕ ਦੂਰੀ’ ਬਣਾਉਣ ਦਾ ਸੁਪਨਾ ਵੀ ਨਹੀਂ ਲੈ ਸਕਦੇ। ਮੁੰਬਈ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਗਰੀਬ ਬਸਤੀ ਧਾਰਾਵੀ ਅੰਦਰ ਇਕ ਵਰਗ ਮੀਲ ਤੋਂ ਵੀ ਘੱਟ ਇਲਾਕੇ ਵਿਚ ਰਹਿ ਰਹੇ 10 ਲੱਖ ਲੋਕਾਂ ਲਈ ‘ਸਮਾਜਿਕ ਦੂਰੀ’ ਕਿਵੇਂ ਸੰਭਵ ਹੈ? ਇਹੀ ਹਾਲਾਤ ਹੋਰ ਮਹਾਂਨਗਰਾਂ ਅਤੇ ਵੱਡੇ ਸ਼ਹਿਰਾਂ ਵਿਚਲੀਆਂ ਗਰੀਬ ਬਸਤੀਆਂ ਅਤੇ ਪਿੰਡਾਂ ਦੇ ਦਲਿਤ ਮੁਹੱਲਿਆਂ ਦੇ ਹਨ।
ਕਰੋਨਾ ਨਾਲ ਮਰਨ ਵਾਲਿਆਂ ਦੀ ਤਾਦਾਦ ਤਾਂ ਵਧ ਹੀ ਰਹੀ ਹੈ; ਇਹ ਵੀ ਤੱਥ ਹੈ ਕਿ 21 ਦਿਨ ਲਈ ਥੋਪੇ ਕਰਫਿਊ ਨਾਲ ਆਪਾਧਾਪੀ ਦਾ ਸ਼ਿਕਾਰ ਹੋ ਕੇ ਹੁਣ ਤੱਕ 22 ਵਿਅਕਤੀ ਮਾਰੇ ਜਾ ਚੁੱਕੇ ਹਨ। ਪੈਦਲ ਆਪਣੇ ‘ਦੇਸ’ ਨੂੰ ਜਾ ਰਹੇ ਪੰਜ ਪਰਵਾਸੀ ਮਜ਼ਦੂਰਾਂ ਨੂੰ ਗੁੜਗਾਓਂ ‘ਚ ਕੈਂਟਰ ਨੇ ਕੁਚਲ ਕੇ ਲਾਸ਼ਾਂ ਵਿਚ ਬਦਲ ਦਿੱਤਾ। ਮੱਧ ਪ੍ਰਦੇਸ਼ ਦਾ ਜੰਮਪਲ ਰਣਬੀਰ, ਜੋ ਦਿੱਲੀ ਵਿਚ ਟਿਫਿਨ ਡਿਲੀਵਰੀ ਦਾ ਕੰਮ ਕਰਦਾ ਸੀ, ਬੁਰੀ ਤਰ੍ਹਾਂ ਅਸੁਰੱਖਿਅਤ ਮਹਿਸੂਸ ਕਰਦਿਆਂ ਪੈਦਲ ਹੀ ਆਪਣੇ ਘਰ ਨੂੰ ਤੁਰ ਪਿਆ। 200 ਕਿਲੋਮੀਟਰ ਭੁੱਖਾ-ਤ੍ਰਿਹਾਇਆ ਚੱਲਣ ਤੋਂ ਬਾਅਦ ਰਾਹ ਵਿਚ ਹੀ ਦਿਲ ਦੇ ਦੌਰੇ ਨਾਲ ਦਮ ਤੋੜ ਗਿਆ। ਪਰਿਵਾਰ ਨੂੰ ਉਸ ਦਾ ਆਖਰੀ ਤਰਲਾ ਸੀ, “ਲੇਨੇ ਆ ਸਕਤੇ ਹੋ, ਤੋ ਆ ਜਾਓ”।
ਮੁੰਬਈ ਤੋਂ ਫੂਡ ਕੰਟੇਨਰ ਟਰੱਕ ਪਰਵਾਸੀਆਂ ਦਾ ਇਕੋ-ਇਕ ਸਹਾਰਾ ਬਣੇ ਤਾਂ ਜੋ ਪੁਲਿਸ ਦੀਆਂ ਲਾਠੀਆਂ ਤੋਂ ਬਚ ਕੇ ਸਹੀ-ਸਲਾਮਤ ਆਪਣੇ ਘਰਾਂ ਨੂੰ ਪਰਤ ਸਕਣ। ਇਹ ਉਹ ਲੋਕ ਹਨ ਜਿਹੜੇ ਮਹਾਂਨਗਰਾਂ ਵਿਚ ਦਿਨ-ਰਾਤ ਹੱਡ-ਭੰਨਵੀਂ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਹਨ। ਇਨ੍ਹਾਂ ਨੇ ਆਪਣੇ ਸਿਰਾਂ ਉਪਰ ਮਹਾਂਨਗਰਾਂ ਦੇ ਬਹੁਤ ਸਾਰੇ ਮਹੱਤਵਪੂਰਨ ਕੰਮਕਾਰਾਂ ਦਾ ਬੋਝ ਚੁੱਕਿਆ ਹੋਇਆ ਸੀ; ਲੇਕਿਨ ਜਦ ਮਹਾਂਮਾਰੀ ਦੀ ਆਫਤ ਆਉਣ ‘ਤੇ ਇਨ੍ਹਾਂ ਨੂੰ ਸਹਾਰੇ ਦੀ ਜ਼ਰੂਰਤ ਪਈ ਤਾਂ ਮਹਾਂਨਗਰ ‘ਚ ਇਨ੍ਹਾਂ ਨੂੰ ਕਿਤੇ ਵੀ ਢੋਈ ਨਜ਼ਰ ਨਾ ਆਈ। ਰੋਜ਼ੀ-ਰੋਟੀ ਦੀ ਅਸੁਰੱਖਿਆ ਦੇ ਭੈਅ ਨਾਲ ਸਹਿਮੇ ਇਹ ਬੇਵੱਸ ਸੈਂਕੜੇ, ਹਜ਼ਾਰਾਂ ਮੀਲ ਦੂਰ ਆਪਣੇ ਉਨ੍ਹਾਂ ਪਿੰਡਾਂ ਨੂੰ ਪੈਦਲ ਹੀ ਨਿਕਲ ਤੁਰੇ ਜਿਥੋਂ ਕਦੇ ਉਹ ਬਿਹਤਰ ਕੰਮਕਾਰ ਦੀ ਤਲਾਸ਼ ਵਿਚ ਨਿਕਲੇ ਸਨ। ਇਸ ਆਪਾਧਾਪੀ ਦਾ ਸ਼ਿਕਾਰ ਸਿਰਫ ਪਰਵਾਸੀ ਹੀ ਨਹੀਂ ਹੋਏ। ਇਹ ਤੱਥ ਹੁਣ ਸ਼ਾਇਦ ਹੀ ਕਿਸੇ ਨੂੰ ਚੇਤੇ ਹੋਵੇ ਕਿ ਪਿੱਛੇ ਜਿਹੇ ਰਾਜਧਾਨੀ ਵਿਚ ਹਿੰਦੂਤਵ ਗਰੋਹਾਂ ਅਤੇ ਦਿੱਲੀ ਪੁਲਿਸ ਦੀ ਕਤਲੇਆਮ ਤੇ ਸਾੜਫੂਕ ਦੀ ਮੁਹਿੰਮ ਨਾਲ ਬਰਬਾਦ ਹੋਏ ਹਜ਼ਾਰਾਂ ਗਰੀਬ ਮੁਸਲਮਾਨਾਂ ਨੂੰ ਕਰੋਨਾ ਵਾਇਰਸ ਦੇ ਬਹਾਨੇ ਰਾਹਤ ਕੈਂਪਾਂ ਤੋਂ ਉਜਾੜ ਕੇ ਪੂਰੀ ਤਰ੍ਹਾਂ ਬੇਸਹਾਰਾ ਕਰ ਦਿੱਤਾ ਹੈ ਜਿਥੇ ਉਨ੍ਹਾਂ ਦਾ ਆਰਜ਼ੀ ਰੈਣ-ਬਸੇਰਾ ਸੀ।
ਇਹ ਪਰਵਾਸੀ ਕੌਣ ਹਨ? ਇਹ ਭਾਰਤੀ ਸਮਾਜ ਦੇ ਉਹ ਕਰੋੜਾਂ ਲੋਕ ਹਨ ਜੋ ਮਹਾਂਨਗਰਾਂ, ਸ਼ਹਿਰਾਂ ਅਤੇ ਕਥਿਤ ਵਿਕਸਤ ਇਲਾਕਿਆਂ ਵਿਚ ਹਰ ਤਰ੍ਹਾਂ ਦੀ ਉਸਾਰੀ, ਵਿਕਾਸ ਪ੍ਰੋਜੈਕਟਾਂ, ਰੇੜ੍ਹੀਆਂ, ਫੜ੍ਹੀਆਂ ਲਾ ਕੇ, ਕਿਰਾਏ ਉਪਰ ਰਿਕਸ਼ੇ ਚਲਾ ਕੇ, ਘਰੇਲੂ ਨੌਕਰਾਂ ਦਾ ਕੰਮ ਕਰਕੇ, ਹੋਮ ਡਿਲਿਵਰੀ, ਗੈਰ ਜਥੇਬੰਦ ਖੇਤਰ ਵਿਚ ਹੋਰ ਕਈ ਤਰ੍ਹਾਂ ਦੇ ਛੋਟੇ-ਛੋਟੇ ਆਰਜ਼ੀ ਕਿੱਤੇ ਕਰਕੇ ਜਾਂ ਮਹਾਂਨਗਰੀ ਕਚਰਾ ਅਤੇ ਕਬਾੜ ਇਕੱਠਾ ਕਰਕੇ ਆਪਣੀ ਰੋਜ਼ੀ-ਰੋਟੀ ਚਲਾਉਂਦੇ ਸਨ ਅਤੇ ਕਿਰਾਏ ਦੇ ਨਿੱਕੇ-ਨਿੱਕੇ ਕਮਰਿਆਂ ਵਿਚ ਅਣਮਨੁੱਖੀ ਹਾਲਤ ਵਿਚ ਦਿਨ-ਕਟੀ ਕਰਦੇ ਸਨ। ‘ਸਭ ਕਾ ਵਿਕਾਸ’ ਵਾਲੇ ਪ੍ਰਧਾਨ ਮੰਤਰੀ ਦੇ ਇਕ ਫਰਮਾਨ ਨੇ ਹੀ ਉਨ੍ਹਾਂ ਦੇ ਢਿੱਡ ਭਰਨ ਦੇ ਵਸੀਲੇ ਖੋਹ ਲਏ। ਜ਼ਿੰਦਗੀ ਅਸਤ-ਵਿਅਸਤ ਹੋ ਜਾਣ ਕਾਰਨ ਉਹ ਨਿੱਕੇ-ਨਿੱਕੇ ਬੱਚਿਆਂ, ਬਿਮਾਰਾਂ, ਗਰਭਵਤੀ ਔਰਤਾਂ ਸਮੇਤ ਪੈਦਲ ਹੀ ਸੈਂਕੜੇ ਮੀਲ ਦੇ ਪੈਂਡੇ ਉਪਰ ਨਿਕਲ ਤੁਰੇ। ਉਹ ਬੇਕਾਰੀ ਅਤੇ ਪ੍ਰਸ਼ਾਸਨਿਕ ਅਸੁਰੱਖਿਆ ਤੋਂ ਭੈਭੀਤ ਹਨ। ਵਿੱਤ ਮੰਤਰੀ ਨੇ 1,70,000 ਕਰੋੜ ਰੁਪਏ ਦਾ ਜੋ ਪੈਕੇਜ ਐਲਾਨਿਆ ਹੈ, ਉਹ ਉਨ੍ਹਾਂ ਨੂੰ ਫੌਰੀ ਰਾਹਤ ਨਹੀਂ ਦੇ ਸਕਦਾ ਕਿਉਂਕਿ ਇਹ ਤਾਲਾਬੰਦੀ ਖਤਮ ਹੋਣ ‘ਤੇ ਹੀ ਅਮਲ ਵਿਚ ਆ ਸਕੇਗਾ। ਅਵਾਮ ਨੂੰ ਸਰਕਾਰੀ ਵਾਅਦਿਆਂ ਉਪਰ ਭਰੋਸਾ ਨਹੀਂ। ਜ਼ਿਆਦਾਤਰ ਦੇ ਰਾਸ਼ਨ ਕਾਰਡ ਆਪਣੇ ਪਿੰਡਾਂ ਵਿਚ ਬਣੇ ਹੋਣ ਕਾਰਨ ਉਹ ਰਾਹਤ ਪੈਕੇਜ ਦਾ ਲਾਭ ਲੈਣ ਦੇ ਅਯੋਗ ਮੰਨੇ ਜਾਣਗੇ। 22 ਮਾਰਚ ਦਾ ‘ਜਨਤਾ ਕਰਫਿਊ’ ਐਲਾਨੇ ਜਾਣ ਤੋਂ 24 ਘੰਟਿਆਂ ਦੇ ਅੰਦਰ ਹੀ ਪੰਜ ਵਿਸ਼ੇਸ਼ ਰੇਲਾਂ ਰਾਹੀਂ ਦਸ ਹਜ਼ਾਰ ਦੇ ਕਰੀਬ ਪਰਵਾਸੀ ਕਿਰਤੀ ਮਹਾਂਰਾਸ਼ਟਰ ਤੋਂ ਬਿਹਾਰ ਵਾਪਸ ਚਲੇ ਗਏ। ਇਸ ਚਿਤਾਵਨੀ ਤੋਂ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਸੀ ਕਿ ਅਚਾਨਕ ਤਿੰਨ ਹਫਤੇ ਦੀ ਤਾਲਾਬੰਦੀ ਦੇ ਭੈਅ ਨਾਲ ਪੂਰੇ ਮੁਲਕ ਵਿਚ ਪਰਵਾਸੀ ਕਿਰਤੀਆਂ ਅੰਦਰ ਕਿੰਨੀ ਬੇਯਕੀਨੀ ਅਤੇ ਆਪਾਧਾਪੀ ਮੱਚ ਜਾਵੇਗੀ। ਖਬਰ ਏਜੰਸੀ ‘ਰਾਈਟਰਜ਼’ ਦੀ ਰਿਪੋਰਟ ਅਨੁਸਾਰ, ਅਹਿਮਦਾਬਾਦ (ਗੁਜਰਾਤ) ਤੋਂ 60-70 ਹਜ਼ਾਰ ਪਰਵਾਸੀ ਲੌਕਡਾਊਨ ਦਾ ਐਲਾਨ ਹੁੰਦੇ ਸਾਰ ਆਪਣੇ ਸੂਬੇ ਰਾਜਸਥਾਨ ਨੂੰ ਰਵਾਨਾ ਹੋ ਗਏ। ਮਹਿਜ਼ ਦੋ-ਤਿੰਨ ਦਿਨਾਂ ਦੌਰਾਨ ਹੀ ਨੈਸ਼ਨਲ ਹਾਈਵੇ ਉਪਰਲੇ ਦਿੱਲੀ-ਯੂ.ਪੀ. ਗਾਜ਼ੀਆਬਾਦ ਬਾਰਡਰ ਅਤੇ ਰਾਜਧਾਨੀ ਦੇ ਆਨੰਦ ਵਿਹਾਰ ਬੱਸ ਅੱਡੇ ਉਪਰ ਭੁੱਖੇ ਤਿਹਾਏ ਅਤੇ ਘਬਰਾਏ ਹੋਏ ਹਜ਼ਾਰਾਂ ਪਰਵਾਸੀਆਂ ਦੇ ਮੰਜ਼ਰ ਮੋਦੀ ਸਰਕਾਰ ਦੀ ਆਫਤ ਨਾਲ ਨਜਿੱਠਣ ਦੀ ਵਿਉਂਤਬੰਦੀ ਦਾ ਮੂੰਹ ਚਿੜਾ ਰਹੇ ਸਨ। ਇਨ੍ਹਾਂ ਕਿਰਤੀਆਂ ‘ਚ ਛਾਏ ਸਹਿਮ ਦਾ ਇਕ ਕਾਰਨ ਇਹ ਡਰ ਵੀ ਹੈ, ਜੋ ਪੂਰੀ ਤਰ੍ਹਾਂ ਸੱਚ ਹੈ, ਕਿ ਐਨੀ ਭਿਆਨਕ ਮਹਾਂਮਾਰੀ ਫੈਲਣ ਦੀ ਸੂਰਤ ਵਿਚ ਉਹ ਬਿਨਾਂ ਇਲਾਜ ਕੀੜੇ-ਮਕੌੜਿਆਂ ਦੀ ਤਰ੍ਹਾਂ ਦਮ ਤੋੜ ਜਾਣਗੇ। ਕੀ ਕਿਸੇ ਹੋਰ ਮੁਲਕ ਵਿਚ ਵੀ ਕਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਵਲੋਂ ਚੁੱਕੇ ਕਦਮਾਂ ਨੇ ਇਸ ਤਰ੍ਹਾਂ ਲੱਖਾਂ ਲੋਕਾਂ ਨੂੰ ਪਲਾਇਨ ਕਰਨ ਲਈ ਮਜਬੂਰ ਕੀਤਾ ਹੈ?
ਸਰਕਾਰ ਅਤੇ ਪ੍ਰਸ਼ਾਸਨ ਇਨ੍ਹਾਂ ਕਿਰਤੀਆਂ ਦੀ ਬੇਵਸੀ ਨੂੰ ਸਮਝਣ ਦੀ ਬਜਾਏ ਉਨ੍ਹਾਂ ਨੂੰ ਧਮਕਾ ਰਹੇ ਹਨ। ਭਾਜਪਾ ਆਗੂ ਬਲਵੀਰ ਪੁੰਜ ਨੇ ਬਿਆਨ ਦਾਗਿਆ ਕਿ ਪੈਦਲ ਘਰਾਂ ਨੂੰ ਜਾਣ ਵਾਲੇ ‘ਗੈਰ ਜ਼ਿੰਮੇਵਾਰ’ ਹਨ। ਗਾਜ਼ੀਆਬਾਦ ਤੋਂ ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੇ ਇਥੋਂ ਤੱਕ ਬਿਆਨ ਦੇ ਦਿੱਤਾ ਕਿ ਲੌਕਡਾਊਨ ਦਾ ਉਲੰਘਣ ਕਰਨ ਵਾਲੇ ‘ਦੇਸ਼ਧ੍ਰੋਹੀ’ ਨੂੰ ਥਾਏਂ ਗੋਲੀ ਮਾਰ ਦੇਣੀ ਚਾਹੀਦੀ ਹੈ। ਇਸ ਤੋਂ ਇਕ ਗੱਲ ਤਾਂ ਸਾਬਤ ਹੋ ਗਈ ਕਿ ਜਿਸ ਮਕਸਦ, ਆਪਸ ਵਿਚ ਫਾਸਲਾ ਬਣਾਈ ਰੱਖਣ, ਲਈ ਲੌਕਡਾਊਨ ਕੀਤਾ ਗਿਆ ਸੀ, ਉਸ ਦੇ ਸਗੋਂ ਉਲਟ ਨਤੀਜੇ ਸਾਹਮਣੇ ਆਏ। ਹੁਣ ਇਕੋ ਜਗਾ੍ਹ ਉਪਰ ਦਰਜਨਾਂ ਦੀ ਬਜਾਏ ਹਜ਼ਾਰਾਂ ਲੋਕਾਂ ਦੇ ਹਜੂਮ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਇਸ ਨੂੰ ਰੋਕਣ ਲਈ ਹੁਣ ਦਿੱਲੀ ਅਤੇ ਯੂ.ਪੀ. ਪੁਲਿਸ ਨੇ ਮਿਲ ਕੇ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਅਗਲਾ ਫਰਮਾਨ ਇਹ ਹੈ ਕਿ ਲੌਕਡਾਊਨ ਦਾ ਉਲੰਘਣ ਕਰਨ ਵਾਲਿਆਂ ਨੂੰ 14 ਦਿਨ ਤੱਕ ਆਰਜ਼ੀ ‘ਇਕਾਂਤਵਾਸ ਕੈਂਪਾਂ’ ਵਿਚ ਬੰਦ ਰੱਖਿਆ ਜਾਵੇਗਾ। ਇਸ ‘ਇਕਾਂਤਵਾਸ ਕੈਂਪ’ ਅਤੇ ਇਨ੍ਹਾਂ ਵਿਚ ਪਰਵਾਸੀਆਂ ਉਪਰ ਕੀ ਬੀਤੇਗੀ, ਇਸ ਦੀ ਇਕ ਝਲਕ ਬਰੇਲੀ (ਯੂ.ਪੀ.) ਵਿਚ ਮਿਲ ਗਈ, ਜਿਥੇ ਬਾਹਰੋਂ ਪਲਾਇਨ ਕਰਕੇ ਆਏ ਪਰਵਾਸੀ ਕਿਰਤੀਆਂ ਨੂੰ ‘ਕੀਟਾਣੂ ਮੁਕਤ’ ਕਰਨ ਲਈ ਔਰਤਾਂ, ਬਜ਼ੁਰਗਾਂ, ਬੱਚਿਆਂ ਸਮੇਤ ਸਾਰਿਆਂ ਨੂੰ ਸੜਕ ਉਪਰ ਅੱਖਾਂ ਬੰਦ ਕਰਕੇ ਬਿਠਾਇਆ ਗਿਆ ਅਤੇ ਫਿਰ ਫਾਇਰ ਬ੍ਰਿਗੇਡ ਤੇ ਨਗਰ ਨਿਗਮ ਦੇ ਅਮਲੇ ਨੇ ਉਨ੍ਹਾਂ ਉਪਰ ਉਹ ਕੈਮੀਕਲ ਸਪਰੇਅ ਕਰ ਦਿੱਤਾ ਜੋ ਬੱਸਾਂ ਨੂੰ ਸੈਨੀਟਾਈਜ਼ ਕਰਨ ਲਈ ਵਰਤਿਆ ਜਾ ਰਿਹਾ ਸੀ। ਜਿਸ ਰਾਜ ਪ੍ਰਬੰਧ ਕੋਲ ਸਿਹਤ ਸੇਵਾਵਾਂ ਲਈ ਲੋੜੀਂਦਾ ਬਜਟ ਹੀ ਨਹੀਂ ਹੈ ਅਤੇ ਜਿਥੇ ਪੰਜ ਲੱਖ ਤੋਂ ਉਪਰ ਬੱਚੇ ਹਰ ਸਾਲ ਪਹਿਲਾ ਜਨਮ ਦਿਨ ਮਨਾਏ ਜਾਣ ਤੋਂ ਪਹਿਲਾਂ ਹੀ ਦਮ ਤੋੜ ਜਾਂਦੇ ਹਨ, ਜਿਥੇ ਸੈਂਕੜੇ ਬਾਲ ਇਕ ਦਿਨ ਵਿਚ ਹੀ ਹਸਪਤਾਲ ਅੰਦਰ ਆਕਸੀਜਨ ਨਾ ਹੋਣ ਕਾਰਨ ਦਮ ਤੋੜ ਜਾਂਦੇ ਹਨ, ਉਥੇ ਵਸੋਂ ਨੂੰ ਕੀਟਾਣੂ ਮੁਕਤ ਕਰਨ ਲਈ ਐਸੇ ਵਾਹਿਆਤ ਉਪਾਵਾਂ ਦੀ ਉਮੀਦ ਹੀ ਕੀਤੀ ਜਾ ਸਕਦੀ ਹੈ।
ਭਾਜਪਾ ਦੀ ਤਰਜੀਹ ਰਾਸ਼ਟਰਵਾਦ ਦੇ ਘਿਨਾਉਣੇ ਦਿਖਾਵੇ ਲਈ ਵੱਡੀਆਂ-ਵੱਡੀਆਂ ਮੂਰਤੀਆਂ ਤੇ ਮੰਦਰ ਬਣਾਉਣ ਅਤੇ ਦੀਵਾਲੀ ਮੌਕੇ ਘਿਓ ਦੇ ਦੀਵੇ ਜਗਾਉਣ ਵਰਗੇ ਧਾਰਮਿਕ ਆਡੰਬਰ ਹਨ। ਇਸ ਲਈ ਸਿੱਖਿਆ ਅਤੇ ਸਿਹਤ ਸੇਵਾਵਾਂ ਨਾਲੋਂ ਫੌਜੀ ਸਾਜ਼ੋ-ਸਮਾਨ ਖਰੀਦਣਾ ਵਧੇਰੇ ਮਹੱਤਵਪੂਰਨ ਹੈ। ਭਾਰਤ ਸਿਹਤ ਸੇਵਾਵਾਂ ਉਪਰ ਸਭ ਤੋਂ ਘੱਟ ਖਰਚ ਕਰਨ ਵਾਲਾ ਰਾਜ ਹੈ ਜਿਥੇ ਜੀ.ਡੀ.ਪੀ. ਦਾ ਸਿਰਫ 1.02 ਫੀਸਦੀ ਹੀ ਖਰਚਿਆ ਜਾਂਦਾ ਹੈ ਜਦਕਿ ਸਵੀਡਨ 9.2 ਫੀਸਦੀ, ਯੂ.ਐਸ਼ਏ. ਵਿਚ 17 ਫੀਸਦੀ, ਫਰਾਂਸ 8.7 ਫੀਸਦੀ, ਯੂ.ਕੇ. 7.9 ਫੀਸਦੀ, ਇਟਲੀ 6.7 ਫੀਸਦੀ ਖਰਚ ਕਰ ਰਹੇ ਹਨ। ਇਹੀ ਵਜ੍ਹਾ ਹੈ ਕਿ ‘ਵਿਸ਼ਵ ਗੁਰੂ’ ਬਣਨ ਦੇ ਦਾਅਵੇਦਾਰ ਭਾਰਤੀ ਹੁਕਮਰਾਨਾਂ ਦਾ ਮਹਾਂਮਾਰੀ ਨਾਲ ਨਜਿੱਠਣ ਦਾ ਪੈਕੇਜ ਜੀ.ਡੀ.ਪੀ. ਦਾ ਮਹਿਜ਼ 1 ਫੀਸਦੀ ਹੀ ਹੈ। ਹੁਣ ‘ਪ੍ਰਧਾਨ ਮੰਤਰੀ ਕੇਅਰ ਫੰਡ’ ਵਿਚ ਸਵੈ-ਇੱਛਕ ਯੋਗਦਾਨ ਪਾਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ‘ਦਾਨੀਆਂ’ ਦਾ ਆਲਮ ਇਹ ਹੈ ਕਿ ਕਾਂਗਰਸ ਦੇ ਡੁੱਬਦੇ ਜਹਾਜ਼ ਤੋਂ ਛਾਲ ਮਾਰ ਕੇ ਸੰਘ ਦੇ ਰੱਥ ‘ਤੇ ਸਵਾਰ ਹੋਏ ਜਯੋਤਿਰਦਿਤਿਆ ਸਿੰਧੀਆ ਨੇ ਕੋਵਿਡ-19 ਮਹਾਂਮਾਰੀ ਲਈ ਬਣਾਏ ਮੁੱਖ ਮੰਤਰੀ ਰਾਹਤ ਫੰਡ ਲਈ 30 ਲੱਖ ਰੁਪਏ ਦਾਨ ਦਿੱਤੇ ਹਨ। ਇਹ ਉਹ ਸ਼ਖਸ ਹੈ ਜਿਸ ਨੇ ਆਪਣੇ ਚੋਣ ਹਲਫਨਾਮੇ ਵਿਚ 20,000 ਕਰੋੜ ਰੁਪਏ ਦੀ ਕਾਨੂੰਨੀ ਜਾਇਦਾਦ ਦਾ ਖੁਲਾਸਾ ਕੀਤਾ ਸੀ।
ਮੋਦੀ ਦੇ ਵਜ਼ੀਰ ਨਾਗਰਿਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਸਰਕਾਰੀ ਫੰਡ ਮੁਹੱਈਆ ਕਰਾਉਣ ਦੀ ਬਜਾਏ ਮਹਾਂਮਾਰੀ ਦੌਰਾਨ ਘਰਾਂ ਵਿਚ ਬੈਠ ਕੇ ‘ਰਾਮਾਇਣ’, ‘ਮਹਾਂਭਾਰਤ’ ਦੇਖਣ ਦੀਆਂ ਨਸੀਹਤਾਂ ਦੇ ਰਹੇ ਹਨ। ਮੋਦੀ ਸਰਕਾਰ ਨੇ ਤੇਤੀ ਸਾਲ ਪੁਰਾਣਾ 87 ਐਪੀਸੋਡ ਵਾਲਾ ‘ਰਾਮਾਇਣ’ ਸੀਰੀਅਲ ਮੁੜ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬਹਾਨਾ ਇਹ ਬਣਾਇਆ ਗਿਆ ਹੈ ਕਿ ਇਹ ਭਾਰਤ ਵਾਸੀਆਂ ਦੀ ਮੰਗ ‘ਤੇ ਸ਼ੁਰੂ ਕੀਤਾ ਗਿਆ ਹੈ। ਅਵਾਮ ਤਾਂ ਸੜਕਾਂ ਉਪਰ ਧਰਨੇ ਲਾ ਕੇ ਸੀ.ਏ.ਏ.-ਐਨ.ਪੀ.ਆਰ.-ਐਨ.ਆਰ.ਸੀ. ਵਾਪਸ ਲੈਣ ਅਤੇ ਭਾਜਪਾ ਦੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਲਗਾਤਾਰ ਕਰ ਰਹੇ ਹਨ, ਰਾਮਾਇਣ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਉਨ੍ਹਾਂ ਦੀ ਇਹ ਮੰਗਾਂ ਕਿਉਂ ਨਹੀਂ ਮੰਨੀਆਂ? ਦਰਅਸਲ, ਕਾਰਨ ਇਹ ਹੈ ਕਿ ਇਕ ਤੀਰ ਨਾਲ ਦੋ ਸ਼ਿਕਾਰ ਖੇਡੇ ਜਾਣਗੇ: ਰਮਾਇਣ ਦੇ ਬਹਾਨੇ ਅਵਾਮ ਨੂੰ ਟੀ.ਵੀ. ਅੱਗੇ ਬਿਠਾਇਆ ਜਾ ਸਕਦਾ ਹੈ ਅਤੇ ਨਾਲ ਹੀ ਇਸ ਜ਼ਰੀਏ ਹਿੰਦੂ ਫਿਰਕੇ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਜਦਕਿ ਮਹਾਂਨਗਰਾਂ, ਸ਼ਹਿਰਾਂ ਦੀ ਆਰਥਿਕ ਜ਼ਿੰਦਗੀ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪਰਵਾਸੀ ਕਿਰਤੀਆਂ ਵਿਚ ਜੋ ਅਸੁਰੱਖਿਆ ਦਾ ਭੈਅ ਫੈਲ ਚੁੱਕਾ ਹੈ ਉਸ ਨੂੰ ਦੂਰ ਕਰਨ ਦੀ ਭਗਵੇਂ ਹੁਕਮਰਾਨਾਂ ਨੂੰ ਕੋਈ ਪ੍ਰਵਾਹ ਹੀ ਨਹੀਂ ਹੈ। ਇਸ ਨਾਲ ਸੱਤਾਧਾਰੀ ਧਿਰ ਦਾ ਹਿੰਦੂ ਹੇਜ ਵੀ ਨੰਗਾ ਹੋ ਗਿਆ ਹੈ।