ਅਮਰੀਕਾ ਅਤੇ ਤਾਲਿਬਾਨ ਵਿਚਾਲੇ ਸਮਝੌਤੇ ਦੀ ਅਸਲੀਅਤ

ਪਰਮਜੀਤ ਰੋਡੇ
ਫੋਨ: 510-501-4191
19 ਸਾਲ ਦੀ ਲੰਮੀ ਜੰਗ ਪਿਛੋਂ ਅਮਰੀਕਾ ਅਤੇ ਤਾਲਿਬਾਨ ਦੇ ਨੁਮਾਇੰਦਿਆਂ ਨੇ ਮੱਧ-ਪੂਰਬੀ ਅਰਬ ਮੁਲਕ ਕਤਰ ਦੇ ਸ਼ਹਿਰ ਦੋਹਾ ਵਿਚ ਸ਼ਾਂਤੀ ਸਮਝੌਤੇ ‘ਤੇ ਦਸਤਖਤ ਕਰ ਦਿੱਤੇ। ਅਮਰੀਕੀ ਧਿਰ ਵਲੋਂ ਦੋਹਾ ਅਤੇ ਕਾਬਲ ਵਿਚ ਕੀਤੇ ਸਮਾਗਮਾਂ ਵਿਚ ਇਸ ਨੂੰ ਵੱਡੀ ਪ੍ਰਾਪਤੀ ਵਜੋਂ ਪੇਸ਼ ਕੀਤਾ ਗਿਆ, ਪਰ ਤਾਲਿਬਾਨ ਨੇ ਮੁਲਕ ਦੇ ਵੱਖ-ਵੱਖ ਹਿਸਿਆਂ ਵਿਚ ਅਮਰੀਕਾ ਦੀ ਹਾਰ ਅਤੇ ਤਾਲਿਬਾਨ ਦੀ ਜਿੱਤ ਵਜੋਂ ਜਸ਼ਨ ਮਨਾਏ।

ਸਮਝੌਤੇ ਦੀਆਂ ਮਦਾਂ ਮੁਤਾਬਕ ਅਮਰੀਕਾ 14 ਮਹੀਨਿਆਂ ਵਿਚ ਅਫਗਾਨਿਸਤਾਨ ਵਿਚੋਂ ਆਪਣੀਆਂ ਫੌਜਾਂ ਵਾਪਿਸ ਬੁਲਾ ਲਵੇਗਾ। ਜੇ ਤਾਲਿਬਾਨ ਸਮਝੌਤੇ ‘ਤੇ ਅਮਲ ਕਰਦੇ ਹਨ ਤਾਂ ਅਮਰੀਕਾ ਅਤੇ ਯੂ. ਐਨ. ਓ. ਤਾਲਿਬਾਨ ‘ਤੇ ਲਾਈਆਂ ਬੰਦਿਸ਼ਾਂ ਹਟਾ ਲੈਣਗੇ; ਨਾ ਅਫਗਾਨਿਸਤਾਨ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਜਾਵੇਗੀ ਅਤੇ ਨਾ ਹੀ ਉਨ੍ਹਾਂ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦਿੱਤਾ ਜਾਵੇਗਾ।
ਤਾਲਿਬਾਨ ਅਫਗਾਨਿਸਤਾਨ ਦੀ ਧਰਤੀ ਤੋਂ ਅਮਰੀਕਾ ਅਤੇ ਸਾਂਝੇ ਸੁਰੱਖਿਆ ਬਲਾਂ (ਅਲਾਈਡ ਫੋਰਸਜ਼) ਉਤੇ ਹਮਲੇ ਨਹੀਂ ਕਰਨਗੇ ਤੇ ਕਿਸੇ ਵੀ ਅਤਿਵਾਦੀ ਗਰੁੱਪ ਜਾਂ ਬਲ ਨੂੰ ਅਜਿਹਾ ਕਰਨ ਲਈ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਨਹੀਂ ਕਰਨ ਦੇਣਗੇ। ਤਾਲਿਬਾਨ ਅਫਗਾਨ ਸਰਕਾਰ (ਜੋ ਇਸ ਸਮਝੌਤੇ ਦਾ ਹਿੱਸਾ ਨਹੀਂ) ਨਾਲ ਅਫਗਾਨਿਸਤਾਨ ਦੇ ਭਵਿਖ ਬਾਰੇ ਗੱਲਬਾਤ ਸ਼ੁਰੂ ਕਰਨਗੇ ਤਾਂ ਕਿ ਅਮਰੀਕਾ 5000 ਤਾਲਿਬਾਨ ਕੈਦੀਆਂ ਦੀ ਰਿਹਾਈ ਨੂੰ ਯਕੀਨੀ ਬਣਾ ਸਕੇ। ਅਮਰੀਕਾ ਅਤੇ ਤਾਲਿਬਾਨ ਹਿੰਸਾ ਦਾ ਪੱਧਰ ਘਟਾਉਣ ਲਈ ਹਰ ਕੋਸ਼ਿਸ਼ ਕਰਨਗੇ।
ਸਮਝੌਤੇ ਤੋਂ ਤੁਰੰਤ ਬਾਅਦ ਦੁਨੀਆਂ ਭਰ ਦੇ ਸਿਆਸੀ ਮਾਹਿਰਾਂ ਨੇ ਇਸ ਸਮਝੌਤੇ ਨੂੰ ਅਮਰੀਕਾ ਲਈ ਨਮੋਸ਼ੀ ਭਰਿਆ ਕਰਾਰ ਦਿੱਤਾ ਹੈ, ਜੋ ਤਾਲਿਬਾਨ ਦੀਆਂ ਸ਼ਰਤਾਂ ‘ਤੇ ਕੀਤਾ ਗਿਆ ਹੈ। ਕਈ ਇਸ ਨੂੰ ਅਮਰੀਕਾ ਦਾ ਆਤਮ-ਸਮਰਪਣ ਕਹਿੰਦੇ ਹਨ।
7 ਅਕਤੂਬਰ 2001 ਵਿਚ ਅਮਰੀਕਾ ਵਲੋਂ ਅਫਗਾਨਿਸਤਾਨ ‘ਤੇ ਹਮਲਾ ਕਰ ਕੇ ਤਾਲਿਬਾਨ ਸਰਕਾਰ ਨੂੰ ਉਲਟਾਉਣ ਪਿਛੋਂ ਤਤਕਾਲੀ ਰਾਸ਼ਟਰਪਤੀ ਜਾਰਜ ਬੁਸ਼ ਨੇ ਐਲਾਨ ਕੀਤਾ ਸੀ ਕਿ ਅਮਰੀਕਾ “ਸਹਿਣਸ਼ੀਲਤਾ, ਅਜ਼ਾਦੀ, ਔਰਤਾਂ ਦੇ ਹੱਕ ਅਤੇ ਨਵ-ਜਮਹੂਰੀਅਤ ਲਈ ਲੜ ਰਿਹਾ ਹੈ”, ਪਰ ਹੋਇਆ ਕੀ? ਨਾ ਤਾਲਿਬਾਨ ਨੇ ਹਥਿਆਰ ਸੁੱਟੇ ਹਨ ਅਤੇ ਨਾ ਹੀ ‘ਇਸਲਾਮਿਕ ਸਟੇਟ ਆਫ ਅਫਗਾਨਿਸਤਾਨ’ ਦਾ ਸੁਪਨਾ ਤਿਆਗਿਆ ਹੈ। ਉਨ੍ਹਾਂ ਨੇ ਨਾ ਮੌਜੂਦਾ ਸਰਕਾਰ ਤੇ ਸੰਵਿਧਾਨ ਨੂੰ ਮਾਨਤਾ ਦਿੱਤੀ ਹੈ ਅਤੇ ਨਾ ਹੀ ਲੋਕਾਂ ਦੇ ਬੁਨਿਆਦੀ ਹੱਕ ਤਸਲੀਮ ਕੀਤੇ ਹਨ। ਔਰਤਾਂ ਦੇ ਹੱਕਾਂ ਬਾਰੇ ਹੋਈ ਗੱਲਬਾਤ ਦੌਰਾਨ ਸਿਰਫ ਇੰਨਾ ਕਿਹਾ ਹੈ ਕਿ ਉਨ੍ਹਾਂ ਨੂੰ ਇਸਲਾਮਿਕ ਕਾਨੂੰਨ ਦੇ ਚੌਖਟੇ ਦੇ ਵਿਚ-ਵਿਚ ਪੂਰੇ ਹੱਕ ਦਿੱਤੇ ਜਾਣਗੇ।
ਅਫਗਾਨ ਸਰਕਾਰ ਨੇ ਔਰਤਾਂ ਦੀ ਹਾਲਤ ਸੁਧਾਰਨ ਲਈ ਕੁਝ ਸੁਧਾਰ ਸ਼ੁਰੂ ਕੀਤੇ ਸਨ, ਪਰ ਉਹ ਕੁਝ ਸ਼ਹਿਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ, ਪੇਂਡੂ ਖੇਤਰ ਇਨ੍ਹਾਂ ਯਤਨਾਂ ਤੋਂ ਅਣਭਿਜ ਹੀ ਰਿਹਾ। ਅੱਜ ਹਾਲਾਤ ਇਹ ਹਨ ਕਿ 87 ਫੀਸਦੀ ਔਰਤਾਂ ਕਦੇ ਵੀ ਸਕੂਲ ਨਹੀਂ ਗਈਆਂ, ਅਨਪੜ੍ਹਤਾ ‘ਚ ਔਰਤਾਂ ਦੀ ਦਰ 80 ਤੋਂ 90 ਫੀਸਦੀ ਹੈ, ਜਣੇਪੇ ਸਮੇਂ ਮੌਤਾਂ ਦੀ ਦਰ ਬਹੁਤ ਉਚੀ ਹੈ, ਘਰਾਂ ‘ਚ ਬੰਦ ਔਰਤਾਂ ਬੱਸ ਸੈਕਸ ਦੇ ਖਿਡਾਉਣੇ ਅਤੇ ਬੱਚੇ ਜੰਮਣ ਵਾਲੀਆਂ ਮਸ਼ੀਨਾਂ ਬਣ ਕੇ ਰਹਿ ਗਈਆਂ ਹਨ। ਇਕ-ਇਕ ਮਰਦ ਦੀਆਂ ਕਈ-ਕਈ ਪਤਨੀਆਂ ਹਨ। ਮੈਨੂੰ ਯਾਦ ਹੈ, 14 ਸਾਲ ਪਹਿਲਾਂ ਮੇਰੇ ਅਫਗਾਨ ਕੋ-ਵਰਕਰ ਨੇ ਦੱਸਿਆ ਕਿ ਉਸ ਦਾ ਅੱਬਾ ਕਾਮਯਾਬ ਮਰਦ ਹੈ। ਉਹ ਚਾਰ ਮਾਂਵਾਂ ਤੋਂ 33 ਭੈਣ-ਭਰਾ ਹਨ; 22 ਭਰਾ ਅਤੇ 11 ਭੈਣਾਂ।
ਅਮਰੀਕਾ ਨੂੰ ਨਮੋਸ਼ੀ ਭਰਿਆ ਸਮਝੌਤਾ ਕਿਉਂ ਕਰਨਾ ਪਿਆ? ਇਸ ਦਾ ਜਵਾਬ ਲੱਭਣ ਲਈ ਸਾਨੂੰ ਇਸ ਲੰਮੀ ਜੰਗ ਦੌਰਾਨ ਵਾਪਰੀਆਂ ਘਟਨਾਵਾਂ ‘ਤੇ ਨਜ਼ਰਸਾਨੀ ਕਰਨੀ ਪਵੇਗੀ। 7 ਅਕਤੂਬਰ 2001 ਤੋਂ ਲੈ ਕੇ ਸਮਝੌਤਾ ਹੋਣ ਤੱਕ ਇਸ ਜੰਗ ਨੂੰ ਅਮਰੀਕਾ ਦੇ ਤਿੰਨ ਰਾਸ਼ਟਰਪਤੀਆਂ-ਜਾਰਜ ਬੁਸ਼, ਬਰਾਕ ਓਬਾਮਾ ਤੇ ਡੋਨਲਡ ਟਰੰਪ ਨੇ ਹੰਢਾਇਆ।
ਜਦ ਅਕਤੂਬਰ 2001 ਵਿਚ ਅਫਗਾਨਿਸਤਾਨ ‘ਤੇ ਹਮਲਾ ਕਰ ਕੇ ਤਾਲਿਬਾਨ ਸਰਕਾਰ ਨੂੰ ਉਲਟਾਉਣ ਪਿਛੋਂ ਹਾਮਿਦ ਕਰਜ਼ਈ ਨੂੰ ਅੰਤ੍ਰਿਮ ਰਾਸ਼ਟਰਪਤੀ ਬਣਾਇਆ ਤਾਂ ਇਹੀ ਸਮਝਿਆ ਗਿਆ ਕਿ ਹਿੰਸਾ ਤੇ ਜੁਰਮ ਖਤਮ ਕਰ ਕੇ ਅਫਗਾਨਿਸਤਾਨ ਵਿਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਦਾ ਦੌਰ ਸ਼ੁਰੂ ਹੋ ਚੁਕਾ ਹੈ। ਤਾਲਿਬਾਨ ਲੀਡਰਸ਼ਿਪ ਰੂਪੋਸ਼ ਹੋ ਗਈ ਸੀ। ਸਮਝਿਆ ਇਹ ਗਿਆ ਕਿ ਇਸਲਾਮਿਕ ਕੱਟੜਪੰਥੀਆਂ ਦਾ ਤਾਣਾ-ਬਾਣਾ ਨਸ਼ਟ ਕਰ ਦਿੱਤਾ ਗਿਆ ਹੈ। ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਤਿੰਨ ਸਾਲਾਂ ਦੇ ਥੋੜ੍ਹੇ ਸਮੇਂ ਵਿਚ ਹੀ ਆਪਣੀ ਪੂਰੀ ਤਾਕਤ ਇਕੱਠੀ ਕਰ ਕੇ ਤਾਲਿਬਾਨ ਮੁੜ ਜੰਗ ਦੇ ਮੈਦਾਨ ਵਿਚ ਆ ਜਾਣਗੇ। 2004 ਵਿਚ ਤਾਲਿਬਾਨ ਨੇ ਮੁੱਲਾ ਉਮਰ ਦੀ ਅਗਵਾਈ ਵਿਚ ਅਮਰੀਕਾ ਅਤੇ ਕਰਜ਼ਈ ਸਰਕਾਰ ਖਿਲਾਫ ਗੁਰੀਲਾ ਜੰਗ ਛੇੜ ਦਿੱਤੀ। ਅਮਰੀਕਾ ਅਤੇ ਸੰਗੀ ਤਾਕਤਾਂ ਵਲੋਂ ਹੌਸਲਾ ਦੇ ਕੇ ਖੜ੍ਹੀ ਕੀਤੀ ਅਫਗਾਨ ਸਰਕਾਰ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਸੀ ਕਿ ਉਹ ਤਿੰਨ ਸਾਲਾਂ ਦੇ ‘ਅਮਨ-ਅਮਾਨ’ ਵਾਲੇ ਸਮੇਂ ਦੌਰਾਨ ਵੀ ਲੋਕਾਂ ਦਾ ਭਰੋਸਾ ਨਾ ਜਿੱਤ ਸਕੀ। ਬੁਸ਼ ਦੇ ਰਾਜ ਕਾਲ ਸਮੇਂ 2008 ਤੱਕ ਚੱਲੀ ਲੜਾਈ ਦੌਰਾਨ ਤਾਲਿਬਾਨ ਲੜਾਕੇ ਐਨੇ ਤਕੜੇ ਹੋ ਗਏ ਕਿ ਉਹ ਗੁਰੀਲਾ ਲੜਾਈ ਲੜਦਿਆਂ ਕੁਝ ਖਿੱਤਿਆਂ ਵਿਚ ਪਿੜ ਮੱਲਵੀਂ, ਆਹਮੋ-ਸਾਹਮਣੇ ਦੀ ਲੜਾਈ ਲੜਨ ਲੱਗ ਪਏ। ਅਮਰੀਕੀ ਧਿਰ ਲਈ ਇਹ ਖਤਰੇ ਦੀ ਘੰਟੀ ਸੀ। ਜਾਰਜ ਬੁਸ਼ ਚਲਾ ਗਿਆ ਅਤੇ ਜਨਵਰੀ 2009 ਵਿਚ ਬਰਾਕ ਓਬਾਮਾ ਆ ਗਿਆ।
ਚਾਰਜ ਸੰਭਾਲਦਿਆਂ ਸੋਚ ਵਿਚਾਰ ਪਿਛੋਂ ਰਾਸ਼ਟਰਪਤੀ ਓਬਾਮਾ ਜੰਗ ਬਾਰੇ ਆਪਣੀ ਨੀਤੀ ਲੈ ਕੇ ਆਇਆ। ਸਭ ਤੋਂ ਪਹਿਲਾਂ ਫੌਜ ਦੇ ਅਫਗਾਨਿਸਤਾਨ ਵਿਚ ਕਮਾਂਡਰ ਜਨਰਲ ਡੇਵਿਡ ਮੈਕਰਨ ਦੀ ਥਾਂ ਜਨਰਲ ਸਟੈਨਲੀ ਮੈਕਕ੍ਰਿਸਟਲ ਨੂੰ ਨਾਮਜ਼ਦ ਕਰ ਦਿੱਤਾ ਅਤੇ ਫੌਜ ਦੀ ਨਫਰੀ ਵਧਾ ਦਿੱਤੀ। ਓਬਾਮਾ ਪ੍ਰਸ਼ਾਸਨ ਦੀ ਨਵੀਂ ਨੀਤੀ ਕਿ ਤਾਲਿਬਾਨ ਨਾਲ ਲੜਦਿਆਂ ਨਾਲੋ-ਨਾਲ ਤਾਲਿਬਾਨ ਦੀ ਦਹਿਸ਼ਤ ‘ਚ ਜੀਅ ਰਹੇ ਲੋਕਾਂ ਦੀ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਜਾਣ। ਨਾਲ ਹੀ ਅਜਿਹੇ ਦਾਅਪੇਚ ਅਪਨਾਏ ਜਾਣ ਕਿ ਤਾਲਿਬਾਨ ਸਫਾਂ ਅੰਦਰ ਫੁੱਟ ਅਤੇ ਬੇਮੁੱਖਤਾ ਵਧੇ ਤਾਂ ਕਿ ਉਹ ਮਜਬੂਰੀਵਸ ਸੁਲ੍ਹਾ-ਸਫਾਈ ਲਈ ਕਹਿਣ। ਓਬਾਮਾ ਦੀ ਇਹ ਖੁਸ਼ੀ ਬਹੁਤ ਥੋੜ੍ਹਚਿਰੀ ਸੀ। ਜਨਰਲ ਮੈਕਕ੍ਰਿਸਟਲ ਨੇ ਅਮਰੀਕਾ ਸਰਕਾਰ ਨੂੰ ਖੁਫੀਆ ਰਿਪੋਰਟ (ਜੋ ਲੀਕ ਹੋ ਗਈ ਸੀ) ਭੇਜੀ ਕਿ ਜੇ ਲੜ ਰਹੀਆਂ ਫੌਜਾਂ ਵਿਚ ਵੱਡਾ ਵਾਧਾ ਨਾ ਕੀਤਾ ਗਿਆ ਤਾਂ ਅਸੀਂ ਇਕ ਸਾਲ ਦੇ ਵਿਚ ਜੰਗ ਹਾਰ ਜਾਵਾਂਗੇ। ਸੋ, ਫੌਜੀ ਨਫਰੀ ਵਿਚ ਹੋਰ ਵਾਧਾ ਕਰ ਦਿੱਤਾ ਗਿਆ।
ਓਬਾਮਾ ਪ੍ਰਸ਼ਾਸਨ ਦੀ ਨਵੀਂ ਨੀਤੀ ਤਾਲਿਬਾਨ ਅੰਦਰ ਤਾਂ ਫੁੱਟ ਨਹੀਂ ਪਾ ਸਕੀ, ਪਰ ਉਸ ਦੀ ਆਪਣੀ ਧਿਰ ਵਿਚ ਪੈ ਚੁਕੀ ਫੁੱਟ ਸਾਹਮਣੇ ਆ ਗਈ। ਅਫਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਅਮਰੀਕੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣਾ ਬੰਦ ਨਾ ਕੀਤਾ ਤਾਂ ਉਹ ਵੀ ਤਾਲਿਬਾਨ ਨਾਲ ਰਲ ਜਾਵੇਗਾ। ਉਸ ਨੇ ਤਾਲਿਬਾਨ ਨਾਲ ਸੁਲ੍ਹਾ-ਸਫਾਈ ਲਈ ਹੱਥ ਵੀ ਵਧਾਇਆ, ਪਰ ਤਾਲਿਬਾਨ ਨੇ ਕੋਈ ਹੁੰਗਾਰਾ ਨਾ ਭਰਿਆ। ਉਧਰ, ਓਬਾਮਾ ਪ੍ਰਸ਼ਾਸਨ ਦੇ ਫੌਜੀ ਅਤੇ ਸਿਵਲ ਅਧਿਕਾਰੀਆਂ ‘ਚ ਫੁੱਟ ਉਸ ਸਮੇਂ ਸਾਹਮਣੇ ਆ ਗਈ, ਜਦੋਂ ਜਨਰਲ ਸਟੈਨਲੀ ਮੈਕਕ੍ਰਿਸਟਲ ਨੇ ‘ਰੋਲਿੰਗ ਸਟੋਨ’ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਸਮੇਂ ਓਬਾਮਾ ਦੀ ਅਫਗਾਨਿਸਤਾਨ ਬਾਰੇ ਨੀਤੀ ਦੀ ਨਾਕਾਮੀ ਦਾ ਜ਼ਿਕਰ ਕਰਨ ਤੋਂ ਇਲਾਵਾ ਓਬਾਮਾ, ਕੌਮੀ ਸੁਰੱਖਿਆ ਸਲਾਹਕਾਰ ਅਤੇ ਅਫਗਾਨਿਸਤਾਨ ਲਈ ਸਪੈਸ਼ਲ ਨੁਮਾਇੰਦੇ ਰਿਚਰਡ ਹਾਲਬੁਰਗ ਦੀ ਆਲੋਚਨਾ ਵੀ ਕੀਤੀ। ਓਬਾਮਾ ਨੇ ਵਿਸ਼ੇਸ਼ ਕਦਮ ਚੁੱਕਦਿਆਂ ਮਿਲਟਰੀ ਢਾਂਚਾ ਬਦਲ ਦਿੱਤਾ। ਜਨਰਲ ਸਟੈਨਲੀ ਮੈਕਕ੍ਰਿਸਟਲ ਨੂੰ ਬਦਲ ਕੇ ਨਵਾਂ ਜਨਰਲ ਡੇਵਿਡ ਪਟੈਲਾਈਸ ਨਿਯੁਕਤ ਕਰ ਦਿੱਤਾ ਗਿਆ। ਓਬਾਮਾ ਨੂੰ ਕਹਿਣਾ ਪਿਆ ਕਿ ਉਹ ਆਪਣੀ ਟੀਮ ਅੰਦਰ ਬਹਿਸ ਦਾ ਸਵਾਗਤ ਕਰਦਾ ਹੈ, ਪਰ ਫੁੱਟ ਸਹਿਣ ਨਹੀਂ ਕੀਤੀ ਜਾ ਸਕਦੀ।
ਸਪਸ਼ਟ ਦਿਸਣ ਲੱਗ ਪਿਆ ਕਿ ਜੰਗ ਲੜਖੜਾ ਰਹੀ ਹੈ ਅਤੇ ਤਾਲਿਬਾਨ ਨੂੰ ਹਰਾਉਣਾ ਹੋਰ ਮੁਸ਼ਕਿਲ ਹੋ ਰਿਹਾ ਹੈ। ਸੋ, ਪੈਂਤੜਾ ਬਦਲਦਿਆਂ ਅਮਰੀਕੀ ਸਰਕਾਰ ਨੇ ਪਹਿਲੀ ਵਾਰ ਤਾਲਿਬਾਨ ਨਾਲ ਸੰਪਰਕ ਬਣਾਉਣ ਦਾ ਫੈਸਲਾ ਕੀਤਾ। ਕੁਝ ਅਫਗਾਨ ਸਿਆਸਤਦਾਨਾਂ, ਕੁਝ ਸਿਵਲ ਸੁਸਾਇਟੀ ਕਰਿੰਦਿਆਂ, ਕੁਝ ਰਹਿ ਚੁਕੇ ਮੁਜਾਹਿਦਾਂ, ਕੁਝ ਔਰਤਾਂ ਅਤੇ ਕੁਝ ਕੁ ਮਾਡਰੇਟ ਤਾਲਿਬਾਨ ‘ਤੇ ਆਧਾਰਤ ‘ਅਫਗਾਨ ਹਾਈ ਪੀਸ ਕੌਂਸਲ’ ਬਣਾਈ ਗਈ, ਜਿਸ ਨੂੰ ਤਾਲਿਬਾਨ ਨਾਲ ਸੰਪਰਕ ਅਤੇ ਮੁਢਲੇ ਵਿਚਾਰ-ਵਟਾਂਦਰੇ ਦਾ ਮੁੱਦਾ ਸੌਂਪਿਆ ਗਿਆ। ਫੈਸਲਾ ਹੋਇਆ ਕਿ ਤਾਲਿਬਾਨ ਨਾਲ ਸੂਚਨਾ ਦੇ ਦੇਣ-ਲੈਣ ਲਈ ਕੋਈ ਚੈਨਲ ਖੋਲ੍ਹਿਆ ਜਾਵੇ, ਪਰ ਇਸ ਸਬੰਧੀ ਤਾਲਿਬਾਨ ਨੂੰ ਕੋਈ ਥਹੁ-ਪਤਾ ਦੇਣਾ ਜ਼ਰੂਰੀ ਸੀ।
ਅਰਬ ਮੁਲਕ ਕਤਰ ਦੀ ਸਰਕਾਰ ਦੀ ਮਨਜ਼ੂਰੀ ਨਾਲ ਉਥੋਂ ਦੇ ਸ਼ਹਿਰ ਦੋਹਾ ਵਿਚ ਦਫਤਰ ਖੋਲ੍ਹ ਦਿੱਤਾ ਗਿਆ, ਜਿਸ ਦੇ ਗੇਟ ‘ਤੇ ‘ਇਸਲਾਮਿਕ ਇਮੀਰੇਟਸ ਆਫ ਅਫਗਾਨਿਸਤਾਨ’ ਦਾ ਬੋਰਡ ਲਾ ਕੇ ਝੰਡਾ ਝੁਲਾ ਦਿੱਤਾ ਗਿਆ। ਜਦੋਂ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਇਸ ਕਾਰਵਾਈ ਦਾ ਪਤਾ ਲੱਗਾ ਤਾਂ ਉਹ ਰੁੱਸ ਗਿਆ। ਉਸ ਨੂੰ ਮਨਾਉਣ ਅਤੇ ਸ਼ਾਂਤ ਕਰਨ ਲਈ ਦਫਤਰ ਬੰਦ ਕਰ ਦਿੱਤਾ, ਬੋਰਡ ਤੇ ਝੰਡਾ ਲਾਹ ਲਏ। ਦਫਤਰ ਤਾਂ ਬੰਦ ਹੋ ਗਿਆ, ਪਰ ਦਫਤਰ ਵਿਚ ਬਹਿਣ ਅਤੇ ਸੰਪਰਕ ਬਣਾਈ ਰੱਖਣ ਲਈ ਪਹੁੰਚੇ ਤਾਲਿਬਾਨ ਕਰਿੰਦੇ ਉਥੇ ਹੀ ਰਹਿ ਗਏ।
2011 ਵਿਚ ਉਸਾਮਾ ਬਿਨ-ਲਾਦਿਨ ਦੀ ਮੌਤ ਦੀ ਘਟਨਾ ਓਬਾਮਾ ਪ੍ਰਸ਼ਾਸਨ ਲਈ ਨਿਆਮਤ ਬਣ ਕੇ ਬਹੁੜੀ। ਮੌਤ ਤੋਂ ਇਕ ਮਹੀਨੇ ਬਾਅਦ ਹੀ ਰਾਸ਼ਟਰਪਤੀ ਓਬਾਮਾ ਨੇ ਐਲਾਨ ਕਰ ਦਿੱਤਾ ਕਿ ਬਿਨ-ਲਾਦਿਨ ਅਤੇ ਹੋਰ ਲੀਡਰਾਂ ਨੂੰ ਮਾਰਨ ਨਾਲ ਜੰਗ ਦਾ ਮਿਸ਼ਨ ਪੂਰਾ ਹੋ ਗਿਆ ਹੈ, ਇਸ ਲਈ ਫੌਜਾਂ ਵਾਪਿਸ ਬੁਲਾਉਣ ਦੇ ਅਮਲ ‘ਚ ਤੇਜ਼ੀ ਲਿਆਉਣ ਲਈ 30,000 ਫੌਜੀ ਫੌਰੀ ਵਾਪਿਸ ਮੰਗਵਾਏ ਜਾਣਗੇ। ਓਬਾਮਾ ਦੇ ਐਲਾਨ ਤੋਂ ਫੌਰੀ ਬਾਅਦ ਫਰਾਂਸ ਦੇ ਰਾਸ਼ਟਪਤੀ ਨੇ ਵੀ ਐਲਾਨ ਕਰ ਦਿੱਤਾ ਕਿ ਉਹ 4000 ਫੌਜੀ ਵਾਪਿਸ ਬੁਲਾ ਰਿਹਾ ਹੈ, ਪਰ ਜੰਗ ਬੰਦ ਨਹੀਂ ਹੋਈ।
2012 ਵਿਚ ਬਹੁਤ ਕੁਝ ਅਜਿਹਾ ਵਾਪਰਿਆ ਕਿ ਅਮਰੀਕਾ ਅਤੇ ਅਫਗਾਨ ਸਰਕਾਰ ਖਿਲਾਫ ਮੁਲਕ ਭਰ ਵਿਚ ਵਿਦਰੋਹ ਉਠ ਖੜ੍ਹਾ ਹੋਇਆ। ਕੌਮਾਂਤਰੀ ਸੰਸਥਾ ‘ਵਿਕੀਲੀਕਸ’ ਨੇ ਅਫਗਾਨ ਲੋਕਾਂ ‘ਤੇ ਹੋ ਰਹੇ ਅਤਿਆਚਾਰਾਂ ਅਤੇ ਮੌਤਾਂ ਬਾਰੇ ਰਿਪੋਰਟ ਜਾਰੀ ਕੀਤੀ, ਜਿਸ ਦਾ ਨਾਂ ਸੀ, ‘ਅਫਗਾਨ ਵਾਰ ਡਾਇਰੀ।’ ਉਧਰ, ਅਮਰੀਕੀ ਫੌਜੀਆਂ ਵਲੋਂ ਮਰੇ ਹੋਏ ਤਾਲਿਬਾਨ ਲੜਾਕਿਆਂ ਦੇ ਮੂੰਹਾਂ ਵਿਚ ਪੇਸ਼ਾਬ ਕਰਨ, ਕੁਰਾਨ ਦੀਆਂ ਕਾਪੀਆਂ ਸਾੜਨ, ਇਕ ਘਰ ਅੰਦਰ ਦਾਖਲ ਹੋ ਕੇ ਜਬਰ-ਜਨਾਹ ਕਰਨ ਅਤੇ ਪਰਿਵਾਰ ਦੇ 17 ਜੀਅ ਕਤਲ ਕਰਨ ਦੀਆਂ ਖਬਰਾਂ ਨਸ਼ਰ ਹੋਣ ਨਾਲ ਮੁਲਕ ਭਰ ‘ਚ ਹਾਹਾਕਾਰ ਮਚ ਗਈ। ਕਰਜ਼ਈ ਸਰਕਾਰ, ਜੋ ਬੇਹੱਦ ਭ੍ਰਿਸ਼ਟ ਹੋਣ ਕਰਕੇ ਲੋਕਾਂ ‘ਚ ਪਹਿਲਾਂ ਹੀ ਬਦਨਾਮ ਸੀ, ਲਈ ਇਨ੍ਹਾਂ ਘਟਨਾਵਾਂ ਨੇ ਹੋਰ ਵੱਡਾ ਸੰਕਟ ਖੜ੍ਹਾ ਕਰ ਦਿੱਤਾ। ਤਣਾਅ ਘਟਾਉਣ ਲਈ ਅਮਰੀਕੀ ਕਮਾਂਡ ਨੇ ਕਰਜ਼ਈ ਅਧਿਕਾਰੀਆਂ ਨਾਲ ਸਮਝੌਤਾ ਕੀਤਾ ਕਿ ਅਮਰੀਕੀਆਂ ਦੀ ਕੈਦ ਵਿਚ ਬੰਦ ਸਾਰੇ ਕੈਦੀ ਅਫਗਾਨ ਸਰਕਾਰ ਨੂੰ ਸੌਂਪ ਦਿੱਤੇ ਜਾਣਗੇ ਅਤੇ ਰਾਤ ਨੂੰ ਲੋਕਾਂ ਦੇ ਘਰਾਂ ‘ਤੇ ਮਾਰੇ ਜਾਂਦੇ ਛਾਪਿਆਂ ਦੀ ਅਗਵਾਈ ਅਮਰੀਕਾ ਦੀ ਥਾਂ ਅਫਗਾਨ ਫੌਜੀ ਕਰਿਆ ਕਰਨਗੇ। ਇਕ ਵਾਰ ਤਾਂ ਫੌਜਾਂ ‘ਚ ਤਣਾਅ ਇੰਨਾ ਵਧ ਗਿਆ ਸੀ ਕਿ ਅਫਗਾਨ ਫੌਜੀਆਂ ਅਤੇ ਸਿਪਾਹੀਆਂ ਨੇ ਆਪਣੀਆਂ ਬੰਦੂਕਾਂ ਦੇ ਮੂੰਹ ਅਮਰੀਕੀ ਫੌਜੀਆਂ ਵਲ ਮੋੜ ਲਏ ਸਨ।
ਲੜਾਈ ਦਾ ਕੋਈ ਸਿਰਾ ਨਾ ਲੱਭਦਾ ਦੇਖ ਯੂ. ਕੇ. ਨੇ ਤਾਂ 2012 ਵਿਚ ਹੀ ਲੜਾਈ ਤੋਂ ਕਿਨਾਰਾ ਕਰਨ ਦੀ ਯੁੱਧਨੀਤੀ ਲੱਭਣੀ ਸ਼ੁਰੂ ਕਰ ਦਿੱਤੀ ਸੀ, ਪਰ ਓਬਾਮਾ ਪ੍ਰਸ਼ਾਸਨ ਦਾ ਹਾਲ ਸੱਪ ਦੇ ਮੂੰਹ ‘ਚ ਕੋਹੜ ਕਿਰਲੀ ਵਾਲਾ ਸੀ। ਜਿਵੇਂ ਕਿਵੇਂ ਟੱਕਰਾਂ ਮਾਰਦਿਆਂ ਆਖਰ 2014 ਵਿਚ ਐਲਾਨ ਕਰ ਦਿੱਤਾ ਕਿ ਉਹ ਤਾਲਿਬਾਨ ਨਾਲ ਜ਼ਮੀਨੀ ਲੜਾਈ ਬੰਦ ਕਰ ਰਹੇ ਹਨ, ਇਸ ਲਈ ਅਫਗਾਨ ਸਰਕਾਰ ਦੀ ਸੁਰੱਖਿਆ ਲਈ ਸਿਰਫ 13,000 ਫੌਜੀ ਅਫਗਾਨਿਸਤਾਨ ਵਿਚ ਰਹਿਣਗੇ।
2017 ਵਿਚ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਲੜਾਈ ਦੀ ਕਮਾਂਡ ਸਾਂਭੀ, ਜੰਗ ਬਾਰੇ ਤਾਂ ਓਬਾਮਾ ਵਾਲੀ ਨੀਤੀ ਨੂੰ ਹੀ ਜਾਰੀ ਰੱਖਿਆ, ਪਰ ਸੁਲ੍ਹਾ-ਸਫਾਈ ਦੀਆਂ ਕੋਸ਼ਿਸ਼ਾਂ ਵਿਚ ਤੇਜ਼ੀ ਲੈ ਆਂਦੀ। ਕੋਸ਼ਿਸ਼ਾਂ ਨੂੰ ਬੂਰ ਨਾ ਪੈਂਦਾ ਦੇਖ ਆਖਰ ਟਰੰਪ ਪ੍ਰਸ਼ਾਸਨ ਨੇ 8 ਸਾਲਾਂ ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ‘ਚ ਬੰਦ ਮੁੱਲਾ ਬਰਦਾਰ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਕਰ ਲਿਆ। ਮੁੱਲਾ ਬਰਦਾਰ ਤਾਲਿਬਾਨ ਜਥੇਬੰਦੀ ਦਾ ਕੋ-ਫਾਊਂਡਰ ਸੀ ਅਤੇ ਤਾਲਿਬਾਨ ਲੀਡਰਸ਼ਿਪ ਵਿਚ ਕਾਫੀ ਪ੍ਰਭਾਵ ਰੱਖਦਾ ਸੀ। ਸੋ, ਪਾਕਿਸਤਾਨ ਸਰਕਾਰ ‘ਤੇ ਦਬਾਅ ਪਾ ਕੇ ਉਸ ਨੂੰ ਰਿਹਾ ਕਰਾ ਲਿਆ। ਇਹ ਉਹੀ ਸ਼ਖਸ ਹੈ, ਜਿਸ ਨੇ ਤਾਲਿਬਾਨ ਨੁਮਾਇੰਦੇ ਵਜੋਂ ‘ਅਮਨ ਸਮਝੌਤੇ’ ਉਤੇ ਦਸਤਖਤ ਕੀਤੇ ਹਨ ਅਤੇ ਸਮਝੌਤੇ ਤੋਂ ਤਿੰਨ ਦਿਨ ਬਾਅਦ ਰਾਸ਼ਟਰਪਤੀ ਟਰੰਪ ਨੇ 35 ਮਿੰਟ ਇਸੇ ਵਿਅਕਤੀ ਨਾਲ ਫੋਨ ‘ਤੇ ਗੱਲਬਾਤ ਕੀਤੀ।
ਮੁੱਲਾ ਬਰਦਾਰ ਦੇ ਜੇਲ੍ਹ ‘ਚੋਂ ਬਾਹਰ ਆਉਣ ਪਿਛੋਂ ਜਿਸ ਸਮਝੌਤੇ ਸਬੰਧੀ ਮੀਟਿੰਗਾਂ ਦਾ ਦੌਰ ਚੱਲਿਆ, ਮੁੱਖ ਅੜਿੱਕਾ ਅਫਗਾਨ ਸਰਕਾਰ ਦੀ ਪੁਜੀਸ਼ਨ ਬਾਰੇ ਸੀ। ਅਮਰੀਕੀ ਪੁਜੀਸ਼ਨ ਇਹ ਸੀ ਕਿ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਦੀ ਸਰਕਾਰ, ਅਫਗਾਨ ਲੋਕਾਂ ਦੀ ਨੁਮਾਇੰਦਾ ਸਰਕਾਰ ਹੈ, ਇਸ ਲਈ ਉਸ ਨੂੰ ਗੱਲਬਾਤ ਵਿਚ ਧਿਰ ਵਜੋਂ ਮਾਨਤਾ ਦੇਣੀ ਬਣਦੀ ਹੈ, ਪਰ ਤਾਲਿਬਾਨ ਕਹਿੰਦੇ ਸਨ ਕਿ ਇਹ ਅਮਰੀਕਾ ਦੀ ਕਠਪੁਤਲੀ ਸਰਕਾਰ ਹੈ, ਅਫਗਾਨ ਲੋਕਾਂ ਵਿਚ ਇਸ ਦਾ ਕੋਈ ਆਧਾਰ ਨਹੀਂ ਹੈ, ਇਸ ਲਈ ਵੱਖਰੀ ਧਿਰ ਨਹੀਂ ਬਣਦੀ। ਆਖਰ ਅਮਰੀਕਾ ਪਿੱਛੇ ਹਟ ਗਿਆ ਅਤੇ ਅਫਗਾਨ ਸਰਕਾਰ ਨੂੰ ਲਾਂਭੇ ਛੱਡ ਕੇ ਤਾਲਿਬਾਨ ਨਾਲ ਨਮੋਸ਼ੀ ਭਰਿਆ ਸਮਝੌਤਾ ਕਰ ਲਿਆ।
ਹੁਣ ਅਫਗਾਨ ਸਰਕਾਰ ਦਾ ਭਵਿਖ ਧੁੰਦਲਾ ਹੈ। ਸਭ ਨੂੰ ਪਤਾ ਹੈ ਕਿ ਖਾਨਾਜੰਗੀ (ਸਿਵਲ ਵਾਰ) ਦੇ ਜਾਰੀ ਰਹਿੰਦਿਆਂ ਰਾਸ਼ਟਰਪਤੀ ਅਸ਼ਰਫ ਗਨੀ ਦੀ ਸਰਕਾਰ, ਤਾਲਿਬਾਨੀ ਕਾਂਗ ਅੱਗੇ ਟਿਕ ਨਹੀਂ ਸਕੇਗੀ। ਰਾਸ਼ਟਰਪਤੀ ਟਰੰਪ ਨੇ ਖੁਦ ਮੰਨਿਆ ਕਿ ‘ਇਹ ਹੋ ਸਕਦਾ ਹੈ ਕਿ ਅਮਰੀਕੀ ਫੌਜਾਂ ਦੇ ਅਫਗਾਨਿਸਤਾਨ ਛੱਡਣ ਪਿਛੋਂ ਤਾਲਿਬਾਨ ਅਫਗਾਨ ਸਰਕਾਰ ਨੂੰ ਉਲਟਾ ਦੇਣ। ਸਭ ਦੇਸ਼ਾਂ ਨੂੰ ਆਪਣੀ ਸੁਰੱਖਿਆ ਆਪ ਕਰਨੀ ਚਾਹੀਦੀ ਹੈ।’
ਅਮਰੀਕਾ ਨੇ ਇਸ ਜੰਗ ਵਿਚ 38,000 ਬੰਬ ਸੁੱਟੇ ਅਤੇ 12,000 ਡਰੋਨ ਸਟਰਾਈਕਾਂ ਕੀਤੀਆਂ। ਇਸ ਜੰਗ ਵਿਚ 2300 ਅਮਰੀਕਨ ਫੌਜੀ, 3500 ਕੁਲੀਸ਼ਨ ਫੌਜੀ, 35,000 ਅਫਗਾਨ ਸੁਰੱਖਿਆ ਮੁਲਾਜ਼ਮ, 42,000 ਤਾਲਿਬਾਨ ਲੜਾਕੇ ਅਤੇ 60,000 ਦੇ ਕਰੀਬ ਸਿਵਲੀਅਨ ਮਰੇ ਹਨ। ਵੀਹ ਲੱਖ ਦੇ ਕਰੀਬ ਅਫਗਾਨ ਲੋਕਾਂ ਨੂੰ ਥਾਂ ਬਦਲੀ ਕਰਨੀ ਪਈ। ਅਫਗਾਨਿਸਤਾਨ ਤਬਾਹ ਹੋ ਚੁਕਾ ਹੈ ਅਤੇ ਤਾਲਿਬਾਨ ਦਾ ਪਿਛਾਪੜੀ ਜ਼ਾਲਮ ਰਾਜ ਮੁੜ ਆ ਰਿਹਾ ਹੈ।
ਇਸ ਜੰਗ ਦੇ ਕੁਝ ਹਾਂ-ਪੱਖੀ ਨੁਕਤੇ ਵੀ ਹਨ, ਪਰ ਤਾਂ ਜੇ ਅਫਗਾਨ ਲੋਕ ਇਸ ਦਾ ਲਾਹਾ ਲੈਣ ਦੇ ਕਾਬਲ ਹੋ ਸਕਣ। ਜੰਗ ਨੇ ਦਿਖਾਇਆ ਹੈ ਕਿ ਜੇ ਲੋਕ ਲੜਨ ਦਾ ਫੈਸਲਾ ਕਰ ਲੈਣ ਤਾਂ ਮਜ਼ਬੂਤ ਤੋਂ ਮਜ਼ਬੂਤ ਦੁਸ਼ਮਣ ਨੂੰ ਵੀ ਹਰਾਇਆ ਜਾ ਸਕਦਾ ਹੈ। ਅਫਗਾਨਿਸਤਾਨ ਦੁਨੀਆਂ ਦਾ ਬਹੁਤ ਹੀ ਪਛੜਿਆ ਦੇਸ਼ ਹੈ। ਲੋਕ ਜਗੀਰਦਾਰੀ ਅਤੇ ਸਾਮਰਾਜੀ ਦਾਬੇ ਥੱਲੇ ਜੀਅ ਰਹੇ ਹਨ। ਉਪਰੋਂ ਇਸਲਾਮਿਕ ਕਾਨੂੰਨਾਂ ਦਾ ਲਾਗੂ ਹੋਣਾ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਵੀ ਬਦਤਰ ਬਣਾਉਂਦਾ ਹੈ। ਅਜੋਕੇ ਹਾਲਾਤ ਵਿਚ ਲੋਕਾਂ ਦੀ ਅਜ਼ਾਦੀ, ਸੁਰੱਖਿਆ, ਵਿਕਾਸ ਦਾ ਰਾਹ ਇਸ ਸਾਮਰਾਜੀ ਜਗੀਰੂ ਸਿਸਟਮ ਨੂੰ ਭੰਨ ਕੇ ਨਵ-ਜਮਹੂਰੀ ਰਾਜ ਦੀ ਸਥਾਪਨਾ ਨਾਲ ਜੁੜਿਆ ਹੋਇਆ ਹੈ। ਅਫਗਾਨ ਲੋਕਾਂ ਕੋਲ ਪਹਿਲਾਂ ਰੂਸੀ ਸਾਮਰਾਜ ਅਤੇ ਹੁਣ 19 ਸਾਲ ਅਮਰੀਕੀ ਪੱਛਮੀ ਸਰਕਾਰ ਖਿਲਾਫ ਲੜਨ ਅਤੇ ਜਿੱਤਣ ਦਾ ਅਮੀਰ ਤੇ ਸਜਿੰਦ ਤਜਰਬਾ ਹੈ। ਲੋੜ ਸਿਰਫ ਇਨਕਲਾਬੀ ਸਿਆਸਤ ਨੂੰ ਸਮਝਣ ਅਤੇ ਲਾਗੂ ਕਰਨ ਦੀ ਹੈ। ਆਸ ਰੱਖਣੀ ਚਾਹੀਦੀ ਹੈ ਕਿ ਅਫਗਾਨ ਲੋਕ ਬਹੁਤ ਜਲਦ ਇਸ ਦਿਸ਼ਾ ਵਿਚ ਅੱਗੇ ਵਧਣਗੇ।