ਕੇਂਦਰ ਦੀ ਹਾਰ ਵਿਚ ਹੀ ਪੰਜਾਬ ਦੀ ਜਿੱਤ ਹੈ

ਪੰਜਾਬ ਦਾ ਸਿਆਸੀ ਪਿੜ ਇਸ ਵਕਤ ਸਮਝੋ ਖਾਲੀ ਪਿਆ ਹੈ। ਅਕਾਲੀ-ਭਾਜਪਾ ਗਠਜੋੜ ਪਿਛੋਂ ਬਣੀ ਕੈਪਟਨ ਸਰਕਾਰ ਵੀ ਹੁਣ ਤਕ ਕੋਈ ਅਸਰ ਨਹੀਂ ਛੱਡ ਸਕੀ ਹੈ। ਲੋਕ ਆਪਣੇ ਮਸਲਿਆਂ ਦੇ ਹੱਲ ਲਈ ਅੱਜ ਵੀ ਸਿਆਸੀ ਜਮਾਤ ਵਲ ਝਾਕ ਰਹੇ ਹਨ। ਤੀਜੇ ਮੋਰਚੇ ਦੀਆਂ ਗੱਲਾਂ ਤਾਂ ਸੂਬੇ ‘ਚ ਅਕਸਰ ਚਲਦੀਆਂ ਰਹਿੰਦੀਆਂ ਹਨ, ਪਰ ਇਸ ਦੀ ਜਾਨਦਾਰ ਹਾਜ਼ਰੀ ਦੀ ਅਜੇ ਵੀ ਉਡੀਕ ਹੈ। ਅਜਿਹੇ ਸਿਆਸੀ ਮਾਹੌਲ ਵਿਚ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਅਚਾਨਕ ਪ੍ਰਗਟ ਹੋਇਆ ਹੈ। ਵਾਰ-ਵਾਰ ਸੁਰਖੀਆਂ ਦਾ ਸ਼ਿੰਗਾਰ ਬਣਦਾ ਰਿਹਾ ਇਹ ਆਗੂ ਪੰਜਾਬ ਦਾ ਕੁਝ ਸੰਵਾਰ ਵੀ ਸਕੇਗਾ ਜਾਂ ਪਹਿਲਾਂ ਵਾਂਗ ਸਿਰਫ ‘ਫੋਕਾ ਫਾਇਰ’ ਹੀ ਸਾਬਤ ਹੋਵੇਗਾ, ਇਸ ਬਾਰੇ ਕੁਝ ਵਿਚਾਰ ਜਸਵੰਤ ਸਿੰਘ ਸ਼ਾਦ ਨੇ ਆਪਣੇ ਇਸ ਲੇਖ ‘ਚ ਸਾਂਝੇ ਕੀਤੇ ਹਨ।

-ਸੰਪਾਦਕ

ਜਸਵੰਤ ਸਿੰਘ ਸ਼ਾਦ
ਫੋਨ: 209-992-7185

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ‘ਚਰਚਾ’ ਵਿਚ ਹੈ। ‘ਚਰਚਾ’ ਨਾਲੋਂ ਜੇ ਇਸ ਨੂੰ ਪ੍ਰਗਟ ਹੋਇਆ ਕਹਿ ਲਿਆ ਜਾਵੇ ਤਾਂ ਕੋਈ ਓਪਰੀ ਗੱਲ ਨਹੀਂ ਹੋਵੇਗੀ, ਕਿਉਂਕਿ ਇੱਕ ਮਹੀਨਾ ਖਬਰਾਂ ‘ਚ ਰਹਿ ਕੇ ਦੋ-ਤਿੰਨ ਮਹੀਨੇ ਲਈ ਜਾਂ ਇੱਕ ਹਫਤਾ ਦਿਖਾਈ ਦੇ ਕੇ ਮਹੀਨੇ ਲਈ ਗਾਇਬ ਹੋ ਜਾਣਾ ਸਿੱਧੂ ਲਈ ਆਮ ਗੱਲ ਹੈ। ਸਿੱਧੂ ਭਾਜਪਾ ਤੋਂ ਕਾਂਗਰਸ ਵਿਚ ਆਇਆ, ਪਰ ਉਸ ਦਾ ਜੀਅ ਹੁਣ ਕਾਂਗਰਸ ਵਿਚ ਵੀ ਨਹੀਂ ਲਗਦਾ। ਕੁਝ ਕਰ ਗੁਜ਼ਰਨ ਲਈ ਮੰਤਰੀ ਦਾ ਅਹੁਦਾ ਕੋਈ ਛੋਟਾ ਅਹੁਦਾ ਨਹੀਂ ਹੁੰਦਾ, ਪਰ ਸਿੱਧੂ ਸਿੱਧਾ ਆਖਰੀ ਡੰਡੇ ਨੂੰ ਹੱਥ ਪਾ ਕੇ ਮੁੱਖ ਮੰਤਰੀ ਵਾਲੀ ਕੁਰਸੀ ‘ਤੇ ਕਬਜ਼ਾ ਕਰਨਾ ਚਾਹੁੰਦੈ। ਮੁੱਖ ਮੰਤਰੀ ਬਣਨ ਦਾ ਖਾਬ ਦੇਖਣਾ ਕੋਈ ਮਾੜੀ ਗੱਲ ਨਹੀਂ, ਕੋਸ਼ਿਸ਼ ਨਾਲ ਹੀ ਬੰਦਾ ਮੰਜ਼ਿਲ ‘ਤੇ ਅੱਪੜਦਾ ਹੈ। ਇਸੇ ਕੋਸ਼ਿਸ਼ ਵਿਚ ਹੀ ਉਹ ਕਦੇ ਪੰਜਾਬ ਦੇ ਆਗੂਆਂ ਨਾਲ ਗੰਢ-ਸੰਢ ਦੀ ਕੋਸ਼ਿਸ਼ ਕਰਦਾ ਹੈ ਤੇ ਕਦੇ ਦਿੱਲੀ ਪਹੁੰਚ ‘ਵੱਡੇ ਘਰ ਵਾਲਿਆਂ’ ਕੋਲ ਕੈਪਟਨ ਦੀਆਂ ਸ਼ਿਕਾਇਤਾਂ ਲਾਉਂਦਾ ਹੈ। ਦਿੱਲੀ ਤੋਂ ਗਿੱਦੜ ਪਰਚੀ ਮਿਲਦਿਆਂ ਹੀ ਉਹ ਪੰਜਾਬ ਆ ਕੇ ਫੇਰ ਮੀਡੀਏ ਅੱਗੇ ਪ੍ਰਗਟ ਹੋ ਜਾਂਦਾ ਹੈ। ਕੁਝ ਦਿਨ ਦੇ ਮਨੋਰੰਜਨ ਅਤੇ ਡਾਇਲਾਗਬਾਜ਼ੀ ਪਿਛੋਂ ਉਹ ਮੁੜ ਅਲੋਪ ਹੋ ਜਾਂਦਾ ਹੈ। ਵਿਧਾਨ ਸਭਾ ਵਿਚ ਉਹ ਲੋਕਾਂ ਦੀ ਨੁਮਾਇੰਦਗੀ ਕਦੋਂ ਕਰਦਾ ਹੈ? ਉਹੀ ਜਾਣੇ!
ਕਈ ਹਫਤਿਆਂ ਦੀ ਚੁੱਪ ਪਿਛੋਂ ਸਿੱਧੂ ਫਿਰ ‘ਪ੍ਰਗਟ’ ਹੋਇਆ ਹੈ, ਬਿਲਕੁਲ ਨਵੇਂ ਅੰਦਾਜ਼ ਵਿਚ। ਇਸ ਵਾਰ ਉਸ ਨੇ ‘ਜਿੱਤੇਗਾ ਪੰਜਾਬ’ ਨਾਂ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤੇ ਯੂ ਟਿਊਬ ਚੈਨਲ ਵੀ ਬਣਾਇਆ ਹੈ। ਇਸੇ ਸਬੰਧੀ ਉਸ ਨੇ ਦੋ ਛੋਟੀਆਂ ਵੀਡੀਓਜ਼ ਵੀ ਬਣਾਈਆਂ ਹਨ। ਦੂਜੀ ਵੀਡੀਓ ਵਿਚ ਉਹ ਆਪਣੀ ਇਸ ਮੁਹਿੰਮ ਨੂੰ ‘ਧਰਮ ਯੁੱਧ’ ਦਾ ਨਾਂ ਦਿੰਦਾ ਹੈ ਤੇ ਖਾਸ ਗੱਲ ਇਹ ਕਿ ਉਹ ਧਰਮਾਂ ‘ਚੋਂ ਸਭ ਤੋਂ ਵੱਡਾ ਧਰਮ ‘ਰਾਸ਼ਟਰ ਧਰਮ’ ਨੂੰ ਦੱਸਦਾ ਹੈ। ਆਪਣੇ ਸੰਦੇਸ਼ ਵਿਚ ਉਹ ਦਰਬਾਰ ਸਾਹਿਬ ਅਤੇ ਜੁਗੋ ਜੁੱਗ ਅਟੱਲ ਬੁੰਗਿਆਂ ਦੀ ਗੱਲ ਵੀ ਕਰਦਾ ਹੈ ਤੇ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੀ ਵੀ। ਅੱਗੇ ਬੋਲਦਿਆਂ ਉਹ ਪੰਜਾਬੀਆਂ ਵਲੋਂ ਪੰਜਾਬ ਦੇ ਹੱਕਾਂ ਲਈ ਲੜੀ ਲੜਾਈ (ਧਰਮ ਯੁੱਧ) ਨੂੰ ਸਿਰਫ ਅਤਿਵਾਦ ਤੱਕ ਸੀਮਤ ਕਰ ਦਿੰਦਾ ਹੈ।
ਕੁਝ ਹੋਰ ਗੱਲਾਂ ਤੋਂ ਇਲਾਵਾ ਆਪਣੀ ਗੱਲ ਨੂੰ ਹੋਰ ਵਜ਼ਨਦਾਰ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਉਹ ਆਪਣੇ ਰਵਾਇਤੀ ਅੰਦਾਜ਼ ਵਿਚ ਕੁਝ ਸ਼ੇਅਰ ਵੀ ਸਾਂਝੇ ਕਰਦਾ ਹੈ, ਪਰ ਇੱਥੇ ਸਭ ਤੋਂ ਵੱਧ ਧਿਆਨ ਦੇਣ ਵਾਲੀ ਗੱਲ ਉਹਦਾ ‘ਰਾਸ਼ਟਰ ਧਰਮ’ ਹੈ। ਸਿੱਧੂ ਭਾਜਪਾ ਜਿਹੀ ਐਲਾਨੀਆ ਹਿੰਦੂ ਰਾਸ਼ਟਰਵਾਦੀ ਪਾਰਟੀ ਦਾ ਇੱਕ ਅਹਿਮ ਅੰਗ ਰਿਹਾ ਹੈ। ਫਿਰ ਕਾਂਗਰਸ ਵਿਚ ਆ ਗਿਆ। ਹੁਣ ਜੇ ਉਹ ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਪੰਜਾਬ ਨੂੰ ਜਿਤਾਉਣ ਜਿਹਾ ਕੋਈ ਸੁਪਨਾ ਪੰਜਾਬ ਨੂੰ ਦਿਖਾਉਣਾ ਚਾਹੁੰਦਾ ਹੈ ਤਾਂ ਸਵਾਲ ਹੈ ਕਿ ‘ਰਾਸ਼ਟਰ ਧਰਮ’ ਨੂੰ ਅੱਗੇ ਰੱਖ ਕੇ ਉਹ ਪੰਜਾਬ ਨੂੰ ਕਿਵੇਂ ਜਿਤਾ ਸਕਦਾ ਹੈ?
ਪੰਜਾਬ ਨੂੰ ਜਿਤਾਉਣ ਲਈ ਕੇਂਦਰ ਕੋਲੋਂ ਵੱਧ ਹੱਕ ਲੈ ਕੇ ਕੇਂਦਰ ਦੀ ਅਧੀਨਗੀ ਹੇਠੋਂ ਨਿਕਲਣਾ ਪਵੇਗਾ, ਨਹੀਂ ਤਾਂ ਰਾਸ਼ਟਰੀ ਏਜੰਡੇ ਤਹਿਤ ਬਹੁਤ ਸਾਰੇ ਸਮਝੌਤੇ ਕਰਨੇ ਪੈਣਗੇ, ਜਿਨ੍ਹਾਂ ਤਹਿਤ ਪੰਜਾਬ ਦੇ ਬਣਦੇ ਹੱਕ ਖੋਹੇ ਜਾ ਸਕਦੇ ਹਨ। ਜੇ ਪੰਜਾਬ ਨੂੰ ਉਸ ਦਾ ਬਣਦਾ ਹੱਕ ਨਹੀਂ ਮਿਲਦਾ ਤਾਂ ਪੰਜਾਬ ਹਾਰ ਜਾਵੇਗਾ। ਪੰਜਾਬ ਨੂੰ ਸਿਰਫ ਉਸ ਦੇ ਹੱਕ ਦਿਵਾ ਕੇ ਹੀ ਜਿਤਾਇਆ ਜਾ ਸਕਦਾ ਹੈ। ਸਿੱਧੂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ‘ਰਾਸ਼ਟਰ ਧਰਮ’ ਦੇ ਏਜੰਡੇ ਨੂੰ ਮੁੱਖ ਰੱਖ ਕੇ ਪੰਜਾਬ ਨੂੰ ਕਿਵੇਂ ਜਿਤਾਵੇਗਾ? ਇਹ ਦੋਵੇਂ ਆਪਾ ਵਿਰੋਧੀ ਗੱਲਾਂ ਨਾਲੋਂ ਨਾਲ ਨਹੀਂ ਚੱਲ ਸਕਦੀਆਂ।
ਸਿੱਧੂ ਦੀ ਮਾਂ ਪਾਰਟੀ ਭਾਜਪਾ ਵੀ ਰਾਸ਼ਟਰਵਾਦ ਦੀ ਝੰਡਾ ਬਰਦਾਰ ਹੈ ਤੇ ਮਾਸੀ ਕਾਂਗਰਸ ਵੀ। ਇੱਥੇ ਇਹ ਸਪਸ਼ਟ ਕਰਨਾ ਵੀ ਬਹੁਤ ਜ਼ਰੂਰੀ ਹੈ ਕਿ ਭਾਰਤੀ ਰਾਸ਼ਟਰਵਾਦ (ਨੈਸ਼ਨਲਇਜ਼ਮ) ਅਸਲ ਵਿਚ ਹਿੰਦੂਵਾਦ (ਹਿੰਦੂਇਜ਼ਮ) ਹੀ ਹੈ। ਕੀ ਸਿੱਧੂ ਪੰਜਾਬ ਨੂੰ ਹਿੰਦੂਵਾਦ ਦੇ ਪੇਟੇ ਪਾਉਣਾ ਚਾਹੁੰਦਾ ਹੈ? ਜਿਹਾ ਕਿ ਆਰ. ਐਸ਼ ਐਸ਼ ਦਾ ਐਲਾਨੀਆ ਏਜੰਡਾ ਹੈ। ਇੱਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਸਿੱਧੂ ਦਸਤਾਰਧਾਰੀ ਹੋਣ ਦੇ ਬਾਵਜੂਦ ਹਿੰਦੂ ਰਹੁਰੀਤਾਂ ਅਨੁਸਾਰ ਕਰਮਕਾਂਡ ਕਰਦਾ ਹੈ ਤੇ ਜੰਜੂ ਵੀ ਪਹਿਨਦਾ ਹੈ, ਜੋ ਸਿੱਖੀ ਦੇ ਮੁਢਲੇ ਸਿਧਾਂਤਾਂ ਦੀ ਖਿੱਲੀ ਉਡਾਉਣ ਦੇ ਤੁਲ ਹੈ। ਜੇ ਉਹ ਪੰਜਾਬ ਨੂੰ ਜਿਤਾਉਣ ਦੇ ਨਾਂ ਉਤੇ ਪੰਜਾਬ ਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾ ਕੇ ਹਿੰਦੂਵਾਦ ਦੇ ਪੇਟੇ ਪਾਉਣਾ ਚਾਹੁੰਦਾ ਹੈ ਤਾਂ ਯਕੀਨਨ ਇਹ ਧੋਖਾ ਹੈ ਤੇ ਅਜਿਹਾ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਛਲੇ ਲੰਮੇ ਸਮੇਂ ਤੋਂ ਰਵਾਇਤੀ ਪਾਰਟੀਆਂ-ਅਕਾਲੀ ਦਲ ਤੇ ਕਾਂਗਰਸ ਹੱਥੋਂ ਲੁੱਟੇ ਤੇ ਕੁੱਟੇ ਜਾ ਰਹੇ ਲੋਕ ਇਨ੍ਹਾਂ ਤੋਂ ਕਿਸੇ ਵੀ ਕੀਮਤ ‘ਤੇ ਨਿਜਾਤ ਪਾਉਣੀ ਚਾਹੁੰਦੇ ਹਨ। ਕੋਈ ਸ਼ੱਕ ਨਹੀਂ ਕਿ ਸਿੱਧੂ ਅੱਜ ਪੰਜਾਬੀਆਂ ਦਾ ਹਰਮਨ ਪਿਆਰਾ ਨੇਤਾ ਹੈ, ਪਰ ਉਸ ਵਲੋਂ ਲੈ ਕੇ ਦਿੱਤੀਆਂ ਜਾਣ ਵਾਲੀਆਂ ਕੁਝ ਰਿਆਇਤਾਂ ਲਈ ਕੀ ਲੋਕ ਆਪਣੀ ‘ਹੋਂਦ’ ਦਾਅ ‘ਤੇ ਲਾਉਣ ਲਈ ਤਿਆਰ ਹਨ? ਕੇਂਦਰੀ ਰਾਸ਼ਟਰਵਾਦੀ ਪਾਰਟੀਆਂ ਦੇ ਇੱਕ ਛੋਟੇ ਜਿਹੇ ਪਿਆਦੇ ‘ਤੇ ਇੰਨਾ ਯਕੀਨ ਕਿ ਉਹ ਤੁਹਾਡੇ ਸਾਰੇ ਦੁੱਖ ਹਰ ਲਵੇਗਾ, ਜੂਆ ਨਹੀਂ ਤਾਂ ਹੋਰ ਕੀ ਹੈ?
ਸਿੱਧੂ ਭਾਵੇਂ ਆਪਣੇ ਆਪ ਨੂੰ ਪੰਜਾਬ ਦਾ ਰਹਿਬਰ ਸਮਝਣ ਦਾ ਭਰਮ ਪਾਲੀ ਬੈਠਾ ਹੈ, ਪਰ ਅਸਲੀਅਤ ਇਹ ਹੈ ਕਿ ਉਹਦੀ ਹੈਸੀਅਤ ਗਮਲੇ ਵਿਚ ਉਗੇ ਬੂਟੇ ਜਿੱਡੀ ਹੈ। ਗਮਲੇ ਦਾ ਬੂਟਾ ਧਰਤੀ ‘ਤੇ ਉਗੇ ਬੋਹੜ ਜਿੰਨੀ ਛਾਂ ਨਾ ਕਦੇ ਕਰ ਸਕਦਾ ਹੈ, ਨਾ ਸੰਭਵ ਹੈ। ਹਾਂ! ਕੁਝ ਫੁੱਲ ਜਾਂ ਕਲੀਆਂ ਜ਼ਰੂਰ ਪੈਦਾ ਕਰ ਸਕਦਾ ਹੈ, ਜੋ ਸਵੇਰੇ ਖਿੜ ਕੇ ਸ਼ਾਮ ਨੂੰ ਮੁਰਝਾ ਜਾਂਦੀਆਂ ਹਨ।
ਸਿੱਧੂ ਪੰਜਾਬ ਦੇ ਕਿਸੇ ਬੁਨਿਆਦੀ ਮਸਲੇ ਬਾਰੇ ਕਦੇ ਵੀ ਖੁੱਲ੍ਹ ਕੇ ਨਹੀਂ ਬੋਲਿਆ, ਜਿਸ ਤੋਂ ਇਹ ਤੈਅ ਹੋ ਸਕੇ ਕਿ ਉਸ ਵਿਚ ਲੀਡਰਾਂ ਵਾਲਾ ਕੋਈ ਗੁਣ ਹੈ ਵੀ ਕਿ ਨਹੀਂ? ਹੁਣ ਤੱਕ ਸਿੱਧੂ ਦਾ ਕਿਰਦਾਰ ਇੱਕ ਅਜਿਹੇ ਪ੍ਰਚਾਰਕ ਵਾਲਾ ਹੀ ਰਿਹਾ ਹੈ, ਜੋ ਸਿਰਫ ਚੁਟਕਲਿਆਂ ਜਿਹੀਆਂ ਤੇ ਮਜ਼ਾਹੀਆ ਕਿਸਮ ਦੀਆਂ ਗੱਲਾਂ ਨਾਲ ਲੋਕਾਂ ਦੀਆਂ ਤਾੜੀਆਂ ਬਟੋਰਨ ਵਿਚ ਕਾਮਯਾਬ ਹੋ ਜਾਂਦਾ ਹੈ। ਉਸ ਦਾ ਕਿਰਦਾਰ ਇੱਕ ਮਸਖਰੇ ਵਾਲਾ ਬਣ ਚੁਕਾ ਹੈ ਤੇ ਲੋਕ ਉਸ ਦੇ ਚੁਟਕਲੇ ਸੁਣ ਕੇ ਖੁਸ਼ ਹੁੰਦੇ ਹਨ। ਭਾਜਪਾ ਵਿਚ ਰਹਿੰਦਿਆਂ ਜਿਸ ਕਾਂਗਰਸ ਨੂੰ ਉਹ ‘ਮੁੰਨੀ ਤੋਂ ਵੀ ਵੱਧ ਬਦਨਾਮ’ ਹੋ ਗਈ ਦੱਸਦਾ ਸੀ, ਭਾਜਪਾ ਨਾਲ ਵਿਗੜ ਜਾਣ ਪਿੱਛੋਂ ਆਪਣਾ ਥੁੱਕਿਆ ਚੱਟ ਕੇ ਉਸੇ ਹੀ ਕਾਂਗਰਸ ਵਿਚ ਸ਼ਾਮਿਲ ਹੋ ਕੇ ਉਸ ਨੇ ਆਪਣੀ ਮਾਂ ਪਾਰਟੀ ਦੇ ਨੇਤਾਵਾਂ ਦਾ ਰੱਜ ਕੇ ਮਜ਼ਾਕ ਉਡਾਇਆ।
‘ਧਰਮ ਯੁੱਧ’ ਜਿਹਾ ਪਵਿੱਤਰ ਤੇ ਮਹਾਨ ਕਾਰਜ ਸ਼ੁਰੂ ਕਰਨ ਦਾ ਹੋਕਾ ਦੇਣ ਵਾਲਾ ਸਿੱਧੂ ਕੀ ਅਕਾਲੀਆਂ ਵਲੋਂ ਚਲਾਏ ਧਰਮ ਯੁੱਧ ਮੋਰਚੇ ਤੋਂ ਵਾਕਿਫ ਹੈ? ਕੀ ਸਿੱਧੂ ਨੇ ਅਨੰਦਪੁਰ ਸਾਹਿਬ ਦਾ ਮਤਾ ਪੜ੍ਹਿਆ ਹੈ? ਜੇ ਪੜ੍ਹਿਆ ਹੈ ਤਾਂ ਕੀ ਉਹ ਉਸ ਨਾਲ ਸਹਿਮਤ ਹੈ? ਅਨੰਦਪੁਰ ਸਾਹਿਬ ਦੇ ਮਤੇ ਵਿਚਲੀਆਂ ਸਾਰੀਆਂ ਮੰਗਾਂ ਅੱਜ ਵੀ ਪੰਜਾਬ ਨੂੰ ਜਿਤਾਉਣ ਦਾ ਰਾਹ ਦਸੇਰਾ ਬਣ ਸਕਦੀਆਂ ਹਨ। ਅੱਜ ਪੰਜਾਬ ਨੂੰ ਪੈਰਾਂ ਸਿਰ ਕਰਨ ਲਈ ਸੈਂਕੜੇ ਸਮੱਸਿਆਵਾਂ ਵਿਚੋਂ ਆਹ ਕੁਝ ਮੁਢਲੀਆਂ ਸਮੱਸਿਆਵਾਂ ਨੂੰ ਫੌਰੀ ਹੱਲ ਕਰਨਾ ਅਤਿ ਜ਼ਰੂਰੀ ਹੈ,
1. ਲੁੱਟੇ ਜਾ ਰਹੇ ਪੰਜਾਬ ਦੇ ਪਾਣੀਆਂ ਦਾ ਮੁੱਲ ਰਾਜਸਥਾਨ ਤੋਂ ਪੰਜਾਬ ਨੂੰ ਦਿਵਾਉਣਾ ਤਾਂ ਕਿ ਪੰਜਾਬ ਨੂੰ ਕਰਜ਼ੇ ਹੇਠੋਂ ਕੱਢ ਕੇ ਪੈਰਾਂ ਸਿਰ ਕੀਤਾ ਜਾ ਸਕੇ।
2. ਪੰਜਾਬ ਦੀ ਧਰਤੀ ਨੂੰ ਬੰਜਰ ਹੋਣੋਂ ਬਚਾਉਣ ਲਈ ਕਣਕ ਝੋਨੇ ਦੇ ਫਸਲੀ ਚੱਕਰ ‘ਚੋਂ ਕੱਢਣਾ ਤੇ ਬਦਲ ਪੈਦਾ ਕਰਨਾ।
3. ਹਰਿਆਣਾ ਅਤੇ ਰਾਜਸਥਾਨ ਵਲੋਂ ਪੰਜਾਬ ਦੇ ਪਾਣੀਆਂ ਦੀ ਕੀਤੀ ਜਾ ਰਹੀ ਲੁੱਟ ਬੰਦ ਕਰਵਾਉਣੀ ਤੇ ਬਾਹਰ ਜਾ ਰਹੇ ਪਾਣੀ ਦਾ ਸਹੀ ਮੁੱਲ ਲੈ ਕੇ ਦੇਣਾ।
4. ਪੰਜਾਬ ਵਿਚ ਹੀ ਸਨਮਾਨਜਨਕ ਰੋਜ਼ਗਾਰ ਪੈਦਾ ਕਰਨੇ।
5. ਨਸ਼ਿਆਂ ਨੂੰ ਜੜ੍ਹ ਤੋਂ ਉਖਾੜਨਾ।
6. ਸਿਹਤ ਸਹੂਲਤਾਂ ਲਈ ਫੌਰੀ ਨਿੱਗਰ ਕਦਮ ਚੁੱਕਣੇ।
7. ਪੰਜਾਬੀਆਂ ਵਿਚ ਆਤਮ ਵਿਸ਼ਵਾਸ ਪੈਦਾ ਕਰਨਾ।
8. ਪੰਜਾਬ ਵਿਚ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਤੋਂ ਇਲਾਵਾ ਵੱਡੇ ਉਦਯੋਗ ਲਾਉਣੇ।
9. ਕਿਸਾਨੀ ਦੀ ਲੁੱਟ ਤੇ ਖੱਜਲ ਖੁਆਰੀ ਬੰਦ ਕਰਵਾਉਣੀ।
10. ਇਮਾਨਦਾਰ ਪ੍ਰਸ਼ਾਸਨ ਤੇ ਕਾਨੂੰਨ ਦਾ ਰਾਜ ਬਹਾਲ ਕਰਨਾ ਤੇ ਅਨੇਕਾਂ ਹੋਰ।
ਕੀ ਇਹ ਸਾਰਾ ਕੁਝ ਸਿੱਧੂ ਦੇ ਏਜੰਡੇ ਵਿਚ ਸ਼ਾਮਿਲ ਹੈ? ਸਿੱਧੂ ਨੂੰ ਚਾਹੀਦਾ ਹੈ ਕਿ ਉਹ ਅਨੰਦਪੁਰ ਸਾਹਿਬ ਦੇ ਮਤੇ ਅਤੇ ਆਪਣੇ ‘ਰਾਸ਼ਟਰਵਾਦੀ ਧਰਮ ਯੁੱਧ’ ਵਿਚਲਾ ਫਰਕ ਪੰਜਾਬੀਆਂ ਨੂੰ ਖੁੱਲ੍ਹ ਕੇ ਸਮਝਾਵੇ। ਹੱਕ ਲੈ ਕੇ ਦੇਣ ਤੇ ਪੰਜਾਬ ਨੂੰ ਜਿਤਾਉਣ ਲਈ ਅਕਾਲੀਆਂ ਨੂੰ ਸਰਕਾਰ ਖਿਲਾਫ ਧਰਮ ਯੁੱਧ ਮੋਰਚੇ ਵਿਚ ਲੱਖਾਂ ਗ੍ਰਿਫਤਾਰੀਆਂ ਤੇ ਹਜ਼ਾਰਾਂ ਸ਼ਹਾਦਤਾਂ ਦੇਣੀਆਂ ਪਈਆਂ। ਮੋਰਚੇ ਨੂੰ ਫੇਲ੍ਹ ਕਰਨ ਤੇ ਪੰਜਾਬ ਨੂੰ ਹਰਾਉਣ ਲਈ ਸਰਕਾਰ ਨੇ ਆਪਣੀ ਸਾਰੀ ਤਾਕਤ ਲਾ ਦਿੱਤੀ ਅਤੇ ਮੋਰਚੇ ਨੂੰ ਦੇਸ਼ ਧ੍ਰੋਹੀ ਤੇ ਵੱਖਵਾਦੀ ਕਹਿ ਕੇ ਲੱਖਾਂ ਸਿੱਖਾਂ ਦਾ ਖੂਨ ਵਹਾਇਆ, ਮੋਰਚੇ ਨੂੰ ਕਾਮਯਾਬ ਨਾ ਹੋਣ ਦਿੱਤਾ।
ਇੱਕ ਗੱਲ ਪੱਥਰ ‘ਤੇ ਲਕੀਰ ਹੈ ਕਿ ਕੇਂਦਰ ਨੂੰ ਹਰਾਏ ਬਿਨਾ ਪੰਜਾਬ ਨੂੰ ਜਿਤਾਇਆ ਨਹੀਂ ਜਾ ਸਕਦਾ। ਕੀ ਸਿੱਧੂ ਇਸ ਹਕੀਕਤ ਤੋਂ ਵਾਕਿਫ ਹੈ? ਕੀ ਸਿੱਧੂ ਕੇਂਦਰ ਨੂੰ ਹਰਾ ਕੇ ਪੰਜਾਬ ਨੂੰ ਜਿਤਾਉਣ ਦਾ ਮਾਦਾ ਰੱਖਦਾ ਹੈ? ਇਹਦਾ ਖੁਲਾਸਾ ਪੰਜਾਬੀਆਂ ਨੂੰ ਸਿੱਧੂ ਕੋਲੋਂ ਮੰਗਣਾ ਹੀ ਪਵੇਗਾ। ਜਿੱਤ ਹਾਰ ਦੀ ਲੜਾਈ ਵਿਚ ਕਈ ਵਾਰ ਆਪਣੀ ਜਾਨ ਵੀ ਦਾਅ ‘ਤੇ ਲਾਉਣੀ ਪੈਂਦੀ ਹੈ। ਕੀ ਸਿੱਧੂ ਸੱਚਮੁੱਚ ਪੰਜਾਬ ਲਈ ਮਰ ਸਕਦਾ ਜਾਂ ਕੋਈ ਕੁਰਬਾਨੀ ਕਰ ਸਕਦਾ ਹੈ?
ਪੰਜਾਬੀਆਂ ਦੀ ਹਾਲਤ ਸੱਪ ਵਲੋਂ ਡੰਗੇ ਬੱਚੇ ਦੀ ਉਸ ਮਾਂ ਜਿਹੀ ਹੈ, ਜੋ ਕਿਸੇ ਵੀ ਮਾਂਦਰੀ ਹੋਣ ਦਾ ਵਿਖਾਵਾ ਕਰਦੇ ਬੰਦੇ ਕੋਲੋਂ ਆਪਣੇ ਪੁੱਤ ਦੀ ਜਾਨ ਬਚਾਉਣ ਦੀ ਆਸ ਲਾ ਬਹਿੰਦੀ ਹੈ। ਕਰਤਾਰਪੁਰ ਸਾਹਿਬ ਵਾਲਾ ਲਾਂਘਾ ਕੀ ਖੁੱਲ੍ਹਿਆ, ਪੰਜਾਬੀਆਂ ਨੇ ਸਾਰੇ ਦਾ ਸਾਰਾ ਕਰੈਡਿਟ ਸਿੱਧੂ ਨੂੰ ਦੇ ਦਿੱਤਾ। ਸ਼ੋਸ਼ਲ ਮੀਡੀਏ ‘ਤੇ ਬਹੁਤੇ ਕਾਹਲੇ ਵਗਣ ਵਾਲੇ ਜਜ਼ਬਾਤੀ ਲੋਕਾਂ ‘ਚੋਂ ਕਿਸੇ ਨੇ ਉਸ ਨੂੰ ‘ਪੰਥ ਰਤਨ’ ਦੇਣ ਦੀ ਵਕਾਲਤ ਕੀਤੀ ਤੇ ਕਿਸੇ ਨੇ ਕੋਈ ਹੋਰ ਵੱਡਾ ਮਾਣ। ਸਾਡੀ ਤ੍ਰਾਸਦੀ ਇਹ ਹੈ ਕਿ ਹੋਇਆ ਸਾਨੂੰ ਕੈਂਸਰ ਹੈ ਤੇ ਅਸੀਂ ਫੋੜੇ ਦਾ ਇਲਾਜ਼ ਦੱਸਣ ਵਾਲੇ ਨੂੰ ਆਪਣਾ ਮਸੀਹਾ ਮੰਨ ਲੈਂਦੇ ਹਾਂ। ਕਿਸੇ ਛੋਟੀ ਜਿਹੀ ਰਿਆਇਤ ਦੇਣ ਵਾਲੇ ਨੂੰ ਹੀ ਅਸੀਂ ਆਪਣੇ ਸਭ ਦੁੱਖਾਂ ਦਾ ਦਾਰੂ ਸਮਝਣ ਲੱਗ ਪੈਂਦੇ ਹਾਂ। ਇਹ ਭੁੱਲ ਜਾਂਦੇ ਹਾਂ ਕਿ ਚਿੜੀਆਂ ਦੀ ਉਡਾਰੀ ਕਦੇ ਵੀ ਬਾਜ਼ ਦੇ ਬਰਾਬਰ ਨਹੀਂ ਹੁੰਦੀ। ਚਿੜੀਆਂ ਵਲੋਂ ਆਕਾਸ਼ ਗਾਹ ਲੈਣ ਦੇ ਦਾਅਵੇ ‘ਤੇ ਕੋਈ ਮੂਰਖ ਹੀ ਯਕੀਨ ਕਰੇਗਾ!
ਪੰਜਾਬ ਤੜਫ ਰਿਹਾ ਹੈ, ਮਰ ਰਿਹਾ ਹੈ ਤੇ ਕਿਣਕਾ ਕਿਣਕਾ ਭੁਰ ਰਿਹਾ ਹੈ। ਪੰਜਾਬ ਨੂੰ ਮਾਰਨ ਵਾਲੀਆਂ ਤਾਕਤਾਂ ਆਪਣੇ ਟੁੱਕੜਬੋਚਾਂ ਤੇ ਪਿਆਦਿਆਂ ਨੂੰ ਭੇਸ ਵਟਾ ਵਟਾ ਕੇ ਪੰਜਾਬ ਦੇ ਦੁੱਖ ਹਰਨ ਵਾਲਾ ਵੈਦ ਸਿੱਧ ਕਰਨ ਲਈ ਸਾਰੇ ਹਰਬੇ ਵਰਤ ਰਹੀਆਂ ਹਨ। ਪੋਟਾ ਪੋਟਾ ਦਰਦ ਨਾਲ ਕੁਰਲਾ ਰਿਹਾ ਪੰਜਾਬ ਜਿਹਦੇ ਵੀ ਹੱਥ ਲਸਣ ਦੀ ਗੰਢੀ ਵੇਖਦੈ, ਉਸੇ ਨੂੰ ਵੈਦ ਸਮਝ ਮਗਰ ਤੁਰ ਪੈਂਦੈ। ਕੋਈ ਸ਼ੱਕ ਨਹੀਂ ਕਿ ਸਿੱਧੂ ਇੱਕ ਇਮਾਨਦਾਰ ਬੰਦਾ ਹੈ, ਪਰ ਹੱਕਾਂ ਲਈ ਲੜਨ ਵੇਲੇ ਇਮਾਨਦਾਰੀ ਦੇ ਨਾਲ ਨਾਲ ਦਲੇਰੀ, ਦ੍ਰਿੜਤਾ, ਸੱਚ ‘ਤੇ ਖੜ੍ਹਨ ਦਾ ਮਾਦਾ ਅਤੇ ਸਭ ਤੋਂ ਜ਼ਰੂਰੀ ਗੱਲ, ਉਸ ਧਰਤੀ ਦੀ ਖਸਲਤ ਤੋਂ ਵਾਕਿਫ ਹੋਣਾ ਤੇ ਲੋੜ ਪੈਣ ‘ਤੇ ਨਿੱਜੀ ਹਿੱਤ ਛੱਡ ਕੇ ਆਪਾ ਕੁਰਬਾਨ ਕਰ ਦੇਣਾ ਹੁੰਦੀ ਹੈ। ਕਰਜ਼ਾ ਮੁਆਫੀ ਪੰਜਾਬ ਲਈ ਵੱਡੀ ਰਾਹਤ ਹੋਵੇਗੀ, ਪਰ ਕਰਜ਼ਾ ਮੁਆਫੀ ਅਰਜ਼ੀਆਂ ਤੇ ਹੱਥ ਫੜੇ ਠੂਠੇ ‘ਚ ਰਾਹਤ ਪਵਾਉਣ ਨਾਲ ਪੰਜਾਬ ਜਿੱਤ ਨਹੀਂ ਸਕੇਗਾ, ਸਗੋਂ ਮੰਗਤੇ ਦਾ ਮੰਗਤਾ ਹੀ ਰਹੇਗਾ। ਉਪਰ ਲਿਖੀਆਂ ਸਭ ਮੰਗਾਂ ਤੇ ਲੋੜਾਂ ਨੂੰ ਪੂਰਾ ਕੀਤੇ ਬਿਨਾ ਪੰਜਾਬ ਨੂੰ ਜਿਤਾਇਆ ਨਹੀਂ ਜਾ ਸਕਦਾ। ਠੂਠਾ ਛੱਡ ਕੇ ਹੱਕ ਲੈਣ ਲਈ ਜੱਦੋ-ਜਹਿਦ ਕਰਨ ਨਾਲ ਹੀ ਪੰਜਾਬ ਜਿੱਤੇਗਾ। ਖੈਰਾਤ ਵਿਚ ਜਿੱਤਾਂ ਤੇ ਤਖਤ ਕਦੇ ਨਹੀਂ ਮਿਲਦੇ ਹੁੰਦੇ!