ਸਦਮਿਆਂ ਦੇ ਦੌਰ ‘ਚ ਮਹਾ-ਸਦਮਾ ‘ਕਰੋਨਾ ਵਾਇਰਸ’

ਡਾ. ਪਰਮਜੀਤ ਸਿੰਘ ਕੱਟੂ
ਫੋਨ: 91-70873-20578
ਦੁਨੀਆਂ ਏਨੀ ਤੇਜ਼ੀ, ਖੁਫੀਆ ਤੇ ਚਾਲਬਾਜ਼ੀ ਨਾਲ ਬਦਲ ਰਹੀ ਹੈ ਕਿ ਆਮ ਮਨੁੱਖ ਨੂੰ ਪਤਾ ਹੀ ਨਹੀਂ ਲਗਦਾ ਕਦੋਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ, ਉਹ ਖਲਾਅ ਵਿਚ ਲਟਕ ਜਾਂਦਾ ਹੈ ਤੇ ਸਦਮੇ ਦਾ ਸ਼ਿਕਾਰ ਹੋ ਜਾਂਦਾ ਹੈ। ਮਨੁੱਖ ਤੇ ਵਿਸ਼ਵ ਹਰ ਵੇਲੇ ਕਿਸੇ ਨਾ ਕਿਸੇ ਸਦਮੇ ਦਾ ਸ਼ਿਕਾਰ ਹੀ ਰਹਿੰਦਾ ਹੈ। ਸਦਮਾ ਮਨੁੱਖ ਤੇ ਵਿਸ਼ਵ ਨੂੰ ਸੁੰਨ ਕਰ ਦਿੰਦਾ ਹੈ। ਜਦੋਂ ਤੁਸੀਂ ਸਦਮੇ ਦਾ ਸ਼ਿਕਾਰ ਹੁੰਦੇ ਹੋ ਤਾਂ ਤੁਹਾਡੀਆਂ ਤਮਾਮ ਗਿਆਨ ਇੰਦਰੀਆਂ ਸੁੰਨ ਹੋ ਜਾਂਦੀਆਂ ਨੇ ਤੇ ਤੁਹਾਡੇ ਤੋਂ ਕੋਈ ਵੀ ਆਪਣੀ ਗੱਲ ਮੰਨਵਾ ਸਕਦਾ ਹੈ। ਸਦਮੇ ਦੀ ਕੋਈ ਵੀ ਕਿਸਮ ਹੋ ਸਕਦੀ ਹੈ-ਸਰੀਰਕ ਵੀ, ਮਾਨਸਿਕ ਤੇ ਵਿਚਾਰਧਾਰਕ ਵੀ। ਦੁਨੀਆਂ ਦੀਆਂ ਸਭ ਤੋਂ ਵੱਡੀਆਂ ਜਮਹੂਰੀ ਕਹਾਉਣ ਵਾਲੀਆਂ ਧਿਰਾਂ ਵੀ ਅਕਸਰ ਹੀ ਆਪਣੇ ਵਿਰੋਧੀਆਂ ਨੂੰ ਸਦਮੇ ਦੇ ਕੇ ਗੱਲਾਂ ਮੰਨਵਾਉਂਦੀਆਂ ਰਹੀਆਂ ਹਨ।

ਵਿਸ਼ਵ ਗਲੋਬਲ ਵਾਰਮਿੰਗ, ਆਰਥਕ ਮੰਦਵਾੜਾ, ਕੌਮਾਂਤਰੀ ਪਰਵਾਸ, ਗੁਰਬਤ, ਐਟਮੀ ਬੰਬ, ਘੱਟ-ਗਿਣਤੀਆਂ ਦੇ ਸੰਕਟ ਭਰੇ ਕਿੰਨੇ ਹੀ ਸਦਮਿਆਂ ਵਿਚੋਂ ਲੰਘ ਰਿਹਾ ਸੀ ਤੇ ਐਨ ਇਸੇ ਵੇਲੇ ਕਰੋਨਾ ਵਾਇਰਸ ਦਾ ਮਹਾ ਸਦਮਾ ਪੂਰੇ ਵਿਸ਼ਵ ਨੂੰ ਝਟਕਾ ਦੇ ਦਿੰਦਾ ਹੈ। ਬਾਕੀ ਸਦਮੇ ਨਿੱਕੇ ਲੱਗਣ ਲੱਗ ਪਏ ਹਨ।
ਪੁਸਤਕ ‘ਸਦਮਾ ਸਿਧਾਂਤ’: ‘ਦਿ ਸ਼ੌਕ ਡੌਕਟਰਾਈਨ: ਦਿ ਰਾਈਜ਼ ਆਫ ਡਿਜ਼ਾਸਟਰ ਕੈਪੀਟਲਿਮਜ਼’ ਦਾ ਪੰਜਾਬੀ ਵਿਚ ਅਨੁਵਾਦ ‘ਸਦਮਾ ਸਿਧਾਂਤ: ਤਬਾਹੀ ਪਸੰਦ ਸਰਮਾਏਦਾਰੀ ਦਾ ਉਭਾਰ’ ਕੈਨੇਡੀਅਨ ਲੇਖਕ, ਫਿਲਮਕਾਰ, ਸਮਾਜਕ ਕਾਰਕੁਨ ਤੇ ਰਾਜਸੀ ਚਿੰਤਕ ਨੈਓਮੀ ਕਲੇਨ ਦੀ 2007 ਵਿਚ ਪ੍ਰਕਾਸ਼ਿਤ ਹੋਈ ਵਿਸ਼ਵ ਪ੍ਰਸਿੱਧ ਖੋਜ ਪੁਸਤਕ ਹੈ।
ਨੈਓਮੀ ਕਲੇਨ ਕਾਰਪੋਰੇਟ ਸਰਮਾਏਦਾਰੀ ਦੀਆਂ ਸਮਕਾਲੀ ਕਾਰਵਾਈਆਂ ਦਾ ਪਰਦਾਫਾਸ਼ ਕਰਨ ਲਈ ਸਦਮਿਆਂ ਨੂੰ ਤਿੰਨ ਹਿੱਸਿਆਂ ਵਿਚ ਵੰਡਦੀ ਹੈ। ਲੇਖਿਕਾ ਅਨੁਸਾਰ ਪਹਿਲਾ ਸਦਮਾ ਜੰਗਾਂ, ਦਹਿਸ਼ਤਵਾਦੀ ਹਮਲਿਆਂ, ਰਾਜ-ਪਲਟਿਆਂ ਅਤੇ ਕੁਦਰਤੀ ਆਫਤਾਂ ਦਾ ਹੈ। ਦੂਜਾ ਸਦਮਾ ਪਹਿਲੇ ਸਦਮੇ ਨੂੰ ਆਪਣੀਆਂ ਖੁਫੀਆ ਤੇ ਰਾਜਸੀ ਚਾਲਾਂ ਰਾਹੀਂ ਹੋਰ ਤੀਖਣ ਕਰਕੇ ਬਹੁ-ਕੌਮੀ ਕਾਰਪੋਰੇਸ਼ਨਾਂ ਅਤੇ ਸਿਆਸਤਦਾਨ ਆਪਣੇ ਆਰਥਕ-ਰਾਜਸੀ ਹਿੱਤਾਂ ਦੀ ਪੂਰਤੀ ਕਰਦੇ ਹਨ। ਜਦੋਂ ਲੋਕ ਆਪਣੇ ਕੌਮੀ ਅਤੇ ਸਮਾਜਕ ਹਿੱਤ ਖਤਰੇ ਵਿਚ ਆਏ ਦੇਖ ਕੇ ਇਨ੍ਹਾਂ ਦੀ ਰਾਖੀ ਲਈ ਇਸ ਦਾ ਵਿਰੋਧ ਕਰਨ ਦੇ ਰਾਹ ਪੈਂਦੇ ਹਨ ਤਾਂ ਤੀਜੇ ਸਦਮੇ ਦੇ ਰੂਪ ਵਿਚ ਪੁਲਿਸ, ਫੌਜ ਅਤੇ ਜੇਲ੍ਹਾਂ ਦੇ ਤਫਤੀਸ਼ੀ ਅਫਸਰ ਸਦਮੇ ਤੋਂ ਪੀੜਤ ਸਮਾਜ ‘ਤੇ ਜਬਰ-ਜ਼ੁਲਮ ਕਰਦੇ ਹਨ।
ਨੈਓਮੀ ਸੀ. ਆਈ. ਏ. ਵੱਲੋਂ ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਵਿਚ ਤਸੀਹਿਆਂ ਬਾਰੇ ਕਰਵਾਈ ਖੋਜ ਨੂੰ ਅਰੰਭ ਬਿੰਦੂ ਬਣਾਉਂਦੀ ਹੈ। ਫਿਰ ਉਹ ਚਾਰ ਦਹਾਕਿਆਂ ਦੌਰਾਨ ਇੰਡੋਨੇਸ਼ੀਆ, ਚਿਲੀ, ਅਰਜਨਟਾਈਨਾ, ਬੋਲੀਵੀਆ, ਉਰੂਗੁਏ, ਪੋਲੈਂਡ, ਰੂਸ, ਦੱਖਣੀ ਅਫਰੀਕਾ, ਸ੍ਰੀ ਲੰਕਾ, ਥਾਈਲੈਂਡ, ਦੱਖਣੀ ਕੋਰੀਆ, ਇਰਾਕ ਅਤੇ ਹੋਰ ਦੇਸ਼ਾਂ ਵਿਚ ਵਾਪਰੀਆਂ ਇਤਿਹਾਸਕ ਘਟਨਾਵਾਂ ਦਾ ਵਿਸਥਾਰ ਸਹਿਤ ਅਤੇ ਤੱਥਪੂਰਨ ਵੇਰਵਾ ਦਿੰਦੀ ਇਨ੍ਹਾਂ ਥਾਂਵਾਂ ‘ਤੇ ਸਦਮਾ ਸਿਧਾਂਤ ਨੂੰ ਅਮਲ ਵਿਚ ਆਉਂਦਾ ਦਰਸਾਉਂਦੀ ਹੈ। ਲੇਖਿਕਾ ਇਰਾਕ ਵਿਰੁਧ ਅਮਰੀਕਾ ਦੀ ਪੂਰੀ ਤਰ੍ਹਾਂ ਨਹੱਕੀ ਤੇ ਧਾੜਵੀ ਜੰਗ ਅਤੇ ਇਰਾਕ ‘ਤੇ ਕਬਜ਼ੇ ਨੂੰ ਸਦਮਾ ਸਿਧਾਂਤ ਦੀ ਹਿੰਸਾ ਦੀ ਸਿਖਰ ਕਹਿੰਦੀ ਹੈ।
ਸੌਖੀ ਭਾਸ਼ਾ ਵਿਚ ਕਹਿਣਾ ਹੋਵੇ ਤਾਂ ਤਿੰਨ ਤਰ੍ਹਾਂ ਦੇ ਸਦਮੇ ਹਨ-ਵਿਅਕਤੀਗਤ ਸਦਮੇ, ਸਟੇਟ ਦੇ ਸਦਮੇ ਤੇ ਕੁਦਰਤ ਦੇ ਸਦਮੇ। ਇਨ੍ਹਾਂ ਤਿੰਨਾਂ ਸਦਮਿਆਂ ਦਾ ਲਾਹਾ ਧਨਾਢ ਮੁਲਕ ਤੇ ਸਿਆਸਤਦਾਨ ਲੈਂਦੇ ਹਨ।
ਮਹਾ-ਸਦਮੇ ਦੇ ਮਹਾ-ਪ੍ਰਸ਼ਨ: ਸਿੱਧ ਹੋ ਚੁਕਾ ਹੈ ਕਿ ਸਦਮੇ ਵਿਚੋਂ ਮਨੁੱਖ ਫੈਸਲਾ ਕਰਨ ਦੀਆਂ ਸ਼ਕਤੀਆਂ ਤੇ ਸਮਰੱਥਾ ਖੋ ਲੈਂਦਾ ਹੈ। ਸਵਾਲ ਹੈ ਕਿ ਕਰੋਨਾ ਵਾਇਰਸ ਦੇ ਸਦਮੇ ਵੇਲੇ ਅਸੀਂ ਕੀ ਕੀ ਖੋ ਲਵਾਂਗੇ? ਕਿਉਂਕਿ ਇਹ ਤੀਜੇ ਵਿਸ਼ਵ ਯੁੱਧ ਜਿਹੀ ਸਥਿਤੀ ਬਣ ਚੁਕੀ ਹੈ। ਪਹਿਲੇ ਦੋ ਵਿਸ਼ਵ ਯੁੱਧਾਂ ਵਿਚ ਵੀ ਅਸੀਂ ਬਹੁਤ ਕੁਝ ਖੋਹਿਆ ਸੀ। ਉਨ੍ਹਾਂ ਸਦਮਿਆਂ ਨੇ ਵੀ ਮਨੁੱਖ ਨੂੰ ਬਿਲਕੁਲ ਝੰਜੋੜ ਕੇ ਰੱਖ ਦਿੱਤਾ ਸੀ। ਇਤਿਹਾਸ ਦੇ ਪ੍ਰੋਫੈਸਰ ਰਾਬਰਟ ਵੋਲ ਨੇ ਆਪਣੀ ਕਿਤਾਬ ‘1914 ਦੀ ਪੀੜ੍ਹੀ’ ਵਿਚ ਲਿਖਿਆ, “ਜਿਨ੍ਹਾਂ ਨੇ ਵੀ ਇਹ ਯੁੱਧ ਵੇਖਿਆ ਸੀ, ਉਹ ਯਕੀਨ ਨਹੀਂ ਕਰ ਸਕਦੇ ਕਿ ਅਗਸਤ 1914 ਤੋਂ ਸੰਸਾਰ ਦਾ ਰੁਖ ਹੀ ਬਦਲ ਗਿਆ ਹੈ।”
ਇਤਿਹਾਸਕਾਰ ਨਾਰਮਨ ਕੈਨਟਰ ਲਿਖਦੇ ਹਨ, “ਹਰ ਥਾਂ ਲੋਕਾਂ ਦੇ ਚਾਲ-ਚਲਨ ਦੇ ਪੱਧਰ, ਜੋ ਪਹਿਲਾਂ ਤੋਂ ਹੀ ਡਿੱਗਣੇ ਸ਼ੁਰੂ ਹੋ ਗਏ ਸਨ, ਹੁਣ ਪੂਰੀ ਤਰ੍ਹਾਂ ਖਤਮ ਹੋ ਚੁਕੇ ਹਨ। ਵੱਡੇ-ਵੱਡੇ ਨੇਤਾ ਅਤੇ ਸੈਨਾ ਦੇ ਜਰਨੈਲ ਆਪਣੇ ਅਧੀਨ ਲੱਖਾਂ ਲੋਕਾਂ ਨਾਲ ਇਸ ਤਰ੍ਹਾਂ ਪੇਸ਼ ਆਏ, ਮਾਨੋ ਉਹ ਹਲਾਲ ਕੀਤੇ ਜਾਣ ਵਾਲੇ ਜਾਨਵਰ ਹੋਣ। ਜਦ ਉਨ੍ਹਾਂ ਨੇ ਹੀ ਅਜਿਹਾ ਕੀਤਾ, ਤਾਂ ਭਲਾ ਧਰਮ ਦਾ ਜਾਂ ਸਹੀ-ਗਲਤ ਦਾ ਕਿਹੜਾ ਅਸੂਲ ਆਮ ਲੋਕਾਂ ਨੂੰ ਹਰ ਦਿਨ ਇਕ-ਦੂਜੇ ਨਾਲ ਜਾਨਵਰਾਂ ਜਿਹਾ ਸਲੂਕ ਕਰਨ ਤੋਂ ਰੋਕ ਸਕਦਾ ਹੈ? ਪਹਿਲੇ ਵਿਸ਼ਵ ਯੁੱਧ ਸਮੇਂ ਜਿਸ ਤਰ੍ਹਾਂ ਖੂਨ ਦੀਆਂ ਨਦੀਆਂ ਵਹਾਈਆਂ ਗਈਆਂ, ਉਸ ਨਾਲ ਇਨਸਾਨ ਦੀ ਜਾਨ ਦੀ ਕੀਮਤ ਇਕਦਮ ਘਟ ਗਈ।”
ਹੁਣ ਸਵਾਲ ਹੈ, ਜਿਸ ਕਰੋਨਾ ਵਾਇਰਸ ਨੂੰ ਅਸੀਂ ਮੌਤ ਮੰਨੀ ਬੈਠੇ ਹਾਂ, ਇਸ ਸਦਮੇ ਵਿਚ ਕੌਣ ਕਿਸ ਤੋਂ ਕੀ ਕੀ ਮੰਨਵਾ ਲਏਗਾ? ਜੇ ਇਹ ਕੋਈ ਰਾਜਸੀ ਚਾਲ ਸੀ ਤਾਂ ਕੀ ਹੁਣ ਇਹ ਰਾਜਸੀ ਚਾਲ ਨਾਲੋਂ ਵੱਧ ਕੁਦਰਤੀ ਕਰੋਪੀ ਹੋ ਗਿਆ ਹੈ? ਕੀ ਇਹ ਵਿਸ਼ਵ ਸ਼ਕਤੀਆਂ ਦੀ ਦੌੜ ਦਾ ਕੋਈ ਖਤਰਨਾਕ ਪੜਾਅ ਹੈ? ਕੀ ਅਜਿਹੇ ਮਾਹੌਲ ਬਾਰੇ ਲਿਖੀਆਂ ਪੁਸਤਕਾਂ ਜਾਂ ਬਣੀਆਂ ਫਿਲਮਾਂ ਮਹਿਜ਼ ਇਤਫਾਕ ਹਨ? ਕੀ ਇਹ ਤੀਜੇ ਵਿਸ਼ਵ ਯੁੱਧ ਜਿਹੀ ਕੋਈ ਹਾਲਤ ਹੈ? ਕੀ ਕੁਝ ਮੁਲਕਾਂ ਵਿਚ ਇਸ ਦਾ ਬਿਲਕੁਲ ਅਸਰ ਨਾ ਹੋਣਾ ਉਨ੍ਹਾਂ ਦੇ ਵੱਧ ਤੰਦਰੁਸਤ ਹੋਣ ਦਾ ਕੋਈ ਰਾਜ਼ ਹੈ? ਕੀ ਕੁਦਰਤੀ ਸਰੋਤਾਂ ਨੂੰ ਸਾਹ ਆਉਣ ਜਿਹੀ ਕੋਈ ਹਾਲਤ ਹੈ ਜਾਂ ਮਨੁੱਖ ਦਾ ਕੁਦਰਤ ‘ਤੇ ਭਾਰੂ ਪੈ ਜਾਣ ਦਾ ਖਤਰਨਾਕ ਸੰਕੇਤ ਹੈ? ਬਿਨਾ ਸ਼ੱਕ ਇਸ ਵੇਲੇ ਬਚਾਅ ਵਿਚ ਹੀ ਬਚਾਅ ਵਾਲੀ ਸਥਿਤੀ ਬਣੀ ਹੋਈ ਹੈ, ਪਰ ਗਰੀਬ ਮਨੁੱਖ ਤੇ ਬਜੁਰਗ ਕਿਸ ਤੋਂ ਬਚਣਗੇ? ਇਸ ਸਦਮੇ ਦਾ ਲਾਹਾ ਕੌਣ ਕੌਣ ਲਵੇਗਾ?