33ਵਾਂ ਯੂਬਾ ਸਿਟੀ ਨਗਰ ਕੀਰਤਨ 4 ਨਵੰਬਰ ਨੂੰ

ਯੂਬਾ ਸਿਟੀ (ਬਿਊਰੋ): ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਯੂਬਾ ਸਿਟੀ ਵਿਚ 33ਵਾਂ ਮਹਾਨ ਨਗਰ ਕੀਰਤਨ ਆਉਂਦੇ ਐਤਵਾਰ 4 ਨਵੰਬਰ ਨੂੰ ਹੋ ਰਿਹਾ ਹੈ। 1978 ਵਿਚ ਅਰੰਭ ਹੋਇਆ ਇਹ ਸਾਲਾਨਾ ਨਗਰ ਕੀਰਤਨ ਕੀ ਸੱਚ ਮੁੱਚ ਗੁਰੂ ਗ੍ਰੰਥ ਸਾਹਿਬ ਦਾ ਕੋਈ ਸੁਨੇਹਾ ਸਾਨੂੰ ਦੇ ਸਕਿਆ ਹੈ? ਸਿੱਖੀ ਬਾਰੇ ਦੂਜੇ ਧਰਮਾਂ ਤੱਕ ਕੋਈ ਸੁਨੇਹਾ ਪਹੁੰਚਾ ਸਕਿਆ ਹੈ ਜਾਂ ਫਿਰ ਸਾਡੇ ਲਈ ਇਹ ਇਕ ਮਹਿਜ਼ ਮੇਲਾ ਅਤੇ ਸਾਡੇ ਆਗੂਆਂ ਲਈ ਆਪੋ ਆਪਣੀ ਧੜੇਬੰਦਕ ਹਊਮੈ ਨੂੰ ਪੱਠੇ ਪਾਉਣ ਦਾ ਇਕ ਵਸੀਲਾ ਮਾਤਰ ਬਣ ਕੇ ਰਹਿ ਗਿਆ ਹੈ? ਸੰਗਤ ਲਈ ਇਹ ਇਕ ਬਹੁਤ ਵੱਡਾ ਸਵਾਲ ਹੈ।
ਇਸ ਸਮੇਂ ਇਸ ਨਗਰ ਕੀਰਤਨ ਦੀਆਂ ਤਿਆਰੀਆਂ ਭਾਵੇਂ ਮੁਕੰਮਲ ਹਨ ਪਰ ਪ੍ਰਬੰਧਕ ਬੋਰਡ ਵਿਚਲੀ ਤਿੱਖੀ ਧੜੇਬੰਦੀ ਵੀ ਸਪਸ਼ਟ ਦਿਖਾਈ ਦਿੰਦੀ ਹੈ। ਵੱਖੋ ਵੱਖਰੇ ਧੜੇ ਭਾਵੇਂ ਆਪਣੇ ਮਤਭੇਦ ਭੁਲਾ ਕੇ ਨਗਰ ਕੀਰਤਨ ਦੀਆਂ ਤਿਆਰੀਆਂ ਲਈ ਉਤਸ਼ਾਹ ਵਿਚ ਹੋਣ ਦਾ ਦਾਅਵਾ ਕਰਦੇ ਹਨ ਪਰ ਹਕੀਕਤ ਵਿਚ ਵੱਖੋ ਵੱਖਰੇ ਧੜਿਆਂ ਦੇ ਨੇਤਾ ਇਨ੍ਹਾਂ ਤਿਆਰੀਆਂ ਰਾਹੀਂ ਆਪੋ ਆਪਣੀ ਤਾਕਤ ਤੇ ਹਉਮੈ ਦਾ ਦਿਖਾਵਾ ਵੱਧ ਤੇ ਕੰਮ ਘੱਟ ਕਰਦੇ ਦਿਖਾਈ ਦਿੰਦੇ ਹਨ। ਸਭ ਤਿਆਰੀਆਂ ਪਿਛਲੇ ਸਾਲਾਂ ਵਾਂਗ ਸ਼ਰਧਾਵਾਨ ਸੰਗਤ ਹੀ ਕਰ ਰਹੀ ਹੈ।
ਗੁਰਦੁਆਰਾ ਟਾਇਰਾ ਬਿਊਨਾ ਜਿਸ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਹੁੰਦਾ ਹੈ, ਦੇ ਪ੍ਰਧਾਨ ਸ਼ ਰਸ਼ਪਾਲ ਸਿੰਘ ਪੁਰੇਵਾਲ ਪਿਛਲੇ ਚਾਰ ਹਫ਼ਤਿਆਂ ਤੋਂ ਭਾਰਤ ਗਏ ਹੋਏ ਹਨ। ਜਦੋਂ ਨਗਰ ਕੀਰਤਨ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ‘ਤੇ ਚੱਲ ਰਹੀਆਂ ਹੋਣ ਤੇ ਜਿਸ ਨੂੰ ਸਭ ਤੋਂ ਵਧ ਜ਼ਿੰਮੇਵਾਰ ਸ਼ਖ਼ਸ ਸਮਝਿਆ ਜਾਂਦਾ ਹੋਵੇ, ਉਸ ਦੀ ਗੈਰਹਾਜ਼ਰੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ। ਸੂਤਰਾਂ ਅਨੁਸਾਰ ਗੁਰੂਘਰ ਨਾਲ ਜੁੜੇ ਕੁਝ ਮੋਹਤਬਰ ਸੱਜਣਾਂ ਨੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਇਸ ਸਮੇਂ ਉਹ ਪੰਜਾਬ ਨਾ ਜਾਣ ਸਗੋਂ ਗੁਰੂਘਰ ਨੂੰ ਵੱਧ ਤੋਂ ਵੱਧ ਸਮਾਂ ਦੇਣ।
ਪਰ ਪ੍ਰਧਾਨ ਹੁਰੀਂ ਇਹੋ ਕਹਿੰਦੇ ਰਹੇ ਕਿ ਉਹ ਇਨ੍ਹਾਂ ਦਿਨਾਂ ਵਿਚ ਆਏ ਸਾਲ ਭਾਰਤ ਜਾਂਦੇ ਹਨ ਤੇ ਉਹ ਇਸ ਸਾਲ ਵੀ ਜਾਣਗੇ। ਸੰਗਤ ਵਿਚ ਇਕ ਵੱਡਾ ਸੁਆਲ ਉਠ ਰਿਹਾ ਹੈ ਕਿ ਜੇ ਕੋਈ ਪਰਿਵਾਰਕ ਮਜਬੂਰੀ ਨਹੀਂ ਸੀ ਤਾਂ ਕੀ ਉਹ ਸਿਰਫ ਭਾਰਤ ਘੁੰਮਣ-ਫਿਰਨ ਇਕ ਮਹੀਨਾ ਅੱਗੇ ਪਿੱਛੇ ਨਹੀਂ ਸੀ ਕਰ ਸਕਦੇ? ਇਹ ਵੀ ਕਿਹਾ ਜਾ ਰਿਹਾ ਹੈ ਕਿ ਸੱਤਾਧਾਰੀ ਧੜੇ ਵਿਚ ਕੁਝ ਅਜਿਹੇ ਲੋਕ ਹਨ ਜਿਨ੍ਹਾਂ ਨੇ ਪ੍ਰਧਾਨ ਨੂੰ ਗੁੰਮਰਾਹਕੁਨ ਢੰਗ ਨਾਲ ਤਿਆਰੀਆਂ ਤੋਂ ਲਾਂਭੇ ਕੀਤਾ ਹੈ ਕਿਉਂਕਿ ਉਹ ਡਰਦੇ ਸਨ ਕਿ ਜੇ ਪ੍ਰਧਾਨ ਹੁਰੀਂ ਇਥੇ ਰਹਿੰਦੇ ਹਨ ਤਾਂ ਉਹ ਆਪਣੀਆਂ ਮਨਮਾਨੀਆਂ ਨਹੀਂ ਸਨ ਕਰ ਸਕਣਗੇ। ਆਮ ਵਿਸ਼ਵਾਸ ਹੈ ਕਿ ਪ੍ਰਧਾਨ ਤਾਂ ਰਾਜਨੀਤੀ ਤੋਂ ਕੋਰਾ ਸ਼ਰਧਾਵਾਨ ਸਿੱਖ ਹੈ, ਉਹ ਗੁਰੂਘਰ ਵਿਚ ਫੋਕੀ ਚੌਧਰ ਕਰਨ ਵਾਲੇ ਲੋਕਾਂ ਦਾ ਅਕਸਰ ਵਿਰੋਧ ਵੀ ਕਰਦਾ ਹੈ ਪਰ ਫੋਕੀ ਚੌਧਰ ਕਰਨ ਵਾਲੇ ਨੇਤਾਵਾਂ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਪ੍ਰਧਾਨ ਸਾਹਿਬ ਹਰ ਸਾਲ ਆਪਣੇ ਪਿੰਡ ਦੀ ਛਿੰਝ ਦੇਖਣ ਜਾਂਦੇ ਹਨ ਤੇ ਇਸ ਸਾਲ ਵੀ ਗਏ ਹਨ। ਸੁਆਲ ਇਹ ਹੈ ਕਿ ਪ੍ਰਧਾਨ ਸਾਹਿਬ ਲਈ ਪਿੰਡ ਦੀ ਛਿੰਝ ਦੇਖਣਾ ਵੱਧ ਅਹਿਮੀ ਹੈ ਜਾਂ ਕੌਮਾਂਤਰੀ ਪੱਧਰ ਦੇ ਇਸ ਸਿੱਖ ਸਮਾਗਮ ਦੀਆਂ ਤਿਆਰੀਆਂ?
ਤੇਤੀ ਸਾਲ ਪਹਿਲਾਂ ਜਦੋਂ ਇਹ ਨਗਰ ਕੀਰਤਨ ਸ਼ੁਰੂ ਕੀਤਾ ਗਿਆ ਸੀ, ਉਦੋਂ ਤੇ ਹੁਣ ਤੱਕ ਹਾਲਾਤ ਬਹੁਤ ਬਦਲ ਗਏ ਹਨ। ਨਗਰ ਕੀਰਤਨ ਸਜਾਉਣਾ ਨਿਰੋਲ ਧਾਰਮਿਕ ਸਮਾਗਮ ਹੈ ਪਰ ਪਿਛਲੇ ਕਈ ਸਾਲਾਂ ਤੋਂ ਵੱਖੋ ਵੱਖਰੇ ਧੜਿਆਂ ਦੇ ਆਗੂਆਂ ਨੇ ਇਸ ਨੂੰ ਆਪਣੇ ਨਿੱਜੀ ਵਿਚਾਰਾਂ, ਦਿਖਾਵੇ ਤੇ ਹਉਮੈ ਤਕ ਸੀਮਤ ਕਰ ਲਿਆ ਹੈ। ਜੇ ਪਿਛਲੇ ਸਾਲ ਦੇ ਨਗਰ ਕੀਰਤਨ ਦੇ ਮੁੱਖ ਦੀਵਾਨ ਨੂੰ ਹੀ ਦੇਖਿਆ ਜਾਵੇ ਤਾਂ ਉਸ ਵਿਚ ਬੋਲਣ ਵਾਲਿਆਂ ਵਿਚੋਂ ਕੋਈ ਵੀ ਧਾਰਮਿਕ ਬੁਲਾਰਾ ਨਹੀਂ ਸੀ। ਸਾਰੇ ਬੁਲਾਰੇ ਸਿਆਸੀ ਸਨ। ਸਮੁੱਚੇ ਸਮਾਗਮ ਵਿਚ ਸਹੀ ਮਾਅਨਿਆਂ ਵਿਚ ਪੰਥ ਦੀ ਕੋਈ ਗੱਲ ਨਹੀਂ ਹੋਈ। ਜਿਸ ਸ਼ਬਦ ਗੁਰੂ ਦਾ ਦਿਨ ਮਨਾ ਰਹੇ ਸਨ, ਉਸ ਬਾਰੇ ਵੀ ਕਿਸੇ ਬੁਲਾਰੇ ਨੇ ਕੋਈ ਗੱਲ ਨਹੀਂ ਕੀਤੀ। ਇਹ ਸਿੱਖ ਧਰਮ ਦੀ ਤ੍ਰਾਸਦੀ ਹੀ ਹੈ ਕਿ ਦਿਨ ਗੁਰੂ ਗ੍ਰੰਥ ਸਾਹਿਬ ਦਾ ਮਨਾਇਆ ਜਾ ਰਿਹਾ ਹੋਵੇ, ਤੇ ਉਥੇ ਗੱਲ ਨਾ ਗੁਰੂ ਗ੍ਰੰਥ ਸਾਹਿਬ ਦੀ ਹੋਵੇ ਤੇ ਨਾ ਪੰਥ ਦੀ। ਪੰਥ ਦੀ ਥਾਂ ਉਹ ਇਕ ਧੜੇ ਦਾ ਪ੍ਰਚਾਰ ਸਾਧਨ ਬਣਾ ਕੇ ਰਹਿ ਜਾਂਦਾ ਹੈ। ਪਿਛਲੇ ਸਾਲ ਨਗਰ ਕੀਰਤਨ ਮੌਕੇ ਦਰਜਨ ਦੇ ਕਰੀਬ ਰਾਜਸੀ ਬੁਲਾਰੇ ਬੋਲੇ, ਸਾਰੇ ਇਕੋ ਧੜੇ ਦੇ ਸਨ। ਪਿਛਲੇ ਸਾਲ ਸੰਗਤ ਵਿਚ ਪੰਥ ਦੀ ਮਹਾਨ ਸ਼ਖਸੀਅਤ ਤੇ ਵਿਦਵਾਨ ਡਾæ ਭਾਈ ਹਰਬੰਸ ਲਾਲ ਹਾਜ਼ਰ ਸਨ। ਪ੍ਰਬੰਧਕਾਂ ਵਿਚੋਂ ਕਿਸੇ ਨੇ ਉਨ੍ਹਾਂ ਦਾ ਨੋਟਿਸ ਹੀ ਨਹੀਂ ਲਿਆ। ਯਾਦ ਰਹੇ ਕਿ ਭਾਈ ਹਰਬੰਸ ਲਾਲ ਵਿਗਿਆਨੀ ਹਨ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਬਾਨੀ ਮੈਂਬਰ ਹਨ ਅਤੇ ਪੱਛਮੀ ਦੇਸ਼ਾਂ ਵਿਚ ਉਨ੍ਹਾਂ ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਸਿਰਤੋੜ ਕੰਮ ਕੀਤਾ। ਇਸੇ ਲਈ ਅਕਾਲ ਤਖ਼ਤ ਤੋਂ ਉਨ੍ਹਾਂ ਨੂੰ ਭਾਈ ਸਾਹਿਬ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।
ਯੂਬਾ ਸਿਟੀ ਦੇ ਨਗਰ ਕੀਰਤਨ ਦੇ ਪੁਰਾਣੇ ਦਿਨਾਂ ਨੂੰ ਚੇਤੇ ਕਰਨਾ ਹੋਵੇ ਤਾਂ ਗੱਲ 1978 ‘ਤੇ ਜਾ ਪੁੱਜਦੀ ਹੈ। ਯੂਬਾ ਸਿਟੀ ਦੇ ਸਭ ਤੋਂ ਪੁਰਾਣੇ ਪੜ੍ਹੇ-ਲਿਖੇ ਅਤੇ ਭਾਈਚਾਰੇ ਨਾਲ ਪਿਛਲੇ 66 ਸਾਲਾਂ ਤੋਂ ਜੁੜੇ ਹੋਏ ਬਜ਼ੁਰਗ ਡਾæ ਗੁਲਜ਼ਾਰ ਸਿੰਘ ਜੌਹਲ ਦੇ ਦੱਸਣ ਮੁਤਾਬਿਕ ਇਹ ਨਗਰ ਕੀਰਤਨ ਕੈਨੇਡਾ ਵਿਚ ਨਿਕਲਦੇ ਨਗਰ ਕੀਰਤਨ ਦੀ ਤਰਜ਼ ਉਤੇ ਸ਼ੁਰੂ ਕੀਤਾ ਗਿਆ ਸੀ। ਦੀਦਾਰ ਸਿੰਘ ਬੈਂਸ, ਮੌਜੂਦਾ ਪ੍ਰਧਾਨ ਰਸ਼ਪਾਲ ਸਿੰਘ ਪੁਰਵਾਲ ਦੇ ਪਿਤਾ ਸ਼ ਊਧਮ ਸਿੰਘ ਅਤੇ ਤਾਇਆ ਬਖਤੌਰ ਸਿੰਘ ਹਰ ਸਾਲ ਯੂਬਾ ਸਿਟੀ ਤੋਂ ਵੈਨਕੂਵਰ/ਸਰੀ (ਕੈਨੇਡਾ) ਨਗਰ ਕੀਰਤਨ ਵਿਚ ਹਿੱਸਾ ਲੈਣ ਜਾਂਦੇ। ਸੰਨ 1978 ਵਿਚ ਵੈਨਕੂਵਰ/ਸਰੀ ਦੇ ਨਗਰ ਕੀਰਤਨ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਯੂਬਾ ਸਿਟੀ ਵਿਚ ਵੀ ਅਜਿਹਾ ਨਗਰ ਕੀਰਤਨ ਕੱਢਣ ਬਾਰੇ ਸੰਗਤ ਨਾਲ ਸਲਾਹ ਕੀਤੀ। ਡਾæ ਜੌਹਲ ਦੇ ਦੱਸਣ ਅਨੁਸਾਰ ਜਦੋਂ ਉਹ ਨਗਰ ਕੀਰਤਨ ਦੀ ਤਜਵੀਜ਼ ਲੈ ਕੇ ਸਿਟੀ ਹਾਲ ਗਏ ਤਾਂ ਸ਼ਹਿਰ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਭਰਪੂਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸਿਟੀ ਨੇ ਇਹ ਸਹਿਯੋਗ ਦਿੱਤਾ ਵੀ ਅਤੇ ਹੁਣ ਤਕ ਦਿੱਤਾ ਜਾ ਰਿਹਾ ਹੈ। ਨਗਰ ਕੀਰਤਨ ਲਈ ਨਵੰਬਰ ਵਿਚ ਆਉਂਦੇ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ ਚੁਣਿਆ ਗਿਆ। ਯੂਬਾ ਸਿਟੀ ਖੇਤੀ ਵਾਲਾ ਇਲਾਕਾ ਹੈ। ਨਵੰਬਰ ਤੱਕ ਖੇਤੀ ਦਾ ਸਾਰਾ ਕੰਮ ਮੁੱਕ ਜਾਂਦਾ ਹੈ।
1979 ਵਿਚ ਪਹਿਲੀ ਵਾਰ ਸਜਾਏ ਨਗਰ ਕੀਰਤਨ ਲਈ ਵੈਨਕੂਵਰ/ਸਰੀ ਤੋਂ ਕਾਰੀਗਰ ਮੰਗਵਾ ਕੇ ਫਲੋਟ ਤਿਆਰ ਕੀਤਾ ਗਿਆ। ਪਹਿਲੇ ਸਾਲਾਂ ਵਿਚ ਸਿੱਖ ਪਰੇਡ ਸੱਚਮੁੱਚ ਪਰੇਡ ਹੁੰਦੀ ਸੀ। ਕੋਈ ਗੰਦ ਨਹੀਂ ਪਾਉਂਦਾ ਸੀ। ਸਾਰੇ ਲੋਕ ਸੜਕ ਦੇ ਇਕ ਪਾਸੇ ਹੀ ਪੈਦਲ ਚਲਦੇ ਸਨ ਪਰ ਜਿਉਂ ਜਿਉਂ ਇਹ ਨਗਰ ਕੀਰਤਨ ਹੋਰ ਸਫਲ ਹੁੰਦਾ ਗਿਆ, ਤਿਉਂ ਤਿਉਂ ਸੰਗਤ ਵੀ ਵਧਦੀ ਗਈ। ਇਸ ਦੇ ਨਾਲ ਹੀ ਸੰਗਤਾਂ ਤੇ ਪ੍ਰਬੰਧਕਾਂ ਵਿਚ ਵਖਰੇਵੇਂ ਵੀ ਵਧਦੇ ਗਏ। ਇਕ ਸਮਾਂ ਆ ਗਿਆ ਜਦੋਂ ਸੰਗਤ ਨੇ ਅਨੁਸ਼ਾਸਨ ਵਾਲਾ ਬੰਧੇਜ ਤੋੜ ਦਿੱਤਾ ਤੇ ਇਹ ਧਾਰਮਿਕ ਸਮਾਗਮ ਨਾਲੋਂ ਪੇਂਡੂ ਮੇਲੇ ਦਾ ਰੂਪ ਵਧੇਰੇ ਧਾਰਨ ਲੱਗਾ। ਗੈਰ ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ਮੇਲੇ ਦੌਰਾਨ ਖਰੂਦ ਹੋਣ ਦੀਆਂ ਸ਼ਿਕਾਇਤਾਂ ਪਹੁੰਚਣ ਲੱਗੀਆਂ।
1994 ਵਿਚ ਸਿਟੀ ਪ੍ਰਸਾਸ਼ਨ ਨੇ ਨਗਰ ਕੀਰਤਨ ਯੂਬਾ ਸਿਟੀ ਦੇ ਰਿਹਾਇਸ਼ੀ ਇਲਾਕਿਆਂ ਵਿਚ ਜਾਣ ਤੋਂ ਰੋਕ ਦਿੱਤਾ ਅਤੇ ਇਸ ਦਾ ਰੂਟ ਸ਼ਹਿਰੋਂ ਬਾਹਰਵਾਰ ਗੁਰਦੁਆਰੇ ਦੇ ਆਸ-ਪਾਸ ਤੱਕ ਹੀ ਸੀਮਤ ਕਰ ਦਿੱਤਾ। ਨਗਰ ਕੀਰਤਨ ਪ੍ਰਬੰਧਕਾਂ ਤੇ ਸੰਗਤ ਦੇ ਕੁਝ ਹਿੱਸੇ ਨੇ ਇਸ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ, ਸਗੋਂ ਇਸ ਪਵਿੱਤਰ ਦਿਹਾੜੇ ਨੂੰ ਆਪਣੀ ਹਉਮੈ ਚਮਕਾਉਣ, ਤਾਕਤ ਅਜ਼ਮਾਉਣ ਤੇ ਨਿੱਜੀ ਰੰਜ਼ਿਸ਼ਾਂ ਕੱਢਣ ਲਈ ਵਰਤਦੇ ਰਹੇ। ਆਏ ਸਾਲ ਲੜਾਈਆਂ ਹੋਣ ਲੱਗੀਆਂ। ਪਿਛਲੇ ਸਾਲ ਭਾਵੇਂ ਕੋਈ ਲੜਾਈ ਨਹੀਂ ਹੋਈ ਪਰ ਹਾਲਤ ਕਾਫੀ ਤਣਾਅ ਵਾਲੀ ਸੀ। ਕਈ ਸਾਲਾਂ ਤੋਂ ਇਹ ਰੇੜਕਾ ਪੈਂਦਾ ਰਿਹਾ ਕਿ ਕਿਹੜੀ ਧਿਰ ਨੇ ਕਿਹੜੀ ਥਾਂ ਉਤੇ ਲੰਗਰ ਲਾਉਣਾ ਹੈ।
ਨਗਰ ਕੀਰਤਨ ਦੀ ਅਨੁਸ਼ਾਸਨ ਕਮੇਟੀ ਅਤੇ ਸਿੱਖ ਪਰੇਡ ਦੇ ਸੁਰੱਖਿਆ ਤੇ ਸੇਵਾ ਵਾਲੰਟੀਅਰਾਂ ਦੇ ਤਕਰੀਬਨ 25 ਸਾਲ ਆਗੂ ਰਹੇ ਬਜ਼ੁਰਗ ਕੈਪਟਨ ਜਗਰੂਪ ਸਿੰਘ ਅਟਵਾਲ ਅਨੁਸਾਰ ਇਸ ਵਿਚ ਸੰਗਤ ਦਾ ਨਹੀਂ ਸਗੋਂ ਅਖੌਤੀ ਆਗੂਆਂ ਦਾ ਕਸੂਰ ਹੈ। ਪਹਿਲਾਂ ਇਨ੍ਹਾਂ ਅਖੌਤੀ ਆਗੂਆਂ ਨੇ ਹੀ ਅਨੁਸ਼ਾਸਨ ਤੋੜਿਆ ਸੀ। ਉਨ੍ਹਾਂ ਅਫਸੋਸ ਜਾਹਰ ਕੀਤਾ ਕਿ ਹੁਣ ਇਹ ਨਗਰ ਕੀਰਤਨ ਸਿਰਫ ਦਿਖਾਵਾ ਜਿਹਾ ਬਣ ਕੇ ਰਹਿ ਗਿਆ ਹੈ। ਜੇ ਪ੍ਰਬੰਧਕਾਂ ਵਿਚੋਂ ਕੁਝ ਬੰਦੇ ਜਾਂ ਬੋਰਡ ਦੇ ਕਈ ਡਾਇਰੈਕਟਰ ਨਗਰ ਕੀਰਤਨ ਵਿਚ ਬੁਲਟ ਪਰੂਫ ਜੈਕਟਾਂ ਪਾਈ ਫਿਰਨ ਤੇ ਆਪਣੇ ਨਾਲ ਦੋ ਦੋ ਬਾਡੀਗਾਰਡ ਲਈ ਫਿਰਨ, ਉਹ ਵੀ ਸੰਗਤ ਦੇ ਪੈਸੇ ਨਾਲ; ਤਾਂ ਸੋਚਣ ਵਾਲੀ ਗੱਲ ਹੈ ਕਿ ਇਹ ਸਭ ਕਿਉਂ? ਜੇ ਲੰਗਰ ਵਰਤਾਉਣ ਵਾਲੇ ਪੰਡਾਲਾਂ ਵਿਚ ਡਾਂਗਾਂ, ਸੋਟੇ ਤੇ ਕਿਰਪਾਨਾਂ ਜਮ੍ਹਾਂ ਕਰ ਕੇ ਰੱਖੇ ਜਾਣ ਅਤੇ ਦੇਖਿਆ ਜਾਵੇ ਕਿ ਕੌਣ ਕਿਹੜੇ ਪੰਡਾਲ ਵਿਚ ਲੰਗਰ ਛਕਦਾ ਤਾਂ ਫਿਰ ਇਹ ਕਿਹੜੀ ਸੇਵਾ ਹੈ?
ਇਸ ਨਗਰ ਕੀਰਤਨ ਉਤੇ ਕਰੀਬ ਦੋ ਲੱਖ ਡਾਲਰ ਖਰਚਾ ਹੁੰਦਾ ਹੈ ਜਿਸ ਵਿਚੋਂ ਜ਼ਿਆਦਾ ਖਰਚਾ ਇੰਸ਼ੋਰੈਂਸ ਜਾਂ ਸੁਰੱਖਿਆ ਕਰਮਚਾਰੀਆਂ ਉਤੇ ਹੁੰਦਾ ਹੈ। ਪ੍ਰਬੰਧਕਾਂ ਵਲੋਂ ਹਰ ਸਾਲ ਨਗਰ ਕੀਰਤਨ ਦੀ ਹਾਜ਼ਰੀ ਵਧਾ ਕੇ ਦੱਸੀ ਜਾਂਦੀ ਹੈ। ਜਿਸ ਦਾ ਨਤੀਜਾ ਸੁਰੱਖਿਆ ਪ੍ਰਬੰਧਾਂ ਉਤੇ ਵੱਧ ਖਰਚੇ ਦੇ ਰੂਪ ਵਿਚ ਨਿਕਲਦਾ ਹੈ।
ਨਗਰ ਕੀਰਤਨ ਦੌਰਾਨ ਭਾਂਤ ਸੁਭਾਂਤੇ ਲੰਗਰ ਲੱਗਦੇ ਹਨ। ਦੂਰੋਂ ਦੂਰੋਂ ਸੰਗਤਾਂ ਪਹੁੰਚਦੀਆਂ ਹਨ ਪਰ ਕੀ ਉਹ ਕੋਈ ਸੁਨੇਹਾ ਵੀ ਲੈ ਕੇ ਜਾਂਦੀਆਂ ਹਨ? ਇਹ ਸੋਚਣਾ ਬਣਦਾ ਹੈ।

Be the first to comment

Leave a Reply

Your email address will not be published.