ਜੰਗਲ ਦੇ ਰਾਖਿਆਂ ਦੀ ਸੰਘਰਸ਼-ਕਹਾਣੀ ਅਤੇ ਸਰਕਾਰ

ਕਿਰਪਾਲ ਸਿੰਘ ਸੰਧੂ, ਫਰਿਜ਼ਨੋ
ਫੋਨ: 559-259-4844
ਇਸ ਧਰਤੀ ‘ਤੇ ਜੀਵਨ ਦੀ ਪੈਦਾਇਸ਼ ਅਤੇ ਆਪਣੇ ਆਪ ਨੂੰ ਧਰਤੀ ਦਾ ਮਾਲਕ ਸਮਝਣ ਵਾਲੇ ਇਨਸਾਨ ਦੇ ਵਿਕਾਸ ਦਾ ਭੇਤ ਅੱਜ ਵੀ ਇਕ ਗੰਭੀਰ ਸੁਆਲ ਹੈ। ਧਰਤੀ ਉਤੇ ਜਾਂ ਪਾਣੀ ਅੰਦਰ ਰਹਿਣ ਵਾਲੇ ਹਜ਼ਾਰਾਂ ਕਿਸਮ ਦੇ ਛੋਟੇ-ਵੱਡੇ ਜੀਵ, ਹਵਾ ਵਿਚ ਉਡਣ ਵਾਲੇ ਰੰਗ-ਬਰੰਗੇ ਖੂਬਸੂਰਤ ਪੰਛੀ ਅਤੇ ਜ਼ਮੀਨ ਅੰਦਰੋਂ ਉਗੀ ਕੁਲ ਬਨਸਪਤੀ, ਪਹਾੜ, ਕੁਦਰਤੀ ਝੀਲਾਂ, ਜੰਗਲੀ ਜਾਨਵਰ-ਇਨ੍ਹਾਂ ਸਭ ਬਾਰੇ ਭੇਤ ਬਰਕਰਾਰ ਹੈ। ਇਥੇ ਹੀ ਬੱਸ ਨਹੀਂ, ਕਈ ਬਰਫਾਨੀ ਇਲਾਕਿਆਂ ਵਿਚ ਅਜਿਹੇ ਪਿੰਜਰ ਵੀ ਮਿਲੇ ਹਨ, ਜਿਨ੍ਹਾਂ ਦੀ ਨਸਲ ਅੱਜ ਧਰਤੀ ਤੋਂ ਆਪਣਾ ਵਜੂਦ ਮੁਕਾ ਚੁਕੀ ਹੈ।

ਇਸ ਸਾਰੇ ਗੁੰਝਲਦਾਰ ਮਸਲੇ ਨੂੰ ਸੁਲਝਾਉਣ ਲਈ ਵਿਗਿਆਨੀ ਸਦੀਆਂ ਤੋਂ ਯਤਨਸ਼ੀਲ ਹਨ। ਇੰਗਲੈਂਡ ਵਿਚ 12 ਫਰਵਰੀ 1809 ਨੂੰ ਜਨਮੇ ਚਾਰਲਸ ਡਾਰਵਿਨ ਨੇ ਵਿਕਾਸ ਦੇ ਕੁਦਰਤੀ ਸਿਧਾਂਤ ਰਾਹੀਂ ਇਸ ਸਬੰਧੀ ਸੱਚ ਪੇਸ਼ ਕੀਤਾ ਹੈ, ਜਿਸ ਨੂੰ ਡਾਰਵਿਨ ਥਿਊਰੀ ਕਹਿ ਲਿਆ ਜਾਂਦਾ ਹੈ।
ਡਾਰਵਿਨ ਮੁਤਾਬਕ ਮਨੁੱਖ ਜਾਤੀ ਨਾਲ ਸਬੰਧ ਰੱਖਣ ਵਾਲੇ ਜਾਨਵਰਾਂ ਅਤੇ ਜੀਵਾਂ ਨੇ ਅੱਜ ਵਾਲਾ ਇਨਸਾਨ ਹੋਂਦ ਵਿਚ ਆਉਣ ਲਈ ਕਈ ਹਜ਼ਾਰ ਸਾਲ ਦਾ ਸਫਰ ਆਪਣੇ ਪਿੰਡੇ ‘ਤੇ ਹੰਢਾਇਆ। ਬਦਲਦੇ ਮੌਸਮਾਂ ਤੋਂ ਬਚਣ ਲਈ ਪਹਾੜੀ ਘੁਰਨਿਆਂ ਦਾ ਆਸਰਾ ਲੈਣਾ ਪਿਆ। ਦਰਖਤਾਂ ‘ਤੇ ਵੀ ਵਸੇਬਾ ਕੀਤਾ। ਜੰਗਲੀ ਜੜ੍ਹੀ-ਬੂਟੀਆਂ, ਫਲ ਆਦਿ ਖਾ ਕੇ ਭੁੱਖ ਮਿਟਾਈ। ਨੰਗੇ ਰਹਿਣ ਤੋਂ ਲੈ ਕੇ ਜੰਗਲੀ ਜਾਨਵਰਾਂ ਦੀ ਖੱਲ ਨਾਲ ਆਪਣਾ ਜਿਸਮ ਢਕ ਕੇ ਰੱਖਿਆ। ਕੂਕਾਂ ਮਾਰ ਕੇ ਆਪਣੇ ਸਾਥੀਆਂ ਨੂੰ ਸਮਝਾਉਂਦਾ ਰਿਹਾ। ਸਾਰੀ ਉਮਰ ਕੁਦਰਤੀ ਵਸੀਲਿਆਂ ਤੋਂ ਪੈਦਾ ਹੋਈ ਹਰ ਚੀਜ਼ ਨੂੰ ਨਿਆਮਤ ਸਮਝਦਾ ਦਿਨ ਗੁਜ਼ਾਰਦਾ ਰਿਹਾ। ਹਰ ਨਵੇਂ ਦਿਨ ਹਰ ਨਵੀਂ ਔਕੜ ਦਾ ਹੱਲ ਲੱਭਦਾ, ਹਰ ਨਵਾਂ ਤਜਰਬਾ ਕਰਨ ਵਾਲਾ ਆਖਰਕਾਰ ਅੱਜ ਵਾਲਾ ਪੂਰਨ ਇਨਸਾਨ ਅਖਵਾਉਣ ਦੇ ਕਾਬਲ ਹੋਇਆ।
ਹਿੰਦੋਸਤਾਨ ਵਿਚ ਆਦਿ ਕਾਲ ਤੋਂ ਉਚੀਆਂ-ਨੀਵੀਆਂ, ਪੱਧਰੀਆਂ ਚੋਟੀਆਂ ‘ਤੇ ਵਸਦੇ ਲੋਕਾਂ ਨੂੰ ਅੱਜ ਵੀ ਆਦਿਵਾਸੀ ਕਿਹਾ ਜਾਂਦਾ ਹੈ। ਉਸ ਵਕਤ ਤੋਂ ਹੀ ਇਹ ਪੁਸ਼ਤ-ਦਰ-ਪੁਸ਼ਤ ਰਹਿ ਰਹੇ ਹਨ। ਉਦੋਂ ਨਾ ਤਾਂ ਹਿੰਦੋਸਤਾਨ ਨਾਂ ਦਾ ਕੋਈ ਦੇਸ਼ ਸੀ, ਤੇ ਨਾ ਹੀ ਵੱਖ-ਵੱਖ ਨਾਂਵਾਂ ਥੱਲੇ ਬਣੇ ਪਹਾੜੀ ਤੇ ਨੀਮ ਪਹਾੜੀ ਸੂਬਿਆਂ ਦਾ ਵਜੂਦ ਸੀ।
ਇਹ ਆਦਿਵਾਸੀ ਪਹਾੜਾਂ ‘ਤੇ ਉਗੀ ਹਰ ਤਰ੍ਹਾਂ ਦੀ ਬਨਸਪਤੀ ਅਤੇ ਸਾਰਾ-ਸਾਰਾ ਸਾਲ ਵਗਦੇ ਨਦੀ-ਨਾਲਿਆਂ ਦੇ ਸਾਫ-ਸੁਥਰੇ ਪਾਣੀ ਨਾਲ ਜੀਵਨ ਨਿਰਬਾਹ ਕਰਦੇ ਸਨ। ਜੰਗਲੀ ਜਾਨਵਰਾਂ, ਪਹਾੜਾਂ ਨੂੰ ਦੇਵਤਾ ਤਸੱਵੁਰ ਕਰ ਕੇ ਇਨ੍ਹਾਂ ਦੀ ਪੂਜਾ ਕਰਦੇ ਸਨ।
ਵਕਤ ਗੁਜ਼ਰਨ ਨਾਲ ਇਨਸਾਨੀ ਜੀਵਾਂ ਦੀ ਬਣਤਰ, ਰਹਿਣ-ਸਹਿਣ ਅਤੇ ਸੋਚ ਵਿਚ ਤਬਦੀਲੀ ਆਉਂਦੀ ਗਈ। ਲੋੜ ਅਨੁਸਾਰ ਇਨਸਾਨ ਹਰ ਖੇਤਰ ਵਿਚ ਨਵੇਂ-ਨਵੇਂ ਢੰਗ-ਤਰੀਕੇ ਅਪਨਾਉਣ ਲੱਗਾ। ਪਹਾੜਾਂ ‘ਤੇ ਵਸਣ ਵਾਲਿਆਂ ਦੇ ਮੁਕਾਬਲੇ ਮੈਦਾਨੀ ਇਲਾਕਿਆਂ ਵਿਚ ਪਸੂ ਪਾਲਕਾਂ ਦਾ ਧੰਦਾ ਕਰਨ ਵਾਲੇ ਕਬੀਲੇ ਦਰਿਆਵਾਂ ਕੰਢੇ ਸ਼ਹਿਰ ਵਸਣ ਲੱਗੇ। ਫਿਰ ਵਿਦਿਆ ਦੇ ਪਸਾਰ ਲਈ ਇੰਤਜ਼ਾਮ ਹੋਣ ਲੱਗੇ। ਚਰਾਗਾਹਾਂ ਵਾਲੇ ਮੈਦਾਨੀ ਇਲਾਕਿਆਂ ਵਿਚ ਖੁਰਾਕ ਪਦਾਰਥ ਪੈਦਾ ਕਰਨ ਲਈ ਖੇਤੀ ਸ਼ੁਰੂ ਕੀਤੀ। ਤਰ੍ਹਾਂ-ਤਰ੍ਹਾਂ ਦੇ ਬੀਜ ਪੈਦਾ ਕੀਤੇ। ਲੋੜ ਪੂਰੀ ਕਰਨ ਲਈ ਕਾਰਖਾਨਿਆਂ ਵਿਚ ਔਜਾਰ ਬਣਾਏ। ਫਾਲਤੂ ਪੈਦਾਵਾਰ ਦੀ ਫਰੋਖਤ ਲਈ ਵਪਾਰ ਦਾ ਜਨਮ ਹੋਇਆ। ਫਿਰ ਇਨਸਾਨ ਆਪਣੇ ਅਰਾਮ, ਐਸ਼ੋ-ਇਸ਼ਰਤ ਵਾਲੀ ਜ਼ਿੰਦਗੀ ਬਸਰ ਕਰਨ ਲਈ ਧਨ-ਦੌਲਤ ਇਕੱਠੀ ਕਰਨ ਲੱਗਾ, ਜਿਸ ਨੇ ਅਮੀਰੀ-ਗਰੀਬੀ ਨੂੰ ਜਨਮ ਦਿੱਤਾ। ਇਹ ਕਹਿਣਾ ਹੱਕ ਬਜਾਨਵ ਹੋਵੇਗਾ ਕਿ ਇਨਸਾਨ ਖੋਜਾਂ ਦਾ ਸਹਾਰਾ ਲੈ ਕੇ ਹਰ ਖੇਤਰ ਵਿਚ ਜਿਥੇ ਮੱਲਾਂ ਮਾਰਨ ਲੱਗਾ, ਉਥੇ ਧਰਤੀ, ਪਤਾਲ, ਆਕਾਸ਼ ਆਦਿ ਸਭ ਟੋਹ ਮਾਰੇ। ਮਹੀਨਿਆਂ ਦਾ ਸਫਰ ਦਿਨਾਂ ਵਿਚ ਕਰਨ ਲੱਗਾ। ਇਥੇ ਹੀ ਬੱਸ ਨਹੀਂ, ਇਨਸਾਨ ਨੇ ਸਾਹ ਲੈਣ ਵਾਲੀ ਜ਼ਿੰਦਗੀ ਨੂੰ ਪਲ ਵਿਚ ਮੁਕਾ ਦੇਣ ਵਾਲੇ ਮਾਰੂ ਹਥਿਆਰ ਵੀ ਬਣਾ ਲਏ, ਜੋ ਅੱਜ ਬੁੱਧੀਜੀਵੀਆਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।
ਸਦੀਆਂ ਤੋਂ ਪਹਾੜਾਂ ਅਤੇ ਦੂਰ-ਦੁਰਾਡੇ ਰਿਹਾਇਸ਼ਗਾਹਾਂ ਬਣਾ ਕੇ ਰਹਿਣ ਵਾਲੇ ਲੋਕ ਸ਼ਹਿਰਾਂ ਦੇ ਮੁਕਾਬਲੇ ਕਈ ਤਰ੍ਹਾਂ ਦੇ ਪਛੜੇਵਿਆਂ ਵਿਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਉਂਜ, ਹੁਣ ਇਨ੍ਹਾਂ ਨੂੰ ਇਹ ਸਮਝ ਆਉਣ ਲੱਗ ਪਈ ਹੈ ਕਿ ਪਹਾੜਾਂ ‘ਤੇ ਉਗੀ ਕੁਦਰਤੀ ਬਨਸਪਤੀ, ਕੀਮਤੀ ਜੜੀ-ਬੂਟੀਆਂ, ਨਾਯਾਬ ਲੱਕੜ ਤੇ ਪਹਾੜਾਂ ਅੰਦਰ ਛੁਪੀਆਂ ਵਸਤਾਂ ਜਾਂ ਧਾਤਾਂ ਬੇਹੱਦ ਕੀਮਤੀ ਹਨ, ਜਿਨ੍ਹਾਂ ਦੀ ਰਾਖੀ ਉਨ੍ਹਾਂ ਦੇ ਪਿਓ-ਦਾਦੇ ਆਪਣੀ ਮਲਕੀਅਤ ਸਮਝ ਕੇ ਕਰਦੇ ਰਹੇ ਅਤੇ ਦੇਵਤਾ ਤਸੱਵੁਰ ਕਰ ਕੇ ਪੂਜਾ ਕਰਦੇ ਰਹੇ ਹਨ।
ਆਦਿਵਾਸੀਆਂ ਨੂੰ ਇਹ ਗੱਲ ਵੀ ਸਮਝ ਆਉਣ ਲੱਗੀ ਕਿ ਸਰਕਾਰੀ ਅਤੇ ਧਨਾਢ ਲੋਕ ਵੱਡੀਆਂ ਕੰਪਨੀਆਂ ਦੇ ਮਾਲਕਾਂ ਨਾਲ ਮਿਲ ਕੇ ਉਨ੍ਹਾਂ ਨੂੰ ਉਜਾੜ ਰਹੇ ਹਨ ਅਤੇ ਉਨ੍ਹਾਂ ਦੀ ਹਰ ਕਿਸਮ ਦੀ ਲੁੱਟ ਕਰਕੇ ਖੁਦ ਮਾਲਾ-ਮਾਲ ਹੋ ਰਹੇ ਹਨ। ਸਿਆਸਤਦਾਨ ਅਤੇ ਸਰਕਾਰੀ ਅਮਲਾ-ਫੈਲਾ ਆਪੋ-ਆਪਣੇ ਘਰ ਭਰ ਰਿਹਾ ਹੈ।
ਹਿੰਦੋਸਤਾਨ ਦਾ ਇਕ ਅਹਿਮ ਸੂਬਾ ਉੜੀਸਾ ਹੈ। ਇਸ ਦੇ ਦੱਖਣੀ ਹਿੱਸੇ ਵਿਚ ਨਿਆਮਗਿਰੀ ਪਰਬਤ-ਮਾਲਾ ਹੈ। ਇਸ ਪਰਬਤ ‘ਤੇ ਮਨੁੱਖ ਜਾਤੀ ਦੇ ਜਨਮ ਵੇਲੇ ਤੋਂ ਹੀ ਪੁਸ਼ਤ-ਦਰ-ਪੁਸ਼ਤ ਡੋਂਗਰੀਆਂ ਕੌਂਦ ਕਬੀਲਾ ਰਹਿ ਰਿਹਾ ਹੈ। ਕਿਸੇ ਵਕਤ ਇਸ ਕਬੀਲੇ ਦਾ ਸਰਦਾਰ ਕਹਿ ਲਵੋ ਜਾਂ ਰਾਜਾ ਸੀ, ਨਿਆਮ। ਹੋ ਸਕਦਾ ਹੈ, ਉਸ ਦੇ ਨਾਂ ‘ਤੇ ਹੀ ਇਸ ਪਹਾੜ ਦਾ ਨਾਂ ਨਿਆਮਗਿਰੀ ਪੈ ਗਿਆ ਹੋਵੇ। ਇਹ ਕਬੀਲਾ ਨਿਆਮ ਨੂੰ ਇਸ ਬ੍ਰਹਿਮੰਡ ਦਾ ਦੇਵਤਾ ਮੰਨਦਾ ਹੈ ਅਤੇ ਸਦੀਆਂ ਤੋਂ ਉਸ ਦੀ ਪੂਜਾ ਕਰ ਰਿਹਾ ਹੈ। ਇਹ ਡੋਂਗਰੀ ਕੌਂਦ ਕਬੀਲੇ ਵਾਲੇ ਇਨ੍ਹਾਂ ਪਹਾੜਾਂ ਦੀ ਰਾਖੀ ਕਰਦੇ ਹਨ ਅਤੇ ਰਾਖੀ ਕਰਦਿਆਂ ਆਪਣੀ ਜਾਨ ਤਕ ਕੁਰਬਾਨ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ।
ਨਿਆਮਗਿਰੀ ਵਿਚ ਬਾਕਸਾਈਟ ਦੇ ਬੇਅੰਤ ਭੰਡਾਰ ਮੌਜੂਦ ਹਨ। ਵੱਖ-ਵੱਖ ਸਰਕਾਰਾਂ ਨੇ ਕੌਮਾਂਤਰੀ ਕੰਪਨੀ ਵੇਦਾਂਤਾ ਨੂੰ ਮੀਲਾਂਬੱਧੀ ਰਕਬਾ ਵੇਚ ਦਿੱਤਾ ਹੈ। ਇਹ ਕੰਪਨੀ ਦੁਨੀਆਂ ਭਰ ਦੀਆਂ ਕੁਝ ਕੁ ਵੱਡੀਆਂ ਕੰਪਨੀਆਂ ਵਿਚੋਂ ਇਕ ਹੈ। ਇਸ ਦਾ ਮਾਲਕ ਅਨਿਲ ਅਗਰਵਾਲ ਹੈ, ਜੋ ਲੰਡਨ ਦੀ ਉਸ ਕੋਠੀ ਵਿਚ ਰਹਿੰਦਾ ਹੈ, ਜਿਥੇ ਕਦੇ ਇਰਾਨ ਦਾ ਸ਼ਾਹ ਰਹਿੰਦਾ ਸੀ।
ਭਾਰਤ ਦੀ ਆਜ਼ਾਦੀ ਦੇ 72 ਸਾਲ ਗੁਜ਼ਰ ਜਾਣ ‘ਤੇ ਵੀ ਇਨ੍ਹਾਂ ਦੂਰ-ਦਰਾਡੇ ਪਹਾੜੀ ਇਲਾਕਿਆਂ ਵਿਚ ਰਹਿੰਦੇ ਆਦਿਵਾਸੀਆਂ ਕੋਲ ਬਿਜਲੀ ਦੀ ਸਹੂਲਤ ਤਾਂ ਇਕ ਪਾਸੇ ਰਹੀ, ਸਰਕਾਰ ਅੱਜ ਤੱਕ ਇਨ੍ਹਾਂ ਦੀ ਪੱਕੀ ਰਿਹਾਇਸ਼, ਸਿਹਤ ਸੰਭਾਲ, ਬੱਚਿਆਂ ਦੀ ਮੁਢਲੀ ਵਿਦਿਆ ਅਤੇ ਕਾਨੂੰਨੀ ਚਾਰਾਜੋਈ ਦੇ ਸਾਧਨ ਤੱਕ ਮੁਹੱਈਆ ਨਹੀਂ ਕਰਵਾ ਸਕੀ। ਛੋਟੇ ਵਪਾਰੀ ਅਤੇ ਸੂਦਖੋਰ ਇਨ੍ਹਾਂ ਦੀ ਲੁੱਟ ਕਰਦੇ ਆ ਰਹੇ ਹਨ। ਜੰਗਲਾਤ ਮਹਿਕਮੇ ਵਾਲੇ ਹੋਣ ਜਾਂ ਪੁਲਿਸ ਕਰਮਚਾਰੀ, ਇਨ੍ਹਾਂ ਗਰੀਬਾਂ ਦੀਆਂ ਔਰਤਾਂ ਨਾਲ ਬਦਸਲੂਕੀ ਰੋਜ਼ਮੱਰਾ ਦੀ ਕਹਾਣੀ ਹੈ। ਔਰਤਾਂ ਦੀ ਇੱਜਤ ਨਾਲ ਖਿਲਵਾੜ ਕਰਨਾ ਜਿਵੇਂ ਇਨ੍ਹਾਂ ਦਾ ਕਾਨੂੰਨੀ ਹੱਕ ਹੋਵੇ!
ਜ਼ਿਆਦਤੀ ਦੀ ਹੱਦ ਦੇਖੋ ਕਿ ਸਰਕਾਰ ਵਿਕਾਸ ਦੇ ਨਾਂ ‘ਤੇ ਜ਼ਮੀਨ ਆਪਣੇ ਕਬਜ਼ੇ ਵਿਚ ਲੈ ਕੇ ਉਥੇ ਹਵਾਈ ਪੱਟੀ ਜਾਂ ਹੈਲੀਪੈਡ ਤਿਆਰ ਕਰਾਉਣ ਲੱਗ ਪੈਂਦੀ ਹੈ। ਇਹੀ ਕਾਰਨ ਹੈ ਕਿ ਇਹ ਆਦਿਵਾਸੀ ਲੋਕ ਸਰਕਾਰ ‘ਤੇ ਯਕੀਨ ਨਹੀਂ ਕਰਦੇ। ਉਨ੍ਹਾਂ ਦਾ ਖਿਆਲ ਹੈ ਕਿ ਸਰਕਾਰ ਉਨ੍ਹਾਂ ਦੀ ਜਾਇਦਾਦ ਅਤੇ ਘਰ ਹੜੱਪਣਾ ਚਾਹੁੰਦੀ ਹੈ ਤਾਂ ਜੋ ਉਨ੍ਹਾਂ ਦਾ ਸਫਾਇਆ ਕੀਤਾ ਜਾ ਸਕੇ। ਇਹ ਆਦਿਵਾਸੀ ਜੰਗਲਾਂ ਦੀ ਧਰਤੀ ਦੇ ਚੱਪੇ-ਚੱਪੇ ਤੋਂ ਵਾਕਫ ਹਨ, ਜੋ ਹੁਣ ਮਜਬੂਰੀਵਸ ਹਥਿਆਰ ਚੁੱਕ ਕੇ ਆਪਣੇ ਕੀਮਤੀ ਵਸੀਲਿਆਂ ਦੀ ਰਾਖੀ ਲਈ ਜਾਨ ਦੀ ਬਾਜ਼ੀ ਲਾ ਰਹੇ ਹਨ। ਇਨ੍ਹਾਂ ਨੂੰ ਜੇ ਹੁਣ ਇਨਸਾਫ ਦੀ ਕੋਈ ਕਿਰਨ ਦਿਖਾਈ ਦੇ ਰਹੀ ਹੈ ਤਾਂ ਉਹ ਉਸ ਜਥੇਬੰਦੀ ਦੇ ਲੋਕ ਹਨ, ਜੋ ਇਨ੍ਹਾਂ ਆਦਿਵਾਸੀਆਂ ਦੇ ਹੱਕਾਂ ਲਈ ਲੜ-ਮਰ ਰਹੇ ਹਨ। ਆਦਿਵਾਸੀ ਇਸ ਜਥੇਬੰਦੀ ਦੇ ਮੈਂਬਰਾਂ ਨੂੰ ਪਨਾਹ ਦੇਣ ਵਿਚ ਫਖਰ ਮਹਿਸੂਸ ਕਰਦੇ ਹਨ ਅਤੇ ਇਨ੍ਹਾਂ ਨਾਲ ਮਿਲ ਕੇ ਸ਼ਹਾਦਤ ਦੇ ਜਾਮ ਪੀ ਰਹੇ ਹਨ। ਉਸ ਜਥੇਬੰਦੀ ਨੂੰ ਸਰਕਾਰ ਮਾਓਵਾਦੀ ਕਹਿ ਕੇ ਬਦਨਾਮ ਕਰ ਰਹੀ ਹੈ।
ਆਦਿਵਾਸੀਆਂ ਦੀ ਲੁੱਟ ਦਾ ਤਰੀਕਾ ਇਹ ਹੈ ਕਿ ਮਨਜ਼ੂਰਸ਼ੁਦਾ ਕੰਪਨੀਆਂ ਕੱਚੀ ਧਾਤ, ਜੋ ਪਹਾੜਾਂ ਵਿਚ ਹੀ ਪਈ ਹੈ, ਦਾ ਸੌਦਾ ਆਲਮੀ ਮੰਡੀ ਵਿਚ ਕਰ ਲੈਂਦੀਆਂ ਹਨ। ਫਿਰ ਜ਼ਰੂਰੀ ਹੋ ਜਾਂਦਾ ਹੈ ਕਿ ਵਕਤ ਸਿਰ ਉਸ ਧਾਤ ਦਾ ਭੁਗਤਾਨ ਕੀਤਾ ਜਾਵੇ। ਸਰਕਾਰ ਉੜੀਸਾ ਦੀ ਹੋਵੇ, ਝਾਰਖੰਡ ਦੀ ਜਾਂ ਫਿਰ ਛਤੀਸਗੜ੍ਹ ਦੀ, ਵੱਖਰੇ ਵਿਚਾਰ ਰੱਖਣ ਵਾਲੇ ਸਮਾਜ ਸੇਵੀਆਂ ਜਾਂ ਸਿਆਸੀ ਕਾਰਕੁਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਮਾਓਵਾਦੀ ਜਾਂ ਉਨ੍ਹਾਂ ਦੇ ਸਮਰਥਕ ਦੱਸ ਕੇ ਜੇਲ੍ਹ ਅੰਦਰ ਡੱਕਣਾ ਸ਼ੁਰੂ ਕਰ ਦਿੰਦੀ ਹੈ।
ਇਸ ਦੇ ਨਾਲ ਹੀ ਸਰਕਾਰ ਸੀ. ਆਰ. ਪੀ. ਐਫ਼, ਬੀ. ਐਸ਼ ਐਫ਼, ਨਾਗਾ ਰੈਜੀਮੈਂਟ ਆਦਿ ਸੁਰੱਖਿਆ ਦਸਤਿਆਂ ਦੀ ਮਦਦ ਨਾਲ ਕੰਪਨੀਆਂ ਲਈ ਰਾਹ ਪੱਧਰਾ ਕਰਦੀ ਹੈ ਅਤੇ ਆਦਿਵਾਸੀਆਂ ਨੂੰ ਘਰ-ਬਾਰ ਛੱਡ ਮਾਰੇ-ਮਾਰੇ ਫਿਰਨ ਲਈ ਮਜਬੂਰ ਕੀਤਾ ਜਾਂਦਾ ਹੈ। ਦਾਂਤੇਵਾੜਾ ਦੇ ਜੰਗਲਾਂ ਵਿਚ ਜਬਰ-ਜਨਾਹ ਅੱਗਜ਼ਨੀ ਅਤੇ ਮੌਤ ਦਾ ਨੰਗਾ-ਚਿੱਟਾ ਨਾਚ ਆਮ ਹੀ ਦੇਖਣ ਨੂੰ ਮਿਲਦਾ ਹੈ। ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਇਹ ਖੁੱਲ੍ਹ ਵੀ ਦਿੱਤੀ ਹੋਈ ਹੈ ਕਿ ਜੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੋਵੇ ਤਾਂ ਉਹ ਗੋਲੀ ਵੀ ਚਲਾ ਸਕਦੇ ਹਨ। ਇਹ ਸਰਕਾਰੀ ਜਬਰ ਦੀ ਇੰਤਹਾ ਹੈ।
ਵਿਕਾਸ ਦੇ ਨਾਂ ‘ਤੇ ਉਜਾੜੇ ਪਿੰਡਾਂ ਦੀ ਕਰੀਬ ਇਕ ਲੱਖ ਚਾਲੀ ਹਜ਼ਾਰ ਏਕੜ ਜ਼ਮੀਨ ਉਤੇ ਕੋਈ ਪੰਜ ਕਰੋੜ ਲੋਕਾਂ ਦੀ ਬਹਾਲੀ ਤੋਂ ਸਰਕਾਰ ਆਪਣੀ ਅਸਮਰੱਥਾ ਜਾਹਰ ਕਰ ਰਹੀ ਹੈ। ਇਹ ਜ਼ਮੀਨ ਉੜੀਸਾ, ਛਤੀਸਗੜ੍ਹ, ਝਾਰਖੰਡ ਅਤੇ ਪੱਛਮੀ ਬੰਗਾਲ ਦੇ ਹਿੱਸਿਆਂ ਵਿਚ ਹੈ ਅਤੇ ਆਦਿਵਾਸੀ ਕਈ ਸਾਲ ਵੱਡੀਆਂ-ਵੱਡੀਆਂ ਕੰਪਨੀਆਂ ਖਿਲਾਫ ਲੜਦੇ ਰਹੇ ਅਤੇ ਕਿਸੇ ਹਦ ਤੱਕ ਇਨ੍ਹਾਂ ਨੂੰ ਰੋਕਣ ਵਿਚ ਕਾਮਯਾਬ ਵੀ ਰਹੇ।
ਅੱਜ ਵੀ ਆਦਿਵਾਸੀ ਇਹੀ ਕਹਿ ਰਹੇ ਹਨ ਕਿ ਉਹ ਜਾਨ ਤਾਂ ਦੇ ਦੇਣਗੇ, ਪਰ ਆਪਣੇ ਬਜੁਰਗਾਂ ਤੋਂ ਵਿਰਾਸਤ ਵਿਚ ਮਿਲੀ ਇਸ ਜ਼ਮੀਨ ‘ਤੇ ਇਨ੍ਹਾਂ ਕੰਪਨੀਆਂ ਦੇ ਨਾਪਾਕ ਕਦਮ ਨਹੀਂ ਰੱਖਣ ਦੇਣਗੇ। ਪਿਛਲੇ ਸਾਲਾਂ ਦੌਰਾਨ ਅਸੀਂ ਦੇਖ ਚੁਕੇ ਹਾਂ ਕਿ ਪੱਛਮੀ ਬੰਗਾਲ ਦੀ ਹਕੂਮਤ ਨੇ ਨੰਦੀਗ੍ਰਾਮ ਅਤੇ ਸਿੰਗੂਰ ਜਿਹੇ ਇਲਾਕੇ ਖਾਲੀ ਕਰਵਾਉਣ ਲਈ ਸਰਕਾਰੀ ਜਬਰ ਦੀ ਇੰਤਹਾ ਕਰ ਦਿੱਤੀ ਸੀ, ਪਰ ਲੋਕਾਂ ਦੇ ਰੋਹ ਅੱਗੇ ਸਰਕਾਰ ਨੂੰ ਅਖੀਰ ਝੁਕਣਾ ਪਿਆ ਸੀ।
ਹਿੰਦੋਸਤਾਨ ਦੇ ਨਾਮੀ-ਗਰਾਮੀ ਪੱਤਰਕਾਰਾਂ, ਸਿਆਸੀ ਪੰਡਿਤਾਂ, ਬੁੱਧੀਜੀਵੀਆਂ, ਸਮਾਜ ਸੇਵੀਆਂ, ਵਕੀਲਾਂ ਅਤੇ ਸ਼ਹਿਰੀ ਅਜ਼ਾਦੀਆਂ ਨੂੰ ਪ੍ਰਨਾਈਆਂ ਜਥੇਬੰਦੀਆਂ ਦੇ ਆਗੂਆਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਆ ਕੇ ਕਈ ਮੀਟਿੰਗਾਂ ਕੀਤੀਆਂ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਠੰਢੀ ਕਹੀ ਜਾਣ ਵਾਲੀ ਇਸ ਜੰਗ ਨੂੰ ਮੋੜਾ ਦਿੱਤਾ ਜਾਵੇ ਅਤੇ ਆਦਿਵਾਸੀਆਂ ਦੇ ਮੋਹਰੀਆਂ ਨਾਲ ਟੇਬਲ ‘ਤੇ ਬੈਠ ਕੇ ਇਸ ਸਮੱਸਿਆ ਦਾ ਹੱਲ ਲੱਭਿਆ ਜਾਵੇ ਤਾਂ ਜੋ ਖੁੱਲ੍ਹੇ ਦਿਲ ਨਾਲ ਆਦਿਵਾਸੀਆਂ, ਜੋ ਸਦੀਆਂ ਤੋਂ ਉਥੇ ਰਹਿ ਰਹੇ ਹਨ, ਉਨ੍ਹਾਂ ਦੇ ਇਸ ਪੱਖ ਬਾਰੇ ਵਿਚਾਰ ਕੀਤਾ ਜਾਵੇ। ਅਫਸੋਸ! ਇਹ ਸੁਝਾਅ ਉਸ ਵੇਲੇ ਦੇ ਗ੍ਰਹਿ ਮੰਤਰੀ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਇਸ ਤਰ੍ਹਾਂ ਕਰਨ ਨਾਲ ਅਤਿਵਾਦ ਅਤੇ ਮਾਓਵਾਦ ਨੂੰ ਹੁਲਾਰਾ ਮਿਲੇਗਾ। ਸਕਰਾਰ ਨੇ ਆਪਣੀ ਸਾਰੀ ਨੌਕਰਸ਼ਾਹੀ (ਬਿਊਰੋਕੇਸੀ) ਨੂੰ ਇਸ ਪ੍ਰਚਾਰ ‘ਤੇ ਲਾਇਆ ਹੋਇਆ ਹੈ ਕਿ ਇਸ ਮਸਲੇ ਨੂੰ ਮਾਓਵਾਦ ਅਤੇ ਅਤਿਵਾਦ ਨਾਲ ਜੋੜ ਕੇ ਆਦਿਵਾਸੀਆਂ ਨੂੰ ਤਾਕਤ ਦੇ ਜ਼ੋਰ ਨਾਲ ਕੁਚਲ ਦਿੱਤਾ ਜਾਵੇ। ਸਰਕਾਰ ਅਤੇ ਨੌਕਰਸ਼ਾਹੀ ਪਹਾੜਾਂ ‘ਤੇ ਉਗੀ ਬਨਸਪਤੀ, ਕੀਮਤੀ ਲੱਕੜ ਅਤੇ ਪਹਾੜਾਂ ਅੰਦਰ ਪਈਆਂ ਧਾਤਾਂ ਉਤੇ ਆਪਣਾ ਹੱਕ ਸਮਝਦੀ ਹੈ। ਅੱਜ ਕੱਲ੍ਹ ਦੇ ਹਾਲਾਤ ਦੱਸ ਰਹੇ ਹਨ ਕਿ ਇਹ ਆਖਰਕਾਰ ਸਰਕਾਰ ਦੀ ਨਾਸਮਝੀ ਸਾਬਤ ਹੋਵੇਗੀ ਅਤੇ ਫੈਸਲਾ ਜਨਤਾ ਦੇ ਹੱਕ ਵਿਚ ਹੋਵੇਗਾ।
ਭਾਰਤ ਦੇ ਚਮਤਕਾਰੀ ਵਿਕਾਸ ਮਾਡਲ ਦਾ ਪ੍ਰਚਾਰ ਵਧ-ਚੜ੍ਹ ਕੇ ਕੀਤਾ ਜਾ ਰਿਹਾ ਹੈ, ਪਰ ਅਸਲ ਵਿਚ ਇਹ ਟੋਏ ਵਿਚ ਫਸੇ ਜਹਾਜ ਵਾਂਗ ਲੱਗਦਾ ਹੈ। ਲੋਕਾਂ ਨੂੰ ਸਮਾਜਕ ਅਤੇ ਵਾਤਾਵਰਣ ਦੀ ਤਬਾਹੀ ਦੀ ਕੀਮਤ ਇਕ ਨਾ ਇਕ ਦਿਨ ਚੁਕਾਉਣੀ ਪਵੇਗੀ, ਕਿਉਂ ਜੋ ਜੰਗਲ ਵਗੈਰਾ ਇਨਸਾਨ ਆਪ ਖਤਮ ਕਰ ਰਿਹਾ ਹੈ। ਦਰਿਆ ਸੁੱਕ ਰਹੇ ਹਨ। ਸ਼ਹਿਰਾਂ ਅਤੇ ਫੈਕਟਰੀਆਂ ਦਾ ਗੰਦਾ ਪਾਣੀ ਵਗਦੇ ਦਰਿਆਵਾਂ ਵਿਚ ਸੁਟਿਆ ਜਾ ਰਿਹਾ ਹੈ। ਪੀਣ ਵਾਲਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ। ਪਾਣੀ ਵਿਚ ਰਹਿਣ ਵਾਲੇ ਜੀਵ-ਜੰਤੂ ਤੜਫ-ਤੜਫ ਕੇ ਮਰ ਰਹੇ ਹਨ। ਦੂਜੇ ਪਾਸੇ, ਧਰਤੀ ਹੇਠਲਾ ਪਾਣੀ ਦਿਨੋ ਦਿਨ ਥੱਲੇ ਜਾ ਰਿਹਾ ਹੈ, ਸਗੋਂ ਇਕ ਲਿਹਾਜ਼ ਨਾਲ ਖਾਤਮੇ ਵਲ ਵੱਧ ਰਿਹਾ ਹੈ। ਲੋਕਾਂ ਨੂੰ ਇਸ ਬਾਰੇ ਹੁਣ ਥੋੜ੍ਹੀ-ਥੋੜ੍ਹੀ ਸਮਝ ਪੈਣੀ ਸ਼ੁਰੂ ਹੋ ਚੁਕੀ ਹੈ। ਉਹ ਇਸ ਲਈ ਫਿਕਰਮੰਦ ਵੀ ਹੋ ਰਹੇ ਹਨ ਕਿ ਆਉਣ ਵਾਲੇ ਚੰਦ ਸਾਲਾਂ ਤਕ ਕੀ ਵਾਪਰਨ ਵਾਲਾ ਹੈ! ਪੂਰੇ ਦੇਸ਼ ਵਿਚ ਘੱਟਗਿਣਤੀ ਲੋਕਾਂ ਅੰਦਰ ਬੇਚੈਨੀ ਵਧ ਰਹੀ ਹੈ। ਲੋਕਾਂ ਦਾ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਯਕੀਨ ਘਟ ਰਿਹਾ ਹੈ। ਇਹ ਦੇਸ਼ ਦੀ ਜਮਹੂਰੀਅਤ ਲਈ ਖਤਰਾ ਬਣ ਸਕਦਾ ਹੈ।