ਜਸਪਾਲ ਸਿੰਘ ਸਿੱਧੂ, ਡਾ. ਬਲਕਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ

ਕਿਸੇ ਵਿਦਵਾਨ ਨੇ ਫੁਰਮਾਇਆ ਸੀ ਕਿ ਲੋਕ ਉਸ ‘ਤੇ ਹੱਸਦੇ ਹਨ ਕਿ ਉਹ ਸਭ ਤੋਂ ਵੱਖਰਾ ਕਿਉਂ ਸੋਚਦਾ ਹੈ, ਪਰ ਉਹ ਸਭ ‘ਤੇ ਹੱਸਦਾ ਹੈ ਕਿ ਸਭ ਇੱਕੋ ਤਰ੍ਹਾਂ ਹੀ ਕਿਉਂ ਸੋਚਦੇ ਹਨ? ਇਨਸਾਨੀ ਦਿਮਾਗ ਦੀ ਇਹੀ ਵਿਲੱਖਣ ਫਿਤਰਤ ਹੈ, ਜੋ ਉਸ ਨੂੰ ਜਾਨਵਰ ਨਾਲੋਂ ਵੱਖ ਕਰਦੀ ਹੈ। ਮਸਲਨ ਇੱਕ ਪਾਸੇ ਧਾਰਮਿਕ ਜਨੂੰਨੀ ਹਨ, ਜੋ ਇੰਨ ਬਿੰਨ ਪੂਰਵਜਾਂ ਦੀਆਂ ਉਲੀਕੀਆਂ ਸ਼ਬਦੀ ਪਗਡੰਡੀਆਂ ਨੂੰ ਲਕੀਰ ਦੇ ਫਕੀਰ ਬਣ ਕੇ ਅਪਨਾਉਂਦੇ ਹਨ, ਜਦੋਂ ਕਿ ਦੂਜੇ ਉਸ ਨੂੰ ਅੱਜ ਦੇ ਸੰਦਰਭ ਵਿਚ ਸਿਰਜਣਾਤਮਕ ਰੂਪ ਵਿਚ ਢਾਲਦੇ ਹਨ। ਵਿਗਿਆਨੀ ਭਾਈਚਾਰਾ ਦੂਜੇ ਕਿਸਮ ਦੇ ਇਨਸਾਨਾਂ ਦੀ ਨੁਮਾਇੰਦਗੀ ਕਰਦਾ ਹੈ, ਜਿਨ੍ਹਾਂ ਸਦਕਾ ਦੁਨੀਆਂ ਦਾ ਮੁਹਾਂਦਰਾ ਬਦਲਿਆ ਹੈ।

ਕਿਸਾਨ ਭਵਨ, ਚੰਡੀਗੜ੍ਹ ਵਿਖੇ ਪੰਜਾਬ ਦੀ ਰਾਜਨੀਤੀ ਦੇ ਸੰਦਰਭ ਵਿਚ 9 ਮਾਰਚ 2020 ਨੂੰ ਹੋਈ ਇੱਕ ਮੀਟਿੰਗ ਦੌਰਾਨ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਇੱਕ ਛੋਟੀ ਜਿਹੀ ਤਕਰੀਰ ਸੁਣਨ ਨੂੰ ਮਿਲੀ, ਜਿਸ ਵਿਚ ਸ਼ ਸਿੱਧੂ ਅੱਜ ਤੋਂ ਸੌ, ਡੇਢ ਸੌ ਸਾਲ ਪਹਿਲਾਂ ਭਾਰਤੀ ਸਿਆਸਤ ‘ਚ ਹੋਈਆਂ ਸਭ ਸਰਗਰਮੀਆਂ ਨੂੰ ‘ਫਰਾਡ’ ਦੱਸਦੇ ਹਨ। ਉਹ ਤਾਂ ਉਸ ਸਮੇਂ ਬਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਐਕਟ ਨੂੰ ਵੀ ਫਰਾਡ ਦੱਸਦੇ ਹਨ, ਜਦੋਂ ਕਿ ਚੋਣਾਂ ਹੀ ਇੱਕਮਾਤਰ ਲੋਕਤੰਤਰੀ ਪ੍ਰਣਾਲੀ ਹੈ। ਉਨ੍ਹਾਂ ਅਨੁਸਾਰ ਸਾਰਾ ਭਾਰਤੀ ਲੋਕਤੰਤਰ ਫਰਾਡ ਹੈ, ਜੋ ਘੱਟਗਿਣਤੀਆਂ ਦੇ ਘਾਣ ਲਈ ਬਣਿਆ ਹੈ। ਉਨ੍ਹਾਂ ਮੁਤਾਬਕ ਕਾਂਗਰਸ ਤੇ ਭਾਜਪਾ ਇੱਕੋ ਤਰ੍ਹਾਂ ਦੇ ਫਰਾਡ ਹਨ। ਕੁਲ ਮਿਲਾ ਕੇ ਜੇ ਸਭ ਕੁਝ ਫਰਾਡ ਹੈ ਤਾਂ ਸਹੀ ਕੀ ਹੈ? ਇਸ ਦਾ ਜੁਆਬ ਤਾਂ ਉਹ ਹੀ ਜਾਣਦੇ ਹੋਣਗੇ, ਪਰ ਕੀ ਪਤਾ ਹਕੂਮਤ ਵੱਲੋਂ ਸਿੱਖਾਂ ਨਾਲ ਵਧੀਕੀਆਂ ਦਾ ਰਾਗ ਅਲਾਪ ਕੇ ਉਹ ਵੱਖਵਾਦ ਦਾ ਰਾਹ ਪੱਧਰਾ ਕਰਨਾ ਲੋਚਦੇ ਹੋਣ! ਉਨ੍ਹਾਂ ਦੀ ਤਕਰੀਰ ਤੋਂ ਤਾਂ ਇਹੀ ਜਾਪਦਾ ਹੈ।
ਜਸਪਾਲ ਸਿੰਘ ਸਿੱਧੂ ਜਿਹਿਆਂ ਦੇ ਉਠਾਏ ਕੁਝ ਕੁ ਨੁਕਤਿਆਂ ਬਾਰੇ ਆਪਣੇ ਵਿਚਾਰ ਪੇਸ਼ ਕਰਨੇ ਚਾਹਾਂਗਾ। ਬਹੁਤੀ ਡੂੰਘਾਈ ‘ਚ ਨਾ ਜਾ ਕੇ ਕੁਝ ਕੁ ਬੁਨਿਆਦੀ ਸਵਾਲਾਂ ਦੇ ਜਵਾਬ ਆਪ ਮੁਹਾਰੇ ਹੀ ਮਿਲ ਜਾਂਦੇ ਹਨ। ਜੱਗ ਜਾਹਰ ਹੈ ਕਿ ਅਜ਼ਾਦੀ ਪਿਛੋਂ ਪੰਡਿਤ ਜਵਾਹਰ ਲਾਲ ਨਹਿਰੂ ਵਲੋਂ ਦੇਸ਼ ਦੀ ਵਾਗਡੋਰ ਸੰਭਾਲਣ ਪਿਛੋਂ ਦੇਸ਼ ਤਰੱਕੀ ਦੇ ਰਾਹ ਪਿਆ। ਪੰਡਿਤ ਨਹਿਰੂ ਉੱਤਰ ਪ੍ਰਦੇਸ਼ ਜਾਂ ਕਹੀਏ ਹਿੰਦੂ ਹਾਰਟਲੈਂਡ (ਬਿਹਾਰ ਸਮੇਤ) ਤੋਂ ਸਨ, ਜਿੱਥੋਂ 50 ਸਾਲਾਂ ਤੋਂ ਰੋਜੀ ਰੋਟੀ ਦੀ ਭਾਲ ‘ਚ ਅੱਜ ਤੱਕ ਪੰਜਾਬ ‘ਚ ਭੱਈਆਂ ਦੀ ਆਮਦ ਬਰਕਰਾਰ ਹੈ, ਜਿਨ੍ਹਾਂ ਨੇ ਪੰਜਾਬ ਦੀ ਹਰੀ ਕ੍ਰਾਂਤੀ ਵਿਚ ਦਲਿਤਾਂ ਵਾਂਗ ਨਿੱਠ ਕੇ ਮਿਹਨਤ ਕਰ ਕੇ ਯੋਗਦਾਨ ਪਾਇਆ।
ਪਰ ਪੰਜਾਬ ਅੰਦਰ ਉਨ੍ਹਾਂ ਦੀ ਔਕਾਤ ਘਸਿਆਰਿਆਂ ਤੋਂ ਵੱਧ ਨਹੀਂ ਹੈ| ਕੀ ਸ਼ ਸਿੱਧੂ ਦੱਸਣਗੇ ਕਿ ਨਵੀ ਦਿੱਲੀ ‘ਚ ਯੂ. ਐਨ. ਆਈ. ਦੇ ਸੇਵਾ ਕਾਲ ਦੌਰਾਨ ਜਿਸ ਨੂੰ ਉਹ ਸਜ਼ਾ ਦੱਸਦੇ ਹਨ, ਉਨ੍ਹਾਂ ਨੂੰ ਕਦੀ ਕਿਸੇ ਨੇ ਘਸਿਆਰੇ ਹੋਣ ਦਾ ਅਹਿਸਾਸ ਦਿਤਾ ਸੀ? ਪੰਜਾਬ ਤੋਂ ਬਾਹਰ ਦਿੱਲੀ, ਕਾਨ੍ਹਪੁਰ, ਕਲਕੱਤਾ, ਮੁੰਬਈ ਜਾਂ ਤਰਾਈ ‘ਚ ਵੱਸੇ ਹੋਏ ਸਿੱਖ ਭਾਈਚਾਰੇ ਦੇ ਲੋਕ ਪੰਜਾਬ ਵਿਚ ਆ ਕੇ ਮੁਸ਼ੱਕਤ ਕਰਕੇ ਘਸਿਆਰਿਆਂ ਵਾਂਗ ਗੁਜ਼ਰ ਬਸਰ ਕਰਨ ਵਾਲੇ ਯੂ. ਪੀ. ਜਾਂ ਬਿਹਾਰ ਦੇ ਭੱਈਆਂ ਵਾਂਗ ਕਿਧਰੇ ਵੀ ਕੀ ਉਨ੍ਹਾਂ ਨੂੰ ਘਸਿਆਰੇ ਬਣੇ ਨਜ਼ਰ ਆਉਂਦੇ ਹਨ? ਕੀ ਹਿੰਦੂ ਹਾਰਟਲੈਂਡ ਪੰਜਾਬ, ਤਾਮਿਲਨਾਡੂ ਜਾਂ ਬੰਗਾਲ ‘ਤੇ ਅੱਜ ਉਸ ਤਰ੍ਹਾਂ ਰਾਜ ਕਰ ਰਹੀ ਹੈ, ਜਿਸ ਤਰ੍ਹਾਂ 1947 ਤੋਂ ਪਹਿਲਾਂ ਭਾਰਤ ਉਤੇ ਗਰੇਟ ਬ੍ਰਿਟੇਨ ਦੀ ਹਾਰਟਲੈਂਡ ਰਾਜ ਕਰਦੀ ਸੀ?
ਪਿੱਛੇ ਜਿਹੇ ਇੱਕ ਸੰਸਥਾ ਦੇ ਸਰਵੇਖਣ ਅਨੁਸਾਰ ਪੰਜਾਬ ਹਾਲੇ ਤੱਕ ਹੋਰਨਾਂ ਬਹੁਤੀਆਂ ਸਟੇਟਾਂ ਨਾਲੋਂ ਖੁਸ਼ਹਾਲ ਹੈ। ਇੱਕ ਹੋਰ ਗੱਲ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਨਹਿਰੂ ਨੇ ਸਿੱਖਾਂ ਨਾਲ ਕੀਤੇ ਵਾਅਦੇ ਨਹੀਂ ਨਿਭਾਏ। ਵਾਅਦਾ ਸੀ, ਘੱਟਗਿਣਤੀ ਸਿੱਖਾਂ ਨੂੰ ਹੋਰ ਬਹੁਗਿਣਤੀਆਂ ਦੇ ਬਰਾਬਰ ਹੱਕ ਮਿਲਣ ਦਾ, ਜੋ ਤੱਥਾਂ ਦੀ ਇਮਾਨਦਾਰ ਘੋਖ ਪਿਛੋਂ ਬਿਲਕੁਲ ਪੂਰਾ ਕੀਤਾ ਗਿਆ ਹੈ। ਇਸ ਦਾ ਸਬੂਤ ਹੈ, ਅਜ਼ਾਦ ਭਾਰਤ ‘ਚ ਹਰ ਖੇਤਰ ਵਿਚ ਸਿੱਖਾਂ ਨੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਰਾਜਨੀਤੀ ਅਤੇ ਫੌਜ ਵਿਚ ਉਚੇ ਅਹੁਦਿਆਂ ਸਮੇਤ ਜੀਵਨ ਦੇ ਹਰ ਖੇਤਰ ‘ਚ ਸਿੱਖਾਂ ਦੀ ਝੰਡੀ ਰਹੀ ਹੈ। ਜੇ ਕਿਸੇ ਕੋਲ ਵਕਤ ਹੋਵੇ ਤਾਂ ਉੱਤਰ ਪ੍ਰਦੇਸ਼ ਦਾ ਤਰਾਈ ਇਲਾਕਾ ਜਾ ਕੇ ਦੇਖਿਆ ਜਾ ਸਕਦਾ ਹੈ, ਜਿੱਥੇ ਪੰਜਾਬੋਂ ਆ ਸਿੱਖਾਂ ਨੇ ਕਿਸਾਨੀ ਵਿਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਉਸ ਇਲਾਕੇ ਵਿਚ ਰਹਿੰਦੇ ਖੁਸ਼ਹਾਲ ਪੰਜਾਬੀਆਂ ਨੂੰ ਉਥੋਂ ਦੇ ਪ੍ਰਸ਼ਾਸਨ ਨਾਲ ਕਦੇ ਵੀ ਕੋਈ ਸ਼ਿਕਾਇਤ ਨਹੀਂ ਹੋਈ। 1984 ਦੀ ਫਿਰਕਾਪ੍ਰਸਤ ਹਨੇਰੀ ਪਿਛੋਂ ਵੀ ਨਹੀਂ।
ਇਹ ਭਰਮ ਵੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਕਿ ਹਿੰਦੂਤਵ ਸਿੱਖੀ ਲਈ ਖਤਰਾ ਹੈ। ‘ਪੰਜਾਬ ਟਾਈਮਜ਼’ ਦੇ 28 ਮਾਰਚ ਦੇ ਅੰਕ ਵਿਚ ਛਪਿਆ ਵਿਦਵਾਨ ਪ੍ਰੋ. ਬਲਕਾਰ ਸਿੰਘ ਦਾ ਲੇਖ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਮੁੱਖ ਚੁਣੌਤੀਆਂ’ ਬਾਦਲੀਲ ਸਿੱਧ ਕਰਦਾ ਹੈ ਕਿ ਅਯੋਗ ਅਤੇ ਮੌਕਾਪ੍ਰਸਤ ਲੀਡਰਸ਼ਿਪ ਕਾਰਨ ਸਿੱਖੀ ਨੂੰ ਬਾਹਰੋਂ ਨਹੀਂ, ਅੰਦਰੋਂ ਬਹੁਤੀ ਢਾਅ ਲੱਗ ਰਹੀ ਹੈ। ਅਕਲ ਨਾਲੋਂ ਸ਼ਕਲ ਨੂੰ ਅਤੇ ਕੰਮ ਨਾਲੋਂ ਚਾਪਲੂਸੀ ਨੂੰ ਵੱਧ ਅਹਿਮੀਅਤ ਦਿੱਤੀ ਜਾ ਰਹੀ ਹੈ।
ਇਸੇ ਅੰਕ ‘ਚ ਛਪਿਆ ਡਾ. ਗੁਰਨਾਮ ਕੌਰ ਦਾ ਲੇਖ ਬੜੀ ਸ਼ਿੱਦਤ ਨਾਲ ਬਿਆਨ ਕਰਦਾ ਹੈ ਕਿ ਕਿਵੇਂ ਬੇਮਤਲਬ ਦੀਆਂ ਮਰਿਆਦਾਵਾਂ ਦੀ ਰਾਖੀ ਦੇ ਨਾਂ ‘ਤੇ ਸਤਿਕਾਰ ਕਮੇਟੀਆਂ ਮਾਰਫਤ ਕੱਟੜਤਾ ਸਿੱਖੀ ਦਾ ਗਲਾ ਘੁੱਟ ਰਹੀ ਹੈ। ਇਸੇ ਅੰਕ ਵਿਚ ਦਵਿੰਦਰ ਸਿੰਘ ਘੁੰਮਣ ਵੀ ਨਫਰਤ ਦੀ ਰਾਜਨੀਤੀ ਦਾ ਠੀਕਰਾ ਸਿਰਫ ਇੱਕ ਧਿਰ ਦੇ ਸਿਰ ਭੰਨਦੇ ਹਨ। ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਉਨ੍ਹਾਂ ਨੂੰ ਵੀ ਗਵਾਰਾ ਨਹੀਂ।
ਬੇਨਤੀ ਇਹੀ ਹੈ ਕਿ ਹਾਲੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਪੰਜਾਬ ਅਤੇ ਸਿੱਖੀ ਦੀ ਦੁਹਾਈ ਪਾ ਕੇ ਇਹ ਲੋਕ, ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿਚ ਸੈਟ ਹਨ, ਸਿਰਫ ਪੰਜਾਬ ਦੀ ਨੌਜਵਾਨੀ ਨੂੰ ਹੀ ਗੁੰਮਰਾਹ ਕਰ ਰਹੇ ਹਨ; ਇਸ ਨੂੰ ਸਮਝਣ ਦੀ ਲੋੜ ਹੈ। ਪੰਜਾਬੋਂ ਬਾਹਰ ਸਾਰੇ ਭਾਰਤ ‘ਚ ਅਮਨ ਨਾਲ ਵਸਦੀ ਸਿੱਖਾਂ ਦੀ ਵੱਡੀ ਆਬਾਦੀ ਦੀ ਸਲਾਮਤੀ ਦਾ ਧਿਆਨ ਰੱਖਦਿਆਂ ਹੋਰ 1947 ਜਾਂ 1984 ਦਾ ਦੁਹਰਾਓ ਰੋਕਣ ਲਈ ਇਸ ਵੰਡ ਪਾਊ ਸਿਆਸਤ ਤੋਂ ਪਰਹੇਜ਼ ਕਰ ਕੇ ਅਮਨ ਵੱਲ ਜਾਂਦੇ ਰਾਹ ‘ਤੇ ਚੱਲਣ ਵਿਚ ਹੀ ਸਭ ਦੀ ਭਲਾਈ ਹੈ।
-ਹਰਜੀਤ ਦਿਓਲ, ਬਰੈਂਪਟਨ
ਫੋਨ: 905-676-9242