ਕਰੋਨਾ ਤੋਂ ਬਾਅਦ ਕਿਹੋ ਜਿਹੀ ਹੋਵੇਗੀ ਦੁਨੀਆਂ?

ਦੁਨੀਆਂ ਦਾ ਇਕ ਵੀ ਮੁਲਕ ਕਰੋਨਾ ਵਾਇਰਸ ਦੀ ਮਾਰ ਤੋਂ ਬਚ ਨਹੀਂ ਸਕਿਆ ਹੈ। ਬੁੱਧੀਜੀਵੀ ਹੁਣ ਇਹ ਵਿਚਾਰਾਂ ਕਰ ਰਹੇ ਹਨ ਕਿ ਕਰੋਨਾ ਤੋਂ ਬਾਅਦ ਦੁਨੀਆਂ ਕਿਹੋ ਜਿਹੀ ਹੋਵੇਗੀ? ਇਜ਼ਰਾਈਲ ਦੇ ਪ੍ਰਸਿੱਧ ਵਿਦਵਾਨ ਯੁਵਾਲ ਨੋਆਹ ਹਰਾਰੀ ਨੇ ਇਸ ਪ੍ਰਸੰਗ ਵਿਚ ਇਕ ਲੇਖ ਲਿਖਿਆ ਹੈ, ਜਿਸ ਵਿਚ ਉਨ੍ਹਾਂ ਨੇ ਕਰੋਨਾ ਤੂਫਾਨ ਤੋਂ ਬਾਅਦ ਦੀ ਦੁਨੀਆਂ ਬਾਰੇ ਬਹੁਤ ਅਹਿਮ ਗੱਲਾਂ ਕੀਤੀਆਂ ਹਨ। ਇਸ ਲੇਖ ਨੂੰ ਰਤਾ ਕੁ ਸੰਖੇਪ ਕਰ ਕੇ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇਸ ਲੇਖ ਦਾ ਅਨੁਵਾਦ ਰਣਜੀਤ ਲਹਿਰਾ ਨੇ ਕੀਤਾ ਹੈ।

-ਸੰਪਾਦਕ

ਯੁਵਾਲ ਨੋਆਹ ਹਰਾਰੀ
ਅਨੁਵਾਦ: ਰਣਜੀਤ ਲਹਿਰਾ
ਫੋਨ: +91-94175-88616

ਦੁਨੀਆਂ ਭਰ ਵਿਚ ਮਨੁੱਖਤਾ ਸਾਹਮਣੇ ਵੱਡਾ ਖਤਰਾ ਖੜ੍ਹਾ ਹੋ ਗਿਆ ਹੈ। ਸਾਡੀ ਪੀੜ੍ਹੀ ਦਾ ਸ਼ਾਇਦ ਸਭ ਤੋਂ ਵੱਡਾ ਸੰਕਟ। ਆਉਣ ਵਾਲੇ ਕੁਝ ਦਿਨਾਂ ਵਿਚ ਦੁਨੀਆਂ ਭਰ ਦੀਆਂ ਸਰਕਾਰਾਂ ਅਤੇ ਲੋਕ ਜਿਹੜੇ ਫੈਸਲੇ ਕਰਨਗੇ, ਉਨ੍ਹਾਂ ਦੇ ਅਸਰਾਂ ਨਾਲ ਆਉਣ ਵਾਲੇ ਸਾਲਾਂ ਵਿਚ ਦੁਨੀਆਂ ਦਾ ਨਕਸ਼ਾ ਬਦਲ ਜਾਵੇਗਾ। ਇਹ ਬਦਲਾਅ ਇਕੱਲੇ ਸਿਹਤ ਦੇ ਖੇਤਰ ਵਿਚ ਹੀ ਨਹੀਂ, ਸਗੋਂ ਅਰਥਚਾਰੇ, ਰਾਜਨੀਤੀ ਤੇ ਸਭਿਆਚਾਰ ਵਿਚ ਵੀ ਹੋਣਗੇ। ਜਦੋਂ ਅਸੀਂ ਬਦਲਾਂ ਬਾਰੇ ਸੋਚ ਰਹੇ ਹੋਈਏ ਤਾਂ ਸਾਨੂੰ ਖੁਦ ਤੋਂ ਸਵਾਲ ਪੁੱਛਣਾ ਪਵੇਗਾ, ਸਿਰਫ ਇਹ ਸਵਾਲ ਨਹੀਂ ਕਿ ਅਸੀਂ ਸੰਕਟ ਵਿਚੋਂ ਕਿਵੇਂ ਨਿਕਲਾਂਗੇ, ਸਗੋਂ ਇਹ ਸਵਾਲ ਵੀ ਕਿ ਇਸ ਤੂਫਾਨ ਦੇ ਗੁਜ਼ਰ ਜਾਣ ਤੋਂ ਬਾਅਦ, ਅਸੀਂ ਕਿਹੋ ਜਿਹੀ ਦੁਨੀਆਂ ਵਿਚ ਰਹਾਂਗੇ। ਤੂਫਾਨ ਗੁਜ਼ਰ ਜਾਵੇਗਾ, ਜ਼ਰੂਰ ਗੁਜ਼ਰ ਜਾਵੇਗਾ, ਸਾਡੇ ਵਿਚੋਂ ਬਹੁਤੇ ਜ਼ਿੰਦਾ ਬਚ ਰਹਿਣਗੇ ਪਰ ਫਿਰ ਅਸੀਂ ਬਦਲੀ ਹੋਈ ਦੁਨੀਆਂ ਵਿਚ ਹੋਵਾਂਗੇ।
ਐਮਰਜੈਂਸੀ ਵਿਚ ਚੁੱਕੇ ਬਹੁਤ ਸਾਰੇ ਕਦਮ ਜ਼ਿੰਦਗੀ ਦਾ ਹਿੱਸਾ ਬਣ ਜਾਣਗੇ। ਐਮਰਜੈਂਸੀ ਦੀ ਫਿਤਰਤ ਹੁੰਦੀ ਹੈ ਕਿ ਇਹ ਬਹੁਤ ਸਾਰੀਆਂ ਪ੍ਰਕਿਰਿਆਵਾਂ ਨੂੰ ਬਹੁਤ ਤੇਜ਼ੀ ਨਾਲ ਲੰਘਾ ਦਿੰਦੀ ਹੈ। ਅਜਿਹੇ ਫੈਸਲੇ ਜਿਨ੍ਹਾਂ ‘ਤੇ ਆਮ ਹਾਲਾਤ ਵਿਚ ਸਾਲਾਂਬੱਧੀ ਵਿਚਾਰ-ਚਰਚਾ ਹੁੰਦੀ ਰਹਿੰਦੀ ਹੈ, ਐਮਰਜੈਂਸੀ ਦੌਰਾਨ ਇਹ ਕੁਝ ਘੰਟਿਆਂ ‘ਚ ਹੋ ਜਾਂਦੇ ਹਨ। ਅੱਧ-ਕਚਰਾ ਅਤੇ ਖਤਰਨਾਕ ਤਕਨੀਕ ਨੂੰ ਵੀ ਕੰਮ ਅੰਦਰ ਝੋਕ ਦਿੱਤਾ ਜਾਂਦਾ ਹੈ, ਕਿਉਂ ਜੋ ਕੁਝ ਵੀ ਨਾ ਕਰਨ ਦੇ ਖਤਰੇ ਕਿਤੇ ਵਡੇਰੇ ਹੋ ਸਕਦੇ ਹਨ। ਪੂਰੇ ਦੇਸ਼ ਦੇ ਨਾਗਰਿਕ ਪ੍ਰਯੋਗਾਂ ਵਾਲੇ ਚੂਹਿਆਂ ‘ਚ ਬਦਲ ਜਾਂਦੇ ਹਨ।
ਉਦੋਂ ਕੀ ਹੋਵੇਗਾ, ਜਦੋਂ ਸਾਰੇ ਲੋਕ ਘਰਾਂ ਤੋਂ ਕੰਮ ਕਰਨਗੇ, ਤੇ ਸਿਰਫ ਦੂਰੋਂ ਹੀ ਸੰਵਾਦ ਕਰਨਗੇ? ਕੀ ਹੋਵੇਗਾ ਜਦੋਂ ਸਾਰੀਆਂ ਸਿੱਖਿਆ ਸੰਸਥਾਵਾਂ ਆਨਲਾਈਨ ਹੋ ਜਾਣਗੀਆਂ? ਆਮ ਹਾਲਾਤ ਵਿਚ ਸਰਕਾਰਾਂ, ਕਾਰੋਬਾਰੀ ਅਦਾਰੇ ਅਤੇ ਸੰਸਥਾਵਾਂ ਅਜਿਹੇ ਪ੍ਰਯੋਗਾਂ ਲਈ ਤਿਆਰ ਨਹੀਂ ਹੁੰਦੀਆਂ, ਪਰ ਹੁਣ ਆਮ ਸਮਾਂ ਨਹੀਂ। ਸੰਕਟ ਦੇ ਇਸ ਸਮੇਂ ਵਿਚ ਅਸੀਂ ਦੋ ਬਹੁਤ ਅਹਿਮ ਫੈਸਲੇ ਕਰਨੇ ਹਨ। ਪਹਿਲਾਂ ਤਾਂ ਅਸੀਂ ਸਕਤੀਸ਼ਾਲੀ ਨਿਗਰਾਨੀ ਸੱਤਾ (ਸਰਵੀਲੈਂਸ ਸਟੇਟ) ਅਤੇ ਨਾਗਰਿਕ ਸ਼ਕਤੀਕਰਨ ਵਿਚੋਂ ਇਕ ਨੂੰ ਚੁਣਨਾ ਹੈ। ਦੂਜੀ ਚੋਣ ਅਸੀਂ ਰਾਸ਼ਟਰਵਾਦੀ ਅਲਗਾਓ ਅਤੇ ਆਲਮੀ ਇਕਜੁੱਟਤਾ ਵਿਚੋਂ ਇਕ ਦੀ ਕਰਨੀ ਹੈ।
ਮਹਾਂਮਾਰੀ ਰੋਕਣ ਲਈ ਪੂਰੀ ਆਬਾਦੀ ਨੂੰ ਤੈਅ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਇਸ ਨੂੰ ਹਾਸਲ ਕਰਨ ਦੇ ਦੋ ਤਰੀਕੇ ਹਨ। ਪਹਿਲਾ, ਸਰਕਾਰ ਨਾਗਰਿਕਾਂ ਦੀ ਨਿਗਰਾਨੀ ਕਰੇ; ਜਿਹੜੇ ਲੋਕ ਉਲੰਘਣਾ ਕਰਨ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ। ਅੱਜ ਦੀ ਤਾਰੀਖ ਵਿਚ ਮਨੁੱਖਤਾ ਦੇ ਇਤਿਹਾਸ ਵਿਚ ਤਕਨੀਕ ਨੇ ਇਸ ਨੂੰ ਪਹਿਲੀ ਵਾਰ ਸੰਭਵ ਬਣਾ ਦਿੱਤਾ ਹੈ ਕਿ ਹਰ ਨਾਗਰਿਕ ਦੀ ਹਰ ਸਮੇਂ ਨਿਗਰਾਨੀ ਕੀਤੀ ਜਾ ਸਕੇ। ਹੁਣ ਮਨੁੱਖੀ ਜਾਸੂਸਾਂ ਦੀ ਲੋੜ ਨਹੀਂ, ਹਰ ਥਾਂ ਮੌਜੂਦ ਸੈਂਸਰਾਂ ਅਤੇ ਕੈਮਰਿਆਂ ‘ਤੇ ਸਰਕਾਰਾਂ ਨਿਰਭਰ ਕਰ ਸਕਦੀਆਂ ਹਨ।
ਕਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਅਨੇਕਾਂ ਸਰਕਾਰਾਂ ਨੇ ਨਿਗਰਾਨੀ ਦੇ ਨਵੇਂ ਯੰਤਰ ਅਤੇ ਸਿਸਟਮ ਲਾਗੂ ਕਰ ਦਿੱਤੇ ਹਨ। ਇਹ ‘ਚ ਸਭ ਤੋਂ ਅਹਿਮ ਮਾਮਲਾ ਚੀਨ ਦਾ ਹੈ। ਲੋਕਾਂ ਦੇ ਸਮਾਰਟ ਫੋਨ ਨੂੰ ਡੂੰਘਾਈ ਨਾਲ ਮਾਨੀਟਰ ਕਰਕੇ, ਲੱਖਾਂ-ਕਰੋੜਾਂ ਕੈਮਰਿਆਂ ਦੇ ਜ਼ਰੀਏ, ਚਿਹਰੇ ਪਛਾਣਨ ਵਾਲੀ ਤਕਨੀਕ ਦੀ ਵਰਤੋਂ ਕਰਕੇ, ਲੋਕਾਂ ਦੇ ਸਰੀਰ ਦਾ ਤਾਪਮਾਨ ਨੋਟ ਕਰਕੇ, ਬਿਮਾਰ ਲੋਕਾਂ ਦੀ ਰਿਪੋਰਟਿੰਗ ਨੂੰ ਸਖਤ ਬਣਾ ਕੇ ਇਨਫੈਕਟਿਡ ਲੋਕਾਂ ਦੀ ਪਛਾਣ ਕੀਤੀ ਗਈ। ਇਹੀ ਨਹੀਂ, ਉਨ੍ਹਾਂ ਦੇ ਆਉਣ-ਜਾਣ ਨੂੰ ਵੀ ਟਰੈਕ ਕੀਤਾ ਗਿਆ ਤਾਂ ਕਿ ਪਤਾ ਲਗ ਸਕੇ ਕਿ ਉਹ ਕਿਨ੍ਹਾਂ ਕਿਨ੍ਹਾਂ ਲੋਕਾਂ ਨੂੰ ਮਿਲੇ ਸਨ। ਅਜਿਹੇ ਮੋਬਾਇਲ ਐਪ ਵੀ ਹਨ ਜਿਹੜੇ ਇਨਫੈਕਸ਼ਨ ਦੇ ਸ਼ੱਕ ਵਾਲੇ ਲੋਕਾਂ ਨੂੰ ਟਿੱਕ ਕੇ, ਨਾਗਰਿਕਾਂ ਨੂੰ ਸੂਚਿਤ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਤੋਂ ਦੂਰ ਰਹੋ।
ਅਜਿਹੀ ਤਕਨੀਕ ਚੀਨ ਤੱਕ ਹੀ ਸੀਮਤ ਨਹੀਂ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਰੋਨਾ ਵਾਇਰਸ ਰੋਕਣ ਲਈ ਇਹ ਤਕਨੀਕ ਬੀੜਨ ਦਾ ਹੁਕਮ ਦਿੱਤਾ ਜਿਸ ਨੂੰ ਹੁਣ ਤੱਕ ਸਿਰਫ ਅਤਿਵਾਦ ਖਿਲਾਫ ਵਰਤਿਆ ਜਾ ਰਿਹਾ ਸੀ। ਜਦੋਂ ਸੰਸਦੀ ਕਮੇਟੀ ਨੇ ਇਸ ਦੀ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਨੇਤਨਯਾਹੂ ਨੇ ਐਮਰਜੈਂਸੀ ਤਾਕਤਾਂ ਵਰਤ ਕੇ ਰਾਹ ਪੱਧਰਾ ਕਰ ਦਿੱਤਾ। ਹੁਣ ਜੇ ਅਸੀਂ ਸੁਚੇਤ ਨਾ ਹੋਏ ਤਾਂ ਇਹ ਮਹਾਂਮਾਰੀ ਸਰਕਾਰੀ ਨਿਗਰਾਨੀ ਦੇ ਮਾਮਲੇ ‘ਚ ਮੀਲ ਦਾ ਪੱਥਰ ਸਾਬਤ ਹੋਵੇਗੀ।
ਹੁਣ ਤੱਕ ਤਾਂ ਇਹ ਹੁੰਦਾ ਹੈ ਕਿ ਜਦੋਂ ਤੁਹਾਡੀ ਉਂਗਲੀ ਸਮਾਰਟ ਫੋਨ ਤੋਂ ਕਿਸੇ ਲਿੰਕ ‘ਤੇ ਕਲਿੱਕ ਕਰਦੀ ਹੈ ਤਾਂ ਸਰਕਾਰ ਜਾਣਨਾ ਚਾਹੁੰਦੀ ਹੈ ਕਿ ਤੁਸੀਂ ਕੀ ਦੇਖ-ਪੜ੍ਹ ਰਹੇ ਹੋ। ਹੁਣ ਇੰਟਰਨੈੱਟ ਦਾ ਫੋਕਸ ਬਦਲ ਜਾਵੇਗਾ। ਹੁਣ ਸਰਕਾਰ ਤੁਹਾਡੀ ਉਂਗਲੀ ਦਾ ਤਾਪਮਾਨ ਅਤੇ ਬਲੱਡ ਪ੍ਰੈਸ਼ਰ ਵੀ ਜਾਣਨ ਲੱਗੇਗੀ।
ਨਿਗਰਾਨੀ (ਸਰਵੀਲੈਂਸ) ਦੇ ਮਾਮਲੇ ‘ਚ ਦਿੱਕਤ ਇਹੋ ਹੈ ਕਿ ਸਾਡੇ ਵਿਚੋਂ ਕੋਈ ਪੱਕ ਨਾਲ ਨਹੀਂ ਜਾਣਦਾ ਕਿ ਸਾਡੇ ‘ਤੇ ਕਿਹੋ ਜਿਹੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਆਉਣ ਵਾਲੇ ਸਾਲਾਂ ਵਿਚ ਇਸ ਦਾ ਕਿਹੋ ਜਿਹਾ ਰੂਪ ਹੋਵੇਗਾ। ਇਹ ਤਕਨੀਕ ਤੂਫਾਨੀ ਰਫਤਾਰ ਨਾਲ ਅੱਗੇ ਵਧ ਰਹੀ ਹੈ। ਮੰਨ ਲਓ, ਕੋਈ ਸਰਕਾਰ ਆਪਣੇ ਨਾਗਰਿਕਾਂ ਨੂੰ ਕਹੇ ਕਿ ਸਭ ਨੂੰ ਬਾਇਓਮੀਟ੍ਰਿਕ ਬਰੈਸਲੇਟ ਪਾਉਣਾ ਲਾਜ਼ਿਮ ਹੋਵੇਗਾ ਜਿਹੜਾ ਸਰੀਰ ਦੇ ਤਾਪਮਾਨ ਅਤੇ ਦਿਲ ਦੀ ਧੜਕਣ ਨੂੰ 24 ਘੰਟੇ ਮਾਨੀਟਰ ਕਰਦਾ ਰਹੇਗਾ। ਬਰੈਸਲੇਟ ਤੋਂ ਮਿਲਣ ਵਾਲਾ ਡਾਟਾ ਸਰਕਾਰੀ ਸਰਵਰ ‘ਤੇ ਜਾਂਦਾ ਰਹੇਗਾ ਅਤੇ ਉਸ ਦਾ ਵਿਸਲੇਸ਼ਣ ਹੁੰਦਾ ਰਹੇਗਾ। ਇਸ ਤੋਂ ਪਹਿਲਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਬਿਮਾਰ ਹੋ, ਉਸ ਤੋਂ ਪਹਿਲਾਂ ਸਰਕਾਰ ਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੀ ਤਬੀਅਤ ਠੀਕ ਨਹੀਂ ਹੈ। ਸਿਸਟਮ ਨੂੰ ਇਹ ਵੀ ਪਤਾ ਹੋਵੇਗਾ ਕਿ ਤੁਸੀਂ ਕਿਥੇ-ਕਿਥੇ ਗਏ, ਕਿਸ-ਕਿਸ ਨੂੰ ਮਿਲੇ, ਇੰਜ ਵਾਇਰਸ ਦੀ ਚੇਨ ਨੂੰ ਛੋਟਾ ਕੀਤਾ ਜਾ ਸਕੇਗਾ, ਜਾਂ ਕਈ ਵਾਰ ਤੋੜਿਆ ਜਾ ਸਕੇਗਾ।
ਅਜਿਹਾ ਸਿਸਟਮ ਕਿਸੇ ਵਾਇਰਸ ਦੇ ਫੈਲਾਓ ਨੂੰ ਕੁਝ ਹੀ ਦਿਨਾਂ ‘ਚ ਖਤਮ ਕਰ ਸਕਦਾ ਹੈ, ਸੁਣਨ ‘ਚ ਬਹੁਤ ਵਧੀਆ ਲੱਗਦਾ ਹੈ। ਹੈ ਨਾ? ਹੁਣ ਰਤਾ ਕੁ ਇਹਦੇ ਖਤਰਿਆਂ ਨੂੰ ਸਮਝੋ। ਇਹ ਖੌਫਨਾਕ ਨਿਗਰਾਨੀ ਸੱਤਾ ਦੀ ਸ਼ੁਰੂਆਤ ਹੈ। ਮਿਸਾਲ ਦੇ ਤੌਰ ‘ਤੇ, ਜੇ ਕਿਸੇ ਨੂੰ ਇਹ ਪਤਾ ਹੋਵੇ ਕਿ ਮੈਂ ਫੌਕਸ ਨਿਊਜ਼ ਦੀ ਥਾਂ ਸੀ.ਐਨ.ਐਨ. ਦੇ ਲਿੰਕ ‘ਤੇ ਕਲਿੱਕ ਕੀਤਾ ਹੈ ਤਾਂ ਉਹ ਮੇਰੇ ਸਿਆਸੀ ਵਿਚਾਰਾਂ, ਇਥੋਂ ਤੱਕ ਕਿ ਕੁਝ ਹੱਦ ਤੱਕ ਮੇਰੇ ਵਿਅਕਤੀਤਵ ਨੂੰ ਵੀ ਸਮਝ ਜਾਵੇਗਾ ਪਰ ਜੇ ਤੁਸੀਂ ਵੀਡੀਓ ਕਲਿਪ ਦੇਖਣ ਦੌਰਾਨ ਮੇਰੇ ਸਰੀਰ ਦੇ ਤਾਪਮਾਨ, ਬਲੱਡ ਪ੍ਰੈਸ਼ਰ ਤੇ ਦਿਲ ਦੀ ਧੜਕਣ ਨੂੰ ਮਾਨੀਟਰ ਕਰ ਰਹੇ ਹੋ ਤਾਂ ਤੁਸੀਂ ਇਹ ਜਾਣ ਸਕਦੇ ਹੋ ਕਿ ਮੈਨੂੰ ਕਿਨ੍ਹਾਂ ਗੱਲਾਂ ‘ਤੇ ਗੁੱਸਾ, ਹਾਸਾ ਜਾਂ ਰੋਣਾ ਆਉਂਦਾ ਹੈ।
ਯਾਦ ਰੱਖਣਾ ਚਾਹੀਦਾ ਹੈ ਕਿ ਗੁੱਸਾ, ਖੁਸ਼ੀ, ਬੋਰੀਅਤ ਤੇ ਪਿਆਰ, ਬੁਖਾਰ ਤੇ ਖੰਘ ਵਾਂਗ ਜੈਵਿਕ ਪ੍ਰਕਿਰਿਆ ਹੈ। ਜਿਹੜੀ ਤਕਨੀਕ ਖੰਘ ਦਾ ਪਤਾ ਲਾ ਸਕਦੀ ਹੈ, ਉਹ ਹਾਸੇ ਦਾ ਪਤਾ ਵੀ ਲਾ ਸਕਦੀ ਹੈ। ਕਲਪਨਾ ਕਰੋ, ਉਤਰੀ ਕੋਰੀਆ 2030 ਤਕ ਹਰ ਨਾਗਰਿਕ ਨੂੰ ਬਾਇਓਮੀਟ੍ਰਿਕ ਬਰੈਸਲੇਟ ਪਹਿਨਾ ਦੇਵੇ। ਮਹਾਨ ਨੇਤਾ ਦਾ ਭਾਸ਼ਨ ਸੁਣਨ ਤੋਂ ਬਾਅਦ ਜਿਨ੍ਹਾਂ ਦਾ ਬਰੈਸਲੇਟ ਦੱਸੇਗਾ ਕਿ ਉਨ੍ਹਾਂ ਨੂੰ ਗੁੱਸਾ ਆ ਰਿਹਾ ਸੀ, ਉਨ੍ਹਾਂ ਦਾ ਤਾਂ ਸਮਝੋ ਕੰਮ ਹੋ ਗਿਆ ਤਮਾਮ!
ਤੁਸੀਂ ਕਹਿ ਸਕਦੇ ਹੋ ਕਿ ਬਾਇਓਮੀਟ੍ਰਿਕ ਨਿਗਰਾਨੀ ਐਮਰਜੈਂਸੀ ਹਾਲਤ ਨਾਲ ਨਜਿੱਠਣ ਦਾ ਆਰਜ਼ੀ ਸਿਸਟਮ ਹੋਵੇਗਾ। ਜਦੋਂ ਐਮਰਜੈਂਸੀ ਖਤਮ ਹੋ ਜਾਵੇਗੀ ਤਾਂ ਇਹਨੂੰ ਹਟਾ ਦਿੱਤਾ ਜਾਵੇਗਾ ਪਰ ਆਰਜ਼ੀ ਪ੍ਰਬੰਧਾਂ ਦੀ ਭੈੜੀ ਆਦਤ ਇਹ ਹੁੰਦੀ ਹੈ ਕਿ ਉਹ ਐਮਰਜੈਂਸੀ ਤੋਂ ਬਾਅਦ ਵੀ ਕਾਇਮ ਰਹਿੰਦੇ ਹਨ, ਵੈਸੇ ਵੀ ਨਵੀਂ ਐਮਰਜੈਂਸੀ ਦਾ ਖਤਰਾ ਸਦਾ ਰਹਿੰਦਾ ਹੈ। ਉਦਾਹਰਨ ਲਈ ਮੇਰੇ (ਲੇਖਕ ਦੇ) ਆਪਣੇ ਦੇਸ਼ ਇਜ਼ਰਾਈਲ ਵਿਚ 1948 ਵਿਚ ਆਜ਼ਾਦੀ ਦੀ ਲੜਾਈ ਦੌਰਾਨ ਐਮਰਜੈਂਸੀ ਲਾਈ ਗਈ ਸੀ, ਪ੍ਰੈੱਸ ਸੈਂਸਰਸ਼ਿਪ ਤੋਂ ਲੈ ਕੇ ਪੁਡਿੰਗ ਬਣਾਉਣ ਵਾਸਤੇ ਲੋਕਾਂ ਦੀ ਜ਼ਮੀਨ ਜ਼ਬਤ ਕਰਨ ਤਕ ਨੂੰ ਠੀਕ ਠਹਿਰਾਇਆ ਗਿਆ ਸੀ। ਜੀ ਹਾਂ, ਪੁਡਿੰਗ ਬਣਾਉਣ ਲਈ – ਮੈਂ ਮਜ਼ਾਕ ਨਹੀਂ ਕਰ ਰਿਹਾ। ਆਜ਼ਾਦੀ ਦੀ ਲੜਾਈ ਕਦੋਂ ਦੀ ਬੀਤ ਚੁੱਕੀ ਹੈ ਪਰ ਇਜ਼ਰਾਈਲ ਨੇ ਕਦੇ ਨਹੀਂ ਕਿਹਾ ਕਿ ਐਮਰਜੈਂਸੀ ਖਤਮ ਹੋ ਗਈ ਹੈ। 1948 ਦੇ ਅਨੇਕਾਂ ‘ਅਸਥਾਈ ਕਦਮ’ ਹੁਣ ਤੱਕ ਲਾਗੂ ਹਨ, ਉਨ੍ਹਾਂ ਨੂੰ ਹਟਾਇਆ ਨਹੀਂ ਗਿਆ। ਸ਼ੁਕਰ ਹੈ ਕਿ 2011 ਵਿਚ ਪੁਡਿੰਗ ਬਣਾਉਣ ਲਈ ਜ਼ਮੀਨ ਜ਼ਬਤ ਕਰਨ ਦਾ ਕਾਨੂੰਨ ਖਤਮ ਕਰ ਦਿੱਤਾ ਗਿਆ।
ਜਦੋਂ ਕਰੋਨਾ ਵਾਇਰਸ ਦੀ ਲਾਗ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ, ਤਦ ਵੀ ਡਾਟਾ ਦੀਆਂ ਭੁੱਖੀਆਂ ਸਰਕਾਰਾਂ, ਬਾਇਓਮੀਟ੍ਰਿਕ ਸਰਵੀਲੈਂਸ ਹਟਾਉਣ ਤੋਂ ਇਨਕਾਰ ਕਰ ਸਕਦੀਆਂ ਹਨ, ਸਰਕਾਰਾਂ ਦੀ ਦਲੀਲ ਹੋ ਸਕਦੀ ਹੈ ਕਿ ਕਰੋਨਾ ਵਾਇਰਸ ਦਾ ਅਗਲਾ ਦੌਰ ਆ ਸਕਦਾ ਹੈ, ਜਾਂ ਅਫਰੀਕਾ ਵਿਚ ਇਬੋਲਾ ਫੈਲ ਰਿਹਾ ਹੈ, ਜਾਂ ਕੁਝ ਹੋਰ।
ਸਾਡੀ ਨਿੱਜਤਾ ਨੂੰ ਲੈ ਕੇ ਵੱਡਾ ਸੰਘਰਸ਼ ਪਿਛਲੇ ਕੁਝ ਸਾਲਾਂ ਤੋਂ ਛਿੜਿਆ ਹੋਇਆ ਹੈ। ਕਰੋਨਾ ਵਾਇਰਸ ਦੀ ਲਾਗ ਇਸ ਸੰਘਰਸ਼ ਦਾ ਫੈਸਲਾਕੁਨ ਮੋੜ ਹੋ ਸਕਦੀ ਹੈ। ਜਦੋਂ ਲੋਕਾਂ ਨੂੰ ਨਿੱਜਤਾ ਅਤੇ ਸਿਹਤ ਵਿਚੋਂ ਇਕ ਨੂੰ ਚੁਣਨਾ ਪਿਆ ਤਾਂ ਜ਼ਾਹਿਰ ਹੈ, ਉਹ ਸਿਹਤ ਨੂੰ ਹੀ ਚੁਣਨਗੇ। ਦਰਅਸਲ, ਲੋਕਾਂ ਨੂੰ ਸਿਹਤ ਅਤੇ ਨਿੱਜਤਾ ਵਿਚੋਂ ਇਕ ਦੀ ਚੋਣ ਕਰਨ ਲਈ ਕਹਿਣਾ ਹੀ ਸਮੱਸਿਆ ਦੀ ਜੜ੍ਹ ਹੈ, ਕਿਉਂਕਿ ਇਹ ਠੀਕ ਨਹੀਂ। ਅਸੀਂ ਨਿੱਜਤਾ ਅਤੇ ਸਿਹਤ, ਦੋਵੇਂ ਇਕੋ ਸਮੇਂ ਰੱਖ ਸਕਦੇ ਹਾਂ। ਅਸੀਂ ਸ਼ਕਤੀਸ਼ਾਲੀ ਨਿਗਰਾਨੀ ਨਿਜ਼ਾਮ ਲਾਗੂ ਕਰਕੇ ਨਹੀਂ, ਸਗੋਂ ਨਾਗਰਿਕਾਂ ਦੇ ਸ਼ਕਤੀਕਰਨ ਰਾਹੀਂ ਕਰੋਨਾ ਵਾਇਰਸ ਦਾ ਫੈਲਾਓ ਰੋਕ ਸਕਦੇ ਹਾਂ।
ਸੱਚ ਇਹ ਹੈ ਕਿ ਆਪਣੀ ਪ੍ਰੇਰਨਾ ਤੋਂ ਜਾਣੂ ਲੋਕਾਈ ਜਦੋਂ ਕੋਈ ਕੰਮ ਕਰਦੀ ਹੈ ਤਾਂ ਉਹ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ, ਨਾ ਕਿ ਪੁਲਿਸ ਦੇ ਜ਼ੋਰ ਉਦਾਸੀਨ ਲੋਕਾਂ ਤੋਂ ਕਰਵਾਇਆ ਯਤਨ; ਮਿਸਾਲ ਵਜੋਂ ਸਾਬਣ ਨਾਲ ਹੱਥ ਧੋਣਾ। ਇਹ ਮਨੁੱਖਾ ਜਗਤ ਦੇ ਸਾਫ ਸਫਾਈ ਦੇ ਇਤਿਹਾਸ ਦੀ ਵੱਡੀ ਪੁਲਾਂਘ ਹੈ। ਇਹ ਸਾਧਾਰਨ ਕੰਮ ਹਰ ਸਾਲ ਲੱਖਾਂ ਜਾਨਾਂ ਬਚਾਉਂਦਾ ਹੈ, ਹੁਣ ਤਾਂ ਅਸੀਂ ਇਸ ਕੰਮ ਨੂੰ ਆਮ ਗੱਲ ਸਮਝਦੇ ਹਾਂ ਪਰ 19ਵੀਂ ਸਦੀ ਦੇ ਵਿਗਿਆਨੀਆਂ ਨੇ ਸਾਬਣ ਨਾਲ ਹੱਥ ਧੋਣ ਦੀ ਮਹੱਤਤਾ ਨੂੰ ਸਮਝਿਆ, ਉਸ ਤੋਂ ਪਹਿਲਾਂ ਤੱਕ ਡਾਕਟਰ ਤੇ ਨਰਸਾਂ ਵੀ ਇਕ ਅਪ੍ਰੇਸ਼ਨ ਤੋਂ ਬਾਅਦ ਦੂਜਾ ਅਪ੍ਰੇਸ਼ਨ ਬਿਨਾਂ ਹੱਥ ਧੋਏ ਹੀ ਕਰਦੇ ਸਨ। ਅੱਜ ਅਰਬਾਂ ਲੋਕ ਸਾਬਣ ਨਾਲ ਹੱਥ ਧੋਂਦੇ ਹਨ, ਇਸ ਲਈ ਨਹੀਂ ਕਿ ਉਨ੍ਹਾਂ ਨੂੰ ਪੁਲਿਸ ਦਾ ਡਰ ਹੈ ਸਗੋਂ ਉਹ ਤੱਥਾਂ ਨੂੰ ਸਮਝਦੇ ਹਨ। ਮੈਂ ਬੈਕਟੀਰੀਆ ਅਤੇ ਵਾਇਰਸ ਬਾਰੇ ਸੁਣਿਆ ਹੈ। ਇਸ ਲਈ ਮੈਂ ਸਾਬਣ ਨਾਲ ਹੱਥ ਧੋਂਦਾ ਹਾਂ, ਮੈਂ ਜਾਣਦਾ ਹਾਂ ਕਿ ਸਾਬਣ ਬਿਮਾਰ ਕਰਨ ਵਾਲੇ ਉਨ੍ਹਾਂ ਜੀਵਾਣੂਆਂ ਤੇ ਵਿਸ਼ਾਣੂਆਂ ਨੂੰ ਖਤਮ ਕਰ ਦਿੰਦੀ ਹੈ।
ਲੋਕ ਗੱਲਾਂ ਮੰਨਣ ਅਤੇ ਸਹਿਯੋਗ ਦੇਣ, ਇਹਦੇ ਲਈ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਲੋਕਾਂ ਦਾ ਵਿਗਿਆਨ ਵਿਚ ਨਿਹਚਾ ਹੋਣਾ, ਸਰਕਾਰੀ ਅਧਿਕਾਰੀਆਂ ‘ਤੇ ਯਕੀਨ ਹੋਣਾ ਅਤੇ ਮੀਡੀਆ ‘ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਪਿਛਲੇ ਕੁਝ ਸਾਲਾਂ ‘ਚ ਗੈਰ ਜ਼ਿੰਮੇਵਾਰ ਲੀਡਰਾਂ ਨੇ ਜਾਣ-ਬੁਝ ਕੇ ਵਿਗਿਆਨ, ਸਰਕਾਰੀ ਅਦਾਰਿਆਂ ਅਤੇ ਮੀਡੀਆ ਤੋਂ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ। ਇਹ ਗੈਰ ਜ਼ਿੰਮੇਵਾਰ ਲੀਡਰ ਆਪਹੁਦਰੀਆਂ ਦੇ ਰਾਹ ਪੈਣ ਲਈ ਕਾਹਲੇ ਹਨ। ਉਨ੍ਹਾਂ ਦੀ ਇਸ ਦਲੀਲ ਕਿ ਫਿਰ ਲੋਕ ਠੀਕ ਕੰਮ ਕਰਨਗੇ, ਉਤੇ ਯਕੀਨ ਨਹੀਂ ਕੀਤਾ ਜਾ ਸਕਦਾ।
ਆਮ ਤੌਰ ‘ਤੇ ਜਿਹੜਾ ਵਿਸ਼ਵਾਸ ਸਾਲਾਂ ‘ਚ ਟੁੱਟਿਆ ਹੁੰਦਾ ਹੈ, ਉਹ ਰਾਤੋ-ਰਾਤ ਬਹਾਲ ਨਹੀਂ ਹੁੰਦਾ, ਪਰ ਇਹ ਆਮ ਸਮਾਂ ਨਹੀਂ। ਸੰਕਟ ਦੇ ਸਮੇਂ ਦਿਮਾਗ ਬਹੁਤ ਜਲਦੀ ਬਦਲ ਜਾਂਦਾ ਹੈ। ਤੁਹਾਡਾ ਭੈਣ-ਭਰਾਵਾਂ ਨਾਲ ਬੜੀ ਬੁਰੀ ਤਰ੍ਹਾਂ ਝਗੜਾ ਹੁੰਦਾ ਹੈ ਪਰ ਸੰਕਟ ਦੇ ਸਮੇਂ ਅਚਾਨਕ ਮਹਿਸੂਸ ਹੁੰਦਾ ਹੈ ਕਿ ਦੋਵਾਂ ਵਿਚ ਕਿੰਨਾ ਸਨੇਹ ਤੇ ਵਿਸ਼ਵਾਸ ਹੈ। ਤੁਸੀਂ ਇਕ-ਦੂਜੇ ਦੀ ਮਦਦ ਲਈ ਤਿਆਰ ਹੋ ਜਾਂਦੇ ਹੋ। ਨਿਗਰਾਨੀ ਸੱਤਾ ਕਾਇਮ ਕਰਨ ਦੀ ਥਾਂ ਵਿਗਿਆਨ, ਸਰਕਾਰੀ ਅਦਾਰਿਆਂ ਅਤੇ ਮੀਡੀਆ ਵਿਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਲਈ ਕੰਮ ਹੋਣਾ ਚਾਹੀਦਾ ਹੈ। ਸਾਨੂੰ ਨਵੀਂ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਇਸ ਨਾਲ ਨਾਗਰਿਕਾਂ ਦਾ ਸ਼ਕਤੀਕਰਨ ਹੋਣਾ ਚਾਹੀਦਾ ਹੈ। ਮੈਂ ਆਪਣੇ ਸਰੀਰ ਦਾ ਤਾਪਮਾਨ ਅਤੇ ਬਲੱਡ ਪ੍ਰੈਸ਼ਰ ਚੈੱਕ ਕਰਨ ਦੇ ਪੱਖ ‘ਚ ਹਾਂ ਪਰ ਉਸ ਡਾਟਾ ਦੀ ਵਰਤੋਂ ਸਰਕਾਰ ਨੂੰ ਸਰਬ ਸ਼ਕਤੀਮਾਨ ਬਣਾਉਣ ਲਈ ਹੋਵੇ, ਇਹਦੇ ਹੱਕ ‘ਚ ਨਹੀਂ। ਡਾਟਾ ਦੀ ਵਰਤੋਂ ਮੈਂ ਸੁਚੇਤ ਨਿੱਜੀ ਫੈਸਲਿਆਂ ਲਈ ਕਰਾਂ ਅਤੇ ਸਰਕਾਰ ਨੂੰ ਉਸ ਦੇ ਫੈਸਲਿਆਂ ਲਈ ਜ਼ਿੰਮੇਵਾਰ ਵੀ ਠਹਿਰਾ ਸਕਾਂ।
ਜੇ ਮੈਂ ਆਪਣੀ ਸਿਹਤ ਦੀ 24 ਘੰਟੇ ਨਿਗਰਾਨੀ ਕਰਾਂਗਾ ਤਾਂ ਮੈਂ ਸਮਝ ਸਕਾਂਗਾ ਕਿ ਕਦੋਂ ਮੈਂ ਹੋਰਨਾਂ ਲਈ ਖਤਰਾ ਬਣ ਗਿਆ ਹਾਂ ਅਤੇ ਠੀਕ ਹੋਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ, ਕਿਹੋ ਜਿਹੀਆਂ ਆਦਤਾਂ ਮੈਨੂੰ ਸਿਹਤ ਲਈ ਅਪਨਾਉਣੀਆਂ ਚਾਹੀਦੀਆਂ ਹਨ। ਜੇ ਮੈਂ ਕਰੋਨਾ ਦੇ ਫੈਲਾਓ ਸਬੰਧੀ ਵਿਸ਼ਵਾਸਯੋਗ ਅੰਕੜੇ ਜੁਟਾ ਪਾਵਾਂਗਾ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰ ਸਕਾਂਗਾ ਤਾਂ ਮੈਂ ਫੈਸਲਾ ਕਰ ਸਕਾਂਗਾ ਕਿ ਸਰਕਾਰ ਸੱਚ ਬੋਲ ਰਹੀ ਹੈ ਜਾਂ ਨਹੀਂ, ਤੇ ਮਹਾਂਮਾਰੀ ਨਾਲ ਨਜਿੱਠਣ ਲਈ ਠੀਕ ਤਰੀਕੇ ਅਪਣਾ ਰਹੀ ਹੈ ਜਾਂ ਨਹੀਂ।
ਜਦੋਂ ਵੀ ਅਸੀਂ ਨਿਗਰਾਨੀ ਦੇ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਸੇ ਤਕਨੀਕ ਨਾਲ ਸਰਕਾਰ ਦੀ ਨਿਗਰਾਨੀ ਵੀ ਹੋ ਸਕਦੀ ਹੈ ਜਿਸ ਨਾਲ ਲੋਕਾਂ ਦੀ ਹੁੰਦੀ ਹੈ।
ਦੂਜੀ ਅਹਿਮ ਚੋਣ, ਅਸੀਂ ਰਾਸ਼ਟਰਵਾਦੀ ਅਲਗਾਓ ਅਤੇ ਆਲਮੀ ਇਕਜੁਟਤਾ ਵਿਚੋਂ ਕਰਨੀ ਹੈ। ਇਹ ਮਹਾਂਮਾਰੀ ਅਤੇ ਉਸ ਦਾ ਅਰਥਚਾਰੇ ਉਤੇ ਅਸਰ ਆਲਮੀ ਸੰਕਟ ਹੈ। ਇਸ ਸੰਕਟ ਨਾਲ ਆਲਮੀ ਸਹਿਯੋਗ ਨਾਲ ਹੀ ਨਜਿੱਠਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਵਾਇਰਸ ਨਾਲ ਨਜਿੱਠਣ ਲਈ ਦੁਨੀਆਂ ਦੇ ਸਭ ਦੇਸ਼ਾਂ ਨੂੰ ਸੂਚਨਾਵਾਂ ਦਾ ਲੈਣ-ਦੇਣ ਕਰਨਾ ਹੋਵੇਗਾ। ਇਹੀ ਗੱਲ ਮਨੁੱਖ ਨੂੰ ਵਾਇਰਸਾਂ ਤੋਂ ਉਪਰ ਦੀ ਕਰ ਸਕਦੀ ਹੈ।
ਅਮਰੀਕਾ ਦਾ ਕਰੋਨਾ ਵਾਇਰਸ ਅਤੇ ਚੀਨ ਦਾ ਕਰੋਨਾ ਵਾਇਰਸ ਇਹ ਗੱਲ ਨਹੀਂ ਸੋਚ ਸਕਦੇ ਕਿ ਲੋਕਾਂ ਦੇ ਸਰੀਰ ਵਿਚ ਕਿਵੇਂ ਘੁਸਿਆ ਜਾਵੇ। ਚੀਨ ਅਮਰੀਕਾ ਨੂੰ ਫਾਇਦੇ ਦੀਆਂ ਕੁਝ ਗੱਲਾਂ ਦੱਸ ਸਕਦਾ ਹੈ, ਇਟਲੀ ਵਿਚ ਮਿਲਾਨ ਦਾ ਡਾਕਟਰ ਸਵੇਰੇ ਜਿਹੜੀ ਜਾਣਕਾਰੀ ਹਾਸਲ ਕਰਦਾ ਹੈ, ਉਹ ਸ਼ਾਮ ਤੱਕ ਤਹਿਰਾਨ ਵਿਚ ਲੋਕਾਂ ਦੀ ਜਾਨ ਬਚਾ ਸਕਦੀ ਹੈ। ਕਈ ਨੀਤੀਆਂ ਨੂੰ ਲੈ ਕੇ ਜੇ ਬਰਤਾਨਵੀ ਸਰਕਾਰ ਦੁਚਿਤੀ ਵਿਚ ਹੈ ਤਾਂ ਉਹ ਕੋਰੀਆ ਦੀ ਸਰਕਾਰ ਨਾਲ ਗੱਲ ਕਰ ਸਕਦੀ ਹੈ ਜਿਹੜੀ ਕਰੀਬ ਮਹੀਨਾ ਪਹਿਲਾਂ ਹੀ ਅਜਿਹੇ ਦੌਰ ਵਿਚੋਂ ਲੰਘੀ ਹੈ ਪਰ ਅਜਿਹਾ ਕਰਨ ਲਈ ਸੰਸਾਰਕ ਭਰੱਪਣ ਅਤੇ ਇਕਜੁਟਤਾ ਦੀ ਭਾਵਨਾ ਹੋਣੀ ਚਾਹੀਦੀ ਹੈ।
ਅਰਥਚਾਰਿਆਂ ਨੂੰ ਸੰਭਾਲਾ ਦੇਣ ਲਈ ਵੀ ਆਲਮੀ ਨੀਤੀ ਬਣਨੀ ਚਾਹੀਦੀ ਹੈ। ਜੇ ਹਰ ਦੇਸ਼ ਆਪਣੇ ਹੀ ਹਿਸਾਬ ਨਾਲ ਚੱਲੇਗਾ ਤਾਂ ਸੰਕਟ ਹੋਰ ਡੂੰਘਾ ਹੋਵੇਗਾ। ਇੰਜ ਹੀ ਸਫਰ ਨੂੰ ਲੈ ਕੇ ਸਹਿਮਤੀ ਬਣਨੀ ਚਾਹੀਦੀ ਹੈ। ਲੰਮੇ ਸਮੇਂ ਤੱਕ ਯਾਤਰਾ ‘ਤੇ ਪੂਰਨ ਪਾਬੰਦੀ ਨਾਲ ਵੀ ਨੁਕਸਾਨ ਹੋਵੇਗਾ, ਕਰੋਨਾ ਖਿਲਾਫ ਲੜਾਈ ਵੀ ਕਮਜ਼ੋਰ ਹੋਵੇਗੀ; ਕਿਉਂ ਜੋ ਵਿਗਿਆਨੀਆਂ, ਡਾਕਟਰਾਂ ਤੇ ਸਪਲਾਇਰਾਂ ਨੂੰ ਵੀ ਦੁਨੀਆਂ ਦੇ ਇਕ ਕੋਨੇ ਤੋਂ ਦੂਜੇ ਤੱਕ ਜਾਣਾ ਪੈਂਦਾ ਹੈ। ਪ੍ਰੀ-ਸਕਰੀਨਿੰਗ ਨਾਲ ਆਵਾਜਾਈ ਸ਼ੁਰੂ ਕਰਨ ‘ਤੇ ਸਹਿਮਤੀ ਬਣਾਈ ਜਾ ਸਕਦੀ ਹੈ।
ਅਫਸੋਸ ਕਿ ਇਨ੍ਹਾਂ ਕਦਮਾਂ ‘ਚੋਂ ਕੋਈ ਵੀ ਨਹੀਂ ਚੁੱਕਿਆ ਜਾ ਰਿਹਾ। ਦੁਨੀਆਂ ਭਰ ਦੀਆਂ ਸਰਕਾਰਾਂ ਸਮੂਹਿਕ ਲਕਵੇ ਦੀ ਹਾਲਤ ਵਿਚ ਹਨ। ਸੰਸਾਰ ਦੇ ਸਭ ਤੋਂ ਅਮੀਰ ਸੱਤ ਦੇਸ਼ਾਂ ਦੇ ਆਗੂਆਂ ਦੀ ਮੀਟਿੰਗ ਹੁਣ ਜਾ ਕੇ ਟੈਲੀ-ਕਾਨਫਰੰਸਿੰਗ ਦੇ ਜ਼ਰੀਏ ਹੋਈ ਹੈ ਜਿਸ ਵਿਚ ਅਜਿਹਾ ਕੋਈ ਪਲਾਨ ਸਾਹਮਣੇ ਨਹੀਂ ਆਇਆ ਜਿਸ ਵਿਚ ਦੁਨੀਆਂ ਦੇ ਦੇਸ਼ ਇਕਜੁਟ ਹੋ ਕੇ ਕਰੋਨਾ ਨਾਲ ਲੜ ਸਕਣ।
2008 ਦੀ ਆਰਥਿਕ ਮੰਦੀ ਅਤੇ 2014 ਵਿਚ ਇਬੋਲਾ ਫੈਲਣ ਵਕਤ ਅਮਰੀਕਾ ਨੇ ਗਲੋਬਲ ਲੀਡਰ ਦੀ ਭੂਮਿਕਾ ਨਿਭਾਈ ਸੀ, ਇਸ ਵਾਰ ਅਮਰੀਕੀ ਲੀਡਰਸ਼ਿਪ ਨੇ ਇਹ ਕੰਮ ਟਾਲ ਦਿੱਤਾ ਹੈ। ਜਾਪ ਰਿਹਾ ਹੈ ਕਿ ਮਨੁੱਖਤਾ ਦੇ ਭਵਿਖ ਤੋਂ ਵਧੇਰੇ ਚਿੰਤਾ ਅਮਰੀਕਾ ਦੀ ਮਹਾਨਤਾ ਦੀ ਹੈ। ਮੌਜੂਦਾ ਲੀਡਰਸ਼ਿਪ ਨੇ ਆਪਣੇ ਸਭ ਤੋਂ ਨੇੜਲੇ ਜੋਟੀਦਾਰਾਂ ਨੂੰ ਵੀ ਇਕੱਲਿਆਂ ਛੱਡ ਦਿੱਤਾ ਹੈ। ਅਮਰੀਕਾ, ਯੂਰਪੀ ਯੂਨੀਅਨ ਨਾਲ ਕੋਈ ਸਹਿਯੋਗ ਨਹੀਂ ਕਰ ਰਿਹਾ ਅਤੇ ਜਰਮਨੀ ਦੇ ਟੀਕੇ ਨੂੰ ਲੈ ਕੇ ਤਾਂ ਅਜੀਬ ਸਕੈਂਡਲ ਬਣ ਗਿਆ ਹੈ।
ਅਸੀਂ ਇਹ ਤੈਅ ਕਰਨਾ ਹੈ ਕਿ ਅਸੀਂ ਆਲਮੀ ਇਕਜੁਟਤਾ ਵਲ ਜਾਣਾ ਹੈ ਜਾਂ ਰਾਸ਼ਟਰਵਾਦੀ ਅਲਗਾਓ ਵਲ?
ਜੇਕਰ ਅਸੀਂ ਰਾਸ਼ਟਰੀ ਅਲਗਾਓ ਨੂੰ ਚੁਣਾਂਗੇ ਤਾਂ ਸੰਕਟ ਜ਼ਿਆਦਾ ਨੁਕਸਾਨ ਕਰ ਕੇ ਦੇਰ ਨਾਲ ਟਲੇਗਾ ਅਤੇ ਭਵਿਖ ਵਿਚ ਵੀ ਅਜਿਹੇ ਸੰਕਟ ਆਉਂਦੇ ਰਹਿਣਗੇ। ਜੇ ਅਸੀਂ ਆਲਮੀ ਇਕਜੁਟਤਾ ਚੁਣਦੇ ਹਾਂ ਤਾਂ ਇਹ ਕਰੋਨਾ ਖਿਲਾਫ ਵੱਡੀ ਜਿੱਤ ਤਾਂ ਹੋਵੇਗੀ ਹੀ, ਨਾਲ ਹੀ ਅਸੀਂ ਭਵਿਖੀ ਸੰਕਟਾਂ ਨਾਲ ਨਜਿੱਠਣ ਲਈ ਤਕੜੇ ਹੋਵਾਂਗੇ। ਅਜਿਹੇ ਸੰਕਟ ਜਿਹੜੇ 21ਵੀਂ ਸਦੀ ਵਿਚ ਧਰਤੀ ਤੋਂ ਮਨੁੱਖ ਜਾਤੀ ਦਾ ਨਾਮੋ-ਨਿਸ਼ਾਨ ਮਿਟਾ ਸਕਦੇ ਹਨ।