ਬਲਰਾਜ ਸਾਹਨੀ ਤੇ ਉਸ ਦੀ ਦਮੋ

ਫਿਲਮ ਜਗਤ ਵਿਚ ਅਦਾਕਾਰ ਬਲਰਾਜ ਸਾਹਨੀ (ਪਹਿਲੀ ਮਈ 1913-13 ਅਪਰੈਲ 1973) ਦਾ ਮੁਕਾਮ ਬੜਾ ਉਚਾ ਹੈ। ‘ਗਰਮ ਹਵਾ’, ‘ਦੋ ਬੀਘਾ ਜ਼ਮੀਨ’ ਜਿਹੀਆਂ ਉਸ ਦੀਆਂ ਫਿਲਮਾਂ ਅੱਜ ਵੀ ਦਰਸ਼ਕਾਂ ਨੂੰ ਓਨੀ ਹੀ ਧੂਹ ਪਾਉਂਦੀਆਂ ਹਨ ਅਤੇ ਸਲਾਹੀਆਂ ਜਾਂਦੀਆਂ ਹਨ। ਉਘੇ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਨੇ ਇਸ ਲੇਖ ਵਿਚ ਬਲਰਾਜ ਸਾਹਨੀ ਦੇ ਨਾਲ ਉਸ ਦੀ ਅਦਾਕਾਰਾ ਪਤਨੀ ਦਮਯੰਤੀ ਨੂੰ ਯਾਦ ਕੀਤਾ ਹੈ ਅਤੇ ਬਤੌਰ ਅਦਕਾਰਾ ਉਸ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਹੈ, ਪਰ ਉਸ ਦੀ ਜ਼ਿੰਦਗੀ ਦਾ ਸਫਰ ਬਹੁਤ ਥੋੜ੍ਹਾ ਸੀ।

-ਸੰਪਾਦਕ

ਗੁਲਜ਼ਾਰ ਸਿੰਘ ਸੰਧੂ

ਜੇ ਬਲਰਾਜ ਸਾਹਨੀ ਦੇ ਸੁਭਾਅ ਅਤੇ ਵਤੀਰੇ ਬਾਰੇ ਥੋੜ੍ਹੇ ਸ਼ਬਦਾਂ ਵਿਚ ਜਾਣਨਾ ਚਾਹੋ ਤਾਂ ਕੰਵਲ ਮਲਿਕ (ਖੁਸ਼ਵੰਤ ਸਿੰਘ ਦੀ ਪਤਨੀ) ਦਾ ਲਿਖਿਆ ਇਕ-ਪੈਰਾ ਲੇਖ ਪੜ੍ਹ ਲੈਣਾ ਹੀ ਕਾਫੀ ਹੈ, “ਸਰਦੀਆਂ ਦੇ ਮਹੀਨੇ ਦਾ ਐਤਵਾਰ ਸੀ। ਮੇਰਾ ਬੇਟਾ ਰਾਹੁਲ ਤੇ ਬੇਟੀ ਮਾਲਾ-ਦੋਵੇਂ ਛੋਟੇ ਸਨ। ਬਲਰਾਜ ਦਿੱਲੀ ਆਇਆ ਹੋਇਆ ਸੀ। ਮੈਨੂੰ ਫੋਨ ‘ਤੇ ਉਸ ਨੇ ਸਵੇਰੇ ਹੀ ਕਿਹਾ ਕਿ ਉਹ ਸਾਡੇ ਘਰ ਆਏਗਾ ਤੇ ਦੁਪਹਿਰ ਦਾ ਖਾਣਾ ਖਾਏਗਾ। ਰਾਹੁਲ ਤੇ ਮਾਲਾ ਦੇ ਨਾਲ ਨਾਲ ਘਰ ਦੇ ਨੌਕਰਾਂ, ਮਾਲੀਆਂ, ਡਰਾਈਵਰਾਂ ਤੇ ਗੁਆਂਢੀਆਂ ਨੂੰ ਚਾਅ ਚੜ੍ਹ ਗਿਆ, ਮੰਨੇ-ਪ੍ਰਮੰਨੇ ਫਿਲਮ ਸਟਾਰ ਨੂੰ ਦੇਖਣ ਤੇ ਮਿਲਣ ਦਾ। ਗਿਆਰਾਂ ਕੁ ਵਜੇ ਬਲਰਾਜ ਦਾ ਫਿਰ ਟੈਲੀਫੋਨ ਆਇਆ ਕਿ ਉਹ ਜ਼ਰੂਰੀ ਕੰਮ ਕਰਕੇ ਨਹੀਂ ਆ ਸਕੇਗਾ। ਖਿਮਾ ਦਾ ਜਾਚਕ ਸੀ। ਮੈਂ ਬਲਰਾਜ ਨੂੰ ਇੰਨਾ ਹੀ ਕਿਹਾ, ‘ਦੁਰ ਫਿਟੇ ਮੂੰਹ ਤੇਰੇ! ਇਥੇ ਮੇਰੇ ਬੱਚੇ, ਨੌਕਰ ਤੇ ਆਂਢ-ਗੁਆਂਢ ਤੈਨੂੰ ਦੇਖਣ ਲਈ ਉਤਾਵਲਾ ਹੋ ਰਿਹਾ ਹੈ ਤੇ ਤੂੰ ਲਾਟ ਸਾਹਿਬ ਹੁਣ ਆ ਨਹੀਂ ਸਕਦਾ।’
ਉਹਨੇ ਇਕ ਵਾਰੀ ਫਿਰ ਮੇਰੇ ਕੋਲੋਂ ਮੁਆਫੀ ਮੰਗੀ ਤੇ ਕਹਿਣ ਲੱਗਾ ਕਿ ਜਲਦੀ ਹੀ ਸਾਡੇ ਘਰ ਪਹੁੰਚ ਜਾਵੇਗਾ। ਪਹੁੰਚ ਕੇ ਡੇਢ-ਦੋ ਘੰਟੇ ਜੋ ਉਸ ਸਾਡੇ ਨਾਲ ਬਿਤਾਏ, ਉਸ ਵਿਚ ਉਹਨੇ ਇਕ-ਇਕ ਬੱਚੇ, ਵੱਡੇ ਤੇ ਬਜੁਰਗ ਨਾਲ ਇਸ ਤਰ੍ਹਾਂ ਘੁਲ-ਮਿਲ ਗੱਲਾਂ ਕੀਤੀਆਂ, ਜਿਵੇਂ ਸਾਲਾਂ ਤੋਂ ਉਨ੍ਹਾਂ ਨੂੰ ਜਾਣਦਾ ਸੀ।”
ਉਹ ਬਲਰਾਜ ਸਾਹਨੀ, ਜੋ ‘ਦੋ ਬੀਘਾ ਜ਼ਮੀਨ’, ‘ਗਰਮ ਹਵਾ’, ‘ਵਕਤ’, ‘ਕਾਬਲੀ ਵਾਲਾ’ ਆਦਿ ਫਿਲਮਾਂ ਵਿਚ ਹੀ ਦਿਖਾਈ ਦਿੰਦਾ ਸੀ, ਉਨ੍ਹਾਂ ਦੇ ਐਨ ਸਾਹਮਣੇ ਸੀ। ਉਸ ਦੀ ਅਦਾਕਾਰੀ ਇੰਨੀ ਪਿਆਰੀ ਸੀ ਕਿ ਹਰ ਕੋਈ ਉਸ ਦਾ ਮੁਰੀਦ ਸੀ-ਕਿਰਤੀ, ਕਿਸਾਨ, ਖੇਤ ਮਜ਼ਦੂਰ, ਘਰ ਦਾ ਨੌਕਰ, ਮਾਲੀ ਤੇ ਸੜਕਾਂ ਉਤੇ ਮੁੜ੍ਹਕੋ-ਮੁੜ੍ਹਕੀ ਹੋਇਆ ਰਿਕਸ਼ਾ ਵਾਹਕ। ਉਨ੍ਹਾਂ ਨੇ ਵੇਖਿਆ ਕਿ ਉਹ ਖੁਸ਼ਵੰਤ ਸਿੰਘ ਦੇ ਘਰ ਵਿਚ ਬੈਠਾ ਵੀ ਓਨਾ ਹੀ ਪਿਆਰਾ ਲੱਗਦਾ ਸੀ।
ਕੰਵਲ ਦਾ ਇਹ ਨਿਕਚੂ ਜਿਹਾ ਲੇਖ ਮੇਰੇ ਮਿੱਤਰ ਅਮਰਜੀਤ ਸਿੰਘ ਦੀਪਕ ਦੀ ਪੁਸਤਕ ‘ਬਲਰਾਜ ਬਿਨਾ ਹੁਣ ਕਾਹਦੇ ਮੇਲੇ’ ਵਿਚੋਂ ਹੈ, ਜੋ ਦੀਪਕ ਨੇ ਬਲਰਾਜ ਦੇ ਦੇਹਾਂਤ ਪਿੱਛੋਂ ਸ਼ਰਧਾਂਜਲੀ ਵਜੋਂ ਛਾਪੀ ਸੀ।
ਬਲਰਾਜ ਸਾਹਨੀ ਨਾਲ ਦੀਪਕ ਦੀ ਮਿੱਤਰਤਾ ਦਾ ਕਿੱਸਾ ਵੀ ਦਿਲਚਸਪ ਹੈ। ਦੀਪਕ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਪੜ੍ਹਦਾ ਸੀ ਤਾਂ ਉਸ ਨੇ ਅਚਾਨਕ ‘ਪ੍ਰੀਤਲੜੀ’ ਵਿਚ ਪੜ੍ਹਿਆ ਕਿ ਬਲਰਾਜ ਪੰਜਾਬੀ ਵਿਚ ਚਿੱਠੀ ਲਿਖਣ ਵਾਲੇ ਨੂੰ ਪੰਜਾਬੀ ਵਿਚ ਉਤਰ ਦਿੰਦਾ ਹੈ। ਉਸ ਨੇ ਪੂਰਾ ਤਾਣ ਲਾ ਕੇ ਲੰਮੀ ਚਿੱਠੀ ਲਿਖੀ। ਬਲਰਾਜ ਦਾ ਉਤਰ ਸਰਲ ਸੀ, ‘ਬੜੀ ਕ੍ਰਿਪਾਲਤਾ ਕੀਤੀ ਹੈ। ਮੈਨੂੰ ਏਨੀ ਸੁਹਣੀ ਤਰ੍ਹਾਂ ਯਾਦ ਕੀਤਾ ਜੇ। ਤੁਹਾਨੂੰ ਇਕ ਨਿੱਕਾ ਪੰਜਾਬੀ ਵੀਰ ਸਮਝ ਕੇ ਸ਼ੁਭ ਇਛਾਵਾਂ ਤੇ ਕਾਮਨਾਵਾਂ ਭੇਜ ਰਿਹਾਂ। ਉਮੀਦ ਹੈ, ਤੁਸੀਂ ਜੀਵਨ ਵਿਚ ਖੂਬ ਕਾਮਯਾਬ ਤੇ ਖੂਬ ਖੁਸ਼ ਰਹੋਗੇ। ਤੁਹਾਡਾ ਹਿੱਤੂ, ਬਲਰਾਜ।’
ਨੌਜਵਾਨ ਦੀਪਕ ਨੇ ਉਹ ਚਿੱਠੀ ਕਈ ਮਹੀਨੇ ਜੇਬ ਵਿਚ ਪਾਈ ਰੱਖੀ ਤੇ ਆਪਣੇ ਮੇਲ ਵਿਚ ਆਏ ਹਰ ਕਿਸੇ ਨੂੰ ਦਿਖਾਈ ਤੇ ਪੜ੍ਹ ਕੇ ਸੁਣਾਈ। ਇਕ ਕਾਲਜ ਵਿਚ ਪੜ੍ਹਦੇ ਮੁੰਡੇ ਲਈ ਇਸ ਤੋਂ ਵੱਡਾ ਸਰਟੀਫਿਕੇਟ ਹੋਰ ਕੀ ਹੋ ਸਕਦਾ ਸੀ?
ਉਸ ਚਿੱਠੀ ਦੇ ਹੌਸਲੇ ਸਦਕਾ ਇਕ ਵਾਰੀ ਦੀਪਕ ਉਸ ਨੂੰ ਮਿਲਣ ਜਸਵੰਤ ਸਿੰਘ ਕੰਵਲ ਦੇ ਪਿੰਡ ਢੁੱਡੀਕੇ ਵੀ ਜਾ ਟਪਕਿਆ। ਪਿੰਡ ਦੇ ਬਾਹਰ ਖੂਹ ਵਾਲੇ ਰੁੱਖ ਦੀ ਛਾਂਵੇਂ ਲੱਗੀ ਮਹਿਫਿਲ ਵਿਚ ਲੋਕ ਗੀਤਾਂ, ਬੋਲੀਆਂ, ਟੱਪਿਆਂ, ਕਵਿਤਾਵਾਂ ਤੇ ਚੋਂਦੇ-ਚੋਂਦੇ ਚੁਟਕਲਿਆਂ ਨਾਲ ਮਾਹੌਲ ਮਹਿਕਿਆ ਪਿਆ ਸੀ। ਦੀਪਕ ਮਾਲਾ-ਮਾਲ ਹੋ ਕੇ ਪਰਤਿਆ। ਉਸ ਨੂੰ ਸਭ ਤੋਂ ਵੱਧ ਪ੍ਰਭਾਵਿਤ ਇਸ ਗੱਲ ਨੇ ਕੀਤਾ ਕਿ ਬਲਰਾਜ ਨੂੰ ਸਮੇਂ ਤੇ ਸਥਾਨ ਦਾ ਉਕਾ ਹੀ ਕੋਈ ਅਹਿਸਾਸ ਨਹੀਂ ਸੀ ਅਤੇ ਉਸ ਦੀ ਹਾਜ਼ਰੀ ਨੇ ਇਹ ਭਾਵਨਾ ਹਰ ਕਿਸੇ ਉਤੇ ਤਾਰੀ ਕਰ ਰੱਖੀ ਸੀ। ਪੰਜਾਬ ਪਹੁੰਚ ਕੇ ਉਹ ਸਿਰ ਤੋਂ ਪੈਰਾਂ ਤਕ ਸਰੂਰਿਆ ਜਾਂਦਾ ਸੀ। ਉਹ ਆਮ ਹੀ ਕਹਿੰਦਾ ਹੁੰਦਾ ਸੀ, ‘ਮੇਰੀ ਬਦਨਸੀਬੀ ਵੀ ਤਾਂ ਚੁਤਰਫੀ ਹੈ ਨਾ। ਪੰਜਾਬ ਦਾ ਇਕ ਹਿੱਸਾ ਮੈਥੋਂ ਖੁਸ ਗਿਆ ਤੇ ਦੂਜਾ ਮੈਂ ਗਵਾ ਲਿਆ।’
ਜਦੋਂ ਦੀਪਕ ਦੀ ਮੁੰਬਈ ਵਿਖੇ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਵਿਚ ਨੌਕਰੀ ਲੱਗ ਗਈ ਤਾਂ ਬਲਰਾਜ ਉਸ ਨੂੰ ਸਟੂਡੀਓ ਵਿਚ ਸ਼ੂਟਿੰਗ ਜਾਂ ਹੋਰ ਕਿਧਰੇ ਅਸ਼ੋਕ ਕੁਮਾਰ, ਨੂਤਨ, ਮਾਲਾ ਸਿਨਹਾ, ਭਾਰਤ ਭੂਸ਼ਨ, ਲੀਲਾ ਚਿਟਨਿਸ, ਲਲਿਤਾ ਪਵਾਰ ਆਦਿ ਕਿਸੇ ਨਾਲ ਵੀ ਮਿਲਾਉਂਦਾ ਤਾਂ ਇਉਂ, ਜਿਵੇਂ ਦੀਪਕ ਉਸ ਦਾ ਖਾਸ-ਉਲ-ਖਾਸ ਬੰਦਾ ਹੋਵੇ, ਪੰਜਾਬ ਦਾ ਹੀਰਾ।
ਬਲਰਾਜ ਸਾਹਨੀ ਦੀਆਂ ਆਪਣੇ ਪਿੱਛੇ ਰਹਿ ਗਏ ਮਿੱਤਰਾਂ ਦੀਆਂ ਚਿੱਠੀਆਂ ਉਸ ਦੇ ਪੰਜਾਬੀ ਪਿਆਰ ਦੀ ਤਰਜਮਾਨੀ ਕਰਦੀਆਂ ਹਨ। ਇਕੱਲੇ ਪਿਆਰਾ ਸਿੰਘ ਦਾਤਾ ਵਾਲੀਆਂ ਚਿੱਠੀਆਂ ਹੀ ਲਈਏ ਤਾਂ ਉਸ ਦੇ ਸੰਬੋਧਨੀ ਸ਼ਬਦ ਬੜੇ ਹੀ ਪਿਆਰੇ ਹਨ। ਉਹ ਦਾਤਾ ਨੂੰ ਸਦਾ ਆਪਣਾ ਵਤਨੀ, ਵੀਰ ਪਿਆਰਾ, ਦਾਤਾ ਜਾਂ ਦਾਤਾ ਸਾਹਿਬ ਸ਼ਬਦਾਂ ਨਾਲ ਸੰਬੋਧਨ ਕਰਦਾ ਤੇ ‘ਮੋੜਵੀਆਂ ਦੁਆਵਾਂ’ ਤੇ ‘ਸ਼ੁਭ ਇਛਾਵਾਂ’ ਦੀ ਛਹਿਬਰ ਨਾਲ ਖਤਮ ਕਰਦਾ।
ਉਸ ਦੀਆਂ ਚਿੱਠੀਆਂ ਚਾਰ ਜ਼ੁਬਾਨਾਂ ਅਤੇ ਪੰਜ ਲਿਪੀਆਂ ਵਿਚ ਲਿਖੀਆਂ ਮਿਲਦੀਆਂ ਹਨ। ਅੰਗਰੇਜ਼ੀ, ਹਿੰਦੀ, ਉਰਦੂ ਤੇ ਪੰਜਾਬੀ ਵਿਚ ਲਿਖੀਆਂ ਇਨ੍ਹਾਂ ਚਿੱਠੀਆਂ ਵਿਚ ਉਹ ਗੁਰਮੁਖੀ ਤੇ ਫਾਰਸੀ ਤਾਂ ਕੀ, ਦੇਵਨਾਗਰੀ ਤੇ ਰੋਮਨ ਲਿਪੀ ਦੀ ਵਰਤੋਂ ਵੀ ਖੁੱਲ੍ਹ ਕੇ ਕਰਦਾ ਸੀ। ਉਹ ਇਹ ਵੀ ਮੰਨ ਕੇ ਚੱਲਦਾ ਸੀ ਕਿ ਰੋਮਨ ਲਿਪੀ ਅੰਤਰ-ਦੇਸ਼ੀ ਸੰਚਾਰ ਮਾਧਿਅਮ ਦੇ ਤੌਰ ‘ਤੇ ਬੜੀ ਪ੍ਰਭਾਵੀ ਤੇ ਉਪਯੋਗੀ ਸਾਬਤ ਹੋ ਸਕਦੀ ਹੈ ਤੇ ਇਸ ਨਾਲ ਦੇਸ਼ ਨੂੰ ਲਿਪੀ ਨਾਲ ਸਬੰਧਿਤ ਬਹੁਤ ਸਾਰੇ ਝਗੜਿਆਂ ਤੋਂ ਮੁਕਤੀ ਮਿਲ ਸਕਦੀ ਹੈ।
ਢੁੱਡੀਕੇ ਬਲਰਾਜ ਦਾ ਮੱਕਾ ਸੀ, ਪ੍ਰੀਤਨਗਰ ਉਸ ਦਾ ਮਦੀਨਾ। ਸ਼ਾਇਦ ਮੱਕਾ ਮਦੀਨਾ-ਦੋਵੇਂ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਉਸ ਦਾ ਪ੍ਰੇਮ ਹੀ ਸੀ ਕਿ ਉਸ ਨੇ ਵੰਡ ਤੋਂ ਪਿੱਛੋਂ ਉਜੜੇ-ਪੁਜੜੇ ਪ੍ਰੀਤਨਗਰ ਵਿਚ ਕੋਠੀ ਖਰੀਦ ਕੇ ਬਹੁਤ ਸਾਰਾ ਪੈਸਾ ਉਸ ਨੂੰ ਸ਼ਿੰਗਾਰਨ ‘ਤੇ ਲਾਇਆ। ਇਸ ਲਈ ਕਿ ਇਥੇ ਨਾਨਕ ਸਿੰਘ ਦਾ ਘਰ ਸੀ ਤੇ ਇਹ ਗੁਰਬਖਸ਼ ਸਿੰਘ ਦਾ ਸੁਪਨਾ ਸੀ। ਇਕ ਪੜਾਅ ਉਤੇ ਗੁਰਬਖਸ਼ ਸਿੰਘ ਨੂੰ ਭਿਣਕ ਪਈ ਕਿ ਬਲਰਾਜ ਨੂੰ ਇਹ ਕੋਠੀ ਜਚੀ ਨਹੀਂ। ਉਸ ਨੇ ਇਹਦਾ ਗਾਹਕ ਵੀ ਲੱਭ ਲਿਆ, ਜੋ ਉਸ ਤੋਂ ਵੱਧ ਪੈਸੇ ਦੇ ਕੇ ਬਲਰਾਜ ਤੋਂ ਲੈਣ ਲਈ ਤਿਆਰ ਹੋ ਗਿਆ। ਬਲਰਾਜ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਸਮਝਿਆ ਕਿ ਗੁਰਬਖਸ਼ ਸਿੰਘ ਦੀ ਖੁਸ਼ੀ ਇਸ ਕੋਠੀ ਨੂੰ ਕਿਸੇ ਵਧੇਰੇ ਯੋਗ ਸੱਜਣ ਨੂੰ ਦਿਵਾਉਣ ਵਿਚ ਹੈ। ਇਸ ਗੱਲ ਨੇ ਬਲਰਾਜ ਦੇ ਮਨ ਨੂੰ ਠੇਸ ਪਹੁੰਚਾਈ, ‘ਜਿਸ ਤਰ੍ਹਾਂ ਤੁਸੀਂ ਚਾਹੋ, ਤੁਹਾਡੀ ਖੁਸ਼ੀ ਮੇਰੀ ਖੁਸ਼ੀ ਹੈ, ਪਰ ਮੈਂ ਪ੍ਰੀਤਨਗਰ ਵਿਚ ਆਪਣੇ ਲਈ ਕੋਠੀ ਸਬੰਧੀ ਕਈ ਸੁਪਨੇ ਬਣਾਏ ਤੇ ਮਨ ‘ਚ ਫਿਲਮਾਏ ਹੋਏ ਸਨ, ਤਾਂ ਵੀ ਹੋਵੇਗਾ ਓਹੀਓ ਜੋ ਤੁਸੀਂ ਚਾਹੋਗੇ।’
ਬਲਰਾਜ ਸਾਹਨੀ ਦੇ ਇਸ ਖਤ ਦਾ ਗੁਰਬਖਸ਼ ਸਿੰਘ ਵਲੋਂ ਦਿੱਤਾ ਉਤਰ ਵੀ ਘੱਟ ਨਹੀਂ ਸੀ, ‘ਸਾਰੇ ਦੇ ਸਾਰੇ ਪ੍ਰੀਤਨਗਰ ਨੂੰ ਅਤੇ ਮੈਨੂੰ ਨਿੱਜੀ ਤੌਰ ‘ਤੇ ਮਾਣ ਹੈ ਕਿ ਬਲਰਾਜ ਪ੍ਰੀਤਨਗਰ ਦਾ ਨਾਗਰਿਕ ਹੈ। ਇਸ ਨਾਲ ਮੈਨੂੰ ਉਜੜਿਆ ਪ੍ਰੀਤਨਗਰ ਇਕ ਵਾਰ ਫਿਰ ਵਸ ਪਿਆ ਜਾਪਦਾ ਹੈ। ਖਾਸ ਕਰਕੇ ਉਦੋਂ, ਜਦੋਂ ਮੈਂ ਹਰ ਕਿਸੇ ਨੂੰ ਉਂਗਲ ਸੇਧ ਕੇ ਆਖਦਾ ਹਾਂ, ਉਹ ਕੋਠੀ ਬਲਰਾਜ ਦੀ ਏ।’
ਗੁਰਬਖਸ਼ ਸਿੰਘ ਨੂੰ ਬਲਰਾਜ ਦੀ ਉਹ ਕੋਠੀ ਹੀ ਨਹੀਂ, ਸਾਰਾ ਆਲਾ-ਦੁਆਲਾ ਬਲਰਾਜ ਐਨਕਲੇਵ ਲੱਗਣ ਲੱਗ ਪਿਆ ਸੀ। ਉਸ ਦੇ ਤੁਰ ਜਾਣ ‘ਤੇ ਗੁਰਬਖਸ਼ ਸਿੰਘ ਨੇ ਸ਼ਰਧਾਂਜਲੀ ਵਜੋਂ ‘ਪ੍ਰੀਤਲੜੀ’ ਵਿਚ ਲਿਖਿਆ, “ਅੱਜ ਪ੍ਰੀਤਲੜੀ ਦਾ ਹਰ ਸ਼ਬਦ ਲਟ-ਲਟ ਬਲ ਉਠਿਆ ਹੈ ਤੇ ਕਹਿ ਰਿਹਾ ਹੈ, ਹਾਏ ਉਹ ਬੇ-ਮਿਸਾਲ, ਖੂਬਸੂਰਤ ਤੇ ਖੁਸ਼ਬੂਦਾਰ ਇਨਸਾਨ ਅਛੋਪਲੇ ਹੀ ਤੁਰ ਗਿਆ।”
ਬਲਰਾਜ ਸਾਹਨੀ ਨਿਰੋਲ ਪੰਜਾਬੀ ਸੀ। ਪੰਜਾਬੀਅਤ ਦਾ ਦਿਲਦਾਦਾ। ਸਮੁੱਚੇ ਪੰਜਾਬ ਦਾ ਆਸ਼ਕ। ਬਾਰਡਰ ਦੀਆਂ ਕੰਡੇਦਾਰ ਤਾਰਾਂ ਨੂੰ ਉਡ ਕੇ ਪਾਰ ਕਰਨ ਵਾਲਾ, ਹਿੰਦੂ-ਮੁਸਲਿਮ ਮੇਲ-ਮਿਲਾਪ ਦਾ ਤਾਂਘੀ। ਇਨਸਾਨੀ ਦੋਸਤੀ ਦਾ ਕਦਰਦਾਨ, ਖੁਸ਼ਬੂਦਾਰ ਇਨਸਾਨ। ਅਣਵੰਡੇ ਪੰਜਾਬ ਦਾ ਸੁੱਚਾ ਤੇ ਸੱਚਾ ਪ੍ਰਤੀਨਿਧ।
ਪੰਜਾਬੀ ਪਿਆਰਿਆਂ ਨਾਲ ਉਸ ਦੇ ਪਿਆਰ ਦੇ ਕਿੱਸਿਆਂ ਦਾ ਅੰਤ ਹੀ ਕੋਈ ਨਹੀਂ। 1970-71 ਵਿਚ ਜਦੋਂ ਭਾਸ਼ਾ ਵਿਭਾਗ ਨੇ ਉਸ ਨੂੰ 5100 ਰੁਪਏ ਦੀ ਰਕਮ ਸ਼੍ਰੋਮਣੀ ਸਾਹਿਤਕਾਰ ਦੇ ਸਨਮਾਨ ਵਜੋਂ ਦਿੱਤੀ ਤਾਂ ਉਸ ਦੇ ਪ੍ਰਵਾਨਗੀ ਵਾਲੇ ਸ਼ਬਦ ਬਹੁਤ ਹੀ ਭਾਵ-ਪੂਰਤ ਸਨ, “ਹੱਕ ਤਾਂ ਮੇਰੇ ਨਾਲੋਂ ਕਿਤੇ ਵੱਧ ਹੋਰਨਾਂ ਦਾ ਬਣਦਾ ਸੀ, ਪਰ ਇਸ ਸਨਮਾਨ ਨੇ ਮੇਰੀ ਜਿੰਮੇਵਾਰੀ ਹੋਰ ਵਧਾ ਦਿੱਤੀ ਹੈ। ਹੁਣ ਮੈਂ ਆਪਣੀ ਮਾਂ-ਬੋਲੀ ਲਈ ਵੱਧ ਸਾਧਨਾ ਕਰਕੇ ਵਧੇਰੇ ਲਾਇਕ ਹੋਣ ਦੀ ਕੋਸ਼ਿਸ਼ ਕਰਾਂਗਾ।” ਇੰਨਾ ਕਹਿ ਕੇ ਉਸ ਨੇ 5100 ਵਾਲੀ ਗੁੱਥੀ ਉਥੇ ਹੀ ਗੁਰਸ਼ਰਨ ਸਿੰਘ ਦੇ ਨਾਟਕਾਂ ਲਈ ਉਸ ਨੂੰ ਫੜਾ ਦਿੱਤੀ।
ਮੈਂ ਬਲਰਾਜ ਸਾਹਨੀ ਦੇ ਜਿਉਂਦੇ ਜੀ ਅਤੇ ਉਸ ਦੇ ਤੁਰ ਜਾਣ ਪਿੱਛੋਂ ਜੋ ਵੀ ਉਸ ਬਾਰੇ ਪੜ੍ਹਿਆ ਤੇ ਜਾਣਿਆ ਹੈ, ਉਹ ਗੁਰਬਖਸ਼ ਸਿੰਘ ਦੀ ਸ਼ਬਦਾਵਲੀ ਨਾਲੋਂ ਵੀ ਉਤਮ ਹੈ। ਉਸ ਦੇ ਸਮਕਾਲੀਆਂ ਦੇ ਸ਼ਬਦਾਂ ਵਿਚ, ‘ਬਲਰਾਜ ਤਾਂ ਖੁਸ਼ਬੂ ਦਾ ਨਾਮ ਸੀ।’ ਉਹ ਖੁਸ਼ਵੰਤ ਸਿੰਘ ਤੋਂ ਦੋ ਸਾਲ ਵੱਡਾ ਸੀ। ਗੌਰਮਿੰਟ ਕਾਲਜ, ਲਾਹੌਰ ਵਿਚ ਉਸ ਤੋਂ ਅੱਗੇ ਸੀ। ਉਸ ਨੂੰ ਖੂਬਸੂਰਤ, ਨਿਮਰ ਤੇ ਜਵਾਨ ਲਿਖ ਕੇ ਖੁਸ਼ਵੰਤ ਲਿਖਦਾ ਹੈ, “ਜੋ ਉਸ ਨੂੰ ਜ਼ਾਤੀ ਤੌਰ ‘ਤੇ ਨਹੀਂ ਸਨ ਜਾਣਦੇ, ਉਨ੍ਹਾਂ ਲਈ ਉਹ ਸੋਹਣਾ, ਸੁਨੱਖਾ ਤੇ ਭਾਵੁਕ ਕਲਾਕਾਰ ਸੀ। ਜਿਹੜੇ ਉਸ ਨੂੰ ਉਪਰੋਂ-ਉਪਰੋਂ ਜਾਣਦੇ ਸਨ, ਉਨ੍ਹਾਂ ਲਈ ਉਹ ਅਜਿਹਾ ਕਮਿਊਨਿਸਟ ਸੀ, ਜੋ ਸਰਮਾਏਦਾਰਾਂ ਨਾਲੋਂ ਵੀ ਸਹਿਲ ਤੇ ਸੁਖਾਵਾਂ ਜੀਵਨ ਜਿਉ ਰਿਹਾ ਸੀ। ਉਸ ਨੂੰ ਨੇੜਿਓਂ ਜਾਣਨ ਵਾਲੇ ਹੀ ਜਾਣਦੇ ਸਨ ਕਿ ਉਸ ਦੇ ਇਨ੍ਹਾਂ ਗੁਣਾਂ ਨੇ ਉਸ ਨੂੰ ਕਿੰਨਾ ਪਿਆਰਾ ਇਨਸਾਨ ਬਣਾ ਛੱਡਿਆ ਸੀ। ਉਹ ਸੱਚਮੁੱਚ ਹੀ ਰੱਜ ਕੇ ਸੋਹਣਾ ਤੇ ਭਰਵਾਂ ਜੁਆਨ ਸੀ। ਜੇ ਕੋਈ ਇਹ ਸਭ ਨਹੀਂ ਸੀ ਜਾਣਦਾ ਤਾਂ ਬਲਰਾਜ ਹੀ ਸੀ, ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਨੂੰ ਵੇਖ ਕੇ ਔਰਤਾਂ ਦੇ ਦਿਲ ਉਤੇ ਕੀ ਗੁਜ਼ਰਦੀ ਸੀ।”
ਬਲਰਾਜ ਸਾਹਨੀ ਦੇ ਜੀਵਨ ਵਿਚ ਇਨਸਾਨੀਅਤ ਦੇ ਗੁਣਾਂ ਨੂੰ ਚਮਕਾਉਣ ਵਾਲੀ ਉਸ ਦੀ ਪਹਿਲੀ ਜੀਵਨ ਸਾਥਣ ਦਮਯੰਤੀ ਸੀ। ਉਹ ਦੋਵੇਂ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਵਿਚ ਕੰਮ ਕਰਦਿਆਂ ਇਕ-ਦੂਜੇ ਦੇ ਨੇੜੇ ਹੋਏ।
ਇਪਟਾ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਚੇਤਨ ਆਨੰਦ ਨੇ ਉਨ੍ਹਾਂ ਨੂੰ ਆਪਣੀ ਫਿਲਮ ‘ਨੀਚਾ ਨਗਰ’ ਵਿਚ ਲੈਣ ਦੀ ਪੇਸ਼ਕਸ਼ ਕੀਤੀ ਅਤੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਅਦਾਕਾਰੀ ਦੇ ਵੀਹ ਹਜ਼ਾਰ ਰੁਪਏ ਮਿਲਣਗੇ। ਇਸ ਪੇਸ਼ਕਾਰੀ ਬਾਰੇ ਬਲਰਾਜ ਸਾਹਨੀ ਦੇ ਆਪਣੇ ਸ਼ਬਦ ਪੜ੍ਹਨ ਵਾਲੇ ਹਨ, “ਪਰ ਵੀਹ ਹਜ਼ਾਰ ਰੁਪਏ ਉਨ੍ਹਾਂ ਦਿਨਾਂ ਵਿਚ ਬੜੀ ਵੱਡੀ ਰਕਮ ਸੀ। ਇਕ ਵਾਰੀ ਵੀਹ ਹਜ਼ਾਰ ਦਾ ਗੱਫਾ ਲੁੱਟ ਹੀ ਲੈਣਾ ਚਾਹੀਦਾ ਹੈ, ਇਸ ਗੱਲ ਉਤੇ ਮੀਆਂ-ਬੀਵੀ ਦੋਵੇਂ ਅੰਦਰੇ-ਅੰਦਰ ਸਹਿਮਤ ਸਾਂ। ਅੱਗੇ ਵੀ ਕਿਤਨੇ ਉਸ਼ਟੰਡ ਕਰ ਬੈਠੇ ਸਾਂ, ਇਕ ਹੋਰ ਸਹੀ।” ਬਲਰਾਜ ਅਤੇ ਦਮਯੰਤੀ ਨੇ ‘ਨੀਚਾ ਨਗਰ’ ਵਿਚ ਕੰਮ ਕਰਨ ਦਾ ਫੈਸਲਾ ਕਰ ਲਿਆ।
ਬਰਤਾਨਵੀ ਰਾਜ ਵੇਲੇ ਫਿਲਮ ਬਣਾਉਣ ਲਈ ਲਾਇਸੈਂਸ ਲੈਣਾ ਪੈਂਦਾ ਸੀ। ‘ਨੀਚਾ ਨਗਰ’ ਰਫੀਕ ਅਨਵਰ ਨੂੰ ਮਿਲੇ ਲਾਇਸੈਂਸ ਉਤੇ ਬਣਨੀ ਸੀ। ਰਫੀਕ ਅਨਵਰ ਦੀ ਸ਼ਰਤ ਸੀ ਕਿ ਹੀਰੋ ਉਹ ਖੁਦ ਹੋਵੇਗਾ। ਇਸ ਲਈ ਚੇਤਨ ਨੂੰ ‘ਨੀਚਾ ਨਗਰ’ ਵਿਚ ਬਲਰਾਜ ਨੂੰ ਨਾਇਕ ਵਜੋਂ ਲੈਣ ਦਾ ਇਰਾਦਾ ਤਿਆਗਣਾ ਪਿਆ ਅਤੇ ਦਮਯੰਤੀ ਇਕੱਲਿਆਂ ਇਸ ਫਿਲਮ ਵਿਚ ਕੰਮ ਕਰਨ ਨੂੰ ਤਿਆਰ ਨਾ ਹੋਈ। ਨਤੀਜੇ ਵਜੋਂ ਆਰਥਕ ਪ੍ਰੇਸ਼ਾਨੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਗੁਜ਼ਾਰਾ ਚਲਾਉਣ ਲਈ ਬਲਰਾਜ ਰੇਡੀਓ ਦੇ ਪ੍ਰੋਗਰਾਮ ਅਤੇ ਕਿਤਾਬਾਂ ਦਾ ਅਨੁਵਾਦ ਕਰਨ ਲੱਗਾ। ਦਮਯੰਤੀ ਨੇ ਪ੍ਰਿਥਵੀ ਥੀਏਟਰ ਵਿਚ ਨੌਕਰੀ ਕਰ ਲਈ।
ਪ੍ਰਿਥਵੀ ਥੀਏਟਰ ਵਿਚ ਦਮਯੰਤੀ ਨੂੰ ਲਿਆਉਣ ਵਾਲਾ ਖੁਦ ਪ੍ਰਿਥਵੀ ਰਾਜ ਕਪੂਰ ਸੀ। 9 ਅਗਸਤ 1945 ਨੂੰ ਦਮਯੰਤੀ ਨੇ ਨਾਟਕ ‘ਦੀਵਾਰ’ ਵਿਚ ਵਿਦੇਸ਼ੀ ਔਰਤ ਦਾ ਰੋਲ ਕਰਨਾ ਸੀ। ਦਮਯੰਤੀ ਕਾਫੀ ਘਬਰਾ ਰਹੀ ਸੀ। ਵਿੰਗ ਦੇ ਪਿੱਛੇ ਖੜ੍ਹੀ ਕੰਬ ਰਹੀ ਸੀ। ਆਪਣੇ ਸਾਥੀ ਕਲਾਕਾਰਾਂ ਨੂੰ ਵਾਰ-ਵਾਰ ਕਹਿ ਰਹੀ ਸੀ, “ਮੈਨੂੰ ਭਾਪੇ (ਪ੍ਰਿਥਵੀ ਰਾਜ) ਦੇ ਬੱਚੇ ਨੇ ਕਿੱਥੇ ਫਸਾ ਦਿੱਤਾ।” ਪਰ ਬਲਰਾਜ ਦੇ ਹੌਸਲਾ ਦੇਣ ‘ਤੇ ਸਟੇਜ ਉਤੇ ਆਈ ਤਾਂ ਬਿਲਕੁਲ ਪਤਾ ਹੀ ਨਾ ਲੱਗਾ, ਵਾਰਤਾਲਾਪ ਅਤੇ ਹਾਵ-ਭਾਵ ਪਾਤਰਾਂ ਦੀ ਮੰਗ ਦੇ ਅਨੁਸਾਰ ਸਭ ਕੁਝ ਨਿਭ ਗਿਆ। ਇਸ ਪਹਿਲੇ ਸ਼ੋਅ ਪਿਛੋਂ ਦਮਯੰਤੀ ਸ਼ੇਰ ਹੋ ਗਈ ਸੀ।
ਦੂਜੇ ਸ਼ੋਅ ਵਿਚ ਬਲਰਾਜ ਨੇ ਮੇਕਅੱਪ ਰੂਮ ਵਿਚ ਜਾ ਕੇ ਇਕ ਵਾਰੀ ਫਿਰ ਹੌਸਲਾ ਦਿੱਤਾ ਤੇ ਨਿਡਰ ਹੋ ਕੇ ਕੰਮ ਕਰਨ ਲਈ ਪ੍ਰੇਰਿਆ। ਦਮੋ ਜਿਵੇਂ ਬਦਲ ਕੇ ਕੁਝ ਹੋਰ ਹੋ ਗਈ ਸੀ। ‘ਦੀਵਾਰ’ ਨਾਟਕ ਨਾਲ ਦਮਯੰਤੀ ਦੀਆਂ ਧੁੰਮਾਂ ਪੈ ਗਈਆਂ। ਟਿਕਟਾਂ ਲਈ ਇੰਨੀਆਂ ਲੰਮੀਆਂ ਲਾਈਨਾਂ ਕਿਸੇ ਸਿਨਮੇ ਅੱਗੇ ਵੀ ਨਹੀਂ ਸਨ ਵੇਖੀਆਂ ਗਈਆਂ। ਲੋਕ ਨਾਟਕ ਨਹੀਂ, ਸਗੋਂ ਭਾਰਤ ਦੇ ਸਿਆਸੀ ਜੀਵਨ ਦੀ ਝਲਕ ਦੇਖ ਰਹੇ ਸਨ। ਪ੍ਰੈੱਸ ਨੇ ਵੀ ਖੂਬ ਸਲਾਹਿਆ।
ਦਮੋ ‘ਸਟਾਰ’ ਬਣ ਚੁਕੀ ਸੀ। ਅਗਲੇ ਦਿਨ ਤੋਂ ਹੀ ਫਿਲਮ ਪ੍ਰੋਡਿਊਸਰਾਂ ਨੇ ਉਸ ਦੇ ਘਰ ਨੂੰ ਘੇਰਾ ਪਾ ਲਿਆ। ਬਲਰਾਜ ਨੂੰ ਵੀ ਫਿਲਮਾਂ ਵਿਚ ਕੰਮ ਮਿਲਣ ਲੱਗਾ। ਦੋਹਾਂ ਨੂੰ ਫਿਲਮਾਂ ਵਿਚ ਕੰਮ ਮਿਲਣ ਨਾਲ ਆਰਥਕ ਹਾਲਤ ਬਦਲ ਗਈ ਸੀ। ਬਲਰਾਜ ਦੇ ਸ਼ਬਦਾਂ ਵਿਚ, “ਕਦੇ ਅਸੀਂ ਦਸ-ਦਸ ਦੇ ਨੋਟਾਂ ਨੂੰ ਦੀਦੇ ਪਾੜ ਕੇ ਵੇਖਦੇ ਹੁੰਦੇ ਸਾਂ, ਤੇ ਹੁਣ ਸੌ-ਸੌ ਦੇ ਨੋਟਾਂ ਦੀਆਂ ਦੱਥੀਆਂ ਸਿਰਫ ਮੁਟਿਆਈ ਵੇਖ ਕੇ ਭਾਂਪ ਛੱਡਦੇ ਸਾਂ।”
ਇਹ ਅਣਕਿਆਸੀ ਸਥਿਤੀ ਸੀ, ਜਿਸ ਲਈ ਨਾ ਬਲਰਾਜ ਅਤੇ ਨਾ ਹੀ ਦਮਯੰਤੀ ਤਿਆਰ ਸੀ। ਇਕ ਪਾਸੇ ਵਿਚਾਰਾਂ ਦੀ ਪ੍ਰਤੀਬੱਧਤਾ ਸੀ ਤੇ ਦੂਜੇ ਪਾਸੇ ਬਾਜ਼ਾਰ ਦਾ ਦਬਾਅ। ਇਹ ਦਬਾਅ ਵਧ ਰਿਹਾ ਸੀ। ਹਾਲਾਤ ਦਾ ਜ਼ਿਕਰ ਕਰਦਿਆਂ ਬਲਰਾਜ ਸਾਹਨੀ ਲਿਖਦੇ ਹਨ, “ਉਘੇ ਘਰਾਂ ਦੇ ਲੋਕ ਵੀ ਸਾਡੇ ਨਾਲ ਦੋਸਤੀਆਂ ਪਾਉਣ ਲਈ ਤਰਲੋਮੱਛੀ ਸਨ। ਫਿਲਮ ਸਟਾਰ ਨਾਲ ਉਠਣ-ਬੈਠਣ ਵਿਚ ਉਨ੍ਹਾਂ ਦਾ ਮਾਣ ਵਧਦਾ ਸੀ। ਜਦੋਂ ਉਨ੍ਹਾਂ ਦੀਆਂ ਹੋਛੀਆਂ ਜਿਹੀਆਂ ਪਾਰਟੀਆਂ ਤੋਂ ਵਿਰਕਤ ਹੋ ਕੇ ਅਸੀਂ ਕੰਨੀ ਕਤਰਾਉਂਦੇ, ਉਹ ਇਪਟਾ ਜਾਂ ਕਮਿਊਨਿਸਟ ਪਾਰਟੀ ਨੂੰ ਚੰਦਾ ਦੇ ਕੇ ਲਲਚਾ ਛੱਡਦੇ। ਐਕਟਰ ਤੇ ਖਾਸ ਕਰਕੇ ਐਕਟਰੈੱਸ ਬੁਰਜੂਆ ਸਮਾਜ ਲਈ ਖਿਡੌਣਾ ਹੈ, ਇਸ ਹਕੀਕਤ ਦਾ ਮੈਨੂੰ ਉਕਾ ਗਿਆਨ ਨਹੀਂ ਸੀ। ਐਕਟਰੈੱਸ ਨੂੰ ਦਿੱਤੇ ਮਾਣ ਵਿਚ ਬਹੁਤ ਸਾਰਾ ਅੰਸ਼ ਤ੍ਰਿਸਕਾਰ ਦਾ ਵੀ ਹੁੰਦਾ ਹੈ, ਇਹ ਵੀ ਮੈਨੂੰ ਨਹੀਂ ਸੀ ਪਤਾ। ਹਾਂ, ਇਕ ਵਾਰੀ ਜਦੋਂ ਅਖਬਾਰ ਵਿਚ ਪੜ੍ਹਿਆ ਕਿ ਰੇਸ ਵਿਚ ਦੌੜਨ ਵਾਲੀਆਂ ਘੋੜੀਆਂ ਦੇ ਨਾਂ ਬੇਗਮ ਪਾਰਾ, ਨਰਗਿਸ, ਦਮਯੰਤੀ ਰੱਖੇ ਗਏ ਹਨ ਤਾਂ ਮੈਨੂੰ ਬੜਾ ਗੁੱਸਾ ਚੜ੍ਹਿਆ ਸੀ।”
ਪ੍ਰਸਿਧ ਨਿਰਦੇਸ਼ਕ ਫਨੀ ਮਜੂਮਦਾਰ ਨੇ ਆਪਣੀ ਅਗਲੀ ਫਿਲਮ ‘ਦੂਰ ਚਲੇਂ’ ਵਿਚ ਬਲਰਾਜ ਅਤੇ ਦਮਯੰਤੀ-ਦੋਹਾਂ ਨੂੰ ਮੁੱਖ ਰੋਲ ਦਿੱਤੇ। ‘ਦੂਰ ਚਲੇਂ’ ਵਿਚ ਦਮਯੰਤੀ ਨੇ ਬਲਰਾਜ ਦੀ ਪਤਨੀ ਦਾ ਕਿਰਦਾਰ ਨਿਭਾਇਆ। ਕਮਲ ਕਪੂਰ ਇਸ ਫਿਲਮ ਦੇ ਨਾਇਕ ਅਤੇ ਨਸੀਮ ਨਾਇਕਾ ਸੀ।
ਇਸ ਪਿੱਛੋਂ ਇਪਟਾ ਨੇ 1946 ਵਿਚ ਬੰਗਾਲ ਦੇ ਕਾਲ ਉਤੇ ‘ਧਰਤੀ ਕੇ ਲਾਲ’ ਫਿਲਮ ਬਣਾਈ, ਜਿਸ ਨੂੰ ਭਾਰਤੀ ਅਗਾਂਹਵਧੂ ਸਿਨੇਮਾ ਦੀ ਸ਼ਾਹਕਾਰ ਰਚਨਾ ਮੰਨਿਆ ਜਾਂਦਾ ਹੈ। ਇਸ ਫਿਲਮ ਵਿਚ ਬਲਰਾਜ ਨੇ ਪਰਿਵਾਰ ਦੇ ਵੱਡੇ ਮੁੰਡੇ ਅਤੇ ਦਮਯੰਤੀ ਨੇ ਉਸ ਦੀ ਪਤਨੀ ਵਿਨੋਦਨੀ ਦਾ ਰੋਲ ਨਿਭਾਇਆ ਸੀ।
ਜਦੋਂ ਰਜਨੀਕਾਂਤ ਪਾਂਡੇ ਨੇ ਇਬਸਨ ਦੇ ਪ੍ਰਸਿੱਧ ਨਾਟਕ ‘ਏ ਡਾਲਜ਼ ਹਾਊਸ’ ਉਤੇ ਆਧਾਰਤ ਫਿਲਮ ‘ਗੁੜੀਆ’ ਬਣਾਈ ਤਾਂ ਉਸ ਵਿਚ ਵੀ ਬਲਰਾਜ ਅਤੇ ਦਮਯੰਤੀ ਨੇ ਮੁੱਖ ਕਿਰਦਾਰ ਨਿਭਾਏ। ਉਹ ਦੋਵੇਂ ਪ੍ਰਸਿੱਧੀ ਦੀ ਸਿਖਰ ‘ਤੇ ਪਹੁੰਚ ਗਏ, ਪਰ ਮਾੜੀ ਗੱਲ ਇਹ ਹੋਈ ਕਿ ‘ਧਰਤੀ ਕੇ ਲਾਲ’ ਦੀ ਦਿਹਾਤੀ ਇਲਾਕਿਆਂ ਵਿਚ ਸ਼ੂਟਿੰਗ ਦੌਰਾਨ ਦਮਯੰਤੀ ਬਿਮਾਰ ਹੋ ਗਈ। ਜ਼ਿਆਦਾ ਖੇਚਲ ਅਤੇ ਭੱਜ-ਦੌੜ ਕਾਰਨ ਇਹ ਬਿਮਾਰੀ ਵਧਦੀ ਗਈ। ਛੇਤੀ ਹੀ ‘ਗੁੜੀਆ’ ਦੀ ਸ਼ੂਟਿੰਗ ਦੇ ਖਤਮ ਹੋਣ ਪਿਛੋਂ ਸੰਖੇਪ ਬਿਮਾਰੀ ਮਗਰੋਂ ਅਪਰੈਲ 1947 ਵਿਚ ਦਮਯੰਤੀ ਦੀ ਮੌਤ ਹੋ ਗਈ।
‘ਧਰਤੀ ਕੇ ਲਾਲ’ ਨੂੰ ਦੇਖਦਿਆਂ ਦਮਯੰਤੀ ਦੀ ਅਭਿਨੈ ਪ੍ਰਤਿਭਾ ਦਾ ਅੰਦਾਜ਼ਾ ਹੋ ਜਾਂਦਾ ਹੈ। ਬਲਰਾਜ ਸਾਹਨੀ ਅਨੁਸਾਰ, “ਮੈਂ ਦਮੋ ਨੂੰ ਕੈਮਰੇ ਅੱਗੇ ਲਾਪ੍ਰਵਾਹੀ ਨਾਲ ਹੱਸਦਿਆਂ-ਟੱਪਦਿਆਂ, ਨੱਚਦਿਆਂ-ਗਾਉਂਦਿਆਂ, ਵੇਖ ਕੇ ਕਾਫੀ ਹੈਰਾਨ ਹੁੰਦਾ ਸਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦਾ ਸੁਭਾਅ ਐਕਟਿੰਗ-ਕਲਾ ਲਈ ਬਹੁਤ ਢੁਕਵਾਂ ਸੀ।”
ਬਲਰਾਜ ਸਾਹਨੀ ਵਾਂਗ ਦਮਯੰਤੀ ਵੀ ਪ੍ਰਤੀਬੱਧ ਕਲਾਕਾਰ ਸੀ। ਉਹ ਬਲਰਾਜ ਤੋਂ ਵੀ ਪਹਿਲਾਂ ਮਾਰਕਸਵਾਦੀ ਵਿਚਾਰਧਾਰਾ ਵਲ ਖਿੱਚੀ ਗਈ ਸੀ। ਇਪਟਾ ਤੋਂ ਪਿੱਛੋਂ ਫਿਲਮਾਂ ਵਿਚ ਸਫਲ ਹੋਣ ਦੇ ਬਾਵਜੂਦ ਦਮਯੰਤੀ ਦੀ ਪ੍ਰਤੀਬੱਧਤਾ ਵਿਚ ਕਮੀ ਨਹੀਂ ਆਈ। ਬਲਰਾਜ ਸਾਹਨੀ ਲਿਖਦੇ ਹਨ, “ਉਹਨੂੰ ਨਾ ਪੈਸੇ ਜਮ੍ਹਾਂ ਕਰਨ ਦਾ ਸ਼ੌਕ ਸੀ, ਨਾ ਆਪਣੇ ਸੁੱਖ ਆਰਾਮ ਦਾ ਖਿਆਲ। ਬੇਗਮ ਪਾਰਾ, ਨੂਰ ਜਹਾਨ, ਬੇਬੀ ਨਸੀਮ ਉਹਦੇ ਹਾਣ ਦੀਆਂ ਐਕਟਰੈੱਸਾਂ ਸਨ। ਉਨ੍ਹਾਂ ਨਾਲ ਉਸ ਦੀ ਚੰਗੀ ਦੋਸਤੀ ਸੀ। ਉਹ ਸਭ ਵੱਡੀਆਂ-ਵੱਡੀਆਂ ਮੋਟਰਾਂ ‘ਤੇ ਉਡਦੀਆਂ ਫਿਰਦੀਆਂ, ਪਰ ਦਮੋ ਲਈ ਬੱਸ ਤੇ ਰੇਲ ਗੱਡੀ ਦੀ ਸਵਾਰੀ ਹੀ ਕਾਫੀ ਸੀ। ਖੱਦਰ ਦਾ ਚਿੱਟਾ ਸੂਟ ਉਸ ਦਾ ਪਹਿਰਾਵਾ ਸੀ। ਘਰ ਚਲਾਉਣ ਜੋਗੇ ਲੋੜੀਂਦੇ ਪੈਸੇ ਰੱਖ ਕੇ ਬਾਕੀ ਸਭ ਉਹ ਦੇਸ਼ ਦੇ ਕੰਮਾਂ ਨੂੰ ਭੇਟਾ ਕਰ ਦਿੰਦੀ।”
ਮਰਨ ਵੇਲੇ ਦਮਯੰਤੀ ਆਪਣੀ ਪ੍ਰਸਿੱਧੀ ਦੀ ਬੁਲੰਦੀ ‘ਤੇ ਸੀ। ਛੋਟੀ ਉਮਰ ਵਿਚ ਹੀ ਇਸ ਪ੍ਰਤਿਭਾਸ਼ਾਲੀ ਅਦਾਕਾਰਾ ਦੇ ਜੀਵਨ ਦੀ ਡੋਰ ਅੱਧ ਵਿਚਾਲਿਓਂ ਟੁੱਟ ਗਈ। ਦੇਹਾਂਤ ਸਮੇਂ ਉਸ ਦੀ ਉਮਰ ਐਨ ਅੰਮ੍ਰਿਤਾ ਸ਼ੇਰਗਿੱਲ ਜਿੰਨੀ ਸੀ। ਉਨ੍ਹਾਂ ਦੋਹਾਂ ਦੇ ਇਕ-ਦੂਜੀ ਦੇ ਅੱਗੇ-ਪਿੱਛੇ ਤੁਰ ਜਾਣ ਨਾਲ ਭਾਰਤੀ ਕਲਾ ਜਗਤ ਕਿੰਨਾ ਕੁ ਸੁੰਨਾ ਹੋਇਆ ਹੋਵੇਗਾ, ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਬਲਰਾਜ ਸਾਹਨੀ ਆਪਣੀ ਦਮੋ ਦਾ ਵਿਛੋੜਾ ਤਾਂ ਸਹਿ ਗਿਆ, ਪਰ ਧੀ ਸ਼ਬਨਮ ਦਾ ਨਹੀਂ, ਜਿਸ ਨੂੰ ਉਹ ਅੰਤਾਂ ਦਾ ਪਿਆਰ ਕਰਦਾ ਸੀ, ਪੁੱਤਰ ਪ੍ਰੀਕਸ਼ਤ ਤੋਂ ਵੀ ਵੱਧ। ਧੀ ਦੀ ਮੌਤ ਦਾ ਦੁੱਖ ਬਲਰਾਜ ਸਾਹਨੀ ਨੂੰ ਵੀ ਲੈ ਗਿਆ। ਉਹ 13 ਅਪਰੈਲ 1973 ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਉਸ ਨੇ ਪਹਿਲੀ ਮਈ ਨੂੰ ਮਸਾਂ ਸੱਠ ਸਾਲ ਦਾ ਹੋਣਾ ਸੀ। ਉਸ ਦਾ ਜਨਮ ਮਈ ਦਿਵਸ ਦਾ ਸੀ ਤੇ ਮ੍ਰਿਤੂ ਵਿਸਾਖੀ ਦੀ।
ਮੈਂ ਫਿਲਮਾਂ ਦਾ ਬੰਦਾ ਨਹੀਂ। ਦੇਖਦਾ ਵੀ ਨਹੀਂ। ਬਲਰਾਜ ਸਾਹਨੀ ਦੀ ਅਦਾਕਾਰੀ ਵਾਲੀ ਜੇ ਮੈਨੂੰ ਕੋਈ ਪਿਕਚਰ ਚੇਤੇ ਹੈ ਤਾਂ ‘ਦੋ ਬੀਘਾ ਜ਼ਮੀਨ।’ ਸ਼ਾਇਦ ਹੋਰ ਕੋਈ ਵੇਖੀ ਹੀ ਨਹੀਂ। ਫਿਲਮਾਂ ਨਾਲ ਹੀ ਮਿਲਦੀ-ਜੁਲਦੀ ਗੱਲ ਉਸ ਨੂੰ ਵੇਖਣ ਦੀ ਹੈ।
1965 ਦੀ ਭਾਰਤ-ਪਾਕਿਸਤਾਨ ਜੰਗ ਪਿੱਛੋਂ ਮੈਂ ਤੇ ਮੇਰਾ ਮਿੱਤਰ ਤਾਰਾ ਸਿੰਘ ਕਾਮਲ ਦਿੱਲੀ ਤੋਂ ਮੇਰੇ ਮੋਟਰਸਾਈਕਲ ਉਤੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਜਿੱਤੇ ਹੋਏ ਪਿੰਡ ਵੇਖਣ ਲਈ ਨਿਕਲੇ ਤਾਂ ਅੰਬਾਲਾ ਕੋਲੋਂ ਲੰਘਦਿਆਂ ਉਹ ਗਿਰਜਾਘਰ ਦਿਸਿਆ, ਜੋ ਪਾਕਿਸਤਾਨੀ ਬੰਬਾਰੀ ਦਾ ਸ਼ਿਕਾਰ ਹੋ ਗਿਆ ਸੀ। ਅਸੀਂ ਪਲ ਦੋ ਪਲ ਲਈ ਉਥੇ ਰੁਕੇ ਤਾਂ ਵੇਖਦੇ ਹਾਂ ਕਿ ਕੋਈ ਬਹੁਤ ਹੀ ਜਾਣਿਆ-ਪਛਾਣਿਆ ਚਿਹਰਾ ਵੱਡੀ ਕਾਰ ਵਿਚੋਂ ਨਿਕਲਿਆ ਤੇ ਸਾਡੇ ਵਿਚ ਆ ਰਲਿਆ। ਅਸੀਂ ਤਾਂ ਉਹਨੂੰ ਜਾਣਦੇ ਸਾਂ, ਪਰ ਉਹ ਸਾਨੂੰ ਨਹੀਂ ਸੀ ਜਾਣਦਾ। ਉਹ ਬਲਰਾਜ ਸਾਹਨੀ ਸੀ। ਦੋਹਾਂ ਧਿਰਾਂ ਨੂੰ ਕਾਹਲ ਇੰਨੀ ਸੀ ਕਿ ਸਾਹਬ ਸਲਾਮ ਵੀ ਨਹੀਂ ਹੋਈ। ਉਹ ਆਪਣੀ ਵੱਡੀ ਕਾਰ ਵਿਚ ਜਾ ਬੈਠਾ ਤੇ ਮੈਂ ਤਾਰਾ ਸਿੰਘ ਨੂੰ ਪਿੱਛੇ ਬਿਠਾ ਕੇ ਆਪਣੇ ਮੋਟਰਸਾਈਕਲ ਨੂੰ ਕਿੱਕ ਮਾਰ ਲਈ। ਅੱਖ ਦੇ ਫੋਰ ਵਿਚ ਦੇਸ਼ ਦਾ ਹਰਮਨ ਪਿਆਰਾ ਅਦਾਕਾਰ ਸਾਡੀਆਂ ਅੱਖਾਂ ਤੋਂ ਓਹਲੇ ਹੋ ਗਿਆ। ਹੋਣਾ ਹੀ ਸੀ। ਉਰਦੂ ਦਾ ਮੁਹਾਵਰਾ ਹੈ, ਆਂਖ ਓਝਲ ਪਹਾੜ ਓਝਲ। ਪਰ ਬਲਰਾਜ ਉਤੇ ਇਹ ਵੀ ਨਹੀਂ ਢੁਕਦਾ। ਜਿਨ੍ਹਾਂ ਨੂੰ ਨਾ ਜਾਣਦਾ ਹੋਵੇ, ਉਨ੍ਹਾਂ ਦੇ ਚੇਤੇ ਵਿਚ ਵੀ ਵੱਸ ਜਾਂਦਾ ਸੀ। ਮੈਂ ਆਪਣੀ ਉਸ ਫੇਰੀ ਪਿੱਛੋਂ ਪਾਕਿਸਤਾਨ ਉਤੇ ਭਾਰਤੀ ਜਿੱਤ ਦੀਆਂ ਪੰਜ ਕਹਾਣੀਆਂ ਲਿਖੀਆਂ। ਇਕ ਲੁਧਿਆਣਾ ਤੋਂ ਛਪਦੇ ‘ਹੇਮ ਜਯੋਤੀ’ ਰਸਾਲੇ ਵਿਚ ਛਪੀ। ਇਸ ਦਾ ਨਾਇਕ ਦਰਸ਼ਨ ਸਿੰਘ ਭਾਰਤੀ ਸੈਨਾ ਵਲੋਂ ਮਧੋਲੇ ਗਏ ਪਿੰਡਾਂ ਨੂੰ ਵੇਖ ਕੇ ਵਾਪਸ ਬਾਰਡਰ ਪਾਰ ਕਰਦਾ ਹੈ ਤਾਂ ਉਸ ਦੇ ਸਾਹਮਣੇ ਸ਼ਾਮ ਸਿੰਘ ਅਟਾਰੀ ਦੀ ਸਮਾਧ ਆ ਜਾਂਦੀ ਹੈ। ਉਹ ਸਮਾਧ ਉਤੇ ਲਿਖੇ ਸ਼ਾਹ ਮੁਹੰਮਦ ਦੇ ਬੋਲ ਪੜ੍ਹਨ ਲੱਗਦਾ ਹੈ,
ਆਈਆਂ ਪਲਟਣਾਂ ਬੀੜ ਕੇ ਤੋਪਖਾਨੇ
ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ
ਬੰਨ੍ਹ ਸ਼ਸਤਰੀ ਜੋੜ ਵਿਛੋੜ ਸੁੱਟੇ।
ਦਰਸ਼ਨ ਸਿੰਘ ਦੇ ਸਿਰ ਨੂੰ ਸਿੰਘਾਂ ਤੇ ਸ਼ਾਮ ਸਿੰਘ ਦੀ ਬਹਾਦਰੀ ਦਾ ਨਸ਼ਾ ਚੜ੍ਹ ਰਿਹਾ ਸੀ ਕਿ ਅਗਲੀ ਲਾਈਨ ਵੀ ਪੜ੍ਹ ਲੈਂਦਾ ਹੈ,
ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ
ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।
ਗੋਰਿਆਂ ਉਤੇ ਜਿੱਤ ਪਾਉਣ ਵਾਲੇ ਸਿਰਫ ਮੇਵਾ ਸਿੰਘ ਦੀ ਬਰਾਦਰੀ ਦੇ ਸਿੰਘ ਹੀ ਨਹੀਂ ਸਨ, ਇਨ੍ਹਾਂ ਵਿਚ ਮਾਖੇ ਖਾਂ ਜਿਹੇ ਮੁਸਲਮਾਨ ਸੂਰਬੀਰ ਵੀ ਸਨ। ਜਿੱਤ ਦਾ ਸਿਹਰਾ ਸਿੰਘਾਂ ਤੇ ਮੁਸਲਮਾਨਾਂ ਦੇ ਆਪਸੀ ਏਕੇ ਦੇ ਸਿਰ ਬੱਝਦਾ ਸੀ। ਉਸ ਏਕੇ ਦੇ ਸਿਰ, ਜਿਸ ਦਾ ਭਾਰਤ-ਪਾਕਿਸਤਾਨ ਜੰਗ ਵਿਗੜਿਆ ਹੋਇਆ ਰੂਪ ਸੀ। ਦਰਸ਼ਨ ਸਿੰਘ ਦਾ ਖੁਮਾਰ ਲੱਥ ਜਾਂਦਾ ਹੈ ਤੇ ਉਹ ਹਾਰੇ ਹੋਏ ਨੈਪੋਲੀਅਨ ਵਾਂਗ ਪਿਛਾਂਹ ਨੂੰ ਤੁਰ ਪੈਂਦਾ ਹੈ।
ਇਸ ਕਹਾਣੀ ਦੇ ‘ਹੇਮ ਜਯੋਤੀ’ ਵਿਚ ਛਪਦੇ ਸਾਰ ਮੈਨੂੰ ਪੋਸਟ ਕਾਰਡ ਮਿਲਦਾ ਹੈ। ਲਿਖਣ ਵਾਲਾ ਬਲਰਾਜ ਸਾਹਨੀ ਹੈ। ਉਸ ਨੂੰ ਇਸ ਕਹਾਣੀ ਨੇ ਸ਼ਰਮਸਾਰ ਕੀਤਾ ਹੈ। ਮੈਂ ਕਾਹਲੀ ਵਿਚ ‘ਸਰਸ਼ਾਰ’ ਨੂੰ ਸ਼ਰਮਸਾਰ ਪੜ੍ਹ ਜਾਂਦਾ ਹਾਂ। ਹੈਰਾਨ ਹੋ ਕੇ ਅੱਖਾਂ ਮਲ ਕੇ ਮੁੜ ਪੜ੍ਹਦਾ ਹਾਂ ਤਾਂ ਲਿਖਣ ਵਾਲੇ ਨਾਲੋਂ ਵੱਧ ਸਰਸ਼ਾਰ ਹੋ ਜਾਂਦਾ ਹਾਂ। ਇਸ ਲਈ ਕਿ ਮੇਰੀ ਕਹਾਣੀ ਦੀ ਇੰਨੀ ਪ੍ਰਸ਼ੰਸਾ ਕਰਨ ਵਾਲੇ ਬਲਰਾਜ ਸਾਹਨੀ ਨੂੰ ਮੈਂ ਕਦੇ ਨਹੀਂ ਸੀ ਜਾਣਿਆ। ਅੰਬਾਲਾ ਵਾਲੇ ਗਿਰਜਾਘਰ ਦੀ ਬੁੱਕਲ ਤੋਂ ਸਿਵਾ, ਪਰ ਉਸ ਨੂੰ ਇਹ ਕਹਾਣੀ ਇੰਨੀ ਪਸੰਦ ਆਈ ਸੀ ਕਿ ਉਸ ਨੇ ਅੰਤ ਵਿਚ ਸਲਾਹ ਦਿੱਤੀ ਸੀ ਕਿ ਮੈਂ ਇਸ ਨੂੰ ਉਰਦੂ ਵਿਚ ਅਨੁਵਾਦ ਕਰਵਾ ਕੇ ਪਾਕਿਸਤਾਨ ਵਿਚ ਹੀ ਛਪਵਾਵਾਂ। 1965 ਵਿਚ ਲਿਖੇ ਉਸ ਦੇ ਇਸ ਖਤ ਨੂੰ ਮੈਂ 1984 ਤਕ ਸਾਂਭੀ ਰੱਖਿਆ। ਇਸ ਲਈ ਨਹੀਂ ਕਿ ਇਸ ਵਿਚੋਂ ਹਿੰਦੂ-ਮੁਸਲਿਮ ਏਕਤਾ ਦੀ ਖੁਸ਼ਬੂ ਆਉਂਦੀ ਸੀ, ਖੁਸ਼ਬੂ ਬਲਰਾਜ ਸਾਹਨੀ ਦੇ ਤਨ, ਮਨ ਵਿਚ ਵੱਸੀ ਹੋਈ ਸੀ।