ਸਵਰਨ ਸਿੰਘ ਟਹਿਣਾ
ਫੋਨ: 91-98141-78883
ਪੰਜਾਬੀ ਸੰਗੀਤ ਵਿਚ ਪਾਕੀਜ਼ਗੀ ਦੇ ਚਾਹਵਾਨਾਂ ਅਤੇ ਸਿੱਖੀ ਦੀ ਸਦਾ ਚੜ੍ਹਦੀ ਕਲਾ ਮੰਗਣ ਵਾਲਿਆਂ ਨੂੰ ਪਿਛਲੇ ਹਫ਼ਤੇ ਇਕਦਮ ਫੇਰ ਗੁੱਸਾ ਆ ਗਿਆ। ਕਾਰਨ ਸੀ ਕਿ ਇੰਗਲੈਂਡ ਦੀ ਇਕ ਗਾਇਕਾ ਦੇ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵਿਚ ਗਾਉਂਦਿਆਂ-ਗਾਉਂਦਿਆਂ ਪਤਾ ਨਹੀਂ ਕਿਹੜੀ ਭੂਰੀ ਕੀੜੀ ਲੜੀ ਕਿ ਉਹ ਟੱਪਦੀ-ਟੱਪਦੀ ਸਿੱਖਾਂ ਦੁਆਲੇ ਹੋ ਤੁਰੀ। ਸਿੱਖਾਂ ਦੀ ਪੱਗ, ਦਾਹੜੀ ਅਤੇ ਹੋਰ ਵਿਸ਼ਿਆਂ ‘ਤੇ ਉਹਨੇ ਭੱਦੀਆਂ ਟਿੱਪਣੀਆਂ ਕਰ ਛੱਡੀਆਂ। ਸਿੱਖੀ ਦੀ ਕਦਰ ਕਰਨ ਵਾਲਿਆਂ ਨੂੰ ਵੱਟ ਚੜ੍ਹਨਾ ਕੁਦਰਤੀ ਸੀ। ਇਹ ਸਭ ਬੋਲਣ ਵਾਲੀ ਨਾ ਤਿੰਨਾਂ ‘ਚ ਨਾ ਤੇਰ੍ਹਾਂ ‘ਚ, ਫੇਰ ਉਹਦੀ ਹਿੰਮਤ ਕਿਵੇਂ ਪਈ ਕਿ ਜੋ ਮਰਜ਼ੀ ਆਵੇ ਬੋਲ ਛੱਡੇ।
ਅਗਲੇ ਦਿਨ ‘ਫੇਸਬੁਕ’ ਤੇ ‘ਟਵਿਟਰ’ ਉਤੇ ਸਿਰਫ਼ ਇਹੀ ਮੁੱਦਾ ਛਾਇਆ ਰਿਹਾ ਕਿ ਸਿੱਖਾਂ ‘ਤੇ ਵਾਰ-ਵਾਰ ਹਮਲੇ ਕਿਉਂ ਹੋ ਰਹੇ ਨੇ? ਕਦੇ ਸ਼ਾਬਦਿਕ ਹਮਲਾ ਤੇ ਕਦੇ ਹਥਿਆਰੂ ਹਮਲਾ। ਕਦੋਂ ਤੱਕ ਚੱਲਦਾ ਰਹੇਗਾ ਏਦਾਂ? ਗਾਉਣ ਵਾਲਿਆਂ ਨੂੰ ਅਕਲ ਕਿਵੇਂ ਆਏਗੀ? ਆਪਣੇ ਨਾਂ ਪਿੱਛੇ ‘ਕੌਰ’ ਜਾਂ ‘ਸਿੰਘ’ ਲਿਖਣ ਵਾਲੇ ਗਾਇਕ/ਗਾਇਕਾਵਾਂ ਨੂੰ ਸਿੰਘਾਂ-ਸਿੰਘਣੀਆ ਦੇ ਇਤਿਹਾਸ ਬਾਰੇ ਨਹੀਂ ਪਤਾ? ਹੋਟਲ ਦੇ ਦਰਬਾਨ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਕਰਨ ਦੀ ਕੀ ਲੋੜ ਸੀ? ਇਹ ਸਵਾਲ ਸਨ ਤੇ ਇਕ-ਇਕ ਪੋਸਟ ਥੱਲੇ ਸੈਂਕੜੇ ਲੋਕਾਂ ਦੇ ਕੁਮੈਂਟ। ‘ਬਹੁਤ ਮਾੜਾ ਹੋਇਆ’, ‘ਏਸ ਗਾਉਣ ਵਾਲੀ ਦਾ ਬਾਈਕਾਟ ਹੋਣਾ ਚਾਹੀਦੈ’, ‘ਜੇ ਕਿਤੇ ਮਿਲ ਪਵੇ ਤਾਂ ਇਹਦੀ ਭੁਗਤ ਸੰਵਾਰੋ’, ‘ਕਲਾਕਾਰ ਸਾਰੇ ਹੀ ਲੁੱਚੇ ਆ’ ਤੇ ਪਤਾ ਨਹੀਂ ਕਿੰਨਾ ਕੁਝ ਉਸ ਗਾਇਕਾ ਦੀਆਂ ਅਧਨੰਗੀਆਂ ਤਸਵੀਰਾਂ ਥੱਲੇ ਪੜ੍ਹਨ ਨੂੰ ਮਿਲਿਆ। ਪਰ ਇੱਕ-ਦੋ ਕੁਮੈਂਟ ਚਰਚਾ ਦੀ ਮੰਗ ਵੀ ਕਰਦੇ ਸਨ ਕਿ ਅਸੀਂ ਘਰ ਪਹੁੰਚ ਕੇ ਰੌਲਾ ਪਾਉਣ ਦੀ ਆਦਤ ਆਖਰ ਕਦੋਂ ਛੱਡਾਂਗੇ।
ਤਾਰਨ ਕੌਰ ਢਿੱਲੋਂ ਉਰਫ ਹਾਰਡ ਕੌਰ ਨੇ ਹੋਟਲ ਵਿਚ ਗਾਉਂਦਿਆਂ ਸਿੱਖਾਂ ਬਾਰੇ ਜੋ ਕੁਝ ਆਖਿਆ, ਹਾਜ਼ਰੀਨ ਨੇ ਰੌਲਾ ਸਿਰਫ਼ ਘਰ ਪਹੁੰਚ ਕੇ ਹੀ ਪਾਇਆ, ਮੌਕੇ ‘ਤੇ ਬਿਲਕੁਲ ਨਹੀਂ। ਇੱਕ ਸਿੱਖ ਨੌਜਵਾਨ ਨੇ ਉਸ ਨੂੰ ਕਿਹਾ, ‘ਸਿੰਘ ਇਜ਼ ਕਿੰਗ’ ਵਾਲਾ ਗਾਣਾ ਸੁਣਾ ਦਿਓ ਤਾਂ ਅੱਗੋਂ ਹਾਰਡ ਦਾ ਜਵਾਬ ਭੈਣ ਦੀ ਗਾਲ੍ਹ ਸੀ। ਅੱਠ-ਸੱਤ ਗਾਲ੍ਹਾਂ ਉਹਨੇ ਪ੍ਰੋਗਰਾਮ ਦੌਰਾਨ ਕੱਢੀਆਂ ਤੇ ਹੋਟਲ ਦੇ ਦਰਬਾਨ ਵੱਲ ਉਂਗਲ ਕਰਕੇ ਕਿਹਾ, ‘ਇਹ ਜਮ੍ਹਾਂ ਗੁਰੂ ਗੋਬਿੰਦ ਸਿੰਘ ਵਰਗਾ ਲੱਗਦੈæææ।’ ਜੇ ਉਹ ਏਦਾਂ ਨਾ ਵੀ ਕਹਿੰਦੀ, ਭਲੀਮਾਣਸ ਬਣ ਕੇ ਗਾਉਣ ਵਾਲਾ ਕੰਮ ਕਰੀ ਜਾਂਦੀ ਤਾਂ ਵੀ ਊਟ-ਪਟਾਂਗ ਗਾਉਣ ਬਦਲੇ ਉਹਨੂੰ ਪੂਰੇ ਪੈਸੇ ਮਿਲਣੇ ਸੀ ਤੇ ਜੇ ਉਹਨੇ ਇਹ ਸਭ ਕਹਿ ਦਿੱਤਾ, ਪੈਸੇ ਉਸ ਦੇ ਤਾਂ ਵੀ ਨਹੀਂ ਕੱਟੇ ਗਏ। ਪਰ ਉਸ ‘ਤੇ ਤਵਾ ਲਾਉਂਦੇ-ਲਾਉਂਦੇ ਅਸੀਂ ਆਪਣੀ ਸੂਝ ‘ਤੇ ਸਵਾਲ ਜ਼ਰੂਰ ਲਵਾ ਬੈਠੇ।
ਗ਼ੌਰ ਕਰਨ ਵਾਲੀ ਗੱਲ ਹੈ ਕਿ ਪ੍ਰੋਗਰਾਮ ਦੇਖਣ ਸੈਂਕੜੇ ਲੋਕ ਗਏ ਸਨ, ਜਿਨ੍ਹਾਂ ਵਿਚੋਂ ਚੌਥਾ ਕੁ ਹਿੱਸਾ ਦਸਤਾਰਧਾਰੀ ਵੀ ਸਨ। ਜਦੋਂ ਉਹ ਸਿੱਖਾਂ ਬਾਰੇ ਅਪਸ਼ਬਦ ਬੋਲ ਰਹੀ ਸੀ ਤਾਂ ਦੋ-ਚਾਰ ਜਣਿਆਂ ਦੀ ਵੀ ਗ਼ੈਰਤ ਕਿਉਂ ਨਾ ਜਾਗੀ ਕਿ ਅੱਗੇ ਨਾ ਬੋਲੀਂ, ਸਿੰਘਾਂ ਦਾ ਖੂਨ ਵੀ ਖੌਲ ਜਾਂਦਾ ਹੁੰਦੈ। ਸਭ ਦੇ ਮੂੰਹ ‘ਚ ਘੁੰਗਣੀਆਂ ਪਾਈਆਂ ਹੋਈਆਂ ਸਨ। ਸੱਭੇ ਨੱਚੀ ਗਏ, ਹੂææਹਾ, ਓਏ ਚੱਕ ਲਵੋ, ਬੁਰਰਰਰਰਾææਕਰੀ ਗਏ। ਜੇ ਜ਼ਰਾ ਕੁ ਵੀ ਅਣਖ ਦਿਖਾਉਂਦੇ, ਫੇਰ ਦੇਖਦੇ ਉਹ ਕਿੱਡੀ ਕੁ ਹਾਰਡ ਕੌਰ (ਸਖਤ ਜਾਨ) ਹੈ।
ਅਸੀਂ ਉਸ ਪੂਰੇ ਪ੍ਰੋਗਰਾਮ ਦੀ ਵੀਡੀਓ ਦੇਖੀ ਏ, ਜਿਸ ਵਿਚ ਸ਼ੋਰ-ਸ਼ਰਾਬੇ ਕਾਰਨ ਹਾਰਡ ਦੀਆਂ ਹੋਰ ਗੱਲਾਂ ਤਾਂ ਸਮਝ ਘੱਟ ਆਉਂਦੀਆਂ ਨੇ, ਪਰ ਗਾਲ੍ਹਾਂ ਵਾਲਾ ਹਿੱਸਾ ਪੱਲੇ ਜ਼ਰੂਰ ਪੈ ਜਾਂਦੈ। ਉਹ ਪੰਜ-ਸੱਤ ਮੁੰਡਿਆਂ ਵਿਚ ਮੇਲ੍ਹਦੀ ਏ। ਸਰੀਰ ਦੇ ਢਕਣ ਵਾਲੇ ਅੰਗ ਚੰਗੀ ਤਰ੍ਹਾਂ ਦਿਖਾ ਰਹੀ ਏ। ਬੋਲਦੀ ਏਦਾਂ ਏ ਜਿਵੇਂ ਮਰਦ ਨੇ ਔਰਤਾਂ ਵਾਲੇ ਕੱਪੜੇ ਪਾ ਐਕਟਿੰਗ ਸ਼ੁਰੂ ਕੀਤੀ ਹੋਵੇ। ਢਕਣ ਵਾਲੀਆਂ ਜਿਹੜੀਆਂ ਥਾਂਵਾਂ ‘ਤੇ ਉਹਨੇ ਟੈਟੂ ਬਣਵਾਏ ਨੇ, ਉਨ੍ਹਾਂ ਨੂੰ ਚੰਗੀ ਤਰ੍ਹਾਂ ਦਿਖਾਉਂਦੀ ਏ, ਨਜ਼ਾਕਤ ਨਾਂ ਦੀ ਕੋਈ ਚੀਜ਼ ਨਹੀਂ। ਸੱਭਿਆਚਾਰ ਪ੍ਰਤੀ ਸੰਜੀਦਗੀ ਭੋਰਾ ਨਹੀਂ। ਬਸ ਉਹ ਦਿਮਾਗ਼ੀ ਫਤੂਰ ਦਾ ਹਿੱਸਾ ਏ ਤੇ ਆਪਣਾ ਗੁਬਾਰ ਕੱਢੀ ਜਾ ਰਹੀ ਏ। ਜਾਪਦੈ ਅੱਧੀ ਰਾਤ ਦਾ ਵੇਲ਼ਾ ਹੋਣ ਕਰਕੇ ਬਹੁਤੇ ਦਰਸ਼ਕਾਂ ਨੇ ਪੀਤੀ ਹੋਈ ਸੀ ਤੇ ਗਾਉਣ ਵਾਲੀ ਦਾ ਹਾਲ ਵੀ ਬਹੁਤਾ ਚੰਗਾ ਨਹੀਂ ਸੀ।
ਅਗਲਾ ਦਿਨ ਚੜ੍ਹਿਆ ਤਾਂ ਉਸ ਦੇ ਕਿਰਦਾਰ, ਪਰਿਵਾਰ ਤੇ ਵਿਹਾਰ ਦੀਆਂ ਗੱਲਾਂ ਹੋਣ ਲੱਗ ਗਈਆਂ। ਪਰ ਸਾਡੀ ਜਾਚੇ ਸਿੱਖੀ ਨਾਲ ਜੁੜੇ ਉਨ੍ਹਾਂ ਮਸਲਿਆਂ ‘ਤੇ ਹੀ ਸਾਨੂੰ ਜ਼ਿਆਦਾ ਗ਼ੌਰ ਕਰਨੀ ਚਾਹੀਦੀ ਹੈ, ਜਿਨ੍ਹਾਂ ਨਾਲ ਸੱਚੀਂ ਸਿੱਖੀ ਨੂੰ ਢਾਹ ਲੱਗ ਰਹੀ ਏ। ਇਕ ਮੂਰਖ ਕਲਾਕਾਰ, ਜੇ ਸਟੇਜ ‘ਤੇ ਚੜ੍ਹ ਕੇ ਜੋ ਮੂੰਹ ਆਇਆ ਬੋਲੀ ਜਾਂਦੀ ਹੈ ਤਾਂ ਉਸ ਨੂੰ ਏਨੀ ਮਹੱਤਤਾ ਨਹੀਂ ਦੇਣੀ ਚਾਹੀਦੀ, ਕਿਉਂਕਿ ਇਨ੍ਹਾਂ ਦੀ ਤਾਂ ਕੋਸ਼ਿਸ਼ ਹੀ ਇਹ ਹੁੰਦੀ ਹੈ ਕਿ ਸਾਡੇ ਖਿਲਾਫ਼ ਵੱਧ ਤੋਂ ਵੱਧ ਖ਼ਬਰਾਂ ਪ੍ਰਕਾਸ਼ਤ ਹੋਣ। ਨਾਲੇ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਸਿੱਖੀ ਦੀਆਂ ਜੜ੍ਹਾਂ ਏਨੀਆਂ ਪੋਲੀਆਂ ਨਹੀਂ ਕਿ ਇਕ ਗਾਇਕਾ, ਸਿੱਖੀ ਨਾਲ ਜੁੜੀ ਕਿਸੇ ਸੰਸਥਾ ਦੇ ਇਕ ਪ੍ਰਧਾਨ, ਇਕ ਗ੍ਰੰਥੀ ਜਾਂ ਇਕੜ-ਦੁੱਕੜ ਉਜੱਡਾਂ ਦੇ ਕਹਿਣ ‘ਤੇ ਉਖੜ ਜਾਣਗੀਆਂ। ਅਗਲੇ ਦਿਨ ਜਦੋਂ ਹਾਰਡ ਕੌਰ ਨੇ ਮੁਆਫ਼ੀ ਮੰਗ ਲਈ ਤਾਂ ਵੀ ਸਾਨੂੰ ਏਨੀ ਤਸੱਲੀ ਨਹੀਂ ਮਨਾਉਣੀ ਚਾਹੀਦੀ ਕਿ ਅਸੀਂ ਉਸ ਨੂੰ ਇਸ ਸਭ ਕਾਸੇ ਲਈ ਮਜਬੂਰ ਕਰ ਦਿੱਤਾ, ਸਗੋਂ ਇਨ੍ਹਾਂ ਗੱਲਾਂ ਨੂੰ ਆਮ ਵਾਂਗ ਲੈਣਾ ਚਾਹੀਦੈ, ਕਿਉਂਕਿ ਅਜਿਹੇ ਗਾਇਕਾਂ ਦਾ ਕੋਈ ਦੀਨ ਧਰਮ ਨਹੀਂ, ਕੋਈ ਸੰਗ ਸ਼ਰਮ ਨਹੀਂ, ਕਿਸੇ ਪਾਸਿਓਂ ਕੋਈ ਜ਼ਿੰਮੇਵਾਰੀ ਨਹੀਂ, ਫਿਰ ਕਿਉਂ ਅਸੀਂ ਵਾਰ-ਵਾਰ ਆਪਣੀਆਂ ਗ਼ਲਤੀਆਂ ਨਾਲ ਕਰੇਲਾ ਨਿੰਮ ‘ਤੇ ਚੜ੍ਹਾਉਣ ਵਾਲੀ ਗੱਲ ਸੱਚ ਸਾਬਤ ਕਰ ਰਹੇ ਹਾਂ।
ਬਾਬੇ ਗਾਇਕ ਦਾ ‘ਹੀਰਾ’
ਆਪਣੀ ਹਰ ਐਲਬਮ ਵਿਚਲੇ ਇਕ-ਦੋ ਗੀਤਾਂ ਦੇ ਆਖਰੀ ਅੰਤਰਿਆਂ ਵਿਚ ਖੁਦ ਨੂੰ ‘ਮਰ ਜਾਣਾ ਮਾਨ’ ਕਹਿਣ ਵਾਲੇ ਗੁਰਦਾਸ ਮਾਨ ਦੇ ਇਕ ਸੱਚੇ ਪ੍ਰਸ਼ੰਸਕ ਨਾਲ ਸਬੰਧਤ ਖ਼ਬਰਾਂ ਪਿਛਲੇ ਹਫ਼ਤੇ ਸਾਡੇ ਤੱਕ ਅੱਪੜੀਆਂ। ਪਤਾ ਲੱਗਾ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੱਖੋਕੇ ਦਾ ਰਹਿਣ ਵਾਲਾ ਢੋਲੀ ਹੀਰਾ ਸਿੰਘ ਗੁਰਦਾਸ ਮਾਨ ਦਾ ਏਨਾ ਪੱਕਾ ਭਗਤ ਏ ਕਿ ਉਹਦੇ ਲਈ ਰੋਟੀ-ਟੁੱਕ ਛੱਡ ਚੁੱਕੈ। ਹੀਰਾ ਸੋਚਦੈ ਕਿ ਜੇ ਮੈਨੂੰ ਗੁਰਦਾਸ ਨਾ ਮਿਲਿਆ ਤਾਂ ਮੈਂ ਸਿਰਫ਼ ਨਾਂ ਦੀ ‘ਹੀਰਾ’ ਰਹਿ ਜਾਣਾ, ਉਦਾਂ ਮਿੱਟੀ ਹੋ ਜਾਣੈ। ਭਾਵੁਕਤਾ ਵਿਚ ਗਲ ਗਲ ਧਸੇ ਹੀਰਾ ਸਿਓਂ ਨੇ ਗੁਰਦਾਸ ਮਾਨ ਨੂੰ ਸੁਣਨਾ ਛੋਟੀ ਉਮਰੇ ਸ਼ੁਰੂ ਕਰ ਦਿੱਤਾ, ਪਰ ਜਦੋਂ ਤੀਹਾਂ ਤੋਂ ਉਪਰ ਹੋਇਆ ਤਾਂ ਗੁਰਦਾਸ ਨੂੰ ਮਿਲਣ ਦਾ ਜਨੂੰਨ ਸਵਾਰ ਹੋ ਗਿਆ। ਜਿੱਥੇ ਉਹਨੂੰ ਪਤਾ ਲੱਗਦਾ ਕਿ ਗੁਰਦਾਸ ਦਾ ਪ੍ਰੋਗਰਾਮ ਏ, ਉਥੇ ਉਹਦੇ ਪੈਰੀਂ ਹੱਥ ਲਾਉਣ ਪਹੁੰਚ ਜਾਇਆ ਕਰੇ। ਪਰ ਉਸ ਵਿਚਾਰੇ ਨੂੰ ਗੁਰਦਾਸ ਨਾਲ ਮਿਲਣ ਕੀਹਨੇ ਦੇਣਾ ਸੀ।
ਫੇਰ ਪਤਾ ਲੱਗਾ ਕਿ ਮਹੀਨੇ ਵਿਚ ਇਕ ਵਾਰ ਗੁਰਦਾਸ ਨਕੋਦਰ ਬਾਬਾ ਲਾਡੀ ਸ਼ਾਹ ਦੇ ਦਰਬਾਰ ‘ਤੇ ਜ਼ਰੂਰ ਆਉਂਦੈ ਤੇ ਉਹਨੇ ਆਪਣਾ ਸਾਈਕਲ ਵੇਚ ਕੇ ਨਕੋਦਰ ਦੇ ਗੇੜੇ ਕੱਢਣੇ ਸ਼ੁਰੂ ਕਰ ਦਿੱਤੇ, ਪਰ ਮਿਲਣ ਉਸ ਨੂੰ ਇਥੇ ਵੀ ਕਿਸੇ ਨਾ ਦਿੱਤਾ। ਗ਼ਰੀਬੀ ਦਾ ਝੰਬਿਆ ਅਤੇ ‘ਬਾਬੇ’ ਤੋਂ ਵਾਂਝਾ ਉਹ ਮਸੋਸਿਆ ਗਿਆ। ਅਖੀਰ ਅੰਦਰੋਂ ਉਹ ਏਨਾ ਟੁੱਟਿਆ ਕਿ ਭੁੱਖ ਹੜਤਾਲ ‘ਤੇ ਬੈਠ ਗਿਆ। ਪਿੰਡ ਵਾਲਿਆਂ ਉਸ ਨੂੰ ਬਥੇਰਾ ਸਮਝਾਇਆ ਕਿ ਗਾਉਣ ਵਾਲਿਆਂ ਨੂੰ ਬਹੁਤਾ ਦਿਲ ‘ਤੇ ਨਹੀਂ ਲਾਈਦਾ, ਗਾਣਾ ਸੁਣੋ, ਅਨੰਦ ਮਾਣੋ ਤੇ ਬਸ ਗੱਲ ਖਤਮ। ਪਰ ਹੀਰਾ ਸਿੰਘ ਕਿੱਥੇ ਮੰਨਣ ਵਾਲਾ ਸੀ। ਉਹਨੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਕਿ ਜਿੰਨੀ ਦੇਰ ਗੁਰਦਾਸ ਉਨ੍ਹਾਂ ਦੇ ਪਿੰਡ ਆ ਕੇ ਉਸ ਨੂੰ ਦਰਸ਼ਨ ਨਹੀਂ ਦੇਵੇਗਾ, ਉਹ ਭੁੱਖ ਹੜਤਾਲ ਤੋਂ ਨਹੀਂ ਉਠੇਗਾ। ਕੋਲ ਉਸ ਨੇ ਇਕ ਘੜਾ ਰੱਖ ਲਿਆ, ਉਸ ਵਿਚ 81 ਗਲਾਸ ਪਾਣੀ ਦੇ ਪਾ ਲਏ ਤੇ ਕੋਲ ਰੱਖ ਲਈਆਂ 81 ਲੈਚੀਆਂ। ਰੋਜ਼ ਉਹ ਇਕ ਗਲਾਸ ਪਾਣੀ ਦਾ ਪੀ ਲੈਂਦੈ ਤੇ ਇਕ ਲੈਚੀ ਖਾ ਛੱਡਦੈ।
ਇਕ ਟੀæਵੀæ ਚੈਨਲ ਨੇ ਉਸ ਦੀ ਖ਼ਬਰ ਦਰਸ਼ਕਾਂ ਨੂੰ ਦਿਖਾਈ ਕਿ ਕੀ ਗੁਰਦਾਸ ਆਪਣੇ ਇਸ ਅੰਨ੍ਹੇ ਭਗਤ ਨੂੰ ਮਿਲਣ ਪੱਖੋਕੇ ਪਿੰਡ ਪੁੱਜੇਗਾ? ਇਹ ਖ਼ਬਰ ਦਬ ਕੇ ਹੀ ਰਹਿ ਗਈ, ਕਿਉਂਕਿ ਇਕ ਹਮਾਤੜ ਬੰਦੇ ਦੇ ਜਜ਼ਬਾਤ ਸਮਝਣ ਵਾਲੇ ਲੋਕ ਹਨ ਹੀ ਕਿੰਨੇ ਕੁ। ਇਹੀ ਗੱਲ ਵੀਨਾ ਮਲਿਕ ਨੇ ਕਹੀ ਹੁੰਦੀ ਤਾਂ ਮੀਡੀਏ ਨੇ ਰੌਲਾ ਏਨਾ ਪਾਉਣਾ ਸੀ ਕਿ ਅਗਲੇ ਦਿਨ ਗੁਰਦਾਸ ਨੂੰ ਖ਼ਬਰ ਦਾ ਪਤਾ ਲੱਗ ਜਾਣਾ ਸੀ ਤੇ ਚੈਨਲਾਂ ‘ਤੇ ਗੁਰਦਾਸ ਨੂੰ ਵੀ ‘ਲਾਈਵ’ ਪ੍ਰੋਗਰਾਮਾਂ ‘ਚ ਦਿਖਾ ਛੱਡਣਾ ਸੀ।
ਸ਼ਰਧਾ ਦੀ ਪੀਂਘ ਝੂਟ ਰਹੇ ਹੜਤਾਲੀ ਸੱਜਣ ਨੂੰ ਅਸੀਂ ਇਕ ਗੱਲ ਜ਼ਰੂਰ ਕਹਿਣੀ ਚਾਹਾਂਗੇ ਕਿ ਸਾਡੇ ਮਨ ਵਿਚ ਚੰਗੇ ਕਲਾਕਾਰਾਂ ਪ੍ਰਤੀ ਵੱਖਰੀ ਤਸਵੀਰ ਬਣੀ ਹੁੰਦੀ ਹੈ ਕਿ ਉਹ ਏਦਾਂ ਦੇ ਹੋਣਗੇ, ਉਡ ਕੇ ਮਿਲਣਗੇ, ਮਿਲ ਕੇ ਗਦਗਦ ਹੋ ਜਾਣਗੇ, ਪਰ ਜ਼ਰੂਰੀ ਨਹੀਂ ਕਿ ਜੋ ਕੁਝ ਅਸੀਂ ਸੋਚਿਆ ਹੋਵੇ, ਉਹ ਇੰਨ-ਬਿੰਨ ਉਵੇਂ ਹੋਵੇ। ਲੋਕ ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ, ਦਲੀਪ ਕੁਮਾਰ ਵਰਗਿਆਂ ਦੇ ਮੰਦਰ ਆਪਣੇ ਘਰਾਂ ਵਿਚ ਬਣਾ ਕੇ ਜਨਮ ਦਿਨ ਮੌਕੇ ਇਨ੍ਹਾਂ ਦੀਆਂ ਫੋਟੋਆਂ ਦੇ ਮੂੰਹ ਨੂੰ ਕੇਕ ਲਾਉਂਦੇ ਰਹਿੰਦੇ ਨੇ, ਪਰ ਜ਼ਰੂਰੀ ਨਹੀਂ ਕਿ ਹਰ ਪ੍ਰਸ਼ੰਸਕ ਦੀ ਗੱਲ ਉਨ੍ਹਾਂ ਤੱਕ ਅੱਪੜਦੀ ਹੋਵੇ।
ਜਿੰਨਾ ਕੁ ਗੁਰਦਾਸ ਮਾਨ ਨੂੰ ਅਸੀਂ ਜਾਣਦੇ ਹਾਂ, ਪਹਿਲੀ ਗੱਲ ਤਾਂ ਉਸ ਤੱਕ ਅੰਨ੍ਹੇ ਪ੍ਰਸ਼ੰਸਕ ਵਾਲੀ ਖ਼ਬਰ ਅੱਪੜੀ ਹੀ ਨਹੀਂ ਹੋਏਗੀ ਤੇ ਜੇ ਉਹ ਅੱਪੜ ਵੀ ਗਈ ਤਾਂ ਕਲਾਕਾਰ ਏਨੀ ਨਹੀਂ ਸਮਝਦੇ ਕਿ ਭਾਵੁਕ ਹੋਏ ਪ੍ਰਸ਼ੰਸਕ ਦੀ ਇੱਛਾ ਪੂਰੀ ਕਰਨ ਵੱਲ ਧਿਆਨ ਦਿੱਤਾ ਜਾਏ। ਨਾਲੇ ਗੁਰਦਾਸ ਬਾਬਤ ਜਿਹੜੇ ਲੋਕ ਜਾਣਦੇ ਨੇ, ਉਨ੍ਹਾਂ ਨੂੰ ਇਹ ਵੀ ਪਤੈ ਕਿ ਉਹ ਬੰਦਾ ਸਟੇਜ ‘ਤੇ ਚੜ੍ਹਦੈ, ਗਾਉਂਦੈ, ਉਤਰਦੈ ਤੇ ਗੱਡੀ ‘ਚ ਬੈਠ ਰਵਾਨਗੀ ਪਾ ਛੱਡਦੈ। ਕਈ ਵਾਰ ਤਾਂ ਵਿਆਹਾਂ-ਸ਼ਾਦੀਆਂ ‘ਚ ਬਤੌਰ ਮਹਿਮਾਨ ਪਹੁੰਚੇ ਲੋਕ ਵੀ ਉਸ ਨੂੰ ਮਿਲਣੋਂ ਵਾਂਝੇ ਰਹਿ ਜਾਂਦੇ ਨੇ। ਕਿਸੇ ਫ਼ਨਕਾਰ ਦੀ ਇਹ ਆਦਤ ਦਾ ਹਿੱਸਾ ਵੀ ਹੋ ਸਕਦੈ ਤੇ ਮਜਬੂਰੀ ਵੀ।
ਫੇਰ ਵੀ ਅਸੀਂ ਹੀਰੇ ਦੀ ਸ਼ਰਧਾ ਦੀ ਕਦਰ ਕਰਦੇ ਹਾਂ। ਉਸ ਨੂੰ ਸਮਝ ਲੈਣਾ ਚਾਹੀਦੈ ਕਿ ਕਲਾਕਾਰਾਂ ਦੀ ਕਲਾ ਦਾ ਅਨੰਦ ਦੂਰ ਰਹਿ ਕੇ ਹੀ ਮਾਣਿਆ ਜਾਵੇ ਤਾਂ ਕਈ ਤਰ੍ਹਾਂ ਦੇ ਪਰਦੇ ਬਣੇ ਰਹਿੰਦੇ ਨੇ।
Leave a Reply