ਸਤੀਸ਼ ਗੁਜਰਾਲ ਦੀ ਸਿਰਜਣਾ

ਜਗਤਾਰਜੀਤ ਸਿੰਘ
ਫੋਨ: +91-98990-91186
ਸਤੀਸ਼ ਗੁਜਰਾਲ (25 ਦਸੰਬਰ 1925-26 ਮਾਰਚ 2020) ਦੇ ਗੁਜ਼ਰ ਜਾਣ ਨਾਲ ਉਸ ਵਲੋਂ ਅਰੰਭੀ ਕਲਾ ਯਾਤਰਾ ਦਾ ਵੀ ਅੰਤ ਹੋ ਗਿਆ। ਬਿਮਾਰੀ ਨੇ ਉਸ ਦੇ ਸਰੀਰ ਨੂੰ ਕਰੀਬ ਨਕਾਰਾ ਕਰ ਦਿੱਤਾ ਸੀ। ਐਪਰ ਸਰੀਰ ਅੰਦਰ ਵਾਸ ਕਰ ਰਹੀ ‘ਜਿਉਣ ਦੀ ਜ਼ਿੱਦ’ ਨੇ ਸਰੀਰ ਦਾ ਹਿੱਸਾ ਹੋਣ ਤੋਂ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਸਾਡੇ ਸਾਹਮਣੇ ਉਹ ਪੇਂਟਰ, ਮਿਊਰਲ ਆਰਟਿਸਟ, ਕੋਲਾਜਕਾਰ, ਬੁੱਤਸਾਜ਼, ਇਮਾਰਤਸਾਜ਼ ਦੇ ਰੂਪ ਵਿਚ ਉਭਰਿਆ। ਉਸ ਨੇ ਜਿਸ ਵੀ ਕਲਾ-ਖੇਤਰ ਨੂੰ ਛੋਹਿਆ, ਉਸ ‘ਤੇ ਆਪਣੀ ਛਾਪ ਛੱਡੀ।

ਸਤੀਸ਼ ਗੁਜਰਾਲ ਦਾ ਪਰਿਵਾਰ ਸਮਾਜਕ ਅਤੇ ਸਿਆਸੀ ਪੱਖੋਂ ਜਾਗਰੂਕ ਸੀ। ਦੇਸ਼ ਵਿਚ ਆਜ਼ਾਦੀ ਪ੍ਰਾਪਤੀ ਲਈ ਸੰਘਰਸ਼ ਚੱਲ ਰਿਹਾ ਸੀ। ਇਸੇ ਕਾਰਨ ਪਿਤਾ ਜੇਲ੍ਹ ਵਿਚ ਸੀ। ਸਤੀਸ਼ ਦੀ ਮਾਂ ਆਪਣੇ ਵੱਡੇ ਮੁੰਡੇ (ਮਰਹੂਮ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ) ਅਤੇ ਛੋਟੀ ਬੱਚੀ ਨੂੰ ਲੈ ਕੇ ਜੇਲ੍ਹ ਜਾਂਦੀ ਤਾਂ ਇਹ ਪਿੱਛੇ ‘ਕੱਲਾ ਹੀ ਘਰ ਰਹਿ ਜਾਂਦਾ।
ਜਦ ਉਹ ਦੂਜੀ ਜਮਾਤ ਦਾ ਵਿਦਿਆਰਥੀ ਸੀ ਤਾਂ ਸਾਰਾ ਪਰਿਵਾਰ ਸੈਰ ਹਿਤ ਕਸ਼ਮੀਰ ਗਿਆ। ਖੇਡਦਾ-ਖੇਡਦਾ ਸਤੀਸ਼ ਬਰਫ ਦੀ ਨਦੀ ਲਿੱਦੜ ਵਿਚ ਡਿੱਗ ਗਿਆ, ਜਿਸ ਕਾਰਨ ਦੋਵੇਂ ਲੱਤਾਂ ਰਹਿ ਗਈਆਂ। ਕਈ ਅਪਰੇਸ਼ਨਾਂ ਪਿਛੋਂ ਜਦ ਤੁਰਨਯੋਗ ਹੋਇਆ ਤਾਂ ਉਸ ਦੀ ਸੁਣਨ ਸ਼ਕਤੀ ਨੇ ਜਵਾਬ ਦੇ ਦਿੱਤਾ। ਉਸ ਵੇਲੇ ਉਹ ਪੰਜਵੀਂ ਜਮਾਤ ਵਿਚ ਸੀ।
ਇਸ ਪੜਾਅ ‘ਤੇ ਉਸ ਦੀ ਸਿਹਤ ਨੂੰ ਲੈ ਕੇ ਮਾਤਾ-ਪਿਤਾ ਦੀ ਚਿੰਤਾ ਵਿਚ ਵਾਧਾ ਹੋ ਗਿਆ। ਸੁਣਨ ਸ਼ਕਤੀ ਚਲੇ ਜਾਣ ਨੇ ਉਸ ਨੂੰ ਹੋਰਾਂ ਤੋਂ ਅਲੱਗ ਕਰ ਦਿੱਤਾ। ਉਦੋਂ ਤੱਕ ਹਾਸਲ ਕੀਤੀ ਉਰਦੂ ਸਿੱਖਿਆ ਨੇ ਉਸ ਦੀ ਬਾਂਹ ਫੜੀ ਅਤੇ ਖਾਲੀ ਸਮਾਂ ਭਰਨ ਵਿਚ ਸਹਾਰਾ ਦਿੱਤਾ। ਉਸ ਨੇ ਉਰਦੂ ਸ਼ਾਇਰਾਂ ਦੀ ਸ਼ਾਇਰੀ ਨਾਲ ਦੋਸਤੀ ਪਾਈ। ਦੂਜੇ ਪੱਧਰ ‘ਤੇ ਉਹ ਮੰਜੇ ਉਤੇ ਪਿਆ-ਪਿਆ ਛੱਤ ਵੱਲ ਦੇਖਦਾ ਰਹਿੰਦਾ। ਖੁੱਲ੍ਹੀਆਂ ਅੱਖਾਂ ਸਾਹਮਣੇ ਅਨੇਕਾਂ ਰੰਗਲੇ ਆਕਾਰ ਆਪਣੇ-ਆਪ ਬਣਦੇ ਰਹਿੰਦੇ ਜਾਂ ਖੁਦ ਬਣਾਏ ਜਾਂਦੇ।
ਕਲਾ ਵਲ ਸਤੀਸ਼ ਦੇ ਰੁਝਾਨ ਨੂੰ ਦੇਖ ਕੇ ਪਿਤਾ ਨੇ ਉਸ ਨੂੰ ਲਾਹੌਰ ਦੇ ਮੇਓ ਆਰਟ ਸਕੂਲ ਵਿਚ ਦਾਖਲ ਕਰਵਾਉਣ ਦੀ ਸੋਚੀ, ਪਰ ਇਸ ਵਿਚਾਰ ਅੱਗੇ ਵਿਹਾਰਕ ਅੜਿੱਕੇ ਸਨ। ਸਕੂਲ ਦੇ ਪ੍ਰਿੰਸੀਪਲ ਐਸ਼ ਐਨ. ਗੁਪਤਾ ਨੇ ਦਾਖਲਾ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਗੱਲ ਉਸ ਵੇਲੇ ਪਾਰਲੀਮੈਂਟ ਅਤੇ ਗਵਰਨਰ-ਜਨਰਲ ਤੱਕ ਪਹੁੰਚ ਗਈ। ਇਸ ਭੱਜ-ਨੱਠ ਕਾਰਨ 1939 ‘ਚ ਆਰਟ ਸਕੂਲ ਵਿਚ ਦਾਖਲਾ ਮਿਲ ਤਾਂ ਗਿਆ, ਪਰ ਦੋ ਸ਼ਰਤਾਂ ਨਾਲ। ਇਕ, ਉਹ ਸਾਲਾਨਾ ਇਮਤਿਹਾਨ ਵਿਚ ਨਹੀਂ ਬੈਠ ਸਕੇਗਾ। ਦੋ, ਡਿਪਲੋਮਾ ਸਮਾਪਤੀ ਪਿਛੋਂ ਉਸ ਨੂੰ ਸਰਟੀਫਿਕੇਟ ਨਹੀਂ ਦਿੱਤਾ ਜਾਵੇਗਾ। ਏਦਾਂ ਬੋਰਡਿੰਗ ਹਾਊਸ ਰਹਿਣ ਲਈ ਉਹ ਜਿਹਲਮ ਤੋਂ ਲਾਹੌਰ ਆ ਗਿਆ। ਲਾਹੌਰ ਰਹਿ ਕੇ ਉਸ ਨੇ ਪੰਜ ਸਾਲ ਤਕ ਗ੍ਰਾਫਿਕ ਕਲਾ ਦੀ ਪੜ੍ਹਾਈ ਕੀਤੀ।
ਇਹ ਸਹਿਜੇ ਹੀ ਸੋਚਿਆ ਜਾ ਸਕਦਾ ਹੈ ਕਿ ਅਜਿਹੇ ਅਸੰਤੁਲਿਤ ਬੱਚੇ ਵਲ ਉਸ ਦੇ ਸਹਿਪਾਠੀਆਂ ਅਤੇ ਦੂਜੇ ਵਿਦਿਆਰਥੀਆਂ ਦਾ ਕਿਹੋ ਜਿਹਾ ਵਿਹਾਰ ਹੁੰਦਾ ਹੋਵੇਗਾ ਤੇ ਉਸ ਅਸਹਿਜ ਆਚਾਰ ਵਿਹਾਰ ਨਾਲ ਸਤੀਸ਼ ਗੁਜਰਾਲ ਕਿਵੇਂ ਜੂਝਦਾ ਹੋਵੇਗਾ, ਇਸ ਸਭ ਕਾਸੇ ਬਾਰੇ ਇਹਦੀ ਪ੍ਰਤੀਕ੍ਰਿਆ ਕੀ ਹੁੰਦੀ ਹੋਵੇਗੀ? ਉਸ ਸਾਰੇ ਘਟਨਾਕ੍ਰਮ ਦਾ ਇਹਦੇ ਮਨ ‘ਤੇ ਕਿਹੋ ਜਿਹਾ ਅਸਰ ਹੁੰਦਾ ਹੋਵੇਗਾ?
ਇਸੇ ਸਿੱਖਿਆ ਸਦਕਾ ਉਸ ਨੂੰ ਪੰਜਾਬ ਪਬਲੀਸਿਟੀ ਡਿਪਾਰਟਮੈਂਟ (ਸ਼ਿਮਲਾ) ਦੀ ਨੌਕਰੀ ਮਿਲ ਗਈ। ਇਸ ਨੌਕਰੀ ਬਾਰੇ ਬਾਅਦ ਵਿਚ ਉਹ ਲਿਖਦਾ ਹੈ, “ਉਹ ਨੌਕਰੀ ਮੈਨੂੰ ਕਦੇ ਵੀ ਚੰਗੀ ਨਾ ਲੱਗੀ।”
ਇੱਥੇ ਕੁ ਤਕ ਦਾ ਅਨੁਭਵ ਕਲਾਕਾਰ ਦੇ ਜੀਵਨ ਦਾ ਆਧਾਰ ਬਣਿਆ। ਉਨ੍ਹੀਂ ਦਿਨੀਂ ਹੋਈ ਦੇਸ਼ ਵੰਡ ਨੇ ਉਸ ਦੀ ਸੋਚ ਨੂੰ ਹਲੂਣਿਆ। ਸੋਚ ਨੇ ਪ੍ਰਗਟਾਵੇ ਦੇ ਰਾਹ ਤੋਰਿਆ; ਫਲਸਰੂਪ ਦੇਖੇ ਦ੍ਰਿਸ਼ਾਂ, ਮਾਰੂ ਮਨੁੱਖੀ ਬਿਰਤੀ, ਕੱਟ-ਵੱਢ ਕਾਰਨ ਵੱਖ-ਵੱਖ ਹੋਏ ਪਰਿਵਾਰਕ ਜੀਆਂ ਦੇ ਹਾਲਾਤ ਨੇ ਸਤੀਸ਼ ਗੁਜਰਾਲ ਨੂੰ ਪਸੀਜਿਆ। ਉਸ ਨੇ ਬਿਨਾ ਕਿਸੇ ਲੱਗ-ਲਪੇਟ, ਬਿਨਾ ਸਜਾਵਟੀ ਇਕਾਈਆਂ ਦੇ ਬਲੈਕ ਐਂਡ ਵ੍ਹਾਈਟ ਚਿੱਤਰ ਲੜੀ ਦੀ ਰਚਨਾ ਕੀਤੀ। ਇੱਥੇ ਔਰਤ ਜਾਂ ਮਰਦ ਦੇ ਚਿਹਰੇ, ਸਰੀਰ ਦੇ ਅੰਗਾਂ ਦੀਆਂ ਸੈਨਤਾਂ (ਜੈਸਚਰ) ਦਰਸ਼ਕ ਨੂੰ ਹਿਲਾਉਣ ਦੇ ਸਮਰੱਥ ਹਨ। ਇਹ ਪੜਾਅ 1952 ਤੱਕ ਜਾਰੀ ਰਿਹਾ। ਸਾਰੇ ਕੰਮ ਦੀ ਨੁਮਾਇਸ਼ ਲਾਈ ਗਈ, ਜੋ ਹੀਰਾਨੰਦ ਸਚਿਦਾਨੰਦ ਵਾਤਸਾਇਨ ਅਗੇਯ ਅਤੇ ਡਾ. ਚਾਰਲਸ ਫਾਬਰੀ ਦੀ ਹੱਲਾਸ਼ੇਰੀ ਦਾ ਨਤੀਜਾ ਸੀ। ਡਾ. ਚਾਰਲਸ ਫਾਬਰੀ ਨੇ ਸਤੀਸ਼ ਦੇ ‘ਵੰਡ ਵਾਲੇ ਕੰਮ’ ਲਈ ‘ਜੀਨੀਅਸ’ ਸ਼ਬਦ ਦੀ ਵਰਤੋਂ ਕੀਤੀ ਸੀ।
ਇਹ ਕੰਮ ਮੈਕਸੀਕੋ ਦੇ ਕਲਚਰਲ ਕੌਂਸਲਰ ਨੂੰ ਪਸੰਦ ਆਇਆ। ਇਸੇ ਆਧਾਰ ‘ਤੇ ਸਤੀਸ਼ ਗੁਜਰਾਲ ਨੂੰ ਵਜ਼ੀਫਾ ਮਿਲਿਆ ਤਾਂ ਉਹ ਮੈਕਸੀਕੋ ਚਲਾ ਗਿਆ। ਮੈਕਸੀਕੋ ਰੂਸ ਦੇ ਕਰੀਬ ਹੋਣ ਦੇ ਬਾਵਜੂਦ ਆਪਣਾ ਵੱਖਰਾਪਣ ਲੈ ਤੁਰ ਰਿਹਾ ਸੀ। ਉਥੋਂ ਦੇ ਕਲਾ ਪ੍ਰਗਟਾਵੇ ਵਿਚ ਲੋਕ ਕਲਾ ਦੇ ਅੰਗਾਂ ਦਾ ਖਾਸਾ ਦਖਲ ਸੀ, ਜਿਸ ਦਾ ਅਸਰ ਸਤੀਸ਼ ਨੇ ਕਬੂਲਿਆ। ਮੈਕਸੀਕੋ ਵਿਚ ਉਹ ਮਕੀਰੋ ਅਤੇ ਰਿਵੀਰਾ ਦੀ ਸ਼ਾਗਿਰਦਗੀ ਵਿਚ ਰਿਹਾ।
ਉਥੋਂ ਸਤੀਸ਼ ਅਮਰੀਕਾ ਚਲਿਆ ਗਿਆ, ਪਰ ਉਥੋਂ ਦਾ ਮਾਹੌਲ ਅਤੇ ‘ਮੈਕਾਰਥਿਜ਼ਮ’ ਦਾ ਬੋਲਬਾਲਾ ਉਸ ਨੂੰ ਰਾਸ ਨਾ ਆਇਆ। ਨਤੀਜਨ ਉਹ ਵਾਪਸ ਭਾਰਤ ਆ ਗਿਆ। ਇਨ੍ਹੀਂ ਦਿਨੀਂ ਉਸ ਨੇ ਕਿਰਨ ਨਾਂ ਦੀ ਸੁੰਦਰ ਲੜਕੀ ਨਾਲ ਵਿਆਹ ਕਰ ਲਿਆ, ਜੋ ਉਸ ਲਈ ਵਰਦਾਨ ਸਿੱਧ ਹੋਈ।
ਇੱਥੇ ਆ ਕੇ ਉਹ ਮਿਊਰਲ ਕਲਾ ਵਲ ਵਧਿਆ। ਇਸ ਅਨੁਸਾਰ ਰੰਗਦਾਰ ਟਾਈਲਾਂ ਨੂੰ ਖੜ੍ਹੀਆਂ ਕੰਧਾਂ ‘ਤੇ ਜੋੜ ਕੇ ਕਲਪੇ ਆਕਾਰ ਤਿਆਰ ਕੀਤੇ ਜਾਂਦੇ ਹਨ। ਸਤੀਸ਼ ਗੁਜ਼ਰਾਲ ਨੇ ਦੇਸ਼-ਵਿਦੇਸ਼ ਵਿਚ ਕਈ ਮਿਊਰਲ ਬਣਾ ਕੇ ਆਪਣੇ ਪ੍ਰਗਟਾਵੇ ਨੂੰ ਪਸਾਰਿਆ-ਪ੍ਰਚਾਰਿਆ।
ਕਲਾਕਾਰ ਦਾ ਅਗਲਾ ਕੰਮ ‘ਪੇਪਰ ਕੋਲਾਜ’ ਨਾਲ ਸਬੰਧਿਤ ਹੈ। ਉਸ ਵੇਲੇ ਤੱਕ ਸਾਡੇ ਇਹਦਾ ਨਾਂ-ਥਾਂ ਘੱਟ ਹੀ ਸੀ। ਕੀਤਾ ਕੰਮ ਜ਼ਿਆਦਾਤਰ ਅਮੂਰਤ ਸੀ। ਉਸ ਨੇ ਅਨੇਕਾਂ ਡਰਾਇੰਗਾਂ ਵੀ ਬਣਾਈਆਂ। ਦੋਹੀਂ ਥਾਂਈਂ ਲੋਕ ਕਲਾ, ਲੋਕ-ਦਸਤਕਾਰੀ ਦੇ ਅੰਗਾਂ-ਅੰਸ਼ਾਂ ਨੂੰ ਭਰਪੂਰ ਢੰਗ ਨਾਲ ਵਰਤਿਆ।
ਉਸ ਦਾ ਅਹਿਮ, ਪ੍ਰਭਾਵਸ਼ਾਲੀ ਪੜਾਅ ‘ਬਰਨਟ ਵੁੱਡ ਸਕਲਪਚਰਸ’ ਵਾਲਾ ਹੈ। ਇਹ ਸਕਲਪਚਰ ਆਕਾਰ ਪੱਖੋਂ ਭਿੰਨਤਾ ਵਾਲੇ ਹਨ, ਭਾਵ ਵੱਡੇ ਵੀ, ਛੋਟੇ ਵੀ। ਇਹਦੇ ਲਈ ਪੜਤਲ ਲੱਕੜ ਦੀਆਂ ਫੱਟੀਆਂ ਨੂੰ ਜੋੜਨ ਬਾਅਦ, ਬਣੇ ਆਕਾਰ ਨੂੰ ਛਿੱਲਿਆ ਤਰਾਸ਼ਿਆ ਜਾਂਦਾ ਹੈ। ਤਿੰਨ ਪਸਾਰੀ ਆਕਾਰਾਂ ਨੂੰ ‘ਬਰਨਰ ਦੀ ਲਾਟ’ ਨਾਲ ਸਾੜਿਆ ਜਾਂਦਾ ਸੀ, ਜਿਸ ਸਦਕਾ ਸਾਰੀ ਬਾਹਰੀ ਪਰਤ ਸਿਆਹ ਹੋ ਜਾਂਦੀ ਸੀ। ਸਜਾਵਟੀ ਰੂਪ ਦੇਣ ਲਈ ਕੌਡੀਆਂ, ਸਿੱਪੀਆਂ, ਚਮੜਾ, ਧਾਤਾਂ ਦੀਆਂ ਕਈ ਵਸਤਾਂ ਨੂੰ ਸ਼ਾਮਲ ਕੀਤਾ ਜਾਂਦਾ ਰਿਹਾ।
ਆਪਣੀ ਸਰੀਰਕ ਅਵਾਜ਼ਾਰੀ, ਬੋਲਣ ਤੋਂ ਅਸਮਰੱਥ ਹੋਣ ਦੇ ਬਾਵਜੂਦ ਸਤੀਸ਼ ਗੁਜਰਾਲ ਦੀ ਸਿਰਜਣਾਤਮਕਤਾ ਦੇ ਨਵੇਂ ਤਲਾਸ਼ੇ ਖੇਤਰਾਂ ਵਿਚੋਂ ਇਕ ਮਕਾਨ ਉਸਾਰੀ ਵੀ ਹੈ। ਬੈਲਜੀਅਮ ਨੇ ਆਪਣੇ ਦੂਤਘਰ ਦੀ ਉਸਾਰੀ ਦਾ ਕੰਮ ਸਤੀਸ਼ ਨੂੰ ਦਿੱਤਾ। ਇਹ ਇਮਾਰਤ ਜ਼ਮੀਨਦੋਜ਼ ਜ਼ਿਆਦਾ ਹੈ, ਜਿਸ ਦੇ ਹਰ ਨਿੱਕੇ-ਨੰਨ੍ਹੇ ਵੇਰਵੇ ਦਾ ਡਿਜ਼ਾਈਨ ਖੁਦ ਤਿਆਰ ਕੀਤਾ। ਇਸ ਪਿਛੋਂ ਹੋਰ ਕਈ ਇਮਾਰਤਾਂ ਦੀ ਉਸਾਰੀ ਵੀ ਕੀਤੀ।
ਜਿਨ੍ਹਾਂ ਆਕਾਰਾਂ ਨੂੰ ਕੈਨਵਸ ‘ਤੇ ਉਤਾਰਿਆ, ਉਨ੍ਹਾਂ ਨੂੰ ਮੂਰਤੀ ਰੂਪ ਵੀ ਦਿੱਤਾ। ਮਿਸਾਲ ਵਜੋਂ ਉਸ ਵਲੋਂ ਚਿਤਰਿਤ ‘ਕੱਵਾਲ’ ਲੈ ਸਕਦੇ ਹਾਂ। ਸ਼ਿਲਪ ਹਿਤ ਉਸ ਨੇ ਗ੍ਰੇਨਾਈਟ ਦਾ ਇਸਤੇਮਾਲ ਕੀਤਾ।
ਇਕ ਗੱਲ ਕਹੀ ਜਾ ਸਕਦੀ ਹੈ ਕਿ ਘਰ ਦੀ ਛੱਤ ਨੂੰ ਦੇਖਦੇ ਸਮੇਂ ਬਣਦੇ-ਮਿਟਦੇ ਅਨੇਕਾਂ ਆਕਾਰਾਂ ਵਿਚੋਂ ਕੁਝ ਕੁ ਨੂੰ ਸਥਾਈ ਰੂਪ ਦੇ ਕੇ ਸਤੀਸ਼ ਗੁਜਰਾਲ ਨੇ ਆਪਣੇ ਹੋਣ ‘ਤੇ ਚਿਰ ਤਕ ਟਿਕਣ ਵਾਲੀ ਮੋਹਰ ਲਾ ਦਿੱਤੀ। ਜਿਸ ਤਰ੍ਹਾਂ ਦੇ ਦੌਰ ਵਿਚਦੀ ਉਹ ਮੁੱਢਲੇ ਦੌਰ ਵਿਚੋਂ ਲੰਘਿਆ, ਉਹ ਵੀ ਬੇਮਿਸਾਲ ਹੈ। ਬੇਮਿਸਾਲ ਤਾਂ ਉਹ ਪਰਿਵਾਰਕ ਮੈਂਬਰ ਵੀ ਹਨ, ਜਿਨ੍ਹਾਂ ਨੇ ਸਤੀਸ਼ ਗੁਜਰਾਲ ਨੂੰ ‘ਕਲਾਕਾਰ ਸਤੀਸ਼ ਗੁਜਰਾਲ’ ਬਣਾਇਆ।