ਜੁਬਲੀ ਕੁਮਾਰ ਦੀ ਕਹਾਣੀ

ਸੁਰਿੰਦਰ ਸਿੰਘ ਤੇਜ
ਫਿਲਮ ਜਗਤ ਵਿਚ 1950ਵਿਆਂ ਵਾਲਾ ਦਹਾਕਾ ਦਿਲੀਪ ਕੁਮਾਰ-ਰਾਜ ਕਪੂਰ-ਦੇਵ ਆਨੰਦ ਦੀ ਸਰਦਾਰੀ ਦਾ ਦੌਰ ਸੀ। ਇਸੇ ਦਹਾਕੇ ਦੌਰਾਨ ਗੁਰੂ ਦੱਤ ਨੇ ਵੀ ਅਦਾਕਾਰੀ ਦੇ ਝੰਡੇ ਗੱਡੇ ਪਰ ਦਰਸ਼ਕਾਂ ਦੀ ਦੀਵਾਨਗੀ ਦਿਲੀਪ-ਰਾਜ-ਦੇਵ ਦੀ ਤਿੱਕੜੀ ਦੇ ਹੀ ਹਿੱਸੇ ਆਈ। 1960ਵਿਆਂ ਵਿਚ ਸ਼ੰਮੀ ਕਪੂਰ, ਰਾਜਿੰਦਰ ਕੁਮਾਰ, ਮਨੋਜ ਕੁਮਾਰ, ਸੁਨੀਲ ਦੱਤ ਤੇ ਰਾਜ ਕੁਮਾਰ ਦਾ ਦੌਰ ਸ਼ੁਰੂ ਹੋਇਆ। ਇਸੇ ਦਹਾਕੇ ਦੇ ਤੀਜੇ ਵਰ੍ਹੇ ਇਨ੍ਹਾਂ ਵਿਚ ਧਰਮਿੰਦਰ ਵੀ ਆ ਰਲਿਆ। ਸ਼ੰਮੀ ਕਪੂਰ ਨੇ ਵਫਾਦਾਰਾਂ ਦੀਆਂ ਵਹੀਰਾਂ ਖੜ੍ਹੀਆਂ ਕਰਨ ਲਈ ਨਿਵੇਕਲੀ ਅਭਿਨੈ-ਸ਼ੈਲੀ ਅਪਣਾਈ।

ਇਹ ਪੂਰਬ ਤੇ ਪੱਛਮ ਦੀਆਂ ਅਭਿਨੈ ਕਲਾਵਾਂ ਦਾ ਸੁਮੇਲ ਸੀ। ਰਾਜਕੁਮਾਰ ਰਵਾਇਤੀ ਹੀਰੋ ਵਾਲੇ ਸਾਂਚੇ ਵਿਚ ਫਿੱਟ ਨਾ ਹੋਣ ਦੇ ਬਾਵਜੂਦ ਲੀਹੋਂ ਹਟਵੀਂ ਸੰਵਾਦ ਅਦਾਇਗੀ ਜ਼ਰੀਏ ਵੱਖਰਾ ਮੁਕਾਮ ਬਣਾ ਗਿਆ। ਮਨੋਜ ਕੁਮਾਰ ਤੇ ਸੁਨੀਲ ਦੱਤ ਸੀਮਤ ਐਕਟਰ ਹੋਣ ਦੇ ਬਾਵਜੂਦ ਲੇਖਕ ਤੇ ਨਿਰਦੇਸ਼ਨ ਵਾਲੀ ਪ੍ਰਤਿਭਾ ਨਾਲ ਲੈਸ ਸਨ। ਇਸ ਦਾ ਉਨ੍ਹਾਂ ਨੂੰ ਫਾਇਦਾ ਹੋਇਆ। ਇਸੇ ਤਰ੍ਹਾਂ ਸਰੀਰਕ ਸੁਡੌਲਤਾ ਧਰਮਿੰਦਰ ਦੀ ਯੂ.ਐਸ਼ਪੀ. ਸਾਬਤ ਹੋਈ।
ਇਨ੍ਹਾਂ ਸਾਰੇ ਹੁਨਰਾਂ ਪੱਖੋਂ ਆਪਣੇ ਹਮਰਾਹਾਂ ਨਾਲੋਂ ਊਣਾ ਹੋਣ ਦੇ ਬਾਵਜੂਦ ਰਾਜਿੰਦਰ ਕੁਮਾਰ ਸਭ ਤੋਂ ਵੱਡਾ ਫਿਲਮ ਸਟਾਰ ਸਾਬਤ ਹੋਇਆ। 1959 ਤੋਂ ਲੈ ਕੇ 1966 ਤਕ ਸਿਲਵਰ ਜੁਬਲੀ ਫਿਲਮਾਂ ਦੀ ਸਿਲਵਰ ਜੁਬਲੀ ਪੂਰੀ ਕਰਨ ਵਾਲਾ। ਟਿਕਟ ਖਿੜਕੀ ‘ਤੇ ਕਾਮਯਾਬੀ ਪੱਖੋਂ ਲਾਸਾਨੀ। ਅਦਾਕਾਰੀ ਤੇ ਅੰਦਾਜ਼ ਪੱਖੋਂ ਦਿਲੀਪ ਕੁਮਾਰ ਦੀ ਨਕਲ ਕਰਨ ਵਾਲਾ, ਪਰ ਮਿਹਨਤਾਨੇ ਪੱਖੋਂ ਦਿਲੀਪ ਕੁਮਾਰ ਨਾਲੋਂ ਵੱਧ ਮਹਿੰਗਾ; ਉਨ੍ਹਾਂ ਵਕਤਾਂ ਦੌਰਾਨ ਪੰਜ ਲੱਖ ਰੁਪਏ ਦੀ ਫੀਸ ਲੈਣ ਵਾਲਾ ਜਦੋਂ ਸ਼ੰਕਰ-ਜੈਕਿਸ਼ਨ ਵਰਗੀ ਸੁਪਰਹਿਟ ਸੰਗੀਤਕਾਰ ਜੋੜੀ ਨੂੰ ਲੱਖ ਰੁਪਏ ਮਿਲਦੇ ਸਨ। ਇਹ ਸਹੀ ਹੈ ਕਿ ਉਨ੍ਹਾਂ ਦਿਨਾਂ ਦੌਰਾਨ ਵੀ ਉਸ ਨੂੰ ਦਰਸ਼ਕਾਂ, ਖਾਸ ਕਰਕੇ ਔਰਤਾਂ ਦਾ ਉਸ ਕਿਸਮ ਦਾ ਦੁਲਾਰ ਤੇ ਦੀਵਾਨਗੀ ਹਾਸਲ ਨਹੀਂ ਹੋਈ, ਜਿਹੜੀ 1969 ਤੋਂ 1972 ਤਕ ਰਾਜੇਸ਼ ਖੰਨਾ ਨੂੰ ਨਸੀਬ ਹੋਈ। ਇਸ ਦੇ ਬਾਵਜੂਦ ਰਾਜਿੰਦਰ ਕੁਮਾਰ ਦੀ ਸਿਰਫ ਮੌਜੂਦਗੀ ਹੀ ਫਿਲਮਾਂ ਨੂੰ ਹਿੱਟ ਬਣਾਉਂਦੀ ਰਹੀ। ਰਾਜ ਕਪੂਰ ਤੋਂ ਬਾਅਦ ਉਹ ਦੂਜਾ ਭਾਰਤੀ ਫਿਲਮ ਸਟਾਰ ਸੀ ਜਿਸ ਦੀਆਂ ਫਿਲਮਾਂ ਸੋਵੀਅਤ ਸੰਘ ਤੇ ਪੂਰਬੀ ਏਸ਼ੀਆ ਵਿਚ ਵੀ ਚੱਲਦੀਆਂ ਸਨ ਅਤੇ ਮੱਧ ਪੂਰਬ ਤੇ ਅਫਰੀਕਾ ਦੇ ਮੁਲਕਾਂ ਵਿਚ ਵੀ।
ਅਜਿਹੀ ਮਕਬੂਲੀਅਤ ਅਤੇ ਕਾਰੋਬਾਰੀ ਸੂਝ ਦੇ ਬਾਵਜੂਦ ਰਾਜਿੰਦਰ ਕੁਮਾਰ, ਸਿਰਜਣਸ਼ੀਲਤਾ ਤੇ ਕਲਾਤਮਿਕਤਾ ਦੀ ਵਸੀਅਤ ਪਿੱਛੇ ਨਹੀਂ ਛੱਡ ਸਕਿਆ। ਉਸ ਦੀਆਂ ਹਿੱਟ ਫਿਲਮਾਂ ਦੀ ਕਤਾਰ ਬਹੁਤ ਲੰਮੀ ਰਹੀ। ਗੀਤ-ਸੰਗੀਤ ਪੱਖੋਂ ਵੀ ਇਹ ਲਾਜਵਾਬ ਰਹੀਆਂ, ਪਰ ਰਾਜਿੰਦਰ ਕੁਮਾਰ ਨੂੰ ਇਹ ਅਦਾਕਾਰੀ ਦੇ ਖੇਤਰ ਦੀ ਕੱਦਾਵਰ ਹਸਤੀ ਨਾ ਬਣਾ ਸਕੀਆਂ। ਇਹੀ ਕਾਰਨ ਹੈ ਕਿ ਅਜੋਕੀ ਪੀੜ੍ਹੀ ਉਸ ਬਾਰੇ ਬਹੁਤ ਕੁਝ ਨਹੀਂ ਜਾਣਦੀ।
ਇਹ ਕਿਤਾਬ ਡਿੰਪਲ ਪਟੇਲ ਤੇ ਰਾਜਿੰਦਰ ਕੁਮਾਰ ਦੇ ਪਰਿਵਾਰ ਦੇ ਬਾਕੀ ਜੀਆਂ ਦੇ ਕਹਿਣ ‘ਤੇ ਸੀਮਾ ਸੋਨਿਕ ਆਲਿਮਚੰਦ ਨੇ ਲਿਖੀ ਹੈ। ਸੀਮਾ ਮੀਡੀਆ ਕਰਮੀ ਹੋਣ ਤੋਂ ਇਲਾਵਾ ਟੈਲੀਵਿਜ਼ਨ ਤੇ ਹੋਰਨਾਂ ਸਿਨੇ ਸਾਧਨਾਂ ਨਾਲ ਵੀ ਜੁੜੀ ਹੋਈ ਹੈ। ਮਰਹੂਮ ਫਿਲਮ ਸੰਗੀਤਕਾਰ ਮਾਸਟਰ ਸੋਨਿਕ (ਸੋਨਿਕ-ਓਮੀ ਦੀ ਜੋੜੀ ਵਾਲੇ) ਦੀ ਧੀ ਹੋਣ ਕਾਰਨ ਉਹ ਸਿਨੇ ਜਗਤ ਦੇ ਸੱਚ ਤੇ ਕੱਚ ਤੋਂ ਵੀ ਚੰਗੀ ਤਰ੍ਹਾਂ ਵਾਕਫ ਹੈ। ਇਸੇ ਲਈ ਉਸ ਦੀ ਲੇਖਣੀ ਵਿਚ ਸਪਸ਼ਟਤਾ ਤੇ ਬੇਬਾਕੀ ਹੈ।
ਸਿਆਲਕੋਟ (ਹੁਣ ਨਾਰੋਵਾਲ) ਜ਼ਿਲ੍ਹੇ ਦੀ ਸੰਖਰਤਾ ਮੰਡੀ ਦੇ ਧਨੀ ਪਰਿਵਾਰ ਵਿਚ ਜਨਮਿਆ ਰਾਜਿੰਦਰ ਕੁਮਾਰ ਚਹੁੰ ਭਰਾਵਾਂ ਤੇ ਦੋ ਭੈਣਾਂ ਵਿਚੋਂ ਸਭ ਤੋਂ ਵੱਡਾ ਸੀ। ਰਾਜਿੰਦਰ ਦੀ ਮੁੱਢਲੀ ਪੜ੍ਹਾਈ ਮੌਲਵੀ ਗੌਸ ਮੁਹੰਮਦ ਦੇ ਮਦਰੱਸੇ ਵਿਚ ਹੋਈ। ਇਸ ਤਾਲੀਮ ਨੇ ਉਸ ਨੂੰ ਉਰਦੂ ਵਿਚ ਪਰਿਪੱਕ ਬਣਾਇਆ। ਇਸ ਦਾ ਫਾਇਦਾ ਉਸ ਨੂੰ ਸਿਨੇ ਜਗਤ ਵਿਚ ਹੋਇਆ। ਉਸ ਦੇ ਉਚਾਰਨ ਵਿਚ ਉਹ ਪੰਜਾਬੀ ਪੁੱਠ ਨਹੀਂ ਰਹੀ ਜੋ ਉਸ ਦੇ ਸਮਕਾਲੀਆਂ ਮਨੋਜ ਕੁਮਾਰ ਤੇ ਸੁਨੀਲ ਦੱਤ ਦੇ ਉਚਾਰਨ ਦਾ ਤਾਉਮਰ ਹਿੱਸਾ ਬਣੀ ਰਹੀ।
ਫਿਲਮਾਂ ਪ੍ਰਤੀ ਮੋਹ ਪੰਜ ਸਾਲ ਦੀ ਉਮਰ ਵਿਚ ਪਿਤਾ ਤੇ ਬਾਕੀ ਪਰਿਵਾਰ ਨਾਲ ਮਿਲ ਕੇ ਦੇਖੀ ਪੰਜਾਬੀ ਫਿਲਮ ‘ਹੀਰ ਸਿਆਲ’ ਤੋਂ ਪਿਆ। ਮੁਲਕ ਦੀ ਵੰਡ ਸਮੇਂ ਰਾਜਿੰਦਰ ਲਾਹੌਰ ਵਿਚ ਬੀ.ਏ. (ਦੂਜੇ ਵਰ੍ਹੇ) ਦੀ ਪੜ੍ਹਾਈ ਕਰ ਰਿਹਾ ਸੀ। ਉਸ ਦਾ ਪਰਿਵਾਰ ਉਜੜ ਕੇ ਪਹਿਲਾਂ ਡੇਰਾ ਬਾਬਾ ਨਾਨਕ ਅਤੇ ਫਿਰ ਦਿੱਲੀ ਆਇਆ। ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿਚ ਲਕਸ਼ਮੀ ਚੰਦ ਤੁਲੀ ਨੂੰ ਦੋ ਕਮਰਿਆਂ ਦਾ ਘਰ ਅਲਾਟ ਹੋਇਆ। ਉਸ ਨੇ ਕੱਪੜੇ ਦੀ ਫੇਰੀ ਲਾਉਣੀ ਸ਼ੁਰੂ ਕਰ ਦਿੱਤੀ। ਰਾਜਿੰਦਰ ਤੇ ਉਸ ਤੋਂ ਛੋਟਾ ਭਰਾ ਨਰੇਸ਼ ਹੋਰ ਨਿੱਕੇ-ਮੋਟੇ ਧੰਦੇ ਕਰਨ ਲੱਗੇ।
1949 ਵਿਚ ਰਾਜਿੰਦਰ ਨੂੰ ਦਿੱਲੀ ਪੁਲੀਸ ਵਿਚ ਏ.ਐਸ਼ਆਈ. ਦੀ ਨੌਕਰੀ ਮਿਲ ਗਈ ਪਰ ਨੌਕਰੀ ਕਰਨ ਦੀ ਥਾਂ ਫਿਲਮੀ ਕੀੜੇ ਕਾਰਨ ਉਹ ਬੰਬਈ ਆ ਗਿਆ। ਗੀਤਕਾਰ ਰਾਜਿੰਦਰ ਕ੍ਰਿਸ਼ਨ (ਦੁੱਗਲ) ਨਾਲ ਮੌਕਾ ਮੇਲ ਨੇ ਉਸ ਨੂੰ ਨਿਰਦੇਸ਼ਕ ਹਰਨਾਮ ਸਿੰਘ ਰਵੇਲ ਨਾਲ ਸਹਾਇਕ ਬਣਵਾ ਦਿੱਤਾ। ਰਵੇਲ ਦੀ ਅਗਲੀ ਫਿਲਮ ‘ਸਗਾਈ’ ਦੀ ਸ਼ੂਟਿੰਗ ਸ਼ੁਰੂ ਹੋਣ ਨਾਲ ਰਾਜਿੰਦਰ ਕੁਮਾਰ ਦੀ ਤਨਖਾਹ ਸਵਾ ਸੌ ਰੁਪਏ ਤੋਂ ਵੱਧ ਕੇ ਢਾਈ ਸੌ ਰੁਪਏ ਮਹੀਨਾ ਹੋ ਗਈ। ‘ਸਗਾਈ’ ਵਾਲੇ ਦਿਨਾਂ ਦੌਰਾਨ ਰਣਜੀਤ ਸਟੂਡੀਓ ਦੇ ਮਾਲਕ ਸੇਠ ਚੰਦੂ ਲਾਲ ਸ਼ਾਹ ਦੀ ਨਜ਼ਰ ਰਾਜਿੰਦਰ ਕੁਮਾਰ ਉਪਰ ਪਈ। ਉਨ੍ਹਾਂ ਨੇ ਉਸ ਨੂੰ ‘ਜੋਗਨ’ (1953, ਦਲੀਪ ਕੁਮਾਰ-ਨਰਗਿਸ) ਵਿਚ ਛੋਟਾ ਜਿਹਾ ਰੋਲ ਦੇ ਦਿੱਤਾ ਤਾਂ ਰਾਜਿੰਦਰ ਨੂੰ ਅਦਾਕਾਰੀ ਵਿਚ ਆਪਣੀ ਤਕਦੀਰ ਨਜ਼ਰ ਆਉਣ ਲੱਗੀ।
1955 ਵਿਚ ਦੇਵੇਂਦਰ ਗੋਇਲ ਦੀ ਫਿਲਮ ‘ਵਚਨ’ ਨੇ ਰਾਜਿੰਦਰ ਕੁਮਾਰ ਨੂੰ ਹੀਰੋ ਬਣਾਇਆ। 1956 ਵਿਚ ‘ਤੂਫਾਨ ਔਰ ਦੀਆ’ ਦੀ ਕਾਮਯਾਬੀ ਨੇ ਉਸ ਲਈ ਨਵੇਂ ਦਰ ਖੋਲ੍ਹ ਦਿੱਤੇ। 1957 ਵਿਚ ‘ਮਦਰ ਇੰਡੀਆ’ ਰਿਲੀਜ਼ ਹੋਣ ‘ਤੇ ਫਿਲਮੀ ਸਿਤਾਰੇ ਵਾਲੀ ਛੱਬ ਹਾਸਿਲ ਹੋਣ ਤੋਂ ਪਹਿਲਾਂ ਉਸ ਨੇ ਫਿਲਮਸਾਜ਼ ਮਹਿਬੂਬ ਖਾਨ ਦੀ ਹੀ ਇਕ ਵੱਖਰੀ ਫਿਲਮ ‘ਆਵਾਜ਼’ ਵਿਚ ਛੋਟਾ ਜਿਹਾ ਰੋਲ ਕੀਤਾ। ‘ਮਦਰ ਇੰਡੀਆ’ ਦੀ ਕਾਮਯਾਬੀ ਨੇ ਰਾਜਿੰਦਰ ਕੁਮਾਰ ਨੂੰ ਸਟਾਰ ਬਣਾ ਦਿੱਤਾ। ਉਦੋਂ ਤਕ ਉਹ ਸ਼ੁਕਲਾ ਬਹਿਲ ਨਾਲ ਵਿਆਹਿਆ ਜਾ ਚੁੱਕਾ ਸੀ ਜੋ ਦੂਰਲੀ ਰਿਸ਼ਤੇਦਾਰ ਸੀ। 1959 ਵਿਚ ‘ਧੂਲ ਕਾ ਫੂਲ’ ਹਿੱਟ ਹੋਣ ਮਗਰੋਂ ਰਾਜਿੰਦਰ ਕੁਮਾਰ ਦਾ ਜੁਬਲੀ ਕੁਮਾਰ ਵਾਲਾ ਦੌਰ ਸ਼ੁਰੂ ਹੋਇਆ ਜੋ 1967 ਤਕ ਚੱਲਿਆ। ਉਦੋਂ ਤਕ ਉਹ ਦੋ ਬੱਚਿਆਂ (ਬੰਟੀ ਉਰਫ ਕੁਮਾਰ ਗੌਰਵ ਤੇ ਡਿੰਪਲ) ਦਾ ਪਿਤਾ ਅਤੇ ਜੁਹੂ ਵਿਚ ਸਮੁੰਦਰ ਨੇੜਲੇ ਬੰਗਲੇ ਦਾ ਮਾਲਕ ਬਣ ਚੁੱਕਿਆ ਸੀ।
ਜੁਬਲੀ ਸਟਾਰ ਵਾਲੇ ਦੌਰ ਦੌਰਾਨ ਰਾਜਿੰਦਰ ਨੇ ਜਿਹੜੀ ਵੀ ਫਿਲਮ ਕੀਤੀ, ਉਹ ਹਿੱਟ ਹੋਈ। ‘ਗੂੰਜ ਉਠੀ ਸ਼ਹਿਨਾਈ’, ‘ਕਾਨੂੰਨ’, ‘ਜ਼ਿੰਦਗੀ’, ‘ਸਸੁਰਾਲ’, ‘ਸੰਗਮ’, ‘ਹਮਰਾਹੀ’, ‘ਦਿਲ ਏਕ ਮੰਦਰ’, ‘ਆਈ ਮਿਲਨ ਕੀ ਬੇਲਾ’, ‘ਆਸ ਕਾ ਪੰਛੀ’, ‘ਮੇਰੇ ਮਹਿਬੂਬ’, ‘ਆਰਜੂ’ ਆਦਿ। ਕਾਮਯਾਬੀ ਦਾ ਫਾਰਮੂਲਾ ਇਕੋ ਸੀ: ਪਰਿਵਾਰਕ ਵਿਸ਼ੇ, ਦੁਖਾਂਤ-ਸੁਖਾਂਤ ਦਾ ਸਮਤੋਲ, ਹਿੱਟ ਗੀਤ-ਸੰਗੀਤ। ਨੌਸ਼ਾਦ, ਸ਼ੰਕਰ-ਜੈਕਿਸ਼ਨ (ਖਾਸ ਕਰਕੇ ਜੈਕਿਸ਼ਨ) ਰਵੀ ਵਰਗੇ ਨਾਮਵਰ ਸੰਗੀਤਕਾਰਾਂ ਨੇ ਆਪਣੀਆਂ ਬਿਹਤਰੀਨ ਧੁਨਾਂ ਰਾਜਿੰਦਰ ਕੁਮਾਰ ਦੀਆਂ ਫਿਲਮਾਂ ‘ਤੇ ਨਿਛਾਵਰ ਕੀਤੀਆਂ।
1967 ਵਿਚ ‘ਅਮਨ’ ਦੀ ਨਾਕਾਮੀ ਨਾਲ ਰਾਜਿੰਦਰ ਕੁਮਾਰ ਲਈ ਨਾਕਾਮਯਾਬੀਆਂ ਦਾ ਕੁਚੱਕਰ ਸ਼ੁਰੂ ਹੋਇਆ। ਛੇ ਵਰ੍ਹਿਆਂ ਅੰਦਰ ਹਸ਼ਰ ਇਹ ਹੋਇਆ ਕਿ ਉਸ ਨੂੰ ਰੋਲ ਮਿਲਣੇ ਬੰਦ ਹੋ ਗਏ। ਹੀਰੋ ਵਜੋਂ ਆਖਰੀ ਫਿਲਮ ‘ਆਨਬਾਨ’ (1972) ਸਿਰਫ ਇਕ ਦਿਨ ਬਾਅਦ ਸਿਨਮਾਘਰਾਂ ਵਿਚੋਂ ਉਤਰ ਗਈ। ਕੰਮ ਨਾ ਮਿਲਣ ਤੋਂ ਮਾਯੂਸ ਹੋਏ ਰਾਜਿੰਦਰ ਕੁਮਾਰ ਨੇ ਤਿੰਨ ਪੰਜਾਬੀ ਫਿਲਮਾਂ (ਦੁਖ ਭੰਜਨ ਤੇਰਾ ਨਾਮ, ਦੋ ਸ਼ੇਰ ਤੇ ਤੇਰੀ ਮੇਰੀ ਇਕ ਜਿੰਦੜੀ) ਵਿਚ ‘ਵਿਸ਼ੇਸ਼ ਮਹਿਮਾਨ’ ਵਜੋਂ ਕੰਮ ਕੀਤਾ ਤਾਂ ਜੋ ਘਰ ਵਿਹਲੇ ਬੈਠਣ ਵਾਲੀ ਬੋਰੀਅਤ ਤੋਂ ਮੁਕਤੀ ਮਿਲ ਸਕੇ। ਫਿਰ ਹੀਰੋਗਿਰੀ ਛੱਡ ਕੇ ਸਹਾਇਕ ਭੂਮਿਕਾਵਾਂ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਨਿਰਮਾਤਾ ਵਜੋਂ ‘ਲਵ ਸਟੋਰੀ’ (1982) ਦੀ ਕਾਮਯਾਬੀ ਨੇ ਅਤੀਤ ਵਾਲੀ ਸ਼ੌਕਤ ਦੇ ਨਜ਼ਾਰੇ ਪਰਤਾਏ, ਪਰ ਇਹ ਨਜ਼ਾਰੇ ਭਵਿਖ ਦਾ ਸਬਕ ਬਣ ਕੇ ਨਹੀਂ ਆਏ।
ਇਸ ਮੁਕਾਮ ‘ਤੇ ਪੁੱਜ ਕੇ ਕਿਤਾਬ ‘ਜੁਬਲੀ ਕੁਮਾਰ’ ਕਈ ਤਲਖ ਰਾਜ਼ ਪਾਠਕਾਂ ਨਾਲ ਸਾਂਝੇ ਕਰਦੀ ਹੈ। ਕਿਤਾਬ ਅਨੁਸਾਰ ਆਪਣੀ ਕਾਰੋਬਾਰੀ ਸੂਝ ਅਤੇ ਪੈਸਾ ਸਹੀ ਥਾਂ ਖਰਚਣ ਦੀ ਹੁਨਰਮੰਦੀ ਲਈ ਮਸ਼ਹੂਰ ਰਿਹਾ ਰਾਜਿੰਦਰ ਕੁਮਾਰ ਆਪਣੇ ਪੁੱਤਰ ਕੁਮਾਰ ਗੌਰਵ ਦੀਆਂ ਸ਼ਖਸੀ ਸੀਮਾਵਾਂ ਪਛਾਨਣ ‘ਚ ਨਾਕਾਮ ਰਿਹਾ। ‘ਲਵ ਸਟੋਰੀ’ ਨੇ ਕੁਮਾਰ ਗੌਰਵ ਨੂੰ ਨੌਜਵਾਨ ਵਰਗ ਦਾ ਚਹੇਤਾ ਬਣਾ ਦਿੱਤਾ ਸੀ, ਪਰ ਉਸ ਨੇ ਆਪਣੇ ਬੇਟੇ ਉਪਰ ਆਪਣੀ ਮਰਜ਼ੀ ਦੀਆਂ ਫਿਲਮਾਂ ਠੋਸੀਆਂ। ਕੁਮਾਰ ਗੌਰਵ ਦੀਆਂ ਫਿਲਮਾਂ ਧੜਾਧੜ ਫਲਾਪ ਹੋਈਆਂ ਤੇ ਇਕ ਦਿਨ ਉਸ ਕੋਲ ਕੰਮ ਆਉਣਾ ਮੁੱਕ ਗਿਆ। ਘੁਟਨ ਤੇ ਨਾਖੁਸ਼ੀ ਨੇ ਪਰਿਵਾਰਕ ਕਲੇਸ਼ ਨੂੰ ਜਨਮ ਦਿੱਤਾ। ਪੁੱਤਰ ਆਪਣੀ ਪਤਨੀ ਨਮਰਤਾ ਤੇ ਬੱਚੇ ਸਮੇਤ ਸੱਤ ਕਨਾਲਾਂ ਵਿਚ ਉਸਰਿਆ ਬੰਗਲਾ ਛੱਡ ਕੇ ਦੋ ਕਮਰਿਆਂ ਦੇ ਫਲੈਟ ਵਿਚ ਜਾ ਕੇ ਰਹਿਣ ਲੱਗਾ। ਕਿਤਾਬ ਵਿਚ ਸਾਇਰਾ ਬਾਨੋ ਤੇ ਰਾਜਿੰਦਰ ਕੁਮਾਰ ਦੇ ਰੋਮਾਂਸ ਦਾ ਵੀ ਦੱਬਵੀਂ ਸੁਰ ਵਿਚ ਜ਼ਿਕਰ ਹੈ। ਸਿਗਰਟਨੋਸ਼ੀ ਉਸ ਦੀ ਮੁੱਖ ਕਮਜ਼ੋਰੀ ਰਹੀ। ਇਸ ਦੇ ਕਾਰਨ ਹੀ ਉਸ ਦੀ 12?ਜੁਲਾਈ 1999 ਨੂੰ ਕੈਂਸਰ ਨਾਲ ਮੌਤ ਹੋਈ। ਕਿਤਾਬ ਅੰਦਰ ਅਜਿਹਾ ਕਈ ਕੁਝ ਹੈ ਜੋ ਪਾਠਕਾਂ ਨੂੰ ਬੰਨ੍ਹੀ ਰੱਖਦਾ ਹੈ।
ਮੋਟੇ ਤੌਰ ‘ਤੇ ਇਹ ਕਿਤਾਬ ਰਾਜਿੰਦਰ ਕੁਮਾਰ ਨੂੰ ਅਜਿਹੇ ਇਨਸਾਨ ਦੇ ਰੂਪ ਵਿਚ ਪੇਸ਼ ਕਰਦੀ ਹੈ ਜੋ ਗਲੈਮਰ ਜਗਤ ਦੀ ਚਕਾਚੌਂਧ ਦੇ ਬਾਵਜੂਦ ਪਰਿਵਾਰਕ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਂਦਾ ਰਿਹਾ। ਅਜਿਹੀ ਅਮਲੀ ਪਹੁੰਚ ਤੇ ਫਰਜ਼ਸ਼ਨਾਸੀ ਦੇ ਬਾਵਜੂਦ ਉਹ ਸਿਨੇ ਜਗਤ ਨਾਲ ਜੁੜੀ ਛਿਣੀ ਭੰਗਰਤਾ, ਮੌਕਾਪ੍ਰਸਤੀ ਤੇ ਖੁਦਗਰਜ਼ੀ ਨਾਲ ਸਿੱਝਣ ਦੇ ਨਾਕਾਬਲ ਸਾਬਤ ਹੋਇਆ। ਉਹ ਇਸ ਹਕੀਕਤ ਨੂੰ ਆਪਣੇ ਅੰਦਰ ਜਜ਼ਬ ਨਹੀਂ ਕਰ ਸਕਿਆ ਕਿ ਜੁਬਲੀ ਸਟਾਰ ਚੰਦ ਵਰ੍ਹਿਆਂ ਲਈ ਹੁੰਦਾ ਹੈ, ਸਦੀਵੀ ਤੌਰ ‘ਤੇ ਨਹੀਂ। ਇਹੋ ਕਥਾ ਵਿਅਥਾ ਇਸ ਕਿਤਾਬ ਨੂੰ ਮਾਰਮਿਕ ਬਣਾਉਂਦੀ ਹੈ।