ਡਾ. ਸਾਹਿਬ ਸਿੰਘ
ਆਪਣੀ ਜਗ੍ਹਾ ਤੋਂ ਉਜੜ ਕੇ ਪਰਾਈ ਥਾਂ ਵਾਸ ਕਰਨ ਲਈ ਮਜਬੂਰ ਹੋਣਾ ਸਭ ਤੋਂ ਦੁਖਦਾਈ ਕਾਰਜ ਹੈ, ਪਰ ਮਨੁੱਖੀ ਇਤਿਹਾਸ ਨੇ ਇਹ ਉਜਾੜਾ ਵਾਰ-ਵਾਰ ਦੇਖਿਆ ਤੇ ਹੰਢਾਇਆ ਹੈ। ਨੈਸ਼ਨਲ ਸਕੂਲ ਆਫ ਡਰਾਮਾ ਦੇ ਰੰਗ ਮੰਡਲ ਦੀ ਪੇਸ਼ਕਾਰੀ ‘ਖਾਮੋਸ਼ੀ ਸੀਲੀ ਸੀਲੀ’ ਕਸ਼ਮੀਰੀ ਪੰਡਤਾਂ ਦਾ ਦਰਦ ਪੇਸ਼ ਕਰਦੀ ਹੈ। ਅਮਰੀਕੀ ਨਾਟਕਕਾਰ ਜੌਸਫ ਸਟੇਨ ਦੇ ਨਾਟਕ ‘ਫਿਡਲਰ ਆਨ ਦਿ ਰੂਫ’ ਨੂੰ ਆਸਿਫ ਅਲੀ ਨੇ ਰੁਪਾਂਤਰਿਤ ਕੀਤਾ ਅਤੇ ਸੁਰੇਸ਼ ਸ਼ਰਮਾ ਨੇ ਇਸ ਨੂੰ ਨਿਰਦੇਸ਼ਿਤ ਕੀਤਾ ਹੈ। ਕਾਜਲ ਘੋਸ਼ ਦਾ ਸੰਗੀਤ ਇੰਨਾ ਪ੍ਰਭਾਵਸ਼ਾਲੀ ਸੀ ਕਿ ਕਸ਼ਮੀਰ ਦੀ ਰੂਹ ਉਨ੍ਹਾਂ ਸਾਜ਼ਾਂ ‘ਤੇ ਸਵਾਰ ਹੋ ਕੇ ਦਰਸ਼ਕ ਤਕ ਪਹੁੰਚ ਰਹੀ ਸੀ। ਬੰਸੀ ਕੌਲ ਜਿਹੇ ਰੰਗਮੰਚ ਮਹਾਰਥੀ ਦੀ ਕੀਤੀ ਮੰਚ ਸਜਾਵਟ ਨਾਟਕ ਨੂੰ ਗਤੀ ਦੇ ਰਹੀ ਸੀ ਅਤੇ ਕਲਾਕਾਰਾਂ ਦੀ ਕਲਾ ਖਿੜਨ ‘ਚ ਮਦਦ ਵੀ ਕਰ ਰਹੀ ਸੀ।
ਨਾਟਕ ਦੀ ਕਹਾਣੀ ਸਾਧਾਰਨ ਹੈ। ਨੰਦੀਗਰਾਮ ‘ਚ ਇਕ ਪੰਡਿਤ ਪਰਿਵਾਰ ਰਹਿੰਦਾ ਹੈ ਜਿਸ ਦਾ ਮੁਖੀ ਪ੍ਰਿਥਵੀ ਨਾਥ ਮਿਹਨਤ ਕਰਕੇ ਆਪਣੇ ਟੱਬਰ ਦਾ ਗੁਜ਼ਾਰਾ ਕਰਦਾ ਹੈ। ਉਸ ਦੀ ਪਤਨੀ ਦਿੱਦਾ ਸਾਥ ਦੇ ਰਹੀ ਹੈ। ਉਨ੍ਹਾਂ ਦੀਆਂ ਪੰਜ ਧੀਆਂ ਹਨ ਜਿਨ੍ਹਾਂ ਦੇ ਵਿਆਹ ਦਾ ਫਿਕਰ ਵੀ ਹੈ। ਧੀਆਂ ਜ਼ਿੰਦਗੀ ਦੀਆਂ ਸ਼ੋਖੀਆਂ, ਸ਼ਰਾਰਤਾਂ, ਹੱਸਣ, ਟੱਪਣ, ਰੋਸੇ, ਗਿਲੇ, ਮਾਸੂਮ ਅਦਾਵਾਂ ਨਾਲ ਲਬਰੇਜ਼ ਹਨ, ਘਰ ਦੀ ਰੌਣਕ ਹਨ। ਲੀਲਾ ਭੂਆ ਉਨ੍ਹਾਂ ਲਈ ਰਿਸ਼ਤੇ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਧੀਆਂ ਇਕ-ਇਕ ਕਰਕੇ ਆਪਣੇ ਜੀਵਨ ਸਾਥੀ ਖੁਦ ਲੱਭ ਰਹੀਆਂ ਹਨ। ਪ੍ਰਿਥਵੀ ਇਤਰਾਜ਼ ਕਰਦਾ ਹੈ, ਪਰ ਧੀਆਂ ਦੀ ਖੁਸ਼ੀ ਲਈ ਇਹ ਰਿਸ਼ਤੇ ਕਬੂਲ ਕਰ ਲੈਂਦਾ ਹੈ।
ਸਮੱਸਿਆ ਉਦੋਂ ਖੜ੍ਹੀ ਹੁੰਦੀ ਹੈ ਜਦੋਂ ਤੀਜੀ ਧੀ ਨੂੰ ਇਕ ਮੁਸਲਮਾਨ ਲੜਕੇ ਨਾਲ ਇਸ਼ਕ ਹੋ ਜਾਂਦਾ ਹੈ। ਹੁਣ ਰਵਾਇਤਾਂ ਦੀ ਦੀਵਾਰ ਆ ਖੜ੍ਹਦੀ ਹੈ ਤੇ ਪ੍ਰਿਥਵੀ ਇਨਕਾਰ ਕਰ ਦਿੰਦਾ ਹੈ। ਧੀ ਸ਼ੁਹਲ ਫਿਰਦੌਸ ਨਾਲ ਨਿਕਾਹ ਕਰ ਲੈਂਦੀ ਹੈ। ਇਨ੍ਹਾਂ ਹੀ ਸਮਿਆਂ ਵਿਚ ਤੋੜਫੋੜ ਦੀਆਂ ਖਬਰਾਂ ਫੈਲ ਜਾਂਦੀਆਂ ਹਨ, ਫਿਜ਼ਾ ‘ਚ ਤਣਾਅ ਫੈਲਦਾ ਹੈ ਤੇ ਕਸ਼ਮੀਰੀ ਪੰਡਤ ਅਸੁਰੱਖਿਅਤ ਮਹਿਸੂਸ ਕਰਨ ਲੱਗਦੇ ਹਨ। ਹਾਲਾਤ ਇੰਨੇ ਦਰਦਨਾਕ ਬਣ ਜਾਂਦੇ ਹਨ ਕਿ ਉਹ ਇਨਸਾਨ ਜਿਨ੍ਹਾਂ ਨੇ ਇਸੇ ਮਿੱਟੀ ਵਿਚ ਜਨਮ ਲਿਆ ਸੀ, ਜਿਨ੍ਹਾਂ ਨੇ ਇਸੇ ਮਿੱਟੀ ‘ਚ ਚਿਨਾਰ ਦੇ ਰੁੱਖ ਬੀਜੇ ਸਨ, ਚਿਨਾਰ ਦੇ ਸੁਰਖ ਫੁੱਲਾਂ ਦੀ ਖੇਤੀ ਕੀਤੀ ਸੀ, ਹੱਸਦੀ ਮਹਿਕਦੀ ਜ਼ਿੰਦਗੀ ਜੀਵੀ ਸੀ ਤੇ ਗਲਵੱਕੜੀਆਂ ਪਾ ਕੇ ਹਰ ਮਜ਼ਹਬ ਤੋਂ ਉਪਰ ਰਹਿ ਕੇ ਮਨੁੱਖੀ ਸਾਂਝਾਂ ਪਾਈਆਂ ਸਨ, ਅੱਜ ਇਸ ਮਿੱਟੀ ਤੋਂ ਨਾਤਾ ਤੋੜ ਕੇ ਕਿਸੇ ਓਪਰੀ ਥਾਂ ਵੱਲ ਯਾਤਰਾ ਕਰਨ ਦਾ ਸੰਤਾਪ ਭੋਗ ਰਹੇ ਹਨ। ਪੰਜਾਬੀ ਦਰਸ਼ਕ ਦੇ ਮਨ ਵਿਚ ਸੰਤਾਲੀ ਸਿਰ ਚੁੱਕਦਾ ਹੈ ਤੇ ਉਸ ਦਾ ਰੁੱਗ ਭਰਿਆ ਜਾਂਦਾ ਹੈ। ਉਜੜਿਆ ਕਾਫਲਾ ਸਿਰਾਂ ‘ਤੇ ਪੰਡਾਂ, ਟਰੰਕ, ਗਠੜੀਆਂ ਚੁੱਕੀ ਕਿਸੇ ਅਣਦਿਸਦੇ ਕਿਨਾਰੇ ਵੱਲ ਵਧਦੇ ਦਿਖਾਈ ਦਿੰਦੇ ਹਨ।
ਨਾਟਕ ਦਾ ਆਰੰਭ ਲੰਮੇ ਗੀਤ ਨਾਲ ਹੁੰਦਾ ਹੈ ਤੇ ਅੰਤ ਵੀ ਗੀਤ ਰਾਹੀਂ ਹੁੰਦਾ ਹੈ। ਸਾਰਾ ਨਾਟਕ ਗੀਤਾਂ ਨਾਲ ਅੱਟਿਆ ਪਿਆ ਹੈ ਤੇ ਇਨ੍ਹਾਂ ਗੀਤਾਂ ਦੌਰਾਨ ਕਲਾਕਾਰਾਂ ਦਾ ਨਾਚ ਅੱਖਾਂ ਨੂੰ ਚੰਗਾ ਲੱਗਦਾ ਹੈ, ਕੰਨ ਰਸ ਦਿੰਦਾ ਹੈ, ਪਰ ਕਈ ਗੀਤ ਅਜਿਹੇ ਹਨ ਜਿਨ੍ਹਾਂ ਨੂੰ ਦੇਖਦਾ ਸੁਣਦਾ ਦਰਸ਼ਕ ਸੱਜੇ ਖੱਬੇ ਦੇਖਦਾ ਹੈ, ਜਿਵੇਂ ਨਾਲ ਬੈਠੇ ਦਰਸ਼ਕ ਨੂੰ ਉਹੀ ਸਵਾਲ ਪੁੱਛਣਾ ਚਾਹੁੰਦਾ ਹੋਵੇ ਜੋ ਉਸ ਦੇ ਮਨ ‘ਚ ਉਗਿਆ ਹੈ: ਕੀ ਇਨ੍ਹਾਂ ਸਾਰੇ ਗੀਤਾਂ ਦੀ ਨਾਟਕ ਨੂੰ ਲੋੜ ਸੀ! ਕੀ ਇਹ ਰੰਗਮੰਚ ਦਾ ਫਿਲਮਾਂ ਨਾਲ ਮੁਕਾਬਲਾ ਕਰਨ ਵੱਲ ਕੀਤੀ ਕੋਈ ਕਸਰਤ ਤਾਂ ਨਹੀਂ? ਕੀ ਗਹਿਰ ਗੰਭੀਰ ਵਿਸ਼ਲੇਸ਼ਣ ਮੰਗਦੇ ਵਿਸ਼ੇ ਦੀ ਸਰਲ ਤੇ ਆਸਾਨ ਕੰਨੀ ਫੜੀ ਰੱਖਣ ਲਈ ਇਹ ਗੀਤ ਆਸਰਾ ਤਾਂ ਨਹੀਂ ਬਣਾਏ ਗਏ? ਇਨ੍ਹਾਂ ਸਵਾਲਾਂ ਦੇ ਜਵਾਬ ਸਿਆਣੇ ਲੱਭ ਲੈਣਗੇ, ਪਰ ਜੋ ਮਜ਼ੇਦਾਰ ਹੈ, ਜੋ ਸਕੂਨ ਦੇਣ ਵਾਲਾ ਹੈ, ਉਹ ਸਮਝਣਾ ਵੀ ਜ਼ਰੂਰੀ ਹੈ। ਇਹ ਕਲਾਕਾਰ ਹਿੰਦੋਸਤਾਨ ਦੀ ਸਭ ਤੋਂ ਵੱਡੀ ਰੰਗਮੰਚ ਸੰਸਥਾ ਤੋਂ ਸਿੱਖ ਕੇ ਇਥੇ ਪਹੁੰਚੇ ਹਨ, ਉਹ ਅਦਾਕਾਰੀ ਦੀਆਂ ਕੌਮੀ ਕੌਮਾਂਤਰੀ ਥਿਊਰੀਆਂ ਤੇ ਅੰਦਾਜ਼ ਪੜ੍ਹ-ਹੰਢਾ ਚੁੱਕੇ ਹਨ, ਉਨ੍ਹਾਂ ਦੇ ਜਿਸਮ ਦਾ ਹਰ ਹਿੱਸਾ ਸੁਰ ਵਿਚ ਹੈ। ਉਹ ਤਾਲ ਬੇਤਾਲ ਦਾ ਫਰਕ ਸਮਝਦੇ ਹਨ, ਉਹ ਕਿਸੇ ਵੀ ਪ੍ਰਚਲਿਤ ਅੰਦਾਜ਼ ਨੂੰ ਉਲੰਘ ਕੇ ਕੋਈ ਸੰਵਾਦ ਵੱਖਰੀ ਤਰ੍ਹਾਂ ਬੋਲਣ ਦਾ ਕਸਬ ਜਾਣਦੇ ਹਨ, ਉਹ ਸਿਰਫ ਬਾਹਾਂ ਚੁੱਕ ਨੱਚਣਾ ਨਹੀਂ ਜਾਣਦੇ ਬਲਕਿ ਉਨ੍ਹਾਂ ਨ੍ਰਿਤ ਨੂੰ ਅਦਾਇਗੀ ਦਾ ਲਿਬਾਸ ਪਹਿਨਾਉਣ ਦਾ ਹੁਨਰ ਸਾਧਿਆ ਹੋਇਆ ਹੈ। ਉਹ ਮੰਚ ‘ਤੇ ਖੇਡਦੇ ਹਨ ਤੇ ਖੇਡ ਕਿਸ ਨੂੰ ਚੰਗੀ ਨਹੀਂ ਲੱਗਦੀ!
ਇਸ ਨਾਟਕ ਦੇ ਇਕ ਕਲਾਕਾਰ ਸਿਕੰਦਰ ਕੁਮਾਰ ਦਾ ਅੱਡਿਆ ਮੂੰਹ ਬਿਨਾਂ ਬੋਲਿਆਂ ਕੁਝ ਕਹਿ ਰਿਹਾ ਸੀ, ਪਰ ਨਾਟਕ ਕੁਝ ਇਵੇਂ ਵੀ ਬੋਲ ਰਿਹਾ ਸੀ ਕਿ ਮੁਸਲਮਾਨਾਂ ਕੋਲ ਖਤਰਨਾਕ ਹਥਿਆਰ ਹਨ ਤੇ ਅਸੀਂ ਮੁਕਾਬਲਾ ਨਹੀਂ ਕਰ ਸਕਦੇ। ਇਹ ਆਪਣੇ ਆਪ ‘ਚ ਪੇਚੀਦਾ ਹਾਲਤ ਦਾ ਸਰਲ ਉਤਾਰਾ ਹੈ। ਸੱਤਾ ਖੇਡ ਖੇਡਦੀ ਹੈ ਕਿ ਅੱਗ ਦੇ ਢੇਰ ‘ਤੇ ਬੈਠੀ ਸੁਲਘ ਰਹੀ ਹਾਲਤ ਦਾ ਇੰਨਾ ਸਰਲੀਕਰਨ ਕਰ ਦਿੱਤਾ ਜਾਵੇ ਕਿ ਰਿਆਇਆ ਨੂੰ ਇਹ ਇਕਹਿਰਾ ਸੱਚ ਅੰਤਿਮ ਸੱਚ ਲੱਗਣ ਲੱਗ ਪਵੇ। ਇਹ ਉਨ੍ਹਾਂ ਵਾਰ-ਵਾਰ ਕੀਤਾ ਹੈ, ਪਰ ਸੱਚ ਤਾਂ ਇਹ ਹੈ ਕਿ ਪੰਜਾਬ ‘ਚ ਜਦੋਂ ਬੱਸਾਂ ‘ਚੋਂ ਕੱਢ ਕੇ ਹਿੰਦੂ ਮਾਰੇ ਜਾ ਰਹੇ ਸਨ ਤਾਂ ਕਾਤਲ ‘ਸਿੱਖ’ ਨਹੀਂ ਸਨ; ਦਿੱਲੀ ‘ਚ ਜਦੋਂ ਸਿੱਖਾਂ ਦੇ ਗਲਾਂ ਵਿਚ ਬਲਦੇ ਟਾਇਰ ਪਾਏ ਜਾ ਰਹੇ ਸਨ ਤਾਂ ਹਤਿਆਰੇ ‘ਹਿੰਦੂ’ ਨਹੀਂ ਸਨ ਤੇ ਜਦੋਂ ਕਸ਼ਮੀਰੀ ਪੰਡਤ ਪਲਾਇਨ ਕਰ ਰਹੇ ਸਨ ਤਾਂ ਇਸ ਦਾ ਕਾਰਨ ‘ਮੁਸਲਮਾਨ’ ਨਹੀਂ ਸਨ। ਇਰਾਕ ‘ਤੇ ਹੋ ਰਹੀ ਬੰਬਾਰੀ ਲਈ ਅਮਰੀਕਨ ਨਾਗਰਿਕ ਜ਼ਿੰਮੇਵਾਰ ਨਹੀਂ ਹਨ। ਰੰਗਮੰਚ ਜ਼ਿੰਦਗੀ ਦੀ ਬਾਤ ਪਾਉਂਦੀ ਵਿਧਾ ਹੈ। ਇਸ ਨੂੰ ਪੇਚੀਦਗੀਆਂ ਫੜਨ ਦੇ ਆਹਰ ‘ਚ ਪੈਣਾ ਚਾਹੀਦਾ ਹੈ। ਇਹ ਸੱਤਾ ਵਲੋਂ ਸਿਰਜੀ ਅਤੇ ਪ੍ਰਚਾਰੀ ਸਰਲ ਪਰਿਭਾਸ਼ਾ ਨੂੰ ਆਪਣੇ ਨਾਟਕ ਦੇ ਨਾਜ਼ੁਕ ਪਿੰਡੇ ‘ਤੇ ਹਮਲਾ ਕਰਨੋਂ ਸੁਚੇਤ ਰਹੇਗਾ ਜਾਂ ਨਹੀਂ, ਇਹ ਵੱਡੀ ਚੁਣੌਤੀ ਹੈ, ਕਿਉਂਕਿ ਕੋਈ ਵੀ ਖਾਮੋਸ਼ੀ ਚਾਹੇ ਕਿੰਨੀ ਵੀ ਸਿੱਲ੍ਹੀ ਸਿੱਲ੍ਹੀ ਕਿਉਂ ਨਾ ਹੋਵੇ, ਅੰਦਰੋਂ ਧੁਖ ਰਹੀ ਹੁੰਦੀ ਹੈ। ਕਦੋਂ ਉਹ ਬਲ ਉਠੇ ਤੇ ਸਮੁੱਚੀ ਕਾਇਨਾਤ ਨੂੰ ਆਪਣੀ ਗਰਜ ਨਾਲ ਕੰਬਣ ਲਾ ਦੇਵੇ, ਕੋਈ ਨਹੀਂ ਜਾਣਦਾ।