ਕਰੋਨਾ ਨੇ ਮਹਾਮਾਰੀ ਦਾ ਰੂਪ ਧਾਰਿਆ

ਭਾਰਤ ਅਤੇ ਪੰਜਾਬ ਵਿਚ ਵੀ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ
ਚੰਡੀਗੜ੍ਹ: ਚੀਨ ਵਿਚ ਪੈਦਾ ਹੋਏ ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਹਾਹਾਕਾਰ ਮਚਾ ਦਿੱਤੀ ਹੈ। ਹੁਣ ਤੱਕ ਇਹ ਰੋਗ ਸੰਸਾਰ ਦੇ 190 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕਾ ਹੈ ਅਤੇ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਹਨ। ਇਕੱਲੇ ਯੂਰਪ ਵਿਚ 6 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ ਅਤੇ ਹੁਣ ਇਸ ਦਾ ਮੁੱਖ ਪ੍ਰਭਾਵ ਇਟਲੀ, ਸਪੇਨ ਅਤੇ ਜਰਮਨੀ ਵਿਚ ਦੇਖਿਆ ਜਾ ਰਿਹਾ ਹੈ।

ਹੁਣ ਦੁਨੀਆਂ ਦਾ ਕੋਈ ਵੀ ਉਪ-ਮਹਾਂਦੀਪ ਇਸ ਵਾਇਰਸ ਦੀ ਮਾਰ ਤੋਂ ਬਾਹਰ ਨਹੀਂ ਹੈ। ਇਸ ਸਮੇਂ ਇਹ ਵਾਇਰਸ ਭਾਰਤ ਵਿਚ ਵੱਡੇ ਪੱਧਰ ਉਤੇ ਫੈਲ ਰਿਹਾ ਹੈ। ਭਾਰਤ ਸਰਕਾਰ ਨੇ ਪੂਰੇ ਮੁਲਕ ਦੀ 21 ਦਿਨਾਂ (14 ਅਪਰੈਲ ਤੱਕ) ਲਈ ਤਾਲਾਬੰਦੀ ਕਰ ਦਿੱਤੀ ਗਈ ਹੈ। ਹਾਲਾਂਕਿ ਪੰਜਾਬ ਨੇ ਮੋਦੀ ਸਰਕਾਰ ਦੇ ਇਸ ਐਲਾਨ ਤੋਂ ਪਹਿਲਾਂ ਹੀ ਸੂਬੇ ਵਿਚ ਕਰਫਿਊ ਲਾ ਦਿੱਤਾ। ਪੰਜਾਬ ਸਮੇਤ ਪੂਰੇ ਮੁਲਕ ਦੇ ਲੋਕ ਘਰਾਂ ਵਿਚ ਕੈਦ ਹਨ। ਪੰਜਾਬ ਸਰਕਾਰ ਨੇ ਕੇਂਦਰ ਕੋਲ ਪਹੁੰਚ ਕਰਕੇ ਖਦਸ਼ਾ ਜਤਾਇਆ ਹੈ ਕਿ ਸੂਬੇ ਨੂੰ ਇਸ ਜਾਨਲੇਵਾ ਵਾਇਰਸ ਦੀ ਸਭ ਤੋਂ ਵੱਧ ਮਾਰ ਪੈ ਸਕਦੀ ਹੈ, ਕਿਉਂਕਿ ਪਿਛਲੇ ਇਕ-ਦੋ ਮਹੀਨਿਆਂ ਤੋਂ ਸੂਬੇ ਵਿਚ 80 ਹਜ਼ਾਰ ਦੇ ਨੇੜੇ ਲੋਕ ਹੋਰਾਂ ਦੇਸ਼ਾਂ ਵਿਚੋਂ ਪੁੱਜੇ ਹਨ ਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਸਰਕਾਰ ਦੇ ਸੰਪਰਕ ਵਿਚ ਨਾ ਆ ਕੇ ਲੁਕੇ ਹੋਏ ਹਨ।
ਇਹ ਲੋਕ ਵੱਡੇ ਪੱਧਰ ਉਤੇ ਬਿਮਾਰੀ ਫੈਲਾ ਸਕਦੇ ਹਨ। ਇਸੇ ਨੂੰ ਮੁੱਖ ਰੱਖ ਕੇ ਪੰਜਾਬ ਵਿਚ ਕਰਫਿਊ ਲਾਉਣਾ ਪਿਆ, ਪਰ ਇਸ ਸਖਤੀ ਤੋਂ ਬਾਅਦ ਜੋ ਹਾਲਾਤ ਬਣ ਰਹੇ ਹਨ, ਉਹ ਮਹਾਮਾਰੀ ਤੋਂ ਵੀ ਡਰਾਉਣੇ ਹਨ। ਇਕ ਪਾਸੇ ਬਿਮਾਰੀ ਦੇ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ; ਦੂਸਰੇ ਪਾਸੇ ਇਸ ਤੋਂ ਪੈਦਾ ਹੋਇਆ ਸਹਿਮ ਲੋਕਾਂ ਨੂੰ ਹੋਰ ਡਰਾ ਰਿਹਾ ਹੈ। ਘਰਾਂ ਵਿਚ ਡੱਕੇ ਲੋਕਾਂ ਨੂੰ ਖਾਣ-ਪੀਣ ਦਾ ਸਾਮਾਨ, ਦਵਾਈਆਂ ਅਤੇ ਜ਼ਰੂਰਤ ਦੀਆਂ ਵਸਤਾਂ ਦੀ ਵੱਡੀ ਕਿੱਲਤ ਆ ਰਹੀ ਹੈ। ਰੋਜ਼ ਕਮਾਓ-ਰੋਜ਼ ਖਾਓ ਵਾਲੇ, ਛੋਟੇ ਦੁਕਾਨਦਾਰ, ਫੜ੍ਹੀਆਂ ਵਾਲੇ, ਰਿਕਸ਼ਿਆਂ-ਰੇਹੜੀਆਂ ਵਾਲੇ, ਮਜ਼ਦੂਰ ਤੇ ਕੱਚੇ ਮੁਲਾਜ਼ਮ ਇਸ ਆਰਥਿਕ ਮੰਦੀ ਦੀ ਮਾਰ ਹੇਠ ਦਬਣ ਵੱਲ ਵਧ ਰਹੇ ਹਨ। ਛੋਟੇ ਅਤੇ ਦਰਮਿਆਨੇ ਕਾਰੋਬਾਰ ਠੱਪ ਹੋ ਰਹੇ ਹਨ। ਸਭ ਤੋਂ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਵੀ ਅਜਿਹੇ ਲੋਕਾਂ ਲਈ ਰਾਹਤ ਦਾ ਐਲਾਨ ਕਰਨ ਤੋਂ ਭੱਜ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2 ਵਾਰ ਰਾਸ਼ਟਰ ਨੂੰ ਸੰਬੋਧਨ ਕਰਨ ਦੇ ਬਾਵਜੂਦ ਉਨ੍ਹਾਂ ਦੇ ਮੂੰਹੋਂ ਅਜਿਹੇ ਲੋਕਾਂ ਲਈ ਰਾਹਤ ਦਾ ਕੋਈ ਬੋਲ ਨਹੀਂ ਨਿਕਲਿਆ। ਦੇਸ਼ ਵਿਚ ਵੱਡੇ ਵੱਡੇ ਹੋਟਲ, ਸ਼ਾਪਿੰਗ ਮਾਲਜ਼ ਅਤੇ ਕਾਰੋਬਾਰ ਦੇ ਹੋਰ ਕੇਂਦਰ ਬੰਦ ਕਰ ਦਿੱਤੇ ਗਏ ਅਤੇ ਕਈ ਲੋਕਾਂ ਨੂੰ ਨੌਕਰੀ ਤੋਂ ਜਵਾਬ ਮਿਲ ਗਿਆ ਹੈ।
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਦਾ ਮਾੜਾ ਸਿਹਤ ਢਾਂਚਾ ਇਸ ਮਹਾਮਾਰੀ ਅੱਗੇ ਇਕ ਮਿੰਟ ਨਹੀਂ ਖੜ੍ਹ ਸਕਦਾ। ਇਸੇ ਲਈ ਸਰਕਾਰ ਨੇ ਲੋਕਾਂ ਨੂੰ ਹੀ ਘਰਾਂ ਵਿਚ ਬੰਦ ਕਰਕੇ ਇਸ ਬਿਮਾਰੀ ਤੋਂ ਬਚਣ ਦਾ ਰਾਹ ਚੁਣਿਆ ਹੈ। ਅਸਲ ਵਿਚ, ਭਾਰਤ ਵਿਚ ਸਵਾ ਸੌ ਕਰੋੜ ਲੋਕਾਂ ਪਿੱਛੇ 25778 ਸਰਕਾਰੀ ਹਸਪਤਾਲ, 7.13 ਲੱਖ ਬੈਡ ਅਤੇ ਸਿਰਫ 11.59 ਲੱਖ ਡਾਕਟਰ ਹਨ। ਵਿਸ਼ਵ ਸਿਹਤ ਸੰਸਥਾ ਮੁਤਾਬਕ 1000 ਲੋਕਾਂ ਪਿੱਛੇ ਇਕ ਡਾਕਟਰ ਹੋਣਾ ਲਾਜ਼ਮੀ ਹੈ ਜਦ ਕਿ ਭਾਰਤ ਵਿਚ 11082 ਲੋਕਾਂ ਹਿੱਸੇ ਇਕ ਡਾਕਟਰ ਆਉਂਦਾ ਹੈ। ਅਜਿਹੇ ਹਾਲਾਤ ਵਿਚ ਇਸ ਮਹਾਮਾਰੀ ਨਾਲ ਲੜਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ। ਮੋਦੀ ਸਰਕਾਰ ਮਾੜੇ ਸਿਹਤ ਪ੍ਰਬੰਧਾਂ ਬਾਰੇ ਆਖ ਰਹੀ ਹੈ ਕਿ ਇਹ ਮਹਾਮਾਰੀ ਹੈ, ਇਹ ਸਾਰੀ ਦੁਨੀਆਂ ਦੀ ਸਮੱਸਿਆ ਹੈ ਤੇ ਇਸ ਅੱਗੇ ਕੋਈ ਵਾਹ ਨਹੀਂ। ਪਰ ਸਵਾਲ ਇਹ ਹੈ ਕਿ ਪੂਰੀ ਦੁਨੀਆਂ ਵਿਚ ਹਰ ਸਾਲ 10 ਕਰੋੜ ਬੰਦੇ ਮਰਦੇ ਹਨ ਜਿਨ੍ਹਾਂ ਵਿਚੋਂ 1 ਕਰੋੜ 70 ਲੱਖ (ਹਰ ਰੋਜ਼ 50000) ਬੰਦੇ ਛੂਤ ਦੀਆਂ ਬਿਮਾਰੀਆਂ (ਇਨਫੈਕਸ਼ਨਾਂ) ਨਾਲ ਮਰਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮੌਤਾਂ ਭਾਰਤ ਵਿਚ ਹੁੰਦੀਆਂ ਹਨ, ਫਿਰ ਅਜਿਹੀਆਂ ਲਾਗ ਵਾਲੀਆਂ ਬਿਮਾਰੀਆਂ ਦੇ ਟਾਕਰੇ ਲਈ ਮੁਲਕ ਵਿਚ ਪ੍ਰਬੰਧ ਇੰਨੇ ਢਿੱਲੇ ਕਿਉਂ ਹਨ। ਇਹ ਵੀ ਸਵਾਲ ਹੈ ਕਿ ਚੀਨ ਵਿਚ ਇਹ ਮਹਾਮਾਰੀ ਨੇ ਦਸੰਬਰ ਵਿਚ ਪੈਰ ਪਸਾਰੇ ਸਨ। ਉਸੇ ਸਮੇਂ ਚਿਤਾਵਨੀ ਜਾਰੀ ਕੀਤੀ ਗਈ ਸੀ ਕਿ ਚੀਨ ਦੇ ਗੁਆਂਢੀ ਮੁਲਕਾਂ ਦਾ ਇਸ ਦੀ ਜਦ ਵਿਚ ਆਉਣਾ ਤੈਅ ਹੈ ਪਰ ਇਸ ਦੇ ਬਾਵਜੂਦ 3 ਮਹੀਨਿਆਂ ਵਿਚ ਕੋਈ ਪ੍ਰਬੰਧ ਨਹੀਂ ਕੀਤੇ ਗਏ।
ਪੰਜਾਬ ਵਿਚ ਹਾਲਾਤ ਸਭ ਤੋਂ ਮਾੜੇ ਹਨ। ਕਿਉਂਕਿ ਸੂਬੇ ਵਿਚ ਇਸ ਵਾਇਰਸ ਦੇ ਟੈਸਟ ਦਾ ਕੋਈ ਪ੍ਰਬੰਧ ਨਹੀਂ। ਪੰਜਾਬ ਦੇ ਲੋਕ ਚੰਡੀਗੜ੍ਹ ਦੇ ਪੀ.ਜੀ.ਆਈ. ਉਤੇ ਹੀ ਨਿਰਭਰ ਹਨ। ਇਥੇ ਇਕ ਦਿਨ ਵਿਚ ਸਿਰਫ ਹਜ਼ਾਰ ਟੈਸਟਾਂ ਦਾ ਪ੍ਰਬੰਧ ਹੈ ਪਰ ਇਸ ਸਮੇਂ 500 ਦੇ ਕਰੀਬ ਹੀ ਹੋ ਰਹੇ ਹਨ। ਇਸ ਲਈ ਸ਼ੱਕੀ ਮਰੀਜ਼ਾਂ ਦੀ ਜਾਂਚ ਵਿਚ ਦੇਰੀ ਹੋ ਰਹੀ ਹੈ ਤੇ ਇਹ ਇਸ ਲਾਗ ਨੂੰ ਅੱਗੇ ਤੋਰ ਰਹੇ ਹਨ।
ਛੂਤ-ਛਾਤ ਦੀਆਂ ਬਿਮਾਰੀਆਂ ਦੇ ਫੈਲਾਓ ਦਾ ਅਧਿਐਨ ਕਰਨ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਸਾਡੇ ਦੇਸ਼ ਵਿਚ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਸਰਕਾਰੀ ਤੌਰ ਉਤੇ ਦਿੱਤੇ ਜਾ ਰਹੇ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੋਣ ਦੀ ਸੰਭਾਵਨਾ ਇਸ ਲਈ ਹੈ ਕਿਉਂਕਿ ਸਾਡੇ ਕੋਲ ਇਸ ਵਾਇਰਸ ਨੂੰ ਟੈਸਟ ਕਰਨ ਵਾਲੀਆਂ ਲੈਬਾਰਟਰੀਆਂ ਦੀ ਗਿਣਤੀ ਬਹੁਤ ਘੱਟ ਹੈ। ਮਾਹਿਰਾਂ ਦਾ ਦਾਅਵਾ ਹੈ ਕਿ ਚੀਨ ਇਸ ਬਿਮਾਰੀ ‘ਤੇ ਕਾਬੂ ਪਾਉਣ ਵਿਚ ਇਸ ਲਈ ਕਾਮਯਾਬ ਹੋਇਆ ਹੈ ਕਿਉਂਕਿ ਸਰਕਾਰ ਨੇ ਨਾ ਸਿਰਫ ਵੱਡੀ ਪੱਧਰ ਉਤੇ ਖਰਚ ਕਰਕੇ ਮਰੀਜ਼ਾਂ ਨੂੰ ਉਚਿਤ ਸਹੂਲਤਾਂ ਦਿੱਤੀਆਂ ਸਗੋਂ ਇਹ ਵੀ ਯਕੀਨੀ ਬਣਾਇਆ ਕਿ ਸਮਾਜ ਦੇ ਵੱਖ-ਵੱਖ ਹਿੱਸੇ ਇਸ ਲੜਾਈ ਵਿਚ ਆਪਣਾ ਯੋਗਦਾਨ ਪਾਉਣ।
ਪ੍ਰਧਾਨ ਮੰਤਰੀ ਦੇ ਭਾਸ਼ਣ ਵਿਚ ਸੂਬਾ ਸਰਕਾਰਾਂ ਅਤੇ ਹਸਪਤਾਲਾਂ ਨੂੰ ਕੋਈ ਆਰਥਿਕ ਮਦਦ ਦੇਣ ਦਾ ਵਾਅਦਾ ਨਹੀਂ ਕੀਤਾ ਗਿਆ ਜਦੋਂਕਿ ਬਾਕੀ ਦੇ ਦੇਸ਼ ਇਸ ਉਤੇ ਨਾ ਸਿਰਫ ਵੱਡੀ ਪੱਧਰ ‘ਤੇ ਖਰਚ ਹੀ ਨਹੀਂ ਕਰ ਰਹੇ ਹਨ ਸਗੋਂ ਇਹ ਵੀ ਯਕੀਨੀ ਬਣਾ ਰਹੇ ਹਨ ਕਿ ਪੈਸਾ ਖਰਚ ਕੇ ਹਸਪਤਾਲਾਂ, ਡਾਕਟਰਾਂ, ਨਰਸਾਂ ਅਤੇ ਹੋਰ ਪੈਰਾ-ਮੈਡੀਕਲ ਸਟਾਫ ਨੂੰ ਯੋਗ ਸਾਜ਼ੋ-ਸਾਮਾਨ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਣ। ਸਰਕਾਰ ਦੀ ਇਸ ਢਿੱਲ ਦੇ ਲੋਕਾਂ ਨੂੰ ਵੱਡੇ ਪੱਧਰ ਉਤੇ ਨਤੀਜੇ ਭੁਗਣਤੇ ਪੈ ਸਕਦੇ ਹਨ।
____________________________
ਸਿੱਖ ਭਾਈਚਾਰਾ ਅੱਗੇ ਆਇਆ
ਕਰੋਨਾ ਵਾਇਰਸ ਕਾਰਨ ਪੈਦਾ ਹੋਈ ਬਿਪਤਾ ਵਿਚ ਸਿੱਖ ਭਾਈਚਾਰਾ ਆਲਮੀ ਪੱਧਰ ਉਤੇ ਮਦਦ ਲਈ ਅੱਗੇ ਆਇਆ ਹੈ। ਇੰਗਲੈਂਡ, ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਸਿੱਖਾਂ ਨੇ ਘਰਾਂ ਵਿਚ ਡੱਕੇ ਲੋਕਾਂ ਲਈ ਖਾਣਾ ਪਹੁੰਚਾਉਣ ਦਾ ਜਿੰਮਾ ਲਿਆ ਹੈ। ਇਸ ਤੋਂ ਇਲਾਵਾ ਭਾਰਤ ਵਿਚ ਵੀ ਭਾਈਚਾਰੇ ਵੱਲੋਂ ਵੱਡੇ ਪੱਧਰ ਉਤੇ ਲੋਕ ਸੇਵਾ ਕੀਤੀ ਜਾ ਰਹੀ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕਰਕੇ ਬਿਪਤਾ ਮਾਰਿਆਂ ਦੀ ਮਦਦ ਲਈ ਅੱਗੇ ਆਉਣ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਨੇ ਪੀੜਤ ਲੋਕਾਂ ਲਈ ਆਪਣੀਆਂ ਸਰਾਵਾਂ ਵਰਤਣ ਦੀ ਇਜਾਜ਼ਤ ਦੇਣ ਤੋਂ ਇਲਾਵਾ ਹਰ ਮਦਦ ਦਾ ਭਰੋਸਾ ਦਿੱਤਾ ਹੈ। ਦਿੱਲੀ ਗੁਰਦੁਆਰਾ ਕਮੇਟੀ ਨੇ ਦਿੱਲੀ ਸਰਕਾਰ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ।