ਪਰਵਾਸੀ ਪੰਜਾਬੀਆਂ ਦੀ ਆਮਦ ਕਾਰਨ ਦਹਿਸ਼ਤ

ਚੰਡੀਗੜ੍ਹ: ਪੰਜਾਬ ਅੰਦਰ ਕਰੋਨਾ ਵਾਇਰਸ ਦਾ ਜ਼ਰੀਆ ਇਸ ਵੇਲੇ ਵਿਦੇਸ਼ਾਂ ਤੋਂ ਆਏ ਲੋਕ ਹੀ ਬਣੇ ਹੋਏ ਹਨ ਤੇ ਪਿਛਲੇ ਤਕਰੀਬਨ ਪੌਣੇ ਕੁ ਦੋ ਮਹੀਨੇ ਵਿਚ ਵਿਦੇਸ਼ਾਂ ਤੋਂ ਹਜ਼ਾਰਾਂ ਲੋਕ ਪੰਜਾਬ ਆਏ ਦੱਸੇ ਜਾਂਦੇ ਹਨ।

ਹੁਣ ਤੱਕ ਚੰਡੀਗੜ੍ਹ, ਮੁਹਾਲੀ ਤੇ ਬੰਗਾ ਖੇਤਰ ‘ਚ ਸਾਹਮਣੇ ਆਏ ਕਰੋਨਾ ਵਾਇਰਸ ਦੇ ਪੀੜਤ ਵਿਦੇਸ਼ਾਂ ਵਿਚੋਂ ਆਏ ਲੋਕ ਹੀ ਹਨ ਜਾਂ ਉਹ ਵਿਅਕਤੀ ਹਨ ਜੋ ਵਿਦੇਸ਼ ਤੋਂ ਆਏ ਲੋਕਾਂ ਦੇ ਸੰਪਰਕ ਵਿਚ ਰਹੇ ਹਨ। ਪੰਚਾਇਤ ਵਿਭਾਗ ਨੇ ਪਿੰਡਾਂ ਦੇ ਸਰਪੰਚਾਂ ਨੂੰ ਆਨਲਾਈਨ ਤੇ ਵ੍ਹਟਸਐਪ ਉਤੇ ਹਦਾਇਤਾਂ ਕੀਤੀਆਂ ਹਨ ਕਿ ਉਹ ਆਪਣੇ ਪਿੰਡਾਂ ਵਿਚ ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ‘ਤੇ ਨਜ਼ਰ ਰੱਖਣ ਤੇ ਇਨ੍ਹਾਂ ਬਾਰੇ ਤੁਰਤ ਸਿਹਤ ਅਤੇ ਪੁਲਿਸ ਵਿਭਾਗ ਨੂੰ ਸੂਚਿਤ ਕਰਨ। ਅਜਿਹਾ ਨਾ ਕਰਨ ‘ਤੇ ਧਾਰਾ 188 ਤਹਿਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਟਲੀ, ਜਰਮਨੀ, ਸਵਿਟਜ਼ਰਲੈਂਡ, ਡੈਨਮਾਰਕ ਸਮੇਤ ਹੋਰ ਯੂਰਪੀ ਦੇਸ਼ਾਂ ‘ਚੋਂ ਵੱਡੀ ਗਿਣਤੀ ਪਰਵਾਸੀ ਪੰਜਾਬੀ ਪਿਛਲੇ ਦੋ ਮਹੀਨਿਆਂ ਤੋਂ ਆਪਣੇ ਪਿੰਡਾਂ ਵਿਚ ਆਏ ਹੋਏ ਹਨ। ਦੋਆਬੇ ਵਿਚ ਪਰਵਾਸੀ ਪੰਜਾਬੀਆਂ ਦੀ ਆਮਦ ਨਾਲ ਕਰੋਨਾ ਵਾਇਰਸ ਦੀ ਦਹਿਸ਼ਤ ਵਧੀ ਹੈ। ਜਾਣਕਾਰੀ ਅਨੁਸਾਰ ਵਿਦੇਸ਼ਾਂ ਤੋਂ ਆਏ 4800 ਤੋਂ ਵੱਧ ਪਰਵਾਸੀ ਪੰਜਾਬੀਆਂ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਇਨ੍ਹਾਂ ਪਰਵਾਸੀ ਪੰਜਾਬੀਆਂ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਏਅਰਪੋਰਟ ‘ਤੇ ਸਕਰੀਨਿੰਗ ਨਹੀਂ ਸੀ ਕਰਵਾਈ। ਪੰਜਾਬ ਵਿਚ ਕਰੋਨਾ ਵਾਇਰਸ ਫੈਲਣ ਦਾ ਮੁੱਖ ਕਾਰਨ ਪਰਵਾਸੀ ਪੰਜਾਬੀ ਹੀ ਦੱਸੇ ਜਾ ਰਹੇ ਹਨ।
ਬੰਗਾ ਲਾਗਲੇ ਪਿੰਡ ਪਠਲਾਵਾ ਦਾ ਮੌਤ ਦੇ ਮੂੰਹ ਜਾ ਪਿਆ ਕੋਰੋਨਾ ਪੀੜਤ ਵੀ ਜਰਮਨ ਜਾ ਕੇ ਇਟਲੀ ਰਾਹੀਂ 6 ਮਾਰਚ ਨੂੰ ਪੰਜਾਬ ਪਰਤਿਆ ਸੀ ਤੇ ਇਸੇ ਖੇਤਰ ਦੇ ਪਰਵਾਸੀ ਪੰਜਾਬੀਆਂ ਦਾ ਗੜ੍ਹ ਸਮਝੇ ਜਾਂਦੇ ਵੱਡੇ ਪਿੰਡ ਮੋਰਾਂਵਾਲੀ ਦਾ ਕੋਰੋਨਾ ਤੋਂ ਪੀੜਤ ਪੰਜ ਮੈਂਬਰਾਂ ਦਾ ਪਰਿਵਾਰ ਵੀ ਇਟਲੀ ਤੋਂ ਆਏ ਇਕ ਸਬੰਧੀ ਨਾਲ ਕੁਝ ਸਮਾਂ ਬਿਤਾਉਣ ਕਾਰਨ ਹੀ ਵਾਇਰਸ ਦੇ ਕਲਾਵੇ ਵਿਚ ਆਇਆ। ਪਤਾ ਲੱਗਾ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਪਿਛਲੇ ਕਰੀਬ 2 ਹਫਤਿਆਂ ਤੋਂ ਮਿਲੀਆਂ ਸੂਚੀਆਂ ਵਾਲੇ ਲੋਕਾਂ ਨਾਲ ਦਰਸਾਏ ਪਤੇ ਉਪਰ ਜਾ ਕੇ ਜਾਂ ਦਿੱਤੇ ਫੋਨ ਨੰਬਰ ਉਤੇ ਗੱਲ ਕਰਕੇ ਸੰਪਰਕ ਕੀਤਾ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਬਾਰੇ ਤਾਂ ਪਤਾ ਲੱਗ ਰਿਹਾ ਹੈ ਕਿ ਉਹ ਆਪਣੇ ਦੇਸ਼ਾਂ ਨੂੰ ਵਾਪਸ ਪਰਤ ਗਏ ਹਨ ਤੇ ਜਿਹੜੇ ਇਥੇ ਮਿਲਦੇ ਹਨ, ਉਹ ਸਹਿਯੋਗ ਦੀ ਥਾਂ ਸੁਆਲ ਵਧੇਰੇ ਕਰਦੇ ਹਨ ਤੇ ਜਾਂਚ ‘ਚ ਸ਼ਾਮਲ ਹੋਣ ਲਈ ਘੱਟ ਵੱਧ ਹੀ ਕੋਈ ਤਿਆਰ ਹੁੰਦਾ ਹੈ।
____________________________
ਪਰਵਾਸੀਆਂ ਦਾ ਮਜ਼ਾਕ ਨਾ ਉਡਾਇਆ ਜਾਵੇ: ਜਥੇਦਾਰ
ਤਲਵੰਡੀ ਸਾਬੋ: ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਪਣੇ ਰਿਸ਼ਤੇਦਾਰਾਂ ਕੋਲ ਭਾਰਤ ਆਏ ਪਰਵਾਸੀਆਂ ਦਾ ਮਜ਼ਾਕ ਨਾ ਉਡਾਇਆ ਜਾਵੇ ਤੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੁਨੀਆਂ ਭਰ ਵਿਚ ਬਹੁਤ ਸਾਰਾ ਸਿੱਖ ਭਾਈਚਾਰਾ ਵਸਦਾ ਹੈ ਤੇ ਕਈ ਅਜਿਹੇ ਮੁਲਕ ਹਨ, ਜਿਥੇ ਸਿੱਖ ਭਾਈਚਾਰਾ ਵੱਡੀ ਗਿਣਤੀ ‘ਚ ਰਹਿ ਰਿਹਾ ਹੈ, ਉਨ੍ਹਾਂ ਮੁਲਕਾਂ ਵਿਚ ਕਰੋਨਾ ਵਾਇਰਸ ਕਾਰਨ ਵੱਡੀ ਆਫਤ ਆਈ ਹੋਈ ਹੈ। ਉਨ੍ਹਾਂ ਸਮੁੱਚੇ ਵਿਸ਼ਵ ਵਿਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਅਕਾਲ ਪੁਰਖ ‘ਤੇ ਭਰੋਸਾ ਰੱਖਣ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਸਾਰੀ ਦੁਨੀਆਂ ਦੇ ਸਿੱਖਾਂ ਨਾਲ ਹਮਦਰਦੀ ਰੱਖਦਾ ਹੈ।