ਸਾਰੇ ਸੰਸਾਰ ਵਿਚ ਕਰੋਨਾ ਵਾਇਰਸ ਦਾ ਕਹਿਰ ਹੈ। 24 ਮਾਰਚ ਤਕ ਸਾਢੇ ਚਾਰ ਲੱਖ ਰੋਗੀ ਸਾਹਮਣੇ ਆ ਚੁਕੇ ਹਨ। ਇਨ੍ਹਾਂ ਵਿਚੋਂ ਇਕ ਲੱਖ ਤੋਂ ਉਪਰ ਲੋਕ ਠੀਕ ਹੋ ਆਪੋ-ਆਪਣੇ ਘਰ ਪਹੁੰਚ ਚੁਕੇ ਹਨ, ਪਰ ਜਿੰਨੀ ਤੇਜ਼ੀ ਨਾਲ ਇਹ ਵਾਇਰਸ ਫੈਲ ਰਿਹਾ ਹੈ, ਉਸ ਨਾਲ ਚਾਰੇ ਪਾਸੇ ਭੈਅ ਵਾਲਾ ਮਾਹੌਲ ਹੈ। ਇਸ ਵਾਇਰਸ ਕਾਰਨ ਪੈਦਾ ਹੋਈ ਬਿਮਾਰੀ ਨਾਲ ਮੌਤਾਂ ਦੀ ਗਿਣਤੀ ਸੰਸਾਰ ਭਰ ਵਿਚ 19,000 ਦੇ ਕਰੀਬ ਹੋ ਗਈ ਹੈ। ਇਸ ਵਕਤ ਸਭ ਤੋਂ ਵੱਧ ਮਾਰ ਇਟਲੀ ਵਿਚ ਪੈ ਰਹੀ ਹੈ। ਅਮਰੀਕਾ ਵਿਚ 50 ਹਜ਼ਾਰ ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁਕੇ ਹਨ। ਹੁਣ ਵ੍ਹਾਈਟ ਹਾਉਸ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਇਰਸ ਦੀ ਮਾਰ ਨੂੰ ਧਿਆਨ ਵਿਚ ਰੱਖ ਕੇ,
ਆਪਣੇ ਆਪ ਨੂੰ 14 ਦਿਨਾਂ ਲਈ ਆਪੋ-ਆਪਣੇ ਘਰਾਂ ਵਿਚ ਬੰਦ ਕਰ ਲੈ ਤਾਂ ਕਿ ਵਾਇਰਸ ਨੂੰ ਅਗਾਂਹ ਫੈਲਣ ਤੋਂ ਰੋਕਿਆ ਜਾ ਸਕੇ। ਭਾਰਤ ਦੇ ਪ੍ਰਧਾਨ ਮੰਤਰੀ ਨੇ ਪੂਰੇ 21 ਦਿਨ ‘ਲਾਕਡਾਊਨ’ (ਮੁਕੰਮਲ ਬੰਦ) ਦਾ ਐਲਾਨ ਕਰ ਦਿੱਤਾ ਹੈ। ਭਾਰਤ ਵਿਚ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਹ ਗਿਣਤੀ ਪੰਜ ਸੌ ਤੋਂ ਉਤਾਂਹ ਚਲੀ ਗਈ ਹੈ। ਇਹ ਵਾਇਰਸ ਮੁੱਖ ਰੂਪ ਵਿਚ ਸਾਹ ਉਤੇ ਮਾਰ ਕਰਦਾ ਹੈ ਅਤੇ ਆਮ ਕਰਕੇ ਪਹਿਲਾਂ ਇਸ ਦੇ ਲੱਛਣ ਵੀ ਸਾਹਮਣੇ ਨਹੀਂ ਆਉਂਦੇ ਹਨ। ਡਾਕਟਰਾਂ ਨੇ ਕੁਝ ਸਾਂਝੇ ਲੱਛਣਾਂ ਵਿਚ ਬੁਖਾਰ, ਸੁੱਕੀ ਖੰਘ ਅਤੇ ਛਿੱਕਾਂ ਬਾਰੇ ਚਰਚਾ ਜ਼ਰੂਰ ਕੀਤੀ ਹੈ, ਪਰ ਅਜਿਹੇ ਲੱਛਣ ਤਾਂ ਮਨੁੱਖੀ ਸਰੀਰ ਵਿਚ ਅਕਸਰ ਮਿਲ ਜਾਂਦੇ ਹਨ। ਸ਼ਾਇਦ ਇਸੇ ਕਰਕੇ ਸ਼ੱਕ ਪੈਦਾ ਹੋਣ ਕਰ ਕੇ ਅਜਿਹੇ ਲੱਛਣਾਂ ਵਾਲਿਆਂ ਨੂੰ ਮਰੀਜ਼ ਸਮਝ ਲਿਆ ਜਾਂਦਾ ਹੈ। ਇਸੇ ਕਰ ਕੇ ਕਰੀਬ ਇਕ ਲੱਖ ਲੋਕ, ਜਿਨ੍ਹਾਂ ਨੂੰ ਪਹਿਲਾਂ ਸ਼ੱਕੀ ਸਮਝਿਆ ਗਿਆ ਸੀ, ਇਸ ਵਾਇਰਸ ਤੋਂ ਪੀੜਤ ਨਹੀਂ ਸਨ।
ਇਸ ਵਾਇਰਸ ਦੀ ਚਰਚਾ ਚੀਨ ਦੇ ਸ਼ਹਿਰ ਵੁਹਾਨ ਤੋਂ ਹੋਈ ਸੀ, ਪਰ ਹੌਲੀ-ਹੌਲੀ ਇਹ ਵਾਇਰਸ ਪੂਰੇ ਸੰਸਾਰ ਵਿਚ ਫੈਲ ਗਿਆ। ਅਸਲ ਵਿਚ ਪਹਿਲਾਂ ਇਸ ਵਾਇਰਸ ਬਾਰੇ ਜਿੰਨੀ ਇਹਤਿਆਤ ਵਰਤਣੀ ਚਾਹੀਦੀ ਸੀ, ਵਰਤੀ ਨਹੀਂ ਗਈ। ਇਸੇ ਕਰ ਕੇ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਇਸ ਵਾਇਰਸ ਬਾਰੇ ਆਪਣੇ ਕੁਝ ਬਿਆਨਾਂ ਕਾਰਨ ਮਜ਼ਾਕ ਦੇ ਪਾਤਰ ਵੀ ਬਣੇ ਹਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਂ ਬਹੁਤ ਨੁਕਤਾਚੀਨੀ ਹੋਈ ਹੈ। ਨਰਿੰਦਰ ਮੋਦੀ ਸਿਰਫ ਪੰਜ ਦਿਨਾਂ ਦੌਰਾਨ ਦੋ ਵਾਰ ਦੇਸ਼ ਦੇ ਨਾਮ ਸੰਦੇਸ਼ ਜਾਰੀ ਕਰ ਚੁਕੇ ਹਨ। ਪਹਿਲਾਂ ਉਨ੍ਹਾਂ ਇਕ ਦਿਨ ਲਈ ‘ਜਨਤਾ ਕਰਫਿਊ’ ਦਾ ਐਲਾਨ ਕੀਤਾ ਸੀ, ਪਰ ਹੁਣ 21 ਦਿਨਾਂ ਲਈ ਲਾਕਡਾਊਨ ਐਲਾਨਿਆ ਹੈ। ਇਸ ਸਬੰਧੀ ਵਿਚਲਾ ਸਵਾਲ ਇਹੀ ਹੈ ਕਿ ਸਰਕਾਰ ਨੇ ਦੋ ਮਹੀਨੇ ਪਹਿਲਾਂ, ਜਨਵਰੀ-ਫਰਵਰੀ ਦੌਰਾਨ ਇਸ ਵਾਇਰਸ ਤੋਂ ਬਚਾਓ ਲਈ ਕੋਈ ਕਦਮ ਕਿਉਂ ਨਹੀਂ ਉਠਾਏ। ਇਸ ਵਾਇਰਸ ਤੋਂ ਪੀੜਤ ਸਾਰੇ ਦੇ ਸਾਰੇ ਮਰੀਜ਼ ਹਵਾਈ ਜਹਾਜਾਂ ਰਾਹੀ ਹੀ ਭਾਰਤ ਅੰਦਰ ਦਾਖਲ ਹੋਏ ਹਨ; ਇਸੇ ਕਰ ਕੇ ਹੀ ਪੁੱਛਿਆ ਜਾ ਰਿਹਾ ਹੈ ਕਿ ਹਵਾਈ ਅੱਡਿਆਂ ਉਤੇ ਅਜਿਹੇ ਮਰੀਜ਼ਾਂ ਦੀ ਸ਼ਨਾਖਤ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ?
ਅਸਲ ਵਿਚ, ਜਿਸ ਵਕਤ ਇਹ ਵਾਇਰਸ ਹੌਲੀ-ਹੌਲੀ ਸੰਸਾਰ ਦੇ ਵੱਖ-ਵੱਖ ਮੁਲਕਾਂ ਅੰਦਰ ਫੈਲ ਰਿਹਾ ਸੀ, ਉਸ ਵਕਤ ਭਾਰਤ ਸਰਕਾਰ ਕੌਮੀ ਨਾਗਰਿਕਤਾ ਕਾਨੂੰਨ ਲਾਗੂ ਕਰਵਾਉਣ ਅਤੇ ਇਸ ਖਿਲਾਫ ਹੋ ਰਹੇ ਧਰਨਿਆਂ ਨੂੰ ਬਦਨਾਮ ਕਰਨ ਵਾਲੇ ਪਾਸੇ ਜੁਟੀ ਹੋਈ ਸੀ। ਮੋਦੀ ਸਰਕਾਰ ਦਾ ਸਾਰਾ ਜ਼ੋਰ ਇਸੇ ਪਾਸੇ ਲੱਗਾ ਹੋਇਆ ਸੀ। ਇਸ ਦੌਰਾਨ ਹੀ ਦਿੱਲੀ ਵਿਧਾਨ ਸਭਾ ਚੋਣਾਂ ਆ ਗਈਆਂ ਅਤੇ ਸਰਕਾਰ ਦੇ ਸਭ ਮੰਤਰੀ ਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨਾਲ ਸਬੰਧ ਕਰੀਬ 200 ਸੰਸਦ ਮੈਂਬਰਾਂ ਨੇ ਦਿੱਲੀ ਵਿਚ ਡੇਰੇ ਲਾ ਲਏ ਅਤੇ ਚੋਣ ਪ੍ਰਚਾਰ ਵਿਚ ਜੁਟ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿਚ ਖੁਦ ਬਹੁਤ ਸਾਰੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਹੁਣ ਜਦੋਂ ਇਹ ਵਾਇਰਸ ਅਤੇ ਇਸ ਤੋਂ ਪੀੜਤ ਮਰੀਜ਼ ਬੁਰੀ ਤਰ੍ਹਾਂ ਪੂਰੇ ਮੁਲਕ ਵਿਚ ਫੈਲ ਗਏ ਹਨ ਤਾਂ ਸਖਤੀ-ਦਰ-ਸਖਤੀ ਦਾ ਐਲਾਨ ਕੀਤਾ ਜਾ ਰਿਹਾ ਹੈ। ਕੁਝ ਸਿਆਸੀ ਮਾਹਿਰ ਇਸ ਵਾਇਰਸ ਬਾਰੇ ਹੱਦੋਂ ਵੱਧ ਪ੍ਰਚਾਰ ਨੂੰ ਅਮਰੀਕਾ ਅਤੇ ਚੀਨ ਵਿਚਕਾਰ ਚੱਲ ਰਹੀ ਵਪਾਰ-ਜੰਗ ਨਾਲ ਵੀ ਜੋੜ ਰਹੇ ਹਨ। ਇਨ੍ਹਾਂ ਦਾ ਤਰਕ ਹੈ ਕਿ ਅਜਿਹੇ ਵਾਇਰਸ ਆਮ ਕਰ ਕੇ ਰੋਗਾਂ ਦਾ ਕਾਰਨ ਬਣਦੇ ਹੀ ਹਨ, ਪਰ ਇਸ ਵਾਰ ਲੋਕਾਂ ਨੂੰ ਬਹੁਤ ਜ਼ਿਆਦਾ ਡਰਾ ਦਿੱਤਾ ਗਿਆ ਹੈ।
ਅਜੇ ਤਕ ਇਸ ਵਾਇਰਸ ਦੇ ਇਲਾਜ ਲਈ ਕੋਈ ਦਵਾਈ ਸਾਹਮਣੇ ਨਹੀਂ ਆਈ ਹੈ; ਸਿਰਫ ਬਚਾਅ ਉਤੇ ਹੀ ਜ਼ੋਰ ਦਿੱਤਾ ਜਾ ਰਿਹਾ ਸੀ। ਉਂਜ ਵੀ ਇਹ ਵਾਇਰਸ ਉਨ੍ਹਾਂ ਉਤੇ ਹੀ ਵਧੇਰੇ ਅਸਰ ਕਰਦਾ ਹੈ, ਜਿਨ੍ਹਾਂ ਦੇ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਘੱਟ ਹੈ। ਬਚਾਅ ਇਸ ਗੱਲ ਵਿਚ ਹੀ ਹੈ ਕਿ ਮਰੀਜ਼ ਤੋਂ ਦੂਰ ਰਿਹਾ ਜਾਵੇ। ਹੁਣ ਭਾਰਤ ਵਰਗੇ ਮੁਲਕ ਵਿਚ ਵੱਡਾ ਮਸਲਾ ਇਹੀ ਹੈ ਕਿ ਮਰੀਜ਼ਾਂ ਦੀ ਸ਼ਨਾਖਤ ਕਿਵੇਂ ਕੀਤੀ ਜਾਵੇ? ਪੰਜਾਬ ਦਾ ਮਸਲਾ ਉਸ ਤੋਂ ਵੱਧ ਗੰਭੀਰ ਹੈ। ਹਜ਼ਾਰਾਂ ਪਰਵਾਸੀ ਸੂਬੇ ਅੰਦਰ ਪੁੱਜੇ ਹਨ ਅਤੇ ਸਰਕਾਰ ਨੂੰ ਇਨ੍ਹਾਂ ਤਕ ਪਹੁੰਚ ਕਰਨ ਵਿਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ। ਚੀਨ ਅਤੇ ਦੱਖਣੀ ਕੋਰੀਆ ਇਸ ਵਾਇਰਸ ਤੋਂ ਇਸੇ ਕਰਕੇ ਹੀ ਮੁਕਤੀ ਪਾਉਣ ਵਿਚ ਕਾਮਯਾਬ ਹੋਏ ਹਨ, ਕਿਉਂਕਿ ਉਨ੍ਹਾਂ ਨੇ ਵੱਡੇ ਪੱਧਰ ਉਤੇ ਟੈਸਟ ਕਰਕੇ ਪਹਿਲਾਂ ਮਰੀਜ਼ਾਂ ਦੀ ਸ਼ਨਾਖਤ ਕਰ ਲਈ ਅਤੇ ਫਿਰ ਉਨ੍ਹਾਂ ਨੂੰ ਇਕੱਲਿਆਂ ਰੱਖ ਕੇ ਉਨ੍ਹਾਂ ਦਾ ਇਲਾਜ ਕਰ ਲਿਆ। ਹੁਣ ਵੀ ਇਸ ਵਾਇਰਸ ਦਾ ਇਲਾਜ ਬਚਾਅ ਵਿਚ ਹੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਮਰੀਜ਼ਾਂ ਦੀ ਸ਼ਨਾਖਤ ਲਈ ਵੱਧ ਤੋਂ ਵੱਧ ਟੈਸਟਾਂ ਦਾ ਤੁਰੰਤ ਪ੍ਰਬੰਧ ਕਰਨ ਅਤੇ ਮਰੀਜ਼ਾਂ ਨੂੰ ਇਕੱਲਿਆਂ ਕਰ ਕੇ ਹੋਰ ਵਾਇਰਸ ਫੈਲਣ ਤੋਂ ਰੋਕਣ। ਜਿੰਨੀ ਦੇਰ ਇਹ ਲੜੀ ਨਹੀਂ ਟੁੱਟਦੀ, ਇਸ ਵਾਇਰਸ ਉਤੇ ਕਾਬੂ ਪਾਉਣਾ ਮੁਸ਼ਕਿਲ ਹੈ।