ਸਿਹਤਮੰਦ ਤੇ ਸਾਵਧਾਨ ਰਹਿ ਕੇ ਕਰੋਨਾ ਵਾਇਰਸ ਦੇ ਟਾਕਰੇ ਦਾ ਸੱਦਾ

ਚੰਡੀਗੜ੍ਹ: ਪੰਜਾਬ ਵਿਚ ਕਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸਰਕਾਰ ਅਤੇ ਸੂਬੇ ਦੇ ਸਿਹਤ ਵਿਭਾਗ ਵਲੋਂ ਇਹਤਿਆਤ ਵਜੋਂ ਕਈ ਸਖਤ ਕਦਮ ਚੁੱਕੇ ਗਏ ਹਨ। ਇਸ ਹਾਲਾਤ ਵਿਚ ਮਾਹਿਰਾਂ ਵਲੋਂ ਵੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਅਫਵਾਹਾਂ ਤੋਂ ਬਚ ਕੇ ਇਸ ਬਿਮਾਰੀ ਦਾ ਟਾਕਰਾ ਕਰਨ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ।

ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਪ੍ਰੋ. ਸ਼ਿਆਮ ਸੁੰਦਰ ਦੀਪਤੀ ਦਾ ਕਹਿਣਾ ਹੈ ਕਿ ਬਿਮਾਰੀ ਤੋਂ ਬਚਣ ਲਈ ਸਭ ਤੋਂ ਪਹਿਲਾਂ ਜੀਵਨ ਸ਼ੈਲੀ ਵਿਚ ਤਬਦੀਲੀ ਕਰਨ ਜਾਂ ਕੁਝ ਸਿਹਤਮੰਦ ਢੰਗ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਵਾਇਰਸ ਹਵਾ ਰਾਹੀਂ ਨਹੀਂ ਫੈਲਦਾ। ਖਾਂਸੀ ਜਾਂ ਛਿੱਕ ਦੀਆਂ ਬੂੰਦਾਂ ਨਾਲ ਜਰਮ ਬਾਹਰ ਆਉਂਦੇ ਹਨ, ਇਸ ਲਈ ਮਾਸਕ ਦੀ ਲੋੜ ਲੱਛਣਾਂ ਵਾਲੇ ਵਿਅਕਤੀ ਨੂੰ ਹੈ, ਨਾ ਕਿ ਸਿਹਤਮੰਦ ਵਿਅਕਤੀ ਨੂੰ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਰਨ ਵਾਇਰਸ ਹੱਥ ਉੱਪਰ ਆ ਜਾਂਦੇ ਹਨ, ਜਿਥੇ ਉਹ 6 ਤੋਂ 12 ਘੰਟੇ ਜਿਊਂਦੇ ਰਹਿੰਦੇ ਹਨ ਅਤੇ ਉਸ ਦੌਰਾਨ ਤੁਸੀਂ ਕਿਸੇ ਮਸ਼ੀਨ ਜਾਂ ਸਾਮਾਨ ਨੂੰ ਇਸਤੇਮਾਲ ਕਰਦੇ ਹੋ, ਦਰਵਾਜ਼ਾ ਖੋਲ੍ਹਦੇ ਹੋ, ਕਿਸੇ ਨਾਲ ਹੱਥ ਮਿਲਾਉਂਦੇ ਹੋ ਤਾਂ ਤੁਸੀਂ ਉਹ ਜਰਮ ਫੈਲਾ ਰਹੇ ਹੁੰਦੇ ਹੋ। ਇਸੇ ਤਰ੍ਹਾਂ ਇਹ ਜਰਮ ਜੇਕਰ ਕਿਸੇ ਸਾਮਾਨ, ਦਰਵਾਜ਼ੇ ਜਾਂ ਕਿਸੇ ਹੋਰ ਅਜਿਹੀ ਥਾਂ ਉਤੇ ਪਹੁੰਚੇ ਹੋਏ ਹੋਣ ਤਾਂ ਕਿਸੇ ਵੀ ਤਰ੍ਹਾਂ ਦੇ ਸ਼ੱਕ ਦੀ ਸੂਰਤ ਵਿਚ ਉਸ ਥਾਂ/ਸਾਮਾਨ ਨੂੰ ਛੂਹਣ ਮਗਰੋਂ, ਉਸ ਹੱਥ ਨੂੰ ਆਪਣੇ ਨੱਕ, ਮੂੰਹ, ਅੱਖਾਂ ਤੋਂ ਬਚਾ ਕੇ ਰੱਖਿਆ ਜਾਵੇ ਅਤੇ ਫੌਰਨ ਹੱਥਾਂ ਨੂੰ ਸਾਬਣ ਨਾਲ ਧੋਇਆ ਜਾਵੇ। ਸਮਝਣ ਅਤੇ ਸੁਚੇਤ ਹੋਣ ਦੀ ਸਾਧਾਰਨ ਜਿਹੀ ਵਿਧੀ ਹੈ, ਛਿੱਕਣ ਦੀ ਸਿਹਤਮੰਦ ਕਲਾ ਸਿੱਖਣਾ ਅਤੇ ਹੱਥਾਂ ਨੂੰ ਸ਼ੱਕੀ ਥਾਂ ਦੇ ਛੋਹੇ ਜਾਣ ਮਗਰੋਂ ਸਾਬਣ ਨਾਲ ਧੋਣ ਨਾਲ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ। ਇਸ ਸਮੇਂ ਦੌਰਾਨ ਕਿਸੇ ਨਾਲ ਹੱਥ ਨਾ ਮਿਲਾਇਆ ਜਾਵੇ।
ਡਾ. ਕੇ.ਪੀ. ਸਿੰਘ ਦਾ ਕਹਿਣਾ ਹੈ ਕਿ ਘਰ ਵਿਚ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਵਸਤਾਂ ਜਿਵੇਂ ਦੁੱਧ, ਪਨੀਰ, ਦਹੀਂ, ਲੱਸੀ, ਸਬਜ਼ੀਆਂ, ਫਲ, ਦਾਲਾਂ, ਉਨ੍ਹਾਂ ਕਿਹਾ ਕਿ ਇਨ੍ਹਾਂ ਵਸਤਾਂ ਦੀ ਵਰਤੋਂ ਬਿਨਾਂ ਜ਼ਿੰਦਗੀ ਚੱਲ ਨਹੀਂ ਸਕਦੀ। ਇਸ ਲਈ ਲੋੜ ਡਰਨ ਦੀ ਨਹੀਂ ਸਗੋਂ ਇਹਤਿਆਤ ਵਰਤਣ ਦੀ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀ ਹਰ ਪਾਸਿਉਂ ਵਰਤੇ ਜਾਣ ਦੀ ਜ਼ਰੂਰਤ ਹੈ। ਇਸ ਵਾਇਰਸ ਤੋਂ ਪੀੜਤ ਵਿਅਕਤੀ ਜਰਮ ਨੂੰ ਜਿਸ ਜਗ੍ਹਾ ਉਤੇ ਵੀ ਛੱਡੇਗਾ, ਵਾਇਰਸ ਦੇ ਅੱਗੇ ਇਕ ਤੋਂ ਦੂਜੇ ਵਿਅਕਤੀ ਦੇ ਅੰਦਰ ਜਾਣ ਦਾ ਖਤਰਾ ਹੁੰਦਾ ਹੈ। ਇਸ ਲਈ ਇਨ੍ਹਾਂ ਖਤਰਿਆਂ ਦਾ ਟਾਕਰਾ ਸਿਹਤਮੰਦ ਅਤੇ ਸਾਵਧਾਨ ਰਹਿ ਕੇ ਹੀ ਕੀਤਾ ਜਾ ਸਕਦਾ ਹੈ। ਡਾ. ਦੀਪਤੀ ਦਾ ਕਹਿਣਾ ਹੈ ਕਿ ਕਿਸੇ ਵੀ ਭੀੜ-ਭੜੱਕੇ ਵਾਲੇ ਇਲਾਕੇ ਦਾ ਹਿੱਸਾ ਬਣਨ ਤੋਂ ਪਰਹੇਜ਼ ਕੀਤਾ ਜਾਵੇ। ਦੇਖਣ ਵਿਚ ਆਇਆ ਹੈ ਕਿ ਜਿਨ੍ਹਾਂ ਲੋਕਾਂ ਵਿਚ ਬਿਮਾਰੀ ਘਾਤਕ ਸਿੱਧ ਹੋਈ ਹੈ, ਉਨ੍ਹਾਂ ਵਿਚ 50 ਫੀਸਦੀ ਅਜਿਹੇ ਸਨ ਜਿਨ੍ਹਾਂ ਨੂੰ ਪਹਿਲਾਂ ਕੋਈ ਹੋਰ ਬਿਮਾਰੀ, ਜਿਵੇਂ ਦਿਲ ਦੀ ਬਿਮਾਰੀ, ਸ਼ੂਗਰ ਰੋਗ, ਦਮਾ ਜਾਂ ਸਾਹ ਦੀ ਬਿਮਾਰੀ ਆਦਿ ਸੀ; ਅਤੇ ਦੂਸਰੇ ਜੋ ਲੋਕ ਪ੍ਰਭਾਵਿਤ ਹੋਏ ਹਨ, ਉਹ 70 ਸਾਲ ਤੋਂ ਵੱਡੀ ਉਮਰ ਦੇ ਸਨ। ਇਸ ਲਈ ਖਾਸ ਤੌਰ ਉਤੇ ਅਜਿਹੇ ਲੋਕ ਇਕੱਠ ਵਾਲੀ ਥਾਂ ਤੋਂ ਦੂਰ ਰਹਿਣ। ਆਹਾਰ ਵਿਗਿਆਨੀ ਡਾ. ਸ਼ਰੁਤੀ ਸ਼ਰਮਾ ਦਾ ਕਹਿਣਾ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਸਭ ਤੋਂ ਵੱਧ ਜ਼ਰੂਰਤ ਪੌਸ਼ਟਿਕ ਖਾਣਾ ਖਾਣ ਦੀ ਹੈ। ਘਰ ਵਿਚ ਆਮ ਬਣਿਆ ਭਰ-ਪੇਟ ਖਾਣਾ ਖਾਓ। ਉਨ੍ਹਾਂ ਦੱਸਿਆ ਕਿ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਬਣਾਉਣ ਲਈ ਵਿਟਾਮਿਨ ਸੀ, ਬੀ ਅਤੇ ਡੀ ਲੋੜੀਂਦੀ ਮਾਤਰਾ ਵਿਚ ਜਾਂ ਇਨ੍ਹਾਂ ਵਿਟਾਮਿਨਾਂ-ਯੁਕਤ ਖਾਣਾ ਖਾਧਾ ਜਾਵੇ।
_______________________
ਕਰੋਨਾ ਵਾਇਰਸ ਨਾਲ ਨਜਿੱਠਣ ਦੇ ਨੁਕਤੇ…
ਕਰੋਨਾ ਵਾਇਰਸ ਨਾਲ ਆਲਮੀ ਮਹਾਮਾਰੀ ਵਰਗੀ ਹਾਲਤ ਬਣ ਜਾਣ ਕਾਰਨ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਘੱਟ ਤੇ ਡਰ ਵੱਧ ਹੈ। ਡਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ। ਡਰ ਨਾਲ ਸਗੋਂ ਆਦਮੀ ਆਪਣਾ ਮਾਨਸਿਕ ਸੰਤੁਲਨ ਵਿਗਾੜ ਬੈਠਦਾ ਹੈ ਤੇ ਕਾਰਗਰ ਫੈਸਲੇ ਕਰਨ ਤੋਂ ਭਟਕ ਜਾਂਦਾ ਹੈ।
ਇਸ ਬਿਮਾਰੀ ਬਾਰੇ ਵਿਗਿਆਨਕ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:
-ਬਿਮਾਰੀ ਖਾਂਸੀ/ਖੰਘ ਜਾਂ ਛਿੱਕ ਰਾਹੀਂ ਬਾਹਰ ਨਿਕਲਣ ਵਾਲੇ ਤਰਲ ਪਦਾਰਥ ਤੋਂ ਫੈਲਦੀ ਹੈ।
-ਇਸ ਤਰਲ ਪਦਾਰਥ ਵਿਚ ਵਾਇਰਸ ਹੁੰਦਾ ਹੈ ਜੋ ਸਿੱਧਾ ਤੁਹਾਡੇ ਮੂੰਹ ਉਤੇ (ਨੱਕ, ਅੱਖ, ਮੂੰਹ ਅੰਦਰ) ਪੈ ਕੇ ਫੈਲ ਸਕਦਾ ਹੈ ਜਾਂ ਕੋਈ ਅਜਿਹਾ ਕਣ, ਹੱਥਾਂ ਤੋਂ ਹੁੰਦਾ ਹੋਇਆ ਕਿਸੇ ਦਰਵਾਜ਼ੇ ਦੇ ਹੈਂਡਲ, ਸਵਿਚ-ਬਟਨ, ਪੌੜੀਆਂ ਦੀ ਰੇਲਿੰਗ ਉਤੇ ਲੱਗ ਕੇ, ਕਿਸੇ ਹੋਰ ਦੇ ਹੱਥਾਂ ਰਾਹੀਂ ਵੀ ਫੈਲ ਜਾਂਦਾ ਹੈ।
-ਸਰੀਰ ਵਿਚ ਦਾਖਲ ਹੋ ਕੇ ਇਹ ਗਲੇ, ਸਾਹ ਨਾਲੀ ਤੋਂ ਹੁੰਦਾ ਫੇਫੜਿਆਂ ਤਕ ਪਹੁੰਚਦਾ ਹੈ ਤੇ ਸੁੱਕੀ ਖਾਂਸੀ ਤੋਂ ਲੱਛਣ ਸ਼ੁਰੂ ਹੋ ਕੇ ਨਿਮੋਨੀਏ ਤੱਕ ਜਾਂਦੇ ਹਨ।
– ਜਿਸ ਕਿਸੇ ਨੂੰ ਵੀ ਖਾਂਸੀ/ਜ਼ੁਕਾਮ ਹੋਇਆ ਹੈ, ਭਾਵੇਂ ਉਹ ਕਿਸੇ ਵੀ ਕਾਰਨ ਹੈ, ਚਾਹੇ ਮੌਸਮ ਬਦਲਾਅ ਕਰਕੇ ਵੀ ਹੈ, ਉਹ ਸਾਵਧਾਨੀ ਵਰਤੇ।
-ਉਹ ਮਾਸਕ ਪਾ ਕੇ ਰੱਖੇ; ਰੁਮਾਲ, ਚੁੰਨੀ ਨਾਲ ਵੀ ਕੰਮ ਸਰ ਸਕਦਾ ਹੈ। ਇਹ ਸਾਰੇ ਇਕੋ ਜਿਹੇ ਅਸਰਦਾਰ ਹਨ।
-ਜੇ ਇਕੋ ਦਮ ਖਾਂਸੀ/ਛਿੱਕ ਆ ਜਾਂਦੀ ਹੈ ਤਾਂ ਉਹ ਆਪਣੀ ਕੂਹਣੀ, ਗੁੱਟ ਵਾਲੇ ਹਿੱਸੇ ਨੂੰ ਇਸਤੇਮਾਲ ਕਰੇ।
-ਜੇ ਆਦਤਨ ਹੱਥਾਂ ਦਾ ਇਸਤੇਮਾਲ ਹੋ ਜਾਂਦਾ ਹੈ ਤਾਂ ਉਨ੍ਹਾਂ ਹੱਥਾਂ ਨਾਲ ਕਿਸੇ ਸਾਮਾਨ, ਹੈਂਡਲ, ਬਟਨ, ਪੌੜੀਆਂ ਦੇ ਰੇਲਿੰਗ ਨੂੰ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਧੋਵੇ।
-ਹਾਲਤ ਗੰਭੀਰ ਹੋ ਜਾਵੇ ਤਾਂ ਹਸਪਤਾਲ ਪਹੁੰਚੋ।
-ਸ਼ੁਰੂ ਵਿਚ ਗਰਮ ਤਰਲ ਪਦਾਰਥਾਂ ਦਾ ਸੇਵਨ ਵੀ ਰਾਹਤ ਪਹੁੰਚਾਉਂਦਾ ਹੈ।
ਜੇ ਤੁਸੀਂ ਸਿਹਤਮੰਦ ਹੋ ਤਾਂ:
-ਕਿਸੇ ਖਾਂਸੀ ਵਾਲੇ ਸ਼ਖਸ ਤੋਂ ਦੂਰੀ ਬਣਾ ਕੇ ਰੱਖੋ।
-ਇਕੱਠ ਵਿਚ ਜਾਣ ਤੋਂ ਬਚੋ। ਜੇ ਜਾਣਾ ਹੀ ਪਵੇ ਤਾਂ ਰੁਮਾਲ, ਮਾਸਕ, ਚੁੰਨੀ ਜਾਂ ਕੁਝ ਵੀ ਅਜਿਹੀ ਚੀਜ਼ ਨਾਲ ਨੱਕ-ਮੂੰਹ ਨੂੰ ਢਕੋ।
-ਜੇਕਰ ਕਿਸੇ ਹੈਂਡਲ, ਬਟਨ ਜਾਂ ਰੇਲਿੰਗ ਦਾ ਇਸਤੇਮਾਲ ਕਰਨਾ ਪਵੇ ਤਾਂ ਉਨ੍ਹਾਂ ਹੱਥਾਂ ਨਾਲ ਆਪਣਾ ਨੱਕ-ਮੂੰਹ ਨਾ ਛੂਹੋ ਅਤੇ ਉਸ ਤੋਂ ਪਹਿਲਾਂ ਸਾਬਣ ਨਾਲ ਹੱਥ ਧੋਵੋ।
-ਪੌਸ਼ਟਿਕ ਖਾਣਾ ਭਰ-ਪੇਟ ਖਾਓ। ਰਸੋਈ ਵਿਚ ਇਸਤੇਮਾਲ ਹੋਣ ਵਾਲੀਆਂ ਰੋਜ਼ਮਰਾ ਵਸਤਾਂ ਹਲਦੀ, ਅਦਰਕ, ਲਸਣ, ਕਾਲੀ ਮਿਰਚ ਤੋਂ ਸਿਵਾ ਤੁਲਸੀ, ਸ਼ਹਿਦ, ਨਿੰਬੂ, ਫਲ ਆਦਿ ਵਾਇਰਸਾਂ ਅਤੇ ਬੈਕਟੀਰੀਆ ਨਾਲ ਲੜਨ ਦੀ ਤਾਕਤ ਵਧਾਉਂਦੇ ਹਨ।