ਪੰਜਾਬ ਦੇ ਸ਼ਾਨਾਂਮੱਤੇ ਇਤਿਹਾਸ ਵਿਚ 1972 ਵਾਲੇ ਮੋਗਾ ਘੋਲ ਦਾ ਬੜਾ ਮਹੱਤਵ ਰਿਹਾ ਹੈ। ਇਹ ਅਸਲ ਵਿਚ ਜੁਝਾਰੂਆਂ ਦੀ ਪੁਲਿਸ ਅਤੇ ਪ੍ਰਸ਼ਾਸਨ ਨਾਲ ਸਿੱਧੀ ਟੱਕਰ ਸੀ। ਮੋਗੇ ਦੇ ਸਿਨਮੇ ਦੀਆਂ ਟਿਕਟਾਂ ਤੋਂ ਸ਼ੁਰੂ ਹੋਏ ਸੰਘਰਸ਼ ਦੇ ਹਾਲ ਇਸ ਘੋਲ ਵਿਚ ਅਹਿਮ ਰੋਲ ਨਿਭਾਉਣ ਵਾਲੇ ਵਿਦਿਆਰਥੀ ਆਗੂ ਬਿੱਕਰ ਕੰਮੇਆਣਾ ਦੇ ਪੰਜਾਬ ਟਾਈਮਜ਼ ਦੇ ਪੰਨਿਆਂ ‘ਤੇ ਛਪੇ ਲੇਖਾਂ ਵਿਚ ਪੜ੍ਹ ਚੁਕੇ ਹਨ। ਫਿਰ ਜਦੋਂ ਇਸ ਘੋਲ ਦੀ ਅਗਵਾਈ ਪੰਜਾਬ ਸਟੂਡੈਂਟਸ ਯੂਨੀਅਨ ਦੀ ਕਮਾਨ ਹੇਠ ਆ ਗਈ ਤਾਂ ਘੋਲ ਦਾ ਰੰਗ ਹੀ ਬਦਲ ਗਿਆ। ਬਿੱਕਰ ਕੰਮੇਆਣਾ ਨੇ ਉਸ ਦੌਰ ਦੇ ਸੰਘਰਸ਼ ਦੀ ਬਾਤ ਪਾਈ ਹੈ ਆਪਣੇ ਇਸ ਲੇਖ ਵਿਚ। -ਸੰਪਾਦਕ
ਬਿੱਕਰ ਐਸ਼ੀ (ਕੰਮੇਆਣਾ)
ਫੋਨ: 805-727-0516
ਇਤਿਹਾਸਕ ਮੋਗਾ ਘੋਲ ਤੋਂ ਬਾਅਦ ਅਗਲੇ ਸਾਲ ਹੀ ਬ੍ਰਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਆਰæ ਜੀæ ਬਾਜਪਾਈ ਨੂੰ ਬਦਲਣ ਲਈ ਪੀæ ਐਸ਼ ਯੂæ ਦੀ ਅਗਵਾਈ ਹੇਠ ਲਗਭਗ ਪੰਜ ਮਹੀਨੇ ਲੰਬਾ ਜੇਤੂ ਸੰਘਰਸ਼ ਕੀਤਾ। ਪ੍ਰਿੰæ ਬਾਜਪਾਈ, ਆਪਣੇ ਖੁਦ ਹੀ ਘੜੇ ਸਿਧਾਂਤਾਂ ਤੇ ਅਸੂਲਾਂ ਉਤੇ ਅੜੇ ਰਹਿਣ ਦੀ ਜਿਦ ਕਾਰਨ ਬਹੁਤੀ ਵਾਰ ਵਿਦਿਆਰਥੀਆਂ ਦਾ ਤਿੱਖਾ ਵਿਰੋਧ ਮੁੱਲ ਲੈ ਲੈਂਦੇ ਸਨ ਤੇ ਉਨ੍ਹਾਂ ਨੂੰ ਬਦਲਣ ਲਈ ਲੜਿਆ ਗਿਆ ਸੰਘਰਸ਼ ਵੀ ਮੈਨੂੰ ਤੇ ਮੇਰੇ ਸਾਥੀਆਂ ਨੂੰ ਕਾਲਜ ‘ਚ ਦਾਖਲ ਨਾ ਕਰਨ ਦੇ ਤੁਗਲਕੀ ਫੈਸਲੇ ਵਿਚੋਂ ਹੀ ਉਪਜਿਆ ਸੀ। ਸੋ ਬਾਕੀ ਗੱਲਾਂ ਛੱਡ ਕੇ ਆਓੁ ਹੁਣ ਪੁਲਿਸ ਨਾਲ ਖੇਡੀ ਲੁਕਣ-ਮੀਚੀ ਦੀ ਬਾਤ ਪਾਈਏ।
ਪੀæ ਐਸ਼ ਯੂæ ਦੇ ਸਾਥੀ, ਪੜ੍ਹਾਈ ਦੇ ਨਾਲ-ਨਾਲ, ਜਥੇਬੰਦੀ ਨੂੰ ਰਾਜਨੀਤਕ, ਆਰਥਿਕ ਅਤੇ ਜਥੇਬੰਦਕ ਰੂਪ ਵਿਚ ਹੋਰ ਵੀ ਮਜ਼ਬੂਤ ਕਰਨ ਲਈ ਦਿਨ-ਰਾਤ ਜੁਟ ਗਏ। ਪ੍ਰਿੰæ ਬਾਜਪਾਈ ਨੂੰ ਬਦਲਣ ਲਈ ਦਿੱਤਾ ਗਿਆ ਇਕ ਮਹੀਨੇ ਦਾ ਸਮਾਂ ਪੂਰਾ ਹੋ ਗਿਆ। ਸਮਝੌਤਾ-ਸਮਾਂ ਪੂਰਾ ਹੋਣ ਤੋਂ ਅਗਲੇ ਦਿਨ ਕਾਲਜ ਵਿਚ ਵਿਦਿਆਰਥੀਆਂ ਦੀ ਭਰਵੀਂ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਇਹ ਸੋਚ ਕੇ ਕਿ ਬਾਅਦ ਵਿਚ ਸ਼ਾਇਦ ਛੇਤੀ ਪਿੰਡ ਨਾ ਜਾਇਆ ਜਾਵੇ, ਸਾਥੀਆਂ ਨੂੰ ਦੱਸ ਕੇ ਮੈਂ ਸਾਈਕਲ ‘ਤੇ ਪਿੰਡ ਕੰਮੇਆਣਾ ਨੂੰ ਚੱਲ ਪਿਆ। ਬਾਅਦ ਵਿਚ ਪਤਾ ਲੱਗਾ ਕਿ ਪੁਲਿਸ ਨੇ ਸਾਡੇ ਅਗਲੇ ਦਿਨ ਦੇ ਸੰਘਰਸ਼ ਛੇੜਨ ਲਈ ਕਾਲਜ ਦੇ ਨੋਟਿਸ ਬੋਰਡ ‘ਤੇ ਲਿਖਤੀ ਸੂਚਨਾ ਦੀ ਸੂਹ ਮਿਲਦਿਆਂ ਹੀ ਸਾਡਾ ਸ਼ਿਕੰਜਾ ਕੱਸਣ ਦਾ ਫੈਸਲਾ ਕਰ ਲਿਆ ਸੀ। ਸਿੱਧੇ ਰਾਹ ਜਾਣ ਦੀ ਥਾਂ ਬਦਲਵੇਂ ਰਾਹੀਂ ਮੈਂ ਫਰੀਦਕੋਟ ਤੋਂ ਕੰਮੇਆਣਾ ਜਾਣ ਵਾਲੀ ਸੜਕ ਜਾ ਚੜ੍ਹਿਆ। ਦੋ ਮੋਟਰ ਸਾਈਕਲਾਂ ਤੇ ਚਾਰ ਪੁਲਿਸ ਕਰਮਚਾਰੀ ਸਾਡੇ ਪਿੰਡ ਵੱਲੋਂ ਆ ਰਹੇ ਸਨ। ਉਹ ਮੇਰੀ ਸੂਹ ਲਾਉਣ ਲਈ ਹੀ ਭੇਜੇ ਗਏ ਸਨ ਕਿਉਂਕਿ ਉਨ੍ਹਾਂ ਦੇ ਫਰੀਦਕੋਟ ਵੱਲ ਜਾਣ ਤੋਂ ਥੋੜੀ ਦੇਰ ਬਾਅਦ ਹੀ ਡੀæ ਐਸ਼ ਪੀæ ਉਤਮ ਸਿੰਘ ਦੀ ਅਗਵਾਈ ਵਿਚ ਤਿੰਨ ਜੀਪਾਂ ‘ਤੇ ਸਵਾਰ ਪੁਲਿਸ-ਕਾਫਲੇ ਨੇ ਮੈਨੂੰ ਆ ਘੇਰਿਆ। ਫਰੀਦਕੋਟ ਤੋਂ ਇਕ ਕਿਲੋਮੀਟਰ ਕੰਮੇਆਣੇ ਵਾਲੇ ਪਾਸੇ ਨੂੰ ਇਹ ਥਾਂ, ਜਿੱਥੇ ਮੈਨੂੰ ਰੋਕਿਆ ਗਿਆ, ਇਕ ਪੁਰਾਣਾ ਥੇਹ ਹੈ। ਇਸ ਥੇਹ ਤੋਂ ਕੰਮੇਆਣੇ ਵਾਲੇ ਪਾਸੇ ਨੂੰ, ਜਿੱਥੇ ਅੱਜ ਕੱਲ ਸਰਬੰਸਦਾਨੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਨਾਂ ‘ਤੇ ਕਿਰਤੀ ਵਰਗ ਨੇ ਦਸ਼ਮੇਸ਼ ਨਗਰ ਵਸਾ ਲਿਆ ਹੈ, ਉਸ ਸਮੇਂ ਰੇਤਲੀ ਜਮੀਨ ਸੀ। ਇਸ ਦੇ ਨਾਲ ਹੀ ਮਜ੍ਹਬੀ-ਸਿੱਖਾਂ ਦੀਆਂ ਟਿੱਬੀਆਂ ਦੇ ਨਾਂ ਨਾਲ ਜਾਣੀ ਜਾਂਦੀ, ਰਾਜਸਥਾਨ ਦੇ ਮਾਰੂਥਲ ਵਾਲੇ ਇਲਾਕੇ ਵਰਗੀ, ਵੱਡੇ-ਵੱਡੇ ਰੇਤਲੇ ਟਿੱਬਿਆਂ ਵਾਲੀ ਜਮੀਨ ਸੀ। ਸੜਕ ਦੇ ਨਾਲ ਤਿੰਨ-ਚਾਰ ਕਿੱਲੇ ਜਮੀਨ ਦੀ, ਫਸਲ ਆਦਿ ਬੀਜਦੇ ਹੋਣ ਕਾਰਨ, ਉਪਰਲੀ ਤਹਿ ਕਰੜੀ ਸੀ। ਮੈਨੂੰ ਰੁਕਣ ਦਾ ਇਸ਼ਾਰਾ ਕਰਦੇ-ਕਰਦੇ, ਪੁਲਿਸ ਵਾਲਿਆਂ ਦੀਆਂ ਜੀਪਾਂ ਰੋਕਦਿਆਂ-ਰੋਕਦਿਆਂ ਵੀ ਅੱਗੇ ਜਾ ਕੇ ਰੁਕੀਆਂ। ਮੈਂ ਸਾਈਕਲ ਸਿੱਟ ਕੇ, ਮਜ੍ਹਬੀ-ਸਿੱਖਾਂ ਦੀਆਂ ਟਿੱਬੀਆਂ ਵਾਲੇ ਪਾਸੇ ਨੂੰ ਕਿਸੇ ਜੰਗਲੀ-ਚੀਤੇ ਵਾਂਗ ਹਵਾ ਨਾਲ ਗੱਲਾਂ ਕਰਦਾ ਭੱਜਿਆ ਅਤੇ ਵਿਹੰਦਿਆਂ-ਵਿਹੰਦਿਆਂ ਹੀ ਪੁਲਿਸ ਵਾਲਿਆਂ ਤੋਂ ਕਾਫੀ ਵਿੱਥ ਪਾ ਗਿਆ। ਮੈਨੂੰ ਘੇਰਾ ਪਾਉਣ ਲਈ ਇਕ ਜੀਪ ਤਾਂ ਕੰਮੇਆਣੇ ਪਿੰਡ ਨੂੰ ਚਲੀ ਗਈ ਅਤੇ ਇਕ ਜੀਪ, ਪਿੱਛੇ ਮੁੜਦੀ ਹੋਈ, ਮਚਾਕੀ ਕਲਾਂ ਨੂੰ ਜਾਂਦੀ ਸੜਕ ਰਾਹੀਂ ਵੱਡੀਆਂ-ਨਹਿਰਾਂ ਵਾਲੇ ਪਾਸੇ ਨੂੰ ਚਲੀ ਗਈ ਅਤੇ ਤੀਜੀ ਜੀਪ ਪਹੀ ਰਾਹੀਂ ਆਸਿਆਂ ਪਾਸਿਆਂ ਦੀ ਮੈਨੂੰ ਕਾਬੂ ਕਰਨ ਲਈ ਪੁਲਿਸ-ਕਰਮਚਾਰੀਆਂ ਨੂੰ ਉਤਾਰਦੀ ਰਹੀ। ਮੈਂ ਬਹੁਤ ਵਾਰ ਸ਼ੌਕ ਨਾਲ ਹੀ ਚਿੱਕੜਾਂ ਵਿਚਦੀ ਰੇਤਲੇ ਟਿੱਬਿਆਂ ਉਤੋਂ ਦੀ ਅਤੇ ਕਦੇ ਸੜਕਾਂ ਦੇ ਨਾਲ-ਨਾਲ ਵੀਹ-ਵੀਹ ਮੀਲ ਦੌੜ ਆਉਂਦਾ ਸਾਂ। ਸੋ ਅੱਜ ਦੀ ਦੌੜ ਵਿਚ ਮੈਂ ਤਾਂ ਅਜੇ ਵਾਰਮ-ਅੱਪ ਵੀ ਨਹੀਂ ਸੀ ਹੋਇਆ ਜਦੋਂ ਕਿ ਮੇਰੇ ਪਿੱਛੇ ਦੌੜਦੇ ਹੋਏ ਆ ਰਹੇ ‘ਸਰਕਾਰੀ-ਅਥਲੀਟ’ ਹੰਭ ਕੇ ਖੜ੍ਹ ਗਏ ਸਨ। ਉਨ੍ਹਾਂ ਦਾ ਘਰਕਦਿਆਂ ਦਾ ਸਾਹ ਨਾਲ ਸਾਹ ਨਹੀਂ ਸੀ ਰੱਲ ਰਿਹਾ। ਮੈਂ ਭੱਜਦਾ ਆਪਣੇ ਖੇਤ ਪਹੁੰਚ ਗਿਆ। ਦਿਨ ਛਿਪਣ ਵਾਲਾ ਹੀ ਸੀ। ਇਹ ਸੋਚ ਕੇ ਕਿ ਮੈਨੂੰ ਚਾਰ ਚੁਫੇਰਿਓਂ ਘੇਰਾ ਪੈਣ ਵਾਲਾ ਹੈ, ਮੈਂ ਕਿਸੇ ਚੰਗੀ ਲੁਕਣ ਵਾਲੀ ਥਾਂ ਲੱਭਣ ਲਈ ਨਜ਼ਰ ਮਾਰੀ ਤਾਂ ਮੈਨੂੰ ਇੱਕ ਗਵਾਰੇ ਦੀ ਮੰਡਲੀ ਨਜ਼ਰ ਆਈ। ਮੈਂ ਤੇਜ਼ੀ ਨਾਲ ਨਰਮੇ ਦੇ ਖੇਤ ਲੰਘਦਾ ਮੰਡਲੀ ਕੋਲ ਪਹੁੰਚ ਗਿਆ। ਮੇਰੇ ਪਕੜੇ ਜਾਣ ਦੀ ਸੂਰਤ ਵਿਚ ਸਾਡੇ ਪਿੰਡ ਦੇ ਖੇਤਾਂ ਵਿਚ ਕੰਮ ਕਰਦੇ ਲੋਕ ਇਕੱਠੇ ਹੋ ਕੇ ਛਡਾਉਣ ਸਬੰਧੀ ਵਿਚਾਰਾਂ ਕਰਨ ਲੱਗੇ। ਮੈਂ ਖਾਲੇ ਦੇ ਨਾਲ-ਨਾਲ ਘਾਹ ਉਤੋਂ ਦੀ ਤੁਰਦਾ ਮੰਡਲੀ ਕੋਲ ਪਹੁੰਚਿਆ ਤਾਂ ਕਿ ਪੈੜਾਂ ਦਾ ਪਤਾ ਨਾ ਲੱਗੇ। ਮੈਂ ਮੰਡਲੀ ਦੀਆਂ ਜੰਮੀਆਂ ਪਈਆਂ ਪਾਲਾਂ ਵਿਚੋਂ ਇੱਕ ਪਾਲ ਨੂੰ ਆਪਣੇ ਪੂਰੇ ਬਾਹੂ-ਬਲ ਨਾਲ ਚੁੱਕਿਆ ਅਤੇ ਦੂਜੇ ਹੀ ਪਲ ਗਵਾਰੇ ਦੀ ਲਟੈਣ ਵਰਗੀ ਪਾਲ ਮੇਰੇ ਚੁੱਕਣ ਵਾਲੇ ਪਾਸਿਓਂ ਮੇਰੀਆਂ ਬਾਹਵਾਂ ਤੇ ਬਾਲਾ ਕੱਢਣ ਦੀ ਪੁਜੀਸ਼ਨ ਤੱਕ ਤਿਰਛੀ ਖੜ੍ਹੀ ਹੋ ਗਈ। ਮੈਂ ਥੱਲੇ ਨਜ਼ਰ ਮਾਰੀ ਕਿ ਕੋਈ ਖਤਰਨਾਕ ਚੀਜ਼ ਨਾ ਹੋਵੇ। ਚੁਫੇਰੇ ਨਜ਼ਰ ਮਾਰੀ ਤਾਂ ਪੁਲਿਸ ਵੀ ਅਜੇ ਨੇੜੇ ਨਹੀਂ ਸੀ ਆਈ। ਮੈਂ ਆਪਣੇ ਆਪ ਨੂੰ ਗਵਾਰੇ ਦੀ ਪਾਲ ਨਾਲ ਢਕਦਿਆਂ ਇੰਜ ਪੈ ਗਿਆ ਜਿਵੇਂ ਮੈਂ ਵੀ ਗਵਾਰੇ ਦੀ ਮੰਡਲੀ ਦਾ ਹੀ ਇੱਕ ਹਿੱਸਾ ਹੋਵਾਂ। ਥੋੜੇ ਸਮੇਂ ਬਾਅਦ ਹਰਲ-ਹਰਲ ਕਰਦੀ ਪੁਲਿਸ ਆ ਪਹੁੰਚੀ। ਉਨ੍ਹਾਂ ਨੇ ਆਸਿਓਂ-ਪਾਸਿਓਂ, ਪੁੱਛ-ਦੱਸ ਕੀਤੀ ਪਰ ਸਭ ਪਾਸਿਓਂ ਇਕੋ ਹੀ ਜਵਾਬ ਮਿਲਿਆ ਕਿ ਉਨ੍ਹਾਂ ਨੇ ਮੈਨੂੰ ਨਹੀਂ ਵੇਖਿਆ। ਭਾਲਦੇ, ਪੁੱਛਦੇ-ਪਛਾਉਂਦੇ ਦਨਦਨਾਉਂਦੇ ਅਖੀਰ ਪੁਲਿਸ ਗਵਾਰੇ ਦੀ ਮੰਡਲੀ ਕੋਲ ਆ ਪਹੁੰਚੀ। ਅੱਠ-ਦਸ ਪੁਲਿਸ ਵਾਲੇ ਛਾਲਾਂ ਮਾਰ ਕੇ, ਮੰਡਲੀ ਦੇ ਉਪਰ ਚੜ੍ਹ ਗਏ ਅਤੇ ਦੋ ਪਾਲਾਂ ਵਿਚ ਬੰਦੂਕਾਂ ਦੀਆਂ ਸੰਗੀਨਾਂ ਖੋਭ-ਖੋਭ ਕੇ ਵੇਖਣ ਲੱਗੇ। ਦੋ ਕੁ ਮਿੰਟ ਬਾਅਦ ਉਹ ਮੰਡਲੀ ਤੋਂ ਥੱਲੇ ਛਾਲ ਮਾਰ ਕੇ, ਡੀæ ਐਸ਼ ਪੀæ ਉਤਮ ਸਿੰਘ ਕੋਲ ਆ ਕੇ ਕਹਿਣ ਲੱਗੇ, “ਸਾਹਿਬ ਏਥੇ ਕੋਈ ਨਹੀਂ ਹੈ।” ਡੀæ ਐਸ਼ ਪੀæ ਕਹਿਣ ਲੱਗਾ, “ਦਿਨ ਛਿਪ ਚੱਲਿਆ ਹੈ। ਥੋੜੀ ਦੇਰ ਬਾਅਦ ਕਾਫੀ ਹਨੇਰਾ ਹੋ ਜਾਵੇਗਾ। ਹੋ ਸਕਦਾ ਹੈ ਬਿੱਕਰ ਸਿੰਘ ਵੱਡੀਆਂ-ਨਹਿਰਾਂ ਵਾਲੇ ਪਾਸੇ, ਰੱਤੀ-ਰੇੜੀ ਪਿੰਡ ਵੱਲ ਵਗਦੇ ਸੇਮ ਨਾਲੇ ਦੇ ਝੱਲਾਂ ਵਿਚ ਜਾ ਲੁੱਕਿਆ ਹੋਵੇ, ਸੋ ਚਲੋ ਇਸ ਦੇ ਘਰਦਿਆਂ ਨੂੰ ਪਕੜੋ।” ਹੁਕਮ ਮਿਲਣ ਦੀ ਦੇਰ ਸੀ, ਬੂਟ ਖੜਕਾਉਂਦੇ ਦਗੜ-ਦਗੜ ਕਰਦੇ ਸਾਡੇ ਟਿਊਬਵੈਲ ਵਾਲੇ ਖੇਤ ਨੂੰ ਭੱਜ ਤੁਰੇ।
ਖੇਤਾਂ ਵਿਚਲਿਆਂ ਨੇ ਤਾਂ ਇਕੱਠੇ ਹੋਣਾ ਹੀ ਸੀ, ਹੁਣ ਤੱਕ ਪਿੰਡੋ ਅੱਧਿਓਂ ਵੱਧ ਕੰਮੇਆਣਾ ਉਥੇ ਇਕੱਤਰ ਹੋ ਗਿਆ ਸੀ। ਪਿਛੋਂ ਪਤਾ ਲੱਗਾ ਕਿ ਪੁਲਿਸ ਮੇਰੇ ਬਾਪ ਸ਼ ਬਚਿੱਤਰ ਸਿੰਘ ਰੋਮਾਣਾ ਨੂੰ ਨਾਲ ਲਿਜਾਣ ਲਈ ਗ੍ਰਿਫਤਾਰ ਕਰਨ ਲੱਗੀ। ਸ਼ ਟੀਂਡਾ ਸਿੰਘ ਰੋਮਾਣਾ ਦੀ ਔਲਾਦ, ਰੋਮਾਣਾ ਖਾਨਦਾਨ ਨੇ, ਮੈਥੋਂ ਪਹਿਲਾਂ ਥਾਣੇ ਦਾ ਮੂੰਹ ਨਹੀਂ ਸੀ ਵੇਖਿਆ ਕਿ ਇਹ ਕਿਹੋ ਜਿਹਾ ਹੁੰਦਾ ਹੈ ਅਤੇ ਜਿੱਥੇ ਤੱਕ ਸ਼ ਬਚਿੱਤਰ ਸਿੰਘ ਰੋਮਾਣਾ ਦਾ ਸਬੰਧ ਹੈ, ਉਹ ਤਾਂ ਕਦੇ ਸੁਪਨੇ ਵਿਚ ਵੀ ਥਾਣੇ ਨਹੀਂ ਗਏ ਹੋਣੇ। ਬਾਅਦ ਵਿਚ ਲੋਕਾਂ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਡੀæ ਐਸ਼ ਪੀæ ਉਤਮ ਸਿੰਘ ਨੂੰ ਇਹ ਕਹਿ ਕੇ ਨਿਰਉਤਰ ਕੀਤਾ ਕਿ ਜੇ ਉਹ ਤਿੰਨ ਜੀਪਾਂ ‘ਤੇ ਸਵਾਰ 30 ਹਥਿਆਰਬੰਦ ਪੁਲਿਸ ਮੁਲਾਜ਼ਮਾਂ ਦੇ ਹੱਥ ‘ਤੇ ਹੱਥ ਮਾਰ ਕੇ ਭੱਜੇ ਬਿੱਕਰ ਸਿੰਘ ਨੂੰ ਨਹੀਂ ਫੜ੍ਹ ਸਕੇ ਤਾਂ ਸ਼ ਬਚਿੱਤਰ ਸਿੰਘ ਕੋਲ ਕਿਹੜਾ ਹੈਲੀਕਾਪਟਰ ਹੈ, ਜਿਸ ਰਾਹੀਂ ਭਾਲ ਕੇ ਉਹ ਉਸ ਨੂੰ ਤੁਹਾਡੇ ਹਵਾਲੇ ਕਰ ਸਕੇ। ਪਿੰਡ ਦੇ ਸਰਪੰਚ ਦੇ ਇਹ ਕਹਿਣ ‘ਤੇ ਕਿ ਜੇ ਬਿੱਕਰ ਸਿੰਘ ਪਿੰਡ ਆਇਆ ਤਾਂ ਉਹ ਉਸ ਨੂੰ ਸਮਝਾ-ਬੁਝਾ ਕੇ ਪੇਸ਼ ਕਰਵਾ ਦੇਣਗੇ। ਡੀæ ਐਸ਼ ਪੀæ ਨੇ ਕਿਹਾ ਕਿ ਚੱਲੋ ਕਿਸੇ ਨੂੰ ਨਾਲ ਲਿਜਾਣ ਦੀ ਲੋੜ ਨਹੀਂ। ਇਹ ਹੁਕਮ ਸੁਣਨ ਦੀ ਦੇਰ ਸੀ ਕਿ ਉਸ ਦਿਨ ਲੁਕਣ-ਮੀਚੀ ਖੇਡਣ ਆਏ ਪੁਲਿਸ ਮੁਲਾਜ਼ਮ ਖਾਲੀ ਹੱਥ ਧੂੜਾਂ ਪੱਟਦੀਆਂ ਜੀਪਾਂ ਵਿਚ ਵਾਪਿਸ ਫਰੀਦਕੋਟ ਨੂੰ ਚੱਲ ਪਏ।
ਮੈਂ ਮੰਡਲੀ ਦੇ ਤਾਅ ਨਾਲ ਅੱਕਲਕਾਣ ਹੋਇਆ ਗਵਾਰੇ ਦੀ ਕੰਡ ਪਿੰਡੇ ਤੋਂ ਝਾੜਦਿਆਂ ਬਾਹਰ ਆਇਆ, ਅੰਗੜਾਈਆਂ ਭੰਨ ਰਿਹਾ ਸਾਂ। ਮਚਾਕੀ ਵਾਲੇ ਵੱਡੇ ਰਾਹ ਊਠ ਨਾਲ ਹਲ ਵਾਹ ਕੇ ਇਕ ਸੱਜਣ ਪਿੰਡ ਨੂੰ ਆ ਰਿਹਾ ਸੀ। ਮੈਨੂੰ ਵੇਖ ਕੇ ਊਠ ਤੋਂ ਉਤਰ ਕੇ ਉਹ ਰਾਹ ਵਿਚ ਖੜ੍ਹ ਗਿਆ। ਉਸ ਨੂੰ ਵੀ ਉਸ ਘਟਨਾ ਦਾ ਪਤਾ ਲੱਗ ਗਿਆ ਸੀ। ਕੱਦ-ਕਾਠ ਪੱਖੋਂ ਉਸ ਦਾ ਮੇਰੇ ਨਾਲੋਂ ਉਨੀ ਵੀਹ ਦਾ ਹੀ ਫਰਕ ਹੋਣੈ, ਮੈਂ ਉਸ ਤੋਂ ਚਾਦਰਾ, ਕੁੜਤਾ ਅਤੇ ਪੱਗ ਲੈ ਕੇ ਉਸ ਨੂੰ ਆਪਣੇ ਕੱਪੜੇ ਪਾਉਣ ਲਈ ਦੇ ਦਿੱਤੇ। ਉਸ ਮੈਨੂੰ ਕਿਹਾ ਕਿ ਉਹ ਊਠ ‘ਤੇ ਮੈਨੂੰ ਜਿੱਥੇ ਵੀ ਮੈਂ ਜਾਣਾ ਚਾਹੁੰਦਾ ਹਾਂ, ਛੱਡ ਆਉਂਦਾ ਹੈ। ਮੈਂ ਕਿਹਾ, “ਸ਼ੁਕਰੀਆਂ ਬਾਈ ਜੀ। ਮੈਂ ਦਵਾ-ਦਵ ਚਾਦਰਾ ਬੰਨ ਕੇ ਕੁੜਤਾ ਪਾਇਆ ਅਤੇ ਸਿਰ ‘ਤੇ ਹਰੀ ਅੰਗੂਰੀ ਪੱਗ ਦਾ ਮੰਡਾਸਾ ਮਾਰ ਕੇ ਅਜੇ ਤੁਰਨ ਹੀ ਲੱਗਿਆ ਸਾਂ ਕਿ ਉਸ ਊਠ ਵਾਲੇ ਬਾਈ ਨੇ ਮੈਨੂੰ ਟਕੂਆ ਫੜਾਉਂਦਿਆਂ ਕਿਹਾ ਕਿ ਮੈਂ ਇਸ ਨੂੰ ਲੈ ਜਾਵਾਂ ਕਿਉਂਕਿ ਰਾਤ ਨੂੰ ਖਾਲੀ ਹੱਥ ਤੁਰਨਾ ਖਤਰੇ ਤੋਂ ਖਾਲੀ ਨਹੀਂ।
ਮੈਂ ਮੋਢੇ ‘ਤੇ ਟਕੂਆ ਰੱਖ ਦਿਨ ਛਿਪਾ ਦੇ ਘੁਸ-ਮੁਸੇ ਜਿਹੇ ‘ਚ ਸੇਮ ਨਾਲੇ ਵੱਲ ਨੂੰ ਇੰਜ ਚੱਲ ਪਿਆ ਜਿਵੇਂ ਕੋਈ ਕਿਸਾਨ ਖੇਤ ਨੂੰ ਗੇੜਾ ਮਾਰਨ ਚੱਲਿਆ ਹੋਵੇ। ਤੇਜ਼-ਤੇਜ਼ ਤੁਰਦਾ ਮੈਂ ਸੇਮ ਨਾਲੇ ਦੀ ਪਟੜੀ ਜਾ ਚੜ੍ਹਿਆ ਅਤੇ ਵੱਡੀਆਂ ਨਹਿਰਾਂ ਦੇ ਸੇਮ ਨਾਲੇ ਦੇ ਨਹਿਰਾਂ ਹੇਠ ਦੀ ਬਣੇ ਸਾਈਫਨ ਕੋਲ ਵੱਡੀਆਂ ਜੌੜੀਆਂ ਨਹਿਰਾਂ ਦੇ ਪੁੱਲਾਂ ਨੂੰ ਤੁਰ ਪਿਆ। ਸੇਮ ਨਾਲੇ ਤੋਂ ਮਚਾਕੀ ਕਲਾਂ ਵਾਲੇ ਪਾਸੇ ਦੀ ਕੰਮੇਆਣੇ ਦੀ ਉਪਜਾਊ ਭੂਮੀ ਨੂੰ ਵੱਡੀਆਂ ਨਹਿਰਾਂ ਤੋਂ ਵਾਪਿਸ ਸੇਮ ਨਾਲੇ ਵਾਲੇ ਪਾਸੇ ਨੂੰ ਮਜਬ੍ਹੀ ਸਿੱਖ ਔਰਤ ਦੀ ਜਾਤ ਦੇ ਨਾਂ ਨਾਲ ਸੱਦਦੇ ਹਨ। ਨਹਿਰਾਂ ਤੋਂ ਪਾਰ ਕਟੋਰੀਆ ਅਤੇ ਗਿੱਲਾਂ ਦੇ ਛਪੜੇ ਦਾ ਇਲਾਕਾ ਹੈ ਜੋ ਬਹੁਤ ਉਪਜਾਊ ਹੈ। ਸੇਮ ਨਾਲੇ ਦੀਆਂ ਪਟੜੀਆਂ ‘ਤੇ ਉਗਿਆ ਸਰਕੰਡਾ, ਪਾਣੀ ਵਿਚ ਉਗੀ ਦੱਬ ਅਤੇ ਸਾਂ-ਸਾਂ ਕਰਦੀ ਰਾਤ ਦਾ ਗੂੜ੍ਹਾ ਹੁੰਦਾ ਜਾਂਦਾ ਹਨੇਰਾ ਇਹ ਇਲਾਕਾ ਪਾਰ ਕਰਨ ਵਿਚ ਮੇਰਾ ਮਦਦਗਾਰ ਸਾਬਤ ਹੋ ਰਿਹਾ ਸੀ। ਕਾਲੀ-ਬੋਲੀ ਰਾਤ ਦਾ ਗੂੜ੍ਹਾ ਹਨੇਰਾ ਚਮਗਿੱਦੜਾਂ, ਉਲੂਆਂ, ਚੋਰਾਂ, ਯਾਰਾਂ, ਆਸ਼ਕਾਂ ਅਤੇ ਪੁਲਿਸ ਨਾਲ ਲੁਕਣ-ਮੀਚੀ ਖੇਡਣ ਵਾਲੇ ਮੇਰੇ ਵਰਗਿਆਂ ਲਈ ਕੁਦਰਤ ਵਲੋਂ ਬਖਸ਼ਿਆ ਵਰਦਾਨ ਹੁੰਦਾ ਹੈ। ਪੂਰੀ ਚੌਕਸੀ ਨਾਲ ਵਗਦਾ ਮੈਂ ਪੁਲਾਂ ਦੇ ਨੇੜੇ ਪਹੁੰਚ ਕੇ ਰੁਕ ਗਿਆ ਅਤੇ ਮੈਂ ਹਰ ਪੱਖੋ ਤਸੱਲੀ ਕਰਕੇ ਕਿ ਰਸਤਾ ਸਾਫ ਹੈ ਭਾਵ ਪੁਲਾਂ ਉਤੇ ਪੁਲਿਸ ਨਾਕਾਬੰਦੀ ਨਹੀਂ ਤਾਂ ਮੈਂ ਬੁਲੰਦ ਹੌਂਸਲੇ ਨਾਲ ਜੌੜੀਆਂ ਨਹਿਰਾਂ ਦੇ ਜੌੜੇ-ਪੁਲਾਂ ਉਪਰ ਜਾ ਚੜ੍ਹਿਆ। ਦੋ ਪਲ ਲਈ ਖੜ੍ਹ ਕੇ ਮੈਂ ਚਾਰ-ਚੁਫੇਰੇ ਨਜ਼ਰ ਘੁੰਮਾ ਕੇ ਵੇਖਿਆ। ਫਰੀਦਕੋਟ ਮਚਾਕੀ ਕਲਾਂ ਨੂੰ ਆਉਂਦੀ ਸੜਕ ‘ਤੇ ਨਹਿਰਾਂ ਦੀਆਂ ਪਟੜੀਆਂ ਸੁੰਨ ਵਰਤਾ ਰਹੀਆਂ ਸਨ। ਮੈਂ ਹਵਾ ਦੇ ਬੁੱਲੇ ਵਾਂਗ, ਜੌੜੀਆਂ-ਨਹਿਰਾਂ ਦੇ ਖੁਲਾਂ ਨੂੰ ਪਾਰ ਕਰਦਾ ਪੂਰੇ ਹੌਂਸਲੇ ਨਾਲ ਖੇਤਾਂ ਵਿਚ ਦੀ ਜਲਾਲੇਆਣਾ ਪਿੰਡ ਨੂੰ ਚੱਲ ਪਿਆ। ਰਾਤ ਦੇ ਦਸ ਕੁ ਵਜੇ ਹੋਣਗੇ, ਗਲੀਆਂ ‘ਚ ਕਮਲਿਆਂ ਵਾਂਗ ਕੁੱਤਿਆਂ ਨੂੰ ਕੁੱਟਦਾ ਪਹਿਲਾਂ ਹੀ ਜਾਣਦੇ-ਪਛਾਣਦੇ ਕੁਲਵੰਤ ਜਲਾਲੇਆਣੇ ਦੇ ਬਾਰ ਅੱਗੇ ਜਾ ਖੜ੍ਹਾ। ਬਾਰ ਖੜਕਾ ਕੇ ਅਵਾਜ਼ ਮਾਰੀ ਤਾਂ ਕੁਲਵੰਤ ਸਿੰਘ ਨੇ ਮੇਰਾ ਬੋਲ ਸਿਆਣ ਕੇ ਬਾਰ ਖੋਲ੍ਹ ਦਿੱਤਾ। ਅੰਦਰ ਜਾ ਕੇ ਮੈਂ ਉਸ ਨੂੰ ਸਾਰੀ ਗੱਲ ਦੱਸੀ ਤਾਂ ਇਹ ਸੋਚ ਕੇ ਕਿ ਪੁਲਿਸ ਇਸ ਘਰ ਵੀ ਆ ਸਕਦੀ ਹੈ, ਅਸੀਂ ਹੋਰ ਕਿਸੇ ਘਰ ਚਲੇ ਗਏ ਜਿਸ ਬਾਰੇ ਮੈਨੂੰ ਨਹੀਂ ਪਤਾ ਸੀ ਕਿ ਇਹ ਕਿਸ ਦਾ ਘਰ ਸੀ। ਮੈਂ ਇਸ਼ਨਾਨ ਕੀਤਾ, ਖਾਧਾ-ਪੀਤਾ ਅਤੇ ਅਗਲੇ ਦਿਨ ਦੇ ਪ੍ਰੋਗਰਾਮ ਸਬੰਧੀ ਵਿਚਾਰ-ਵਟਾਂਦਰਾ ਕਰਕੇ ਅਸੀਂ ਸੌਂ ਗਏ।
ਸਵੇਰੇ ਉਠ ਕੇ ਤਿਆਰ ਹੋਏ, ਖਾਧਾ ਪੀਤਾ ਅਤੇ ਮੈਂ ਆਪਣਾ ਭੇਸ ਪੂਰੀ ਤਰ੍ਹਾਂ ਵਟਾ ਲਿਆ। ਫੈਸਲਾ ਹੋਇਆ ਕਿ ਮੈਂ ਤੇ ਕੁਲਵੰਤ ਕੋਟਕਪੂਰਾ ਰੋਡ ਦੇ ਸੰਧਵਾਂ ਤੋਂ ਫਰੀਦਕੋਟ ਵੱਲ ਨੂੰ ਪੈਂਦੇ ਗੁਰਦੁਆਰਾ ਸਾਹਿਬ ਦੇ ਅੱਡੇ ਤੋਂ ਵੱਖਰੇ-ਵੱਖਰੇ ਜਾ ਕੇ ਬੱਸ ਰਾਹੀਂ ਫਰੀਦਕੋਟ ਪਹੁੰਚ ਕੇ ਹਰਿੰਦਰਾ ਨਗਰ ਕੋਲ ਉਤਰ ਕੇ ਕੱਸੀ ਟੱਪਦੇ ਕਾਲਜ ਕੈਂਪਸ ਵਿਚ ਦਾਖਲ ਹੋ ਜਾਵਾਂਗੇ। ਮੈਥੋਂ ਪਹਿਲਾਂ ਪਹੁੰਚੇ ਕੁਲਵੰਤ ਜਲਾਲੇਆਣਾ ਨੂੰ ਕਿਸੇ ਹੋਰ ਪਾਸਿਓਂ ਆਇਆ ਮੇਜਰ ਬਰਾੜ ਵੀ ਮਿਲ ਗਿਆ ਅਤੇ ਉਹ ਦੋਵੇਂ ਮੇਰੇ ਮੂਹਰੇ-ਮੂਹਰੇ ਬਲਵੀਰ ਹਾਈ ਸਕੂਲ ਅਤੇ ਬ੍ਰਜਿੰਦਰਾ ਕਾਲਜ ਫਰੀਦਕੋਟ ਦੇ ਹਰਿੰਦਰਾ ਨਗਰ ਵਾਲੇ ਪਾਸੇ ਵਗਦੀ ਕੱਸੀ ਦੀ ਪਟੜੀ ‘ਤੇ ਜਾ ਰਹੇ ਸਨ। ਅਚਾਨਕ ਮੇਜਰ ਨੇ ਪਿਛੇ ਮੁੜ ਕੇ ਵੇਖਦਿਆਂ ਕੁਲਵੰਤ ਨੂੰ ਕਿਹਾ, “ਔਹ ਕੌਣ ਆਪਣੇ ਮਗਰ ਲੱਗਿਆ ਆਉਂਦਾ ਹੈ?” “ਬਿੱਕਰ ਸਿੰਘ”, ਕੁਲਵੰਤ ਹੱਸਦਿਆਂ ਕਹਿਣ ਲੱਗਿਆ ਅਤੇ ਉਹ ਦੋਵੇਂ ਮੈਨੂੰ ਨਾਲ ਰਲਾਉਣ ਲਈ ਖੜ੍ਹ ਗਏ ਤੇ ਅਗਲੇ ਹੀ ਪਲ ਮੈਂ ਉਨ੍ਹਾਂ ਦੇ ਕੋਲ ਪਹੁੰਚ ਗਿਆ।
“ਪਤੰਦਰਾ, ਕੱਲ੍ਹ ਤਾਂ ਮਸਾਂ ਪੁਲਿਸ ਨੂੰ ਚੋਰ-ਭਕਾਈ ਦੇ ਕੇ ਬਚਿਐਂ, ਤੇ ਅੱਜ ਫੇਰ ਵਹੀਆਂ ਦੇ ਗੜ੍ਹ ‘ਚ ਆ ਖੜ੍ਹਾ ਐ!” ਮੇਜਰ ਮੈਨੂੰ ਝਿੜਕਦਿਆਂ ਕਹਿਣ ਲੱਗਿਆ ਜਿਸ ਨੂੰ ਕੁਲਵੰਤ ਤੋਂ ਕੱਲ੍ਹ ਵਾਲੀ ਘਟਨਾ ਦਾ ਪਤਾ ਲੱਗ ਗਿਆ ਸੀ। “ਜੇ ਫਰੀਦਕੋਟ ਸ਼ਹਿਰ ਪੁਲਿਸ ਦਾ ਗੜ੍ਹ ਹੈ ਤਾਂ ਬ੍ਰਜਿੰਦਰਾ ਕਾਲਜ ਕੈਂਪਸ ਵੀ ਮਹਾਰਾਜਾ ਰਣਜੀਤ ਸਿੰਘ ਵਾਲੇ ਲਾਹੌਰ ਦੇ ਕਿਲੇ ਤੋਂ ਘੱਟ ਨਹੀਂ,” ਮੈਂ ਮੇਜਰ ਸਿੰਘ ਬਰਾੜ ਨੂੰ ਵਿਦਿਆਰਥੀ ਤਾਕਤ ਦਾ ਅਹਿਸਾਸ ਕਰਾਉਂਦਿਆਂ ਬੋਲਿਆ। ਗੱਲਾਂਬਾਤਾਂ ਮਾਰਦੇ ਅਸੀਂ ਕਾਲਜ ਪਹੁੰਚ ਗਏ। ਮੂੰਹੋਂ-ਮੂੰਹ ਵਿਦਿਆਰਥੀਆਂ ਨੂੰ ਬੀਤੇ ਦਿਨ ਮੇਰੇ ਵੱਲੋਂ ਪੁਲਿਸ ਨਾਲ ਖੇਡੀ ਗਈ ਲੁਕਣ-ਮੀਚੀ ਦੀ ਜਾਣਕਾਰੀ ਮਿਲ ਗਈ ਸੀ। ਮੈਂ ਮੇਜਰ ਹੁਰਾਂ ਨੂੰ ਇਹ ਕਹਿ ਕੇ ਕਿ ਜਦੋਂ ਵਿਦਿਆਰਥੀ ਇਕੱਤਰ ਹੋ ਜਾਣ ਤਾਂ ਉਹ ਮੈਨੂੰ ਬੁਲਾ ਲੈਣ, ਹੋਸਟਲ ਵੱਲ ਚਲਿਆ ਗਿਆ। ਥੋੜ੍ਹੇ ਸਮੇਂ ਬਾਅਦ ਸੁਨੇਹਾ ਮਿਲਣ ‘ਤੇ ਮੈਂ ਆਪਣੇ ਅਸਲੀ ਰੂਪ ਵਿਚ ਨਾਹਰੇ ਮਾਰਦਾ ਕਾਲਜ ਦੀ ਗੁਰੂ ਨਾਨਕ ਪਾਰਕ ਦੀ ਇਤਿਹਾਸ-ਸਿਰਜਣੀ ਸਟੇਜ ‘ਤੇ ਆ ਚੜ੍ਹਿਆ। ਵਿਦਿਆਰਥੀ ਮੈਨੂੰ ਵੇਖ-ਵੇਖ ਹੈਰਾਨ ਹੋ ਰਹੇ ਸਨ ਕਿ ਬੀਤੇ ਦਿਨ ਜਿਸ ਵਿਦਿਆਰਥੀ ਨੂੰ ਗ੍ਰਿਫਤਾਰ ਕਰਨ ਲਈ ਫਰੀਦਕੋਟ ਪੁਲਿਸ ਦੀ ਇਕ ਹਥਿਆਰਬੰਦ ਟੁਕੜੀ ਜੀਪਾਂ ਰਾਹੀਂ ਪਿੱਛਾ ਕਰਦੀ ਜਾਂ ਹਰ ਹੀਲਾ ਵਰਤਦੀ ਖਾਲੀ ਹੱਥ ਵਾਪਿਸ ਆ ਗਈ ਸੀ, ਉਹ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਸਟੇਜ ‘ਤੇ ਇੰਜ ਖੜ੍ਹਾ ਹੈ ਜਿਵੇਂ ਪਿਛਲੇ ਦਿਨ ਦੀ ਪੁਲਿਸ ਨਾਲ ਲੁਕਣ-ਮੀਚੀ ਵਾਲੀ ਘਟਨਾ ਕਿਸੇ ਹੋਰ ਨਾਲ ਹੀ ਵਾਪਰੀ ਹੋਵੇ।
ਰੈਲੀ ਖ਼ਤਮ ਹੋ ਗਈ। ਪੁਲਿਸ ਮੈਨੂੰ ਗ੍ਰਿਫਤਾਰ ਕਰਨ ਲਈ ਕਾਲਜ ਦੇ ਬਾਹਰ ਉਡੀਕ ਰਹੀ ਸੀ। ਕਾਲਜ ਦੇ ਇੱਕ ਪਾਸੇ ਵਿਦਿਆਰਥੀਆਂ ਲਈ ਰੇਲਵੇ ਸਟੇਸ਼ਨ ਹੈ ਜੋ ਲੰਬੇ ਸੰਘਰਸ਼ ਤੋਂ ਬਾਅਦ ਹੋਂਦ ਵਿਚ ਆਇਆ ਸੀ। ਪੁਲਿਸ ਨੂੰ ਚਕਮਾ ਦੇ ਕੇ ਵੱਡੀ ਗਿਣਤੀ ਵਿਚ ਮੁੰਡੇ-ਕੁੜੀਆਂ ਝੁਰਮਟ ਦੇ ਰੂਪ ਵਿਚ ਮੈਨੂੰ ਟਰੇਨ ‘ਤੇ ਚੜ੍ਹਾ ਆਏ ਜੋ ਠੀਕ ਉਸੇ ਵਕਤ ਆ ਕੇ ਰੁਕੀ ਸੀ। ਮੈਂ ਜੈਤੋ ਨੂੰ ਚੱਲ ਪਿਆ, ਜੋ ਉਸ ਸਮੇਂ ਸਾਡੀ ਵੱਡੀ ਲੁਕਣਗਾਹ ਹੁੰਦੀ ਸੀ।
Leave a Reply