ਭੋਪਾਲ: ਮੱਧ ਪ੍ਰਦੇਸ਼ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਹੀ ਮੁੱਖ ਮੰਤਰੀ ਕਮਲ ਨਾਥ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਤਕਰੀਬਨ 15 ਮਹੀਨੇ ਪਹਿਲਾਂ ਮੁੱਖ ਮੰਤਰੀ ਬਣੇ ਸਨ।
ਸੁਪਰੀਮ ਕੋਰਟ ਵਲੋਂ ਕਮਲ ਨਾਥ ਸਰਕਾਰ ਨੂੰ ਮੱਧ ਪ੍ਰਦੇਸ਼ ਵਿਧਾਨ ਸਭਾ ਵਿਚ ਭਰੋਸੇ ਦਾ ਵੋਟ ਸਾਬਤ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਕਾਂਗਰਸ ਦੇ 22 ਵਿਧਾਇਕਾਂ ਵਲੋਂ ਅਪਣਾਈ ਬਾਗੀ ਸੁਰ ਕਾਰਨ ਸਿਖਰਲੀ ਅਦਾਲਤ ਨੇ ਇਹ ਆਦੇਸ਼ ਦਿੱਤੇ ਸਨ। ਨਾਥ ਨੇ ਰਾਜ ਭਵਨ ਵਿਚ ਰਾਜਪਾਲ ਲਾਲਜੀ ਟੰਡਨ ਨੂੰ ਆਪਣਾ ਅਸਤੀਫਾ ਸੌਂਪਿਆ। ਅਸਤੀਫਾ ਪੱਤਰ ਵਿਚ ਨਾਥ ਨੇ ਲਿਖਿਆ, ”ਆਪਣੇ 40 ਵਰ੍ਹਿਆਂ ਦੇ ਸਿਆਸੀ ਜੀਵਨ ਵਿਚ ਮੈਂ ਹਮੇਸ਼ਾ ਪਵਿੱਤਰਤਾ ਦੀ ਸਿਆਸਤ ਕੀਤੀ ਹੈ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਤਰਜੀਹ ਦਿੱਤੀ ਹੈ। ਪਰ ਪਿਛਲੇ ਦੋ ਹਫਤਿਆਂ ਵਿਚ ਜੋ ਕੁਝ ਵਾਪਰਿਆ, ਉਹ ਲੋਕਤੰਤਰੀ ਕੀਮਤਾਂ ਦੇ ਨਿਘਾਰ ਦਾ ਨਵਾਂ ਅਧਿਆਏ ਹੈ।”
ਆਪਣੇ ਪੱਤਰ ਵਿਚ ਉਨ੍ਹਾਂ ਸੂਬੇ ਦੇ ਨਵੇਂ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਵੀ ਸੂਬੇ ਦੇ ਵਿਕਾਸ ਵਿਚ ਯੋਗਦਾਨ ਦਿੰਦੇ ਰਹਿਣਗੇ। ਅਸਤੀਫਾ ਦੇਣ ਤੋਂ ਪਹਿਲਾਂ ਨਾਥ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਪ੍ਰੈੱਸ ਕਾਨਫੰਰਸ ਦੌਰਾਨ ਉਨ੍ਹਾਂ ਭਾਜਪਾ ਉਤੇ ਉਨ੍ਹਾਂ ਦੀ ਸਰਕਾਰ ਖਿਲਾਫ ਸਾਜ਼ਿਸ਼ ਰਚ ਕੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਕਤਲ ਕਰਨ ਦੇ ਦੋਸ਼ ਲਾਏ ਅਤੇ ਕਾਂਗਰਸ ਦੇ ਸਾਬਕਾ ਆਗੂ ਜਯੋਤਿਰਦਿੱਤਿਆ ਸਿੰਧੀਆ ਨੂੰ ਸੂਬੇ ਦੇ ਮੌਜੂਦਾ ਸਿਆਸੀ ਸੰਕਟ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ 22 ਕਾਂਗਰਸੀ ਵਿਧਾਇਕਾਂ ਨੂੰ ਬੰਗਲੁਰੂ ਵਿਚ ਹਿਰਾਸਤ ਵਿਚ ਰੱਖਿਆ ਹੋਇਆ ਹੈ, ਜਿਸ ਨੂੰ ਪੂਰੇ ਮੁਲਕ ਨੇ ਦੇਖਿਆ ਹੈ। ਭਾਜਪਾ ਨੇ ਮਹਾਰਾਜਾ (ਸਿੰਧੀਆ) ਨਾਲ ਮਿਲ ਕੇ ਲੋਕਤੰਤਰ ਅਤੇ ਮੇਰੀ ਸਰਕਾਰ ਦਾ ਕਤਲ ਕੀਤਾ ਹੈ।
ਉਧਰ, ਭਾਜਪਾ ਆਗੂ ਜਯੋਤਿਰਦਿੱਤਿਆ ਸਿੰਧੀਆ ਨੇ ਮੁੱਖ ਮੰਤਰੀ ਕਮਲ ਨਾਥ ਵਲੋਂ ਦਿੱਤੇ ਅਸਤੀਫੇ ਨੂੰ ਮੱਧ ਪ੍ਰਦੇਸ਼ ਵਿਚ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ, ਜਿਸ ਵਲੋਂ ਪਾਰਟੀ ਛੱਡੇ ਜਾਣ ਮਗਰੋਂ ਕਮਲ ਨਾਥ ਸਰਕਾਰ ਡਿੱਗ ਗਈ, ਨੇ ਟਵੀਟ ਕੀਤਾ ਕਿ ਸਿਆਸਤ ਲੋਕਾਂ ਦੀ ਸੇਵਾ ਕਰਨ ਦਾ ਜ਼ਰੀਆ ਹੋਣੀ ਚਾਹੀਦੀ ਹੈ ਪਰ (ਕਮਲ ਨਾਥ ਦੀ ਅਗਵਾਈ ਵਾਲੀ) ਸਰਕਾਰ ਰਾਹ ਤੋਂ ਭਟਕ ਗਈ ਸੀ।
___________________________________________
ਬਾਗੀ ਵਿਧਾਇਕ ਭਾਜਪਾ ਵਿਚ ਸ਼ਾਮਲ
ਨਵੀਂ ਦਿੱਲੀ: ਮੱਧ ਪ੍ਰਦੇਸ਼ ਵਿਧਾਨ ਸਭਾ ਤੋਂ ਅਸਤੀਫਾ ਦੇਣ ਵਾਲੇ ਕਾਂਗਰਸ ਦੇ 22 ਬਾਗੀ ਵਿਧਾਇਕ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਦੱਸਿਆ ਕਿ ਇਹ ਆਗੂ ਜਯੋਤਿਰਦਿੱਤਿਆ ਸਿੰਧੀਆ ਦੀ ਅਗਵਾਈ ਹੇਠ ਭਾਜਪਾ ਪ੍ਰਧਾਨ ਜੇਪੀ ਨੱਢਾ ਨੂੰ ਮਿਲੇ, ਜਿਨ੍ਹਾਂ ਨੇ ਸਾਰੇ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕੀਤਾ। ਭਾਜਪਾ ਇਨ੍ਹਾਂ ਆਗੂਆਂ ਨੂੰ ਪਾਰਟੀ ਵੱਲੋਂ ਸੂਬੇ ਦੀਆਂ ਜ਼ਿਮਨੀ ਚੋਣਾਂ ‘ਚ ਉਤਾਰ ਸਕਦੀ ਹੈ। ਇਨ੍ਹਾਂ ਆਗੂਆਂ ਨੇ ਸ੍ਰੀ ਨੱਢਾ ਦੀ ਰਿਹਾਇਸ਼ ਉਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਸਮੇਂ ਵਿਜੈਵਰਗੀਆ ਵੀ ਹਾਜ਼ਰ ਸਨ।