ਕੋਵਿਡ-19: ਔਕੜਾਂ ਪਿਛੋਂ ਹੀ ਸਵਾਗਤ ਕਰਦੀ ਹੈ ਜ਼ਿੰਦਗੀ

-ਜਤਿੰਦਰ ਪਨੂੰ
ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ, ਤੇ ਖਾਸ ਕਰ ਕੇ ਕਰੋਨਾ ਵਾਇਰਸ (ਕੋਵਿਡ-19) ਜਿਹੀ ਬੇਹੱਦ ਖਤਰਨਾਕ ਬਿਮਾਰੀ ਬਾਰੇ ਮੇਰੀ ਜਾਣਕਾਰੀ ਮਸਾਂ ਓਨੀ ਕੁ ਮੰਨੀ ਜਾ ਸਕਦੀ ਹੈ, ਜਿੰਨੀ ਕਿਸੇ ਸਬਜ਼ੀ ਮੰਡੀ ਵਾਲੇ ਆੜ੍ਹਤੀਏ ਨੂੰ ਐਟਮ ਦੀ ਖੋਜ ਬਾਰੇ ਹੋ ਸਕਦੀ ਹੈ। ਇਸ ਲਈ ਮੈਂ ਇਹ ਦਾਅਵਾ ਨਹੀਂ ਕਰਦਾ ਕਿ ਜੋ ਕੁਝ ਲਿਖਣ ਲੱਗਾ ਹਾਂ, ਉਹ ਡਾਕਟਰੀ ਨੁਕਤੇ ਤੋਂ ਕਿਸੇ ਕੰਮ ਦੀ ਗੱਲ ਵੀ ਸਾਬਤ ਹੋ ਸਕਦਾ ਹੈ। ਲਿਖਣ ਦਾ ਕਾਰਨ ਬਿਮਾਰੀ ਨਹੀਂ, ਇਸ ਨਾਲ ਜੁੜੇ ਹੋਏ ਉਹ ਹਾਲਾਤ ਹਨ, ਜਿਨ੍ਹਾਂ ਕਾਰਨ ਇਹ ਬਿਮਾਰੀ ਇੱਕ ਸ਼ਹਿਰ ਤੋਂ ਉਠੀ ਅਤੇ ਸੰਸਾਰ ਭਰ ਵਿਚ ਸੱਥਰ ਵਿਛਾਉਣ ਦੇ ਪੱਧਰ ਨੂੰ ਪਹੁੰਚ ਗਈ ਹੈ। ਇਹ ਚਿੰਤਾ ਸਾਨੂੰ ਸਭ ਲੋਕਾਂ ਨੂੰ ਹੈ, ਕਿਸੇ ਨੂੰ ਵੀ ਘੱਟ ਨਹੀਂ ਹੋ ਸਕਦੀ।

ਸਾਂਝੀ ਚਿੰਤਾ ਦੇ ਇਸ ਮੁੱਦੇ ਬਾਰੇ ਜਿੰਨਾ ਅਸੀਂ ਘੋਖਣ ਦੇ ਯਤਨ ਕੀਤੇ, ਉਸ ਮੁਤਾਬਕ ਕਰੋਨਾ ਵਾਇਰਸ ਵਾਲੀ ਅਜੋਕੀ ਹਾਲਤ ਤੋਂ ਵੀਹ ਕੁ ਸਾਲ ਪਹਿਲਾਂ ‘ਸਾਰਸ’, ਸਵੀਅਰ ਅਕਿਊਟ ਰੈਸਪੀਰੇਟਰੀ ਸਿੰਡਰੋਮ (ਐਸ਼ ਏ. ਆਰ. ਐਸ਼) ਦੀ ਦੁਹਾਈ ਮੱਚੀ ਸੀ। ਉਹ ਵੀ ਚੀਨ ਤੋਂ ਸ਼ੁਰੂ ਹੋਇਆ ਦੱਸਿਆ ਗਿਆ ਸੀ ਤੇ ਫਿਰ ਢਾਈ ਦਰਜਨ ਦੇ ਕਰੀਬ ਦੇਸ਼ਾਂ ਤੱਕ ਖਿੱਲਰ ਗਿਆ ਸੀ। ਨੌਂ ਸਾਲ ਪਿਛੋਂ ਇਹੋ ਸਾਊਦੀ ਅਰਬ ਵੱਲੋਂ ਸ਼ੁਰੂ ਹੋਇਆ ਤਾਂ ਇਸ ਨੂੰ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ (ਐਮ. ਈ. ਆਰ. ਐਸ਼) ਦਾ ਨਾਂ ਦੇ ਦਿੱਤਾ ਗਿਆ, ਜੋ ਇੱਕੀ ਦੇਸ਼ਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਤੱਕ ਗਿਆ ਸੀ ਤੇ ਇਸ ਨਾਲ ਸਾਢੇ ਅੱਠ ਸੌ ਤੋਂ ਵੱਧ ਮੌਤਾਂ ਦਾ ਜ਼ਿਕਰ ਹੁੰਦਾ ਰਿਹਾ ਸੀ।
ਕਰੋਨਾ ਵਾਇਰਸ ਦਾ ਤਾਜ਼ਾ ਰੂਪ ‘ਕੋਵਿਡ-19’ ਵੀ ਉਸੇ ਦੀ ਅਗਲੀ ਕੜੀ ਦੱਸਿਆ ਜਾਂਦਾ ਹੈ। ਕੋਈ ਚਾਲੀ ਕੁ ਸਾਲ ਪਹਿਲਾਂ ਏਡਜ਼ ਦੀ ਬਿਮਾਰੀ ਦਾ ਪਤਾ ਲੱਗਾ ਸੀ, ਪਰ ਉਹ ਸੰਸਾਰ ਦੀ ਬਾਹਲੀ ਚਰਚਾ ਵਿਚ ਅੱਠ ਕੁ ਸਾਲ ਪਿਛੋਂ ਆਈ ਸੀ। ਕਹਿੰਦੇ ਸਨ ਕਿ ਉਹ ਬਿਮਾਰੀ ਅਮਰੀਕਾ ਵਿਚੋਂ ਉੱਠੀ ਸੀ, ਪਰ ਅਮਰੀਕਾ ਦੀ ਸਰਕਾਰ ਉਸੇ ਵੇਲੇ ਤੋਂ ਇਸ ਗੱਲ ਨੂੰ ਰੱਦ ਕਰਦੀ ਰਹੀ ਹੈ। ਸਮਾਂ ਪਾ ਕੇ ਇਸ ਰੋਗ ਦੇ ਮੁੱਢ ਬਾਰੇ ਖੋਜ ਬੰਦ ਹੋ ਗਈ ਤੇ ਇਸ ਦੇ ਇਲਾਜ ਦੀ ਚਰਚਾ ਨੇ ਸਾਰਾ ਮੰਚ ਸਾਂਭ ਲਿਆ ਸੀ। ਅੱਜ ਵਾਲੇ ਹਾਲਾਤ ਨਾ ਪੈਦਾ ਹੁੰਦੇ ਤਾਂ ਮਸਾਂ ਸੱਤ-ਅੱਠ ਸਾਲ ਪਹਿਲਾਂ ਵਾਲੇ ਐਮ. ਈ. ਆਰ. ਐਸ਼ ਦਾ ਚੇਤਾ ਵੀ ਲੋਕਾਂ ਨੂੰ ਨਹੀਂ ਸੀ ਰਿਹਾ। ਲੱਗਦਾ ਹੈ ਕਿ ਕੋਵਿਡ-19 ਦੀ ਚਰਚਾ ਵੀ ਇਸ ਨਾਲ ਮੌਤਾਂ ਹੋਣ ਦੇ ਸਮੇਂ ਤੱਕ ਸੀਮਤ ਹੋ ਜਾਵੇਗੀ ਤੇ ਅਗਲੀ ਕੋਈ ਆਫਤ ਉੱਠਣ ਤੱਕ ਬਹੁਤੇ ਲੋਕਾਂ ਨੂੰ ਇਸ ਬਿਮਾਰੀ ਦਾ ਚੇਤਾ ਵੀ ਨਹੀਂ ਰਹਿਣਾ।
ਅੱਜ ਦੀ ਘੜੀ ਜਦੋਂ ਇਸ ਰੋਗ ਨਾਲ ਮੌਤਾਂ ਦੀ ਗਿਣਤੀ ਦਿਨੋ-ਦਿਨ ਵਧੀ ਜਾਂਦੀ ਹੈ ਤੇ ਇਹ ਲਿਖਤ ਲਿਖਣ ਤੱਕ ਇਹ ਗਿਣਤੀ ਗਿਆਰਾਂ ਹਜ਼ਾਰ ਟੱਪ ਚੁਕੀ ਹੈ, ਇਸ ਦੀ ਗੰਭੀਰਤਾ ਨੇ ਹਰ ਕਿਸੇ ਦਾ ਧਿਆਨ ਖਿੱਚਿਆ ਹੈ। ਸੰਸਾਰ ਪੱਧਰ ਦੀਆਂ ਦੋ ਜੰਗਾਂ ਵਿਚੋਂ ਪਹਿਲੀ ਦਾ ਖਿਲਾਰਾ ਵੀਹ-ਬਾਈ ਦੇਸ਼ਾਂ ਤੱਕ ਰਿਹਾ ਸੀ ਤੇ ਦੂਜੀ ਜੰਗ ਦਾ ਖਿਲਾਰਾ ਵੀ ਲਗਭਗ ਏਨੇ ਕੁ ਦੇਸ਼ਾਂ ਤੱਕ ਸੀਮਤ ਰਹਿ ਗਿਆ ਸੀ, ਪਰ ਕਰੋਨਾ ਵਾਇਰਸ ਦੀ ਤਾਜ਼ਾ ਮਾਰ ਦਾ ਖਿਲਾਰਾ ਏਨਾ ਵਧਦਾ ਜਾ ਰਿਹਾ ਹੈ ਕਿ ਮਸਾਂ ਦੋ-ਚਾਰ ਦੇਸ਼ ਇਸ ਤੋਂ ਬਚੇ ਰਹਿ ਗਏ ਹਨ। ਇਸ ਤਰ੍ਹਾਂ ਇਹ ਰੋਗ ਇਹੋ ਜਿਹੀ ਆਫਤ ਦਾ ਰੂਪ ਧਾਰ ਗਿਆ ਹੈ, ਜਿਸ ਦੀ ਲਪੇਟ ਵਿਚ ਸਮੁੱਚਾ ਸੰਸਾਰ ਆਉਂਦਾ ਲੱਗਦਾ ਹੈ। ਦੁਨੀਆਂ ਦੀ ਪੰਚਾਇਤ ਮੰਨੀ ਜਾਂਦੀ ਯੂ. ਐਨ. ਓ. ਨੇ ਇਸ ਨੂੰ ਸੰਸਾਰ ਪੱਧਰ ਦੀ ਮਹਾਂਮਾਰੀ ਐਲਾਨ ਕੀਤਾ ਹੋਇਆ ਹੈ, ਕਈ ਦੇਸ਼ਾਂ ਵਿਚ ਇਸ ਕਾਰਨ ਲਾਕ-ਡਾਊਨ ਦੇ ਹੁਕਮ ਜਾਰੀ ਕਰਨੇ ਪਏ ਹਨ, ਪਰ ਅਜੇ ਵੀ ਇਸ ਦੇ ਇਲਾਜ ਦੀ ਥਾਂ ਕੁਝ ਦੇਸ਼ ਹੋਰ ਗੱਲਾਂ ਨੂੰ ਪਹਿਲ ਦੇ ਰਹੇ ਹਨ।
ਅਸੀਂ ਉਨ੍ਹਾਂ ਮੁਲਕਾਂ ਦੇ ਮਾਲਕਾਂ ਦੀ ਚਰਚਾ ਵਿਚ ਜਾ ਕੇ ਪਾਠਕਾਂ ਨੂੰ ਬੋਰ ਨਹੀਂ ਕਰਨਾ ਚਾਹੁੰਦੇ, ਜੋ ਔਕੜ ਦੇ ਵਕਤ ਵੀ ਇੱਕ-ਦੂਜੇ ‘ਤੇ ਦੋਸ਼ ਲਾਉਣ ਲੱਗੇ ਹੋਏ ਜਾਂ ਇਸ ਦੀ ਦਵਾਈ ਦੀ ਖੋਜ ਕੱਢਣ ਲਈ ਵੀ ਸਿਹਰਾ ਭਾਲਦੇ ਹਨ। ਇਸ ਦੀ ਥਾਂ ਅਸੀਂ ਬਿਮਾਰੀ ਦੇ ਟਾਕਰੇ ਲਈ ਲੋਕਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ। ਡਾਕਟਰ ਕਹਿੰਦੇ ਹਨ ਕਿ ਇਹ ਬਿਮਾਰੀ ਇੱਕ ਦੂਜੇ ਨਾਲ ਸੰਪਰਕ ਕਾਰਨ ਫੈਲਦੀ ਹੈ, ਜਿਸ ਲਈ ਸਰਕਾਰਾਂ ਨੇ ਕੁਝ ਹਦਾਇਤਾਂ ਦਿੱਤੀਆਂ ਹਨ। ਖਾਸ ਤੌਰ ‘ਤੇ ਇਹ ਗੱਲ ਕਹੀ ਗਈ ਹੈ ਕਿ ਜਦੋਂ ਵੀ ਕੋਈ ਵਿਦੇਸ਼ ਤੋਂ ਮੁੜਦਾ ਹੈ, ਉਹ ਆਪਣੇ ਰਾਹ ਵਿਚ ਪਤਾ ਨਹੀਂ ਕਿੰਨੇ ਅਤੇ ਕਿਸ ਤਰ੍ਹਾਂ ਦੇ ਲੋਕਾਂ ਦੇ ਸੰਪਰਕ ਵਿਚ ਆਇਆ ਹੋਵੇ, ਉਸ ਦੀ ਏਅਰਪੋਰਟ ‘ਤੇ ਸਕਰੀਨਿੰਗ ਹੋਣੀ ਜ਼ਰੂਰੀ ਹੈ ਤੇ ਜੇ ਕੋਈ ਸ਼ੱਕ ਪੈਂਦਾ ਹੋਵੇ ਤਾਂ ਉਸ ਨੂੰ ਚੌਦਾਂ ਦਿਨ ਵੱਖਰੇ ਰੱਖਣ ਦੀ ਲੋੜ ਹੈ। ਕਈ ਲੋਕ ਅਜੇ ਤੱਕ ਇਸ ਦਾ ਵੀ ਮਜ਼ਾਕ ਉਡਾਉਂਦੇ ਜਾਂ ਇਸ ਦੀ ਉਲੰਘਣਾ ਦਾ ਯਤਨ ਕਰਦੇ ਵੇਖੇ ਜਾ ਸਕਦੇ ਹਨ।
ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਿਛਲੇ ਹਫਤੇ ਬਾਹਰੋਂ ਕੁਝ ਪੰਜਾਬੀ ਆਏ ਤਾਂ ਮੁਢਲੀ ਸਕਰੀਨਿੰਗ ਪਿਛੋਂ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਦਿਨ ਵੱਖ ਰੱਖੇ ਜਾਣਾ ਜ਼ਰੂਰੀ ਹੈ। ਉਹ ਇਸ ਨੂੰ ਮੰਨਣ ਲਈ ਤਿਆਰ ਨਹੀਂ ਸਨ ਹੋ ਰਹੇ, ਪਰ ਜਦੋਂ ਜਾਣਾ ਪਿਆ ਤਾਂ ਆਪਣੇ ਪਰਿਵਾਰ ਨੂੰ ਮਿਲ ਕੇ ਬਾਅਦ ਵਿਚ ਆਈਸੋਲੇਸ਼ਨ ਵਿਚ ਜਾਣ ਦੀ ਜ਼ਿਦ ਕਰਨ ਲੱਗ ਪਏ। ਮੀਡੀਆ ਦੇ ਇੱਕ ਹਿੱਸੇ ਨੇ ਇਹ ਖਬਰ ਦੇ ਦਿੱਤੀ ਕਿ ਪ੍ਰਸ਼ਾਸਨ ਬੜਾ ਅਣ-ਮਨੁੱਖੀ ਹੈ, ਜੋ ਵਿਦੇਸ਼ ਤੋਂ ਆਏ ਲੋਕਾਂ ਨੂੰ ਆਪਣੇ ਪਰਿਵਾਰ ਨਾਲ ਵੀ ਮਿਲਣ ਦਿੱਤੇ ਬਿਨਾ ਚੁੱਕ ਕੇ ਲੈ ਗਿਆ ਹੈ। ਪ੍ਰਸ਼ਾਸਨਕ ਅਧਿਕਾਰੀਆਂ ਦਾ ਕਹਿਣਾ ਸੀ ਕਿ ਜੇ ਇਸ ਨੂੰ ਪਰਿਵਾਰ ਨਾਲ ਮਿਲਣ ਦਾ ਮੌਕਾ ਦੇ ਦਿੰਦੇ ਤਾਂ ਫਿਰ ਇਹ ਇਕੱਲਾ ਨਹੀਂ, ਇਸ ਨੂੰ ਮਿਲ ਚੁੱਕੇ ਪਰਿਵਾਰ ਦੇ ਸਾਰੇ ਲੋਕ ਇਕਲਾਪੇ ਵਾਲੀ ਥਾਂ ਲਿਜਾਣੇ ਪੈ ਜਾਣੇ ਸਨ। ਪੰਜਾਬ ਵਿਚ ਜਿਲਾ ਨਵਾਂ ਸ਼ਹਿਰ ‘ਚ ਪਹਿਲੀ ਮੌਤ ਜਿਸ ਸੱਜਣ ਦੀ ਹੋਈ ਹੈ, ਜੇ ਉਹ ਅਧਿਕਾਰੀਆਂ ਦੀ ਗੱਲ ਮੰਨ ਕੇ ਕੁਝ ਦਿਨ ਇਕਲਾਪੇ ਵਿਚ ਕੱਟ ਗਿਆ ਹੁੰਦਾ ਤਾਂ ਸ਼ਾਇਦ ਬਚ ਜਾਂਦਾ, ਪਰ ਉਸ ਦੀ ਮੌਤ ਨਾਲ ਬਹੁਤ ਸਾਰੇ ਹੋਰ ਲੋਕਾਂ ਲਈ ਵੀ ਚਿੰਤਾ ਦਾ ਸਬੱਬ ਬਣ ਗਿਆ ਸੀ। ਏਦਾਂ ਕਈ ਹੋਰ ਲੋਕ ਜਾਂਚ ਤੋਂ ਬਚ ਕੇ ਨਿਕਲ ਗਏ ਹਨ।
ਭਾਰਤੀ ਫਿਲਮਾਂ ਦੀ ਇੱਕ ਪ੍ਰਸਿੱਧ ਗਾਇਕਾ ਕਨਿਕਾ ਕਪੂਰ ਇੰਗਲੈਂਡ ਵਿਚ ਆਪਣੇ ਬੱਚਿਆਂ ਨੂੰ ਮਿਲਣ ਗਈ ਤਾਂ ਵਾਪਸੀ ਵੇਲੇ ਚੌਕਸੀ ਨੂੰ ਝਕਾਨੀ ਦੇ ਕੇ ਲਖਨਊ ਆਪਣੇ ਘਰ ਪਹੁੰਚ ਗਈ। ਉਥੇ ਜਾ ਕੇ ਉਹ ਉਤਰ ਪ੍ਰਦੇਸ਼ ਦੇ ਲੋਕਪਾਲ ਦੇ ਘਰ ਹੋਈ ਪਾਰਟੀ ਵਿਚ ਗਾਉਣ ਤੇ ਨੱਚਣ ਲੱਗੀ ਰਹੀ, ਫਿਰ ਉਹ ਮੁੰਬਈ ਚਲੀ ਗਈ ਤੇ ਚਾਰ-ਪੰਜ ਪਾਰਟੀਆਂ ਹੋਣ ਪਿਛੋਂ ਪਤਾ ਲੱਗਾ ਕਿ ਉਸ ਨੂੰ ਕਰੋਨਾ ਵਾਇਰਸ ਦੀ ਲਾਗ ਹੈ। ਇਸ ਦੌਰਾਨ ਲਖਨਊ ਅਤੇ ਮੁੰਬਈ ਵਿਚ ਉਸ ਦੇ ਨਾਲ ਪਾਰਟੀਆਂ ਵਿਚ ਸ਼ਾਮਲ ਹੋਏ ਲੋਕਾਂ ਵਿਚੋਂ ਹਰ ਕੋਈ ਅੱਗੇ ਕਈ ਲੋਕਾਂ ਨੂੰ ਮਿਲ ਚੁਕਾ ਸੀ। ਪਾਰਲੀਮੈਂਟ ਦਾ ਇੱਕ ਮੈਂਬਰ ਲੋਕ ਸਭਾ ਵਿਚ ਜਾਣ ਤੋਂ ਇਲਾਵਾ ਰਾਸ਼ਟਰਪਤੀ ਭਵਨ ਵਿਚ ਵੀ ਇੱਕ ਗਰੁੱਪ ਵਿਚ ਸ਼ਾਮਲ ਹੋ ਚੁਕਾ ਸੀ। ਇੱਕ ਗਾਇਕਾ ਦੀ ਨਾਲਾਇਕੀ ਕਾਰਨ ਕਈ ਲੋਕ ਮੁਸੀਬਤ ਵਿਚ ਫਸ ਗਏ ਸਨ। ਇਸ ਪਿਛੋਂ ਜਦੋਂ ਉਨ੍ਹਾਂ ਬਾਕੀ ਲੋਕਾਂ ਨੂੰ ਪਤਾ ਲੱਗਾ ਕਿ ਇਕਲਾਪੇ ਲਈ ਉਨ੍ਹਾਂ ਨੂੰ ਤਿਆਰ ਹੋਣਾ ਪੈਣਾ ਹੈ ਤਾਂ ਉਹ ਇਸ ਵਾਸਤੇ ਤਿਆਰ ਨਹੀਂ ਸਨ।
ਬਹੁਤ ਸਾਰੇ ਲੋਕਾਂ ਲਈ ਇਹ ਹੈਰਾਨੀ ਦੀ ਗੱਲ ਹੈ ਕਿ ਪੜ੍ਹੇ-ਲਿਖੇ ਅਤੇ ਦੇਸ਼ ਦੀ ਪਾਰਲੀਮੈਂਟ ਵਿਚ ਬੈਠ ਕੇ ਕਾਨੂੰਨ ਬਣਾਉਣ ਦੇ ਕੰਮਾਂ ਵਿਚ ਸ਼ਾਮਲ ਹੋਣ ਵਾਲੇ ਸਿਆਸੀ ਲੀਡਰ ਵੀ ਇਸ ਗੱਲ ਤੋਂ ਡਰੀ ਜਾ ਰਹੇ ਸਨ ਕਿ ਚੌਦਾਂ ਦਿਨ ਆਈਸੋਲੇਸ਼ਨ (ਕਿਸੇ ਥਾਂ ਇਕੱਲੇ ਰਹਿਣਾ) ਉਨ੍ਹਾਂ ਲਈ ਬਹੁਤ ਮੁਸ਼ਕਿਲ ਹੋ ਸਕਦਾ ਹੈ। ਇਸ ਵਿਚ ਓਨੀ ਵੱਡੀ ਮੁਸ਼ਕਿਲ ਸਰੀਰਕ ਨਹੀਂ, ਜਿੰਨੀ ਮਾਨਸਿਕ ਰੂਪ ਵਿਚ ਹੈ ਅਤੇ ਉਸ ਲਈ ਅਜਿਹੇ ਲੋਕਾਂ ਵਾਸਤੇ ਇੱਕੋ ਮਿਸਾਲ ਕਾਫੀ ਹੋ ਸਕਦੀ ਹੈ।
ਮੇਰੇ ਸਾਹਮਣੇ ਸਾਲ 1997 ਦੀ ਅਮਰੀਕੀ ਸੂਬੇ ਯੂਟਾ ਦੇ ਲੇਅਟਨ ਸ਼ਹਿਰ ਦੀ ਰਿਪੋਰਟ ਪਈ ਹੈ। ਸਕੀਇੰਗ ਕਰਦਿਆਂ ਉਥੇ ਕੇਰਿਨ ਹਾਰਟਲੀ ਨਾਂ ਦੀ ਕੁੜੀ ਅਚਾਨਕ ਬਰਫ ਵਿਚ ਏਦਾਂ ਦੇ ਥਾਂ ਜਾ ਫਸੀ, ਜਿੱਥੋਂ ਨਿਕਲਣ ਦਾ ਕੋਈ ਰਸਤਾ ਨਹੀਂ ਸੀ ਤੇ ਇਸ ਦੌਰਾਨ ਰਾਤ ਪੈ ਗਈ। ਉਸ ਨੂੰ ਇੱਕੋ ਗੱਲ ਯਾਦ ਰਹੀ ਕਿ ਜਿੰਦਾ ਰਹਿਣਾ ਹੈ। ਇੱਕੋ ਚਾਕਲੇਟ ਜੋ ਉਸ ਕੋਲ ਬਚਿਆ ਸੀ, ਉਹ ਉਸ ਨੇ ਖਾ ਲਿਆ ਅਤੇ ਬਰਫ ਵਿਚਾਲੇ ਹਨੇਰੀ ਰਾਤ ਵਿਚ ਨੱਚਣ ਲੱਗ ਪਈ ਅਤੇ ਸਾਰੀ ਰਾਤ ਨੱਚਦੀ ਰਹੀ। ਉਸ ਨੂੰ ਪਤਾ ਸੀ ਕਿ ਪਾਰਾ ਜਮਾ ਸਕਣ ਵਾਲੀ ਬਰਫ ਦੇ ਢੇਰ ਉਸ ਦੀਆਂ ਨਾੜਾਂ ਦੇ ਅੰਦਰ ਦੀ ਗਰਮੀ ਵੀ ਜਮਾ ਸਕਦੇ ਹਨ, ਪਰ ਜੇ ਇਨ੍ਹਾਂ ਨਾੜਾਂ ਨੂੰ ਉਹ ਆਪਣੀ ਹਰਕਤ ਤੇ ਕਸਰਤ ਨਾਲ ਗਰਮ ਰੱਖ ਸਕੀ ਤਾਂ ਰਾਤ ਤੇ ਮੌਤ-ਦੋਵਾਂ ‘ਤੇ ਜਿੱਤ ਹਾਸਲ ਕਰ ਸਕਦੀ ਹੈ। ਕੇਰਿਨ ਹਾਰਟਲੀ ਨੱਚਦੀ ਰਹੀ, ਨੱਚਦੀ ਰਹੀ ਤੇ ਅਗਲੇ ਦਿਨ ਸਵੇਰੇ ਉਸ ਨੂੰ ਲੱਭਦਾ ਹੈਲੀਕਾਪਟਰ ਨਜ਼ਰ ਆ ਗਿਆ ਸੀ। ਉਹ ਹੈਲੀਕਾਪਟਰ ਦਿੱਸਣ ਪਿਛੋਂ ਉਸ ਨੂੰ ਕਿੰਨੀ ਖੁਸ਼ੀ ਪ੍ਰਾਪਤ ਹੋਈ ਹੋਵੇਗੀ, ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ, ਪਰ ਇਸ ਖੁਸ਼ੀ ਤੱਕ ਪਹੁੰਚਣ ਲਈ ਹਿੰਮਤ ਕਿਸੇ ਹੋਰ ਨੇ ਨਹੀਂ, ਕੇਰਿਨ ਨੇ ਖੁਦ ਕੀਤੀ ਸੀ। ਉਹ ਸਾਰੀ ਰੱਤ ਨੱਚ ਕੇ ਮੌਤ ਨੂੰ ਹਰਾਉਣ ਵਿਚ ਸਫਲ ਰਹੀ।
ਜਿਨ੍ਹਾਂ ਲੋਕਾਂ ਨੂੰ ਇਸ ਵਕਤ ਕਰੋਨਾ ਵਾਇਰਸ ਤੋਂ ਬਚਣ ਲਈ ਕੁਝ ਦਿਨ ਬਾਕੀ ਲੋਕਾਂ ਤੋਂ ਵੱਖਰੇ ਰਹਿਣਾ ਪੈਣਾ ਹੈ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ, ਉਨ੍ਹਾਂ ਨੇ ਸਿਰਫ ਇਕਲਾਪੇ ਵਿਚ ਰਹਿਣਾ ਹੈ, ਕੇਰਿਨ ਵਾਂਗ ਨੱਚਣਾ ਨਹੀਂ ਪੈਣਾ। ਜ਼ਿੰਦਗੀ ਇਨਸਾਨ ਅੱਗੇ ਬਹੁਤ ਸਾਰੇ ਇਮਤਿਹਾਨ ਪੇਸ਼ ਕਰਦੀ ਹੈ, ਜੋ ਕੋਈ ਇਹ ਇਮਤਿਹਾਨ ਪਾਸ ਕਰ ਸਕਦਾ ਹੈ, ਜ਼ਿੰਦਗੀ ਉਸੇ ਦਾ ਸਵਾਗਤ ਕਰਦੀ ਹੈ। ‘ਹਿੰਮਤੇ ਮਰਦਾਂ, ਮਦਦ-ਇ-ਖੁਦਾ’ ਦਾ ਮੁਹਾਵਰਾ ਵੀ ਸ਼ਾਇਦ ਇਸੇ ਲਈ ਬਣਾਇਆ ਗਿਆ ਸੀ।