ਕਰੋਨਾ ਵਾਇਰਸ ਨੇ ਸਿਹਤ ਸਹੂਲਤਾਂ ਦਾ ਭਾਂਡਾ ਭੰਨਿਆ

ਬੂਟਾ ਸਿੰਘ
ਫੋਨ: +91-94634-74342
ਇਸ ਵਕਤ ਦੁਨੀਆਂ ਭਿਆਨਕ ਮਹਾਮਾਰੀ ਕਰੋਨਾ ਵਾਇਰਸ (ਕੋਵਿਡ-19) ਦੀ ਲਪੇਟ ਵਿਚ ਹੈ। ਕੁਲ ਆਲਮ ਵਿਚ ਮਨੁੱਖੀ ਜ਼ਿੰਦਗੀ ਅਤੇ ਆਰਥਿਕਤਾ ਠੱਪ ਹੋ ਗਈ ਹੈ। ਦੁਨੀਆਂ ਭਰ ਵਿਚ ਕਰੋਨਾ ਦੇ ਕੇਸਾਂ ਦੀ ਤਾਦਾਦ ਪੌਣੇ ਚਾਰ ਲੱਖ ਤੋਂ ਉਪਰ ਅਤੇ ਮੌਤਾਂ ਦੀ ਤਾਦਾਦ ਸਾਢੇ ਸੋਲਾਂ ਹਜ਼ਾਰ ਤੋਂ ਉਪਰ ਹੋ ਗਈ ਹੈ। ਇਟਲੀ ਵਿਚ ਰੋਜ਼ਾਨਾ ਮਰਨ ਵਾਲਿਆਂ ਦੀ ਤਾਦਾਦ ਸਭ ਤੋਂ ਜ਼ਿਆਦਾ ਹੈ। ਇਟਲੀ ਵਿਚ ਹੋਈਆਂ ਮੌਤਾਂ, ਕੁਲ ਆਲਮ ਦੇ ਜਾਨੀ ਨੁਕਸਾਨ ਦਾ 35 ਫੀਸਦੀ ਬਣਦੀਆਂ ਹਨ। ਸਪੇਨ ਵਿਚ ਮੌਤਾਂ ਦੀ ਗਿਣਤੀ ਵਿਚ 30 ਫੀਸਦੀ ਇਜ਼ਾਫਾ ਸਾਹਮਣੇ ਆਇਆ ਹੈ। ਹੋਰ ਮੁਲਕ ਵੀ ਕਰੋਨਾ ਵਾਇਰਸ ਦੀ ਭਿਆਨਕਤਾ ਨਾਲ ਜੂਝ ਰਹੇ ਹਨ।

ਆਲਮੀ ਆਰਥਿਕਤਾ ਦੇ ਥੰਮ੍ਹ ਮੰਨੇ ਜਾਂਦੇ ਅਰਥਚਾਰਿਆਂ ਉਪਰ ਇਸ ਸਥਿਤੀ ਦੇ ਮਾੜੇ ਪ੍ਰਭਾਵ ਸਪਸ਼ਟ ਨਜ਼ਰ ਆ ਰਹੇ ਹਨ। ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਗਿਰਾਵਟ ਦੀ ਲਪੇਟ ਵਿਚ ਹਨ। ਜਰਮਨੀ ਦੀ ਆਰਥਿਕਤਾ 5 ਫੀਸਦੀ ਸੁੰਗੜ ਗਈ ਹੈ। ਬੇਕਾਰੀ, ਕਾਰੋਬਾਰਾਂ ਦੀ ਲਗਾਤਾਰ ਬੰਦੀ ਨਾਲ ਆਮ ਨਾਗਰਿਕ ਦੀ ਜ਼ਿੰਦਗੀ ਦੀ ਗੱਡੀ ਲੀਹੋਂ ਲੱਥ ਗਈ ਹੈ, ਉਪਰੋਂ ਜ਼ਰੂਰੀ ਵਸਤਾਂ ਦੀ ਬਲੈਕ, ਜਮ੍ਹਾਂਖੋਰੀ ਅਤੇ ਡਰ ਵਿਚੋਂ ਥੋਕ ਖਰੀਦਦਾਰੀ ਉਨ੍ਹਾਂ ਦੀਆਂ ਜੇਬਾਂ ਕੱਟ ਰਹੀ ਹੈ। ਇਸ ਸੰਕਟ ਨਾਲ ਵੱਖੋ-ਵੱਖਰੇ ਮੁਲਕਾਂ ਦੀ ਆਰਥਿਕਤਾ ਕਿੰਨੀ ਨੁਕਸਾਨੀ ਗਈ, ਇਸ ਦੀ ਅਸਲ ਹਾਲਤ ਸਾਹਮਣੇ ਆਉਣ ਲਈ ਅਜੇ ਵਕਤ ਲੱਗੇਗਾ ਲੇਕਿਨ ਇਕ ਚੀਜ਼ ਜੱਗ-ਜ਼ਾਹਰ ਹੈ ਕਿ ਕਰੋਨਾ ਵਾਇਰਸ ਦੀ ਰੋਕਥਾਮ ਲਈ ਦਵਾਈ ਈਜਾਦ ਕਰਕੇ ਮੁਨਾਫੇ ਕਮਾਉਣ ਦੀ ਕਾਰਪੋਰੇਟ ਹੋੜ ਜ਼ੋਰਾਂ ‘ਤੇ ਹੈ। ਕੁਲ ਆਲਮ ਵਿਚ ਬਹੁਤ ਹੀ ਗੰਭੀਰ ਹਾਲਾਤ ਹਨ, ਸਿਰਫ ਚੀਨ ਅਤੇ ਦੱਖਣੀ ਕੋਰੀਆ ਵਲੋਂ ਇਸ ਮਹਾਮਾਰੀ ਉਪਰ ਕਾਬੂ ਪਾ ਲੈਣ ਦੀਆਂ ਰਿਪੋਰਟਾਂ ਹਨ ਜੋ ਵੱਡੇ ਪੈਮਾਨੇ ‘ਤੇ ਜਾਂਚ ਇੰਤਜ਼ਾਮਾਂ ਜ਼ਰੀਏ ਸੰਭਵ ਹੋਇਆ ਹੈ।
ਇਸ ਮਹਾਮਾਰੀ ਨਾਲ ਨਜਿੱਠਣ ਲਈ ਬਹੁਤ ਸਾਰੇ ਮੁਲਕਾਂ ਨੇ ਵਿਸ਼ੇਸ਼ ਕਦਮ ਚੁੱਕੇ ਹਨ। ਮਹਾਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਸਪੇਨ ਸਰਕਾਰ ਨੇ ਮੁਲਕ ਦੇ ਤਮਾਮ ਪ੍ਰਾਈਵੇਟ ਹਸਪਤਾਲਾਂ ਦਾ ਰਾਸ਼ਟਰੀਕਰਨ ਕਰਕੇ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਦਾ ਇਤਿਹਾਸਕ ਕਦਮ ਚੁੱਕਿਆ ਹੈ। ਅਵਾਮ ਨੂੰ ਰਾਹਤ ਦੇਣ ਲਈ ਹੋਰ ਵੱਡੇ ਆਰਥਿਕ ਪੈਕੇਜ ਵੀ ਐਲਾਨੇ ਗਏ ਹਨ। ਚੀਨ ਅਤੇ ਕੋਰੀਆ ਤੋਂ ਇਲਾਵਾ ਇਟਲੀ, ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਮੁਲਕਾਂ ਦੀਆਂ ਸਰਕਾਰਾਂ ਨੇ ਵੀ ਇਸ ਮਹਾਮਾਰੀ ਨਾਲ ਨਜਿੱਠਣ ਲਈ ਵਿਸ਼ੇਸ਼ ਪੈਕੇਜ ਐਲਾਨੇ ਹਨ। ਇਨ੍ਹਾਂ ਵਿਚ ਸਿਹਤ ਸੇਵਾਵਾਂ ਅੰਦਰ ਲੋੜੀਂਦੇ ਸੁਧਾਰਾਂ ਦੇ ਨਾਲ-ਨਾਲ ਕਾਰੋਬਾਰੀਆਂ ਅਤੇ ਕਾਮਿਆਂ ਲਈ ਆਰਥਿਕ ਸਹਾਇਤਾ, ਫਰੀ ਜਾਂਚ ਤੇ ਸਿਹਤ ਸੇਵਾਵਾਂ, ਪੜ੍ਹਾਈ ਦੀ ਫੀਸ ਮੁਆਫੀ, ਟੈਕਸਾਂ ਤੇ ਕਰਜ਼ਿਆਂ ਤੋਂ ਵਿਸ਼ੇਸ਼ ਛੋਟ, ਕਈ ਸਰਕਾਰਾਂ ਨੇ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਅਤੇ ਹੋਰ ਲੋਕ ਭਲਾਈ ਕਦਮ ਚੁੱਕਣ ਦਾ ਐਲਾਨ ਕੀਤਾ ਹੈ; ਲੇਕਿਨ ਭਾਰਤ ਵਿਚ ਆਰ.ਐਸ਼ਐਸ਼-ਭਾਜਪਾ ਸਰਕਾਰ ਨੇ ਰਾਸ਼ਟਰਪਤੀ ਭਵਨ ਦੇ ਮੁੜ ਵਿਕਾਸ ਲਈ 20,000 ਕਰੋੜ ਰੁਪਏ ਤਾਂ ਮਨਜ਼ੂਰ ਕਰ ਦਿੱਤੇ ਲੇਕਿਨ ਮਹਾਮਾਰੀ ਨੂੰ ਰੋਕਣ ਲਈ ਇਕ ਧੇਲਾ ਵੀ ਜਾਰੀ ਨਹੀਂ ਕੀਤਾ। ਇਸ ਤੋਂ ਇਕ ਵਾਰ ਫਿਰ ਸਪਸ਼ਟ ਹੋ ਗਿਆ ਕਿ ਉਹ ਕਾਰਪੋਰੇਟ ਲੰਗੋਟੀਏ ਯਾਰਾਂ ਨੂੰ ਅਰਬਾਂ ਖਰਬਾਂ ਦੀਆਂ ਟੈਕਸ ਰਿਆਇਤਾਂ ਦੇਣ, ਬੈਂਕਾਂ, ਤੇਲ ਕੰਪਨੀਆਂ ਲੁਟਾਉਣ ਅਤੇ ਪਾਟਕ-ਪਾਊ ਸਿਆਸਤ ਤੋਂ ਇਕ ਕਦਮ ਵੀ ਅੱਗੇ ਜਾਣਾ ਨਹੀਂ ਚਾਹੁੰਦੇ। ਇਸ ਪੱਖੋਂ ਸਾਮਰਾਜੀ ਸਰਗਨਾ ਟਰੰਪ ਅਤੇ ਹੋਰ ਘੋਰ-ਸੱਜੇਪੱਖੀ ਨਿਜ਼ਾਮ ਵੀ ਉਨ੍ਹਾਂ ਦੇ ਰੋਲ-ਮਾਡਲ ਨਹੀਂ।
ਭਾਰਤ ਵਿਚ ਇਸ ਵਕਤ ਇਹ ਮਹਾਮਾਰੀ ਦੂਜੇ ਪੜਾਅ ਵਿਚ ਹੈ। ਇਹ ਸਥਾਨਕ ਵਸੋਂ ਵਿਚ ਫੈਲਣੀ ਸ਼ੁਰੂ ਹੋ ਚੁੱਕੀ ਹੈ। ਹੁਣ ਤੱਕ ਪੰਜ ਸੌ ਤੋਂ ਉਪਰ ਮਾਮਲੇ ਸਾਹਮਣੇ ਆ ਚੁੱਕੇ ਹਨ; ਜਦਕਿ ਅਜੇ ਟੈਸਟਾਂ ਦੀ ਪੂਰੀ ਵਿਵਸਥਾ ਨਹੀਂ ਹੈ। ਫਿਰ ਵੀ ਜੋ ਮਾਮਲੇ ਸਾਹਮਣੇ ਆ ਰਹੇ ਹਨ, ਉਹ ਸ਼ਾਇਦ ਇਹੀ ਸੰਕੇਤ ਦੇ ਰਹੇ ਹਨ ਕਿ ‘ਕਮਿਊਨਿਟੀ ਟਰਾਂਸਮਿਸ਼ਨ’ ਦਾ ਪੜਾਅ ਜ਼ਿਆਦਾ ਦੂਰ ਨਹੀਂ। ਇਸ ਵਕਤ 30 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 548 ਜ਼ਿਲ੍ਹਿਆਂ ਵਿਚ ਮੁਕੰਮਲ ਲਾਕਡਾਊਨ ਲਾਗੂ ਕਰ ਦਿੱਤਾ ਹੈ, ਸਿਰਫ ਤਿੰਨ ਰਾਜਾਂ ਦੇ 58 ਜ਼ਿਲ੍ਹਿਆਂ ਨੂੰ ਹੀ ਅੰਸ਼ਕ ਪਾਬੰਦੀਆਂ ਲਈ ਬਾਹਰ ਰੱਖਿਆ ਗਿਆ ਹੈ। ਇਸ ਦੌਰਾਨ ਜਦ ਭਾਰਤ ਦੇ ‘ਮਾਸਟਰ ਸਟਰੋਕ’ ਦੇ ਮਾਹਰ ਪ੍ਰਧਾਨ ਮੰਤਰੀ ਨੇ ਅਵਾਮ ਨੂੰ ਮੁਖਾਤਿਬ ਹੋਣਾ ਸੀ ਤਾਂ ਬਹੁਤ ਸਾਰੇ ਹਿੱਸਿਆਂ ਨੂੰ ਉਮੀਦ ਜਾਗੀ ਕਿ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਕੋਈ ਖਾਸ ਐਲਾਨ ਕੀਤਾ ਜਾਣ ਵਾਲਾ ਹੈ; ਲੇਕਿਨ ਵਿਸ਼ੇਸ਼ ਸੰਬੋਧਨ ਤਾਂ ਮਹਿਜ਼ ਅਵਾਮ ਲਈ 12 ਘੰਟੇ ਦਾ ‘ਜਨਤਾ ਕਰਫਿਊ’ ਲਾਉਣ, ਹੌਸਲਾ ਰੱਖਣ ਦੀ ਫੋਕੀ ਤਸੱਲੀ ਦੇਣ ਅਤੇ ਥਾਲੀਆਂ ਖੜਕਾਉਣ ਤੇ ਤਾੜੀਆਂ ਵਜਾਉਣ ਲਈ ਸੀ। ਭਾਰਤ ਦੇ ਇਕ ਨਿੱਕੇ ਜਿਹੇ ਰਾਜ ਕੇਰਲ ਨੇ ਆਪਣੇ ਨਾਗਰਿਕਾਂ ਲਈ 20,000 ਕਰੋੜ ਰੁਪਏ ਦਾ ਪੈਕੇਜ ਅਤੇ ਹੋਰ ਕਈ ਸਹੂਲਤਾਂ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਅਤੇ ਕੇਜਰੀਵਾਲ ਸਰਕਾਰ ਨੇ ਵੀ ਆਪਣੇ ਤੌਰ ‘ਤੇ ਰਾਹਤ ਦੇ ਐਲਾਨ ਕੀਤੇ ਹਨ; ਲੇਕਿਨ ਪ੍ਰਧਾਨ ਮੰਤਰੀ ਦੇ ਸੰਬੋਧਨ ਵਿਚ ਫੋਕੇ ਭਾਸ਼ਨ ਤੋਂ ਸਿਵਾਏ ਕੁਝ ਵੀ ਨਹੀਂ ਸੀ। ਇਸ ਵਿਚ ਅਵਾਮ ਲਈ ਨਸੀਹਤਾਂ ਸਨ ਅਤੇ ਇਹ ਅਸਿੱਧਾ ਸੰਦੇਸ਼ ਵੀ ਕਿ ਸੰਕਟ ਦੇ ਹੋਰ ਵਧਣ ਦੀ ਸੂਰਤ ਵਿਚ ਨਾਗਰਿਕ ਉਸ ਦੀ ਵਜ਼ਾਰਤ ਤੋਂ ਉਮੀਦ ਨਾ ਰੱਖਣ। ਕਿਸੇ ਨੂੰ ਲੱਗ ਸਕਦਾ ਹੈ ਕਿ ਜੇ ਪ੍ਰਧਾਨ ਮੰਤਰੀ ਬੇਮਿਸਾਲ ਸੰਕਟ ਨਾਲ ਜੂਝ ਰਹੇ ਸਿਹਤ ਕਾਮਿਆਂ ਦੀ ਹੌਸਲਾ-ਅਫਜ਼ਾਈ ਲਈ ਥਾਲੀਆਂ, ਟੱਲੀਆਂ ਵਜਾਉਣ ਦੀ ਅਪੀਲ ਕਰ ਰਿਹਾ ਹੈ ਤਾਂ ਇਸ ਵਿਚ ਗਲਤ ਕੀ ਹੈ? ਦਰਅਸਲ, ਇਹ ਇਸ ਲਫਾਫੇਬਾਜ਼ੀ ਦੀ ਆੜ ਵਿਚ ਸਰਕਾਰ ਦੀ ਸੰਕਟ ਦੇ ਵਕਤ ਸੰਵਿਧਾਨਕ ਜ਼ਿੰਮੇਵਾਰੀ ਨੂੰ ਤਿਲਾਂਜਲੀ ਦੇਣ ਅਤੇ ਆਪਣੀ ਪ੍ਰਸ਼ਾਸਨਿਕ ਨਾਲਾਇਕੀ ਉਪਰ ਪਰਦਾ ਪਾਉਣ ਲਈ ਅਵਾਮ ਦਾ ਧਿਆਨ ਭਟਕਾਉਣ ਦੀ ਕਵਾਇਦ ਹੀ ਨਹੀਂ ਸੀ, ਇਹ ਹੋਰ ਵੀ ਕਈ ਕੁਝ ਸੀ। ਮਾਮਲੇ ਨੂੰ ਠੋਸ ਹਕੀਕਤ ਦੇ ਪ੍ਰਸੰਗ ਵਿਚ ਦੇਖਿਆਂ-ਪਰਖਿਆਂ ਇਹ ਹਕੀਕਤ ਸਾਫ ਸਮਝ ਆ ਜਾਂਦੀ ਹੈ।
ਹਰ ਕੋਈ ਜਾਣਦਾ ਹੈ ਕਿ ਕਰੋਨਾ ਵਾਇਰਸ ਸਾਡੇ ਮੁਲਕ ਵਿਚ ਪੈਦਾ ਨਹੀਂ ਹੋਇਆ, ਇਹ ਬਾਹਰੋਂ ਹੋਰ ਮੁਲਕਾਂ ਤੋਂ ਆਉਣ ਵਾਲੇ ਮੁਸਾਫਿਰਾਂ ਜ਼ਰੀਏ ਭਾਰਤ ਵਿਚ ਆਇਆ ਹੈ। ਸਵਾਲ ਇਹ ਹੈ ਕਿ ਚੀਨ ਅਤੇ ਯੂਰਪੀ ਮੁਲਕਾਂ ਵਿਚ ਮਹਾਮਾਰੀ ਦੀ ਵਿਆਪਕਤਾ ਦੇ ਮੱਦੇਨਜ਼ਰ ਵਾਹਦ ਦੇਸ਼ਭਗਤ ਹੋਣ ਦੀ ਦਾਅਵੇਦਾਰ ਸਰਕਾਰ ਨੇ ਇਸ ਦੀ ਰੋਕਥਾਮ ਲਈ ਕੀ ਇਹਤਿਹਾਤੀ ਕਦਮ ਚੁੱਕੇ, ਜੋ ਮੁਢਲੇ ਅਤੇ ਜ਼ਰੂਰੀ ਸਨ? ਬਾਹਰੋਂ ਆਉਣ ਵਾਲਿਆਂ ਦੀ ਸਕਰੀਨਿੰਗ, ਉਨ੍ਹਾਂ ਨੂੰ ਅਲੱਗ ਕਰਕੇ ‘ਇਕਾਂਤਵਾਸ’ ਵਿਚ ਰੱਖਣਾ, ਉਨ੍ਹਾਂ ਦੇ ਬਾਕੀ ਵਸੋਂ ਨਾਲ ਸੰਪਰਕ ਨੂੰ ਨਿਸ਼ਚਿਤ ਸਮੇਂ ਲਈ ਰੋਕਣਾ, ਸਿਹਤ ਸੇਵਾਵਾਂ ਅਤੇ ਸਫਾਈ ਇੰਤਜ਼ਾਮਾਂ ਨੂੰ ਚੁਸਤ-ਦਰੁਸਤ ਕਰਨ ਲਈ ਵਿਸ਼ੇਸ਼ ਕਦਮ ਚੁੱਕਣਾ, ਇਹ ਸਭ ਜ਼ਰੂਰੀ ਸਨ। ਅਜਿਹਾ ਕੁਝ ਵੀ ਨਹੀਂ ਕੀਤਾ ਗਿਆ। ਜਦ ਹੋਰ ਮੁਲਕਾਂ ਤੋਂ ਨਿੱਤ ਦਿਨ ਸੈਂਕੜੇ ਮੌਤਾਂ ਦੀਆਂ ਰਿਪੋਰਟਾਂ ਆ ਰਹੀਆਂ ਸਨ, ਉਸ ਦਰਮਿਆਨ ਭਗਵੇਂ ਟੋਲੇ ‘ਗਊ ਮੂਤਰ ਪਾਰਟੀ’ ਅਤੇ ਵੱਖ-ਵੱਖ ਮੀਡੀਆ ਜ਼ਰੀਏ ਗਊ ਮੂਤਰ ਨੂੰ ‘ਸਰਵ-ਰੋਗ ਔਸ਼ਧੀ’ ਵਜੋਂ ਪ੍ਰਚਾਰ ਰਹੇ ਸਨ। ਮੋਦੀ ਵਜ਼ਾਰਤ ਅਤੇ ਰਾਜ ਸਰਕਾਰਾਂ ਇਸ ਗੁੰਮਰਾਹਕੁਨ ਪ੍ਰਚਾਰ ਪ੍ਰਤੀ ਅੱਖਾਂ ਮੀਟ ਕੇ ਇਸ ਨੂੰ ਸ਼ਹਿ ਅਤੇ ਹੱਲਾਸ਼ੇਰੀ ਦੇ ਰਹੀਆਂ ਸਨ। ਇਸੇ ਦੌਰਾਨ ਜੋ ਹੋਇਆ ਉਹ ਨਿਹਾਇਤ ਮੁਜਰਮਾਨਾ ਹੈ। ਸਿਰਫ ਸੱਤਾ ਦੇ ਗਲਿਆਰਿਆਂ ਵਿਚ ਪਹੁੰਚ ਵਾਲੇ ਸ਼ਖਸ ਹੀ ਨਹੀਂ ਸਗੋਂ ਬਾਹਰੋਂ ਆਉਣ ਵਾਲੇ ਆਮ ਮੁਸਾਫਿਰ ਵੀ ਬਿਨਾਂ ਟੈਸਟਿੰਗ ਤੋਂ, ਬਿਨਾਂ ਨਜ਼ਰਸਾਨੀ ਤੋਂ ਪਬਲਿਕ ਵਿਚ ਵਿਚਰਨ ਲਈ ਖੁੱਲ੍ਹੇ ਛੱਡੇ ਜਾਂਦੇ ਰਹੇ। ਦੁਨੀਆਂ ਵਿਚ ਐਨੀ ਹਾਹਾਕਾਰ ਮੱਚੀ ਹੋਣ ਦੇ ਬਾਵਜੂਦ ਬਾਹਰੋਂ ਆਉਣ ਵਾਲਿਆਂ ਜ਼ਰੀਏ ਕਰੋਨਾ ਵਾਇਰਸ ਦਾ ਫੈਲਣਾ ਸਰਕਾਰ ਦੀ ਮੁਜਰਮਾਨਾ ਕੋਤਾਹੀ ਅਤੇ ਪ੍ਰਸ਼ਾਸਨਿਕ ਨਾਲਾਇਕੀ ਦਾ ਨਤੀਜਾ ਹੈ ਜਿਸ ਦਾ ਖਮਿਆਜ਼ਾ ਹੁਣ ਅਵਾਮ ਨੂੰ ਭੁਗਤਣਾ ਪੈ ਰਿਹਾ ਹੈ। ਹਾਲਾਤ ਕਿੰਨੇ ਖਤਰਨਾਕ ਬਣ ਚੁੱਕੇ ਹਨ, ਇਸ ਦਾ ਅੰਦਾਜ਼ਾ ਇਹ ਰਿਪੋਰਟ ਹੈ ਕਿ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿਚ ਵਿਦੇਸ਼ਾਂ ‘ਚੋਂ ਆਏ ਕ੍ਰਮਵਾਰ 4885 ਅਤੇ 1500 ਵਿਅਕਤੀਆਂ ਵਿਚੋਂ ਪ੍ਰਸ਼ਾਸਨ ਸਿਰਫ 950 ਅਤੇ 750 ਵਿਅਕਤੀਆਂ ਤੱਕ ਹੀ ਪਹੁੰਚ ਕਰ ਸਕਿਆ ਹੈ; ਬਾਕੀ ਅਜੇ ਪ੍ਰਸ਼ਾਸਨ ਦੀ ਪਹੁੰਚ ਤੋਂ ਬਾਹਰ ਹਨ। ਬੰਗਾ ਇਲਾਕੇ ਦੇ ਬੇਰੋਕ-ਟੋਕ ਘੁੰਮਦੇ ਇਕ ਪਰਵਾਸੀ ਭਾਰਤੀ ਨੇ ਨਾ ਸਿਰਫ ਆਪਣੀ ਜਾਨ ਗਵਾਈ ਸਗੋਂ ਉਸ ਦੀ ਵਜ੍ਹਾ ਨਾਲ ਅੱਧੀ ਦਰਜਨ ਗੁਆਂਢੀ ਪਿੰਡਾਂ ਦੇ ਲੋਕਾਂ, ਕੁਝ ਹਸਪਤਾਲਾਂ, ਵਿਦਿਅਕ ਸੰਸਥਾਵਾਂ, ਹੋਲਾ-ਮੁਹੱਲਾ ਦੇਖਣ ਗਏ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਲਈ ਖਤਰਾ ਖੜ੍ਹਾ ਹੋ ਗਿਆ ਹੈ; ਜਦਕਿ ਸੰਕਟ ਦੀ ਪੇਸ਼ਬੰਦੀ ਲਈ ਇਨ੍ਹਾਂ ਸਭ ਨੂੰ ਹਵਾਈ ਅੱਡਿਆਂ ਉਪਰ ਹੀ ਸਕਰੀਨਿੰਗ ਲਈ ਅਲੱਗ ਕਰਕੇ ਘੱਟੋ-ਘੱਟ ਦੋ ਹਫਤਿਆਂ ਲਈ ਨਜ਼ਰਸਾਨੀ ਹੇਠ ਰੱਖਿਆ ਜਾਣਾ ਚਾਹੀਦਾ ਸੀ ਅਤੇ ਰੱਖਿਆ ਜਾ ਸਕਦਾ ਸੀ। ਗਾਇਕਾ ਕਨਿਕਾ ਕਪੂਰ ਅਤੇ ਮੁੱਕੇਬਾਜ਼ ਮੈਰੀਕਾਮ ਨੂੰ ਜ਼ਰੂਰੀ ਨਜ਼ਰਸਾਨੀ ਤੋਂ ਛੋਟ ਦਿੱਤੀ ਗਈ। ਉਨ੍ਹਾਂ ਵਲੋਂ ਜਸ਼ਨ ਪਾਰਟੀਆਂ ਵਿਚ ਸ਼ਾਮਲ ਹੋਣ ਅਤੇ ਰਾਸ਼ਟਰਪਤੀ, ਯੋਗੀ ਅਦਿਤਿਆਨਾਥ ਸਮੇਤ ਸੱਤਾਧਾਰੀ ਧਿਰ ਦੇ ਬਹੁਤ ਸਾਰੇ ਉਘੇ ਆਗੂਆਂ ਨਾਲ ਮੇਲ-ਮਿਲਾਪ ਦੀਆਂ ਮਿਸਾਲਾਂ ਨੇ ਇਹਤਿਹਾਤੀ ਪੇਸ਼ਬੰਦੀਆਂ ਦੀ ਨਾਲਾਇਕੀ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਤਰ੍ਹਾਂ ਦੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਰਿਪੋਰਟਾਂ ਦੱਸਦੀਆਂ ਹਨ ਕਿ ਸਿਹਤ ਵਿਵਸਥਾ ਇਸ ਸੰਕਟ ਨਾਲ ਨਜਿੱਠਣ ਦੇ ਨਾਕਾਬਿਲ ਹੈ ਅਤੇ ਮੁਲਕ ਦੀਆਂ 51 ਬੀ.ਆਰ.ਡੀ.ਐਲ਼ ਲੈਬਾਂ ਵਿਚੋਂ ਜ਼ਿਆਦਾਤਰ ਵਿਚ ਇਹ ਟੈਸਟ ਨਹੀਂ ਹੋ ਰਹੇ। ਸਾਰੇ ਸਰਕਾਰੀ ਹਸਪਤਾਲਾਂ ਵਿਚ ਅਜੇ ਲੋੜੀਂਦੇ ਟੈਸਟਾਂ ਦੀ ਵਿਵਸਥਾ ਹੀ ਨਹੀਂ ਹੈ। ਅਜਿਹੇ ਜ਼ਿਲ੍ਹਾ ਹਸਪਤਾਲ ਵੀ ਹਨ ਜਿਥੇ ਵੈਂਟੀਲੇਟਰ ਹੀ ਨਹੀਂ ਹੈ। ਦਿੱਲੀ ਦੇ ਮੁੱਖ ਹਵਾਈ ਅੱਡੇ ਉਪਰ ਹੁਣ ਵੀ ਆਲਮ ਇਹ ਹੈ ਕਿ ਮੁਸਾਫਿਰਾਂ ਨੂੰ ਸਕਰੀਨਿੰਗ ਲਈ 12 ਘੰਟੇ ਲਈ ਇੰਤਜ਼ਾਰ ਕਰਨੀ ਪੈ ਰਹੀ ਹੈ। ਮੁੰਬਈ ਹਵਾਈ ਅੱਡੇ ਉਪਰ ਸਕਰੀਨਿੰਗ ਦੇ ਨਾਂ ਹੇਠ ਕਾਗਜ਼ੀ ਕਾਰਵਾਈ ਦੀ ਗਵਾਹੀ ਖੁਦ ਮੁਸਾਫਰ ਦੇ ਰਹੇ ਹਨ। ਉਪਰੋਂ ਅਚਾਨਕ ਲਾਕਡਾਊਨ ਅਤੇ ਰੇਲਾਂ, ਬੱਸਾਂ, ਹਵਾਈ ਸੇਵਾਵਾਂ ਬੰਦ ਕਰਕੇ ਖੌਫ ਪੈਦਾ ਕਰ ਦਿੱਤਾ ਗਿਆ ਹੈ।
ਜਿਥੋਂ ਤੱਕ ਪ੍ਰਧਾਨ ਮੰਤਰੀ ਦੇ ‘ਜਨਤਾ ਕਰਫਿਊ’ ਨੂੰ ਹੁੰਗਾਰੇ ਦਾ ਸਵਾਲ ਹੈ, ਇਹ ਅਣਕਿਆਸਿਆ ਨਹੀਂ। ਰਾਸ਼ਟਰਵਾਦੀ ਲਾਈਲੱਗਤਾ ਦੇ ਮਾਹੌਲ ਵਿਚ ਇਸ ਤੋਂ ਵੱਖਰੀ ਉਮੀਦ ਹੋ ਵੀ ਨਹੀਂ ਸਕਦੀ। ਅਵਾਮ ਨੇ ਇਹ ਗਲਤ ਸਮਝ ਲਿਆ ਕਿ 12 ਘੰਟੇ ਦੇ ਕਰਫਿਊ ਨਾਲ ਕਰੋਨਾ ਦੀ ਛੂਤ-ਚੇਨ ਟੁੱਟ ਜਾਵੇਗੀ। ਠੀਕ ਇਸੇ ਦਿਨ ਮੁਲਕ ਦੇ 75 ਜ਼ਿਲ੍ਹਿਆਂ ਵਿਚ ਮੁਕੰਮਲ ਤਾਲਾਬੰਦੀ ਕਰ ਦਿੱਤੀ ਗਈ। ਭੈਭੀਤ ਅਵਾਮ ਵਿਚ ਇਕ ਪਾਸੇ ਅਫਰਾ-ਤਫਰੀ ਮੱਚੀ ਹੋਈ ਹੈ ਅਤੇ ਦੂਜੇ ਪਾਸੇ ਨਾ ਉਨ੍ਹਾਂ ਕੋਲ ਸਾਫ-ਸਫਾਈ ਅਤੇ ਇਹਤਿਹਾਤੀ ਸਾਫ-ਸਫਾਈ ਦੇ ਸਾਧਨ ਹਨ ਅਤੇ ਨਾ ਲੋੜੀਂਦੀ ਜਾਗਰੂਕਤਾ ਹੈ। ਕੁਲ ਮਿਲਾ ਕੇ ਉਹ ਹਾਲਾਤ ਦੀ ਗੰਭੀਰਤਾ ਤੋਂ ਬੇਖਬਰ ਹਨ ਅਤੇ ਇਸ ਮਨੋਦਸ਼ਾ ਅਤੇ ਪ੍ਰਸ਼ਾਸਨਿਕ ਨਾਲਾਇਕੀ ਕਾਰਨ ਪੂਰਾ ਮੁਲਕ ਇਸ ਵਕਤ ਵੱਡੀ ਮਹਾਮਾਰੀ ਦੇ ਕੰਢੇ ਉਪਰ ਪਹੁੰਚ ਗਿਆ ਹੈ। ਇਸ ਦਾ ਇਕ ਇਜ਼ਹਾਰ ‘ਜਨਤਾ ਕਰਫਿਊ’ ਦੌਰਾਨ ਹੋਇਆ। ਸੜਕਾਂ ਉਪਰ ਹਜੂਮਾਂ ਦਾ ਭੰਗੜੇ ਪਾ ਕੇ ਜਸ਼ਨ ਮਨਾਉਣਾ; ਗੱਡੀਆਂ ਭਰ ਭਰ ਕੇ ਕਾਫਲੇ ਬੰਨ੍ਹ ਕੇ ਮੋਦੀ ਹਮਾਇਤੀਆਂ ਦਾ ‘ਜਨਤਾ ਕਰਫਿਊ’ ਦਾ ਪ੍ਰਚਾਰ ਕਰਨਾ; ਹੱਥਾਂ ਦੀ ਸਫਾਈ ਰੱਖਣ ਅਤੇ ਇਕ ਦੂਜੇ ਤੋਂ ਨਿਸ਼ਚਿਤ ਵਿਥ ਬਣਾਈ ਰੱਖਣ ਦੀਆਂ ਨਸੀਹਤਾਂ ਦੀਆਂ ਧੱਜੀਆਂ ਉਡਾਉਣਾ ਅਤੇ ਉਚ ਪੁਲਿਸ ਅਧਿਕਾਰੀਆਂ ਦਾ ਸੰਖ ਵਜਾਉਂਦੇ ਹੋਏ ਭਗਵੇਂ ਹਜੂਮਾਂ ਦਾ ਹਿੱਸਾ ਬਣਨਾ ਇਸ ਨੂੰ ਸਮਝਣ ਲਈ ਕਾਫੀ ਹੈ ਕਿ ਪ੍ਰਸ਼ਾਸਨ ਕਰਫਿਊ ਨੂੰ ਲਾਗੂ ਕਰਨ ਲਈ ਕਿੰਨਾ ਕੁ ਗੰਭੀਰ ਸੀ ਅਤੇ ਮੋਦੀ-ਭਗਤ ਹਿੱਸਿਆਂ ਵਿਚ ਮਹਾਮਾਰੀ ਪ੍ਰਤੀ ਕਿਹੋ ਜਿਹੀ ਸੁਹਿਰਦਤਾ ਹੈ। ਇਕ ਫਾਸ਼ੀਵਾਦੀ ਸਿਆਸਤਦਾਨ ਨੇ ਮਹਾਮਾਰੀ ਨੂੰ ਜਸ਼ਨ ਬਣਾ ਦਿੱਤਾ ਅਤੇ ਗਿਆਨ ਵਿਹੂਣੇ ਹਜੂਮਾਂ ਨੇ ਖੁਦ ਨੂੰ ਤਮਾਸ਼ਾ ਬਣਾ ਲਿਆ। ਆਮ ਲੋਕਾਈ ਨੂੰ ਡੰਡੇ ਮਾਰ ਕੇ ਕਰਫਿਊ ਲਾਗੂ ਕਰਵਾਉਣ ਵਾਲੀ ਪੁਲਿਸ ਇਨ੍ਹਾਂ ਹਜੂਮਾਂ ਪ੍ਰਤੀ ਤਮਾਸ਼ਬੀਨ ਬਣੀ ਰਹੀ ਜੋ ਪੁਰਅਮਨ ਪ੍ਰਦਰਸ਼ਨਾਂ ਨੂੰ ਖਦੇੜਨ ਲਈ ਅਕਸਰ ਹੀ ਲਾਠੀ-ਗੋਲੀ ਦਾ ਬੇਦਰੇਗ ਇਸਤੇਮਾਲ ਕਰਦੀ ਹੈ। ਮੋਦੀ ਭਗਤਾਂ ਦੇ ਮੁਕਾਬਲੇ ਸ਼ਾਹੀਨ ਬਾਗ ਦੀਆਂ ‘ਦੇਸ਼ਧ੍ਰੋਹੀ’ ਵੀਰਾਂਗਣਾਂ ਦਾ ਜਜ਼ਬਾ ਦੇਖੋ ਜਿਨ੍ਹਾਂ ਨੇ ਪ੍ਰਦਰਸ਼ਨ ਦੀ ਜਗ੍ਹਾ ਉਪਰ ਆਪਣਾ ਸੰਕੇਤਕ ਵਿਰੋਧ ਵੀ ਨਵੇਂ ਰੂਪ ਵਿਚ ਬਰਕਰਾਰ ਰੱਖਿਆ ਅਤੇ ਇਕੱਠ ਖਿੰਡਾ ਕੇ ਅਵਾਮੀ ਕਰਫਿਊ ਵੀ ਸੱਚੇ ਮਾਇਨਿਆਂ ਵਿਚ ਲਾਗੂ ਕੀਤਾ; ਲੇਕਿਨ ਧਰਨੇ ਵਾਲੀ ਜਗ੍ਹਾ ਪੁਲਿਸ ਤਾਕਤ ਨਾਲ ਖਾਲੀ ਕਰਵਾ ਲਈ ਗਈ।
ਪ੍ਰਧਾਨ ਮੰਤਰੀ ਨੇ ਜੋ ਕੀਤਾ, ਇਹ ਅਸਲ ਵਿਚ ਹਜੂਮੀ ਮਾਨਸਿਕਤਾ ਨੂੰ ਉਕਸਾਉਣ ਦੀ ਸਿਆਸਤ ਸੀ। ਅਸਿੱਧੇ ਢੰਗ ਨਾਲ ਇਹ ਕਥਿਤ ਬਲਾਵਾਂ ਨੂੰ ਭਜਾਉਣ ਲਈ ਭਾਂਡੇ ਅਤੇ ਘੰਟੀਆਂ ਵਜਾਉਣ ਦੀ ਬ੍ਰਾਹਮਣਵਾਦੀ ਆਸਥਾ ਦਾ ਪ੍ਰਚਾਰ ਵੀ ਸੀ। ਜਿਹੜੇ ਲੋਕ ਇਸ ਨੂੰ ‘ਸਿਹਤ ਕਾਮਿਆਂ ਦੀ ਹੌਸਲਾ-ਅਫਜ਼ਾਈ’ ਸਮਝ ਰਹੇ ਹਨ, ਉਹ ਗਲਤੀ ਕਰ ਰਹੇ ਹਨ। ਸਿਹਤ ਕਾਮਿਆਂ ਦੀ ਅਸਲ ਹੌਸਲਾ-ਅਫਜ਼ਾਈ ਸਿਹਤ ਸੇਵਾਵਾਂ ਨੂੰ ਮਹਾਮਾਰੀ ਦਾ ਮੁਕਾਬਲਾ ਕਰਨ ਦੇ ਕਾਬਲ ਬਣਾਉਣ ਲਈ ਜੰਗੀ ਪੱਧਰ ‘ਤੇ ਬੱਜਟ ਮੁਹੱਈਆ ਕਰਵਾ ਕੇ ਅਤੇ ਬਿਨਆਦੀ ਸਿਹਤ ਢਾਂਚੇ ਨੂੰ ਹੰਗਾਮੀ ਰੂਪ ਵਿਚ ਵਧਾ ਕੇ, ਇਸ ਖਾਤਰ ਵਿਸ਼ੇਸ਼ ਤੌਰ ‘ਤੇ ਲੋੜੀਂਦਾ ਸਾਜ਼ੋ-ਸਮਾਨ ਅਤੇ ਟੈਸਟਿੰਗ ਕਿਟਾਂ ਮੁਹੱਈਆ ਕਰਵਾ ਕੇ ਕੀਤੀ ਜਾ ਸਕਦੀ ਸੀ। ਬੁਰੀ ਤਰ੍ਹਾਂ ਲੜਖੜਾ ਰਹੀ ਸਰਕਾਰੀ ਸਿਹਤ ਵਿਵਸਥਾ ਤੋਂ ਬੋਝ ਘਟਾਉਣ ਲਈ ਪ੍ਰਾਈਵੇਟ ਹਸਪਤਾਲਾਂ ਉਪਰ ਕਰੋਨਾ ਵਾਇਰਸ ਦੇ ਮੁਫਤ ਟੈਸਟਿੰਗ ਦੀ ਸ਼ਰਤ ਲਗਾਈ ਜਾਂਦੀ। ਜਾਨਾਂ ਜ਼ੋਖਮ ਵਿਚ ਪਾ ਕੇ ਹਸਪਤਾਲਾਂ ਨੂੰ ਸਾਫ ਕਰਨ ਵਾਲੇ ਸਫਾਈ ਕਾਮਿਆਂ ਦੇ ਹੌਸਲੇ ਵਧਾਉਣ ਲਈ ਉਨ੍ਹਾਂ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਂਦਾ। ਫਿਰ ਤਾਂ ਸਮਝ ਆਉਂਦਾ ਕਿ ਜਾਨਾਂ ਜ਼ੋਖਮ ਵਿਚ ਪਾ ਰਹੇ ਕਾਮਿਆਂ ਦਾ ਹੌਸਲਾ ਵਧਾਇਆ ਜਾ ਰਿਹਾ ਹੈ। ਜੋ ਕੀਤਾ ਗਿਆ, ਇਹ ਤਾਂ ਸਗੋਂ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿੜਵਾੜ ਹੈ ਅਤੇ ਉਨ੍ਹਾਂ ਨਾਲ ਕੋਝਾ ਮਜ਼ਾਕ ਵੀ। ਠੋਸ ਕਦਮਾਂ ਦੀ ਅਣਹੋਂਦ ਵਿਚ ਥਾਲੀਆਂ, ਟੱਲੀਆਂ ਵਜਾਉਣ ਦੀ ਕਵਾਇਦ ਅੱਖੀਂ ਘੱਟਾ ਪਾਉਣ ਤੋਂ ਸਿਵਾਏ ਕੁਝ ਨਹੀਂ। ਇਹ ਦਰਅਸਲ, ਸੱਤਾਧਾਰੀ ਧਿਰ ਦੇ ਸੱਦਿਆਂ ਦੀ ਹਮਾਇਤ ਦੇ ਆਧਾਰ ‘ਤੇ ‘ਰਾਸ਼ਟਰ ਵਿਰੋਧੀ’ ਅਤੇ ‘ਰਾਸ਼ਟਰ ਹਿਤੈਸ਼ੀ’ ਦੀ ਪਾਲਾਬੰਦੀ ਦੀ ਸਿਆਸਤ ਦਾ ਜਾਰੀ ਰੂਪ ਹੈ ਜਿਸ ਅਨੁਸਾਰ ਸੱਤਾਧਾਰੀ ਧਿਰ ਲਈ ਅਜਿਹੇ ਸੱਦਿਆਂ/ਨਾਅਰਿਆਂ ਅਤੇ ਨੀਤੀਆਂ ਦੇ ਹੱਕ ਵਿਚ ਹਜੂਮਾਂ ਦੀ ਲਾਮਬੰਦੀ ਜ਼ਰੂਰੀ ਹੈ, ਸੰਕਟ ਮੂੰਹ ਆਏ ਅਵਾਮ ਦੀ ਇਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ। ਨੋਟਬੰਦੀ, ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਅਤੇ ਬਾਬਰੀ ਮਸਜਿਦ ਦੀ ਜਗਾ੍ਹ ਉਪਰ ਹੀ ਰਾਮ ਮੰਦਰ ਬਣਾਉਣ ਦੀ ਜ਼ਿਦ-ਪੁਗਾਈ ਇਸ ਦੀਆਂ ਮਿਸਾਲਾਂ ਹਨ। ਇਸ ਸਿਆਸਤ ਅਨੁਸਾਰ ‘ਜਨਤਾ ਕਰਫਿਊ’ ਦਾ ਪ੍ਰਚਾਰ ਕਰਨ ਲਈ ਹਜੂਮਾਂ ਦਾ ਸੜਕਾਂ ਉਪਰ ਬਾਘੀਆਂ ਪਾਉਣਾ ਦੇਸ਼ਭਗਤੀ ਹੈ ਜਦਕਿ ਸ਼ਾਹੀਨ ਬਾਗ ਮੋਰਚੇ ਦਾ ਜਾਰੀ ਰਹਿਣਾ ਮੁਲਕ ਲਈ ਖਤਰਾ ਹੈ ਜਿਸ ਨੂੰ ਬੰਦ ਕਰਾਉਣ ਲਈ ਫਿਰਕੂ ਹਜੂਮਾਂ ਨੂੰ ਲਾਮਬੰਦ ਕਰਨ ਅਤੇ ਮੁਜਰਿਮਾਂ ਕੋਲੋਂ ਬੰਬਾਂ, ਪਿਸਤੌਲਾਂ ਦੇ ਹਮਲੇ ਕਰਾਉਣ ਤੋਂ ਵੀ ਗੁਰੇਜ਼ ਨਹੀਂ ਹੈ।
‘ਜਨਤਾ ਕਰਫਿਊ’, ਥਾਲੀਆਂ-ਟੱਲੀਆਂ-ਤਾੜੀਆਂ ਦੀ ਸਿਆਸਤ ਅਤੇ ਪ੍ਰਸ਼ਾਸਨ ਵਲੋਂ ਮਹਾਮਾਰੀ ਦੀ ਰੋਕਥਾਮ ਲਈ ਚੁੱਕੇ ਜਾਣ ਵਾਲੇ ਹਕੀਕੀ ਇਹਤਿਹਾਤੀ ਕਦਮਾਂ ਦਰਮਿਆਨ ਨਿਖੇੜਾ ਕਰਨਾ ਜ਼ਰੂਰੀ ਹੈ। ਅੱਜ ਮਹਾਮਾਰੀ ਦੀ ਰੋਕਥਾਮ ਲਈ ਲਾਜ਼ਮੀ ਇਹਤਿਹਾਤੀ ਕਦਮਾਂ ਦੀ ਜਾਗਰੂਕਤਾ ਦੇ ਨਾਲ-ਨਾਲ ਸੱਤਾਧਾਰੀ ਧਿਰ ਦੀ ਸਿਆਸਤ ਦੀ ਘਾਤਕ ਭੂਮਿਕਾ ਨੂੰ ਸਮਝਣਾ ਅਤੇ ਅਵਾਮ ਨੂੰ ਇਸ ਬਾਰੇ ਜਾਗਰੂਕ ਕਰਨਾ ਵੀ ਜ਼ਰੂਰੀ ਹੈ।