ਹਾਲੀਵੁੱਡ ਸੁਪਰ ਸਟਾਰ ਟੌਮ ਕਰੂਜ਼ ਨੇ ਫੁਟਬਾਲ ਦੇ ਸੁਪਰ ਸਟਾਰ ਡੇਵਿਡ ਬੈਕਹਮ ਨਾਲ ਵਾਅਦਾ ਕੀਤਾ ਹੈ ਕਿ ਉਹ ਉਸ ਨੂੰ ਹਾਲੀਵੁੱਡ ਵਿਚ ਫਿਲਮ ਅਦਾਕਾਰ ਬਣਨ ਵਿਚ ਸਹਾਇਤਾ ਕਰੇਗਾ। ਅਸਲ ਵਿਚ ਫੁਟਬਾਲ ਦੇ ਸ਼ਾਨਦਾਰ ਕਰੀਅਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਬੈਕਹਮ ਹੁਣ ਹਾਲੀਵੁੱਡ ਵਿਚ ਆਪਣੇ ਰੰਗ ਦਿਖਾਉਣੇ ਚਾਹੁੰਦਾ ਹੈ। ਉਸ ਦੇ ਇਕ ਮਿੱਤਰ ਦਾ ਤਾਂ ਕਹਿਣਾ ਹੈ ਕਿ ਡੇਵਿਡ ਬੈਕਹਮ ਸ਼ੁਰੂ ਤੋਂ ਹੀ ਐਕਸ਼ਨ ਹੀਰੋ ਬਣਨ ਦਾ ਚਾਹਵਾਨ ਸੀ ਅਤੇ ਟੌਮ ਕਰੂਜ਼ ਨੇ ਬਹੁਤ ਦੇਰ ਪਹਿਲਾਂ ਉਸ ਦੇ ਇਸ ਸੁਪਨੇ ਨੂੰ ਸੱਚ ਕਰਨ ਦਾ ਦਾਅਵਾ ਕੀਤਾ ਸੀ। ਡੇਵਿਡ ਅਜੇ ਵੀ ਫੁਟਬਾਲ ਨੂੰ ਪਿਆਰ ਕਰਦਾ ਹੈ ਪਰ ਉਹ ਸਮਝਦਾ ਹੈ ਕਿ ਫਿਲਮਾਂ ਲਈ ਉਹ ਅਜੇ ਵੀ ਕਾਫੀ ਜਵਾਨ ਹੈ ਤੇ ਇਹ ਹੀ ਫਿਲਮਾਂ ਵਿਚ ਜਾਣ ਦਾ ਢੁਕਵਾਂ ਮੌਕਾ ਹੈ। ਡੇਵਿਡ ਤੇ ਉਸ ਦੀ ਪਤਨੀ ਵਿਕਟੋਰੀਆ ਦੇ ਕਰੂਜ਼ ਤੇ ਉਸ ਦੀ ਸਾਬਕਾ ਪਤਨੀ ਕਾਤੀਏ ਹੋਲਮਜ਼ ਨਾਲ ਬੜੇ ਨਿੱਘੇ ਸਬੰਧ ਹਨ ਤੇ ਇਹ ਸਬੰਧ ਉਦੋਂ ਹੋਰ ਵੀ ਮਜ਼ਬੂਤ ਹੋ ਗਏ ਜਦੋਂ ਡੇਵਿਡ ਤੇ ਉਸ ਦੀ ਪਤਨੀ ਅਮਰੀਕਾ ਵਿਚ ਰਹੇ ਜਿੱਥੇ ਉਹ ਲਾਸ ਏਂਜਲਸ ਗਲੈਕਸੀ ਵਜੋਂ ਖੇਡਦਾ ਸੀ। ਡੇਵਿਡ ਬੈਕਹਮ ਨੇ ਕਿਹਾ ਹੈ ਕਿ ਉਸ ਦੀਆਂ ਨਜ਼ਰਾਂ ਟੌਮ ਕਰੂਜ਼ ਵੱਲੋਂ ਬਣਾਈ ਜਾਣ ਵਾਲੇ ਫਿਲਮ ‘ਮਿਸ਼ਨ: ਇਮਪੌਸੀਬਲ 5’ ਵਿਚ ਰੋਲ ਹਾਸਲ ਕਰਨ ਉਤੇ ਟਿਕੀਆਂ ਹਨ। ਦੋ ਮਈ 1975 ਨੂੰ ਜਨਮੇ ਬੈਕਹਮ ਦਾ ਪੂਰਾ ਨਾਂ ਡੇਵਿਡ ਰੌਬਰਟ ਜੋਸਫ ਬੈਕਹਮ ਹੈ ਅਤੇ ਉਹ ਮਾਨਚੈਸਟਰ ਯੂਨਾਈਟਡ, ਪ੍ਰੈਸਟਨ ਨੌਰਥ ਐਂਡ, ਰੀਅਲ ਮੈਡਰਿਡ, ਮਿਲਾਨ, ਲਾਸ ਏਂਜਲਸ ਗਲੈਕਸੀ, ਫਰੈਂਚ ਲੀਗ 1 ਦੀਆਂ ਟੀਮਾਂ ਅਤੇ ਇੰਗਲੈਂਡ ਦੀ ਕੌਮੀ ਟੀਮ ਵਿਚ ਧੁੰਮਾਂ ਪਾ ਚੁੱਕਾ ਹੈ।
_______________________________
ਸੋਹਣੀ ਸੁਨੱਖੀ ਸੋਨਮ ਕਪੂਰ ਦਾ ‘ਰਾਂਝਾ’ ਕਾਲਾ ਕਲੂਟਾ!
ਸੋਨਮ ਕਪੂਰ ਦੀ ਨਵੀਂ ਫਿਲਮ ‘ਰਾਂਝਨਾ’ 21 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਇਕ ਹਿੰਦੂ ਲੜਕੇ ਦੀ ਕਹਾਣੀ ਹੈ ਜੋ ਮੁਸਲਮਾਨ ਲੜਕੀ ਨਾਲ ਪਿਆਰ ਕਰਦਾ ਹੈ। ਇਸ ਵਿਚ ਸੋਨਮ ਨੇ ਸਕੂਲ ਪੜ੍ਹਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ। ਇਸ ਕਿਰਦਾਰ ਲਈ ਉਸ ਨੇ ਜਯਾ ਬਚਨ ਦੀ 1971 ਵਿਚ ਬਣੀ ਫਿਲਮ ‘ਗੁੱਡੀ’ ਕਈ ਵਾਰ ਦੇਖੀ। ‘ਗੁੱਡੀ’ ਵਿਚ ਜਯਾ ਦੇ ਕਿਰਦਾਰ ਤੋਂ ਉਹ ਵਾਹਵਾ ਪ੍ਰਭਾਵਿਤ ਹੋਈ। ਇਹ ਫਿਲਮ ਮਸ਼ਹੂਰ ਫਿਲਮਸਾਜ਼ ਰਿਸ਼ੀਕੇਸ਼ ਮੁਖਰਜੀ ਨੇ ਬਣਾਈ ਸੀ। ਸੋਨਮ ਦਾ ਕਹਿਣਾ ਹੈ ਕਿ ਜ਼ਿੰਦਗੀ ਵਿਚ ਕੋਈ ਨਾ ਕੋਈ ਅਜਿਹਾ ਕਰੈਕਟਰ ਹੁੰਦਾ ਹੈ ਜਿਹੜਾ ਤੁਹਾਨੂੰ ਪ੍ਰਭਾਵਿਤ ਕਰਦਾ ਹੈ। ਜਯਾ ਬਚਨ ਦਾ ਗੁੱਡੀ ਵਾਲਾ ਕਿਰਦਾਰ ਅਜਿਹਾ ਹੀ ਕਿਰਦਾਰ ਹੈ।
ਸੋਨਮ ਇਸ ਫਿਲਮ ਦੇ ਹੀਰੋ ਧਨੁਸ਼ ਦੀ ਮਾਸੂਮੀਅਤ ਤੋਂ ਬਹੁਤ ਪ੍ਰਭਾਵਿਤ ਹੋਈ ਹੈ। ਧਨੁਸ਼, ਅਦਾਕਾਰ ਰਜਨੀ ਕਾਂਤ ਦਾ ਜੁਆਈ ਹੈ ਅਤੇ ਇਹ ਉਸ ਦੀ ਪਹਿਲੀ ਹਿੰਦੀ ਫਿਲਮ ਹੈ। ਸੋਨਮ ਦਾ ਕਹਿਣਾ ਹੈ ਕਿ ਧਨੁਸ਼ ਵਰਗਾ ਸਾਫ ਦਿਲ ਵਾਲਾ ਇਨਸਾਨ ਪੂਰੇ ਬਾਲੀਵੁੱਡ ‘ਚ ਨਹੀਂ ਹੈ। ਆਨੰਦ ਐਲ਼ ਰਾਏ ਵਲੋਂ ਨਿਰਦੇਸ਼ਿਤ ਇਸ ਫਿਲਮ ਵਿਚ ਅਭਿਨੇਤਾ ਅਭੈ ਦਿਓਲ ਨੇ ਵੀ ਕੰਮ ਕੀਤਾ ਹੈ। ਅਭੈ ਅਤੇ ਸੋਨਮ ਇਸ ਤੋਂ ਪਹਿਲਾਂ ਫਿਲਮ ‘ਆਇਸ਼ਾ’ ਵਿਚ ਇਕੱਠੇ ਕੰਮ ਕਰ ਚੁਕੇ ਹਨ।
ਫਿਲਮ ਅਦਾਕਾਰ ਅਨਿਲ ਕਪੂਰ ਦੀ ਧੀ ਸੋਨਮ ਕਪੂਰ ਨੇ 2007 ਵਿਚ ‘ਸਾਂਵਰੀਆ’ ਫਿਲਮ ਨਾਲ ਬਾਲੀਵੁੱਡ ਵਿਚ ਪ੍ਰਵੇਸ਼ ਕੀਤਾ ਸੀ ਪਰ ਇਹ ਫਿਲਮ ਬਾਕਸ ਆਫਿਸ ਉਤੇ ਕੋਈ ਬਹੁਤਾ ਕ੍ਰਿਸ਼ਮਾ ਨਾ ਕਰ ਸਕੀ। ਇਸ ਤੋਂ ਬਾਅਦ ‘ਥੈਂਕਯੂ’, ‘ਮੌਸਮ’ ਅਤੇ ‘ਪਲੇਅਰਜ਼’ ਫਿਲਮਾਂ ਵੀ ਬਹੁਤੀਆਂ ਚੱਲੀਆਂ ਨਹੀਂ। ਹੁਣ ‘ਰਾਂਝਨਾ’ ਤੋਂ ਉਸ ਨੂੰ ਬਹੁਤ ਆਸਾਂ ਹਨ। ਉਸ ਦੀ ਇਕ ਹੋਰ ਫਿਲਮ ‘ਭਾਗ ਮਿਲਖਾ ਭਾਗ’ ਵੀ ਤਿਆਰ ਹੈ ਅਤੇ 12 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਜੋ ਪਹਿਲਾਂ ਹੀ ਚਰਚਿਤ ਹੋ ਚੁੱਕੀ ਹੈ।
Leave a Reply