ਕਰੋਨਾ ਦਾ ਇਕ ਪਹਿਲੂ ਇਹ ਵੀ

ਡਾ. ਗੁਰਬਖਸ਼ ਸਿੰਘ ਭੰਡਾਲ
ਕਰੋਨਾ ਵਾਇਰਸ ਦੇ ਕਹਿਰ ਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਹਰ ਦੇਸ਼ ਆਪਣੇ ਸਾਧਨਾਂ ਅਤੇ ਸਮਰੱਥਾ ਅਨੁਸਾਰ ਇਸ ਦਾ ਸਾਹਮਣਾ ਕਰ ਰਿਹਾ ਹੈ ਤਾਂ ਕਿ ਲੋਕਾਂ ਨੂੰ ਸਿਹਤਮੰਦ ਰੱਖਿਆ ਜਾ ਸਕੇ। ਇਤਹਿਆਤ ਵਰਤਣ ਦੀਆਂ ਨਸੀਹਤਾਂ ਦਿਤੀਆਂ ਜਾ ਰਹੀਆਂ ਨੇ। ਸੰਸਾਰ ਦੀ ਅਰਥ-ਵਿਵਸਥਾ ਡਾਵਾਂਡੋਲ ਹੋ ਗਈ ਹੈ। ਇਕ ਪਿੰਡ ਬਣੀ ਦੁਨੀਆਂ ਫਿਰ ਆਪੋ-ਆਪਣੇ ਦਾਇਰਿਆਂ ਵਿਚ ਸਿਮਟ ਗਈ ਹੈ। ਕੌਮਾਂਤਰੀ ਸਰਹੱਦਾਂ, ਹਵਾਈ ਉਡਾਣਾਂ ਤੇ ਆਵਾਜਾਈ ਬੰਦ ਹੋਣ ਨਾਲ ਲੋਕ ਆਪੋ-ਆਪਣੇ ਘਰਾਂ ਵਿਚ ਰਹਿਣ ਲਈ ਮਜ਼ਬੂਰ। ਵਿਦਿਅਕ ਅਦਾਰੇ, ਖੇਡ ਮੈਦਾਨ, ਮਨੋਰੰਜਨ ਦੇ ਕੇਂਦਰ, ਵਪਾਰਕ ਅਦਾਰੇ ਜਾਂ ਹੋਟਲ/ਰੈਸਟੋਰੈਂਟ ਬੰਦ ਹੋ ਗਏ ਨੇ ਅਤੇ ਸਿਮਟ ਗਈ ਏ ਮਨੁੱਖੀ ਭਟਕਣਾ।

ਕਰੋਨਾ ਵਾਇਰਸ ਦੇ ਹੋਣ ਵਾਲੇ ਪ੍ਰਭਾਵਾਂ ਬਾਰੇ ਕਿਆਸ ਵੀ ਨਹੀਂ ਕੀਤਾ ਜਾ ਸਕਦਾ ਕਿ ਸਮੁੱਚੀ ਦੁਨੀਆਂ ਹੀ ਰੁਕ ਜਾਵੇਗੀ, ਸਿਸਟਮ ਸਿਥੱਲ ਹੋ ਜਾਵੇਗਾ। ਲੋਕ ਬਿਮਾਰ ਹੋ ਰਹੇ ਨੇ। ਕੁਝ ਇਕਾਂਤਵਾਸ ਵਿਚ ਰਹਿਣ ਲਈ ਮਜ਼ਬੂਰ। ਜ਼ਿਆਦਾ ਗੰਭੀਰ ਮਰੀਜ ਹਸਪਤਾਲਾਂ ਵਿਚ ਵੱਖਰੇ ਰੱਖੇ ਜਾ ਰਹੇ ਨੇ।
ਪਰ ਕਰੋਨਾ ਵਾਇਰਸ ਨੇ ਮਨੁੱਖ ਨੂੰ ਇਹ ਵੀ ਸਮਝਾ ਦਿਤਾ ਹੈ ਕਿ ਮਨੁੱਖ ਕਿੰਨਾ ਵੀ ਵੱਡਾ ਹੋ ਜਾਵੇ, ਕੁਦਰਤੀ ਭਿਆਨਕਤਾ ਸਾਹਵੇਂ ਬਹੁਤ ਹੀ ਨਿਗੂਣਾ ਏ। ਇਸ ਕੁਦਰਤੀ ਮਹਾਂਮਾਰੀ ਨੇ ਐਟਮੀ ਤੇ ਬਾਇਓਲੋਜੀਕਲ ਯੁੱਧ ਦੀ ਤਿਆਰੀ ਵਿਚ ਰੁੱਝੇ ਦੇਸ਼ਾਂ ਨੂੰ ਵੀ ਇਹ ਦਰਸਾ ਦਿਤਾ ਹੈ ਕਿ ਅਜਿਹੇ ਹਥਿਆਰਾਂ ਨਾਲ ਲੜੀ ਜਾਣ ਵਾਲੀ ਭਵਿੱਖੀ ਜੰਗ ਦੌਰਾਨ ਮਨੁੱਖਤਾ ਦਾ ਕੀ ਹਸ਼ਰ ਹੋਵੇਗਾ?
ਕਰੋਨਾ ਦੇ ਕਹਿਰ ਕਾਰਨ ਸੜਕਾਂ ਸੁੰਨਸਾਨ ਹਨ, ਉਨ੍ਹਾਂ ਨੂੰ ਮਿਲੇਗਾ ਕੁਝ ਅਰਾਮ। ਹਵਾ ਦੇ ਪ੍ਰਦੂਸ਼ਣ ਕਾਰਨ ਅਸਮਾਨ ਕਦੇ ਵੀ ਨੀਲਾ ਦਿਖਾਈ ਨਹੀਂ ਸੀ ਦਿੰਦਾ। ਹੁਣ ਪਲੀਤਪੁਣੇ ਦੇ ਘਟਣ ਨਾਲ ਅੰਬਰ ਅਤੇ ਇਸ ਦੇ ਵਿਹੜੇ ਵਿਚ ਜਗਦੇ ਤਾਰਿਆਂ ਨੂੰ ਮਿਲਣ ਅਤੇ ਇਨ੍ਹਾਂ ਨਾਲ ਸੰਵਾਦ ਰਚਾਉਣ ਦੀ ਤਮੰਨਾ, ਮਨੁੱਖੀ ਮਨ ਵਿਚ ਜਰੂਰ ਪੈਦਾ ਹੋਵੇਗੀ। ਮਨੁੱਖ ਨੂੰ ਸ਼ਾਇਦ ਪਤਾ ਲੱਗੇ ਕਿ ਅੰਬਰ ਦੀ ਸੁੰਦਰਤਾ ਨੂੰ ਨਿਹਾਰਨ ਅਤੇ ਇਸ ਨੂੰ ਅੰਤਰੀਵ ਵਿਚ ਵਸਾਉਣ ਤੋਂ ਕਿੰਨੇ ਦੂਰ ਚਲੇ ਗਏ ਸਾਂ?
ਦੁਨੀਆਂ ਦੇ ਭੀੜ-ਭੜੱਕੇ ਤੇ ਸ਼ੋਰ-ਓ-ਗੁੱਲ ਵਿਚ ਗਵਾਚ ਗਏ ਚਿੜੀਆਂ ਦੇ ਚਹਿਕਣ, ਪਰਿੰਦਿਆਂ ਦੇ ਬੋਲ, ਪੱਤਿਆਂ ਦੇ ਸੰਗੀਤ ਅਤੇ ਹਵਾ ਦੀ ਰੁਮਕਣੀ ਨੂੰ ਮਨੁੱਖ ਹੁਣ ਜਰੂਰ ਸੁਣਦਾ ਹੋਵੇਗਾ, ਜਿਨ੍ਹਾਂ ਦੀ ਮਧੁਰਤਾ ਤੋਂ ਮਹਿਰੂਮ ਹੋਇਆ ਬੰਦਾ, ਖੁਦ ਤੋਂ ਹੀ ਬੇਮੁੱਖੀ ਦੀ ਜੂਨ ਹੰਢਾ ਰਿਹਾ ਸੀ। ਆਦਮੀ ਨੂੰ ਜਰੂਰ ਸੁਣਦਾ ਹੋਵੇਗਾ ਮਨ ਵਿਚੋਂ ਉਠੀਆਂ ਭਾਵ-ਤਰੰਗਾਂ ਦਾ ਗੁਣਗਾਨ ਅਤੇ ਸਕੂਨ ਦਾ ਅਭਾਵ।
ਘਰ ਨੂੰ ਸਿਰਫ ਰੈਣ-ਬਸੇਰਾ ਸਮਝਣ ਵਾਲੇ ਮਨੁੱਖ ਨੂੰ ਘਰ ਵਿਚ ਰਹਿੰਦਿਆਂ, ਘਰ ਦੀਆਂ ਕੰਧਾਂ ‘ਚ ਸਿਮਟੀ ਖਾਮੋਸ਼ੀ ਦੇ ਮੁਖਾਤਬ ਹੋਣਾ ਪੈਂਦਾ ਹੋਵੇਗਾ। ਉਹ ਮਕਾਨ ਨੂੰ ਘਰ ਸਮਝ, ਇਸ ਦੇ ਨਿੱਘੜੇ ਅਹਿਸਾਸਾਂ ਨਾਲ ਲਬਰੇਜ਼ ਹੋਇਆ, ਸੁਖਨ ਨੂੰ ਮਾਣ ਕੇ ਸ਼ਰਸ਼ਾਰ ਹੁੰਦਾ ਹੋਵੇਗਾ। ਉਹ ਬੀਤੇ ਵਕਤ ਨੂੰ ਜਰੂਰ ਕੋਸਦਾ ਹੋਵੇਗਾ, ਜਦ ਉਹ ਖੁਦ ਤੋਂ ਹੀ ਬਹੁਤ ਦੂਰ ਜਾ ਚੁਕਾ ਸੀ। ਸ਼ਾਇਦ ਉਸ ਨੂੰ ਪਤਾ ਲੱਗ ਜਾਵੇ ਕਿ ਉਸ ਦੇ ਬੱਚੇ ਕਿਹੜੇ ਸਕੂਲ ਅਤੇ ਕਿਸ ਕਲਾਸ ਵਿਚ ਪੜ੍ਹਦੇ ਨੇ? ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਪਿਆਰ ਕਰਨ ਤੇ ਅਪਣੱਤ ਭਰੇ ਪਲਾਂ ਨੂੰ ਜਿਉਣ ਦਾ ਮੌਕਾ ਜਰੂਰ ਮਿਲੇਗਾ। ਦੁਨੀਆਂ ਦੀ ਭੱਜ-ਦੌੜ ਵਿਚ ਗਵਾਚ ਗਿਆ ਮਨੁੱਖ ਅਜਿਹੀ ਮਹਾਂਮਾਰੀ ਦੇ ਸਮੇਂ ਹੀ ਆਪਣੇ ਆਪ ਦੇ ਸਭ ਤੋਂ ਕਰੀਬ ਹੁੰਦਾ, ਕਿਉਂਕਿ ਉਸ ਨੂੰ ਆਪਣੇ ਬਾਰੇ ਸੋਚਣ ਅਤੇ ਖੁਦ ਦਾ ਮੁਲੰਕਣ ਕਰਨ ਦਾ ਮੌਕਾ ਜੁ ਮਿਲਦਾ।
ਕਰੋਨਾ ਕਾਰਨ ਆਲੇ-ਦੁਆਲੇ ਸੁੰਨ ਹੈ। ਮਨੁੱਖ ਇਕਾਂਤਵਾਸ ਵਿਚ ਹੈ, ਪਰ ਇਹ ਇਕੱਲ ਨਹੀਂ, ਕਿਉਂਕਿ ਇਕੱਲ ਹੰਢਾਉਣਾ ਮਜ਼ਬੂਰੀ ਹੁੰਦੀ ਹੈ। ਇਹ ਇਕਾਂਤ ਵਾਸ ਹਾਲਾਤ ਦੀ ਮਜ਼ਬੂਰੀ ਕਾਰਨ ਹੈ, ਬੰਦੇ ਦੀ ਮਜ਼ਬੂਰੀ ਨਹੀਂ। ਇਕਾਂਤ ਵਾਸ ਨੂੰ ਇਕਾਗਰਤਾ ਅਤੇ ਆਤਮਕ ਵਿਕਾਸ ਲਈ ਵਰਤ ਕੇ ਮਨੁੱਖ ਇਸ ਮੌਕੇ ਦੀ ਨਜ਼ਾਕਤ ਨੂੰ ਆਪਣਾ ਹਾਸਲ ਬਣਾ ਸਕਦਾ ਹੈ। ਇਸ ਇਕਾਂਤ ਵਾਸ ਦੌਰਾਨ ਕਿਤਾਬਾਂ ਨਾਲ ਦੋਸਤੀ ਪਾਓ। ਸੋਹਣੀ ਜ਼ਿੰਦਗੀ ਦੀਆਂ ਤਰਕੀਬਾਂ ਨੂੰ ਜੀਵਨ-ਜਾਚ ਬਣਾਓ। ਮਨ ਵਿਚ ਦੱਬੀਆਂ ਕਲਾਵਾਂ ਨੂੰ ਮੁੜ ਤੋਂ ਜਗਾਉਣ ਦਾ ਇਹ ਸੁੰਦਰ ਮੌਕਾ ਹੈ, ਜਦ ਮਨੁੱਖ ਕੋਲ ਸਮਾਂ ਹੀ ਸਮਾਂ ਹੈ। ਖੈਰ-ਸੁੱਖ ਪੁੱਛਣ ਦੇ ਬਹਾਨੇ, ਰੁੱਸ ਗਏ ਮਿੱਤਰਾਂ ਨੂੰ ਫੋਨ ਕਰੋ। ਪੁਰਾਣੀਆਂ ਸਾਝਾਂ ਨੂੰ ਪੁਨਰ-ਸਜੀਵ ਕਰੋ।
ਕਰੋਨਾ ਨਾਲ ਲੋਕ ਤਾਂ ਮਰ ਰਹੇ ਨੇ, ਪਰ ਪੁਨਰ-ਸਜੀਵ ਹੋ ਰਿਹਾ ਹੈ ਭਰਾਤਰੀ ਭਾਵ, ਆਪਸੀ ਮਿਲਵਰਤਣ, ਪੀੜਤ ਦੀ ਸਾਰ ਲੈਣ ਦੀ ਕਾਹਲ, ਲੋੜਵੰਦਾਂ ਦੀ ਮਦਦ ਕਰਨ ਦੀ ਤਮੰਨਾ, ਸਰਬੱਤ ਦੇ ਭਲੇ ਦੀ ਲੋਚਾ, ਵੰਡ ਕੇ ਛਕਣ ਵਾਲਾ ਵਰਤਾਰਾ ਅਤੇ ਆਪਣੀ ਸਿਹਤਯਾਬੀ ਵਿਚੋਂ ਕਿਸੇ ਰੋਗੀ ਦੀ ਤੰਦਰੁਸਤੀ ਨੂੰ ਕਿਆਸਣ ਦਾ ਹੁਨਰ। ਦੁੱਖ ਤਾਂ ਵੱਧ ਰਹੇ ਨੇ, ਪਰ ਸੁੱਖਾਂ ਦੀ ਮੰਨਤ ਮੰਗਣ ਵਾਲਿਆਂ ਦੀ ਗਿਣਤੀ ਜ਼ਿਆਦਾ ਵਧ ਰਹੀ ਹੈ। ਖਾਣ ਪੀਣ ਦੀਆਂ ਵਸਤਾਂ ਖਰੀਦੋ, ਪਰ ਖਰੀਦ ਵਿਚ ਲਾਲਚ ਨਾ ਹੋਵੇ।
ਇਸ ਮਹਾਂਮਾਰੀ ਨੇ ਇਹ ਵੀ ਦਰਸਾ ਦਿਤਾ ਹੈ ਕਿ ਜ਼ਿਆਦਾਤਰ ਵਪਾਰੀ ਲੋਕ ਆਪਣੇ ਮੁਨਾਫੇ ਤੀਕ ਹੀ ਸੀਮਤ ਹੁੰਦੇ। ਉਨ੍ਹਾਂ ਦਾ ਲੋਭ ਇਸ ਹੱਦ ਤੀਕ ਗਰਕ ਜਾਂਦਾ ਕਿ ਉਹ ਸੰਕਟ ਦੇ ਸਮੇਂ ਵਿਚ ਲੋੜ ਦੀਆਂ ਵਸਤਾਂ ਦੀ ਮਨਸੂਈ ਘਾਟ ਪੈਦਾ ਕਰਕੇ, ਦੁੱਗਣੇ/ਤਿੱਗਣੇ ਭਾਅ ‘ਤੇ ਵਸਤਾਂ ਵੇਚਦੇ। ਸ਼ਾਇਦ ਉਹ ਭੁੱਲ ਜਾਂਦੇ ਨੇ ਕਿ ਜਦ ਅਜਿਹੀ ਮਹਾਂਮਾਰੀ ਸਾਹਵੇਂ ਵਿਸ਼ਵ ਹੀ ਨਿਤਾਣਾ ਅਤੇ ਨਿਰਬਲ ਮਹਿਸੂਸ ਕਰੇ ਤਾਂ ਇਨ੍ਹਾਂ ਦੇ ਦੌਲਤ-ਅੰਬਾਰ, ਉਨ੍ਹਾਂ ਨੂੰ ਸੰਕਟ-ਕਾਲੀਨ ਵਖਤ ਤੋਂ ਕਿਵੇਂ ਬਚਾਉਣਗੇ? ਹਰ ਵਿਅਕਤੀ ਦਾ ਮਰਨਾ ਤੈਅ ਹੈ। ਮੌਤ ਪਿਛੋਂ ਵਿਅਕਤੀ ਨੂੰ ਜੀਵਨ ਵਿਚ ਕਮਾਈ ਹੋਈ ਭਲਿਆਈ ਅਤੇ ਚੰਗਿਆਈ ਕਾਰਨ ਯਾਦ ਕੀਤਾ ਜਾਂਦਾ ਹੈ। ਲੋਭੀ ਅਤੇ ਕਮੀਨੇ ਲੋਕ ਬਹੁਤ ਜਲਦੀ ਲੋਕ-ਚੇਤਿਆਂ ਵਿਚੋਂ ਕਿੱਰ ਜਾਂਦੇ ਨੇ।
ਇਸ ਨਾਜ਼ਕ ਮੌਕੇ ਇਹ ਵੀ ਸਪੱਸ਼ਟ ਹੋ ਗਿਆ ਕਿ ਲੱਖਾਂ-ਕਰੋੜਾਂ ਕਮਾਉਣ ਵਾਲੇ ਜ਼ਿਆਦਾਤਰ ਫਿਲਮ ਕਲਾਕਾਰਾਂ, ਗਾਇਕਾਂ, ਖਿਡਾਰੀਆਂ, ਰਾਜ ਨੇਤਾਵਾਂ, ਦੌਲਤਮੰਦਾਂ ਅਤੇ ਵਪਾਰਕ ਘਰਾਣਿਆਂ ‘ਤੇ ਕਾਬਜ਼ ਲੋਕਾਂ ਵਿਚ ਮਾਨਵਤਾ ਦਾ ਦਰਦ ਬਿਲਕੁਲ ਹੀ ਨਹੀਂ। ਉਨ੍ਹਾਂ ਦੀ ਆਤਮਾ ਮਰ ਚੁਕੀ ਹੈ ਅਤੇ ਉਹ ਕਦੇ ਵੀ ਦੁਖੀ ਮਨੁੱਖਤਾ ਦਾ ਦਰਦ ਵੰਡਾਉਣ ਵਿਚ ਪਹਿਲ ਨਹੀਂ ਕਰਦੇ। ਉਹ ਸਿਰਫ ਨਿੱਜ ਤੀਕ ਸੀਮਤ। ਆਪਣੀਆਂ ਸਲਤਨਤਾਂ ਨੂੰ ਉਸਾਰਨ ਤੀਕ ਹੀ ਉਨ੍ਹਾਂ ਦੀ ਸੋਚ ਦੇ ਦਿਸਹੱਦੇ। ਆਪਣੇ ਤੋਂ ਇਲਾਵਾ ਕੁਝ ਵੀ ਨਜ਼ਰ ਨਹੀਂ ਆਉਂਦਾ। ਵੱਡੇ ਡੇਰੇਦਾਰ ਅਤੇ ਧਾਰਮਿਕ ਸਥਾਨਾਂ ‘ਤੇ ਕਾਬਜ਼ ਲੋਕ ਵੀ ਚੜ੍ਹਾਵੇ ਦੇ ਖਜਾਨੇ ਵਿਚੋਂ ਵਖਤਾਂ ਮਾਰੇ ਸ਼ਰਧਾਲੂਆਂ ਲਈ ਕੁਝ ਵੀ ਕਰਨ ਤੋਂ ਖਚਰੀ ਖਾਮੋਸ਼ੀ ਧਾਰੀ ਬੈਠੇ ਨੇ। ਕੀ ਕੋਠੀਆਂ ਵਾਲਿਆਂ ਨੇ ਕਦੇ ਝੁੱਗੀਆਂ ਵਿਚ ਰਹਿੰਦੇ ਲੋਕਾਂ ਦੀ ਅਜਿਹੇ ਵਖਤਾਂ ‘ਚ ਸਾਰ ਲਈ ਹੈ? ਕੀ ਡੇਰਿਆਂ ਅਤੇ ਧਾਰਮਿਕ ਸੰਸਥਾਵਾਂ ਨੇ ਪੀੜਤ ਲੋਕਾਂ ਲਈ ਦਰ ਖੋਲ੍ਹੇ ਨੇ ਤਾਂ ਕਿ ਇਸ ਸਮੇਂ ਉਨ੍ਹਾਂ ਨੂੰ ਠਾਹਰ ਅਤੇ ਖਾਣ ਲਈ ਕੁਝ ਮਿਲ ਸਕੇ? ਲੋਕਾਂ ਨੂੰ ਹੁਣ ਸੋਝੀ ਆ ਜਾਵੇਗੀ ਕਿ ਇਹ ਸਟਾਰ, ਗਾਇਕ, ਰਾਜਨੇਤਾ ਜਾਂ ਬਾਬੇ ਸਿਰਫ ਆਮ ਲੋਕਾਈ ਨੂੰ ਭਰਮਾ ਕੇ, ਉਨ੍ਹਾਂ ਦੀ ਕਮਾਈ ਨੂੰ ਹੜੱਪਣ ਤੀਕ ਹੀ ਸੀਮਤ ਨੇ। ਉਹ ਭੋਲੇ ਭਾਲੇ ਲੋਕਾਂ ਦੀ ਮਾਨਸਿਕਤਾ ਨੂੰ ਵਰਗਲਾ ਕੇ ਨਿੱਜੀ ਮੁਫਾਦ ਦੀ ਹੀ ਪੂਰਤੀ ਕਰਦੇ ਨੇ।
ਇਨ੍ਹਾਂ ਹਾਲਾਤਾਂ ਵਿਚ ਸਭ ਤੋਂ ਵਧੀਆ ਇਹ ਹੋਇਆ ਕਿ ਮਨੁੱਖ ਆਪਣੇ ਵੱਲ ਮੁੜਿਆ ਏ। ਅੰਦਰ ਨੂੰ ਪਰਤਣਾ ਅਤੇ ਖੁਦ ਦੀ ਜਾਮਾ-ਤਲਾਸ਼ੀ ਕਰਨੀ ਬਹੁਤ ਅਹਿਮ ਹੁੰਦੀ। ਇਸ ਵਿਚੋਂ ਹੀ ਇਕ ਨਵੇਂ ਮਨੁੱਖ ਦਾ ਜਨਮ ਹੁੰਦਾ। ਮਨੁੱਖ ਜੋ ਇਨਸਾਨੀਅਤ ਦਾ ਮੁਹਾਂਦਰਾ ਬਣਨ ਵੰਨੀ ਅਹੁਲਦਾ ਏ।
ਕਰੋਨਾ ਵਾਇਰਸ ਨੇ ਇਹ ਵੀ ਦਰਸਾ ਦਿਤਾ ਕਿ ਸ਼ੋਰ-ਓ-ਗੁੱਲ ਤੋਂ ਅੱਕਿਆਂ ਲਈ ਚੁੱਪ ਕਿੰਨੀ ਜਰੂਰੀ ਹੁੰਦੀ ਹੈ। ਸਮੁੱਚੀ ਕਾਇਨਾਤ ਨੂੰ ਨਿਹਾਰਨਾ ਅਤੇ ਇਸ ਦੀ ਅਸੀਮਤਾ ਵਿਚੋਂ ਆਪਣੀ ਔਕਾਤ ਨੂੰ ਪਰਿਭਾਸ਼ਤ ਕਰਨਾ ਬਹੁਤ ਅਹਿਮ ਹੁੰਦਾ। ਬੰਦੇ ਨੂੰ ਪਤਾ ਲੱਗਦਾ ਕਿ ਪਰਿਵਾਰ ਕੀ ਏ? ਆਂਢ-ਗੁਆਂਢ ਵਿਚ ਕਿਹੜੇ ਲੋਕ ਵੱਸਦੇ ਨੇ? ਸਮਾਜਕ ਸਬੰਧਾਂ ਦੀ ਕੀ ਮਹੱਤਤਾ ਹੈ? ਗਵਾਂਢੀਆਂ ਨਾਲ ਬੋਲ-ਸਾਂਝ ਦੇ ਕੀ ਅਰਥ ਨੇ? ਚੌਗਿਰਦੇ ਵਿਚ ਕੀ ਵਾਪਰ ਰਿਹਾ ਏ? ਕੌਣ ਨੇ ਉਹ ਲੋਕ, ਜੋ ਮੇਰੇ ਕੋਲ ਰਹਿੰਦੇ ਹੋਵੇ ਵੀ ਮੇਰੇ ਤੋਂ ਬਹੁਤ ਦੂਰ ਸਨ? ਕੰਧ ਸਾਂਝੀ ਹੋਣ ‘ਤੇ ਵੀ ਕਿਸੇ ਦੇ ਹੂੰਗਰ ਨਹੀਂ ਸੀ ਸੁਣੀਂਦੀ? ਹੁਣ ਤਾਂ ਚਾਰ-ਚੁਫੇਰੇ ਵਿਚਲੀ ਸਾਹ-ਸੁਰੰਗੀ ਦਾ ਨਾਦ ਵੀ ਸੁਣਾਈ ਦਿੰਦਾ ਏ।
ਅਜਿਹੇ ਮੌਕਿਆਂ ‘ਤੇ ਸੋਚ ਵਿਚਲੀ ਨਕਾਰਾਤਮਕਤਾ ਕਾਰਨ ਹੋਣ ਵਾਲੇ ਨੁਕਸਾਨ ਵੀ ਸਾਹਮਣੇ ਆਉਣਗੇ? ਮਨੁੱਖ ਕਿੰਨਾ ਅਕ੍ਰਿਤਘਣ ਹੈ ਕਿ ਉਹ ਆਪਣੀ ਅਰਥੀ ਮੋਢੇ ‘ਤੇ ਚੁੱਕੀ, ਦੁਨੀਆਂ ਨੂੰ ਜਿਉਣ ਦਾ ਗੁਰ ਸਿਖਾਉਣ ਦਾ ਢਕਵੰਜ ਕਰਦਾ ਏ। ਬਾਹਰੀ ਦੁਨੀਆਂ ਵਿਚੋਂ ਹੀ ਜੀਵਨ ਦੀ ਸਾਰਥਕਤਾ ਨੂੰ ਸਮਝਣ ਵਾਲਿਆਂ ਨੂੰ ਇਹ ਵੀ ਪਤਾ ਲੱਗੇਗਾ ਕਿ ਕੁਝ ਸਮੇਂ ਲਈ ਘਰ ਵਿਚ ਰਹਿਣ ਦੇ ਕੀ ਅਰਥ ਨੇ? ਜਿਹੜੇ ਘਰਾਂ ਵਿਚ ਰਹਿੰਦੇ ਨੇ ਉਨ੍ਹਾਂ ਦੀ ਮਜ਼ਬੂਰੀ ਨੂੰ ਕਦੇ ਵੀ ਆਪਣੇ ਮਕਸਦ ਲਈ ਨਾ ਵਰਤੋਂ। ਸਗੋਂ ਆਪਣੀ ਜੀਵਨ-ਸ਼ੈਲੀ ਵਿਚ ਬਦਲਾਓ ਪੈਦਾ ਕਰਕੇ, ਘਰ ਵਿਚ ਰਹਿੰਦੇ ਮਾਪਿਆਂ ਨਾਲ ਗੱਲਾਂ ਕਰੋ। ਬੱਚਿਆਂ ਨਾਲ ਖੇਡੋ। ਉਨ੍ਹਾਂ ਨੂੰ ਅਹਿਸਾਸ ਹੋਵੇ ਕਿ ਕੋਈ ਤਾਂ ਆਪਣਾ ਹੈ, ਜੋ ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਦਿਆਂ, ਉਨ੍ਹਾਂ ਦੀ ਤੰਦਰੁਸਤੀ ਅਤੇ ਮਾਨਸਿਕ ਨਿੱਗਰਤਾ ਦੀ ਹਾਮੀ ਭਰਦਾ ਹੈ। ਆਪਣਿਆਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਅਤੇ ਮਨ ਦੀਆਂ ਪਰਤਾਂ ਫਰੋਲਦਿਆਂ, ਜੀਵਨ ਨੂੰ ਸੁਚਾਰੂ ਤਰੀਕੇ ਨਾਲ ਮੁੜ ਤੋਂ ਜਿਉਣਾ ਸਿੱਖਿਆ ਜਾ ਸਕਦਾ ਹੈ।
ਇਸ ਵਿਚੋਂ ਇਹ ਵੀ ਸਾਹਮਣੇ ਆਇਆ ਕਿ ਆਪੇ-ਆਪਣੇ ਘੁਰਨਿਆਂ ਵਿਚ ਕੈਦ ਲੋਕਾਂ ਨੇ ਆਪਣੇ ਰੋਸ਼ਨਦਾਨ ਅਤੇ ਖਿੜਕੀਆਂ ਖੋਲ੍ਹਣਾ ਸਿੱਖ ਲਿਆ ਹੈ। ਦੁਰਗੰਧ ਬਾਹਰ ਨਿਕਲ ਕੇ ਸੁਗੰਧ ਨੂੰ ਅੰਦਰ ਆਉਣ ਲਈ ਹਾਕਾਂ ਮਾਰਦੀ ਏ। ਉਹ ਖਿੜਕੀਆਂ ਤੇ ਬਾਲਕੋਨੀਆਂ ‘ਤੇ ਖੜ ਕੇ, ਗਲੀ ਦੇ ਦੂਜੇ ਪਾਸੇ ਦੇ ਗੁਆਂਢੀਆਂ ਨੂੰ ਹਾਕਾਂ ਮਾਰਦੇ, ਉਚੀ ਉਚੀ ਗੱਲਾਂ ਕਰਦੇ ਨੇ। ਮਨਾਂ ਦੀਆਂ ਮੂਕ ਭਾਵਨਾਵਾਂ ਨੂੰ ਗੱਲਬਾਤ ਰਾਹੀਂ ਰੁਆਂਸੀ ਹਵਾ ਦੇ ਨਾਮ ਕਰਦੇ, ਪੌਣ ਨੂੰ ਜਿਉਣ ਦੀ ਆਸ ਨਾਲ ਭਰ ਰਹੇ ਨੇ। ਇਸ ਨਾਲ ਘਰਾਂ ਵਿਚ ‘ਕੱਲੇ ਰਹਿ ਗਏ ਬਜੁਰਗਾਂ ਨੂੰ ਵੀ ਇਹ ਅਹਿਸਾਸ ਹੋਵੇਗਾ ਕਿ ਕੋਈ ਤਾਂ ਉਨ੍ਹਾਂ ਦੇ ਗੁਆਂਢ ਵਿਚ ਰਹਿੰਦਾ ਹੈ, ਜਿਸ ਨੂੰ ਲੋੜ ਪੈਣ ‘ਤੇ ਹਾਕ ਤਾਂ ਮਾਰੀ ਜਾ ਸਕਦੀ ਏ।
ਇਸ ਮਹਾਂਮਾਰੀ ਨੇ ਦੁਨਿਆਵੀ ਦੌੜ ਵਿਚ ਹਫੇ ਮਨੁੱਖ ਨੂੰ ਰੋਕਿਆ ਹੈ। ਉਹ ਸਾਹ ਲੈ ਰਿਹਾ ਏ। ਸਵੈ-ਚਿੰਤਨ ਜਰੂਰ ਕਰੇਗਾ ਕਿ ਕੀ ਸੀ ਖਾਸ, ਜਿਸ ਨੂੰ ਕਮਾਉਣ ਲਈ ਜੀਵਨ ਨੂੰ ਗਵਾ ਰਿਹਾ ਸਾਂ? ਕੀ ਕਮਾਉਣ ਦੀ ਲੋੜ ਹੈ, ਜਿਸ ਨੇ ਰੂਹ ਦੀ ਖੁਰਾਕ ਬਣਨਾ ਏ? ਫਿਕਰਾਂ ਮਾਰੇ ਮਨੁੱਖ ਨੂੰ ਸਿਰਫ ਖੁਦ ਦੀ ਫਿਕਰਮੰਦੀ ਨਹੀਂ ਕਰਨੀ ਚਾਹੀਦੀ, ਸਗੋਂ ਸਮਾਜ ਅਤੇ ਦੇਸ਼ ਦੀ ਭਲਾਈ ਵਿਚੋਂ ਹੀ ਬੰਦਿਆਈ ਨੂੰ ਬੰਦਗੀ ਬਣਾਉਣ ਦੀ ਲੋੜ ਹੈ।
ਇਸ ਮਹਾਂਮਾਰੀ ਨੇ ਆਦਮੀ ਨੂੰ ਨਵੇਂ ਸੱਚ ਦੇ ਸਾਹਮਣੇ ਕੀਤਾ ਹੈ, ਜੋ ਸਾਡਾ ਸਭ ਦਾ ਸੱਚ ਹੈ। ਨਵੀਂ ਦ੍ਰਿਸ਼ਟੀ ਨਾਲ ਅਸੀਂ ਆਪਣੇ ਪਰਿਵਾਰ, ਸਮਾਜ, ਦੇਸ਼ ਤੇ ਦੁਨੀਆਂ ਨੂੰ ਦੇਖਣ ਅਤੇ ਸਮਝਣ ਦੇ ਯੋਗ ਹੋ ਸਕਦੇ ਹਾਂ ਕਿ ਕਿਸੇ ਵੇਲੇ, ਕੁਝ ਵੀ, ਕਿਸੇ ਵੀ ਥਾਂ ਕੁਝ ਵੀ ਅਣਕਿਹਾ ਤੇ ਅਣਕਿਆਸਿਆ ਵਾਪਰ ਸਕਦਾ ਹੈ। ਸਿਰਫ ਲੋੜ ਹੈ ਕਿ ਮਨੁੱਖ ਆਪਣੇ ਤੋਂ ਕਦੇ ਵੀ ਦੂਰ ਨਾ ਜਾਵੇ, ਸਗੋਂ ਖੁਦ ਦੇ ਕੋਲ ਰਹੇ ਤਾਂ ਕਿ ਅਜਿਹੇ ਹਾਲਾਤਾਂ ਨਾਲ ਬਾਖੂਬੀ ਨਿਪਟਿਆ ਜਾ ਸਕੇ।
ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਡੇ ਲਈ ਕੀ ਜਰੂਰੀ ਹੈ? ਕਿੰਨੀਆਂ ਕੁ ਨੇ ਸਾਡੀਆਂ ਲੋੜਾਂ? ਕਿੱਡਾ ਕੁ ਘਰ ਰਹਿਣ ਲਈ ਲੋੜੀਂਦਾ ਏ? ਕਿੰਨਾ ਕੁਝ ਜਰੂਰੀ ਹੈ, ਮਨੁੱਖੀ ਹੋਂਦ ਲਈ? ਕਿੰਨੀਆਂ ਅਹਿਮ ਹਨ ਕੁਦਰਤੀ ਨਿਆਮਤਾਂ? ਕਿੰਨਾ ਜਰੂਰੀ ਹੈ ਮਨੁੱਖ ਦਾ ਮਨੁੱਖ ਨਾਲ ਮਿਲਾਪ? ਕਿੰਨੀ ਮਹਾਨ ਹੈ ਮਨੁੱਖ ਦੀ ਕੁਦਰਤ ਨਾਲ ਸਾਂਝ? ਕਿੰਨੀਆਂ ਅਹਿਮ ਨੇ ਪਿਆਰ ਦੀਆਂ ਤੰਦਾਂ? ਕਿੰਨਾ ਫਿਕਰ ਹੁੰਦਾ ਹੈ ਆਪਣੀ ਸਿਹਤ ਤੇ ਜਾਨ ਦਾ? ਸਿਰਫ ਉਹ ਲੋਕ ਹੀ ਇਤਿਹਾਸ ਦਾ ਵਰਕਾ ਬਣਦੇ ਨੇ, ਜਿਨ੍ਹਾਂ ਦੇ ਮਸਤਕ ‘ਤੇ ਲੋਕ-ਭਲਾਈ ਦੀਆਂ ਰੇਖਾਵਾਂ ਦੀ ਕਲਾ-ਨਕਾਸ਼ੀ ਹੁੰਦੀ ਹੈ।
ਯਾਦ ਰੱਖਣਾ, ਸਰੀਰਕ ਬਿਮਾਰੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ, ਪਰ ਮਾਨਸਿਕ ਤੌਰ ‘ਤੇ ਕਦੇ ਬਿਮਾਰ ਨਾ ਹੋਣਾ ਸਗੋਂ ਚੜ੍ਹਦੀ ਕਲਾ ਵਿਚ ਰਹਿਣਾ ਕਿਉਂਕਿ ਮਨ ਦੀ ਮਜ਼ਬੂਤੀ ਵਿਚੋਂ ਹੀ ਜ਼ਿੰਦਗੀ ਦੀ ਤਾਮੀਰਦਾਰੀ ਹੁੰਦੀ ਹੈ।
ਹੁਣ ਸੋਚਣਾ ਇਹ ਵੀ ਹੈ ਕਿ ਬਦਲੇ ਹੋਏ ਜੀਵਨ-ਹਾਲਾਤ ਵਿਚ ਖੁਦ ਨੂੰ ਕਿਵੇਂ ਢਾਲਣਾ ਹੈ? ਇਹ ਤੁਹਾਡੇ ‘ਤੇ ਨਿਰਭਰ ਕਿ ਇਨ੍ਹਾਂ ਮਾਯੂਸ ਪਲਾਂ ਵਿਚੋਂ ਖੁਸ਼ੀਆਂ ਨੂੰ ਕਿਵੇਂ ਤਲਾਸ਼ਣਾ? ਉਦਾਸੀਨਤਾ ਨੂੰ ਦੂਰ ਕਰਕੇ ਮਨ ਦੇ ਹੁਲਾਸ ਨੂੰ ਆਪਣਾ ਹਾਸਲ ਕਿਵੇਂ ਬਣਾਉਣਾ? ਵਿਹੜੇ ਵਿਚਲੇ ਗਮਲਿਆਂ ਵਿਚ ਖਿੜੇ ਫੁੱਲਾਂ ਨਾਲ ਗੱਲਾਂ ਕਰੋ। ਬਹਾਰ ਨੂੰ ਬੰਦਾਈ-ਬਰਕਤ ਬਣਾਓ। ਬੂਟਿਆਂ ਨੂੰ ਪਾਣੀ ਪਾਓ। ਤ੍ਰੇਲ ਭਿੱਜੇ ਘਾਹ ‘ਤੇ ਟਹਿਲਣ ਦਾ ਲੁਤਫ ਉਠਾਓ। ਰਾਤ ਨੂੰ ਘਰ ਦੀ ਛੱਤ ‘ਤੇ ਚੜ ਕੇ ਅਸਮਾਨ ਵਿਚ ਟਿਮਟਿਮਾਉਂਦੇ ਤਾਰਿਆਂ ਨਾਲ ਸੰਵਾਦ ਰਚਾਓ। ਉਨ੍ਹਾਂ ਦੀਆਂ ਕਿਰਨਾਂ ਨੂੰ ਸੋਚ-ਜ਼ਮੀਂ ਵਿਚ ਉਗਾਓ, ਜੋ ਤੁਹਾਡੇ ਲਈ ਰੌਸ਼ਨ ਮਾਰਗ ਬਣ ਸਕਣ। ਲੰਮੇ ਲੰਮੇ ਸਾਹ ਲਓ। ਆਉਂਦੇ-ਜਾਂਦੇ ਸਾਹਾਂ ਦੀ ਤਰਕ-ਸੰਗਤਾ ਨੂੰ ਜੀਵਨ-ਜੋਤ ਨਾਲ ਜੋੜੋ। ਰੂਹ ਦੇ ਦਰਵਾਜੇ ਖੋਲ੍ਹੋ। ਇਸ ਨੂੰ ਸੂਖਮ, ਸਹਿਭਾਵੀ ਅਤੇ ਸੁਖਨਮਈ ਪਲਾਂ ਦਾ ਟਿਕਾਣਾ ਬਣਾਓ। ਤੁਹਾਡੀ ਰੂਹ-ਰੰਗਰੇਜ਼ਤਾ ਵਿਚੋਂ ਹੀ ਰੂਹ ਦੀ ਅਮੀਰੀ ਅਤੇ ਇਲਹਾਮੀ ਦਾ ਅੰਦਾਜ਼ ਨਜ਼ਰ ਆਵੇਗਾ।
ਅਜਿਹੇ ਮੌਕਿਆਂ ‘ਤੇ ਬਿਮਾਰੀ ਅਤੇ ਮੌਤ ਦਾ ਡਰ ਤਾਂ ਹੁੰਦਾ ਹੈ, ਪਰ ਇਸ ਨੂੰ ਹਾਊਆ ਨਾ ਬਣਾਓ। ਇਕ-ਦੂਜੇ ਤੋਂ ਕੁਝ ਦੂਰੀ ਤਾਂ ਬਣਾਓ, ਪਰ ਮਨ ਦੀ ਨੇੜਤਾ ਨੂੰ ਹੋਰ ਵਧਾਓ। ਆਪੋ ਆਪਣੇ ਘਰਾਂ ਵਿਚ ਬੰਦ ਰਹੋ, ਪਰ ਸੁੰਗੜੋ ਨਾ, ਸਗੋਂ ਬਿਪਤਾ ਵਿਚ ਘਿਰੇ ਆਪਣਿਆਂ ਨਾਲ ਹੋਰ ਗੂੜ੍ਹਾ ਰਾਬਤਾ ਬਣਾਓ, ਜਿਨ੍ਹਾਂ ਨੂੰ ਤੁਹਾਡੀ ਪਹਿਲਾਂ ਨਾਲੋਂ ਵੱਧ ਲੋੜ ਹੈ। ਅਜਿਹੇ ਮੌਕੇ ‘ਤੇ ਦਿਲਾਂ ਵਿਚ ਪਿਆਰ ਨੂੰ ਮੌਲਣ ਦਿਓ ਅਤੇ ਘ੍ਰਿਣਾ, ਰੰਜਿਸ਼, ਨਫਰਤ ਜਾਂ ਮਨ-ਮੁਟਾਵ ਨੂੰ ਰੁਕਾਵਟ ਨਾ ਬਣਨ ਦਿਓ। ਕੋਈ ਵੀ ਬਿਪਤਾ ਇਕੱਠੇ ਹੋ ਕੇ ਸਦਾ ਲਈ ਟਾਲੀ ਜਾ ਸਕਦੀ ਏ। ‘ਕੱਲੇ ਰਹੇ ਤਾਂ ਬਿਪਤਾ ਸਾਹਵੇਂ ਹਾਰ ਜਾਵੋਗੇ। ਸੋ ਲੋੜ ਹੈ, ਕਰੋਨਾ ‘ਤੇ ਜਿੱਤ ਹਾਸਲ ਕਰਨ ਲਈ ਸਾਰੇ ਹੰਭਲਾ ਮਾਰੀਏ। ਹਾਰ ਜਾਣ ਵਾਲੇ ਲੋਕ ਤਹਿਜ਼ੀਬ ਵਿਚੋਂ ਸਦਾ ਲਈ ਮਿਟ ਜਾਂਦੇ ਨੇ। ਸਦਾ ਜਿਉਂਦੀਆ ਨੇ ਉਹ ਕੌਮਾਂ, ਜਿਨ੍ਹਾਂ ਨੇ ਆਪਣੀ ਹਿੰਮਤ, ਦਲੇਰੀ ਅਤੇ ਫਰਾਖਦਿਲੀ ਨਾਲ ਅਜਿਹੀਆਂ ਅਣਹੌਣੀਆਂ ਨੂੰ ਹਰਾਇਆ ਏ। ਕੋਈ ਵੀ ਮਹਾਂਮਾਰੀ, ਮਨੁੱਖ ਦਾ ਇਮਤਿਹਾਨ ਹੁੰਦਾ, ਜੋ ਮਨੁੱਖ ਦੇ ਹੌਸਲੇ ਤੋਂ ਕਦੇ ਵੀ ਵੱਡਾ ਨਹੀਂ ਹੁੰਦਾ। ਸਿਰਫ ਮਨ ਵਿਚ ਇਸ ਨਾਲ ਲੜਨ ਅਤੇ ਇਸ ਨੂੰ ਹਰਾਉਣ ਦੀ ਸੋਚ ਹੀ ਹਾਵੀ ਹੋਣੀ ਚਾਹੀਦੀ ਹੈ।
ਜ਼ਿੰਦਗੀ ਹਮੇਸ਼ਾ ਜ਼ਿੰਦਾਬਾਦ ਸੀ, ਜ਼ਿੰਦਾਬਾਦ ਹੈ ਅਤੇ ਸਦਾ ਜ਼ਿੰਦਾਬਾਦ ਰਹੇਗੀ। ਲੋੜ ਅਜਿਹੇ ਮੌਕੇ ਹਨੇਰੇ ਵਿਚੋਂ ਰਿਸ਼ਮਾਂ ਭਾਲਣ ਅਤੇ ਇਨ੍ਹਾਂ ਦੀ ਕੰਨੀਂ ਫੜ ਕੇ ਰੌਸ਼ਨ ਰਾਹਾਂ ਵੰਨੀਂ ਕਦਮ ਵਧਾਉਣ ਦੀ ਹੈ। ਉਸਾਰੂ ਬਿਰਤੀ ਹੀ ਸਾਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਮਜਬੂਤ ਕਰਦੀ, ਵਿਨਾਸ਼ਕਾਰੀ ਹਾਲਾਤ ਨੂੰ ਹਰਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਅਜਿਹੀ ਜ਼ਿਕਰਯੋਗ ਭੂਮਿਕਾ ਨਿਭਾਉਣ ਦੀ, ਹੁਣ ਮਨੁੱਖ ਦੀ ਵਾਰੀ ਹੈ। ਆਸ ਹੈ, ਮਨੁੱਖ ਕਦੇ ਵੀ ਮਨੁੱਖਤਾ ਨੂੰ ਨਿਰਾਸ਼ ਨਹੀਂ ਕਰੇਗਾ।