ਗੁਰੂ ਗ੍ਰੰਥ ਸਾਹਿਬ, ਸਤਿਕਾਰ ਕਮੇਟੀਆਂ ਤੇ ਨਾਨਕ ਨਾਮ-ਲੇਵਾ ਸੰਗਤ

ਡਾ. ਗੁਰਨਾਮ ਕੌਰ, ਕੈਨੇਡਾ
ਭਾਈ ਗੁਰਦਾਸ ਨੇ ਪਹਿਲੀ ਵਾਰ ਦੀ 27ਵੀਂ ਪਉੜੀ ਵਿਚ ਗੁਰੂ ਨਾਨਕ ਦੇਵ ਜੀ ਦੇ ਇਸ ਧਰਤੀ ‘ਤੇ ਪਰਗਟ ਹੋਣ ਨੂੰ ਚਾਨਣ ਦਾ ਉਦੈ ਹੋਣਾ ਕਿਹਾ ਹੈ, ਜਿਸ ਦੇ ਪਾਸਾਰ ਨਾਲ ਉਲਝਣ, ਅਨਿਸ਼ਚਿਤਤਾ, ਅਸਥਿਰਤਾ ਦੀ ਧੁੰਦ ਹਟ ਜਾਂਦੀ ਹੈ, ਅਰਥਾਤ ਸਾਰਾ ਮਾਹੌਲ ਨਿੱਖਰ ਜਾਂਦਾ ਹੈ; ਇਹ ਗਿਆਨ ਦਾ ਚਾਨਣ ਹੈ, ਜਿਸ ਵਿਚ ਸਭ ਕੁਝ ਸਾਫ ਦਿਸਦਾ ਹੈ| ਇਹ ਇਸੇ ਤਰ੍ਹਾਂ ਹੈ, ਜਿਵੇਂ ਸੂਰਜ ਦੇ ਨਿਕਲਣ ਨਾਲ ਤਾਰੇ ਅਲੋਪ ਹੋ ਜਾਂਦੇ ਹਨ ਅਤੇ ਰਾਤ ਦਾ ਹਨੇਰਾ ਦੂਰ ਹੋ ਕੇ ਸੱਜਰੀ ਸਵੇਰ ਜੀਵਨ ਰੌਂ ਨੂੰ ਸਜੀਵ ਕਰਦੀ ਹੈ ਤੇ ਨਵਾਂ ਸੁਨੇਹਾ ਲੈ ਕੇ ਆਉਂਦੀ ਹੈ|

ਭਾਈ ਗੁਰਦਾਸ ਅੱਗੇ ਕਹਿੰਦੇ ਹਨ ਕਿ ਜਦੋਂ ਸ਼ੇਰ ਜੰਗਲ ਵਿਚ ਆਪਣੀ ਭਵਕ ਮਾਰਦਾ ਹੈ, ਦਹਾੜਦਾ ਹੈ ਤਾਂ ਉਸ ਤੋਂ ਬਚਣ ਲਈ ਭੱਜੇ ਜਾਂਦੇ ਹਿਰਨਾਂ ਦੇ ਝੁੰਡ ਦਾ ਹੌਂਸਲਾ ਨਹੀਂ ਬੱਝਦਾ| ਗੁਰੂ ਨਾਨਕ ਜਿੱਥੇ ਜਿੱਥੇ ਵੀ ਆਪਣੇ ਕਦਮ ਪਾਉਂਦੇ ਹਨ, ਉਹ ਸਥਾਨ ਪੂਜਾ ਦਾ ਸਥਾਨ ਬਣ ਜਾਂਦਾ ਹੈ, ਉਹ ਧਾਰਮਿਕ ਸਥਾਨ ਬਣ ਜਾਂਦਾ ਹੈ| ਸਿੱਧਾਂ ਦੇ ਜਿੰਨੇ ਵੀ ਸਥਾਨ ਸਨ, ਉਹ ਹੁਣ ਗੁਰੂ ਨਾਨਕ ਦੇ ਨਾਮ ‘ਤੇ ਜਾਣੇ ਜਾਣ ਲੱਗੇ ਹਨ| ਹਰ ਘਰ ਵਿਚ ਹੁਣ ਬਾਬੇ ਦੀ ਬਾਣੀ ਦਾ ਕੀਰਤਨ ਹੋਣ ਲੱਗਾ ਹੈ, ਜਿਸ ਸਦਕਾ ਘਰ ‘ਧਰਮਸਾਲ’ ਅਰਥਾਤ ਧਰਮ-ਸਥਾਨ ਜਾਪਣ ਲੱਗ ਪਏ ਹਨ| ਇਥੇ ਇਹ ਗੱਲ ਖਾਸ ਨੋਟ ਕਰਨ ਵਾਲੀ ਹੈ ਕਿ ਘਰਾਂ ਦੇ ਅੰਦਰ ਬਾਣੀ ਦਾ ਕੀਰਤਨ ਹੋਣ ਲੱਗਾ ਹੈ, ਜਿਸ ਦਾ ਅਰਥ ਇਹ ਵੀ ਬਣਦਾ ਹੈ ਕਿ ਬਾਬੇ ਨਾਨਕ ਦਾ ਮਕਸਦ ਆਮ ਲੋਕਾਈ ਨੂੰ ਸ਼ਬਦ, ਬਾਣੀ ਦੇ ਕੀਰਤਨ ਨਾਲ ਜੋੜ ਕੇ, ਲੋਕ-ਮਨਾਂ ਵਿਚੋਂ ਵਹਿਮ-ਭਰਮ, ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦੇ ਚਾਨਣ ਨਾਲ ਰੌਸ਼ਨ ਕਰਨਾ ਸੀ| ਬਾਬੇ ਨੇ ਚਾਰੇ ਦਿਸ਼ਾਵਾਂ ਤਾਰ ਦਿਤੀਆਂ ਅਤੇ ਪ੍ਰਿਥਵੀ ਦੇ ਨੌਆਂ ਖੰਡਾਂ ਵਿਚ ਸੱਚ ਦਾ ਮੇਲ ਹੋ ਗਿਆ| ਇਸ ਤਰ੍ਹਾਂ ਕਲਿਜੁਗ ਦੇ ਸਮੇਂ ਵਿਚ ਜਿਸ ਦੀ ਵਿਆਖਿਆ ਆਮ ਤੌਰ ‘ਤੇ ਧਰਮ ਵੱਲੋਂ ਖੰਭ ਲਾ ਕੇ ਉਡ ਜਾਣ ਦੇ ਰੂਪ ਵਿਚ ਕੀਤੀ ਜਾਂਦੀ ਹੈ, ਗੁਰੂ ਨਾਨਕ ਸਾਹਿਬ ਨੇ ਪਰਗਟ ਹੋ ਕੇ ਗਿਆਨ ਦਾ ਚਾਨਣ ਫੈਲਾਇਆ|
ਭਾਈ ਗੁਰਦਾਸ ਨੇ ਉਦਾਸੀਆਂ ਪਿਛੋਂ ਗੁਰੂ ਨਾਨਕ ਸਾਹਿਬ ਵੱਲੋਂ ਕਰਤਾਰਪੁਰ ਆ ਕੇ ਸੰਸਾਰੀ ਕੱਪੜੇ ਪਹਿਨ ਕੇ ਕਿਰਤ ਦੀ ਕਾਰ ਕਰਦਿਆਂ ਲੋਕਾਈ ਨੂੰ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦੇ ਰਸਤੇ ਤੋਰਨ ਦੇ ਕਾਰਜ ਦਾ ਬਿਆਨ ਕਰਦਿਆਂ ਕਿਹਾ ਹੈ, “ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਾਰਾ।’ ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬਾਣੀ ਨੂੰ, ਸ਼ਬਦ ਨੂੰ ਗੁਰੂ ਸਾਹਿਬਾਨ ਨੇ ਗਿਆਨ ਦਾ ਸੋਮਾ ਨਿਰਧਾਰਤ ਕੀਤਾ, ਜਿਸ ਰਾਹੀਂ ਅਗਿਆਨ ਦਾ ਹਨੇਰਾ, ਵਹਿਮਾਂ-ਭਰਮਾਂ ਦੀ ਧੁੰਦ ਮਨੁੱਖ ਦੇ ਮਨ ਵਿਚੋਂ, ਸੰਸਾਰ ਵਿਚੋਂ ਦੂਰ ਹੋਣੀ ਹੈ| ਗੁਰੂ ਅਮਰਦਾਸ ਜੀ ਨੇ ਸਤਿਗੁਰੂ ਦੀ ਬਾਣੀ ਨੂੰ ਇਸ ਸੰਸਾਰ ਵਿਚ ਚਾਨਣ ਕਰਨ ਵਾਲੀ ਕਿਹਾ ਹੈ, ਜੋ ਜੀਵਨ ਦਾ ਰਸਤਾ ਦਿਖਾਉਂਦੀ ਹੈ ਅਤੇ ਇਹ ਬਾਣੀ ਮਨੁੱਖ ਦੇ ਮਨ ਅੰਦਰ ਰੱਬ ਦੀ ਮਿਹਰ ਸਦਕਾ ਆ ਕੇ ਵਸਦੀ ਹੈ, “ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥”
ਇਸ ਚਾਨਣ ਬਖਸ਼ਣ ਵਾਲੀ ਗੁਰਬਾਣੀ ਨੂੰ ਅਤੇ ਇਸ ਨਾਲ ਸਿਧਾਂਤਕ ਤੌਰ ‘ਤੇ ਇਕਸੁਰਤਾ ਰੱਖਣ ਵਾਲੀ ਸੂਫੀ ਸੰਤਾਂ ਤੇ ਭਗਤਾਂ ਦੀ ਬਾਣੀ ਨੂੰ ਇੱਕ ਥਾਂ ਇਕੱਤਰ ਕਰਕੇ ਗੁਰੂ ਅਰਜਨ ਦੇਵ ਪਾਤਿਸ਼ਾਹ ਨੇ ‘ਗ੍ਰੰਥ ਸਾਹਿਬ’ ਦਾ ਸਰੂਪ ਬਖਸ਼ਿਸ਼ ਕੀਤਾ। ਦਸਵੀਂ ਨਾਨਕ ਜੋਤਿ ਗੁਰੂ ਗੋਬਿੰਦ ਸਿੰਘ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਗ੍ਰੰਥ ਸਾਹਿਬ ਵਿਚ ਦਰਜ ਕਰਕੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਬਾਕਾਇਦਾ ਪਰੰਪਰਾ ਅਨੁਸਾਰ ਆਉਣ ਵਾਲੇ ਸਰਵ ਸਮਿਆਂ ਵਾਸਤੇ ਗੁਰੂ ਦਾ ਦਰਜਾ ਦੇ ਕੇ ਸੰਗਤਿ ਨੂੰ ਸ਼ਬਦ ਗੁਰੂ ਦੇ ਲੜ ਲਾ ਦਿਤਾ| ਗੁਰੂ ਅਰਜਨ ਦੇਵ ਨੇ ‘ਮੁੰਦਾਵਣੀ’ ਵਿਚ ਦਸਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਤਿੰਨ ਵਸਤਾਂ ਜਾਂ ਪਦਾਰਥ ਪਏ ਹਨ-ਸਤਿ, ਸੰਤੋਖ ਅਤੇ ਵੀਚਾਰ| ਇਸ ਦੇ ਨਾਲ ਹੀ ਵਾਹਿਗੁਰੂ ਦਾ ਅੰਮ੍ਰਿਤ ਨਾਮ ਵੀ ਪਿਆ ਹੈ| ਜੋ ਮਨੁੱਖ ਇਨ੍ਹਾਂ ਵਸਤਾਂ ਨੂੰ ਚੱਖਦਾ ਹੈ, ਉਹ ਤਰ ਜਾਂਦਾ ਹੈ| ਇਹ ਅਜਿਹੀ ਵਸਤੂ ਹੈ, ਜਿਸ ਨੂੰ ਤੱਜਿਆ ਨਹੀਂ ਜਾ ਸਕਦਾ| ਇਸ ਨੂੰ ਹਮੇਸ਼ਾ, ਹਰ ਰੋਜ਼ ਆਪਣੇ ਦਿਲ ਵਿਚ ਵਸਾ ਕੇ ਰੱਖਣਾ ਹੈ| ਇਹ ਸੰਸਾਰ, ਜੋ ਅਗਿਆਨ ਦੇ ਹਨੇਰੇ ਵਿਚ ਗ੍ਰੱਸਿਆ ਹੋਇਆ ਹੈ, ਇਸ ਨੂੰ ਗੁਰੂ (ਸ਼ਬਦ) ਦੇ ਚਰਨ ਲੱਗ ਕੇ ਪਾਰ ਕੀਤਾ ਜਾ ਸਕਦਾ ਹੈ| ਸੰਸਾਰ ਦਾ ਇਹ ਜੋ ਵੀ ਪਾਸਾਰਾ ਨਜ਼ਰ ਆਉਂਦਾ ਹੈ, ਇਹ ਉਸ ਬ੍ਰਹਮ ਦਾ ਹੀ ਪਰਗਟ ਰੂਪ ਹੈ|
ਗੁਰੂ ਗ੍ਰੰਥ ਸਾਹਿਬ ਵਿਚ ਸੰਤਾਂ, ਭਗਤਾਂ ਦੀ ਬਾਣੀ ਸ਼ਾਮਲ ਕਰਨ ਲੱਗਿਆਂ ਗੁਰੂ ਸਾਹਿਬ ਨੇ ਜੋ ਪੈਮਾਨਾ ਰੱਖਿਆ, ਉਹ ਸੀ ਵਿਚਾਰਧਾਰਾ, ਫਲਸਫੇ ਦੀ ਸਾਂਝ| ਸੰਤਾਂ ਭਗਤਾਂ ਦੀ ਬਾਣੀ ਨੂੰ ਸ਼ਾਮਲ ਕਰਨ ਲੱਗਿਆਂ ਧਰਮ, ਜਾਤ-ਪਾਤ ਜਾਂ ਊਚ-ਨੀਚ ਜਿਹਾ ਕੋਈ ਪੈਮਾਨਾ ਨਹੀਂ ਵਰਤਿਆ ਗਿਆ, ਕਿਉਂਕਿ ਗੁਰੂ ਸਾਹਿਬ ਦੇ ਸਾਹਮਣੇ ਮਨੁੱਖ ਦੀ ਸਾਂਝ ਦਾ ਪੈਮਾਨਾ ਸਭ ਦਾ ਉਸ ਇੱਕ ਅਕਾਲ ਪੁਰਖ ਦੀ ਜੋਤਿ ਤੋਂ ਪ੍ਰਕਾਸ਼ਿਤ ਹੋਣਾ ਹੈ, ਜਿਸ ਨੂੰ ‘ਸਭ ਮਹਿ ਜੋਤਿ ਜੋਤਿ ਹੈ ਸੋਇ’ ਕਿਹਾ ਹੈ| ਗੁਰੂ ਅਤੇ ਗੁਰੂ ਦੀ ਬਾਣੀ ਸਰਵ ਸਾਂਝੀ ਹੈ, ਇਸ ਉਤੇ ਕਿਸੇ ਦਾ ਵੀ ਕੋਈ ਏਕਾ-ਅਧਿਕਾਰ ਨਹੀਂ ਹੈ| ਗੁਰੂ ਉਤੇ ਕਬਜਾ ਕਿਵੇਂ ਕੀਤਾ ਜਾ ਸਕਦਾ ਹੈ? ਗੁਰੂ ਸਭਨਾਂ ਦਾ ਸਾਂਝਾ ਹੈ| ਜੋ ਵੀ ਪ੍ਰਾਣੀ ਗੁਰੂ ਦੀ ਸ਼ਰਨ ਆਉਣਾ ਲੋਚਦਾ ਹੈ, ਉਸ ਨੂੰ ਰੋਕਿਆ ਨਹੀਂ ਜਾ ਸਕਦਾ| ਗੁਰੂ ਅਰਜਨ ਦੇਵ ਨੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜੇ ਰੱਖੇ ਤਾਂ ਕਿ ਹਰ ਮਾਈ ਭਾਈ, ਭਾਵੇਂ ਉਹ ਕਿਸੇ ਵੀ ਜਾਤ-ਮਜ਼ਹਬ ਨਾਲ ਸਬੰਧਤ ਹੋਵੇ, ਬਿਨਾ ਕਿਸੇ ਵਿਤਕਰੇ ਦੇ ਦਰਸ਼ਨਾਂ ਲਈ ਆ ਸਕੇ| ਗੁਰੂ ਦਾ ਦੱਸਿਆ ਰਾਹ ਸਰਵ-ਅਲਿੰਗਨਕਾਰੀ ਹੈ, ਜਿੱਥੇ ‘ਜੋ ਜੀਅ ਆਵੇ ਸੋ ਰਾਜੀ ਜਾਵੇ’ ਦੀ ਧਾਰਨਾ ਅਨੁਸਾਰ ਹਰ ਕਿਸੇ ਲਈ ਗੁਰੂ ਦੀ ਗਲਵੱਕੜੀ ਖੁੱਲ੍ਹੀ ਹੈ|
ਦੂਜੀ ਗੱਲ ਜੋ ਧਿਆਨ ਦੇਣ ਯੋਗ ਹੈ, ਉਹ ਹੈ, ਅਸੀਂ ਗੁਰੂ ਦੇ ਬਣਨਾ ਹੈ, ਗੁਰੂ ਵਾਲੇ ਹੋਣਾ ਹੈ, ਨਾ ਕਿ ‘ਗੁਰੂ ਸਾਡਾ ਹੈ’ ਜਾਂ ‘ਗੁਰੂ ਮੇਰਾ ਹੀ ਹੈ’ ਨੂੰ ਰੱਟੇ ਲਾਉਣਾ। ਜਦੋਂ ਸਿੱਖ ਆਪੇ ਨੂੰ ਗੁਰੂ ਦੇ ਸਮਰਪਣ ਕਰਦਾ ਹੈ ਤਾਂ ਸਾਰੇ ਹੱਕ ਗੁਰੂ ਨੂੰ ਸਮਰਪਣ ਕਰ ਦਿੱਤੇ ਜਾਂਦੇ ਹਨ, ‘ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥” ਪਰ ਜੋ ਕੁਝ ਮੌਜੂਦਾ ਸਮੇਂ ਵਿਚ ਹੋ ਰਿਹਾ ਹੈ, ਉਹ ਬਹੁਤਾ ਗੁਰੂ ਆਸ਼ੇ ਦੇ, ਗੁਰੂ ਦੇ ਸਿਧਾਂਤਾਂ ਦੇ ਉਲਟ ਹੋ ਰਿਹਾ ਹੈ| ਅੰਮ੍ਰਿਧਾਰੀ ਹੋ ਕੇ ਅੰਦਰੋਂ ਹਉਮੈ ਦੂਰ ਹੋਣੀ ਚਾਹੀਦੀ, ਗੁਰੂ ਅਨੁਸਾਰੀ ਕਾਰਜ ਹੋਣੇ ਚਾਹੀਦੇ ਹਨ, ਪਰ ਅਸੀਂ ਸਮਝ ਲੈਂਦੇ ਹਾਂ ਜਿਵੇਂ ਦੁਨੀਆਂ ਭਰ ਦੀ ਸਾਰੀ ਸਮਝ ਹੁਣ ਸਾਡੇ ਅੰਦਰ ਹੀ ਆਪ-ਮੁਹਾਰੇ ਆ ਗਈ ਹੈ| ਇਸ ਤਰ੍ਹਾਂ ਬਹੁਤਾ ਕੁਝ ਰਾਜਨੀਤੀ ਜਾਂ ਕਹਿ ਲਈਏ ਵੋਟਾਂ ਦੀ ਰਾਜਨੀਤੀ ਦੇ ਅਧੀਨ ਤੇ ਚੌਧਰ ਲਈ ਵਾਪਰ ਰਿਹਾ ਹੈ ਅਤੇ ਕਾਫੀ ਕੁਝ ਬਾਣੀ ਤੋਂ ਅਣਜਾਣ ਹੋਣ ਦੇ ਨਾਤੇ, ਨਿਜੀ ਹਉਮੈ ਤੇ ਅਗਿਆਨ ਵਿਚੋਂ ਵਾਪਰ ਰਿਹਾ ਹੈ| ਸਾਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਅਸੀਂ ਸਿੱਖੀ ਜਾਂ ਸਿੱਖ ਧਰਮ ਦਾ ਨੁਕਸਾਨ ਕਰ ਰਹੇ ਹਾਂ ਕਿ ਕੋਈ ਫਾਇਦਾ ਪਹੁੰਚਾ ਰਹੇ ਹਾਂ? ਇਸੇ ਅਗਿਆਨ, ਹਉਮੈ ਕਰਕੇ ਅਸੀਂ ਸਿੱਖ ਸਮੂਹ ਦੇ ਵੱਡੇ ਭਾਈਚਾਰੇ ਨੂੰ ਪਿੰਡਾਂ ਵਿਚ ਅਲੱਗ ਗੁਰਦੁਆਰੇ ਬਣਾਉਣ ਲਈ ਮਜ਼ਬੂਰ ਕਰ ਦਿੱਤਾ ਹੈ| ਭਾਈ ਗੁਰਦਾਸ ਨੇ ਤਾਂ ਗੁਰੂ ਨਾਨਕ ਦੇ ਪਰਗਟ ਹੋਣ ਨੂੰ ਬਿਆਨ ਕਰਦਿਆਂ ਕਿਹਾ ਹੈ,
ਪਾਰਬ੍ਰਹਮੁ ਪੂਰਨ ਬ੍ਰਹਮੁ
ਕਲਿਜੁਗਿ ਅੰਦਰਿ ਇਕੁ ਦਿਖਾਇਆ|
ਚਾਰੇ ਪੈਰ ਧਰਮ ਦੇ ਚਾਰਿ
ਵਰਨਿ ਇਕੁ ਵਰਨੁ ਕਰਾਇਆ|
ਰਾਣਾ ਰੰਕੁ ਬਰਾਬਰੀ
ਪੈਰੀ ਪਾਵਣਾ ਜਗਿ ਵਰਤਾਇਆ|
ਅਸੀਂ ਆਪਣੀ ਧਾਰਮਿਕ ਹਉਮੈ ਅਧੀਨ ਸਿੱਖ ਪੰਥ ਨੂੰ ਵੱਖ ਵੱਖ ਵਰਨਾਂ, ਜਾਤਾਂ ਵਿਚ ਵੰਡ ਰਹੇ ਹਾਂ| ਅਜਿਹੇ ਮਾਮਲੇ ਵੀ ਪਿਛਲੇ ਦਿਨਾਂ ਵਿਚ ਸਾਹਮਣੇ ਆਏ ਹਨ ਜਦੋਂ ਕਿਸੇ ਪਿੰਡ ਵਿਚ ਦਲਿਤ ਭਾਈਚਾਰੇ ਨੂੰ ਵਿਆਹ ਦੀ ਰਸਮ ਤੋਂ ਪਹਿਲਾਂ, ਜੋ ਸਿੱਖ ਸਮਾਜ ਵਿਚ ਆਮ ਪ੍ਰਚਲਿਤ ਪਰੰਪਰਾ ਹੈ, ਘਰ ਵਿਚ ਪਾਠ ਕਰਾਉਣ ਲਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ| ਸਵਾਲ ਹੈ, ਕਿਉਂ? ਗੁਰੂ ਨੇ ਤਾਂ ਬਾਣੀ ਨੂੰ ਘਰ ਘਰ ਗਾਉਣ ਦਾ ਅਦੇਸ਼ ਕੀਤਾ ਹੈ, ਫਿਰ ਅਸੀਂ ਕਿਵੇਂ ਇਸ ਗੱਲ ਦੇ ਠੇਕੇਦਾਰ ਬਣ ਗਏ ਕਿ ਕੌਣ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾ ਸਕਦਾ ਹੈ ਤੇ ਕੌਣ ਨਹੀਂ? ਹਾਂ! ਜੇ ਕੋਈ ਬਹੁਤ ਹੀ ਗਿਆਨਵਾਨ ਹੈ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘਰ ਲੈ ਕੇ ਜਾਣ ਵਾਲੇ ਪਰਿਵਾਰ ਨੂੰ ਇਹ ਸਮਝਾ ਸਕਦਾ ਹੈ ਕਿ ਗੁਰੂ ਦਾ ਸਤਿਕਾਰ, ਮਾਣ-ਸਨਮਾਨ ਮਰਿਆਦਾ ਅਨੁਸਾਰ ਕਿਵੇਂ ਕਰਨਾ ਹੈ| ਸਿੱਖਾਂ ਦੇ ਬਹੁਤ ਵੱਡੇ ਹਿੱਸੇ, ਜਿਸ ਨੂੰ ਸਹਿਜਧਾਰੀ ਸਿੱਖ ਕਿਹਾ ਜਾਂਦਾ ਹੈ, ਨੂੰ ਵੋਟ ਦੀ ਰਾਜਨੀਤੀ ਅਧੀਨ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟ ਪਾਉਣ ਦੇ ਹੱਕ ਤੋਂ ਵਾਂਝੇ ਕਰ ਦਿੱਤਾ ਗਿਆ ਹੈ| ਸਹਿਜਧਾਰੀ ਸਿੱਖਾਂ ਵੱਲੋਂ ਭੇਟ ਕੀਤੇ ਮਾਇਆ ਦੇ ਗੱਫੇ ਤਾਂ ਮਨਜ਼ੂਰ ਹਨ, ਪਰ ਸਿੱਖ ਮਾਮਲਿਆਂ ਵਿਚ ਹਿੱਸਾ ਲੈਣ ਦਾ ਉਨ੍ਹਾਂ ਨੂੰ ਕੋਈ ਹੱਕ ਨਹੀਂ?
ਹਰ ਕੋਈ ਆਪਣੇ ਛੋਟੇ ਛੋਟੇ ਦਲ, ਕਮੇਟੀਆਂ ਬਣਾ ਕੇ ਇਹ ਸਮਝਣ ਲੱਗ ਪਿਆ ਹੈ ਕਿ ਸਿੱਖ ਧਰਮ ਦੇ ਉਹ ਹੀ ਰਾਖੇ ਅਤੇ ਠੇਕੇਦਾਰ ਹਨ, ਜਦੋਂ ਕਿ ਸਾਡੇ ਕੋਲ ਸਿਰਮੌਰ ਸੰਸਥਾ ਅਕਾਲ ਤਖਤ ਸਾਹਿਬ ਹੈ, ਜਿੱਥੋਂ ਇਨ੍ਹਾਂ ਆਪੂੰ ਸਿਰਜੀਆਂ ਜਥੇਬੰਦੀਆਂ, ਸੰਸਥਾਵਾਂ ਨੂੰ ਅਗਵਾਈ ਲੈਣੀ ਚਾਹੀਦੀ ਹੈ| ਇਸ ਵੇਲੇ ਸਭ ਤੋਂ ਵੱਧ ਚਰਚਾ ਵਿਚ ‘ਸਤਿਕਾਰ ਕਮੇਟੀਆਂ’ ਕਹੀ ਜਾਣ ਵਾਲੀ ਸੰਸਥਾ ਹੈ| ਸਿੰਧੀ ਨਾਨਕ ਨਾਮ-ਲੇਵਾ ਲੋਕਾਂ ਦੇ ਘਰ ਵਿਚ ਪਹੁੰਚ ਕੇ ਅਦੇਸ਼ ਕੀਤਾ ਜਾਂਦਾ ਹੈ ਕਿ ਉਹ ਆਪਣੇ ਘਰ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰ ਸਕਦੇ, ਕਿਉਂਕਿ ਉਹ ਪੂਰਨ ਗੁਰਸਿੱਖ ਨਹੀਂ ਹਨ| ਕੀ ਇਸ ਕਿਸਮ ਦਾ ਵਰਤਾਰਾ ਲੋਕਾਂ ਨੂੰ ਬਾਣੀ ਨਾਲ ਜੋੜਦਾ ਹੈ ਜਾਂ ਉਨ੍ਹਾਂ ਨੂੰ ਧੱਕ ਕੇ ਬਾਣੀ ਤੋਂ ਦੂਰ ਕਰ ਰਿਹਾ ਹੈ|
ਸ਼ਾਇਦ ਸਾਡੇ ਵਿਚੋਂ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਸਿੰਧੀ ਹਿੰਦੂ ਸਾਥੋਂ ਕਿਤੇ ਵੱਧ ਗੁਰੂ ਨਾਨਕ ਸਾਹਿਬ ਦੇ ਨਾ ਸਿਰਫ ਸ਼ਰਧਾਲੂ ਹਨ, ਸਗੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਬਹੁਤ ਜੁੜੇ ਹੋਏ ਹਨ| ਇੱਥੋਂ ਤੱਕ ਕਿ ਸਿੰਧੀ ਪਰਿਵਾਰਾਂ ਵਿਚ ਜਦੋਂ ਧੀ ਦਾ ਵਿਆਹ ਕੀਤਾ ਜਾਂਦਾ ਹੈ ਤਾਂ ਉਹ ਹੋਰ ਕੋਈ ਦਾਜ ਭਾਵੇਂ ਦੇ ਸਕਣ ਭਾਵੇਂ ਨਾ, ਪਰ ਉਹ ਧੀ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜ਼ਰੂਰ ਦਿੰਦੇ ਹਨ| ਇਸ ਤੋਂ ਸਾਨੂੰ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਹੋਵੇਗਾ ਕਿ ਸਤਿਕਾਰ ਕਮੇਟੀਆਂ ਕਹਾਉਣ ਵਾਲੀਆਂ ਇਹ ਸੰਸਥਾਵਾਂ ਕਿਸ ਕਿਸਮ ਦੀ ਸਿੱਖੀ ਦੀ ਸੇਵਾ ਕਰ ਰਹੀਆਂ ਹਨ ਅਤੇ ਸਿੱਖੀ ਦੀ ਪ੍ਰਫੁਲਤਾ ਵਿਚ ਕਿਸ ਤਰ੍ਹਾਂ ਦਾ ਯੋਗਦਾਨ ਪਾ ਰਹੀਆਂ ਹਨ? ਕੋਈ ਜ਼ਮਾਨਾ ਸੀ ਜਦੋਂ ਹਿੰਦੂ ਪਰਿਵਾਰ ਆਪਣੇ ਵੱਡੇ ਪੁੱਤਰ ਨੂੰ ਸਿੱਖ ਸਜਾਉਣ ਵਿਚ ਮਾਣ ਮਹਿਸੂਸ ਕਰਦੇ ਸਨ, ਪਰ ਹੁਣ ਤਾਂ ਅਸੀਂ ਆਪ ਹੀ ਉਨ੍ਹਾਂ ਨੂੰ ਧੱਕ ਕੇ ਬਾਹਰ ਕੱਢ ਰਹੇ ਹਾਂ| ਬਾਹਰੋਂ ਆ ਕੇ ਕਿਸੇ ਆਰ. ਐਸ਼ ਐਸ਼ ਜਾਂ ਕਿਸੇ ਹੋਰ ਅਦਾਰੇ ਨੂੰ ਸਿੱਖੀ ਵਿਚ ਸੰਨ੍ਹ ਲਾਉਣ ਦੀ ਲੋੜ ਨਹੀਂ ਹੈ, ਅਸੀਂ ਆਪ ਹੀ ਇਸ ਪਾਸੇ ਪੂਰਾ ਪ੍ਰਬੰਧ ਕਰੀ ਜਾ ਰਹੇ ਹਾਂ|
ਹੁਣੇ ਹੁਣੇ ਮੈਂ ਭਾਰਤ ਹੋ ਕੇ ਆਈ ਹਾਂ| ਮੇਰੀ ਵੱਡੀ ਭੈਣ ਸਮਰਾਲੇ ਨੇੜੇ ਪਿੰਡ ਮਹਿਦੂਦਾਂ ਵਿਆਹੀ ਹੋਈ ਹੈ| ਇੱਕ ਐਤਵਾਰ ਮੈਂ ਆਪਣੇ ਭਤੀਜੇ ਅਤੇ ਭਤੀਜ-ਬਹੂ ਨਾਲ ਉਥੇ ਮਿਲਣ ਗਈ| ਆਮ ਤੌਰ ‘ਤੇ ਅਸੀਂ ਪਿੰਡ ਦੇ ਗੁਰਦੁਆਰੇ ਕੋਲੋਂ ਪਿੰਡ ਨੂੰ ਜਾਂਦੀ ਸਿੱਧੀ ਗਲੀ ਰਾਹੀਂ ਜਾਂਦੇ ਹਾਂ, ਪਰ ਉਸ ਦਿਨ ਅੱਗੋਂ ਰਸਤਾ ਬੰਦ ਸੀ ਅਤੇ ਪੁਛਣ ‘ਤੇ ਪਤਾ ਲੱਗਾ ਕਿ ਸ਼ਾਮਿਆਨੇ ਲਾ ਕੇ ਮਹੰਤਾਂ ਦੇ ਪਰਿਵਾਰ ਵੱਲੋਂ ਰਮਾਇਣ ਦਾ ਪਾਠ ਕਰਾਇਆ ਜਾ ਰਿਹਾ ਸੀ| ਮੈਂ ਇਸ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ, ਕਿਉਂਕਿ ਉਸ ਪਰਿਵਾਰ ਦੇ ਮੁੰਡੇ ਪਟਿਆਲੇ ਵਿਚ ਵੀ ਬਿਜਲੀ ਦੇ ਸਮਾਨ ਅਤੇ ਫਿਟਿੰਗ ਵਗੈਰਾ ਦਾ ਬਿਜਨਸ ਕਰਦੇ ਹਨ, ਜਿਸ ਕਰਕੇ ਉਨ੍ਹਾਂ ਨਾਲ ਪਟਿਆਲੇ ਰਹਿੰਦਿਆਂ ਵਾਹ ਪੈਂਦਾ ਰਿਹਾ ਹੈ| ਬਾਵਿਆਂ ਜਾਂ ਮਹੰਤਾਂ ਦੇ ਇਹ ਸਾਰੇ ਪਰਿਵਾਰ ਦਾੜ੍ਹੀ-ਕੇਸਾਂ ਵਾਲੇ ਅਤੇ ਦਸਤਾਰਧਾਰੀ ਹਨ ਅਤੇ ਉਨ੍ਹਾਂ ਦੀ ਆਸਥਾ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੋਈ ਹੈ|
ਪਹਿਲਾਂ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪਣੇ ਖਾਸ ਸਥਾਨ ‘ਤੇ ਕਰਾਉਂਦੇ ਹੁੰਦੇ ਸੀ, ਪਰ ਸਤਿਕਾਰ ਕਮੇਟੀ ਦੇ ਉਜਰ ਕਾਰਨ ਉਨ੍ਹਾਂ ਨੇ ਖਾਸ ਤੌਰ ‘ਤੇ ਧਰਮਸਾਲਾ ਉਸਾਰੀ ਹੈ ਤਾਂ ਕਿ ਪਾਠ ਉਥੇ ਕਰਵਾ ਸਕਣ| ਉਹ ਸਤਿਕਾਰ ਕਮੇਟੀ ਦੇ ਕਿਸੇ ਮੈਂਬਰ ਨੂੰ ਨਾਲ ਲੈ ਕੇ ਗਏ ਅਤੇ ਧਰਮਸਾਲਾ ਦਿਖਾਈ, ਜਿੱਥੇ ਉਨ੍ਹਾਂ ਨੇ ਪਾਠ ਕਰਾਉਣਾ ਸੀ; ਪਰ ਉਸ ਭਲੇਮਾਣਸ ਨੇ ਬਜਾਇ ਇਸ ਦੇ ਕਿ ਉਹ ਇਹ ਦਸਦਾ, ਉਨ੍ਹਾਂ ਨੂੰ ਪਾਠ ਕਰਾਉਣ ਵੇਲੇ ਕਿਨ੍ਹਾਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਸਾਫ ਇਨਕਾਰ ਕਰ ਦਿਤਾ ਕਿ ਉਹ ਪਾਠ ਨਹੀਂ ਕਰਾ ਸਕਦੇ| ਹਾਰ ਕੇ ਉਨ੍ਹਾਂ ਨੇ ਆਪਣੇ ਜੀਵਨ ਵਿਚ ਪਹਿਲੀ ਵਾਰ ਆਪਣੀ ਪਰੰਪਰਾ ਨੂੰ ਤੋੜਦਿਆਂ ਇਹ ਫੈਸਲਾ ਕੀਤਾ ਕਿ ਰਮਾਇਣ ਦਾ ਪਾਠ ਹੀ ਕਰਵਾ ਲਿਆ ਜਾਵੇ|
ਸਵਾਲ ਹੈ ਕਿ ਕੀ ਉਸ ‘ਸਿੰਘ’ ਨੇ ਸਿੱਖੀ ਦੀ ਸੇਵਾ ਕੀਤੀ ਹੈ ਜਾਂ ਬਾਣੀ ਨੂੰ ‘ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ’ ਦੀ ਧਾਰਨਾ ਦੇ ਉਲਟ ਦਿਸ਼ਾ ਵਿਚ ਕੰਮ ਕੀਤਾ ਹੈ? ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਅਜਿਹੀਆਂ ਆਪੂੰ ਬਣੀਆਂ ਕਮੇਟੀਆਂ ਨੂੰ ਕਿਸੇ ਨਿਯਮਾਂ ਦੇ ਅਧੀਨ ਲਿਆਂਦਾ ਜਾਵੇ ਅਤੇ ਦਿਸ਼ਾ-ਨਿਰਦੇਸ਼ ਦਿਤੇ ਜਾਣ ਤਾਂਕਿ ਆਮ ਨਾਨਕ ਨਾਮ-ਲੇਵਾ ਲੋਕਾਂ ਨੂੰ ਜਲੀਲ ਨਾ ਹੋਣਾ ਪਵੇ ਅਤੇ ਬਾਣੀ ਪੜ੍ਹਨ-ਸੁਣਨ ਤੋਂ ਉਨ੍ਹਾਂ ਨੂੰ ਮਹਿਰੂਮ ਨਾ ਕੀਤਾ ਜਾਵੇ|
ਇੱਕ ਗੱਲ ਵੱਲ ਹੋਰ ਧਿਆਨ ਦੁਆਉਣਾ ਚਾਹੁੰਦੀ ਹਾਂ ਕਿ ‘ਸਤਿਕਾਰ ਕਮੇਟੀ’ ਦੇ ਮੈਂਬਰ ਕਹਾਉਂਦੇ ਇਹ ਦੋ ਬੰਦੇ, ਜੋ ਆਮ ਤੌਰ ‘ਤੇ ਆਸ-ਪਾਸ ਸਰਗਰਮ ਹਨ, ਵਿਚੋਂ ਇੱਕ ਨਿਹੰਗ ਸਿੰਘ ਦੇ ਬਾਣੇ ਵਿਚ ਥਰੀ-ਵੀਲਰ ਚਲਾਉਂਦਾ ਹੈ ਅਤੇ ਦੂਜਾ ਸ਼ਹਿਰ ਦੇ ਕਿਸੇ ਮੋੜ ‘ਤੇ ‘ਸੁਖਨਿਧਾਨ’ ਰਗੜ ਕੇ ਉਸ ਦੇ ਗਿਲਾਸ ਭਰ ਭਰ ਸਵੇਰ ਤੋਂ ਹੀ ਨੌਜੁਆਨਾਂ ਨੂੰ ਘੇਰ ਘੇਰ ਕੇ ਪਿਲਾਉਣੇ ਸ਼ੁਰੂ ਕਰ ਦਿੰਦਾ ਹੈ| ਮੈਂ ਨਹੀਂ ਜਾਣਦੀ ਇਸ ਵਿਚ ਕਿੰਨੀ ਕੁ ਸੱਚਾਈ ਹੈ, ਪਰ ਸੁਣਨ ਵਿਚ ਇਹੀ ਕੁਝ ਆਇਆ ਹੈ| ਅਜਿਹੇ ‘ਮਹਾਂਪੁਰਖਾਂ’ ਨੂੰ ਬਾਣੀ ਦੀ ਕਿੰਨੀ ਕੁ ਸਮਝ ਹੋ ਸਕਦੀ ਹੈ ਅਤੇ ਸਿੱਖ ਪੰਥ ਦੀ ਉਹ ਕਿਹੋ ਜਿਹੀ ਸੇਵਾ ਕਰ ਰਹੇ ਹਨ, ਇਸ ਦਾ ਅੰਦਾਜ਼ਾ ਸਿੱਖ ਸੰਗਤ ਆਪ ਲਾ ਸਕਦੀ ਹੈ|