ਦਹਿਸ਼ਤ ਦਾ ਖੂੰਖਾਰ ਮੱਕੜ ਜਾਲ

ਟ੍ਰਿੱਪਲ ਏਜੰਟ ਹਮਾਮ ਬਲਾਵੀ-3
ਦਹਿਸ਼ਤਪਸੰਦੀ ਨੇ ਸੰਸਾਰ ਦੇ ਬਹੁਤ ਸਾਰੇ ਮੁਲਕ ਆਪਣੀ ਲਪੇਟ ਵਿਚ ਲਏ ਹੋਏ ਹਨ। ਕੌੜਾ ਸੱਚ ਇਹ ਹੈ ਕਿ ਇਸ ਮਸਲੇ ਦਾ ਸਿੱਧਾ ਜਾਂ ਅਸਿੱਧਾ ਸਬੰਧ ਅਮਰੀਕਾ ਨਾਲ ਜੁੜਦਾ ਰਿਹਾ ਹੈ। ‘ਆਫੀਆ ਸਿਦੀਕੀ ਦਾ ਜਹਾਦ’ ਵਰਗਾ ਇਤਿਹਾਸਕ ਨਾਵਲ ਲਿਖਣ ਵਾਲੇ ਉਮਦਾ ਲਿਖਾਰੀ ਹਰਮਹਿੰਦਰ ਚਹਿਲ ਨੇ ਇਸ ਲੇਖ ਵਿਚ ਇਕ ਅਜਿਹੇ ਸ਼ਖਸ, ਹਮਾਮ ਬਲਾਵੀ ਦਾ ਜੀਵਨ ਸਾਡੇ ਨਾਲ ਸਾਂਝਾ ਕੀਤਾ ਹੈ, ਜਿਸ ਦੀਆਂ ਲੜੀਆਂ ਦਹਿਸ਼ਤ ਦੀਆਂ ਖੂੰਖਾਰ ਕੜੀਆਂ ਨਾਲ ਜੁੜੀਆਂ ਹੋਈਆਂ ਹਨ। ਇਸ ਲਿਖਤ ਤੋਂ ਇਹ ਕਨਸੋਅ ਵੀ ਮਿਲਦੀ ਹੈ ਕਿ ਦਹਿਸ਼ਤਪਸੰਦੀ ਦੀ ਦੁਨੀਆਂ ਦੀਆਂ ਕਿੰਨੀਆਂ ਅਣਫੋਲੀਆਂ ਪਰਤਾਂ ਹਨ, ਜੋ ਆਮ ਲੋਕਾਂ ਦੇ ਸਾਹਮਣੇ ਕਦੀ ਆਉਂਦੀਆਂ ਹੀ ਨਹੀਂ। ਇਸ ਲੰਮੇ ਲੇਖ ਦੀ ਤੀਜੀ ਅਤੇ ਆਖਰੀ ਕੜੀ ਪਾਠਕਾਂ ਦੀ ਨਜ਼ਰ ਹੈ।

-ਸੰਪਦਕ

ਹਰਮਹਿੰਦਰ ਚਾਹਿਲ
ਫੋਨ: 703-362-3239
ਚਹਅਹਅਲਸ57@ੇਅਹੋ।ਚੋਮ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਖੋਸਟ ਸ਼ਹਿਰ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਬਾਰਡਰ ‘ਤੇ ਪੈਂਦਾ ਹੈ। ਇਹ ਸ਼ਹਿਰ ਪਹਿਲੀ ਵਾਰ ਉਦੋਂ ਖਬਰਾਂ ‘ਚ ਆਇਆ ਸੀ, ਜਦੋਂ ਉਸਾਮਾ ਬਿਨ-ਲਾਦਿਨ ਬਾਰੇ ਪਤਾ ਲੱਗਾ ਕਿ ਉਸ ਨੇ ਇਥੇ ਆ ਕੇ ਆਪਣਾ ਅੱਡਾ ਬਣਾਇਆ। ਪਿਛੋਂ ਭਾਵੇਂ ਉਹ ਕੰਧਾਰ ਨੇੜੇ ਚਲਾ ਗਿਆ ਸੀ, ਪਰ ਇਸ ਸ਼ਹਿਰ ਵਿਚ ਹੋਰ ਅਤਿਵਾਦੀ ਗਰੁਪਾਂ ਨੇ ਵੀ ਅੱਡੇ ਬਣਾ ਲਏ। ਸਭ ਤੋਂ ਵੱਡਾ ਗਰੁਪ ਇਥੇ ਹਕਾਨੀ ਗਰੁਪ ਹੈ। ਜਦੋਂ ਉਸਾਮਾ ਬਿਨ-ਲਾਦਿਨ ਤੋਰਾ ਬੋਰਾ ਪਹਾੜੀਆਂ ‘ਚੋਂ ਭੱਜ ਨਿਕਲਿਆ ਸੀ ਤਾਂ ਹਕਾਨੀ ਗਰੁਪ ਦੇ ਮੁਖੀ ਜਲਾਲੂਦੀਨ ਹਕਾਨੀ ਨੇ ਉਸ ਨੂੰ ਇਸੇ ਸ਼ਹਿਰ ਵਿਚਲੇ ਆਪਣੇ ਘਰ ‘ਚ ਉਦੋਂ ਤੱਕ ਰੱਖਿਆ, ਜਦੋਂ ਤੱਕ ਲਾਦਿਨ ਲਈ ਅੱਗੇ ਜਾਣ ਦਾ ਰਸਤਾ ਸਾਫ ਨਾ ਹੋ ਗਿਆ।
ਰੂਸ-ਅਫਗਾਨ ਜੰਗ ਵੇਲੇ ਇਥੇ ਰੂਸ ਦਾ ਮੁੱਖ ਅੱਡਾ ਬਣਿਆ ਰਿਹਾ। ਫਿਰ ਇਸ ਦੀ ਲੋੜ ਉਦੋਂ ਪਈ, ਜਦੋਂ 9/11 ਤੋਂ ਪਿੱਛੋਂ ਅਮਰੀਕੀ ਫੋਰਸਾਂ ਨੇ ਇਥੇ ਆ ਅੱਡੇ ਲਾਏ। ਇਸ ਦੀ ਮੁਰੰਮਤ ਕਰਕੇ ਪੂਰੀ ਤਰ੍ਹਾਂ ਅੱਡਾ ਬਣਾ ਲਿਆ ਗਿਆ। ਇਥੇ ਜਹਾਜ ਉਡਦੇ, ਉਤਰਦੇ ਸਨ। ਹੈਲੀਕਾਪਟਰ ਹਰ ਵਕਤ ਗੇੜੇ ਕੱਢਦੇ ਰਹਿੰਦੇ। ਅਸਲ ‘ਚ ਸੈਟੇਲਾਈਟ ਜਾਂ ਡਰੋਨਾਂ ਨਾਲ ਜੋ ਵੀ ਜਾਣਕਾਰੀ ਇਕੱਠੀ ਕੀਤੀ ਜਾਂਦੀ, ਉਹ ਪਹਿਲਾਂ ਖੋਸਟ ਅੱਡੇ ‘ਤੇ ਪਹੁੰਚਦੀ। ਫਿਰ ਇਥੋਂ ਅੱਗੇ ਸੀ. ਆਈ. ਏ. ਹੈਡਕੁਆਰਟਰ ਜਾਂਦੀ। ਇਥੇ ਹਰ ਅਮਰੀਕੀ ਮਹਿਕਮੇ ਦੇ ਆਪਣੇ ਦਫਤਰ ਸਨ। ਹੈ ਤਾਂ ਭਾਵੇਂ ਸਾਰੇ ਲੱਕੜ ਦੇ ਖੋਖੇ ਜਿਹੇ ਹੀ ਸਨ, ਪਰ ਸਹੂਲਤਾਂ ਸਭ ਸਨ। ਐਫ਼ ਬੀ. ਆਈ. ਦਾ ਆਪਣਾ ਸਟਾਫ ਬਹਿੰਦਾ ਸੀ। ਐਨ. ਐਸ਼ ਏ. ਵਾਲੇ ਵੱਖ ਬਹਿੰਦੇ ਸਨ। ਸਭ ਤੋਂ ਵੱਡੀ ਅਤੇ ਮੁਖੀ ਏਜੰਸੀ ਸੀ. ਆਈ. ਏ. ਦਾ ਆਪਣਾ ਦਫਤਰ ਸੀ। ਫੌਜ ਵਾਲੇ ਇਕ ਪਾਸੇ ਆਪਣਾ ਅੱਡਾ ਜਮਾਈ ਬੈਠੇ ਸਨ। ਇਸ ਸਭ ਦਾ ਕਾਰਨ ਇਹ ਸੀ ਕਿ ਬਾਰਡਰ ਪਾਰ ਪਾਕਿਸਤਾਨ ਵਾਲੇ ਪਾਸੇ ਸਭ ਅਤਿਵਾਦੀ ਗਰੁਪ ਕਾਰਵਾਈਆਂ ‘ਚ ਰੁੱਝੇ ਹੋਏ ਸਨ। ਉਨ੍ਹਾਂ ਨੂੰ ਡਰੋਨਾਂ ਦੀ ਮਾਰ ਹੇਠ ਲਿਆਉਣ ਲਈ ਜਾਂ ਹੋਰ ਜਾਣਕਾਰੀ ਇਕੱਠੀ ਕਰਨ ਲਈ ਖੋਸਟ ਅੱਡਾ ਬੜਾ ਜ਼ਰੂਰੀ ਸੀ।
ਇਸ ਵੇਲੇ ਇਥੇ ਸੀ. ਆਈ. ਏ. ਦੀ ਮੁੱਖ ਪੋਸਟ ਚਾਲੀ ਕੁ ਸਾਲਾ ਔਰਤ ਜੈਨੀਫਰ ਮੈਥਿਊ ਦੇ ਹੱਥ ਸੀ। ਉਹ ਨਵੀਂ ਹੀ ਆਈ ਸੀ। ਕੁਝ ਦਿਨ ਪਹਿਲਾਂ ਹੀ ਉਹ ਇਥੇ ਪਹੁੰਚੀ ਸੀ। ਜੈਨੀਫਰ ਦੀ ਫੀਲਡ ਦੀ ਇਹ ਪਹਿਲੀ ਪੋਸਟਿੰਗ ਸੀ। ਇਸ ਤੋਂ ਪਹਿਲਾਂ ਉਹ ਸੀ. ਆਈ. ਏ. ਹੈਡਕੁਆਰਟਰ ‘ਚ ਹੀ ਰਹੀ ਸੀ। ਉਹ ਕਾਊਂਟਰ ਟੈਰਰਿਜ਼ਮ ਗਰੁਪ (ਅਤਿਵਾਦ ਵਿਰੋਧੀ ਗਰੁਪ) ਦੀ ਮੁਖੀ ਸੀ। ਬੜੇ ਸਾਲਾਂ ਤੋਂ ਉਹ ਅਲ-ਕਾਇਦਾ ਬਾਰੇ ਸਾਰਾ ਪ੍ਰਬੰਧ ਚਲਾਉਂਦੀ ਰਹੀ ਸੀ। ਇਸ ਕਰਕੇ ਜਦੋਂ ਅਲ-ਕਾਇਦਾ ਦੀ ਗੱਲ ਆਉਂਦੀ ਤਾਂ ਇਸ ਮਾਮਲੇ ‘ਚ ਸਭ ਤੋਂ ਵੱਧ ਸਮਝ ਜੇ ਕੋਈ ਰੱਖਦਾ ਸੀ ਤਾਂ ਉਹ ਜੈਨੀਫਰ ਹੀ ਸੀ। ਉਸ ਨੂੰ ਹੈਡਕੁਆਰਟਰ ‘ਚ ਕੰਮ ਕਰਨਾ ਹੀ ਚੰਗਾ ਲੱਗਦਾ ਸੀ, ਪਰ ਨੌਕਰੀ ਦੀ ਲੋੜ ਸੀ ਕਿ ਉਹ ਘੱਟੋ-ਘੱਟ ਇਕ ਸਾਲ ਦਾ ਫੀਲਡ ਤਜਰਬਾ ਹਾਸਲ ਕਰੇ। ਇਸੇ ਲਈ ਉਹ ਇਥੇ ਆਈ ਸੀ। ਉਸ ਬਾਰੇ ਕਿਹਾ ਜਾਂਦਾ ਸੀ ਕਿ ਉਹ ਫਾਈਲ ਪੜ੍ਹ ਕੇ ਹੀ ਅੰਦਾਜ਼ਾ ਲਾ ਲੈਂਦੀ ਹੈ ਕਿ ਕਿਸੇ ਅਲ-ਕਾਇਦਾ ਲੀਡਰ ਦੇ ਦਿਮਾਗ ‘ਚ ਚੱਲ ਕੀ ਰਿਹਾ ਹੈ। ਹੁਣ ਉਹ ਫੀਲਡ ‘ਚ ਬੜੀਆਂ ਉਮੀਦਾਂ ਲੈ ਕੇ ਆਈ ਸੀ।
ਇਧਰ ਜੈਨੀਫਰ ਖੋਸਟ ਪਹੁੰਚੀ, ਤੇ ਉਧਰ ਕਈ ਮਹੀਨਿਆਂ ਤੋਂ ਚੁੱਪ ਹੋਇਆ ਹਮਾਮ ਬਲਾਵੀ ਬੋਲ ਉਠਿਆ। ਬਿਨ ਜ਼ਈਦ ਉਡੀਕ ਉਡੀਕ ਥੱਕ ਗਿਆ, ਪਰ ਹੁਣ ਜਦੋਂ ਉਸ ਨੂੰ ਬਲਾਵੀ ਦੀ ਈਮੇਲ ਮਿਲੀ ਤਾਂ ਸ਼ੁਰੂ ‘ਚ ਹੀ ਲਿਖਿਆ ਹੋਇਆ ਸੀ ਕਿ ਦੋਸਤ ਮੈਂ ਚੁੱਪ ਸੀ, ਕਿਉਂਕਿ ਇਹ ਵਕਤ ਦੀ ਮਜਬੂਰੀ ਸੀ, ਪਰ ਜੋ ਤੋਹਫਾ ਤੈਨੂੰ ਹੁਣ ਭੇਜ ਰਿਹਾ ਹਾਂ, ਇਹ ਤੇਰੇ ਸਾਰੇ ਸ਼ਿਕਵੇ ਦੂਰ ਕਰ ਦੇਵੇਗਾ। ਉਸ ਨੇ ਜਿਉਂ ਹੀ ਅੱਗੇ ਈਮੇਲ ਵਿਚੋਂ ਵੀਡੀਉ ਕਲਿਪ ਖੋਲ੍ਹੀ ਤਾਂ ਬਹੁਤ ਹੈਰਾਨ ਹੋਇਆ। ਇਹ ਅੱਧੇ ਕੁ ਮਿੰਟ ਦੀ ਰਫ ਜਿਹੀ ਵੀਡੀਉ ਸੀ, ਪਰ ਜੋ ਬੰਦਾ ਇਸ ਵੀਡੀਉ ‘ਚ ਬਲਾਵੀ ਦੇ ਨਾਲ ਬੈਠਾ ਸੀ, ਉਸ ਨੂੰ ਵੇਖ ਕੇ ਬਿਨ ਜ਼ਈਦ ਦੀ ਖੁਸ਼ੀ ਦੀ ਹੱਦ ਨਾ ਰਹੀ। ਉਸ ਨੇ ਤੁਰੰਤ ਆਪਣੇ ਸੀ. ਆਈ. ਏ. ਵਾਲੇ ਦੋਸਤ ਡੈਰਨ ਨਾਲ ਗੱਲ ਕੀਤੀ। ਫਿਰ ਇਹ ਵੀਡੀਉ ਕਲਿਪ ਸੀ. ਆਈ. ਏ. ਦੇ ਕਾਊਂਟਰ ਟੈਰਰਿਜ਼ਮ ਗਰੁਪ ਨੂੰ ਭੇਜ ਦਿੱਤੀ ਗਈ। ਇਹ ਗਰੁਪ ਵੀ ਬਲਾਵੀ ਨਾਲ ਬੈਠੇ ਬੰਦੇ ਨੂੰ ਵੇਖ ਕੇ ਉਤਸ਼ਾਹ ਨਾਲ ਭਰ ਗਿਆ। ਫੋਟੋ ਵਿਚਲੇ ਇਸ ਅਲ-ਕਾਇਦਾ ਅਤਿਵਾਦੀ ਦਾ ਨਾਂ ਸੀ, ਅਤੀਆ ਅਦਬ ਅਲ-ਰਹਿਮਾਨ।
ਰਹਿਮਾਨ ਨੂੰ ਉਸਾਮਾ ਬਿਨ-ਲਾਦਿਨ ਦੇ ਬਹੁਤ ਨੇੜੇ ਸਮਝਿਆ ਜਾਂਦਾ ਸੀ। ਅਦਬ ਅਲ-ਰਹਿਮਾਨ ਅਫਰੀਕਨ ਅੰਬੈਸੀਆਂ ‘ਚ ਹਮਲੇ ਕਰਵਾ ਕੇ ਦੋ ਸੌ ਤੋਂ ਵੱਧ ਬੰਦੇ ਮਾਰਨ ਦਾ ਮੁੱਖ ਦੋਸ਼ੀ ਸੀ। ਇਸ ਤੋਂ ਬਿਨਾ ਉਸ ਦਾ ਹੋਰ ਵੱਡੇ ਵੱਡੇ ਹਮਲਿਆਂ ‘ਚ ਨਾਂ ਆਉਂਦਾ ਸੀ। ਲਾਦਿਨ ਦੇ ਬਹੁਤ ਹੀ ਨੇੜਲਾ ਇਹ ਬੰਦਾ ਪਿਛਲੇ 7-8 ਸਾਲ ਤੋਂ ਕਿਧਰੇ ਵੀ ਨਜ਼ਰ ਨਹੀਂ ਸੀ ਆਇਆ, ਪਰ ਹੁਣ ਡਾ. ਹਮਾਮ ਬਲਾਵੀ ਨੇ ਉਸ ਤੱਕ ਪਹੁੰਚ ਕੇ ਕਮਾਲ ਹੀ ਕਰ ਦਿੱਤੀ। ਜੋ ਪਹਿਲਾਂ ਬਲਾਵੀ ਦੇ ਇਸ ਤਰ੍ਹਾਂ ਬਿਨਾ ਕਿਸੇ ਟਰੇਨਿੰਗ ਦੇ ਪਾਕਿਸਤਾਨ ਭੇਜਣ ਦੇ ਖਿਲਾਫ ਸਨ, ਉਹ ਸਭ ਹੈਰਾਨ ਹੋ ਗਏ। ਉਹ ਬਲਾਵੀ ਦੇ ਕੰਮ ਤੋਂ ਬੜੇ ਖੁਸ਼ ਸਨ।
ਦੋ ਹਫਤੇ ਪਿਛੋਂ ਹੀ ਬਿਨ ਜ਼ਈਦ ਨੂੰ ਇਕ ਹੋਰ ਈਮੇਲ ਆਈ। ਬਲਾਵੀ ਨੇ ਲਿਖਿਆ ਸੀ ਕਿ ਇਸ ਈਮੇਲ ਨੂੰ ਪੜ੍ਹ ਕੇ ਤੂੰ ਹੋਰ ਵੀ ਹੈਰਾਨ ਹੋ ਜਾਵੇਂਗਾ। ਬਲਾਵੀ ਨੇ ਲਿਖਿਆ ਸੀ ਕਿ ਕੁਝ ਦਿਨ ਪਹਿਲਾਂ ਹੀ ਉਸ ਨੂੰ ਅਲ-ਕਾਇਦਾ ਵਾਲੇ ਕਿਸੇ ਘਰ ‘ਚ ਲੈ ਕੇ ਗਏ, ਜਿੱਥੇ ਅੱਗੇ ਬੈਠੇ ਆਦਮੀ ਨੂੰ ਵੇਖ ਕੇ ਉਹ ਅੱਖਾਂ ਝਮਕਣੀਆਂ ਭੁੱਲ ਗਿਆ। ਉਹ ਅਈਮਨ ਅਲ ਜਵਾਹਰੀ ਸੀ। ਜਵਾਹਰੀ ਡਾਇਬਿਟੀਜ਼ ਤੋਂ ਪੀੜਤ ਸੀ, ਹਰ ਕਿਸੇ ਤੱਕ ਪਹੁੰਚ ਨਹੀਂ ਕੀਤੀ ਦਾ ਸਕਦੀ ਸੀ। ਹੁਣ ਜਦੋਂ ਉਸ ਨੂੰ ਪਤਾ ਲੱਗਾ ਕਿ ਇਕ ਡਾਕਟਰ ਜਹਾਦੀ ਬਣ ਕੇ ਆਇਆ ਹੈ ਤਾਂ ਉਸ ਨੇ ਉਸ ਨੂੰ ਬੁਲਾ ਭੇਜਿਆ। ਬਲਾਵੀ ਦੇ ਲਿਖਣ ਮੁਤਾਬਕ ਉਸ ਨੇ ਸ਼ਹਿਰੋਂ ਦਵਾਈਆਂ ਮੰਗਵਾ ਕੇ ਜਵਾਹਰੀ ਦਾ ਇਲਾਜ ਕੀਤਾ। ਅਗਾਂਹ ਉਸ ਨੇ ਲਿਖਿਆ ਸੀ ਕਿ ਹੁਣ ਬਹੁਤ ਚਾਂਸ ਹਨ ਕਿ ਉਹ ਹਫਤੇ, ਦੋ ਹਫਤਿਆਂ ਤੋਂ ਜਵਾਹਰੀ ਨੂੰ ਮਿਲਦਾ ਰਿਹਾ ਕਰੇਗਾ। ਬਿਨ ਜ਼ਈਦ ਨੇ ਵੀ ਬਲਾਵੀ ਨੂੰ ਵਾਪਸ ਈਮੇਲ ਭੇਜ ਕੇ ਵਧਾਈ ਦਿੱਤੀ ਕਿ ਉਸ ਨੇ ਉਸ ਦਾ ਅਮਰੀਕਨਾਂ ਸਾਹਮਣੇ ਸਿਰ ਉਚਾ ਕਰ ਦਿੱਤਾ ਹੈ।
ਹੁਣ ਅੱਗੇ ਦੀਆਂ ਕਾਰਵਾਈਆਂ ਬਾਰੇ ਵਿਚਾਰਾਂ ਹੋਣ ਲੱਗੀਆਂ। ਇਹ ਤਾਂ ਕਾਊਂਟਰ ਟੈਰੋਰਿਜ਼ਮ ਵਾਲੇ ਵੀ ਮੰਨ ਗਏ ਸਨ ਕਿ ਹਮਾਮ ਬਲਾਵੀ ਅਲ-ਕਾਇਦਾ ਦੇ ਉਪਰਲੇ ਅਤਿਵਾਦੀਆਂ ਤੱਕ ਜਾ ਪਹੁੰਚਿਆ ਹੈ, ਪਰ ਅੱਗੇ ਦੇ ਕੰਮ ਬਾਰੇ ਉਹ ਸ਼ਸ਼ੋਪੰਜ ਵਿਚ ਸਨ। ਅਮਰੀਕਨਾਂ ਮੁਤਾਬਕ ਜੇ ਹਮਾਮ ਬਲਾਵੀ ਨੂੰ ਢੰਗ ਦੀ ਟਰੇਨਿੰਗ ਦਿੱਤੀ ਜਾਵੇ ਤਾਂ ਉਹ ਹੋਰ ਵੀ ਬਹੁਤ ਸਾਰੇ ਅਤਿਵਾਦੀਆਂ ਤੱਕ ਪਹੁੰਚਾ ਸਕਦਾ ਹੈ। ਬਿਨ ਜ਼ਈਦ ਵੀ ਇਸ ਬਾਰੇ ਸਹਿਮਤ ਸੀ। ਸੋ, ਇਸ ਮਸਲੇ ‘ਤੇ ਕੰਮ ਸ਼ੁਰੂ ਹੋ ਗਿਆ ਕਿ ਬਲਾਵੀ ਨੂੰ ਕਿਥੇ ਮਿਲਿਆ ਜਾਵੇ? ਉਂਜ ਸੀ. ਆਈ. ਏ. ਦੀ ਕਾਊਂਟਰ ਟੈਰਰਿਜ਼ਮ ਟੀਮ ਇਸ ਸਭ ਦੇ ਹੱਕ ‘ਚ ਨਹੀਂ ਸੀ। ਉਨ੍ਹਾਂ ਮੁਤਾਬਕ ਜੋ ਇਹ ਸਭ ਕੁਝ ਇੰਨਾ ਜਲਦੀ ਹੋ ਰਿਹਾ ਹੈ, ਹੋ ਸਕਦਾ ਹੈ, ਇਹ ਸਭ ਗਿਣਿਆ-ਮਿਥਿਆ ਹੋਵੇ। ਉਨ੍ਹਾਂ ਦਾ ਲੰਬਾ ਤਜਰਬਾ ਦੱਸਦਾ ਸੀ ਕਿ ਟਾਪ ਟਾਰਗੈੱਟ ਤੱਕ ਪਹੁੰਚਣ ਤੱਕ ਸਾਲਾਂ ਦੇ ਸਾਲ ਲੱਗ ਜਾਂਦੇ ਹਨ ਅਤੇ ਇਥੇ ਕੁਝ ਹੀ ਮਹੀਨਿਆਂ ‘ਚ ਕੋਈ ਏਜੰਟ ਅਤਿਵਾਦੀ ਜਥੇਬੰਦੀ ਦੇ ਮੁਖੀ ਤੱਕ ਜਾ ਪਹੁੰਚਿਆ; ਦੂਜੇ ਪਾਸੇ ਜਾਰਡਨ ਦੀ ਮੁਖਾਬਰਤ ਦਾ ਸਾਰਾ ਕਰੈਡਿਟ ਲੈਣਾ ਆਦਿ ਮੱਲੋ-ਮੱਲੀ ਕਾਹਲੀ ਕਰਵਾ ਰਿਹਾ ਸੀ।
ਉਧਰ, ਬੈਤੁੱਲਾ ਮਸੂਦ ਦੀ ਮੌਤ ਪਿਛੋਂ ਤਾਹਿਰੀਕੇ-ਤਾਲਿਬਾਨ ਦੇ ਮੁਖੀ ਬਣੇ ਹਕੀਮਉਲਾ ਮਸੂਦ ਨੇ ਬਲਾਵੀ ਨੂੰ ਸਲਾਹ ਦਿੱਤੀ ਕਿ ਉਹ ਲੜਾਕਿਆਂ ਦੀ ਟਰੇਨਿੰਗ ਜ਼ਰੂਰ ਲਵੇ। ਬਲਾਵੀ ਨੇ ਇਹ ਟਰੇਨਿੰਗ ਸ਼ੁਰੂ ਕਰ ਦਿੱਤੀ। ਉਸ ਦਾ ਸਰੀਰ ਕਮਜ਼ੋਰ ਜਿਹਾ ਸੀ। ਕਿਸੇ ਪੱਖੋਂ ਵੀ ਉਹ ਲੜਾਕਾ ਨਹੀਂ ਸੀ ਲੱਗਦਾ। ਦੋ ਹਫਤੇ ਟਰੇਨਿੰਗ ਚੱਲੀ, ਪਰ ਇਸ ਦੌਰਾਨ ਬਲਾਵੀ ਨੂੰ ਏ. ਕੇ. ਸੰਤਾਲੀ ਦਾ ਨਿਸ਼ਾਨਾ ਲਾਉਣ ਦਾ ਵੀ ਪੂਰਾ ਵੱਲ ਨਾ ਆਇਆ। ਇਸ ਤੋਂ ਵੀ ਬੁਰਾ ਇਹ ਹੋਇਆ ਕਿ ਟਰੇਨਿੰਗ ਦੌਰਾਨ ਉਸ ਦਾ ਮੋਟਰਸਾਈਕਲ ਰੇਤੇ ‘ਚ ਸਲਿੱਪ ਕਰ ਗਿਆ। ਉਸ ਦੇ ਮੂੰਹ ‘ਤੇ ਸੱਟ ਲੱਗੀ, ਨਾਲ ਹੀ ਖੱਬੀ ਲੱਤ ਟੁੱਟ ਗਈ। ਉਸ ਨੇ ਕੁਝ ਦਿਨ ਆਰਾਮ ਕੀਤਾ। ਆਪਣੇ ਆਪ ਹੀ ਲੱਤ ‘ਤੇ ਪਲੱਸਤਰ ਲਾ ਲਿਆ। ਛੋਟੀ ਹੱਡੀ ਟੁੱਟ ਗਈ ਸੀ, ਜੋ ਛੇਤੀ ਹੀ ਠੀਕ ਹੋਣ ਲੱਗ ਪਈ, ਪਰ ਹੁਣ ਉਹ ਖਰੌੜੀਆਂ ‘ਤੇ ਤੁਰਦਾ ਸੀ। ਨਾਲ ਦੇ ਲੜਾਕੇ ਉਸ ਨੂੰ ਹਰ ਵਕਤ ਮਖੌਲ ਕਰਦੇ, ਜਿਨ੍ਹਾਂ ਨੇ ਉਸ ਅੰਦਰ ਆਪਣੇ ਆਪ ਪ੍ਰਤੀ ਘ੍ਰਿਣਾ ਭਰ ਦਿੱਤੀ ਕਿ ਉਹ ਕਿਸੇ ਕੰਮ ਦੇ ਵੀ ਕਾਬਲ ਨਹੀਂ ਹੈ।
ਉਸ ਇਲਾਕੇ ‘ਚ ਹਰ ਰੋਜ਼ ਡਰੋਨਾਂ ਨਾਲ ਲੜਾਕੇ ਮਾਰੇ ਜਾ ਰਹੇ ਸਨ। ਉਸ ਦਾ ਨੇੜਲਾ ਬੈਤੁੱਲਾ ਮਸੂਦ ਵੀ ਮਾਰਿਆ ਜਾ ਚੁਕਾ ਸੀ। ਉਹ ਰਾਤਾਂ ਨੂੰ ਪਿਆ ਸੋਚਦਾ ਕਿ ਇਹ ਵੀ ਲੋਕ ਹੀ ਹਨ, ਜੋ ਧਰਮ ਲਈ ਜਾਨਾਂ ਵਾਰ ਰਹੇ ਹਨ ਅਤੇ ਉਹ ਪਰਿਵਾਰ ਵੀ ਛੱਡ ਕੇ ਆਇਆ ਹੈ ਤੇ ਕਰ ਵੀ ਕੁਝ ਨਹੀਂ ਰਿਹਾ। ਇਕ ਗੱਲ ਤਾਂ ਹੁਣ ਤੱਕ ਸਾਫ ਹੋ ਗਈ ਸੀ ਕਿ ਲੜਾਕਿਆਂ ਦੀਆਂ ਨਿਤ ਦਿਨ ਦੀਆਂ ਸ਼ਹਾਦਤਾਂ ਨੇ ਉਸ ਨੂੰ ਅਮਰੀਕਾ ਜਾਂ ਜਾਰਡਨ, ਸਭ ਦੇ ਖਿਲਾਫ ਕਰ ਦਿੱਤਾ ਸੀ। ਉਸ ਅੰਦਰ ਜਹਾਦੀ ਪੈਦਾ ਹੋ ਚੁਕਾ ਸੀ। ਉਹ ਸੋਚਦਾ ਸੀ ਕਿ ਕੁਝ ਵੀ ਹੋ ਜਾਵੇ, ਉਹ ਇਥੇ ਰਹਿ ਕੇ ਇਨ੍ਹਾਂ ਜਹਾਦੀਆਂ ਦਾ ਦਵਾਈ-ਦਾਰੂ ਕਰਦਿਆਂ ਜਹਾਦ ‘ਚ ਹਿੱਸਾ ਤਾਂ ਪਾ ਹੀ ਸਕਦਾ ਹੈ। ਹੁਣ ਉਸ ਨੂੰ ਪੈਸੇ ਜਾਂ ਕਿਸੇ ਦੁਨੀਆਵੀ ਚੀਜ਼ ਦਾ ਲੋਭ ਨਹੀਂ ਸੀ ਰਿਹਾ, ਪਰ ਉਸ ਨੂੰ ਪਤਾ ਨਹੀਂ ਸੀ ਕਿ ਇਥੇ ਇਕ ਗਰੁਪ ਹੋਰ ਹੈ, ਜੋ ਉਸ ਦੇ ਆਉਣ ਤੋਂ ਲੈ ਕੇ ਸੋਚਦਾ ਆ ਰਿਹਾ ਹੈ ਕਿ ਜਾਰਡਨ ਦੇ ਇਸ ਡਾ. ਹਮਾਮ ਬਲਾਵੀ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ? ਇਹ ਸਨ, ਅਲ-ਕਾਇਦਾ ਵਾਲੇ।
ਇਕ ਦਿਨ ਅਲ-ਕਾਇਦਾ ਲੜਾਕਿਆਂ ਨੇ ਉਸ ਨੂੰ ਨਾਲ ਲਿਆ ਤੇ ਰਾਤ ਦੇ ਹਨੇਰੇ ‘ਚ ਅਲ-ਕਾਇਦਾ ਦੇ ਤਿੰਨ ਨੰਬਰ ਦੇ ਲੀਡਰ ਜੋ ਫੀਲਡ ਕਮਾਂਡਰ ਵੀ ਸੀ, ਅਬਦੁਲ ਸਈਦ ਅਲ-ਲਿਬੀ ਕੋਲ ਲੈ ਗਏ। ਅਲ-ਲਿਬੀ ਕਿਸੇ ਅਤਿਅੰਤ ਲੁਕਵੀਂ ਅਤੇ ਅੰਡਰਗਰਾਊਂਡ ਜਗ੍ਹਾ ‘ਤੇ ਰਹਿ ਰਿਹਾ ਸੀ। ਉਸ ਨੇ ਬਾਕੀ ਸਭ ਨੂੰ ਮੋੜ ਦਿੱਤਾ ਤੇ ਬਲਾਵੀ ਨੂੰ ਆਪਣੇ ਕੋਲ ਹੀ ਠਹਿਰਾ ਲਿਆ। ਅਲ-ਲਿਬੀ, ਆਤਮਘਾਤੀ ਬੰਬ ਬਣਾਉਣ ਵਾਸਤੇ ਬੰਦੇ ਨੂੰ ਤਿਆਰ ਕਰਨ ਦਾ ਮਾਹਰ ਸੀ। ਉਸ ਨੇ ਦੋ-ਚਾਰ ਦਿਨ ਬਲਾਵੀ ਨਾਲ ਬੜਾ ਚੰਗਾ ਵਿਹਾਰ ਕੀਤਾ। ਇਸ ਦੌਰਾਨ ਉਨ੍ਹਾਂ ਦੇ ਸ਼ਹਿਰ ਦੇ ਨੇੜੇ ਹੀ ਅਮਰੀਕਨ ਡਰੋਨ ਨੇ ਕਿਸੇ ਘਰ ‘ਤੇ ਮਿਜ਼ਾਇਲ ਸੁੱਟ ਕੇ 15 ਅਤਿਵਾਦੀ ਇਕੱਠੇ ਹੀ ਮਾਰ ਮੁਕਾਏ। ਫਿਰ ਇਥੇ ਅਲ-ਲਿਬੀ ਅਤੇ ਬਲਾਵੀ ਕੋਲ ਜਵਾਹਰੀ ਦਾ ਸਭ ਤੋਂ ਨੇੜਲਾ ਸਾਥੀ ਸ਼ੇਖ ਸਈਅਦ ਅਲ-ਮਿਸਰੀ, ਬਲਾਵੀ ਨੂੰ ਆਣ ਮਿਲਿਆ। ਤਿੰਨਾਂ ਵਿਚਾਲੇ ਲੰਮੀ ਚੌੜੀ ਗੱਲਬਾਤ ਹੋਈ, ਜਿਸ ਦਾ ਸਾਰ ਅੰਸ਼ ਇਹ ਸੀ ਕਿ ਜਾਰਡਨ ਅਤੇ ਅਮਰੀਕਾ ਮਿਲ ਕੇ ਕਿਵੇਂ ਸਾਡੇ ਜਹਾਦੀਆਂ ਦਾ ਘਾਣ ਕਰ ਰਹੇ ਹਨ। ਇਨ੍ਹਾਂ ਨੂੰ ਰੋਕਣ ਲਈ ਸਾਨੂੰ ਕੋਈ ਵੱਡਾ ਕਦਮ ਚੁੱਕਣਾ ਚਾਹੀਦਾ ਹੈ। ਬਲਾਵੀ ਸਹਿਮਤ ਸੀ, ਕਿਉਂਕਿ ਹੁਣ ਤੱਕ ਉਹ ਤਨੋ-ਮਨੋ ਜਹਾਦੀਆਂ ਨਾਲ ਰਲ ਚੁਕਾ ਸੀ।
ਉਧਰ, ਬਲਾਵੀ ਨੂੰ ਟਰੇਨਿੰਗ ਦੇਣ ਲਈ ਸੀ. ਆਈ. ਏ. ਅਤੇ ਮੁਖਾਬਰਤ ਆਪਣੀ ਸਕੀਮ ਤਿਆਰ ਕਰ ਰਹੇ ਸਨ। ਉਹ ਉਸ ਨੂੰ ਕਿਵੇਂ ਨਾ ਕਿਵੇਂ ਖੋਸਟ ਅੱਡੇ ਦੇ ਅੰਦਰ ਲਿਆ ਕੇ ਪੂਰੀ ਤਰ੍ਹਾਂ ਤਿਆਰ ਕਰਨਾ ਚਾਹੁੰਦੇ ਸਨ। ਉਸ ਨੂੰ ਹੋਰ ਅਤਿ ਆਧੁਨਿਕ ਹਥਿਆਰ ਦੇਣਾ ਚਾਹੁੰਦੇ ਸਨ। ਸੀ. ਆਈ. ਏ. ਨੂੰ ਲੱਗਦਾ ਸੀ ਕਿ ਹੁਣ ਜਵਾਹਰੀ ਉਨ੍ਹਾਂ ਦੇ ਘੇਰੇ ਵਿਚ ਆ ਚੁਕਾ ਹੈ। ਬਲਾਵੀ ਨੂੰ ਚੰਗੀ ਟਰੇਨਿੰਗ ਦਿੱਤੀ ਜਾਵੇ ਤਾਂ ਇਹ ਟਾਪ ਦੇ ਅਲ-ਕਾਇਦਾ ਅਤਿਵਾਦੀਆਂ ਨੂੰ ਇਕੱਠੇ ਹੀ ਖਤਮ ਕਰਵਾ ਦੇਵੇਗਾ। ਬਲਾਵੀ ਨੇ ਮੁਲਾਕਾਤ ਲਈ ‘ਹਾਂ’ ਕਰ ਦਿੱਤੀ ਸੀ। ਉਸ ਦੀ ਇਸ ‘ਹਾਂ’ ਪਿਛੋਂ ਹੀ ਬਿਨ ਜ਼ਈਦ ਤੇ ਡੈਰਨ ਖੋਸਟ ਪਹੁੰਚ ਚੁਕੇ ਸਨ ਅਤੇ ਬਲਾਵੀ ਦੇ ਅਗਲੇ ਸੁਨੇਹੇ ਦੀ ਉਡੀਕ ਕਰ ਰਹੇ ਸਨ।
ਪਰ ਅਲ-ਕਾਇਦਾ ਵਾਲੇ ਕਿਵੇਂ ਨਾ ਕਿਵੇਂ ਬਿਨ ਜ਼ਈਦ ਨੂੰ ਪਾਕਿਸਤਾਨ ਵਾਲੇ ਪਾਸੇ ਬੁਲਾ ਕੇ ਅਗਵਾ ਕਰਨਾ ਚਾਹੁੰਦੇ ਸਨ ਤਾਂ ਕਿ ਉਹ ਦੁਨੀਆਂ ਸਾਹਮਣੇ ਜਾਰਡਨ ਦੀ ਮੁਖਾਬਰਤ ਤੋਂ ਬਦਲਾ ਲੈ ਸਕਣ। ਇਸ ਕਰਕੇ ਉਨ੍ਹਾਂ ਬਲਾਵੀ ਤੋਂ ਈਮੇਲ ਭਿਜਵਾਈ ਕਿ ਬਿਨ ਜ਼ਈਦ ਉਸ ਨੂੰ ਪੇਸ਼ਾਵਰ ਆ ਕੇ ਮਿਲੇ, ਕਿਉਂਕਿ ਉਸ ਲਈ ਲੱਤ ਟੁੱਟੀ ਹੋਣ ਕਰਕੇ ਸਫਰ ਕਰਨਾ ਔਖਾ ਹੈ, ਪਰ ਸੀ. ਆਈ. ਏ. ਨੇ ਇਹ ਗੱਲ ਸ਼ੁਰੂ ‘ਚ ਹੀ ਨਕਾਰ ਦਿੱਤੀ। ਇਸ ਪਿਛੋਂ ਬਲਾਵੀ ਨੇ ਉਸ ਨੂੰ ਹੋਰ ਨੇੜਲੇ ਸ਼ਹਿਰ ਮੀਰਾਨ ਸ਼ਾਹ ਬੁਲਾਇਆ। ਸੀ. ਆਈ. ਏ. ਨੇ ਇਸ ਤੋਂ ਵੀ ਜੁਆਬ ਦੇ ਦਿੱਤਾ। ਅਸਲ ‘ਚ ਸੀ. ਆਈ. ਏ. ਸਮਝਦੀ ਸੀ ਕਿ ਮੁਖਬਰਤ ਦਾ ਅਫਸਰ ਬਿਨ ਜ਼ਈਦ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਉਹ ਉਸ ਨੂੰ ਕਿਸੇ ਵੀ ਕੀਮਤ ‘ਤੇ ਖੋਸਟ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇ ਸਕਦੇ। ਇਸ ਪਿਛੋਂ ਬਲਾਵੀ ਨੇ ਈਮੇਲ ਭੇਜੀ, ਜਿਸ ‘ਚ ਉਸ ਨੇ ਬਿਨ ਜ਼ਈਦ ਨੂੰ ਕਿਹਾ ਕਿ ਇਸ ਸਾਰੇ ਕੰਮ ਦਾ ਜੋਖਮ ਮੈਂ ਹੀ ਕਿਉਂ ਉਠਾ ਰਿਹਾ ਹਾਂ? ਉਪਰੋਂ ਮੇਰੀ ਲੱਤ ਟੁੱਟੀ ਹੋਈ ਹੈ, ਮੇਰੇ ਲਈ ਤੁਰਨਾ ਮੁਸ਼ਕਿਲ ਹੈ। ਸੀ. ਆਈ. ਏ. ਦੀ ਕਾਊਂਟਰ ਟੈਰਰਿਜ਼ਮ ਟੀਮ ਨੇ ਇਸ ਦਾ ਤੁਰੰਤ ਸਿੱਟਾ ਕੱਢ ਲਿਆ ਕਿ ਬਲਾਵੀ ਭਾਵੁਕ ਤੌਰ ‘ਤੇ ਬਿਨ ਜ਼ਈਦ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਸਖਤ ਹੁਕਮ ਦੇ ਦਿੱਤਾ ਕਿ ਜੇ ਮੀਟਿੰਗ ਹੁੰਦੀ ਹੈ ਤਾਂ ਇਹ ਖੋਸਟ ਏਅਰਬੇਸ ‘ਚ ਹੀ ਹੋਵੇਗੀ; ਨਹੀਂ ਤਾਂ ਇਸ ਨੂੰ ਰੱਦ ਕਰ ਦਿਉ; ਪਰ ਹੁਣ ਤੱਕ ਸੱਭੇ ਧਿਰਾਂ ਇੰਨਾ ਅੱਗੇ ਵਧ ਚੁਕੀਆਂ ਸਨ ਕਿ ਪਿੱਛੇ ਮੁੜਨਾ ਔਖਾ ਲੱਗਦਾ ਸੀ। ਹਰ ਕੋਈ ਆਪਣੇ ਨਿਸ਼ਾਨੇ ਦੀ ਪੂਰਤੀ ਚਾਹੁੰਦਾ ਹੀ। ਜਦੋਂ ਬਿਨ ਜ਼ਈਦ ਨੇ ਪਾਕਿਸਤਾਨ ਵਾਲੇ ਪਾਸੇ ਜਾਣ ਤੋਂ ਨਾਂਹ ਕਰ ਦਿੱਤੀ ਤਾਂ ਅਲ-ਕਾਇਦਾ ਦੀਆਂ ਸਭ ਸਕੀਮਾਂ ਖਤਮ ਹੋ ਗਈਆਂ।
ਇਧਰੋਂ ਬਿਨ ਜ਼ਈਦ ਨੇ ਈਮੇਲ ਭੇਜੀ, ਜਿਸ ‘ਚ ਉਸ ਨੇ ਕਿਹਾ ਕਿ ਦੇਖ ਭਾਈ ਹਮਾਮ ਬਲਾਵੀ! ਤੂੰ ਇੰਨੇ ਵੱਡੇ-ਵੱਡੇ ਅਤਿਵਾਦੀਆਂ ਨੂੰ ਫੜਾਉਣ ਦੇ ਬਿਲਕੁਲ ਨੇੜੇ ਪਹੁੰਚ ਗਿਆ ਹੈਂ। ਤੇਰਾ ਨਿਸ਼ਾਨਾ ਤੇਰੇ ਸਾਹਮਣੇ ਹੈ। ਤੇਰੀ ਇੰਨੀ ਲੰਮੀ ਮਿਹਨਤ ਦਾ ਫਲ ਮਿਲਣ ਹੀ ਵਾਲਾ ਹੈ। ਤੂੰ ਇਹ ਕੰਮ ਕਰਵਾ ਕੇ ਆਪਣੇ ਪੈਸੇ ਲੈ ਕੇ ਦੁਨੀਆਂ ਦੇ ਕਿਸੇ ਵੀ ਹਿੱਸੇ ‘ਚ ਜਾ ਕੇ ਆਰਾਮ ਦੀ ਜ਼ਿੰਦਗੀ ਬਤੀਤ ਕਰੀਂ। ਇਸ ਪਿਛੋਂ ਤੈਨੂੰ ਕੋਈ ਨਹੀਂ ਬੁਲਾਏਗਾ। ਤੇਰੇ ਅਤੇ ਮੇਰੇ ਵਿਚਾਲੇ ਅੱਲ੍ਹਾ ਗਵਾਹ ਹੈ। ਜੋ ਮੈਂ ਕਹਿ ਰਿਹਾ ਹਾਂ, ਇਵੇਂ ਹੀ ਹੋਵੇਗਾ, ਪਰ ਤੈਨੂੰ ਟਰੇਨਿੰਗ ਲੈਣ ਅਤੇ ਹੋਰ ਢੰਗ ਤਰੀਕਿਆਂ ਦੀ ਸਿਖਲਾਈ ਲਈ ਮਿਲਣਾ ਜ਼ਰੂਰ ਪਵੇਗਾ। ਇਸ ਲਈ ਮੈਂ ਮਿਲਣ ਵਾਸਤੇ ਨਵੀਂ ਥਾਂ ਲੱਭੀ ਹੈ। ਤੂੰ ਬਾਰਡਰ ਲੰਘ ਕੇ ਅਫਗਾਨਿਸਤਾਨ ਵਾਲੇ ਪਾਸੇ ਆ ਜਾ। ਬਾਰਡਰ ਤੋਂ ਘੰਟੇ ਕੁ ਦੇ ਰਸਤੇ ਬਾਅਦ ਖੋਸਟ ਏਅਰਫੋਰਸ ਬੇਸ ਹੈ, ਤੂੰ ਉਥੇ ਆ ਜਾ। ਤੂੰ ਬਾਰਡਰ ਪਾਰ ਕਰੇਂਗਾ ਤਾਂ ਇਧਰ ਸਾਡਾ ਡਰਾਈਵਰ ਤੈਨੂੰ ਉਡੀਕ ਰਿਹਾ ਹੋਵੇਗਾ। ਉਹ ਤੈਨੂੰ ਆਪਣੀ ਕਾਰ ‘ਚ ਬਿਠਾ ਕੇ ਬੇਸ ਦੇ ਅੰਦਰ ਆ ਜਾਵੇਗਾ।
ਜੁਆਬ ‘ਚ ਬਲਾਵੀ ਨੇ ਕਿਹਾ ਕਿ ਮੈਨੂੰ ਡਰ ਹੈ ਕਿ ਤੁਸੀਂ ਮੈਨੂੰ ਕਿਸੇ ਵੀ ਵਕਤ ਗ੍ਰਿਫਤਾਰ ਕਰ ਲਵੋਗੇ ਤੇ ਫਿਰ ਉਮਰ ਭਰ ਜੇਲ੍ਹ ‘ਚ ਸੜਨਾ ਪਵੇਗਾ। ਉਤਰ ਦਿੰਦਿਆਂ ਬਿਨ ਜ਼ਈਦ ਨੇ ਸਹੁੰਆਂ ਖਾਂਦਿਆਂ ਕਿਹਾ ਕਿ ਉਸ ਨਾਲ ਦੋਸਤਾਂ ਜਿਹਾ ਵਿਹਾਰ ਕੀਤਾ ਜਾਵੇਗਾ। ਕਿਸੇ ਕਿਸਮ ਦੀ ਤਕਲੀਫ ਨਹੀਂ ਦਿੱਤੀ ਜਾਵੇਗੀ।
ਫਿਰ ਬਲਾਵੀ ਨੇ ਅਲ-ਮਿਸਰੀ ਅਤੇ ਅਲ-ਲਿਬੀ ਨਾਲ ਸਲਾਹ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਤੂੰ ਇਕ ਵਾਰ ਗਿਆ ਤਾਂ ਤੈਨੂੰ ਕਿਸੇ ਨੇ ਵਾਪਸ ਨਹੀਂ ਆਉਣ ਦੇਣਾ।
“ਹੁਣ ਫਿਰ ਕੀ ਕਰੀਏ?” ਬਲਾਵੀ ਨੇ ਫਿਕਰ ‘ਚ ਪੁੱਛਿਆ। ਉਸ ਦੀ ਗੱਲ ਸੁਣਦਿਆਂ ਮਿਸਰੀ ਬੋਲਿਆ, “ਆਪਾਂ ਕੌਣ ਹੁੰਨੇ ਆਂ ਕੁਝ ਕਰਨ ਵਾਲੇ। ਅੱਲ੍ਹਾ ਨੇ ਆਪ ਹੀ ਰਾਹ ਖੋਲ੍ਹ ਦਿੱਤਾ ਹੈ।”
“ਉਹ ਕਿਵੇਂ? ਕਿਹੜਾ ਰਾਹ?”
“ਆਤਮਘਾਤੀ ਬੰਬ ਬਣ ਕੇ ਇਨ੍ਹਾਂ ਕਾਫਰਾਂ ਤੋਂ ਬਦਲਾ ਲੈਣ ਦਾ। ਬਲਾਵੀ ਆਪਣੇ ਜਹਾਦੀ ਕਿੰਨਾ ਕੁ ਚਿਰ ਮਰਦੇ ਰਹਣਿਗੇ? ਹਰ ਰੋਜ਼ ਉਹ ਆਪਣੇ ਦਰਜਨਾਂ ਲੜਾਕਿਆਂ ਨੂੰ ਡਰੋਨਾਂ ਨਾਲ ਮਾਰ ਰਹੇ ਹਨ। ਹੁਣ ਆਪਾਂ ਨੂੰ ਵੀ ਜੁਆਬ ਦੇਣ ਚਾਹੀਦਾ ਹੈ। ਆਪਣੇ ਇਕੋ ਜੁਆਬ ਨੇ ਉਨ੍ਹਾਂ ਦੇ ਹੋਸ਼ ਉਡਾ ਦੇਣੇ ਨੇ।” ਇੰਨਾ ਕਹਿੰਦਿਆਂ ਅਲ-ਮਿਸਰੀ ਉਠ ਗਿਆ ਅਤੇ ਉਸ ਨੇ ਅਲ-ਕਾਇਦਾ ਦੀ ਮੁਕਾਮੀ ਸ਼ਰਾ ਇਕੱਠੀ ਕਰ ਲਈ। ਸ਼ਰਾ ਨੇ ਫਤਵਾ ਦੇ ਦਿੱਤਾ ਕਿ ਹਮਾਮ ਬਲਾਵੀ ਆਤਮਘਾਤੀ ਬੰਬ ਬਣ ਕੇ ਅਮਰੀਕਨਾਂ ਦੇ ਘਰ, ਭਾਵ ਉਨ੍ਹਾਂ ਦੇ ਬੇਸ ‘ਚ ਜਾ ਕੇ ਹਮਲਾ ਕਰੇਗਾ।
ਇਹ ਫੈਸਲਾ ਹੁੰਦਿਆਂ ਹੀ ਬਲਾਵੀ ਤੋਂ ਬਿਨ ਜ਼ਈਦ ਨੂੰ ਈਮੇਲ ਭਿਜਵਾਈ ਗਈ ਕਿ ਠੀਕ ਹੈ, ਉਹ ਉਸ ਨੂੰ ਮਿਲਣ ਖੋਸਟ ਏਅਰਬੇਸ ਆ ਰਿਹਾ ਹੈ। ਈਮੇਲ ਆਉਂਦਿਆਂ ਹੀ ਖੋਸਟ ਵਾਲਿਆਂ ਲਈ ਸਾਰਾ ਮਾਹੌਲ ਖੁਸ਼ਗਵਾਰ ਬਣ ਗਿਆ। ਬਿਨ ਜ਼ਈਦ ਨੇ ਕਿਹਾ ਕਿ ਉਸ ਨੇ ਬਲਾਵੀ ਨਾਲ ਵਾਅਦਾ ਕੀਤਾ ਹੈ ਕਿ ਉਸ ਨਾਲ ਦੋਸਤਾਂ ਜਿਹਾ ਵਿਹਾਰ ਕੀਤਾ ਜਾਵੇਗਾ। ਕੋਈ ਉਸ ਨੂੰ ਗ੍ਰਿਫਤਾਰ ਨਹੀਂ ਕਰੇਗਾ, ਕੋਈ ਉਸ ਦੀ ਤਲਾਸ਼ੀ ਨਹੀਂ ਲਵੇਗਾ, ਸਗੋਂ ਉਸ ਨੂੰ ਮਾਣ ਸਤਿਕਾਰ ਦੇਣ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਸੀ. ਆਈ. ਏ. ਚੀਫ ਜੈਨੀਫਰ ਮੈਥਿਊ ਨੇ ਰਿਹਰਸਲ ਕਰਨ ਦਾ ਹੁਕਮ ਦੇ ਦਿੱਤਾ। ਪਹਿਲਾਂ ਸੀ. ਆਈ. ਏ. ਦਫਤਰ ਨੇੜੇ ਗੋਲਕਾਰ ਸੜਕ ਕਿਨਾਰੇ ਥਾਂ ਚੁਣੀ ਗਈ, ਜਿਥੇ ਹਮਾਮ ਬਲਾਵੀ ਦੀ ਕਾਰ ਨੇ ਆ ਕੇ ਰੁਕਣਾ ਸੀ ਤੇ ਉਸ ਦਾ ਸੁਆਗਤ ਕੀਤਾ ਜਾਣਾ ਸੀ। ਇਥੇ ਸੀ. ਆਈ. ਏ. ਸਟਾਫ ਤੋਂ ਬਿਨਾ ਕੁਝ ਅਫਸਰ ਐਫ਼ ਬੀ. ਆਈ. ਦੇ ਸਨ। ਕੁਝ ਉਚ ਕੋਟੀ ਦੇ ਸੀਲ ਮੈਂਬਰ ਸਨ। ਕੁਝ ਮੈਂਬਰ ਉਹ ਸਨ, ਜਿਨ੍ਹਾਂ ਦੀ ਜਾਬ ਸੀ. ਆਈ. ਏ. ਉਚ ਕੋਟੀ ਦੇ ਅਫਸਰਾਂ ਦੀ ਸਿਕਿਉਰਿਟੀ ਸੀ। ਰਿਹਰਸਲ ਦੌਰਾਨ ਹੀ ਆਪਸੀ ਗੱਲਬਾਤ ਹੁੰਦੀ ਰਹੀ। ਸੀ. ਆਈ. ਏ. ਦੀ ਸਿਕਿਉਰਿਟੀ ਵਾਲੇ ਕਈ ਗੱਲਾਂ ਨਾਲ ਸਹਿਮਤ ਨਹੀਂ ਸਨ। ਦੂਜਾ, ਉਨ੍ਹਾਂ ਦੀ ਜਿੰਮੇਵਾਰੀ ਸੀ ਕਿ ਜਦੋਂ ਹਮਾਮ ਬਲਾਵੀ ਆਵੇ ਤਾਂ ਉਸ ਦੀ ਤਲਾਸ਼ੀ ਲਈ ਜਾਵੇ।
ਜੈਨੀਫਰ ਮੈਥਿਊ ਇਸ ਲਈ ਸਹਿਮਤ ਨਹੀਂ ਸੀ, ਕਿਉਂਕਿ ਉਸ ਨੇ ਬਿਨ ਜ਼ਈਦ ਨਾਲ ਵਾਅਦਾ ਕੀਤਾ ਸੀ ਕਿ ਹਮਾਮ ਬਲਾਵੀ ਨੂੰ ਬਾਇੱਜਤ ਅੰਦਰ ਲਿਆਂਦਾ ਜਾਵੇਗਾ, ਤਲਾਸ਼ੀ ਨਹੀਂ ਲਈ ਜਾਵੇਗੀ। ਉਸ ਨੂੰ ਇੱਜਤ ਦਿੱਤੀ ਜਾਵੇਗੀ। ਕਾਫੀ ਦੇਰ ਗੱਲਬਾਤ ਹੁੰਦੀ ਰਹੀ। ਅੰਤ ਸੀ. ਆਈ. ਏ. ਚੀਫ ਨੇ ਆਪਣੇ ਬੌਸ ਨੂੰ ਫੋਨ ਕੀਤਾ ਅਤੇ ਸਮੱਸਿਆ ਦੱਸੀ ਕਿ ਇਹ ਕੇਸ ਜਾਰਡਨ ਦੀ ਏਜੰਸੀ ਮੁਖਾਬਰਤ ਦਾ ਹੈ ਅਤੇ ਉਨ੍ਹਾਂ ਨੇ ਉਸ ਏਜੰਟ ਨਾਲ ਕੋਈ ਬਚਨ ਕੀਤਾ ਹੋਇਆ ਹੈ। ਆਖਰ ਉਪਰੋਂ ਹੁਕਮ ਆ ਗਿਆ ਕਿ ਜੈਨੀਫਰ ਮੈਥਿਊ ਜੋ ਕਹਿ ਰਹੀ ਹੈ, ਉਸ ਮੁਤਾਬਕ ਚੱਲਿਆ ਜਾਵੇ। ਸਭ ਬੇਵਸ ਹੋ ਗਏ। ਜੈਨੀਫਰ ਨੇ ਦਰਜਨ ਤੋਂ ਵੱਧ ਬੰਦੇ, ਔਰਤਾਂ ਤਿਆਰ ਕਰ ਲਏ, ਜਿਨ੍ਹਾਂ ਨੇ ਹਮਾਮ ਬਲਾਵੀ ਦਾ ਸਵਾਗਤ ਕਰਨਾ ਸੀ, ਉਸ ਨੂੰ ਇੱਜਤ ਦੇਣੀ ਸੀ। ਇਸ ਪਿਛੋਂ ਉਨ੍ਹਾਂ ਬਲਾਵੀ ਨੂੰ ਅੰਦਰ ਮੀਟਿੰਗ ਰੂਮ ‘ਚ ਲੈ ਜਾਣਾ ਸੀ, ਉਥੇ ਹੰਢੇ ਵਰਤੇ ਏਜੰਟ ਸਨ, ਜਿਨ੍ਹਾਂ ਨੇ ਬਲਾਵੀ ਨੂੰ ਅੱਗੇ ਦੀ ਟਰੇਨਿੰਗ ਦੇਣੀ ਸੀ।
ਜਦੋਂ ਫੈਸਲਾ ਹੋ ਗਿਆ ਕਿ ਹਮਾਮ ਬਲਾਵੀ ਆਤਮਘਾਤੀ ਬੰਬ ਬਣ ਕੇ ਖੋਸਟ ਅੰਦਰ ਜਾਵੇਗਾ ਤਾਂ ਬਲਾਵੀ ਦਾ ਸਰੀਰ ਕੰਬਣ ਲੱਗ ਪਿਆ। ਉਹ ਜਹਾਦ ਤਾਂ ਲੜਨਾ ਚਾਹੁੰਦਾ ਸੀ, ਅਖੀਰ ‘ਚ ਉਹ ਭਾਵੇਂ ਅਮਰੀਕਨਾਂ ਅਤੇ ਜਾਰਡਨ ਦੇ ਪੂਰੀ ਤਰ੍ਹਾਂ ਖਿਲਾਫ ਹੋ ਗਿਆ ਸੀ, ਉਨ੍ਹਾਂ ਨੂੰ ਸਜ਼ਾ ਦੇਣੀ ਚਾਹੁੰਦਾ ਸੀ, ਪਰ ਉਸ ਨੇ ਆਤਮਘਾਤ ਕਰਨ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ ਸੀ। ਉਸ ਨੂੰ ਰਾਤ ਭਰ ਨੀਂਦ ਨਾ ਆਈ। ਉਸ ਨੂੰ ਆਪਣੀਆਂ ਬੱਚੀਆਂ ਯਾਦ ਆਈਆਂ, ਪਰਿਵਾਰ ਯਾਦ ਆਇਆ, ਦੋਸਤ ਯਾਦ ਆਏ। ਉਹ ਸੋਚਣ ਲੱਗਾ ਕਿ ਉਹ ਇਹ ਕੀ ਕਰ ਰਿਹਾ ਹੈ! ਪਰ ਹੁਣ ਬਹੁਤ ਦੇਰ ਹੋ ਚੁਕੀ ਸੀ। ਉਸ ਨੂੰ ਅਲ-ਕਾਇਦਾ ਨੇ ਆਪਣੀ ਗ੍ਰਿਫਤ ਵਿਚ ਲੈ ਲਿਆ ਸੀ। ਉਸ ਨੂੰ ਪਤਾ ਹੀ ਨਾ ਲੱਗਾ ਕਿ ਸ਼ੁਰੂ ਤੋਂ ਹੀ ਅਲ-ਕਾਇਦਾ ਉਸ ਨੂੰ ਅਜਿਹੇ ਹੀ ਕਿਸੇ ਕੰਮ ਵਾਸਤੇ ਤਿਆਰ ਕਰ ਰਹੀ ਸੀ।
ਕੁਦਰਤ ਦਾ ਖੇਲ੍ਹ ਕਿ ਉਹ ਆਇਆ ਤਾਂ ਅਲ-ਕਾਇਦਾ ਦੇ ਉਚ ਕੋਟੀ ਦੇ ਅਤਿਵਾਦੀਆਂ ‘ਚ ਘੁਸਪੈਠ ਕਰਨ ਅਤੇ ਫਿਰ ਉਨ੍ਹਾਂ ਨੂੰ ਫੜਾ ਕੇ ਅਮਰੀਕਨਾਂ ਤੋਂ ਪੈਸੇ ਲੈ ਕੇ ਦੁਨੀਆਂ ‘ਚ ਕਿਧਰੇ ਜਾ ਕੇ ਆਰਾਮ ਦੀ ਜ਼ਿੰਦਗੀ ਬਤੀਤ ਕਰਨ ਸੀ, ਪਰ ਇਥੇ ਆ ਕੇ ਉਸ ਦਾ ਮਨ ਬਦਲਣ ਲੱਗਾ। ਉਹ ਅਲ-ਕਾਇਦਾ ਦੇ ਖਿਲਾਫ ਹੋਣ ਦੀ ਥਾਂ ਉਨ੍ਹਾਂ ਦੇ ਹੱਕ ‘ਚ ਹੋ ਗਿਆ। ਹੁਣ ਗੱਲ ਇਥੇ ਆ ਪਹੁੰਚੀ ਕਿ ਉਹ ਅਲ-ਕਾਇਦਾ ਦਾ ਕੰਮ ਕਰਨ ਲਈ ਆਤਮਘਾਤੀ ਬੰਬ ਬਣ ਰਿਹਾ ਸੀ। ਗੱਲ ਕਿਤੇ ਦੀ ਕਿਤੇ ਚਲੀ ਗਈ ਸੀ। ਆਖਰ ਉਸ ਨੇ ਆਪਣੇ ਆਪ ਨੂੰ ਧਰਵਾਸ ਦੇਣਾ ਸ਼ੁਰੂ ਕੀਤਾ ਕਿ ਉਹ ਹੋਰ ਕਿਸੇ ਕੰਮ ਦਾ ਨਹੀਂ ਹੈ। ਲੜ ਉਹ ਨਹੀਂ ਸਕਦਾ, ਬੰਦੂਕ ਉਹ ਨਹੀਂ ਚਲਾ ਸਕਦਾ। ਹੋਰ ਉਹ ਕੀ ਕਰ ਸਕਦਾ ਹੈ! ਆਖਰ ਉਹ ਆਤਮਘਾਤੀ ਬੰਬ ਬਣਨ ਲਈ ਤਿਆਰ ਹੋ ਗਿਆ।
ਅਗਲੇ ਦਿਨ ਉਹ ਨੇੜਲੇ ਪਿੰਡ ਦੱਤਾ ਖੇਲ੍ਹ ਪਹੁੰਚਿਆ। ਉਤਰੀ ਵਜ਼ੀਰਿਸਤਾਨ ਦੇ ਪਿੰਡ ਦੱਤਾ ਖੇਲ੍ਹ ਵਿਚ ਕੋਈ ਦਰਜੀ ਰਹਿੰਦਾ ਸੀ। ਉਸ ਦਾ ਕੰਮ ਸੀ, ਆਤਮਘਾਤੀ ਬੈਲਟਾਂ ਬਣਾਉਣਾ। ਹਰ ਰੋਜ਼ ਉਸ ਦੇ ਘਰ ਲਾਈਨਾਂ ਲੱਗੀਆਂ ਰਹਿੰਦੀਆਂ। ਬਲਾਵੀ ਨੇ ਆਪਣਾ ਸਮਾਨ ਉਸ ਦੇ ਸਾਹਮਣੇ ਰੱਖਿਆ ਤਾਂ ਦਰਜੀ ਹੈਰਾਨ ਹੋਇਆ। ਅੱਜ ਤੱਕ ਉਸ ਤੋਂ ਇੰਨੀ ਸਕਤੀਸ਼ਾਲੀ ਬੈਲਟ ਬਣਵਾਉਣ ਕੋਈ ਨਹੀਂ ਸੀ ਆਇਆ। ਬਲਾਵੀ ਬਹੁਤ ਹੀ ਤਾਕਤਵਰ, ਸੀ. ਫੋਰ. ਐਕਸਪਲੋਸਿਵ ਡਿਵਾਈਸਜ਼ ਲੈ ਕੇ ਆਇਆ ਸੀ।
ਖੈਰ! ਦਰਜੀ ਨੇ ਬੜੇ ਗਹੁ ਨਾਲ ਉਸ ਦੀ ਬੈਲਟ ਬਣਾਈ ਅਤੇ ਉਸ ਦੇ ਹਵਾਲੇ ਕਰ ਦਿੱਤੀ। ਬੈਲਟ ਦਾ ਭਾਰ ਕਰੀਬ ਤੀਹ ਕਿਲੋ ਸੀ। ਮੁਸ਼ਕਿਲ ਇਹ ਸੀ ਕਿ ਬਲਾਵੀ ਦੀ ਟੁੱਟੀ ਹੋਈ ਲੱਤ ਵੀ ਅਜੇ ਠੀਕ ਨਹੀਂ ਸੀ ਹੋਈ। ਖਰੌੜੀਆਂ ‘ਤੇ ਤੁਰਦਾ ਸੀ ਤਾਂ ਦਰਦ ਹੁੰਦਾ ਸੀ। ਉਪਰੋਂ ਤੀਹ ਕਿਲੋ ਭਾਰ ਗਲ ‘ਚ ਲਟਕਿਆ ਹੋਇਆ। ਉਹ ਘਰ ਪਹੁੰਚਿਆ। ਰਾਤ ਵੇਲੇ ਅਲ-ਕਾਇਦਾ ਨੇ ਕੈਮਰੇ ਫਿੱਟ ਕਰਕੇ ਉਸ ਨੂੰ ਬੈਲਟ ਪਹਿਨਾ ਕੇ ਵੀਡੀਉ ਬਣਾਈਆਂ। ਵੀਡੀਉ ਵਿਚ ਉਹ ਅਮਰੀਕਨਾਂ ਅਤੇ ਜਾਰਡਨ ਵਾਲਿਆਂ ਨੂੰ ਬੁਰਾ ਭਲਾ ਕਹਿ ਰਿਹਾ ਸੀ। ਅਸਲ ਵਿਚ ਇਹ ਪ੍ਰਾਪੇਗੰਡਾ ਵੀਡੀਉ ਬਣਾਈਆਂ ਜਾ ਰਹੀਆਂ ਸਨ, ਜੋ ਐਕਸ਼ਨ ਪਿਛੋਂ ਜਾਰੀ ਕਰਨੀਆਂ ਸਨ।
ਉਸੇ ਸ਼ਾਮ ਬਲਾਵੀ ਨੇ ਬਿਨ ਜ਼ਈਦ ਨੂੰ ਸੁਨੇਹਾ ਭੇਜ ਦਿੱਤਾ ਕਿ ਉਹ ਅਗਲੇ ਦਿਨ ਉਸ ਕੋਲ ਖੋਸਟ ਪਹੁੰਚ ਰਿਹਾ ਹੈ। ਅਗਲੇ ਦਿਨ ਹਮਾਮ ਬਲਾਵੀ ਨੇ ਆਖਰੀ ਨਮਾਜ਼ ਅਦਾ ਕੀਤੀ। ਫਿਰ ਬੈਲਟ ਪਹਿਨ ਲਈ। ਉਤੋਂ ਦੀ ਮੋਟੀ ਕਮੀਜ਼ ਪਾ ਲਈ। ਫਿਰ ਉਤੇ ਮੋਟਾ ਕੰਬਲ ਲੈ ਲਿਆ। ਇਸ ਇਲਾਕੇ ਦੇ ਲੋਕ ਇਸ ਤਰ੍ਹਾਂ ਦੇ ਕੰਬਲਾਂ ਦੀ ਬੁੱਕਲ ਆਮ ਹੀ ਮਾਰਦੇ ਸਨ। ਕੰਬਲ ਦੀ ਬੁੱਕਲ ਮਾਰੀ ਹਮਾਮ ਬਲਾਵੀ ਖਰੌੜੀਆਂ ਦੇ ਸਹਾਰੇ ਬਾਹਰ ਆਇਆ। ਟੈਕਸੀ ਲੈ ਕੇ ਬਾਰਡਰ ਵਲ ਚੱਲ ਪਿਆ। ਬਾਅਦ ਦੁਪਹਿਰ ਉਸ ਨੂੰ ਟੈਕਸੀ ਨੇ ਦੂਰ ਹੀ ਉਤਾਰ ਦਿੱਤਾ। ਔਖਾ ਹੁੰਦਾ ਤੁਰਦਾ ਉਹ ਬਾਰਡਰ ਤਕ ਪਹੁੰਚਿਆ। ਔਖੇ ਸੌਖੇ ਬਾਰਡਰ ਪਾਰ ਕੀਤਾ। ਦੂਜੇ ਪਾਸੇ ਅਫਗਾਨਿਸਤਾਨ ‘ਚ ਦਾਖਲ ਹੋ ਗਿਆ। ਦੂਰੋਂ ਹੀ ਉਸ ਨੂੰ ਲੈਣ ਆਏ ਅਫਗਾਨ ਡਰਾਈਵਰ ਨੇ ਉਸ ਨੂੰ ਪਛਾਣ ਲਿਆ ਤੇ ਹੱਥ ਹਿਲਾਇਆ। ਨੇੜੇ ਆ ਕੇ ਨਾਂ ਲਿਆ ਤਾਂ ਕਾਰ ਵਾਲੇ ਨੇ ਦਰਵਾਜਾ ਖੋਲ੍ਹ ਕੇ ਉਸ ਨੂੰ ਕਾਰ ‘ਚ ਬਿਠਾ ਲਿਆ। ਰਸਤੇ ‘ਚ ਕਾਰ ਬਦਲੀ ਤੇ ਅੱਗੇ ਚੱਲ ਪਏ। ਫਿਰ ਬਲਾਵੀ ਨੇ ਡਰਾਈਵਰ ਤੋਂ ਫੋਨ ਲੈ ਕੇ ਬਿਨ ਜ਼ਈਦ ਨੂੰ ਫੋਨ ਮਿਲਾਇਆ। ਗੱਲ ਸ਼ੁਰੂ ਹੋਈ ਤਾਂ ਬਿਨ ਜ਼ਈਦ ਖੁਸ਼ ਹੋ ਗਿਆ ਕਿ ਬਲਾਵੀ ਨੇੜੇ ਹੀ ਪਹੁੰਚ ਗਿਆ ਹੈ। ਬਲਾਵੀ ਨੇ ਉਸ ਨੂੰ ਉਸ ਦਾ ਵਾਅਦਾ ਯਾਦ ਕਰਵਾਇਆ ਕਿ ਉਹ ਦੋਸਤ ਵਾਂਗ ਵਿਹਾਰ ਕਰੇਗਾ। ਬਿਨ ਜ਼ਈਦ ਨੇ ਭਰੋਸਾ ਦਿਵਾਇਆ ਕਿ ਉਹ ਬੇਫਿਕਰ ਰਹੇ।
ਕਾਰ ਆਖਰ ਮੁੱਖ ਗੇਟ ‘ਤੇ ਪਹੁੰਚ ਗਈ। ਸਿਕਿਉਰਿਟੀ ਅਫਸਰ ਡਰਾਈਵਰ ਦੇ ਨੇੜੇ ਆਇਆ ਤੇ ਉਸ ਨੂੰ ਪਛਾਣਦਿਆਂ ਅੱਗੇ ਲੰਘਾ ਦਿੱਤਾ। ਫਿਰ ਅਗਲੇ ਚੈੱਕ ਪੁਆਇੰਟ ‘ਤੇ ਵੀ ਇਵੇਂ ਹੀ ਕਾਰ ਨੂੰ ਅੱਗੇ ਲੰਘਾ ਦਿੱਤਾ ਗਿਆ। ਹੁਣ ਤੱਕ ਹਮਾਮ ਬਲਾਵੀ ਦਾ ਮਨ ਕਦੇ ਕਿਧਰੇ ਘੁੰਮਦਾ ਸੀ, ਕਦੇ ਕਿਧਰੇ। ਇਸ ਚੈੱਕ ਪੁਆਇੰਟ ‘ਤੇ ਆ ਕੇ ਉਸ ਨੂੰ ਦੂਰ ਖੜ੍ਹੇ ਬਾਰਾਂ-ਤੇਰਾਂ ਜਣੇ ਦਿਖਾਈ ਦਿੱਤੇ। ਬਲਾਵੀ ਸਮਝ ਗਿਆ ਕਿ ਉਹ, ਉਸ ਨੂੰ ਹੀ ਉਡੀਕ ਰਹੇ ਹਨ। ਜਿਉਂ-ਜਿਉਂ ਕਾਰ ਨੇੜੇ ਹੁੰਦੀ ਗਈ, ਬਲਾਵੀ ਦੀ ਨਜ਼ਰ ਘੇਰੇ ‘ਚ ਖੜ੍ਹੇ ਉਨ੍ਹਾਂ ਲੋਕਾਂ ‘ਤੇ ਜੰਮ ਗਈ। ਕਾਰ ਮਿਥੀ ਥਾਂ ਦੇ ਨੇੜੇ ਪਹੁੰਚ ਗਈ। ਸੀ. ਆਈ. ਏ. ਦੇ ਸਿਕਿਉਰਿਟੀ ਅਫਸਰਾਂ ਨੂੰ ਭਾਵੇਂ ਹੁਕਮ ਸੀ ਕਿ ਕੋਈ ਚੈਕਿੰਗ ਵਗੈਰਾ ਨਹੀਂ ਕਰਨੀ, ਫਿਰ ਵੀ ਉਹ ਪੂਰੀ ਮੁਸਤੈਦੀ ਨਾਲ ਡਿਊਟੀ ਦਿੰਦੇ ਟਾਰਗੈੱਟ, ਭਾਵ ਬਲਾਵੀ ‘ਤੇ ਨਜ਼ਰਾਂ ਗੱਡੀ ਖੜੋਤੇ ਸਨ। ਉਂਜ ਭਾਵੇਂ ਉਨ੍ਹਾਂ ਨੇ ਰਾਈਫਲਾਂ ਦੀਆਂ ਨਾਲੀਆਂ ਹੇਠਾਂ ਕੀਤੀਆਂ ਹੋਈਆਂ ਸਨ, ਪਰ ਉਨ੍ਹਾਂ ਦੀਆਂ ਉਂਗਲਾਂ ਰਾਈਫਲਾਂ ਦੇ ਘੋੜਿਆਂ ‘ਤੇ ਸਨ।
ਕਾਰ ‘ਚ ਬੈਠੇ ਬਲਾਵੀ ਨੇ ਦੂਜੇ ਸਿਰੇ ‘ਤੇ ਖੜ੍ਹੇ ਬਿਨ ਜ਼ਈਦ ਨੂੰ ਪਛਾਣ ਲਿਆ। ਬਿਨ ਜ਼ਈਦ ਨੇ ਹੱਥ ਹਿਲਾਇਆ, ਪਰ ਬਲਾਵੀ ਨੇ ਕੋਈ ਜੁਆਬ ਨਾ ਦਿੱਤਾ। ਇੰਨੇ ਨੂੰ ਕਾਰ ਮਿੱਥੀ ਥਾਂ ‘ਤੇ ਜਾ ਰੁਕੀ। ਚਾਰ ਸਿਕਿਉਰਿਟੀ ਅਫਸਰ ਰਾਈਫਲਾਂ ਦੀਆਂ ਨਾਲੀਆਂ ਹੇਠਾਂ ਕਰੀ ਕਾਰ ਦੇ ਨੇੜੇ ਆ ਗਏ। ਇਕ ਜਣਾ ਸੱਜੇ ਹੱਥ ‘ਤੇ ਚਿੱਟਾ ਦਸਤਾਨਾ ਚੜ੍ਹਾਈ ਨੇੜੇ ਆਇਆ ਤੇ ਉਸ ਨੇ ਤਾਕੀ ਖੋਲ੍ਹਦਿਆਂ ਹੱਥ ਅਗਾਂਹ ਵਧਾਇਆ ਤਾਂ ਕਿ ਬਲਾਵੀ ਦੀ ਬਾਹਰ ਆਉਣ ‘ਚ ਮਦਦ ਕਰੇ। ਇਹ ਕੁਝ ਦੇਖਦਿਆਂ ਬਲਾਵੀ ਥਾਂ ‘ਤੇ ਹੀ ਜੰਮ ਗਿਆ, ਪਰ ਅਗਲੇ ਹੀ ਪਲ ਉਸ ਨੂੰ ਫੁਰਨਾ ਫੁਰਿਆ ਤੇ ਉਹ ਦਸਤਾਨੇ ਵਾਲਾ ਹੱਥ ਫੜਨ ਦੀ ਥਾਂ ਦੂਜੇ ਪਾਸੇ ਦੇ ਦਰਵਾਜੇ ਵੱਲ ਖਿਸਕ ਗਿਆ। ਉਸ ਨੇ ਤਾਕੀ ਖੋਲ੍ਹੀ। ਪਹਿਲਾਂ ਪਲੱਸਤਰ ਵਾਲੀ ਲੱਤ ਬਾਹਰ ਕੱਢੀ। ਫਿਰ ਖਰੌੜੀਆਂ ਬਾਹਰ ਰੱਖੀਆਂ। ਉਸ ਪਿੱਛੋਂ ਉਸ ਨੇ ਸਹੀ ਲੱਤ ਬਾਹਰ ਕੱਢੀ। ਫਿਰ ਸਹੀ ਲੱਤ ‘ਤੇ ਭਾਰ ਪਾਉਂਦਿਆਂ ਉਹ ਕਾਰ ‘ਚੋਂ ਬਾਹਰ ਨਿਕਲਿਆ। ਉਸ ਨੇ ਉਤੋਂ ਕੰਬਲ ਲਿਆ ਹੋਇਆ ਸੀ। ਖੱਬੇ ਹੱਥ ਨਾਲ ਖਰੌੜੀ ਅੱਗੇ ਪਿਛੇ ਕਰ ਰਿਹਾ ਸੀ, ਪਰ ਉਸ ਦਾ ਸੱਜਾ ਹੱਥ ਕੰਬਲ ਦੇ ਅੰਦਰ ਸੀ।
ਸਿਕਿਉਰਿਟੀ ਅਫਸਰ ਉਦੋਂ ਤੋਂ ਹੀ ਪ੍ਰੇਸ਼ਾਨ ਸਨ, ਜਦੋਂ ਉਹ ਦੂਜੀ ਤਾਕੀ ਰਾਹੀਂ ਬਾਹਰ ਨਿਕਲਿਆ ਸੀ। ਉਹ ਖਰੌੜੀਆਂ ਸੰਭਾਲਦਾ ਅਗਾਂਹ ਨੂੰ ਤੁਰਿਆ ਤੇ ਨਾਲ ਹੀ ਉਸ ਦਾ ਸੱਜਾ ਹੱਥ ਕੰਬਲ ਅੰਦਰ ਕੋਈ ਹਰਕਤ ਕਰਨ ਲੱਗਾ। ਅਸਲ ‘ਚ ਉਸ ਦਾ ਸੱਜਾ ਹੱਥ, ਕੰਬਲ ਅੰਦਰ ਬੰਬ ਦੇ ਬਟਨ ਵੱਲ ਜਾ ਰਿਹਾ ਸੀ। ਮਾਹੌਲ ਬੜਾ ਹੀ ਘੁਟਣ ਭਰਿਆ ਸੀ। ਜਦੋਂ ਉਸ ਦਾ ਸੱਜਾ ਹੱਥ ਕੰਬਲ ‘ਚ ਹਿਲਦਾ ਦੇਖਿਆ ਤਾਂ ਸਿਕਿਉਰਿਟੀ ਅਫਸਰ ਨੇ ਅੱਗੇ ਹੁੰਦਿਆਂ ਉਸ ਨੂੰ ਕਿਹਾ, “ਸਟਾਪ, ਥਾਂ ‘ਤੇ ਹੀ ਰੁਕ ਜਾਹ।” ਪਰ ਉਹ ਉਵੇਂ ਹੀ ਅੱਗੇ ਨੂੰ ਤੁਰਦਾ ਗਿਆ। ਫਿਰ ਉਸ ਦਾ ਰਾਹ ਅਗਿਓਂ ਬੰਦ ਕਰਦਿਆਂ ਅਫਸਰਾਂ ਨੇ ਉਸ ਨੂੰ ਘੇਰੇ ‘ਚ ਲੈਂਦਿਆਂ ਰੁਕ ਜਾਣ ਦਾ ਹੁਕਮ ਦੁਹਰਾਇਆ। ਉਦੋਂ ਨੂੰ ਹਮਾਮ ਬਲਾਵੀ ਦਾ ਹੱਥ ਕੰਬਲ ਦੇ ਅੰਦਰ ਸਹੀ ਥਾਂ ‘ਤੇ ਪਹੁੰਚ ਗਿਆ ਸੀ। ਉਸ ਦੇ ਮੂੰਹੋਂ ਅਵਾਜ਼ ਆਉਣ ਲੱਗ ਪਈ, “ਲਾ ਇਲਾਹਾ, ਇਲਾ ਅੱਲਾ…ਲਾ ਇਲਾਹਾ ਇਲਾ ਅੱਲਾ…।” ਉਹ ਵਾਰ-ਵਾਰ ਇਹੀ ਅਲਫਾਜ਼ ਬੋਲ ਰਿਹਾ ਸੀ। ਅਫਸਰਾਂ ਨੇ ਉਸ ਦਾ ਰਾਹ ਤਾਂ ਰੋਕ ਹੀ ਲਿਆ ਸੀ, ਫਿਰ ਉਸ ਨੂੰ ਹੱਥ ਉਤਾਂਹ ਕਰਨ ਲਈ ਕਿਹਾ ਗਿਆ।
ਹਮਾਮ ਬਲਾਵੀ ਵਲੋਂ ਬੋਲੇ ਜਾ ਰਹੇ ਅਲਫਾਜ਼ ਤੋਂ ਬਿਨ ਜ਼ਈਦ ਸਮਝ ਗਿਆ ਕਿ ਹੁਣ ਕੀ ਹੋਣ ਵਾਲਾ ਹੈ। ਉਸ ਨੇ ਅਗਾਂਹ ਵਧ ਰਹੇ ਆਪਣੇ ਦੋਸਤ ਨੂੰ ਪਿਛਾਂਹ ਖਿੱਚਿਆ, ਪਰ ਉਦੋਂ ਨੂੰ ਇੰਨਾ ਵੱਡਾ ਧਮਾਕਾ ਹੋਇਆ ਕਿ ਅੱਧੇ ਮੀਲ ਤੱਕ ਦੀਆਂ ਬਿਲਡਿੰਗਾਂ ਕੰਬ ਗਈਆਂ। ਬੰਬ ਇੰਨਾ ਸ਼ਕਤੀਸ਼ਾਲੀ ਸੀ ਕਿ ਕਾਰ ਨੂੰ ਵਿਚਕਾਰੋਂ ਚੀਰ ਕੇ ਮਿਜ਼ਾਇਲ ਬਣਾ ਦਿੱਤਾ। ਚਾਰ ਜਣਿਆਂ ਨੂੰ ਕਾਰ ਵਿਚਕਾਰੋਂ ਚੀਰ ਗਈ। ਬੰਬ ਫਟਣ ‘ਤੇ ਚਾਰ ਹਜ਼ਾਰ ਡਿਗਰੀ ਹੀਟ ਪੈਦਾ ਹੋਈ ਅਤੇ ਕਾਰ ਦੇ ਟੁਕੜੇ ਪੰਦਰਾਂ ਹਜ਼ਾਰ ਫੁੱਟ ਪ੍ਰਤੀ ਸੈਕੰਡ ਦੀ ਸਪੀਡ ਨਾਲ ਹਵਾ ‘ਚ ਉਡੇ। ਹਮਾਮ ਬਲਾਵੀ ਤੋਂ ਬਿਨਾ ਸੀ. ਆਈ. ਏ. ਦੇ ਸੱਤ ਅਫਸਰ ਮਾਰੇ ਗਏ। ਬਾਕੀ ਦੇ ਸਭ ਗੰਭੀਰ ਜ਼ਖਮੀ ਹੋ ਗਏ। ਸੀ. ਆਈ. ਏ. ਡਾਇਰੈਕਟਰ ਲਿਓਨ ਪੈਨੇਟਾ ਨੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੂੰ ਫੋਨ ਕੀਤਾ, “ਸਰ ਬਹੁਤ ਬੁਰੀ ਖਬਰ ਹੈ। ਅਫਗਾਨਿਸਤਾਨ ਦੇ ਖੋਸਟ ਏਅਰਬੇਸ ‘ਤੇ ਆਤਮਘਾਤੀ ਹਮਲਾ ਹੋਇਐ।”
“ਫਿਰ?” ਓਬਾਮਾ ਨੇ ਫਿਕਰ ‘ਚ ਪੁੱਛਿਆ।
“ਸਰ, ਇਸ ਹਮਲੇ ‘ਚ ਸੱਤ ਸੀ. ਆਈ. ਏ. ਅਫਸਰ, ਇਕ ਜੌਰਡਨੀਅਨ ਏਜੰਸੀ ਤੋਂ ਅਤੇ ਇਕ ਸਾਡਾ ਲੋਕਲ ਡਰਾਈਵਰ ਮਿਲਾ ਕੇ ਕੁੱਲ ਨੌਂ ਬੰਦੇ ਮਾਰੇ ਗਏ।”
ਕੁਝ ਦੇਰ ਓਬਾਮਾ ਕੁਝ ਨਾ ਬੋਲਿਆ। ਫਿਰ ਗੁੱਸੇ ‘ਚ ਉਸ ਦੇ ਬੋਲ ਫਟੇ, “ਗੜਬੜ ਕਿਵੇਂ ਹੋਈ? ਕਿਵੇਂ ਐਡਾ ਵੱਡਾ ਹਾਦਸਾ ਵਾਪਰ ਗਿਆ?”
“ਸਰ! ਸਾਡਾ ਹੀ ਏਜੰਟ ਜਿਸ ਨੂੰ ਅਸੀਂ ਡਬਲ ਏਜੰਟ ਬਣਾਇਆ ਸੀ, ਉਹ ਸਾਨੂੰ ਕਰਾਸ ਕਰਕੇ ਟ੍ਰਿੱਪਲ ਏਜੰਟ ਬਣ ਗਿਆ, ਧੋਖਾ ਦੇ ਗਿਆ।” ਇੰਨਾ ਕਹਿ ਕੇ ਪੈਨੇਟਾ ਚੁੱਪ ਹੋ ਗਿਆ। ਦੂਜੇ ਪਾਸਿਉਂ ਫੋਨ ਕੱਟ ਦਿੱਤਾ ਗਿਆ ਸੀ। ਲਿਓਨ ਪੈਨੇਟਾ ਨੇ ਵੀ ਉਦਾਸੇ ਜਿਹੇ ਮਨ ਨਾਲ ਫੋਨ ਬੰਦ ਕਰਦਿਆਂ ਜੇਬ ‘ਚ ਪਾ ਲਿਆ। ਉਸ ਦਿਨ ਕੈਲੰਡਰ ‘ਤੇ 30 ਦਸੰਬਰ 2009 ਦਰਜ ਸੀ।
(ਸਮਾਪਤ)