ਤਨਹਾਈ ਦਾ ਆਲਮ: ਡਾ. ਰਣਧੀਰ ਸਿੰਘ ਚੰਦ

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 91-98885-10185
ਉਸ ਦਿਨ ਦੀ ਉਹ ਸ਼ਾਮ ਬਹੁਤ ਉਦਾਸ ਸੀ, ਜਦੋਂ 26 ਮਰਚ 1992 ਨੂੰ ਚਾਨਣੀਆਂ ਰਾਤਾਂ ਵਿਚ ਮਧੁਰ ਰੋਸ਼ਨੀ ਵੰਡਣ ਵਾਲਾ ਚੰਦ ਬਣਿਆ ਰਿਹਾ ਰਣਧੀਰ ਸਿੰਘ ਚੰਦ ਗੂੜ੍ਹੇ ਬੱਦਲਾਂ ਦੀ ਲਪੇਟ ਵਿਚ ਆ ਕੇ ਉਸ ਸੋਗਮਈ ਰਾਤ ਨੂੰ ਕਾਲਖ ਵਿਚ ਡੁਬੋ ਗਿਆ। ਇਕ ਪ੍ਰਤਿਭਾਸ਼ਾਲੀ ਪ੍ਰੋਫੈਸਰ, ਅਨੁਭਵੀ ਕਵੀ, ਸਮਰੱਥ ਬੁਲਾਰਾ, ਅਨੁਭਵੀ ਸੰਪਾਦਕ, ਰੇਖਾ ਚਿੱਤਰ ਲੇਖਕ ਤੇ ਪ੍ਰਬੁੱਧ ਸਮਾਲੋਚਕ ਡਾ. ਰਣਧੀਰ ਸਿੰਘ ਚੰਦ ਨੂੰ ਆਪਣੇ ਵਿਦਿਆਰਥੀ ਜੀਵਨ ਵਿਚ ਹੀ ਸਾਹਿਤ ਪੜ੍ਹਨ, ਲਿਖਣ, ਪਰਖਣ ਤੇ ਸੰਪਾਦਿਤ ਕਰਨ ਦੀ ਚੇਟਕ ਲੱਗ ਗਈ ਸੀ।

1943 ਵਿਚ ਜਨਮੇ ਡਾ. ਰਣਧੀਰ ਸਿੰਘ ਚੰਦ ਨੇ 1959 ਵਿਚ ਦਸਵੀਂ ਵਿਚ ਪੜ੍ਹਦਿਆਂ ‘ਵਣਜਾਰੇ’ ਨਾਂ ਦੇ ਗੀਤ ਸੰਗ੍ਰਿਹ ਦਾ ਸੰਪਾਦਨ ਕੀਤਾ ਸੀ, ਜਿਸ ਨੂੰ ਸਾਹਿਤਕ ਹਲਕਿਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਅਸਲ ਵਿਚ ਡਾ. ਰਣਧੀਰ ਸਿੰਘ ਚੰਦ ਨੇ ਆਪਣਾ ਕਾਵਿ ਸਫਰ 1960 ਵਿਚ ਸ਼ੁਰੂ ਕੀਤਾ ਸੀ। ਪਹਿਲਾਂ ਪਹਿਲ ਉਸ ਨੇ ਕੁਝ ਗੀਤਾਂ ਤੇ ਕਵਿਤਾਵਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿਚੋਂ ਪੀਂਘ ਜਿਹਾ ਹੁਲਾਰਾ ਤੇ ਨਦੀ ਵਰਗੀ ਰਵਾਨੀ ਵੇਖੀ ਜਾ ਸਕਦੀ ਹੈ। ਪੱਤਰਕਾਰੀ ਦਾ ਸ਼ੌਕ ਉਸ ਨੂੰ ਜਨੂੰਨ ਦੀ ਹੱਦ ਤੱਕ ਸੀ। ਉਸ ਦੀ ਦੇਖ ਰੇਖ ਹੇਠ ਛਪਦੇ ਤ੍ਰੈਮਾਸਿਕ ਪਰਚੇ ‘ਸੁਰਤਾਲ’ ਨੇ ਆਪਣੇ ਵੇਲੇ ਦੇ ਪੰਜਾਬੀ ਪਰਚਿਆਂ ਵਿਚ ਚੰਗੀ ਥਾਂ ਬਣਾ ਲਈ ਸੀ। ਉਹ ਪੰਜਾਬੀ ਦੀਆਂ ਮੁੱਖ ਅਖਬਾਰਾਂ ਵਿਚ ਕੋਈ ਨਾ ਕੋਈ ਲੇਖ ਲੜੀ ਜਾਂ ਕਾਲਮ ਲਿਖਣ ਦੀ ਕੋਸ਼ਿਸ਼ ਵਿਚ ਰਹਿੰਦਾ।
ਵਿਸ਼ਵ ਦੇ ਮਹਾਨ ਚਿੰਤਕਾਂ ਬਾਰੇ, ਪੰਜਾਬੀ ਦੇ ਸਾਹਿਤਕਾਰਾਂ ਬਾਰੇ, ਸਾਹਿਤਕ ਮਸਲਿਆਂ ਆਦਿ ਬਾਰੇ ਉਹ ਕੁਝ ਨਾ ਕੁਝ ਲਿਖਣ ਦੇ ਆਹਰ ਵਿਚ ਰਹਿੰਦਾ। ਆਪਣੀ ਸਿਰਜਣਾਤਮਕ ਤੇ ਆਲੋਚਨਾਤਮਕ ਸਮਰੱਥਾ ਕਾਰਨ ਸਾਹਿਤਕ ਤੇ ਅਕਾਦਮਿਕ ਹਲਕਿਆਂ ਵਿਚ ਉਹ ਆਪਣੀ ਵਿਸ਼ੇਸ਼ ਪਛਾਣ ਰੱਖਦਾ ਸੀ। ਪੰਜਾਬੀ ਦੇ ਕਵੀ-ਗਜ਼ਲ ਦਰਬਾਰਾਂ ਵਿਚ ਚੰਦ ਗਜ਼ਲ ਦੇ ਸ਼ੋਖ ਰੰਗਾਂ ਦੀ ਛਹਿਬਰ ਲਾਉਂਦਾ ਤੇ ਸਰੋਤਿਆਂ/ਦਰਸ਼ਕਾਂ ਦੀ ਵਾਹ ਵਾਹ ਖੱਟਣ ਵਿਚ ਕਾਮਯਾਬ ਹੁੰਦਾ। ਡਾ. ਚੰਦ ਦੀ ਸ੍ਰੇਸ਼ਠ ਕਾਵਿ ਪ੍ਰਤਿਭਾ ਉਸ ਦੇ ਗਜ਼ਲ ਕਾਵਿ ਰਾਹੀਂ ਜਾਹਰ ਹੁੰਦੀ ਹੈ। ਉਸ ਨੇ ਛੋਟੀ ਬਹਿਰ ਵਿਚ ਵੱਡੇ ਤੇ ਬਹੁ ਅਰਥਾਂ ਵਾਲੀਆਂ ਗਜ਼ਲਾਂ ਦੀ ਰਚਨਾ ਕੀਤੀ ਹੈ।
ਡਾ. ਚੰਦ ਨੇ ‘ਮੇਰੇ ਗੁੰਮਨਾਮ ਦਿਨ’ (1967), ‘ਗੁਬੰਦ’ (1972), ‘ਇਕ ਸੂਰਜ ਮੇਰਾ ਵੀ’ (1977), ‘ਬਰਫ ਦੇ ਘਰ’ (1979), ‘ਰਾਤ ਸ਼ਹਿਰ ਤੇ ਰੇਤ’ (1981) ਆਦਿ ਕਾਵਿ ਪੁਸਤਕਾਂ ਦੀ ਰਚਨਾ ਕਰਨ ਨਾਲ ਪੰਜਾਬੀ ਕਾਵਿ ਸਾਹਿਤ ਵਿਚ ਆਪਣੀ ਭਰਪੂਰ ਹਾਜ਼ਰੀ ਲਵਾਈ। ਉਸ ਨੇ ਪਾਕਿਸਤਾਨੀ ਪੰਜਾਬੀ ਗਜ਼ਲਾਂ ਤੇ ਇਕਾਂਗੀ ਰਚਨਾਵਾਂ ਦੇ ਸੰਗ੍ਰਿਹ ਕ੍ਰਮਵਾਰ ‘ਸੁਪਨੇਹਾਰ ਹਵਾਵਾਂ’ ਤੇ ‘ਧੁੱਪਾਂ ਛਾਂਵਾਂ’ ਪ੍ਰਕਾਸ਼ਿਤ ਕੀਤੇ। ਪੰਜ ਕਵੀਆਂ ਦੀਆਂ ਕਵਿਤਾਵਾਂ ਦਾ ਸੰਗ੍ਰਿਹ ‘ਉਦਾਸ ਖਿੜਕੀਆਂ ਤੇ ਸੂਰਜ’, ‘ਇਕ ਕਹਾਣੀ ਸੰਗ੍ਰਿਹ ‘ਨੰਗੇ ਰੁੱਖ ਬਦਲਦੇ ਮੌਸਮ’ ਅਤੇ ਭਾਰਤੀ ਤੇ ਪਾਕਿਸਤਾਨੀ ਗਜ਼ਲਗੋਆਂ ਦੀਆਂ ਮੁੱਖ ਗਜ਼ਲਾਂ ਦੇ ਸੰਗ੍ਰਿਹ ‘ਗਜ਼ਲ ਉਸ ਨੇ ਛੇੜੀ’ ਦਾ ਸੰਪਾਦਨ ਕਰਕੇ ਉਸ ਨੇ ਸੰਪਾਦਨ ਕਾਰਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ। ‘ਸੁਰਤਾਲ’ ਦੇ ਪੰਜਾਬੀ ਗਜ਼ਲ ਅੰਕ, ਸੁਰਜੀਤ ਰਾਮਪੁਰੀ ਵਿਸ਼ੇਸ਼ ਅੰਕ, ਕੁਲਵੰਤ ਸਿੰਘ ਵਿਰਕ ਵਿਸ਼ੇਸ਼ ਅੰਕ ਅਤੇ ਸ਼ ਸ਼ ਮੀਸ਼ਾ ਵਿਸ਼ੇਸ਼ ਅੰਕ ਕੱਢ ਕੇ ਉਸ ਨੇ ਆਪਣੀ ਸੰਪਾਦਨ ਕਲਾ ਦਾ ਪ੍ਰਮਾਣ ਦਿੱਤਾ। ਕਹਾਣੀਕਾਰ ਕੁਲਵੰਤ ਸਿੰਘ ਵਿਰਕ (ਸਹਿ ਲੇਖਕ ਡਾ. ਬਿਕਰਮ ਸਿੰਘ ਘੁੰਮਣ-1971), ਸਮੀਖਿਆ ਸ਼ਾਸਤਰ (1980) ਅਤੇ ਕਹਾਣੀਕਾਰ ਸੁਜਾਨ ਸਿੰਘ (1982) ਉਸ ਦੀਆਂ ਪ੍ਰਸਿੱਧ ਪੁਸਤਕਾਂ ਹਨ।
ਡਾ. ਚੰਦ ਦੀਆਂ ਗਜ਼ਲਾਂ ਅਜੋਕੇ ਮਨੁੱਖ ਦੀ ਬਹੁਪਰਤੀ ਜ਼ਿੰਦਗੀ ਦੇ ਵੱਖ ਵੱਖ ਸਰੋਕਾਰਾਂ ਦੀ ਗੱਲ ਕਰਦੀਆਂ ਹਨ। ਸਵੈ ਕੇਂਦ੍ਰਿਤ ਹੋ ਕੇ ਰਹਿ ਗਿਆ ਮਨੁੱਖ ਹੇਰਵੇ, ਉਦਾਸੀ, ਵਿਯੋਗ, ਦਰਦ, ਘੁਟਨ, ਅਸੰਤੁਸ਼ਟੀ, ਅਜਬਨੀਅਤ, ਤਨਹਾਈ ਆਦਿ ਦੀਆਂ ਸਥਿਤੀਆਂ ਦੇ ਰੂਬਰੂ ਹੁੰਦਾ ਹੈ। ਬਹੁਤੀਆਂ ਹਾਲਤਾਂ ਵਿਚ ਉਦਾਸੀ ਤੇ ਉਪਰਾਮਤਾ ਨੂੰ ਮਨੁੱਖ ਨੇ ਆਪਣੀ ਜੀਵਨ ਜਾਚ ਦਾ ਹਿੱਸਾ ਬਣਾ ਲਿਆ ਹੈ। ਸਮੇਂ ਦੇ ਫੇਰਬਦਲ ਨਾਲ ਆਦਮੀ ਦੀ ਹੋਂਦ ਸੁੰਗੜਦੀ ਜਾ ਰਹੀ ਹੈ। ਉਸ ਦੀ ਗਜ਼ਲ ਵਿਚ ਉਦਾਸੀ ਦਾ ਰੰਗ ਵੱਧ ਹੈ, ਪਰ ਉਹ ਨਿਰਾਸ਼ ਨਹੀਂ ਹੁੰਦਾ, ਸਗੋਂ ਉਮੀਦ ਦਾ ਪੱਲਾ ਫੜ੍ਹੀ ਰੱਖਦਾ ਹੈ,
ਟੁਕੜੇ ਟੁਕੜੇ ਹੋ ਕੇ ਚੜ੍ਹਿਆ
ਨਜ਼ਰਾਂ ਦੀ ਸੂਲੀ ‘ਤੇ ਉਹ,
ਜਾਗਦਿਆਂ ਸ਼ਹਿਰਾਂ ਵਿਚ ਜਿਹੜਾ
ਸੁਪਨੇ ਭਾਲਣ ਚਲਾ ਗਿਆ।
ਸੂਖਮ ਆਤਮਕ ਦਰਦ ਪਛਾਣਨ ਵਾਲੇ ਕਵੀ ਦੀ ਹੈਸੀਅਤ ਵਿਚ ਡਾ. ਚੰਦ ਨੇ ਆਪਣੀ ਵੱਖਰੀ ਪਛਾਣ ਸਥਾਪਤ ਕੀਤੀ। ਦਰਦ ਉਸ ਦੀ ਸ਼ਾਇਰੀ ਦੀ ਮੁੱਖ ਸੁਰ ਬਣਿਆ। ਉਸ ਨੇ ਤਨਹਾਈ ਦੇ ਦਰਦ ਨੂੰ ਹੰਢਾਇਆ, ਸੂਰਜ ਨੂੰ ਸੂਲੀ ਚੜ੍ਹਦਿਆਂ ਵੇਖਿਆ, ਬੇਲਿਹਾਜੇ ਤੇ ਅੱਖੜਖਾਂਦ ਮੌਸਮਾਂ ਵੱਲੋਂ ਦਿੱਤਾ ਦਰਦ ਬਰਦਾਸ਼ਤ ਕੀਤਾ। ਲੰਮੀ ਔੜ, ਸੋਕੇ, ਪੱਤਝੜ ਦੀ ਮਾਰ ਵੀ ਉਸ ਨੇ ਝੱਲੀ। ਜ਼ਮਾਨੇ ਦੀਆਂ ਬੇਦਰਦ, ਗਰਮ, ਗੈਰਮੁਆਫਕ ਤੇ ਲੂਹ ਦੇਣ ਵਾਲੀਆਂ ਹਵਾਵਾਂ ਦਾ ਸੇਕ ਉਸ ਨੇ ਆਪਣੇ ਜਿਸਮ ‘ਤੇ ਸਹਾਰਿਆ। ਪਲਕਾਂ ‘ਚ ਅਟਕੇ ਅੱਥਰੂਆਂ ਨਾਲ ਉਹ ਸੰਵਾਦ ਰਚਾਉਂਦਾ ਰਿਹਾ। ਮੱਧਕਾਲ ਦੇ ਰਹੱਸਵਾਦੀ ਕਵੀਆਂ ਵਾਂਗ ਉਹ ਮਨੁੱਖ ਦੇ ਨਾਸ਼ਵਾਨ ਹੋਣ ਦੀ ਗੱਲ ਬੜੀ ਕਲਾਤਮਕਤਾ ਨਾਲ ਕਰਦਾ ਹੈ,
ਮਿੱਟੀ ਦਾ ਤਨ ਲੈ ਕੇ ਕਿਥੇ ਜਾਓਗੇ?
ਇਥੇ ਹਰ ਇਕ ਬੂੰਦ ਕਹੇ ਮੈਂ ਸਾਗਰ ਹਾਂ।
ਡਾ. ਚੰਦ ਨੂੰ ਗਜ਼ਲ ਦੇ ਕਲਾਸਕੀ ਅਨੁਸ਼ਾਸਨ ਦਾ ਬੋਧ ਸੀ। ਉਸ ਦੀਆਂ ਗਜ਼ਲਾਂ ਵਿਚ ਵਸਤੂ ਤੇ ਰੂਪ ਦੇ ਦੋਹਾਂ ਕਾਵਿ ਤੱਤਾਂ ਦਾ ਉਚਿਤ ਸੰਤੁਲਨ ਵੇਖਣ ਨੂੰ ਮਿਲਦਾ ਹੈ। ਉਸ ਦੇ ਸ਼ਿਅਰਾਂ ਵਿਚਲੀ ਬੌਧਿਕਤਾ ਉਸ ਦੀ ਕਾਵਿਕਤਾ ‘ਤੇ ਭਾਰੂ ਨਹੀਂ ਹੁੰਦੀ। ਉਸ ਦੀਆਂ ਗਜ਼ਲਾਂ ਦੇ ਪ੍ਰਤੀਕਾਤਮਕ ਵਾਯੂ ਮੰਡਲ ਦਾ ਚਿੱਤਰਪਟ ਬੜਾ ਵਿਸ਼ਾਲ ਹੈ। ਉਸ ਨੇ ਪੁਰਾਣੀ ਗਜ਼ਲ ਦੀ ਜ਼ਮੀਨ ਨੂੰ ਤੋੜ ਕੇ ਨਵੇਂ ਆਧਾਰ ਸਿਰਜਣ ਦਾ ਯਤਨ ਕੀਤਾ।
ਡਾ. ਚੰਦ ਪੰਜਾਬ ਦੇ ਵੱਖ ਵੱਖ ਸਰਕਾਰੀ ਕਾਲਜਾਂ ਵਿਚ ਪੰਜਾਬੀ ਦੇ ਅਧਿਆਪਨ ਕਾਰਜ ਨਾਲ ਜੁੜਿਆ ਰਿਹਾ। ਮੁਕਤਸਰ, ਫਰੀਦਕੋਟ, ਕਰਮਸਰ, ਲੁਧਿਆਣਾ, ਸਠਿਆਲਾ ਤੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜਾਂ ਵਿਚ ਉਸ ਨੇ ਪੜ੍ਹਾਉਣ ਦੀ ਆਪਣੀ ਕਲਾ ਦਾ ਜਾਦੂ ਬਿਖੇਰਿਆ। ਉਸ ਦੇ ਜਿਨ੍ਹਾਂ ਵਿਦਿਆਰਥੀਆਂ ਨੂੰ ਉਸ ਦਾ ਇਹ ਜਾਦੂ ਰਾਸ ਆ ਗਿਆ, ਉਹ ਜ਼ਿੰਦਗੀ ਵਿਚ ਜ਼ਰੂਰ ਕੁਝ ਬਣ ਗਏ। ਕੁਝ ਚਿਰ ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਖੋਜ ਸਹਾਇਕ ਵਜੋਂ ਵੀ ਕੰਮ ਕੀਤਾ। ਕੁਝ ਸਮੇਂ ਲਈ ਉਸ ਨੇ ਗੁਰੂ ਨਾਨਕ ਨੈਸ਼ਨਲ ਕਾਲਜ, ਨਕੋਦਰ ‘ਚ ਬਤੌਰ ਪ੍ਰਿੰਸੀਪਲ ਵੀ ਸੇਵਾ ਨਿਭਾਈ। ਗੁਰੂ ਨਾਨਕ ਬਾਣੀ ਵਿਚ ਯੋਗ ਦਾ ਸੰਕਲਪ ਵਿਸ਼ੇ ‘ਤੇ ਉਸ ਨੇ ਪੰਜਾਬ ਯੂਨੀਵਰਸਿਟੀ ਤੋਂ ਪੀਐਚ.ਡੀ. ਦੀ ਡਿਗਰੀ ਹਾਸਲ ਕੀਤੀ।
ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਮੈਨੂੰ ਡਾ. ਚੰਦ ਨਾਲ ਇਕੱਠਿਆਂ ਕੰਮ ਕਰਨ ਦਾ ਮੌਕਾ ਮਿਲਿਆ। ਪ੍ਰੋ. ਜਸਵੰਤ ਸਿੰਘ ਵਿਰਦੀ, ਡਾ. ਜਗਤਾਰ, ਪ੍ਰੋ. ਪਰਬਿੰਦਰ ਸਿੰਘ, ਪ੍ਰੋ. ਦੀਦਾਰ ਸਿੰਘ ਦੀਦਾਰ ਵੀ ਉਨ੍ਹਾਂ ਵਰ੍ਹਿਆਂ ਵਿਚ ਇਸ ਕਾਲਜ ਵਿਚ ਸਨ। ਡਾ. ਚੰਦ ਦੀ ਮੌਜੂਦਗੀ ਵਿਚ ਉਸ ਕਾਲਜ ਦਾ ਸਾਹਿਤਕ ਮਾਹੌਲ ਹੋਰ ਵੱਧ ਮੌਲਿਆ। ਕੁਝ ਸਮੇਂ ਲਈ ਡਾ. ਚੰਦ ਨੇ ਪੰਜਾਬ ਦੇ ਸਾਬਕਾ ਰਾਜਪਾਲ ਸਿਧਾਰਥ ਸ਼ੰਕਰ ਰੇਅ ਨਾਲ ਆਫੀਸਰ ਆਨ ਸਪੈਸ਼ਲ ਡਿਊਟੀ (ਅਨੁਵਾਦ) ਦੀ ਜਿੰਮੇਵਾਰੀ ਵੀ ਬਾਖੂਬੀ ਨਿਭਾਈ।
ਜ਼ਿੰਦਗੀ ਵਿਚ ਹਾਂ-ਪੱਖੀ ਨਜ਼ਰੀਆ ਅਪਨਾਉਣ ਵਾਲਾ ਡਾ. ਚੰਦ ਅਕਸਰ ਕਹਿੰਦਾ ਸੀ, “ਵੇਖ ਪ੍ਰਿਤਪਾਲ, ਜੇ ਉਹ ਦਿਨ ਨਹੀਂ ਰਹੇ ਤਾਂ ਇਹ ਔਕੜ ਵਾਲੇ ਦਿਨ ਵੀ ਨਹੀਂ ਰਹਿਣਗੇ…।” ਇਨਸਾਨ ਉਮੀਦ ਦਾ ਪੱਲਾ ਨਹੀਂ ਛੱਡਦਾ, ਛੱਡਣਾ ਚਾਹੀਦਾ ਵੀ ਨਹੀਂ। ਸਮੇਂ ਦਾ ਗੇੜ ਅਜਿਹਾ ਕਿ ਮਗਰਲੇ ਸਾਲਾਂ ਵਿਚ ਡਾ. ਚੰਦ ਬਿਮਾਰੀ ਕਾਰਨ ਬਹੁਤ ਚਿੰਤਤ ਰਹਿਣ ਲੱਗ ਪਿਆ ਸੀ। ਅਜਿਹਾ ਹੋਣਾ ਹਰ ਕਿਸੇ ਲਈ ਸੁਭਾਵਿਕ ਹੁੰਦਾ ਹੈ। ਉਸ ਦੇ ਚਿਹਰੇ ‘ਤੇ ਉਦਾਸੀ ਦੇ ਚਿੰਨ੍ਹ ਛਾਏ ਰਹਿੰਦੇ, ਫਿਰ ਵੀ ਉਹ ਦੋਸਤਾਂ ਵਿਚ ਬੈਠਾ ਮੁਸਕਰਾਉਂਦਾ ਰਹਿੰਦਾ। ਸਦੀਵੀ ਵਿਛੋੜੇ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੇ ਹੋਲੀ ਮੌਕੇ ਦੂਰਦਰਸ਼ਨ ਜਲੰਧਰ ਤੋਂ ਟੈਲੀਕਾਸਟ ਹੋਏ ਇਕ ਹਾਸ ਰਸ ਕਵੀ ਦਰਬਾਰ ਦਾ ਸੰਚਾਲਨ ਕੀਤਾ, ਜਿਸ ਦੀ ਚਰਚਾ ਉਸ ਦੇ ਤੁਰ ਜਾਣ ਪਿੱਛੋਂ ਵੀ ਹੁੰਦੀ ਰਹੀ।
ਸਮੇਂ ਨੇ ਡਾ. ਚੰਦ ਨਾਲ ਬੇਵਫਾਈ ਕੀਤੀ ਤੇ ਚਾਨਣੀ ਵੰਡਣ ਵਾਲਾ ਚੰਦ ਖੁਦ ਬੱਦਲਾਂ ਦੇ ਉਹਲੇ ਹੋ ਗਿਆ। ਉਹ ਪੁਰਖਲੂਸ ਤੇ ਸਪਸ਼ਟ ਵਿਅਕਤੀ ਸੀ। ਇਕ ਵਿਦਵਾਨ, ਲੇਖਕ ਤੇ ਪ੍ਰੋਫੈਸਰ ਵਜੋਂ ਡਾ. ਚੰਦ ਨੇ ਆਪਣੇ ਪਾਠਕਾਂ, ਵਿਦਿਆਰਥੀਆਂ, ਦੋਸਤਾਂ ਤੇ ਪ੍ਰਸ਼ੰਸਕਾਂ ਦੀਆਂ ਸਿਮ੍ਰਤੀਆਂ ਵਿਚ ਵੱਸੇ ਰਹਿਣਾ ਹੈ। ਉਸ ਦੇ ਬੋਲ ਅਜੇ ਵੀ ਕੰਨਾਂ ਵਿਚ ਗੂੰਜਦੇ ਰਹਿੰਦੇ ਹਨ,
ਐਤਕੀਂ ਵਿਛੜੇ ਅਸੀਂ
ਸ਼ਾਇਦ ਨਾ ਮਿਲ ਸਕੀਏ ਕਦੀ,
ਦੂਰੀਆਂ ਦਾ ਫਾਸਲਾ
ਸੈਆਂ ਯੁੱਗਾਂ ਤੀਕਰ ਦਿਸੇ।

ਇਕ ਹਉਕਾ ਜੋ ਮਿਰੇ
ਸੀਨੇ ‘ਚ ਦੱਬਿਆ ਰਹਿ ਗਿਆ,
ਅੱਥਰੂ ਬਣ ਪਲਕ ‘ਤੇ
ਰੁਕਿਆ ਰਹੇਗਾ ਦੇਰ ਤਕ।