ਔਰਤ ਚਿੱਤਰਕਾਰਾਂ ਦੀ ਸ਼ਾਂਤ ਚਿੱਤ ਪ੍ਰਦਰਸ਼ਨੀ

ਗੁਲਜ਼ਾਰ ਸਿੰਘ ਸੰਧੂ
ਸਮਕਾਲੀ ਮਹਿਲਾ ਚਿੱਤਰਕਾਰਾਂ ਦੀ ਚੰਡੀਗੜ੍ਹ ਇਕਾਈ ਨੇ ਆਪਣੇ ਨਾਲ ਬਠਿੰਡਾ, ਜੈਪੁਰ, ਮਥੁਰਾ, ਗੋਆ ਤੇ ਹੈਦਰਬਾਦ ਤੱਕ ਦੀਆਂ ਰਚਨਾਕਾਰਾਂ ਨੂੰ ਜੋੜ ਰੱਖਿਆ ਹੈ। ਹੁਣੇ ਹੁਣੇ ਚੰਡੀਗੜ੍ਹ ਦੀ ਸਰਕਾਰੀ ਮਿਊਜ਼ੀਅਮ ਤੇ ਆਰਟ ਗੈਲਰੀ ਵਿਚ ਇਸ ਨੇ ਸਮਕਾਲੀ ਕਲਾਕਾਰਾਂ ਦੇ ਚਿੱਤਰਾਂ ਦੀ ਛੇ ਰੋਜ਼ਾ ਨੁਮਾਇਸ਼ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆਂ ਅਜਿਹੇ ਚਿੱਤਰਾਂ ਦੀ ਚੋਣ ਕੀਤੀ ਹੈ, ਜੋ ਮਨੁੱਖੀ ਮਨ ਦੀ ਮਹਿਮਾ ਤੇ ਮਹੱਤਵ ਉਜਾਗਰ ਕਰਦੇ ਹਨ; ਖਾਸ ਕਰਕੇ ਸ਼ਾਂਤ ਚਿੱਤ ਇਸਤਰੀ ਦੀ।

ਇਸ ਟੋਲੀ ਦੀ ਸੰਸਥਾਪਕ ਸਰਕਾਰੀ ਕਾਲਜ, ਡੇਰਾਬਸੀ (ਜਿਲਾ ਮੁਹਾਲੀ) ਦੀ ਪ੍ਰਿੰਸੀਪਲ ਸਾਧਨਾ ਸੰਗਰ ਹੈ, ਤੇ ਉਸ ਨੇ ਇਸ ਸੰਸਥਾ ਦਾ ਨਾਂ ‘ਅਸੀਂ’ ਜਾਂ ‘ਹਮ’ ਰੱਖਿਆ ਹੋਇਆ ਹੈ। ਹਮ-ਖਿਆਲ ਔਰਤ ਚਿੱਤਰਕਾਰਾਂ ਦੀ ਇਹ ਸੰਸਥਾ ਪਿਛਲੇ 18 ਸਾਲਾਂ ਤੋਂ ਚੰਡੀਗੜ੍ਹ ਦੇ ਬਾਲ ਭਵਨ, ਸੇਵਾ ਭਾਰਤੀ ਹਾਲ ਅਤੇ ਪਿੰਜੌਰ ਦੇ ਵਿਵੇਕਾਨੰਦ ਸਕੂਲ ਵਿਚ ਹੀ ਵਰਕਸ਼ਾਪਾਂ ਤੇ ਪ੍ਰਦਰਸ਼ਨੀਆਂ ਨਹੀਂ ਲਾ ਰਹੀ, ਹਿਮਾਚਲ ਦੇ ਜਗਦੰਬਾ ਮੰਦਿਰ, ਖਜਿਆਰ ਅਤੇ ਰਾਜਸਥਾਨ ਦੀ ਲਲਿਤ ਕਲਾ ਅਕਾਡਮੀ, ਜੈਪੁਰ ਨਾਲ ਵੀ ਜੁੜੀ ਹੋਈ ਹੈ।
ਚੰਡੀਗੜ੍ਹ ਦੇ ਚਿੱਤਰਾਂ ਵਿਚਲੀ ਰੋਸ਼ਨੀ ਤੇ ਸਾਰਥਕਤਾ ਪ੍ਰਭਾਵੀ ਰਹੀ। ਇਨ੍ਹਾਂ ਵਿਚ ਮਹਿਲਾ ਸਸ਼ਕਤੀਕਰਨ ਤੇ ਔਰਤ ਉਦਮ ਦੀ ਪੇਸ਼ਕਾਰੀ ਖਿੱਚ ਪਾਉਂਦੀ ਹੈ। ਇਸ ਵਿਚ 80 ਚਿੱਤਰਕਾਰਾਂ ਦੇ 80 ਤੋਂ ਵਧ ਚਿੱਤਰ ਵੇਖਣ ਨੂੰ ਮਿਲੇ। ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਰਾਜੇ ਮਹਾਰਾਜਿਆਂ ਦੀ ਜਨਮਦਾਤੀ ਕਹਿ ਕੇ ਨਿਵਾਜਿਆ ਸੀ। ਇਹ ਚਿੱਤਰ ਦਸਦੇ ਹਨ ਕਿ ਜਦੋਂ ਔਰਤਾਂ ਦੇ ਖੱਟੇ ਮਿੱਠੇ ਅਨੁਭਵ ਕਲਾ ਦਾ ਰੂਪ ਧਾਰਦੇ ਹਨ, ਸਾਨੂੰ ਘੁੱਗੀਆਂ ਗਟਾਰਾਂ ਦੀ ਬੋਲੀ ਵੀ ਸਮਝ ਆਉਣ ਲਗਦੀ ਹੈ ਅਤੇ ਹਵਾ ਨਾਲ ਝੂਲਦੇ ਬਿਰਖਾਂ ਦੇ ਬੋਲ ਵੀ। ਜੇ ਮੈਂ ਮੂੰਹੋਂ ਬੋਲਦੇ ਚਿੱਤਰਾਂ ਦਾ ਪ੍ਰਮਾਣ ਦੇਣਾ ਹੋਵੇ ਤਾਂ ਇਸ ਨੁਮਾਇਸ਼ ਵਿਚ ਚੰਡੀਗੜ੍ਹ ਦੀ ਆਸਥਾ ਮਹਿਤਾ ਅਤੇ ਗੋਆ ਦੀ ਦਾਓਮੁਦੀ ਪ੍ਰਜਾਪਤੀ ਦਾ ਚਿੱਤਰ ਸਾਦੇ ਹਨ ਤੇ ਪ੍ਰਭਾਵੀ ਵੀ।
ਮਿੱਤਰਾਂ ਦੀ ਮਹਿਫਿਲ: ਪਿਛਲੇ ਤੋਂ ਪਿਛਲੇ ਸ਼ੁਕਰਵਾਰ ਚੰਡੀਗੜ੍ਹ ਦੀ ਹੱਦ ਤੋਂ ਬਾਹਰ ਦੇ ਇੱਕ ਪਿੰਡ ਜਗਤਪੁਰਾ ਵਿਚ ਪੈਂਦੇ ਮਝੈਲ ਫਾਰਮ ਵਿਚ ਇਕੱਠੀ ਹੋਈ ਮਿੱਤਰ ਮਿਲਣੀ ਜੁੜਦੇ ਸਾਰ ਹੀ ਇਕ ਮਿੰਨੀ ਮੁਸ਼ਾਇਰੇ ਦਾ ਰੂਪ ਧਾਰ ਗਈ। ਇਹ ਫਾਰਮ ਸਵਰਗਵਾਸੀ ਹਰਨਾਮ ਸਿੰਘ ਮਝੈਲ ਦੀ ਇੱਕ ਬੇਟੀ ਦਾ ਹੈ। ਉਹ ਖੁਦ ਮਾਝੇ ਦਾ ਰਹਿਣ ਵਾਲਾ ਸੀ ਤੇ ਉਸ ਦੀਆਂ ਤਿੰਨ ਬੇਟੀਆਂ ਨੇ ਸਾਰੇ ਦਾ ਸਾਰਾ ਪੰਜਾਬ ਮੱਲ ਰਖਿਆ ਹੈ। ਕੰਵਲਜੀਤ ਕੰਗ ਮਾਲਵੇ ਵਿਚ ਵਿਆਹੀ ਹੋਈ ਹੈ, ਹਰਜੀਤ ਮਾਝੇ ਵਿਚ ਤੇ ਸੁਰਜੀਤ ਦੁਆਬੇ ਵਿਚ। ਸੁਰਜੀਤ ਖੁਦ ਕਵਿਤਾ ਲਿਖਦੀ ਹੋਣ ਕਾਰਨ, ਜਿੱਥੇ ਵੀ ਤਿੰਨੋਂ ਭੈਣਾਂ ਨੇ ਮਿਲਣਾ ਹੋਵੇ, ਆਪਣੇ ਜਾਣੇ ਪਛਾਣੇ ਕਵੀਆਂ ਨੂੰ ਸੱਦਾ ਦੇ ਛੱਡਦੀ ਹੈ।
ਕਵਿਤਾਵਾਂ ਦਾ ਦੌਰ ਸ਼ੁਰੂ ਹੋਇਆ ਤਾਂ ਤਾਰਨ ਗੁਜਰਾਲ ਨੇ ਤਰੰਨਮ ਵਿਚ ਇਕ ਵਧੀਆਂ ਗੀਤ ਪੇਸ਼ ਕੀਤਾ ਤੇ ਰੰਗਮੰਚ ਦੇ ਬਾਦਸ਼ਾਹ ਦਵਿੰਦਰ ਦਮਨ ਨੇ ਸਰੋਤਿਆਂ ਦੀ ਮੰਗ ਪ੍ਰਵਾਨ ਕਰਕੇ ਥਾਲੀ ਦੀ ਅਵਾਜ਼ ਵਿਚ ਆਪਣਾ ਪੁਰਾਣਾ ਗੀਤ ਗਾ ਕੇ ਸੁਣਾਇਆ। ਅਸ਼ੋਕ ਨਾਦਿਰ ਨਾਂ ਦਾ ਪੰਚਕੂਲਾ ਨਿਵਾਸੀ ਪੇਸ਼ੇ ਵਜੋਂ ਕਾਰਖਾਨੇਦਾਰ ਹੋਣ ਸਦਕਾ ਡੇਰਾਬਸੀ ਦੇ ਨੇੜੇ ਪਿੰਡ ਤੋਗਾਂਪੁਰ ਵਿਚ ਇਕ ਬਿਰਧ ਆਸ਼ਰਮ ਵੀ ਚਲਾਉਂਦਾ ਹੈ, ਜਿੱਥੇ ਘਰੇਲੂ ਜਾਂ ਬਾਹਰੀ ਮਾਹੌਲ ਦੇ ਸਤਾਏ ਬਜੁਰਗਾਂ ਦੀ ਦੇਖ-ਭਾਲ ਕੀਤੀ ਜਾਂਦੀ ਹੈ। ਉਹ ਸ਼ਾਇਰੀ ਵੀ ਕਰਦਾ ਹੈ ਤੇ ਉਸ ਦੇ ਸ਼ਿਅਰਾਂ ਵਿਚ ਦਰਦ ਹੈ,
ਖਤ ਪੇ ਅਸ਼ਕੋਂ ਕਾ ਨਿਸ਼ਾਂ ਦੇਖਾ ਹੈ
ਏਕ ਏਕ ਲਫਜ਼ ਪਰੇਸ਼ਾਂ ਦੇਖਾ ਹੈ।
ਖੁਦ ਕਾ ਵਜੂਦ ਦਫਨ ਹੋ ਗਿਆ ਨਾਦਿਰ
ਅਪਨੀ ਤਬਾਹੀ ਕਾ ਸਾਮਾਨ ਦੇਖਾ ਹੈ।
ਅਜੋਕੇ ਮਾਹੌਲ ਨੂੰ ਸੰਬੋਧਤ ਭੁੱਲਰ ਦੀ ਕਵਿਤਾ ਤਾਂ ਬਹੁਤ ਲੰਮੀ ਸੀ, ਪਰ ਸੁਰਜੀਤ ਬੈਂਸ ਦੇ ਦੋ ਸ਼ਿਅਰਾਂ ਨੂੰ ਖੂਬ ਦਾਦ ਮਿਲੀ,
ਕੀ ਲੋਕ ਸਭਾ ਕੀ ਰਾਜ ਸਭਾ,
ਲੀਡਰ ਤਾਂ ਘੁੰਮਦੀਆਂ ਤੋਪਾਂ ਨੇ।
ਸਭ ਨਾਅਰੇ ਬੰਬ ਦੇ ਗੋਲੇ ਨੇ,
ਕੀ ਕਰ ਲੈਣਾ ਏ ਲੋਕਾਂ ਨੇ?
ਜਨਤਾ ਵੀ ਕਰੋਨਾ ਵਾਇਰਸ ਹੈ,
ਲਭ ਲਭ ਕੇ ਲੀਡਰ ਚੰਬੜੇਗੀ,
ਕਰ ਬੰਦ ਉਨ੍ਹਾਂ ਨੂੰ ਸਦਨਾਂ ਵਿਚ,
ਇਹ ਸਿਰੀਆਂ ਫੜ ਫੜ ਰਗੜੇਗੀ।
ਫੇਰ ਫੂਲਚੰਦ ਮਾਨਵ ਨੇ ਵੀ ਹਾਜ਼ਰੀ ਲਗਵਾਈ,
ਲੋਗ ਵਹਾਂ ਪੇ ਚੁੱਪ ਕਿਉਂ ਹੈ
ਸ਼ਹਿਰ ਕੋ ਹੂਆ ਕਿਆ ਹੈ!
ਪੂਛਤੇ ਹੈਂ ਮੁਝ ਸੇ ਆਪ
ਆਪ ਕੋ ਹੂਆ ਕਿਆ ਹੈ?
ਲਾਲ ਲਾਲ ਆਖੋਂ ਕਾ
ਆਪ ਨੇ ਯੇਹ ਕਿਆ ਦੇਖਾ,
ਆਪ ਕਾਂਪਤੇ ਹੋ ਕਿਉਂ
ਆਪ ਕੋ ਹੂਆ ਕਿਆ ਹੈ?
ਇਸ ਮਹਿਫਿਲ ਵਿਚ ਮੇਰੇ ਜਿਹੇ ਆਮ ਬੰਦੇ ਵੀ ਮਿਰਜ਼ਾ ਗਾਲਿਬ, ਫੈਜ਼ ਅਹਿਮਦ ਫੈਜ਼ ਤੇ ਸਾਹਿਰ ਲੁਧਿਆਣਵੀ ਦੇ ਸ਼ਿਅਰਾਂ ਨਾਲ ਹਾਜ਼ਰੀ ਲਵਾਉਂਦੇ ਰਹੇ।
ਅੰਤਿਕਾ: ਪੰਜਾਬ ਦੀ ਗੱਲ
ਮਨ ਮੇਰਾ ਪੰਜਾਬ ਹੈ
ਤਨ ਮੇਰਾ ਕਸ਼ਮੀਰ,
ਦੋਨਾਂ ਦੇ ਦੁੱਖ ਆਪਣੇ
ਦੋਵੇਂ ਲੀਰੋ ਲੀਰ। (ਗੁਰਦਿਆਲ ਰੌਸ਼ਨ)

ਹੋ ਗਿਆ ਜ਼ਹਿਰ ਜੋ ਆਬ ਹਾਂ
ਪੁੱਤਰਾ, ਪਛਾਣ ਮੈਂ ਪੰਜਾਬ ਹਾਂ। (ਜਗਤਾਰ ਸਾਲਮ)

ਸਤਲੁਜ, ਬਿਆਸ ਤੇ ਜਿਹਲਮ ਪੰਜਾਬ ਦੀ ਗੱਲ।
ਰਾਵੀ ਕਰੇ, ਹੁਣ ਕਿਹੜੇ ਪੰਜਾਬ ਦੀ ਗੱਲ! (ਐਸ਼ ਐਸ਼ ਮੀਸ਼ਾ)