ਰਾਜੀ ਖੁਸ਼ੀ ਦੀ ਚਿੱਠੀ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਕਿਸੇ ਵੇਲੇ ਇੱਕ ਤੋਂ ਦੂਜੇ ਥਾਂ ਸਨੇਹਾ ਪਹੁੰਚਦਾ ਕਰਨ ਲਈ ਚਿੱਠੀਆਂ ਮੁੱਖ ਸਾਧਨ ਹੁੰਦੀਆਂ ਸਨ। ਹੱਥੀਂ ਲਿਖ ਕੇ ਕਿਸੇ ਦੇ ਹੱਥ ਦੇ ਕੇ ਭੇਜੀ ਚਿੱਠੀ ਨੂੰ ਰੁੱਕਾ ਕਹਿੰਦੇ ਸਨ। ਇੰਜ ਕਿਸੇ ਸਾਕ ਸਬੰਧੀ ਨੂੰ ਖੁਸ਼ੀ-ਗਮੀ ਦੀ ਖਬਰ ਭੇਜਣ ਲਈ ਕਿਸੇ ਖਾਸ ਬੰਦੇ ਦੇ ਹੱਥ, ਲਿਖ ਕੇ ਸੁਨੇਹਾ ਪਹੁੰਚਾਇਆ ਜਾਂਦਾ ਸੀ; ਉਹ ਸ਼ਖਸ ਆਪ ਜਾ ਕੇ ਦੂਰ ਦੁਰਾਡੇ ਪਿੰਡ ਉਹ ਰੁੱਕਾ ਪਹੁੰਚਦਾ ਕਰਦਾ ਸੀ। ਫਿਰ ਡਾਕ ਪ੍ਰਬੰਧ ਆ ਗਿਆ ਤੇ ਸੁਨੇਹੇ ਚਿੱਠੀਆਂ ‘ਚ ਡਾਕ ਰਾਹੀਂ ਭੇਜੇ ਜਾਣ ਲੱਗੇ। ਡਾਕੀਆ ਘਰ ਘਰ ਡਾਕ ਵੰਡਿਆ ਕਰਦਾ ਸੀ। ਆਉਣ ਵਾਲੇ ਸੁੱਖ ਸਨੇਹੇ ਦੀ ਤਾਕ ‘ਚ ਬੈਠੇ ਘਰ ਵਾਲਿਆਂ ਨੂੰ ਡਾਕੀਏ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਰਹਿੰਦੀ।

ਜਿਉਂ ਜਿਉਂ ਤਰੱਕੀ ਹੋਈ, ਡਾਕ ਦੀ ਥਾਂ ਸੁਨੇਹੇ ਭੇਜਣ ਦਾ ਸਿਲਸਿਲਾ ਟੈਲੀਫੋਨਾਂ ‘ਤੇ ਹੋ ਗਿਆ ਅਤੇ ਚਿੱਠੀਆਂ ਲਿਖਣ ਲਿਖਾਉਣ ਦਾ ਰੁਝਾਨ ਹੌਲੀ ਹੌਲੀ ਖਤਮ ਹੋ ਜਾਣ ਕਿਨਾਰੇ ਜਾ ਪੁੱਜਾ। ਟੈਲੀਫੋਨਾਂ ਦੇ ਪਸਾਰ ਨੇ ਜਲਦ ਸੁਨੇਹੇ ਪਹੁੰਚਾਉਣ ਦਾ ਆਮ ਪਸਾਰਾ ਕਰ ਦਿੱਤਾ। ਚਿੱਠੀਆਂ ‘ਚ ਜੋ ਗੱਲਾਂ ਘੋਟ ਘੋਟ, ਸੋਚ ਵਿਚਾਰ ਕੇ ਲਿਖੀਆਂ ਜਾਂਦੀਆਂ ਸਨ, ਉਨ੍ਹਾਂ ਦੀ ਥਾਂ ਟੈਲੀਫੋਨਾਂ ਨੇ ਝੱਟਪਟੀ ਨਾਲ ਬੰਨ ਦਿੱਤੀ। ਦਿਨਾਂ ਬੱਧੀ ਸੋਚ ਵਿਚਾਰ ਦੀ ਲੋੜ ਹੀ ਨਾ ਰਹੀ, ਜੀਅ ਕੀਤਾ ਜਿਹਨੂੰ ਮਰਜੀ ਫੋਨ ਕਰਕੇ ਗੱਲ ਕਰ ਲਓ; ਚੰਗੀ ਮਾੜੀ ਖਬਰ ਸਾਂਝੀ ਕਰ ਲਓ ਜਾਂ ਜਦੋਂ ਫੋਨ ਦੀ ਘੰਟੀ ਵੱਜੀ ਤਾਂ ਰਿਸੀਵਰ ਚੁੱਕ ਕੇ ਗੱਲ ਸੁਣ ਲਓ।
ਸਮੇਂ ਦੀ ਰਫਤਾਰ ਨੇ ਚਿੱਠੀਆਂ ਅਲੋਪ ਹੋਣ ਕਿਨਾਰੇ ਪਹੁੰਚਾ ਦਿੱਤੀਆਂ। ਟੈਲੀਫੋਨਾਂ ਤੋਂ ਅੱਗੇ ਹੁਣ ਉਨ੍ਹਾਂ ਦੀ ਥਾਂ ਟੈਕਸਟ ਮੈਸੇਜ ਤੇ ਈ-ਮੇਲਾਂ ਨੇ ਲੈ ਲਈ। ਜਦੋਂ ਮਰਜੀ ਜਿੱਥੇ ਮਰਜੀ ਬੈਠੇ ਟੈਕਸਟ ਮੈਸੇਜ ਭੇਜ ਦਿਓ ਜਾਂ ਈ-ਮੇਲ ਕਰ ਦਿਓ, ਅਗਲਾ ਆਪੇ ਸੁਨੇਹਾ ਪੜ੍ਹ ਕੇ ਤੁਹਾਨੂੰ ਜੁਆਬ ਦੇ ਦਏਗਾ।
ਨਵੀਂ ਤੋਂ ਨਵੀਂ ਤਕਨਾਲੋਜੀ ਦੀਆਂ ਕਾਢਾਂ ਨੇ ਸੁਨੇਹੇ ਪਹੁੰਚਦੇ ਕਰਨ ਦਾ ਅੱਜ ਤੌਰ ਤਰੀਕਾ ਹੀ ਬਦਲ ਕੇ ਰੱਖ ਦਿੱਤਾ ਹੈ। ਸ਼ਾਂਤ ਅਤੇ ਸਹਿਜ ਦਾ ਮਾਹੌਲ ਕਾਹਲ ‘ਚ ਬਦਲ ਗਿਆ ਹੈ। ਹਰ ਗੱਲ ਤੱਤ ਭੜੱਤ ਹੋਣ ਲੱਗੀ ਹੈ। ਨਾ ਤੁਰ ਕੇ ਦੇਣ ਆਏ ਸਨੇਹੀ ਦੇ ਰੁੱਕੇ ਦੀ ਆਸ, ਨਾ ਡਾਕੀਏ ਦੀ ਚਿੱਠੀ ਦੀ ਆਸ ਤੇ ਨਾ ਫੋਨ ਦੀ ਘੰਟੀ ਵੱਜਣ ਦੀ ਝਾਕ; ਇਹ ਸਭ ਕੁਝ ਹੁਣ ਟੈਕਸਟ ਸੁਨੇਹਿਆਂ ਅਤੇ ਈ-ਮੇਲਾਂ ‘ਤੇ ਪ੍ਰਚਲਿਤ ਹੋਈ ਜਾ ਰਿਹਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਪਰ ਜ਼ਿਕਰ ਕੀਤੇ ਸੁਨੇਹਾ ਭੇਜਣ ਦੇ ਪੁਰਾਤਨ ਸਾਧਨ ਉੱਕਾ ਹੀ ਖਤਮ ਹੋ ਗਏ ਹਨ।
ਖੈਰ! ਆਪਾਂ ਗੱਲ ਰਾਜੀ ਖੁਸ਼ੀ ਦੀ ਚਿੱਠੀ ਤੋਂ ਸੁ.ਰੂ ਕੀਤੀ ਸੀ, ਮੁੜ ਉਧਰ ਹੀ ਆਉਦੇ ਹਾਂ। ਪਿਛਲੇ ਸਮਿਆਂ ‘ਚ, ਖਾਸ ਕਰ ਪਿੰਡਾਂ ਵਿਚ ਹਰ ਕੋਈ ਪੜ੍ਹਿਆ ਲਿਖਿਆ ਨਹੀਂ ਸੀ ਹੁੰਦਾ ਤੇ ਇੰਜ ਹਰ ਕੋਈ ਚਿੱਠੀ ਆਪ ਲਿਖਣ ਤੇ ਪੜ੍ਹਨ ਦੇ ਸਮਰੱਥ ਨਹੀਂ ਸੀ ਹੁੰਦਾ। ਚਿੱਠੀ ਲਿਖਾਉਣ ਲਈ ਕਿਸੇ ਪੜ੍ਹੇ-ਲਿਖੇ ਆਂਢੀ ਗੁਆਂਢੀ ਦਾ ਓਟ ਆਸਰਾ ਲੈਣਾ ਪੈਂਦਾ ਸੀ, ਜੋ ਤੁਹਾਡੇ ਮਨ ਦੀਆਂ ਭਾਵਨਾਵਾਂ ਅਤੇ ਸੁਨੇਹਿਆਂ ਨੂੰ ਚਿੱਠੀ ‘ਚ ਘਰੋੜ ਘਰੋੜ ਕੇ ਲਿਖ ਸਕੇ; ਇੰਜ ਹੀ ਆਈ ਚਿੱਠੀ ਪੜ੍ਹਾਉਣ ਲਈ ਵੀ ਉਨ੍ਹਾਂ ਕੋਲ ਹੀ ਜਾਣਾ ਪੈਂਦਾ ਸੀ।
ਪਿਛਲੀ ਸਦੀ ਦੇ ਪੰਜਾਹਵਿਆਂ ‘ਚ ਦੂਜਾ ਵਿਸ਼ਵ ਯੁੱਧ ਖਤਮ ਹੋਣ ਪਿਛੋਂ ਇੰਗਲੈਂਡ ਵਿਚ ਕਾਰਖਾਨੇ ਧੜਾ ਧੜ ਚੱਲਣ ਲੱਗੇ। ਕਾਮਿਆਂ ਦੀ ਥੁੜ੍ਹ ਪੂਰੀ ਕਰਨ ਲਈ ਪੰਜਾਬ ਤੋਂ, ਖਾਸ ਕਰਕੇ ਦੁਆਬੇ ਦੇ ਪਿੰਡਾਂ ਵਿਚੋਂ ਨੌਜੁਆਨ ਗੱਭਰੂ ਇੰਗਲੈਂਡ ਨੂੰ ਵਹੀਰਾਂ ਘੱਤ ਤੁਰ ਪਏ। ਸੁਨੇਹੇ ਉਦੋਂ ਚਿੱਠੀਆਂ ਰਾਹੀਂ ਹੀ ਪਹੁੰਚਦੇ ਸਨ, ਡਾਕ ਪ੍ਰਬੰਧ ਬਹੁਤ ਵਧੀਆ ਸੀ; ਇੰਗਲੈਂਡ ਤੋਂ ਪੰਜਾਂ ਦਿਨਾਂ ਵਿਚ ਚਿੱਠੀ ਪਿੰਡ ਦੇ ਸਿਰਨਾਂਵੇਂ ‘ਤੇ ਪਹੁੰਚ ਜਾਂਦੀ ਸੀ। ਇੱਥੋਂ ਤੱਕ ਕਿ ਚਿੱਠੀ ਭਾਰਤ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਤੀਜੇ ਦਿਨ ਪਹੁੰਚਦੀ ਹੋ ਜਾਂਦੀ ਸੀ।
ਇੰਗਲੈਂਡ ਪਹੁੰਚੇ ਪੰਜਾਬੀ ਸੂਰਮੇ ਧੜਾ ਧੜ ਫੌਂਡਰੀਆਂ ‘ਚ ਕੰਮ ਕਰਕੇ ਪਿੱਛੇ ਆਪਣੇ ਸਾਂਝੇ ਪਰਿਵਾਰਾਂ ਨੂੰ ਮਨੀ ਆਰਡਰ ਭੇਜਣ ਲੱਗੇ; ਨਾਲ ਹੀ ਇੰਗਲੈਂਡ ਤੋਂ ਵਲੈਤ ਦੀ ਰਾਣੀ ਦੀ ਫੋਟੋ ਵਾਲੀਆਂ ਨੀਲੀਆਂ ਚਿੱਠੀਆਂ ਨੇ ਡਾਕੀਆਂ ਦੇ ਝੋਲੇ ਨੱਕੋ ਨੱਕ ਭਰਨ ਲਾ ਦਿੱਤੇ। ਇੰਗਲੈਂਡ ਦੀਆਂ ਫੌਂਡਰੀਆਂ ‘ਚ ਕੱਲਮ ‘ਕੱਲੇ ਲੋਹਾ ਢਾਲਦੇ ਤੇ ਸਖਤ ਮੁਸ਼ੱਕਤ ਕਰਦੇ ਆਪਣੇ ਲਾਡਲਿਆਂ ਨੂੰ ਪਿੱਛੇ ਬੈਠੇ ਘਰ ਦੇ, ਹੋਰ ਤਾਂ ਕੁਝ ਨਹੀਂ ਸੀ ਕਰ ਸਕਦੇ ਪਰ ਰਾਜੀ ਖੁਸ਼ੀ ਦੀਆਂ ਚਿੱਠੀਆਂ ਲਿਖ ਲਿਖਾ ਕੇ ਪਾਉਣ ਤੋਂ ਬਿਨਾ ਉਨ੍ਹਾਂ ਲਈ ਹੋਰ ਕੋਈ ਵੱਧ ਉਤਸ਼ਾਹਤ ਗੱਲ ਵੀ ਨਹੀਂ ਸੀ ਹੁੰਦੀ। ਚਿੱਠੀਆਂ ‘ਚ ਗੱਲਾਂ ਆਮ ਲਿਖੀਆਂ ਹੁੰਦੀਆਂ ਸਨ ਕਿ ਕਾਕਾ ਸਾਡਾ ਫਿਕਰ ਨਾ ਕਰੀਂ, ਸਭ ਠੀਕ ਠਾਕ ਹੈ, ਆਪਣਾ ਖਿਆਲ ਰੱਖੀਂ, ਕੰਮ ਧਿਆਨ ਨਾਲ ਕਰੀਂ; ਪਰ ਨਾਲ ਹੀ ਅਗਲੀ ਸਤਰ ‘ਚ ਇਹ ਲਿਖ ਦੇਣਾ ਕਿ ਆਪਣੀ ਬੂਰੀ ਝੋਟੀ ਤੋਕੜ ਹੋ ਗਈ ਹੈ, ਹੁਣ ਲਵੇਰਾ ਕੋਈ ਹੈ ਨਹੀਂ, ਗੁਆਂਢੀਆਂ ਦੀ ਸੀਬੋ ਕੇ ਘਰੋਂ ਲੱਸੀ ਲਿਆ ਕੇ ਪਤਲੀ ਕਰ ਸਵੇਰ ਦੇ ਸ਼ਾਹਵੇਲੇ ਦਾ ਸਾਰ ਲਈਦਾ ਹੈ। ਹੋਰ ਤੂੰ ਸਾਡਾ ਫਿਕਰ ਨਾ ਕਰੀਂ, ਕੰਮ ਕਰਦਾ ਸੱਟ ਫੇਟ ਤੋਂ ਬਚੀਂ, ਸੁਣਿਆ ਕੰਮ ਸਖਤ ਹਨ, ਇੰਗਲੈਂਡ ਵਿਚ। ਤੇਰਾ ਭੇਜਿਆ ਪੰਜ ਸੌ ਰੁਪਏ ਦਾ ਮਨੀ ਆਰਡਰ ਮਿਲ ਗਿਆ ਸੀ, ਪੈਸੇ ਥਾਂਉਂ ਥਾਂਈਂ ਲੱਗ ਗਏ ਹਨ। ਕੱਪੜੇ ਵਾਲੇ ਦਮੋਦਰ ਦਾ ਉਧਾਰ ਵੀ ਮੋੜ ਦਿੱਤਾ ਹੈ, ਚੂਨੀ ਦੀ ਹੱਟੀ ਤੋਂ ਉਧਾਰ ਆਏ ਪਿਛਲੇ ਮਹੀਨਿਆਂ ਦੇ ਸੌਦੇ ਦੇ ਪੈਸੇ ਵੀ ਸਾਰੇ ਦੇ ਦਿੱਤੇ ਹਨ, ਹੁਣ ਉਸ ਦਾ ਕੋਈ ਪੈਸਾ ਆਪਣੇ ਵਲ ਨਹੀਂ ਰਹਿੰਦਾ। ਅੱਗੋਂ ਤੋਂ ਜਿਹੜੀ ਘਰ ਵਰਤੋਂ ਲਈ ਚਾਹ ਪੱਤੀ, ਲੂਣ, ਖੰਡ, ਸਾਬਣ ਸੋਢਾ ਆਦਿ ਹੋਰ ਲੋੜ ਮੁਤਾਬਕ ਲਿਆਵਾਂਗੇ; ਚੂਨੀ ਕਹਿਦਾ ਸੀ ਪਈ ਤੁਸੀਂ ਫਿਕਰ ਨਾ ਕਰਿਓ ਮੈਂ ਪੈਸਾ ਪੈਸਾ ਲਿਖੀ ਜਾਉਂ, ਭਾਵੇਂ ਛੇ ਮਹੀਨਿਆਂ ਨੂੰ ਇਕੱਠੇ ਹੀ ਦੇ ਦਿਓ। ਕਾਕਾ ਇਹ ਵੀ ਬੜੀ ਮੌਜ ਐ ਉਹ ਉਧਾਰ ਦੇਣ ਲੱਗਾ ਹੁੱਤ ਨਹੀਂ ਕਰਦਾ। ਤੂੰ ਸਾਡਾ ਫਿਕਰ ਨਾ ਕਰੀਂ, ਅਸੀਂ ਔਖੇ ਸੌਖੇ ਸਾਰੀ ਜਾਵਾਂਗੇ। ਹਾਂ ਇੱਕ ਗੱਲ ਹੋਰ ਦੱਸ ਦਿਆਂ ਕਿ ਆਪਣਾਂ ਬੱਗਾ ਬੌਲਦ ਲੰਗਾ ਕੇ ਤੁਰਦਾ, ਲਗਦਾ ਉਸ ਦਾ ਚੂਲਾ ਉਤਰ ਗਿਆ। ਬਾਜੀਗਰ ਈਸ਼ਰ ਰੋਜ਼ ਆਉਦਾ, ਤੱਤੇ ਪਾਣੀ ‘ਚ ਲੂਣ ਫਟਕੜੀ ਤੇ ਤੇਲ ਪਾ ਕੇ ਟਕੋਰ ਕਰ ਜਾਂਦਾ। ਰੱਬ ਖੈਰ ਕਰੇ ਰਾਮ ਆ ਜਾਏ, ਨਹੀਂ ਤਾਂ ਕਿਤੇ ਨਵਾਂ ਬੌਲਦ ਨਾ ਲੈਣਾ ਪੈ ਜਾਏ। ਇਹ ਵੀ ਹੋਰ ਖਰਚਾ ਆ ਜਾਣਾ; ਮੁਹਰੇ ਕਣਕ ਬੀਜਣ ਵਾਲੀ ਐ, ਬੌਲਦ ਬਿਨਾ ਤਾਂ ਸਰਨਾ ਹੀ ਨਹੀਂ! ਹਾਂ ਹੋਰ ਸਭ ਠੀਕ ਹੈ, ਸਾਡਾ ਫਿਕਰ ਨਾ ਕਰੀਂ, ਅਸੀਂ ਔਖੇ ਸੌਖੇ ਸਾਰੀ ਜਾਵਾਂਗੇ।
ਲੈ ਇਹ ਤਾਂ ਚੇਤਾ ਹੀ ਭੁੱਲ ਗਿਆ ਸੀ, ਐਤਕੀਂ ਬਰਸਾਤਾਂ ‘ਚ ਮੀਂਹ ਬੜੇ ਪਏ, ਦਲਾਨ ਦੇ ਮਗਰਲੀ ਕੋਠੜੀ ਦੀ ਛੱਤ ਚੋ ਗਈ, ਗੁੜ ਤੇ ਸ਼ੱਕਰ ਵਾਲੀਆਂ ਮੱਟੀਆਂ ‘ਚ ਚੋਏ ਦਾ ਪਾਣੀ ਪੈ ਕੇ ਗੁੜ ਸ਼ੱਕਰ ਖਰਾਬ ਹੋ ਗਿਆ। ਕਣਕ ਵਾਲੀ ਭੜੋਲੀ ‘ਤੇ ਚੋਆ ਪੈ ਕੇ ਕਣਕ ਭੀ ਗਿੱਲੀ ਹੋ ਗਈ, ਜੋ ਬੀ ਲਈ ਰੱਖੀ ਸੀ। ਹੁਣ ਸ਼ਾਇਦ ਕਣਕ ਬੀਜਣ ਲਈ ਬੀ ਵੀ ਮੁੱਲ ਲੈਣਾ ਪਊ। ਕਾਕਾ ਅੱਗੇ ਤੈਨੂੰ ਤਾਂ ਨਹੀਂ ਦੱਸਿਆ ਕਿ ਤੂੰ ਫਿਕਰ ਕਰੇਂਗਾ। ਹੁਣ ਤੂੰ ਫਿਕਰ ਨਾ ਕਰੀ ਸਭ ਠੀਕ ਠਾਕ ਹੈ। ਦੱਸਣਾ ਭੁੱਲ ਗਏ ਹਾਂ ਸੱਚ, ਤੇਰੇ ਬਾਪੂ ਜੀ ਦੇ ਗੋਡੇ ‘ਤੇ ਸੱਟ ਲੱਗ ਗਈ, ਹੁਣ ਅੱਗੇ ਨਾਲੋ ਰਾਮ ਐ, ਥੋੜਾ ਲੰਗ ਮਾਰ ਕੇ ਤੁਰਦੇ ਆ। ਡਾਕਟਰ ਕਹਿੰਦਾ ਸੀ, ਹੌਲੀ ਹੌਲੀ ਰਾਮ ਆਊ।
ਪੁੱਤਰ ਔਖਿਆਈਆਂ ਸੌਖਿਆਈਆਂ ਆਉਂਦੀਆਂ ਹੀ ਹਨ, ਅਸੀਂ ਕੱਟ ਲਵਾਂਗੇ ਤੂੰ ਸਾਡਾ ਫਿਕਰ ਨਾ ਕਰੀਂ, ਅਸੀਂ ਠੀਕ ਠਾਕ ਹਾਂ। ਜਦੋਂ ਬੱਦਲ ਹੁੰਦਾ ਤਾਂ ਦਿਲ ਧੁੜਕੂੰ ਧੁੜਕੂੰ ਕਰਨ ਲਗਦੈ ਕਿ ਕਿਤੇ ਮੁਹਰੇ ਦਲਾਨ ਦੀ ਛੱਤ ਨਾ ਚੋਣ ਲੱਗ ਜਾਏ; ਆਪਣੇ ਤਾਂ ਸਾਰੇ ਸੰਦੂਕ ਪੇਟੀਆਂ ਪਏ ਈ ਉਥੇ ਨੇ, ਸਾਰਾ ਕੱਪੜਾ ਲੱਤਾ ਉਨ੍ਹਾਂ ‘ਚ ਈ ਹੈ। ਕੱਪੜੇ ਕਿਹੜਾ ਰੋਜ ਰੋਜ ਬਣਦੇ ਆ; ਕਿਤੇ ਦਲਾਨ ਕੱਚਾ ਢਾਹ ਕੇ ਪੱਕਾ ਪਾ ਲਈਏ ਤਾਂ ਰੋਜ ਰੋਜ ਦਾ ਫਿਕਰ ਮੁੱਕ ਜੂ, ਤੂੰ ਤਾਂ ਅੱਗੇ ਹੀ ਸਾਡਾ ਬਥੇਰਾ ਖਿਆਲ ਰੱਖਦਾਂ; ਪੈਸੇ ਜਿਹੜੇ ਭੇਜਦਾਂ ਸਭ ਡੁੱਡੀਂ ਬੜ ਜਾਂਦੇ ਆ, ਪਤਾ ਹੀ ਨਹੀਂ ਲੱਗਦਾ ਕਿੱਧਰ ਗਏ? ਤੂੰ ਸਾਡਾ ਫਿਕਰ ਨਾ ਕਰੀਂ, ਅਸੀਂ ਰਾਜੀ ਖੁਸ਼ੀ ਹਾਂ; ਕੰਮ ਤਕੜਾ ਹੋ ਕੇ ਕਰੀਂ।
ਧੰਤੀ ਆਈ ਸੀ, ਦੱਸਦੀ ਸੀ ਉਨ੍ਹਾਂ ਦੇ ਗੇਜੇ ਦਾ ਬੜਾ ਓਵਰ ਟੈਮ ਲਗਦਾ ਲੋਹੇ ਦੀ ਫੌਂਡਰੀ ‘ਚ, ਉਨ੍ਹਾਂ ਨੇ ਤਾਂ ਸਾਰੇ ਕੱਚੇ ਢਾਹ ਕੇ ਪੱਕੇ ਪਾ ਲਏ, ਤੈਥੋਂ ਸਾਲ ਪਹਿਲਾਂ ਹੀ ਗਿਆ ਸੀ ਬਲੈਤ ਨੂੰ; ਓਹਨੇ ਤਾਂ ਘਰ ਦੇ ਸਾਰੇ ਧੋਣ ਧੋ ਦਿੱਤੇ। ਕਹਿੰਦੀ, ਉਹ ਤਾਂ ਸੱਤੇ ਦਿਨ ਬਾਰਾਂ ਬਾਰਾਂ ਘੰਟੇ ਕੰਮ ਕਰਦਾ, ਤਦੇ ਏਨੇ ਪੈਸੇ ਭੇਜੇ ਆ। ਕਾਕਾ ਪੈਸੇ ਤਾਂ ਤੂੰ ਵੀ ਬਥੇਰੇ ਭੇਜਦਾਂ ਪਰ ਖਰਚੇ ਈ ਨਹੀਂ ਪੇਸ਼ ਜਾਣ ਦਿੰਦੇ।
ਹਾਂ ਕਾਕਾ, ਇੱਕ ਗੱਲ ਹੋਰ ਦੱਸਣੀਂ ਭੁੱਲ ਗਏ, ਰੁੜਕੇ ਵਾਲੇ ਤੇਰੇ ਫੁੱਫੜ ਜੀ ਪੂਰੇ ਹੋ ਗਏ, ਪਿਛਲੇ ਹਫਤੇ ਉਸ ਦੇ ਦਾਗਾਂ ‘ਤੇ ਗਏ ਸੀ, ਅਸੀਂ ਆਪਣਾ ਦੇਣ ਲੈਣ ਜੋ ਬਣਦਾ ਸੀ, ਕਰ ਦਿੱਤਾ, ਖਰਚਾ ਕਾਫੀ ਹੋ ਗਿਆ। ਸ਼ਰੀਕਾ ਵੀ ਨਹੀਂ ਟਿਕਣ ਦਿੰਦਾ, ਭਾਈਚਾਰੇ ‘ਚ ਮੂੰਹ ਰੱਖਣ ਲਈ ਸਭ ਕੁਝ ਕਰਨਾ ਪੈਦਾ ਹੈ। ਖੜੇ ਪੈਰ ਖਰਚਾ ਆ ਗਿਆ ਕਰਕੇ ਬਿੱਸੀ ਲਾਗਣ ਨੂੰ ਭੇਜ ਕੇ ਪਾਖਰ ਸ਼ਾਹ ਤੋਂ ਵਿਆਜੂ ਪੈਸੇ ਲੈ ਕੇ ਬੁੱਤਾ ਸਾਰਿਆ। ਸੌ ‘ਤੇ ਤਿੰਨ ਵਿਆਜ ਦੇ ਲਗਦੇ ਐ ਮਹੀਨੇ ਦੇ। ਕੀ ਕਰੀਏ ਤੇਰੇ ਫੱਫੜ ਨੇ ਕਿਹੜਾ ਰੋਜ ਰੋਜ ਮਰਨਾ; ਇਹ ਤਾਂ ਖਰਚਾ ਕਰਨਾ ਈ ਪੈਣਾ ਸੀ, ਨਹੀਂ ਤਾਂ ਅਸੀਂ ਨੱਕ ਦੇਣ ਜੋਗੇ ਨਹੀਂ ਸੀ ਰਹਿਣਾ ਸ਼ਰੀਕਾਂ ‘ਚ।
ਤੇਰੇ ਫੁੱਫੜ ਦੇ ‘ਕੱਠ ‘ਤੇ ਖਰਚਾ ਤੇਰੀ ਭੂਆ ਦਾ ਵੀ ਬਥੇਰਾ ਹੋ ਗਿਆ। ਸਾਰੇ ਪਿੰਡ ਨੂੰ ਲੱਡੂ ਜਲੇਬੀਆਂ ਪਾਏ। ਰੋਟੀ ਬਣਾਉਣ ਲਈ ਗੁਰਾਇਆਂ ਦਾ ਮਸ਼ੂਰ ਹਲਵਾਈ ਚਾਨਣ ਕੀਤਾ ਸੀ; ਬੜਾ ਮਹਿੰਗਾ ਹਲਵਾਈ ਐ, ਪੈਸੇ ਠੋਕ ਕੇ ਲੈ ਕੇ ਗਿਆ, ਨਿੱਜ ਹੋਣਾ ਕਹਿੰਦਾ, ਇਨ੍ਹਾਂ ਨੂੰ ਬਥੇਰੇ ਬਲੈਤੋਂ ਪੈਸੇ ਆਉਂਦੇ ਆ। ਪੁੱਤ ਤੂੰ ਹੋਰ ਫਿਕਰ ਨਾ ਕਰੀਂ, ਅਸੀਂ ਠੀਕ ਠਾਕ ਹਾਂ।
ਹੁਣ ਦੱਸੋ! ਮੁੰਡਾ ਬਲੈਤ ਬੈਠਾ ਫਿਕਰ ਕਿਉਂ ਨਾ ਕਰੂ? ਫੁੱਫੜ ਵੀ ਮਰ ਗਿਆ, ਉਹਦੇ ਮਰਨੇ ‘ਤੇ ਖਰਚਾ ਵੀ ਹੋ ਗਿਆ, ਉਧਾਰ ਪੈਸੇ ਲੈਣੇ ਪਏ, ਮੱਝ ਵੀ ਤੋਕੜ ਹੋ ਗਈ, ਬਲਦ ਦਾ ਚੂਲਾ ਉਤਰ ਗਿਆ, ਛੱਤਾਂ ਵੀ ਚੋਂਦੀਆਂ, ਬਾਪੂ ਵੀ ਲੰਗਾ ਕੇ ਤੁਰਨ ਲੱਗਾ; ਸਭ ਠੀਕ ਕੀ ਹੈ? ਰਾਜੀ ਖੁਸ਼ੀ ਕਾਹਦੇ ਹਨ? ਮੁੰਡਾ ਤਾਂ ਅਗਲੇ ਦੋ ਸਾਲ ਬਾਰਾਂ ਬਾਰਾਂ ਘੰਟੇ ਸੱਤੇ ਦਿਨ ਕੰਮ ਕਰੇ, ਉਸ ਨੇ ਤਾਂ ਵੀ ਨਹੀਂ ਟੁੱਟੇ ਲੜ ਪੂਰੇ ਕਰ ਸਕਣੇ।
ਅਜਿਹੀਆਂ ਹੁੰਦੀਆਂ ਸਨ ਪਿੰਡਾਂ ਦੇ ਪਰਿਵਾਰਾਂ ਦੀਆਂ, ਆਪਣੇ ਲਾਡਲੇ ਪੁੱਤਰਾਂ ਨੂੰ ਇੰਗਲੈਂਡ ਦੀਆਂ ਫੌਂਡਰੀਆਂ ‘ਚ ਤੱਤੇ ਲੋਹੇ ਮੁਹਰੇ ਲੋਹਾ ਹੋਏ, ਲੋਹਾ ਢਾਲਦਿਆਂ ਨੂੰ ਲਿਖੀਆਂ ਰਾਜੀ ਖੁਸ਼ੀ ਦੀਆਂ ਚਿੱਠੀਆਂ। ਇਨ੍ਹਾਂ ਚਿੱਠੀਆਂ ਦੀਆਂ ਡੂੰਘੀਆਂ ਰਮਜ਼ਾਂ ਹੁੰਦੀਆਂ ਸਨ। ਇਕ ਆਮ ਕਿਸੇ ਪਾੜ੍ਹੇ ਤੋਂ ਲਿਖਾਈ ਚਿੱਠੀ ਅੱਗੇ ਪਿੱਛੇ ਸਾਰੇ ਟੱਬਰ ਦੇ ਜੀਵਨ ਬਿਰਤਾਂਤ ‘ਤੇ ਸਹਿਜੇ ਹੀ ਬੜੀ ਬਾਰੀਕੀ ਨਾਲ ਝਲਕ ਪੁਆ ਦਿਆ ਕਰਦੀ ਸੀ।
ਜ਼ਮਾਨੇ ਬਦਲ ਗਏ, ਸਮੇਂ ਬਦਲ ਗਏ, ਹਾਲਾਤ ਬਦਲ ਗਏ, ਮੋਹ ਮੁਹੱਬਤਾਂ ਖੰਭ ਲਾ ਕੇ ਉਡ ਗਏ; ਚਿੱਠੀਆਂ ਲਿਖਣ ਲਿਖਾਉਣ ਦੀਆਂ ਝਾਕਾਂ ਮੁੱਕ ਗਈਆਂ: ਚਿੱਠੀਆਂ ਲਿਖਣ ਵਾਲੇ ਤੇ ਮੁਹਰੇ ਪੜ੍ਹਨ ਵਾਲੇ ਅਲੋਪ ਹੋ ਗਏ। ਕਿਤੇ ਜੇ ਕਿਸੇ ਹਾਲੇ ਭੀ ਉਹ ਸੱਠ ਸੱਤਰ ਸਾਲ ਪੁਰਾਣੀਆਂ ਹੱਥ ਲਿਖਤ ਚਿੱਠੀਆਂ ਸਾਂਭੀਆਂ ਹੋਣ ਤਾਂ ਉਹ ਆਉਣ ਵਾਲੇ ਸਮੇਂ ‘ਚ ਭਵਿੱਖ ਦੀਆਂ ਪੀੜ੍ਹੀਆਂ ਲਈ ਇਤਿਹਾਸਕ ਦੁਰਲੱਭ ਵਸਤੂ ਹੋਣਗੀਆਂ। ਉਨ੍ਹਾਂ ਇਤਿਹਾਸਕ ਚਿੱਠੀਆਂ ਨੂੰ ਪੜ੍ਹ ਕੇ ਸਾਡੀਆਂ ਪਿਛਲੀਆਂ ਪੀੜ੍ਹੀਆਂ ਦੇ ਰਹਿਣ ਸਹਿਣ ਦੇ ਜੀਵਨ ‘ਤੇ ਇੱਕ ਵਡਮੁੱਲੀ ਝਾਤ ਪੁਆ, ਸਾਨੂੰ ਸਾਡੇ ਪੇਂਡੂ ਪਿਛੋਕੜ ਦੇ ਦਰਸ਼ਨ ਕਰਵਾਉਣਗੀਆਂ। ਸਾਡਾ ਅਮੀਰ ਵਿਰਸਾ, ਸਾਦਾ ਰਹਿਣ ਸਹਿਣ ਅਤੇ ਸਹਿਜ ਅੰਦਾਜ਼ ‘ਚ ਕਹੀਆਂ ਗੱਲਾਂ, ਜਿਨ੍ਹਾਂ ਦੇ ਡੂੰਘੇ ਤੇ ਗੂੜ੍ਹੇ ਮਤਲਬ ਸਨ, ਦਾ ਪ੍ਰਤੀਕ ਬਣਦੀਆਂ; ਇਹ ਵਡਮੁੱਲੀਆਂ ‘ਰਾਜੀ ਖੁਸ਼ੀ ਦੀਆਂ ਚਿੱਠੀਆਂ’ ਯਾਦ ਕਰ ਤੇ ਪੜ੍ਹ ਕੇ ਸਾਨੂੰ ਅਦੁੱਤੀ ਸਕੂਨ ਦਿੰਦੀਆਂ ਹਨ ਅਤੇ ਸਾਡੇ ਪਿਛੋਕੜ ਦੇ ਅਹਿਮ ਵਿਰਸੇ ‘ਤੇ ਵੀ ਝਾਤ ਪਵਾਉਂਦੀਆਂ ਹਨ।