ਪਾਣੀ ਦੀ ਸੰਭਾਲ ਲਈ ਸੰਜੀਦਾ ਯਤਨਾਂ ਦੀ ਲੋੜ

ਡਾ. ਗੁਰਿੰਦਰ ਕੌਰ
ਫੋਨ: 91-99156-82196
ਹਰ ਵਰ੍ਹੇ 22 ਮਾਰਚ ਨੂੰ ਦੁਨੀਆਂ ਭਰ ਵਿਚ ਪਾਣੀ ਦੀ ਸਾਂਭ-ਸੰਭਾਲ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਪ੍ਰਿੰਟ ਤੇ ਸੋਸ਼ਲ ਮੀਡੀਏ, ਸੈਮੀਨਾਰਾਂ ਆਦਿ ਰਾਹੀਂ ਪਾਣੀ ਦੀ ਅਹਿਮੀਅਤ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਧਰਤੀ ‘ਤੇ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਹਵਾ ਤੋਂ ਬਾਅਦ ਪਾਣੀ ਦੂਜੀ ਮੁਢਲੀ ਲੋੜ ਹੈ। ਪਾਣੀ ਤੋਂ ਬਿਨਾ ਕਿਸੇ ਵੀ ਤਰ੍ਹਾਂ ਦੀ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।
ਸਾਡੇ ਵੱਡੇ-ਵਡੇਰੇ ਪਾਣੀ ਦੇ ਮਹੱਤਵ ਨੂੰ ਬਾਖੂਬੀ ਸਮਝਦੇ ਸਨ, ਇਸੇ ਲਈ ਉਹ ਸਾਰੇ ਕੁਦਰਤੀ ਸਰੋਤਾਂ ਨੂੰ ਪੂਜਦੇ ਅਤੇ ਸਤਿਕਾਰਦੇ ਸਨ। ਸਾਡੇ ਸਾਰੇ ਧਾਰਮਿਕ ਗ੍ਰੰਥਾਂ ਵਿਚ ਵੀ ਕੁਦਰਤੀ ਸਰੋਤਾਂ ਲਈ

ਸਤਿਕਾਰਤ ਸ਼ਬਦ ਵਰਤੇ ਗਏ ਜਿਵੇਂ ਪਵਨ ਦੇਵਤਾ, ਅਗਨੀ ਦੇਵਤਾ, ਜਲ ਦੇਵਤਾ ਆਦਿ। ਗੁਰੂ ਨਾਨਕ ਦੇਵ ਜੀ ਨੇ ਤਾਂ ਇਨ੍ਹਾਂ ਕੁਦਰਤੀ ਸਰੋਤਾਂ ਨੂੰ ਗੁਰੂ, ਪਿਤਾ ਅਤੇ ਮਾਤਾ ਸਮਾਨ ਦਰਜਾ ਦਿੱਤਾ, ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਉਨ੍ਹਾਂ ਨੂੰ ਇਨ੍ਹਾਂ ਦੇ ਮਹੱਤਵ ਦਾ ਪਤਾ ਸੀ, ਪਰ ਅਫਸੋਸ ਦੁਨੀਆਂ ਦੇ ਬਹੁਤੇ ਦੇਸ਼ ਆਰਥਕ ਵਿਕਾਸ ਦੀ ਅੰਨ੍ਹੀ ਦੌੜ ਵਿਚ ਪੈ ਕੇ ਇਨ੍ਹਾਂ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਕਰਨਾ ਹੀ ਭੁੱਲ ਗਏ ਹਨ।
1992 ਵਿਚ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿਚ ਸੰਯੁਕਤ ਰਾਸ਼ਟਰ ਦੀ ਵਾਤਾਵਰਣ ਅਤੇ ਵਿਕਾਸ ਸਬੰਧੀ ਹੋਈ ਕਾਨਫਰੰਸ ਵਿਚ ਜ਼ਮੀਨ ਹੇਠਲੇ ਪਾਣੀ ਦੇ ਡਿਗਦੇ ਪੱਧਰ, ਦਰਿਆਵਾਂ ਅਤੇ ਝੀਲਾਂ ਦੇ ਸਰੋਤਾਂ ਥੱਲੇ ਘਟਦੇ ਖੇਤਰਾਂ ਨੂੰ ਦੇਖਦਿਆਂ ਪਾਣੀ ਦੀ ਸਾਂਭ-ਸੰਭਾਲ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਹਰ ਸਾਲ 22 ਮਾਰਚ ਨੂੰ ਪਾਣੀ ਦਿਵਸ ਮਨਾਉਣ ਦਾ ਫੈਸਲਾ ਲੈ ਲਿਆ ਗਿਆ ਸੀ। ਉਸ ਪਿਛੋਂ ਹਰ ਸਾਲ ਸੰਯੁਕਤ ਰਾਸ਼ਟਰ ਇਸ ਦਿਨ ਲਈ ਪਾਣੀ ਦੇ ਕਿਸੇ ਇਕ ਵਿਸ਼ੇਸ਼ ਵਿਸ਼ੇ ਦੀ ਚੋਣ ਕਰਦਾ ਹੈ ਅਤੇ ਫਿਰ ਸਾਰਾ ਸਾਲ ਉਸ ਉਦੇਸ਼ ਨੂੰ ਪੂਰਾ ਕਰਨ ਲਈ ਦੁਨੀਆਂ ਭਰ ਵਿਚ ਸਿਰਤੋੜ ਯਤਨ ਕੀਤੇ ਜਾਂਦੇ ਹਨ।
1993 ਵਿਚ ਪਾਣੀ ਦਿਵਸ ਦਾ ਵਿਸ਼ਾ ‘ਸ਼ਹਿਰਾਂ ਲਈ ਪਾਣੀ’ ਸੀ ਅਤੇ ਉਸ ਪਿਛੋਂ ਹਰ ਸਾਲ ਇਹ ਵਿਸ਼ਾ ਬਦਲਦਾ ਰਿਹਾ ਹੈ। ਪਿਛਲੇ ਸਾਲ (2019) ਦਾ ਵਿਸ਼ਾ ‘ਲੀਵਿੰਗ ਨੋ ਵਨ ਬਿਹਾਈਂਡ’ ਸੀ, ਜਿਸ ਦਾ ਅਰਥ ਹੈ ਕਿ ਦੁਨੀਆਂ ਵਿਚ ਕੋਈ ਵੀ ਵਿਅਕਤੀ ਅਜਿਹਾ ਨਾ ਰਹੇ, ਜਿਸ ਨੂੰ ਪੀਣ ਲਈ ਸ਼ੁੱਧ ਪਾਣੀ ਨਾ ਮਿਲੇ, ਕਿਉਂਕਿ ਦੁਨੀਆਂ ਦੀ ਕੁੱਲ ਆਬਾਦੀ ਦਾ ਵੱਡਾ ਹਿੱਸਾ ਸ਼ੁੱਧ ਪਾਣੀ ਦੀ ਨਿਆਮਤ ਤੋਂ ਵਾਂਝਾ ਰਹਿੰਦਾ ਹੈ। ਇਸ ਸਾਲ ਦਾ ਵਿਸ਼ਾ ‘ਮੌਸਮੀ ਤਬਦੀਲੀ ਅਤੇ ਪਾਣੀ’ ਹੈ, ਜੋ ਬਹੁਤ ਅਹਿਮ ਵਿਸ਼ਾ ਹੈ, ਕਿਉਂਕਿ ਮੌਸਮ ਵਿਚ ਤੇਜ਼ੀ ਨਾਲ ਆਉਣ ਵਾਲੀਆਂ ਤਬਦੀਲੀਆਂ ਨਾਲ ਹਰ ਦੇਸ਼ ਦੇ ਮੌਸਮੀ ਚੱਕਰ ਉਤੇ ਬਹੁਤ ਪ੍ਰਭਾਵ ਪੈ ਰਿਹਾ ਹੈ, ਜਿਸ ਨਾਲ ਸਾਰਾ ਕੁਝ ਗੜਬੜਾ ਜਾਂਦਾ ਹੈ। 2019 ਵਿਚ ਜਨਵਰੀ ਤੋਂ ਦਸੰਬਰ ਤੱਕ ਸਾਡੇ ਦੇਸ਼ ਦੇ ਮੌਸਮ ਵਿਚ ਹਰ ਰੁੱਤ ਅਤੇ ਕਰੀਬ ਹਰ ਮਹੀਨੇ ਵਿਚ ਆਮ ਮੌਸਮ ਨਾਲੋਂ ਕਾਫੀ ਤਬਦੀਲੀ ਆਂਕੀ ਗਈ ਸੀ।
ਪਿਛਲੇ ਸਾਲ ਸਰਦੀ ਆਮ ਨਾਲੋਂ ਲੰਮੀ ਸੀ। ਬਸੰਤ ਦੀ ਰੁੱਤ ਸਿਰਫ ਕੁਝ ਦਿਨਾਂ ਦੀ ਸੀ, ਜਦਕਿ ਗਰਮੀ ਦੀ ਰੁੱਤ ਲੰਮੀ ਸੀ ਅਤੇ ਕਈ ਥਾਂਵਾਂ ‘ਤੇ ਤਾਪਮਾਨ ਦੇ ਰਿਕਾਰਡ ਟੁੱਟ ਗਏ ਸਨ। ਤਾਪਮਾਨ ਦੇ ਵਾਧੇ ਨਾਲ ਦੇਸ਼ ਵਿਚ ਕਈ ਥਾਂਈਂ ਸੋਕੇ ਦੇ ਹਾਲਤ ਪੈਦਾ ਹੋ ਗਏ। ਚੇਨੱਈ, ਦਿੱਲੀ, ਬੰਗਲੂਰੂ, ਸ਼ਿਮਲਾ ਆਦਿ ਸ਼ਹਿਰਾਂ ਵਿਚ ਪੀਣ ਵਾਲੇ ਪਾਣੀ ਦੀ ਘਾਟ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਸੀ। ਮੌਸਮੀ ਤਬਦੀਲੀ ਕਾਰਨ ਮੌਨਸੂਨ ਮਿਥੇ ਸਮੇਂ ਤੋਂ ਇਕ ਹਫਤਾ ਦੇਰ ਨਾਲ ਆਈ ਅਤੇ ਨਿਸ਼ਚਿਤ ਸਮੇਂ ਤੋਂ 39 ਦਿਨ ਵਧ ਭਾਰਤ ਵਿਚ ਮੀਂਹ ਵਰਾਉਂਦੀ ਰਹੀ, ਜੋ 1961 ਤੋਂ 2010 ਤੱਕ ਦੀ ਔਸਤ ਨਾਲੋਂ ਕਰੀਬ 10% ਵੱਧ ਸੀ। ਇਸ ਤੋਂ ਇਲਾਵਾ ਭਾਰਤ ਦੇ ਉਤਰ-ਪੂਰਬੀ ਰਾਜਾਂ ਵਿਚ ਦੇਸ਼ ਦੀ ਔਸਤ ਨਾਲੋਂ ਵੀ ਘੱਟ ਮੀਂਹ ਪਿਆ, ਜੋ ਕਦੇ ਸਭ ਤੋਂ ਵੱਧ ਮੀਂਹ ਖੇਤਰਾਂ ਵਜੋਂ ਜਾਣੇ ਜਾਂਦੇ ਸਨ। ਮੌਨਸੂਨ ਅਤੇ ਮੀਂਹ ਪੈਣ ਦੇ ਇਸ ਤਰ੍ਹਾਂ ਦੇ ਬਦਲੇ ਵਰਤਾਰੇ ਦਾ ਸਬੰਧ ਮੌਸਮ ਵਿਗਿਆਨੀਆਂ ਅਨੁਸਾਰ ਮੌਸਮੀ ਤਬਦੀਲੀਆਂ ਨਾਲ ਜੁੜਿਆ ਹੋਇਆ ਹੈ।
2014 ਵਿਚ ਆਈ. ਪੀ. ਸੀ. ਸੀ. ਦੀ ਇਕ ਰਿਪੋਰਟ, ਜੋ 70 ਦੇਸ਼ਾਂ ਦੇ 1724 ਮੌਸਮ ਵਿਗਿਆਨੀਆਂ ਨੇ ਤਿਆਰ ਕੀਤੀ ਸੀ, ਵਿਚ ਖੁਲਾਸਾ ਕੀਤਾ ਗਿਆ ਸੀ ਕਿ ਜੇ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿਚ ਛੇਤੀ ਤੋਂ ਛੇਤੀ ਕਟੌਤੀ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਦੱਖਣੀ ਅਮਰੀਕਾ, ਅਫਰੀਕਾ ਅਤੇ ਯੂਰਪ ਦੇ ਕੁਝ ਦੇਸ਼ਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਤਰੀ ਅਮਰੀਕਾ, ਅਫਰੀਕਾ, ਏਸੀਆ ਅਤੇ ਯੂਰਪ ਦੇ ਦੇਸ਼ਾਂ ਵਿਚ ਮਨੁੱਖ ਨੂੰ ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਭਾਰੀ ਮਾਰ ਝੱਲਣੀ ਪੈ ਸਕਦੀ ਹੈ। ਇਸ ਰਿਪੋਰਟ ਅਨੁਸਾਰ ਭਾਰਤ, ਚੀਨ ਅਤੇ ਦੱਖਣੀ ਏਸੀਆ ਦੇ ਦੇਸ਼ਾਂ ਉਤੇ ਤਾਪਮਾਨ ਦੇ ਵਾਧੇ ਦੀ ਸਭ ਤੋਂ ਵਧ ਮਾਰ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਦੇਸ਼ਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਅਤੇ ਖਾਧ-ਪਦਾਰਥਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਪੀਣ ਵਾਲੇ ਪਾਣੀ ਦੀ ਕਮੀ ਹੋਣ ਨਾਲ ਕੌਮਾਂਤਰੀ, ਕੌਮੀ ਅਤੇ ਖੇਤਰੀ ਪੱਧਰਾਂ ‘ਤੇ ਲੜਾਈਆਂ ਵੀ ਹੋ ਸਕਦੀਆਂ ਹਨ। ਮੌਸਮੀ ਤਬਦੀਲੀਆਂ ਅਤੇ ਮੌਜੂਦਾ ਆਰਥਕ ਵਿਕਾਸ ਦੇ ਮਾਡਲ ਨਾਲ ਦੁਨੀਆਂ ਦੇ ਵੱਖ ਵੱਖ ਦੇਸ਼ ਪਾਣੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
2014 ਵਿਚ ਬੋਸਟਨ (ਅਮਰੀਕਾ) ਦੀ ਇਕ ਚੈਰੀਟੇਬਲ ਇਨਵਾਰਿਨਮੈਂਟਲ ਆਰਗੇਨਾਈਜੇਸ਼ਨ ਦੀ ਇਕ ਰਿਪੋਰਟ ਵਿਚ ਦੁਨੀਆਂ ਦੇ 20 ਸ਼ਹਿਰਾਂ ਦੇ ਨਾਂ ਦਿੱਤੇ ਗਏ, ਜੋ ਆਉਣ ਵਾਲੇ ਸਮੇਂ ਵਿਚ ਪੀਣ ਵਾਲੇ ਪਾਣੀ ਦੀ ਕਿੱਲਤ ਦੀ ਮਾਰ ਸਹਿਣਗੇ, ਜਿਸ ਵਿਚ ਪਹਿਲਾ ਨਾਂ ਦੱਖਣੀ ਅਫਰੀਕਾ ਦੇ ਕੇਪ ਟਾਊਨ ਦਾ ਸੀ, ਜਿੱਥੇ ਪਾਣੀ ਦੀ ਘਾਟ ਕਾਰਨ ਅਪਰੈਲ 2018 ਵਿਚ ਜ਼ੀਰੋ ਡੇਅ ਆਉਂਦਾ ਆਉਂਦਾ ਬਚਿਆ। ਇਸ ਰਿਪੋਰਟ ਵਿਚਲੇ 20 ਸ਼ਹਿਰਾਂ ਵਿਚੋਂ 10 ਭਾਰਤ ਦੇ ਸਨ ਅਤੇ ਕੇਪ ਟਾਊਨ ਪਿਛੋਂ ਦੂਜਾ ਨੰਬਰ ਭਾਰਤ ਦੇ ਸ਼ਹਿਰ ਬੰਗਲੂਰੂ ਦਾ ਸੀ।
ਹਰ ਸਾਲ ਗਰਮੀਆਂ ਵਿਚ ਭਾਰਤ ਦੇ ਕਈ ਸ਼ਹਿਰਾਂ ਵਿਚ ਪਾਣੀ ਦੀ ਕਿੱਲਤ ਹੋ ਜਾਂਦੀ ਹੈ। ਸਾਲ 2019 ਵਿਚ ਚੇਨੱਈ ਸ਼ਹਿਰ ਨੇ ਪਾਣੀ ਦੀ ਘਾਟ ਦੀ ਭਾਰੀ ਮਾਰ ਸਹੀ ਸੀ। ਸਾਨੂੰ ਇਸ ਬਾਰੇ ਵਿਚਾਰ ਕਰਨੀ ਬਣਦੀ ਹੈ ਕਿ ਸਾਡੇ ਦੇਸ਼ ਨੂੰ ਪਾਣੀ ਦੀ ਘਾਟ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ? ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ-ਪਹਿਲਾ, ਕੀ ਸਾਡੇ ਦੇਸ਼ ਵਿਚ ਪਾਣੀ ਦੇ ਸਰੋਤਾਂ ਦੀ ਕਮੀ ਹੈ? ਦੂਜਾ, ਕੀ ਸਾਨੂੰ ਇਹ ਸਮਝਦਾਰੀ ਨਾਲ ਵਰਤਣਾ ਨਹੀਂ ਆਉਂਦਾ? ਸਾਡੇ ਦੇਸ਼ ਵਿਚ ਦੁਨੀਆਂ ਦੀ ਕੁੱਲ ਆਬਾਦੀ ਦਾ ਕਰੀਬ 18% ਹਿੱਸਾ ਵੱਸਦਾ ਹੈ ਅਤੇ ਸਾਡੇ ਕੋਲ ਪੀਣਯੋਗ ਕੁੱਲ ਪਾਣੀ ਦਾ ਸਿਰਫ 4% ਹਿੱਸਾ ਹੈ। ਭਾਰਤ ਵਿਚ ਹਰ ਰੋਜ਼ 49,481 ਬੱਚੇ ਜਨਮ ਲੈਂਦੇ ਹਨ ਅਤੇ 14,475 ਲੋਕ ਮਰਦੇ ਹਨ ਭਾਵ ਹਰ ਰੋਜ਼ ਕਰੀਬ 35,000 ਪਾਣੀ ਪੀਣ ਵਾਲੇ ਨਵੇਂ ਵਿਅਕਤੀ ਵਧ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਸਾਡੀ ਆਬਾਦੀ ਤੇਜ਼ੀ ਨਾਲ ਵਧਦੀ ਹੈ। ਇਸ ਦੇ ਨਾਲ ਵਧਦਾ ਸ਼ਹਿਰੀਕਰਨ, ਫਸਲੀ ਚੱਕਰ, ਜੰਗਲਾਂ ਦੀ ਅੰਧਾਧੁੰਦ ਕਟਾਈ, ਪਾਣੀ ਦੇ ਸਰੋਤਾਂ ਵਿਚ ਉਦਯੋਗਾਂ ਤੇ ਸੀਵਰੇਜ਼ ਦਾ ਪਾਣੀ ਸੁੱਟਣਾ, ਆਰਥਕ ਵਿਕਾਸ ਦੇ ਨਾਂ ‘ਤੇ ਦਰਿਆਵਾਂ ਦੇ ਵਹਾਅ ਖੇਤਰਾਂ ‘ਤੇ ਉਸਾਰੀਆਂ ਅਤੇ ਦਰਿਆਵਾਂ ਤੇ ਡੈਮਾਂ ਦੇ ਰੂਪ ਵਿਚ ਵੱਡੇ-ਵੱਡੇ ਬੰਨ ਬਣਾ ਕੇ ਉਨ੍ਹਾਂ ਨੂੰ ਪਾਣੀ-ਵਿਹੂਣੇ ਕਰਨਾ ਆਦਿ ਕਾਰਨ ਹਨ।
ਭਾਰਤ ਦੀ ਸ਼ਹਿਰੀ ਆਬਾਦੀ ਪਿਛਲੀ ਇਕ ਸਦੀ ਵਿਚ 2.5 ਕਰੋੜ (1901) ਤੋਂ ਵਧ ਕੇ 37 ਕਰੋੜ (2011) ਹੋ ਗਈ। ਸ਼ਹਿਰੀ ਆਬਾਦੀ ਪੇਂਡੂ ਆਬਾਦੀ ਨਾਲੋਂ ਘਰੇਲੂ ਲੋੜਾਂ ਅਤੇ ਉਦਯੋਗਾਂ ਲਈ ਵੱਧ ਪਾਣੀ ਦੀ ਵਰਤੋਂ ਕਰਦੀ ਹੈ। ਪੰਜਾਬ ਅਤੇ ਹਰਿਆਣਾ ਦਾ ਕਣਕ ਤੇ ਝੋਨੇ ਅਤੇ ਮਹਾਰਾਸ਼ਟਰ ਤੇ ਕੁਝ ਹੋਰ ਰਾਜਾਂ ਵਿਚ ਗੰਨੇ ਦੀ ਫਸਲ ਵੀ ਕਾਫੀ ਹੱਦ ਤੱਕ ਤਾਂ ਜ਼ਮੀਨ ਹੇਠਲੇ ਪਾਣੀ ਦੇ ਘਟਦੇ ਪੱਧਰ ਲਈ ਜਿੰਮੇਵਾਰ ਹਨ। ਗਰੀਨ ਐਂਡ ਗਰੇਅ ਇਨਫਰਾਸਟ੍ਰਕਚਰ ਏਜੰਸੀ ਦੀ ਇਕ ਰਿਪੋਰਟ ਅਨੁਸਾਰ ਭਾਰਤ ਵਿਚ ਧਰਤੀ ਹੇਠਲਾ ਪਾਣੀ ਕੱਢਣ ਦੀ ਮਾਤਰਾ 23 ਫੀਸਦ ਹੈ, ਜੋ ਦੁਨੀਆਂ ਦੀ ਔਸਤ (22 ਫੀਸਦ) ਤੋਂ ਵੱਧ ਹੈ।
ਜੰਗਲ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਅਤੇ ਮੀਂਹ ਦੇ ਪਾਣੀ ਨੂੰ ਆਪਣੀਆਂ ਜੜ੍ਹਾਂ ਵਿਚ ਸੋਖਣ ਦੇ ਨਾਲ ਨਾਲ ਦਰਿਆਵਾਂ, ਝੀਲਾਂ, ਝਰਨਿਆਂ ਅਤੇ ਚਸ਼ਮਿਆਂ ਵਿਚਲੇ ਪਾਣੀ ਦੇ ਵਹਾਅ ਨੂੰ ਨਿਰੰਤਰ ਬਣਾਈ ਰੱਖਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੇ ਨਾਲ ਆਰਥਕ ਵਿਕਾਸ ਦੇ ਨਾਂ ‘ਤੇ ਸੰਘਣੇ ਜੰਗਲਾਂ ਦਾ ਤੇਜ਼ੀ ਨਾਲ ਸਫਾਇਆ ਹੋ ਰਿਹਾ ਹੈ, ਜੋ ਬਹੁਤ ਚਿੰਤਾ ਦੀ ਗੱਲ ਹੈ। ਇਸ ਨਾਲ ਜ਼ਮੀਨ ਹੇਠਲਾ ਪਾਣੀ ਵੀ ਲਗਾਤਾਰ ਘਟਦਾ ਜਾ ਰਿਹਾ ਹੈ। ਪਹਾੜੀ ਇਲਾਕਿਆਂ ਵਿਚ ਝਰਨੇ ਅਤੇ ਚਸ਼ਮੇ ਖਤਮ ਹੁੰਦੇ ਜਾ ਰਹੇ ਹਨ। ਹਰ ਦੇਸ਼ ਅਤੇ ਹਰ ਖੇਤਰ ਵਿਚ ਘੱਟੋ-ਘੱਟ 33% ਰਕਬੇ ਵਿਚ ਜੰਗਲ ਹੋਣੇ ਚਾਹੀਦੇ ਹਨ। ਸਾਡੇ ਦੇਸ਼ ਵਿਚ 2017 ਵਿਚ ਇਹ ਖੇਤਰ 21.67% ਸੀ, ਜੋ 2019 ਵਿਚ ਵਧ ਕੇ 24.56% ਹੋ ਗਿਆ, ਪਰ ਇਹ ਵਾਧਾ ਭੁਲੇਖਾ-ਪਾਊ ਹੈ, ਕਿਉਂਕਿ ਇਸ ਵਿਚੋਂ 82% ਰਕਬਾ ਫਸਲਾਂ ਥੱਲੇ ਅਤੇ 4.4% ਨਾਰੀਅਲ, ਚਾਹ, ਕੌਫੀ ਆਦਿ ਵਪਾਰਕ ਫਸਲਾਂ ਥੱਲੇ ਵਧਿਆ ਸੀ। ਜੰਗਲ ਵੱਢਣ ਨਾਲ ਹਵਾ ਵਿਚ ਕਾਰਬਨ ਡਾਈਆਕਸਾਈਡ ਦਾ ਪੱਧਰ ਵੀ ਤੇਜ਼ੀ ਨਾਲ ਵਧਦਾ ਹੈ, ਜਿਸ ਨਾਲ ਮੌਸਮੀ ਤਬਦੀਲੀਆਂ ਆਉਣ ਨਾਲ ਕੁਦਰਤੀ ਆਫਤਾਂ ਦੀ ਆਮਦ ਦੀ ਗਿਣਤੀ ਅਤੇ ਉਨ੍ਹਾਂ ਦੀ ਮਾਰ ਦੀ ਗਹਿਰਾਈ ਵਿਚ ਵਾਧਾ ਹੁੰਦਾ ਹੈ। ਅੱਤ ਦੀ ਗਰਮੀ ਦੇ ਦਿਨਾਂ ਵਿਚ ਵਾਧਾ ਹੋਣ ਨਾਲ ਪਹਾੜਾਂ ਤੋਂ ਬਰਫ ਤੇਜ਼ੀ ਨਾਲ ਪਿਘਲਦੀ ਹੈ, ਜੋ ਹੜ੍ਹਾਂ ਦਾ ਕਾਰਨ ਬਣਦੀ ਹੈ ਅਤੇ ਦੂਜੇ ਪਾਸੇ ਸੋਕੇ ਦੇ ਹਾਲਾਤ ਪੈਦਾ ਕਰਦੀ ਹੈ, ਜਿਸ ਨਾਲ ਕੁਝ ਇਲਾਕਿਆਂ ਵਿਚ ਪਾਣੀ ਦੀ ਕਿੱਲਤ ਪੈਂਦਾ ਹੋ ਜਾਂਦੀ ਹੈ।
2020 ਦਾ ਮੌਸਮੀ ਤਬਦੀਲੀਆਂ ਅਤੇ ਪਾਣੀ ਦੇ ਵਿਸ਼ੇ ਦੀ ਚੋਣ ਸਮੇਂ ਨਾਲ ਢੁਕਦਾ ਹੈ। ਇਸ ਲਈ ਸਾਨੂੰ ਇਸ ਸਬੰਧੀ ਉਪਰਾਲੇ ਕਰਨੇ ਚਾਹੀਦੇ ਹਨ। ਸਾਨੂੰ ਆਪਣੇ ਘਰਾਂ ਵਿਚ ਬੁਰਸ਼ ਕਰਨ ਅਤੇ ਨਹਾਉਣ ਵੇਲੇ ਫਾਲਤੂ ਪਾਣੀ ਨਹੀਂ ਵਹਾਉਣਾ ਚਾਹੀਦਾ। ਘਰਾਂ ਵਿਚ ਫਰਸ਼ਾਂ, ਕਾਰਾਂ ਆਦਿ ਨੂੰ ਧੋਣ ਦੀ ਥਾਂ ਬਾਲਟੀ ਵਿਚ ਪਾਣੀ ਲੈ ਕੇ ਸਾਫ ਕਰਨਾ ਚਾਹੀਦਾ ਹੈ। ਹਰ ਘਰ ਵਿਚ ਮੀਂਹ ਦਾ ਪਾਣੀ ਜਮ੍ਹਾਂ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸਥਾਨਕ ਪ੍ਰਸ਼ਾਸਨ ਨੂੰ ਵੱਡੇ ਪੱਧਰ ‘ਤੇ ਮੀਂਹ ਦਾ ਪਾਣੀ ਜਮ੍ਹਾਂ ਕਰਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੀਚਾਰਜ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਥਾਨਕ ਅਤੇ ਕੌਮਾਂਤਰੀ ਪੱਧਰ ‘ਤੇ ਗੰਦੇ ਪਾਣੀ ਨੂੰ ਸਾਫ ਕਰਨ ਦੇ ਪਲਾਂਟ ਲਾ ਕੇ ਉਸ ਪਾਣੀ ਨੂੰ ਖੇਤੀ, ਫੁੱਲ-ਬੂਟਿਆਂ ਨੂੰ ਸਿੰਜਣ, ਜਨਤਕ ਪਾਰਕਾਂ, ਉਸਾਰੀ ਆਦਿ ਦੇ ਕੰਮਾਂ ਵਿਚ ਵਰਤਿਆ ਜਾਣਾ ਚਾਹੀਦਾ ਹੈ। ਸਰਕਾਰ ਨੂੰ ਜੰਗਲਾਂ ਦੇ ਰਕਬੇ ਵਿਚ ਅਸਲ ਵਾਧਾ ਕਰਨਾ ਚਾਹੀਦਾ ਹੈ ਅਤੇ ਸੰਘਣੇ ਜੰਗਲਾਂ ਨੂੰ ਵੱਢਣ ਉਤੇ ਸੰਜੀਦਗੀ ਨਾਲ ਰੋਕ ਲਾਉਣੀ ਚਾਹੀਦੀ ਹੈ। ਦਰਿਆਵਾਂ ਵਿਚ ਘੱਟੋ-ਘੱਟ ਪਾਣੀ ਦੀ ਮਾਤਰਾ ਯਕੀਨੀ ਬਣਾਉਣ ਦੇ ਨਾਲ ਨਾਲ ਝੀਲਾਂ-ਟੋਭਿਆਂ ਅਤੇ ਦਰਿਆਵਾਂ ਵਿਚ ਨਾ ਤਾਂ ਗੰਦਗੀ ਸੁੱਟਣੀ ਚਾਹੀਦੀ ਹੈ ਤੇ ਨਾ ਹੀ ਉਨ੍ਹਾਂ ਦੇ ਖੇਤਰਾਂ ਉਤੇ ਕਬਜ਼ੇ ਕਰਕੇ ਉਸਾਰੀਆਂ ਕਰਨੀਆਂ ਚਾਹੀਦੀਆਂ ਹਨ। ਫਸਲੀ ਚੱਕਰ ਵੀ ਸਥਾਨਕ ਵਾਤਾਵਰਣ ਦੇ ਅਨਕੂਲ ਹੋਣਾ ਚਾਹੀਦਾ ਹੈ। ਕੌਮਾਂਤਰੀ ਪੱਧਰ ਉਤੇ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਘਟਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਮੌਸਮੀ ਤਬਦੀਲੀਆਂ ਨਾਲ ਹੋਣ ਵਾਲੀਆਂ ਕੁਦਰਤੀ ਆਫਤਾਂ ਦੀ ਮਾਰ ਤੋਂ ਬਚਿਆ ਜਾ ਸਕੇ ਅਤੇ ਸੋਕੇ ਆਦਿ ਕਾਰਨਾਂ ਕਰਕੇ ਪਾਣੀ ਦੀ ਕਿੱਲਤ ਜਿਹੀਆਂ ਸਮੱਸਿਆਵਾਂ ਤੋਂ ਨਿਜਾਤ ਪਾਈ ਜਾ ਸਕੇ।

ਪ੍ਰੋਫੈਸਰ, ਜਿਓਗਰਾਫੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।