ਛਿਆਸੀ ਸਾਲਾਂ ਦਾ ਹੋ ਗਿਐ ਗੁਲਜ਼ਾਰ ਸੰਧੂ

ਪ੍ਰਿੰ. ਸਰਵਣ ਸਿੰਘ
22 ਮਾਰਚ 2020 ਨੂੰ ਗੁਲਜ਼ਾਰ ਸਿੰਘ ਸੰਧੂ 86 ਵਰ੍ਹਿਆਂ ਦਾ ਹੋ ਗਿਐ। 11 ਮਾਰਚ 20 ਨੂੰ ਉਸ ਦੇ ਵਿਆਹ ਦੀ 54ਵੀਂ ਵਰ੍ਹੇਗੰਢ ਸੀ। ਮਾਰਚ ਮਹੀਨੇ ਦੇ ਇਹ ਦਿਨ ਸੰਧੂ ਜੋੜੇ ਲਈ ਯਾਦਗਾਰੀ ਹਨ। ਉਹਨੇ ਆਪਣੀ ਸਵੈਜੀਵਨੀ ‘ਬਿਨ ਮਾਂਗੇ ਮੋਤੀ ਮਿਲੇ’ ਵਿਚ ਲਿਖਿਆ, “ਮੇਰਾ ਜਨਮ ਮੇਰੇ ਨਾਨਕੇ ਪਿੰਡ ਕੋਟਲਾ ਬਡਲਾ ਦਾ ਹੈ, 22 ਮਾਰਚ 1934 ਦਾ। ਨਾਨਕਿਆਂ ਨੇ ਮੇਰਾ ਨਾਂ ਬਲਬੀਰ ਸਿੰਘ ਰੱਖਿਆ, ਪਰ ਮੇਰੀ ਦਾਦੀ ਨੇ ਗੁਰੂ ਗ੍ਰੰਥ ਸਾਹਿਬ ਦਾ ਵਾਕ ਲੈਣ ਸਮੇਂ ਨਿਕਲੇ ਪਹਿਲੇ ਅੱਖਰ ‘ਗ’ ਦੇ ਆਧਾਰ ‘ਤੇ ਮੇਰਾ ਨਾਂ ਗੁਲਜ਼ਾਰਾ ਸਿੰਘ ਰੱਖ ਦਿੱਤਾ, ਜੋ ਮੇਰੇ ਐਮ. ਏ. ਤਕ ਦੀ ਪੜ੍ਹਾਈ ਦੇ ਸਰਟੀਫਿਕੇਟਾਂ ਉਤੇ ਦਰਜ ਹੈ।”

ਸੰਧੂ ਦਿਲਚਸਪ ਬੰਦਾ। ਲਓ ਸੁਣੋ ਉਹਦੀਆਂ ਕੁਝ ਦਿਲਚਸਪ ਗੱਲਾਂ। ਉਹਦਾ ਵਿਆਹ ਨੌਸ਼ਹਿਰੇ ਪੰਨੂੰਆਂ ਹੋਇਆ। ਉਥੇ ਲਾੜਾ ਬਣਿਆ ਉਹ ਕਾਹਲੀ ਵਿਚ ਇਕ ਸਿਗਰਟਾਂ ਪੀਣੇ ਦੋਸਤ ਦਾ ਕੋਟ ਪਾ ਬੈਠਾ। ਦੋਸਤ ਨੂੰ ਸਿਗਰਟ ਪੀਣ ਦੀ ਤਲਬ ਹੋਈ ਤਾਂ ਉਸ ਨੇ ਅਨੰਦਾਂ ‘ਤੇ ਬੈਠੇ ਲਾੜੇ ਦੀ ਜੇਬ ਵਿਚੋਂ ਸਿਗਰਟਾਂ ਦੀ ਡੱਬੀ ਆ ਕੱਢੀ। ਵੇਖਣ ਵਾਲੇ ਹੈਰਾਨ! ਏਨਾ ਸ਼ੁਕਰ ਰਿਹਾ ਕਿ ਅਨੰਦ ਕਾਰਜ ਵਿਚ ਵਿਘਨ ਨਹੀਂ ਪਿਆ। ਮੈਨੂੰ ਉਨ੍ਹਾਂ ਦੇ ਵਿਆਹ ਦੇ ਵੇਰਵਿਆਂ ਦਾ ਪਤਾ ਨਾ ਲੱਗਦਾ, ਜੇ ਸੰਧੂ ਜੋੜਾ ਮੁਕੰਦਪੁਰ ਸਾਡੇ ਕੋਲ ਰਾਤ ਨਾ ਕੱਟਦਾ। ਉਦਣ ਉਹ ਆਪਣੇ ਪਿੰਡ ਸੂਨੀ ਤੋਂ ਆਏ। ਰਾਹ ‘ਚ ਬਹਿਰਾਮ ਦੇ ਅੱਡੇ ‘ਤੇ ਬੂਟ ਪਾਲਿਸ਼ ਕਰਾਉਣ ਦੀ ਵਿਹਲ ਮਿਲ ਗਈ। ਆਉਂਦਿਆਂ ਸੌਣ ਦਾ ਢੌਂਕਾ ਲਾ ਕੇ ਸ਼ਾਮੀਂ ਚੌਕੀਆਂ ਦਾ ਮੇਲਾ ਵੇਖ ਲਿਆ। ਰਾਤੀਂ ਗੱਲਾਂ ਚਲਦੀਆਂ ਰਹੀਆਂ।
ਡਾ. ਸੁਰਜੀਤ ਕੌਰ ਪੰਨੂੰ, ਗੁਲਜ਼ਾਰ ਸਿੰਘ ਸੰਧੂ ਤੋਂ ਵੱਡੀ ਅਫਸਰ ਸੀ। ਕੁੜੀ ਮਾਝੇ ਦੀ, ਮੁੰਡਾ ਦੁਆਬੇ ਦਾ। ਸੰਧੂ ਨੇ ਉਨ੍ਹਾਂ ਨਾਲ ਸਾਵੇਂ ਹੋਣ ਲਈ ਸੰਤ ਸਿੰਘ ਸੇਖੋਂ, ਪ੍ਰੋ. ਮੋਹਨ ਸਿੰਘ, ਸਾਧੂ ਸਿੰਘ ਹਮਦਰਦ, ਕੁਲਵੰਤ ਸਿੰਘ ਵਿਰਕ, ਮੀਸ਼ਾ, ਸ਼ਿਵ ਕੁਮਾਰ ਤੇ ਕੁਝ ਹੋਰ ਮੋਹਤਬਰਾਂ ਨੂੰ ਜਾਨੀ ਬਣਨ ਦਾ ਸੱਦਾ ਦਿੱਤਾ। ਬੱਸ ਭਰ ਕੇ ਨੌਸ਼ਹਿਰੇ ਨੂੰ ਤੋਰ ਦਿੱਤੀ। ਆਪ ਕਾਰ ਵਿਚ ਜਲੰਧਰੋਂ ਮੋਹਨ ਸਿੰਘ ਤੇ ਹਮਦਰਦ ਨੂੰ ਲੈ ਕੇ ਪਹੁੰਚਣਾ ਸੀ। ਜਾਨੀ ਪਹਿਲਾਂ ਪਹੁੰਚ ਗਏ, ਲਾੜਾ ਲੇਟ। ਸੰਧੂ ਨੂੰ ਮੋਹਨ ਸਿੰਘ ਦੇ ਘਰੋਂ ਪਤਾ ਲੱਗਾ, ਉਹ ਬਾਹਰ ਪਿੱਪਲ ਹੇਠ ਸ਼ਤਰੰਜ ਖੇਡ ਰਿਹੈ। ਆਬਾਦੀ ਦੇ ਪਿੱਪਲਾਂ ‘ਚੋਂ ਉਹ ਪਿੱਪਲ ਮਸਾਂ ਲੱਭਾ, ਜਿਥੇ ਮੋਹਨ ਸਿੰਘ ਤੇ ਹਮਦਰਦ ਦੀ ਬਿਸਾਤ ਵਿਛੀ ਸੀ। ਗਿਆਨੀ ਸ਼ਾਦੀ ਸਿੰਘ ਵੀ ਹਾਜ਼ਰ ਸੀ। ਅੱਗੇ ਹੀ ਲੇਟ ਹੋਣ ਦੀ ਦੁਹਾਈ ਪਾ ਕੇ ਉਹ ਮਸੀਂ ਉਠਾਏ।
ਭੱਜ-ਭੱਜਾ ਕੇ ਨੌਸ਼ਹਿਰੇ ਪਹੁੰਚੇ। ਉਡੀਕ ਰਹੀ ਬਰਾਤ ਨੂੰ ਸੁਖ ਦਾ ਸਾਹ ਆਇਆ। ਤਦੇ ਬੱਕਰੀਆਂ ਨਾਲ ਲੱਦੇ ਟਰੱਕ ‘ਚੋਂ ਤਾਜ਼ਾ ਖਿਜ਼ਾਬ ਲਾਈ ਸੇਖੋਂ ਉਤਰਿਆ। ਕਹਿੰਦਾ, ਹੋਰ ਕੋਈ ਸਵਾਰੀ ਨ੍ਹੀਂ ਸੀ ਮਿਲੀ। ਲਾੜਾ ਆਇਆ ਵੇਖ ਢੋਲੀ ਢੋਲ ਵਜਾਉਣ ਲੱਗਾ, ਜਾਨੀ ਭੰਗੜਾ ਪਾਉਣ ਲੱਗੇ। ਸੰਧੂ ਦਾ ਆਪਣਾ ਕੋਟ ਬੱਸ ਵਿਚ ਸੀ, ਜੋ ਦੂਰ ਖੜ੍ਹੀ ਸੀ। ਉਹਨੇ ਕੋਲ ਖੜ੍ਹੇ ਦੇਸ ਰਾਜ ਗੋਇਲ ਦਾ ਕੋਟ ਪਾ ਲਿਆ। ਕੋਟ ਵਿਚਲੇ ਮੁਨੀਸ਼ਨ ਨੇ ਫਿਰ ਜੋ ਰੰਗ ਵਿਖਾਉਣਾ ਸੀ, ਵਿਖਾ ਈ ਦਿੱਤਾ!
ਰਾਤ ਦੀ ਦਾਰੂ ਦਾ ਭੰਨਿਆ ਸ਼ਿਵ ਕੁਮਾਰ ਸਵੇਰੇ ਪੁੱਜਾ। ਕੁੜੀ ਵਾਲਿਆਂ ਸਮਝਿਆ ਮੁੰਡੇ ਵਾਲਿਆਂ ਕੋਈ ਗਾਉਣ ਵਾਲਾ ਲਿਆਂਦਾ। ਅਨੰਦ ਕਾਰਜ ਹੋਏ ਤਾਂ ਕਹਿੰਦੇ, ਪੜ੍ਹਾਓ ਇਹਤੋਂ ਸਿਹਰਾ। ਸ਼ਿਵ ਕੁਮਾਰ ‘ਲੂਣਾ’ ਵਿਚੋਂ ‘ਧੀਆਂ ਦੇ ਦੁੱਖ ਬੁਰੇ’ ਗਾਉਣ ਲੱਗਾ। ਅਵਾਜ਼ ਵਿਚ ਲੋਹੜੇ ਦਾ ਸੋਜ਼। ਮਝੈਲਾਂ ਦੇ ਅਥਰੂ ਵਹਿ ਤੁਰੇ!
ਸੰਧੂ ਬੇਪਰਵਾਹ ਬੰਦਾ ਹੈ। ਮਸਤ-ਮੌਲਾ। ਨਾ ਚੜ੍ਹੀ ਦੀ, ਨਾ ਲੱਥੀ ਦੀ। ਮਿਲਣ ਵਰਤਣ ‘ਚ ਦਰਿਆ ਦਿਲ। ਨਿੱਘਾ ਦੋਸਤ, ਕੂਲਾ ਲੇਖਕ, ਕਰਮਾਂ ਦਾ ਬਲੀ, ਪਰਉਪਕਾਰੀ ਜਿਊੜਾ। ਪੁਆਧ ‘ਚ ਜੰਮਿਆ, ਮਾਲਵੇ ‘ਚ ਸਕੂਲੀ ਪੜ੍ਹਾਈ, ਦੁਆਬੇ ‘ਚ ਕਾਲਜੀ। ਦਿੱਲੀ, ਲੁਧਿਆਣੇ, ਚੰਡੀਗੜ੍ਹ ਤੇ ਪਟਿਆਲੇ ਨੌਕਰੀ। ਮਾਝੇ ਦੀ ਡਾ. ਸੁਰਜੀਤ ਕੌਰ ਪੰਨੂੰ ਸੰਗ ਵਿਆਹੇ ਜਾਣ ਨਾਲ ਉਹਦੇ ਅੰਦਰ ਕਈ ਸਮੱਗਰੀਆਂ ਦਾ ਮਸੱਦ ਫਿਰਿਆ। ਦੇਗ ਤੇਗ ਫਤਿਹ!
ਨਿਘੋਚੀ ਆਲੋਚਕ ਗੁਰਬਚਨ ਫਿਲਹਾਲ, ਸੰਧੂ ਨੂੰ ‘ਰਾਜਧਾਨੀ ਦਾ ਸਿਪਾਹ ਸਲਾਰ’ ਦੱਸਦਿਆਂ ਲਿਖਦੈ, “ਉਦੋਂ ਗੁਲਜ਼ਾਰ ਦੀ ਉਮਰ ਵੀਹਾਂ ਤੋਂ ਵੀ ਘੱਟ ਸੀ। ਜੇ ਦਿੱਲੀ ਵੱਲ ਮੂੰਹ ਨਾ ਕਰਦਾ ਤਾਂ ਸਾਊਥਾਲ ਪੁੱਜ ਜਾਂਦਾ। ਹੋਰ ਜ਼ੋਰ ਲਾਉਂਦਾ ਤਾਂ ਵੈਨਕੂਵਰ ਜਾਂ ਕੈਲੀਫੋਰਨੀਆ। 1953 ‘ਚ ਬੀ. ਏ. ਪਾਸ ਲਈ ਵਿਦੇਸ਼ ਜਾਣਾ ਅੱਜ ਵਾਂਗ ਮੁਸ਼ਕਿਲ ਤਾਂ ਸੀ ਨਹੀਂ। ਜੇ ਕਿਤੇ ਉਹ ਭਾਰਤ ਦੀ ਥਾਂ ਅਮਰੀਕਾ ਦੀ ਰਾਜਧਾਨੀ ਪੁੱਜ ਜਾਂਦਾ ਤਾਂ ਦਿੱਲੀ ਸੁੰਨੀ ਹੋ ਜਾਂਦੀ ਤੇ ਸਾਹਿਤ ਵਿਚ ਪੈਦਾ ਹੋਣ ਵਾਲੀ ਖਾਈ ਨੂੰ ਕੌਣ ਭਰਦਾ? ਅਮਰੀਕਾ ਵਿਚ ਲੋਕ ਉਸ ਨੂੰ ‘ਮਿਸਟਰ ਸੈਂਡੀ’ ਕਹਿੰਦੇ।” ਉਹ ਉਸ ਨੂੰ ‘ਨਵੇਂ ਯੁੱਗ ਦਾ ਜੱਟ’ ਕਹਿ ਕੇ ਨਿਵਾਜਦਾ ਹੈ।
ਸੰਧੂ ਦੱਸਦੈ, “ਮੇਰਾ ਜੱਦੀ ਪਿੰਡ ਹੁਸ਼ਿਆਰਪੁਰ ਜਿਲੇ ਦੇ ਮਾਹਿਲਪੁਰ ਵਿਚ ਹੈ, ਸੂਨੀ। ਮੇਰੇ ਬਾਪੂ ਜੀ ਊਠ ਵਾਹੁੰਦੇ ਸਨ। ਮੈਦਾਨ ਦੀ ਉਪਜ ਪਹਾੜਾਂ ਨੂੰ ਲੈ ਜਾਂਦੇ ਤੇ ਉਥੋਂ ਦੀ ਉਪਜ ਥੱਲੇ ਲੈ ਆਉਂਦੇ। ਕਦੀ ਭਾੜਾ, ਕਦੀ ਵਣਜ। ਮੈਂ ਆਪਣੇ ਨਾਨਕੇ ਪਿੰਡ ਕੋਟਲਾ ਬਡਲਾ ਵਿਚ ਜੰਮਿਆ ਤੇ ਮੇਰੀ ਮੁੱਢਲੀ ਵਿਦਿਆ ਅੱਠਵੀਂ ਤਕ ਏ. ਐਸ਼ ਹਾਈ ਸਕੂਲ, ਖੰਨੇ ਵਿਚ ਹੋਈ। ਇਹ ਵਿਦਿਆ ਮੈਂ ਆਪਣੀ ਮਾਸੀ ਗੁਰਦੇਵ ਕੌਰ ਦੇ ਪਿੰਡ ਬਾਹੋਮਾਜਰੇ ਰਹਿ ਕੇ ਪ੍ਰਾਪਤ ਕੀਤੀ। ਬਾਹੋਮਾਜਰਾ ਖੰਨੇ ਤੋਂ ਸਿਰਫ ਚਾਰ ਕਿਲੋਮੀਟਰ ਸੀ ਤੇ ਮੇਰੇ ਪਿੰਡ ਸੂਨੀ ਦੇ ਨੇੜਲਾ ਹਾਈ ਸਕੂਲ ਮਾਹਿਲਪੁਰ ਸੂਨੀ ਤੋਂ ਦਸ-ਗਿਆਰਾਂ ਕਿਲੋਮੀਟਰ। ਜਦੋਂ ਮੈਂ ਸਾਈਕਲ ਚਲਾਉਣ ਜੋਗਾ ਹੋ ਗਿਆ ਤਾਂ ਮਾਹਿਲਪੁਰ ਪੜ੍ਹਨ ਲੱਗਾ, ਜਿਥੋਂ ਬੀ. ਏ. ਪਾਸ ਕਰ ਕੇ ਕੰਮ ਦੀ ਭਾਲ ਵਿਚ ਦਿੱਲੀ ਚਲਾ ਗਿਆ। ਉਥੇ 28 ਸਾਲ ਭਾਰਤ ਸਰਕਾਰ ਦੀ ਨੌਕਰੀ ਕੀਤੀ। 1984 ਵਿਚ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਆ ਲੱਗਾ। ਤਿੰਨ ਸਾਲ ਉਥੇ ਰਿਹਾ। ਫੇਰ ਤਿੰਨ ਸਾਲ ਪੰਜਾਬ ਆਟਰਸ ਕੌਂਸਲ ਦਾ ਚੇਅਰਮੈਨ, ਦੋ ਸਾਲ ਪੰਜਾਬ ਰੈੱਡ ਕਰਾਸ ਦਾ ਸੈਕਟਰੀ ਤੇ ਚਾਰ ਸਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਦਾ ਪ੍ਰੋਫੈਸਰ ਤੇ ਮੁਖੀ। ਫੇਰ ਤਿੰਨ ਕੁ ਸਾਲ ‘ਦੇਸ਼ ਸੇਵਕ’ ਦਾ ਸੰਪਾਦਕ।”
ਪੰਜਾਬੀ ਯੂਨੀਵਰਸਿਟੀ, ਪਟਿਆਲੇ ਨੂੰ ਚੰਗੀ ਸੁੱਝੀ। ਪਹਿਲਾਂ ਉਸ ਨੂੰ ਪ੍ਰੋਫੈਸਰ ਆਫ ਐਮੀਨੈਂਸ ਦੀ ਪਦਵੀ ਦਿੱਤੀ ਤੇ ਵਿਆਹ ਦੀ 50ਵੀ ਵਰ੍ਹੇ-ਗੰਢ ਤੋਂ ਦਸ ਕੁ ਦਿਨ ਪਹਿਲਾਂ ਆਜੀਵਨ ਫੈਲੋਸ਼ਿਪ ਦਾ ਸ਼ਗਨ ਪਾ ਦਿੱਤਾ। ਉਸ ਦੀ ਨਿਮਰਤਾ ਵੇਖੋ, “ਮੈਂ ਇਹੋ ਜਿਹਾ ਕੋਈ ਸੰਘਰਸ਼ ਨਹੀਂ ਕੀਤਾ, ਜੋ ਦੱਸਣ ਵਾਲਾ ਹੋਵੇ। ਮੇਰੇ ਮਾਪਿਆਂ ਨੇ ਮੈਨੂੰ ਸਬਰ ਸੰਤੋਖ ਸਿਖਾਉਂਦਿਆਂ ਕਿਹਾ ਸੀ ਕਿ ਜਿੰ.ਦਗੀ ਵਿਚ ਢੇਰੀ ਨਹੀਂ ਢਾਉਣੀ। ਜ਼ਿੰਦਗੀ ਵਿਚ ਸਫਲ ਹੋਣ ਦਾ ਇਕੋ ਇਕ ਤਰੀਕਾ ਕਿ ਢੇਰੀ ਢਾਏ ਬਿਨਾ ਲੱਗੇ ਰਹਿਣਾ।”
ਕਹਿੰਦਾ ਹੈ, ਮੈਂ ਪਚਾਸੀਆਂ ਤੋਂ ਟੱਪ ਗਿਆਂ। ਹੁਣ ਮੈਨੂੰ ਕੋਈ ਇਹ ਨਹੀਂ ਪੁੱਛਦਾ ਕਿ ਮੈਂ ਨਵਾਂ ਕੀ ਲਿਖਿਆ? ਇਹੀਓ ਪੁੱਛਿਆ ਜਾਂਦੈ ਕਿ ਸਿਹਤ ਦਾ ਕੀ ਹਾਲ ਹੈ? ਪਹਿਲੀਆਂ ਵਿਚ ਮੈਂ ਇਸ ਦਾ ਉੱਤਰ ‘ਚੜ੍ਹਦੀ ਕਲਾ’ ਦਿੰਦਾ ਸੀ। ਫਿਰ ‘ਇਕ ਨੰਬਰ’ ਕਹਿਣ ਲੱਗ ਪਿਆ। ਉਸ ਪਿੱਛੋਂ ‘ਹਾਲੀ ਤਕ ਠੀਕ ਹੈ।’ ਅੱਜ ਕੱਲ੍ਹ ਮੇਰਾ ਉਤਰ ਸਿਰਫ ਇਕ ਸ਼ਬਦ ਤਕ ਸੀਮਤ ਹੋ ਗਿਆ ਹੈ, ‘ਚਲਦੈ!’ ਹੁਣ ਮੈਂ ਉਸ ਗੇਂਦ ਵਾਂਗ ਹਾਂ, ਜੋ ਰੁੜ੍ਹ ਤਾਂ ਰਹੀ ਹੈ, ਪਰ ਇਸ ਦਾ ਰੁੜ੍ਹਨਾ ਰੁਕਣ ਵਾਲਾ ਹੈ।
ਰੌਅ ਮੇਂ ਹੈ ਰਖਸ਼ ਏ ਉਮਰ ਕਹਾਂ ਦੇਖੀਏ ਥਮੇਂ
ਨਾ ਹਾਥ ਬਾਗ ਪਰ ਹੈ, ਨਾ ਪਾ ਹੈ ਰਕਾਬ ਮੇਂ।
ਮੈਂ ਵੀ ਵਿਆਹ ‘ਚ ਬੀ ਦਾ ਲੇਖਾ ਪਾ ਬੈਠਾਂ। ਗੱਲ ਵਿਆਹ ਦੀ ਚੱਲੀ ਸੀ। ਵਿਆਹ ਉਹਦਾ ਦੇਰ ਨਾਲ ਹੋਇਆ, 33ਵੇਂ ਸਾਲ ਦੀ ਉਮਰ ਵਿਚ। ਡਾ. ਸੁਰਜੀਤ ਕੌਰ ਦਾ ਓਦੂੰ ਵੀ ਲੇਟ, 37ਵੇਂ ਸਾਲ ਵਿਚ। ਲਾੜਾ ਅੰਗਰੇਜ਼ੀ ਦੀ ਐਮ. ਏ. ਤੇ ਲਾੜੀ ਐਮ. ਬੀ. ਬੀ. ਐਸ। ਜੇ ਕੋਈ ਕਹਿੰਦਾ, ‘ਵਿਆਹ ਬੜਾ ਲੇਟ ਕਰਾਇਆ’ ਤਾਂ ਸਫਾਈ ਦਿੰਦੇ, ‘ਬਲਵੰਤ ਗਾਰਗੀ ਨਾਲੋਂ ਤਾਂ ਫੇਰ ਵੀ ਪਹਿਲਾਂ ਕਰਾ ਲਿਆ!’
ਸੰਧੂ ਜੋੜੇ ਨੇ ਵਸੀਅਤ ਲਿਖ ਦਿੱਤੀ ਹੈ ਕਿ ਸਾਡੀਆਂ ਦੇਹਾਂ ਮੈਡੀਕਲ ਸੰਸਥਾਵਾਂ ਨੂੰ ਦਾਨ ਕਰ ਦਿੱਤੀਆਂ ਜਾਣ। ਸਾਡਾ ਮਰਨਾ ਖੁਸ਼ੀ ਨਾਲ ਮਨਾਇਆ ਜਾਵੇ। ਦੇਹ ਦਾਨ ਦਾ ਕਾਰਡ ਉਨ੍ਹਾਂ ਦੀ ਜੇਬ ਵਿਚ ਰਹਿੰਦੈ ਕਿ ਜਿਥੇ ਪ੍ਰਾਣ ਪੰਖੇਰੂ ਹੋਣ, ਉਥੋਂ ਦੀ ਨੇੜਲੀ ਡਾਕਟਰੀ ਸੰਸਥਾ ਨੂੰ ਸਬੂਤੀ ਦੇਹ ਦੇ ਦਿੱਤੀ ਜਾਵੇ। ਰਿਸ਼ਤੇਦਾਰਾਂ ਨੂੰ ਪਹਿਲਾਂ ਹੀ ਕਿਹਾ ਹੋਇਆ ਕਿ ਰੋਣ ਕਰਲਾਉਣ ਦੀ ਥਾਂ ਖੁਸ਼ੀ ਮਨਾਈ ਜਾਵੇ।
ਪਹਿਲਾਂ ਮੈਂ ਵੀ ਆਪਣੇ ਨਾਂ ਨਾਲ ਸੰਧੂ ਲਿਖਦਾ ਸੀ। ਮੈਨੂੰ ਸੰਧੂ ਲਿਖਣੋਂ ਗੁਲਜ਼ਾਰ ਸੰਧੂ ਨੇ ਹੀ ਹਟਾਇਆ। ਅਖੇ ਦੋ ਸੰਧੂਆਂ ਦਾ ਭੁਲੇਖਾ ਪੈ ਜਿਆ ਕਰੂ। ਕਹਿੰਦਾ, “ਜੇ ਮੇਰਾ ਨਾਂ ਗੁਲਜ਼ਾਰਾ ਈ ਰਹਿੰਦਾ ਤਾਂ ਮੈਂ ਹੀ ਸੰਧੂ ਨਾ ਲਾਉਂਦਾ ਕਿਉਂਕਿ ਨਵੀਂ ਪੀੜ੍ਹੀ ਨੇ ਕਿਸੇ ਦਾ ਨਾਂ ਗੁਲਜ਼ਾਰਾ ਨਹੀਂ ਸੀ ਰੱਖਣਾ। ਸਰਵਣ ਵੀ ਕਿਸੇ ਨੇ ਨ੍ਹੀਂ ਰੱਖਣਾ, ਸੋ ਤੂੰ ਹੀ ਲਾਹ ਦੇ।”
ਦਿੱਲੀ ਉਹਦੇ ਕੋਲ ਮੋਟਰ ਸਾਈਕਲ ਸੀ, ਮੇਰੇ ਕੋਲ ਸਾਈਕਲ। ਉਹ ਪੰਜਾਬ ਤੋਂ ਆਏ ਲੇਖਕਾਂ ਨੂੰ ਦਾਰੂ ਪਿਆਉਂਦਾ ਤੇ ਮੋਟਰ ਸਾਈਕਲ ਦੇ ਝੂਟੇ ਦਿੰਦਾ। ਮੈਂ ਅੜੇ ਥੁੜੇ ਖਾਲਸਾ ਕਾਲਜ ਦੇ ਡੀ. ਪੀ. ਈ. ਪ੍ਰੀਤਮ ਸਿੰਘ ਬੈਂਸ ਤੋਂ ਪੈਸੇ ਫੜਦਾ। ਮੇਰਾ ਉਹਦੇ ਨਾਲ ਕੀ ਮੁਕਾਬਲਾ ਸੀ? ਸੰਧੂ ਸਰਦਾਰ! ਮੈਂ ਵੱਡੇ ਭਾਈ ਨੂੰ ਛੱਡਣ ਵਿਚ ਹੀ ਭਲਾ ਸਮਝਿਆ।
ਪ੍ਰੀਤਮ ਸਿੰਘ ਬੈਂਸ ਕੋਲ ਸੰਧੂ ਵੀ ਛੇ ਮਹੀਨੇ ਰਿਹਾ। ਦੋਵੇਂ ਦੁਆਬੀਏ। ਜਦੋਂ ਉਹ ਬੈਂਸ ਨੂੰ ਜਨੇਤ ਦਾ ਸੱਦਾ ਦੇਣ ਗਿਆ ਤਾਂ ਬੈਂਸ ਨੇ ਪੁੱਛਿਆ, “ਵਿਆਹ ਕੀਹਦੇ ਨਾਲ ਹੋ ਰਿਹੈ?”
ਸੰਧੂ ਨੇ ਹੁੱਬ ਕੇ ਦੱਸਿਆ, “ਮਾਝੇ ਤੋਂ ਪੰਨੂੰਆਂ ਦੀ ਧੀ ਐ।”
ਬੈਂਸ ਬੋਲਿਆ, “ਮਾਝੇ ਵਾਲੇ ਤਾਂ ਆਪਾਂ ਦੁਆਬੇ ਵਾਲਿਆਂ ਨੂੰ ਕੁੱਟਣਗੇ।”
ਸੰਧੂ ਨੇ ਕਿਹਾ, “ਜੀਹਦੇ ਨਾਲ ਵਿਆਹ ਹੋ ਰਿਹਾ, ਉਹਦਾ ਭਰਾ ਗੁਰਬਚਨ ਸਿੰਘ ਘੈਂਟ ਬੰਦਾ। ਉਹ ਨੀ ਕੁੱਟਣ ਦਿੰਦਾ।”
ਗੁਰਬਚਨ ‘ਗੁਰਾ’ ਖਾਲਸਾ ਕਾਲਜ, ਅੰਮ੍ਰਿਤਸਰ ਦਾ ਤਕੜਾ ਖਿਡਾਰੀ ਸੀ। ਲੜਾਈ ਭਿੜਾਈ ਨੂੰ ਕਾਇਮ। ਪ੍ਰੀਤਮ ਸਿੰਘ ਬੈਂਸ ਉਹਦੇ ਨਾਲ ਪੜ੍ਹਦਾ ਰਿਹਾ ਸੀ। ਉਸ ਨੇ ਕਿਹਾ, “ਜੇ ਗੁਰੇ ਦੀ ਭੈਣ ਐਂ ਤਾਂ ਉਹ ਹੋਰ ਵੀ ਕੁੱਟਣਗੇ।”
ਸੰਧੂ ਨੇ ਪੁੱਛਿਆ, “ਤਾਂ ਫੇਰ ਜਵਾਬ ਦੇ ਦੇਈਏ?”
ਬੈਂਸ ਕੁਝ ਪਲ ਚੁੱਪ ਰਿਹਾ। ਸੋਚ ਕੇ ਬੋਲਿਆ, “ਜਵਾਬ ਦਿੱਤਾ ਤਾਂ ਘਰ ਆ ਕੇ ਕੁੱਟਣਗੇ। ਹੁਣ ਤਾਂ ਢੁੱਕਣਾ ਈ ਪਊ, ਦੇਖੀ ਜਾਊ ਜਿਵੇਂ ਹੋਊ।”
11 ਮਾਰਚ 1966 ਨੂੰ ਉਨ੍ਹਾਂ ਦਾ ਵਿਆਹ ਹੋਇਆ। 11 ਮਾਰਚ 1966 ਨੂੰ ਹੀ ਪੰਜਾਬੀ ਸੂਬੇ ਦੀ ਮੰਗ ਮੰਨੀ ਗਈ। ਮੰਗ ਮੰਨਣ ਪਿੱਛੇ 1965 ਦੀ ਇੰਡੋ-ਪਾਕਿ ਜੰਗ ਵਿਚ ਸਿੱਖ ਫੌਜੀਆਂ ਤੇ ਸਰਹੱਦ ਨੇੜੇ ਪੰਜਾਬੀਆਂ ਵੱਲੋਂ ਜੰਗ ਵਿਚ ਪਾਇਆ ਯੋਗਦਾਨ ਸੀ। ਪੰਜਾਬੀਆਂ ਨੇ ਪੰਜਾਬੀ ਸੂਬਾ ਜੰਗ ਜਿੱਤ ਕੇ ਲਿਆ। ਸਰਹੱਦੀ ਪਿੰਡਾਂ ਵਿਚ ਜੰਗ ਦਾ ਉਜਾੜਾ ਵੇਖਦਿਆਂ ਲੇਖਕ ਸੰਧੂ ਤੇ ਡਾ. ਪੰਨੂੰ ਇਕ ਦੂਜੇ ਦੇ ਹੋ ਗਏ। ਸੰਧੂ ਦੇ ਲਿਖਣ ਮੂਜਬ, “ਸੰਨ 1966 ਤੋਂ ਸੁਰਜੀਤ ਐਸ਼ ਕੇ. ਸੰਧੂ ਹੋ ਗਈ, ਮੇਰੀ ਜੀਵਨ ਸਾਥਣ। ਭਾਰਤ ਤੇ ਪਾਕਿਸਤਾਨ ਵਾਂਗ ਸਾਡੇ ਵਿਚਕਾਰ ਵੀ ਅਮਨ ਤੇ ਸ਼ਾਂਤੀ ਦੇ ਦੌਰ ਚਲਦੇ ਰਹਿੰਦੇ ਹਨ। ਲੜਾਈ ਹੁੰਦਿਆਂ ਵੀ ਦੇਰ ਨਹੀਂ ਲੱਗਦੀ ਤੇ ਜੰਗ ਬੰਦੀ ਵੀ ਐਵੇਂ ਕਿਵੇਂ ਹੋ ਜਾਂਦੀ ਹੈ।”