ਕਰੋਨਾ ਵਾਇਰਸ ਦਾ ਕਹਿਰ

ਡਾ. ਬਲਜਿੰਦਰ ਸਿੰਘ ਸੇਖੋਂ
ਫੋਨ: 905-781-1197
ਸਭ ਤੋਂ ਸੂਖਮ ਕਿਸਮ ਦੇ ਇੱਕ ਨਿਰਜੀਵ ਜੀਵ ਕਰੋਨਾ ਵਾਇਰਸ ਨੇ ਦੁਨੀਆਂ ਨੂੰ ਵਖਤ ਪਾਇਆ ਹੋਇਆ ਹੈ। ਇਸ ਨੂੰ ਮੈਂ ਨਿਰਜੀਵ ਵੀ ਲਿਖ ਰਿਹਾਂ, ਇਸ ਲਈ ਕਿ ਇਹ ਜੀਵ ਵਾਇਰਸ ਜਦ ਕਿਸੇ ਜੀਵ ਤੋਂ ਬਾਹਰ ਹੁੰਦੇ ਹਨ ਤਾਂ ਇਨ੍ਹਾਂ ਦੇ ਗੁਣ ਨਿਰਜੀਵ ਵਸਤਾਂ ਨਾਲ ਮਿਲਦੇ ਹਨ, ਇਥੋਂ ਤੱਕ ਕਿ ਇਨ੍ਹਾਂ ਦੇ ਰਵੇ ਵੀ ਬਣਾਏ ਜਾ ਸਕਦੇ ਹਨ ਅਤੇ ਇਸੇ ਰਵੇਦਾਰ ਪਦਾਰਥ ਤੋਂ ਫਿਰ ਇਹ ਜੀਵਾਂ ਵਿਚ ਜਾ ਕੇ ਜੀਵਾਂ ਦੇ ਗੁਣ ਵਿਖਾਉਣ ਲਗਦੇ ਹਨ। ਇਹ ਜੀਵਾਂ ਅਤੇ ਨਿਰਜੀਵਾਂ ਦੀ ਲਕੀਰ ‘ਤੇ ਕਹੇ ਜਾ ਸਕਦੇ ਹਨ, ਇਸ ‘ਤੇ ਬਹਿਸ ਚਲਦੀ ਰਹੀ ਹੈ ਕਿ ਕੀ ਇਨ੍ਹਾਂ ਨੂੰ ਜੀਵ ਮੰਨਿਆ ਜਾਵੇ ਜਾਂ ਨਿਰਜੀਵ?

ਇਹ ਇੱਕ ਸੈਲੀ ਜੀਵ, ਜਿਨ੍ਹਾਂ ਨੂੰ ਆਮ ਖੁਰਦਬੀਨ ਨਾਲ ਵੇਖਿਆ ਜਾ ਸਕਦਾ ਹੈ, ਤੋਂ ਵੀ ਛੋਟੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਸਿਰਫ ਇਲੈਕਟਰਾਨ ਖੁਰਦਬੀਨ ਨਾਲ ਵੇਖਿਆ ਜਾ ਸਕਦਾ ਹੈ। ਇਹ ਆਪਣੇ ਆਪ ਰਹਿਣ, ਵਧਣ ਜਾਂ ਅਗਲੀ ਪੁਸ਼ਤ ਪੈਦਾ ਕਰਨ ਤੋਂ ਅਸਮਰਥ ਹੁੰਦੇ ਹਨ, ਇਨ੍ਹਾਂ ਨੂੰ ਵਧਣ ਤੇ ਅਗਲੀ ਪੁਸ਼ਤ ਪੈਦਾ ਕਰਨ ਲਈ ਕਿਸੇ ਹੋਰ ਜੀਵ ਦੇ ਸੈੱਲ ਦਾ ਸਹਾਰਾ ਲੈਣਾ ਪੈਂਦਾ ਹੈ। ਇਹੀ ਇਸ ਨਿਰਜੀਵ ਦੀ ਲੋੜ ਇਸ ਨੂੰ ਪਰਜੀਵੀ (ਜੋ ਆਪਣਾ ਜੀਵਨ ਪੂਰਾ ਕਰਨ ਲਈ ਕਿਸੇ ਹੋਰ ਜੀਵ ‘ਤੇ ਨਿਰਭਰ ਹੋਵੇ) ਬਣਾਉਂਦੀ ਹੈ। ਆਪਣੀ ਲੋੜ ਪੂਰੀ ਕਰਨ ਲਈ ਇਹ ਕਿਸੇ ਜਿਉਂਦੇ ਸੈੱਲ ਵਿਚ ਪਰਵੇਸ਼ ਕਰਦੇ ਹਨ। ਅੰਦਰ ਵੀ ਕੀ ਜਾਣਾ, ਇਨ੍ਹਾਂ ਦਾ ਪੂਰਾ ਸੂਰਾ ਢਾਂਚਾ ਬੱਸ ਇੱਕ ਪ੍ਰੋਟੀਨ ਦੇ ਖੋਲ ਵਿਚ ਲਪੇਟੀ ਗੁਣ ਸੂਤਰ (ਡੀ. ਐਨ. ਏ. ਜਾਂ ਆਰ. ਐਨ. ਏ.) ਦੀ ਕੜੀ ਹੁੰਦਾ ਹੈ। ਸੈੱਲ ਵਿਚ ਜਾਣ ਸਮੇਂ ਪ੍ਰੋਟੀਨ ਬਾਹਰ ਰਹਿ ਜਾਂਦਾ ਹੈ ਅਤੇ ਗੁਣ ਸੂਤਰ ਦੀ ਕੜੀ ਸੈੱਲ ਵਿਚ ਵੜ ਜਾਂਦੀ ਹੈ, ਜਿਥੇ ਜਾ ਕੇ ਇਹ ਜੀਵ ਦੇ ਉਸ ਸੈੱਲ ਦੇ ਡੀ. ਐਨ. ਏ. ਵਿਚ ਸਮੋ ਕੇ ਆਪਣਾ ਹੁਕਮ ਚਲਾਉਣ ਲਗਦੀ ਹੈ। ਸੈੱਲ ਨੂੰ ਸਾਰੇ ਕੰਮ ਛੱਡ ਕੇ ਸਿਰਫ ਆਪਣੇ ਆਪ ਵਰਗੇ ਹੋਰ ਵਾਇਰਸ ਬਣਾਉਣ ਲਈ ਮਜ਼ਬੂਰ ਕਰ ਦਿੰਦੀ ਹੈ।
ਸੈੱਲ ਦੀ ਇਹੀ ਮਜ਼ਬੂਰੀ ਬਿਮਾਰੀ ਬਣਦੀ ਹੈ, ਕੋਵਿਡ-19 (ਜੋ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਨਾਂ ਦਿੱਤਾ ਗਿਆ ਹੈ) ਜਿਸ ਨਾਲ,
1. ਬੁਖਾਰ ਹੋ ਜਾਂਦਾ ਹੈ,
2. ਸੁੱਕੀ ਖੰਘ ਆਉਂਦੀ ਹੈ ਤੇ
3. ਸਾਹ ਚੜ੍ਹਨ ਲਗਦਾ ਹੈ।
ਇਹ ਲੱਛਣ ਆਮ ਜ਼ੁਕਾਮ ਨਾਲੋਂ ਕੁਝ ਵੱਖਰੇ ਹਨ, ਜ਼ੁਕਾਮ ਨਾਲ ਆਮ ਤੌਰ ‘ਤੇ ਬੁਖਾਰ ਨਹੀਂ ਚੜ੍ਹਦਾ, ਪਰ ਕਰੋਨਾ ਵਾਇਰਸ ਨਾਲ ਚੜ੍ਹਦਾ ਹੈ। ਜ਼ੁਕਾਮ ਨਾਲ ਨੱਕ ਵਿਚੋਂ ਪਾਣੀ ਵਗਦਾ ਹੈ ਅਤੇ ਛਿੱਕਾਂ ਆਉਂਦੀਆਂ ਹਨ, ਜੋ ਇਸ ਬਿਮਾਰੀ ਵਿਚ ਨਹੀਂ ਆਉਂਦੀਆਂ। ਜ਼ੁਕਾਮ ਨਾਲ ਹੋਈ ਖੰਘ ਵਿਚ ਬਲਗਮ ਆਉਂਦੀ ਹੈ, ਪਰ ਕਰੋਨਾ ਵਾਇਰਸ ਦੀ ਖੰਘ ਸੁੱਕੀ ਹੁੰਦੀ ਹੈ।
ਬਹੁਤ ਸਾਰੇ ਮਰੀਜ਼ ਠੀਕ ਹੋ ਜਾਂਦੇ ਹਨ, ਪਰ ਕਈਆਂ ਨੂੰ ਸਾਹ ਦੀ ਤਕਲੀਫ ਬਹੁਤ ਵਧ ਜਾਂਦੀ ਹੈ ਅਤੇ ਉਨ੍ਹਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਆਕਸੀਜਨ ਦੇਣ ਦੀ ਲੋੜ ਹੁੰਦੀ ਹੈ। ਵੱਡੀ ਉਮਰ ਦੇ ਬਿਮਾਰ ਜਾਂ ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਬਿਮਾਰੀ ਹੋਵੇ, ਕਰੋਨਾ ਵਾਇਰਸ ਨਾਲ ਦਮ ਤੋੜ ਦਿੰਦੇ ਹਨ। ਇਹ ਗਿਣਤੀ ਪਹਿਲਾਂ ਆਏ ਇਸ ਤਰ੍ਹਾਂ ਦੇ ਵਾਇਰਸਾਂ ਨਾਲੋਂ ਬਹੁਤ ਘੱਟ ਹੈ, ਕੈਮਲ (ਊਠ) ਵਾਇਰਸ, ਜੋ ਸਾਉਦੀ ਅਰਬ ਵਿਚ 2012 ਵਿਚ ਸ਼ੁਰੂ ਹੋਇਆ, ਦੇ 3 ਬਿਮਾਰਾਂ ਵਿਚੋਂ ਇੱਕ ਦੀ ਮੌਤ ਹੋ ਜਾਂਦੀ ਰਹੀ ਹੈ; ਸਾਰਸ ਜੋ 2003 ਵਿਚ ਚੀਨ ਵਿਚੋਂ ਸ਼ੁਰੂ ਹੋਇਆ, ਦੇ ਸੌ ਵਿਚੋਂ 9-10 ਮਰੀਜ ਮਰਦੇ ਰਹੇ ਹਨ ਅਤੇ ਕਰੋਨਾ ਵਾਇਰਸ ਦੇ 100 ਵਿਚੋਂ 2-4 ਮਰੀਜ਼ ਮਰ ਰਹੇ ਹਨ।
ਇਹ ਲੇਖ ਲਿਖਣ ਵੇਲੇ ਤੱਕ ਦੁਨੀਆਂ ਵਿਚ 1,90,943 ਲੋਕ ਬਿਮਾਰ ਹੋ ਚੁੱਕੇ ਸਨ, ਜਿਨ੍ਹਾਂ ਵਿਚੋਂ 80,889 ਰਾਜ਼ੀ ਹੋ ਗਏ ਅਤੇ 7,546 ਬਿਮਾਰੀ ਦੀ ਤਾਬ ਨਾ ਝਲਦਿਆਂ ਚੱਲ ਵਸੇ। ਇਸ ਤਰ੍ਹਾਂ ਮਰਨ ਵਾਲਿਆਂ ਦੀ ਔਸਤ ਕਰੀਬ 2% ਬਣਦੀ ਹੈ, ਪਰ ਇਸ ਵਾਇਰਸ ਨਾਲ ਪਹਿਲਾਂ ਨਾਲੋਂ ਕੁਲ ਮੌਤਾਂ ਵੱਧ ਹੋ ਰਹੀਆਂ ਹਨ। ਇਸ ਦਾ ਮੁੱਖ ਕਾਰਨ ਇਸ ਵਾਇਰਸ ਦੇ ਕਣਾਂ ਦੀ ਬਿਮਾਰੀ ਦੇ ਲੱਛਣ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੂਜੇ ਵਿਅਕਤੀ ਨੂੰ ਬਿਮਾਰ ਕਰਨ ਦੀ ਸਮਰੱਥਾ ਹੈ। ਸਰੀਰ ਵਿਚ ਇਸ ਦੇ ਜ਼ਰਮ ਜਾਣ ਦੇ ਚਾਰ ਕੁ ਦਿਨ ਬਾਅਦ ਹੀ ਇਹ ਉਸ ਦੇ ਥੁੱਕ ਵਿਚੋਂ ਬਾਹਰ ਆਉਣ ਲਗਦੇ ਹਨ, ਜਦੋਂ ਕਿ ਇਸ ਵਕਤ ਤੱਕ ਮਰੀਜ਼ ਵਿਚ ਬਿਮਾਰੀ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ, ਉਹ ਬਿਲਕੁਲ ਤੰਦਰੁਸਤ ਲਗਦਾ ਹੈ।
ਇਸ ਹਾਲਤ ਵਿਚ ਦੂਜੇ ਲੋਕ ਜਾਂ ਉਹ ਆਪ ਵੀ ਕਿਸੇ ਕਿਸਮ ਦੀ ਸਾਵਧਾਨੀ ਨਹੀਂ ਵਰਤਦਾ, ਜਿਸ ਕਾਰਨ ਬਿਮਾਰੀ ਅਛੋਪਲੇ ਜਿਹੇ ਅੱਗੇ ਵੱਧ ਰਹੀ ਹੈ। ਜ਼ਰਮਾਂ ਦੇ ਸਰੀਰ ਵਿਚ ਜਾਣ ਤੋਂ ਕਰੀਬ 5 ਦਿਨ ਪਿਛੋਂ ਇਸ ਬਿਮਾਰੀ ਦੇ ਲੱਛਣ ਵੇਖਣ ਨੂੰ ਮਿਲ ਰਹੇ ਹਨ, ਪਰ ਕਈਆਂ ਨੂੰ ਇਹ ਲੱਛਣ 14-15 ਦਿਨ ਬਾਅਦ ਵੀ ਸ਼ੁਰੂ ਹੋਏ ਹਨ। ਬੇਸ਼ੱਕ ਇਸ ਦੇ ਸੁੱਕੀ ਹਵਾ ਵਿਚ ਰਹਿਣ ਦੀ ਸੰਭਾਵਨਾ ਘੱਟ ਦੱਸੀ ਜਾ ਰਹੀ ਹੈ, ਪਰ ਕਿਸੇ ਦੇ ਖੰਘਣ ਨਾਲ ਜੋ ਥੁੱਕ ਦੇ ਛਿੱਟੇ ਬਾਹਰ ਆਉਂਦੇ ਹਨ, ਉਨ੍ਹਾਂ ਵਿਚਲੇ ਜ਼ਰਮਾਂ ਦੇ ਦੂਜੇ ਵਿਅਕਤੀ ਦੇ ਨੱਕ, ਮੂੰਹ ਜਾਂ ਅੱਖਾਂ ਵਿਚੋਂ ਅੰਦਰ ਜਾਣ ਨਾਲ ਉਹ ਵੀ ਬਿਮਾਰ ਹੋ ਰਹੇ ਹਨ।
ਸੋ ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਇਨ੍ਹਾਂ ਕਣਾਂ ਨੂੰ ਆਪਣੇ ਮੂੰਹ, ਨੱਕ ਜਾਂ ਅੱਖਾਂ ਤੱਕ ਜਾਣ ਤੋਂ ਰੋਕਿਆ ਜਾਵੇ। ਇਸ ਲਈ,
1. ਭੀੜ ਭੜੱਕੇ ਵਾਲੀਆਂ ਥਾਂਵਾਂ ‘ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ।
2. ਆਪਣੇ ਹੱਥ ਸਾਬਣ-ਪਾਣੀ ਨਾਲ ਦਿਨ ਵਿਚ ਕਈ ਵਾਰ ਧੋਵੋ। ਜੇ ਹੋ ਸਕੇ ਤਾਂ ਅਲਕੋਹਲ ਵਾਲਾ ਸੈਨੇਟਾਈਜ਼ਰ ਵੀ ਵਰਤੋ।
3. ਕਿਸੇ ਨੂੰ ਮਿਲਣ ਸਮੇਂ ਉਸ ਤੋਂ ਦੂਰ ਰਹੋ, ਹੱਥ ਆਦਿ ਨਾ ਮਿਲਾਓ।
4. ਜੇ ਕੋਈ ਖੰਘ ਰਿਹਾ ਹੈ ਤਾਂ ਉਸ ਤੋਂ ਬਚਾਅ ਰੱਖੋ, ਜੇ ਤੁਹਾਨੂੰ ਖੰਘ ਆ ਰਹੀ ਹੈ ਤਾਂ ਚੰਗੀ ਗੱਲ ਹੈ ਕਿ ਆਪਣੇ ਮੂੰਹ ਅੱਗੇ ਟਿਸ਼ੂ ਪੇਪਰ ਰੱਖੋ, ਜਾਂ ਘੱਟੋ ਘੱਟ ਆਪਣੀ ਬਾਂਹ ਮੂੰਹ ਅੱਗੇ ਕਰ ਲਓ ਤਾਂ ਕਿ ਥੁੱਕ ਦੇ ਕਣ ਦੂਰ ਨਾ ਜਾਣ।
5. ਜੇ ਬੁਖਾਰ ਤੇ ਸੁੱਕੀ ਖੰਘ ਹੋ ਗਈ ਹੈ ਤਾਂ ਡਾਕਟਰ ਦੀ ਸਲਾਹ ਲਓ।
6. ਬਾਹਰ ਜਾ ਕੇ ਜੇ ਕਿਸੇ ਅਣਜਾਣੇ ਥਾਂ ਆਪਣੇ ਹੱਥ ਲਗਦੇ ਹਨ, ਤਾਂ ਇਨ੍ਹਾਂ ਨੂੰ ਮੂੰਹ ਤੱਕ ਨਾ ਲਿਜਾਇਆ ਜਾਵੇ। ਅਸੀਂ ਅਣਜਾਣੇ ਵਿਚ ਹੀ ਆਮ ਤੌਰ ‘ਤੇ ਆਪਣੇ ਹੱਥਾਂ ਨਾਲ ਮੂੰਹ, ਨੱਕ, ਅੱਖਾਂ ਆਦਿ ਛੂੰਹਦੇ ਰਹਿੰਦੇ ਹਾਂ। ਕੋਸ਼ਿਸ਼ ਕੀਤੀ ਜਾਵੇ ਕਿ ਇਸ ਤਰ੍ਹਾਂ ਸਾਬਣ ਨਾਲ ਹੱਥ ਧੋਣ ਤੋਂ ਪਹਿਲਾਂ ਨਾ ਕੀਤਾ ਜਾਵੇ।
ਇਸ ਬਿਮਾਰੀ ਦਾ ਅਜੇ ਤੱਕ ਕੋਈ ਇਲਾਜ ਨਹੀਂ, ਇਸ ਨੂੰ ਆਪਣੇ ਸਰੀਰ ਦੀ ਬਚਾਅ ਪ੍ਰਣਾਲੀ ਨੇ ਹੀ ਕਾਬੂ ਕਰਨਾ ਹੈ। ਐਵੇਂ ਕਿਸੇ ਦੇਸੀ ਇਲਾਜ ਦੇ ਚੱਕਰ ਵਿਚ ਨਾ ਪਓ। ਇਸ ਤੋਂ ਬਚਾਅ ਦਾ ਟੀਕਾ ਬਣਨ ਵਿਚ ਵੀ ਹਾਲੀ ਕਰੀਬ 10-12 ਮਹੀਨੇ ਦਾ ਸਮਾਂ ਲੱਗੇਗਾ। ਸੋ ਅਜੇ ਤੱਕ ਕੋਈ ਵੈਕਸੀਨ ਇਸ ਤੋਂ ਬਚਣ ਦੀ ਨਹੀਂ। ਸਰਕਾਰਾਂ ਆਪਣੇ ਵਲੋਂ ਇਸ ‘ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ। ਚੀਨ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਗਿਆ ਹੈ, ਜਿੱਥੇ ਇਹ ਬਿਮਾਰੀ ਸ਼ੁਰੂ ਹੋਈ ਸੀ।
ਇਸ ਵਿਚ ਵੀ ਸੱਚਾਈ ਹੈ ਕਿ ਬੇਸ਼ੱਕ ਅੱਜ ਕੱਲ੍ਹ ਚੀਨ ਵਿਚ ਕਹਿਣ ਨੂੰ ਹੀ ਸਮਾਜਵਾਦੀ ਪ੍ਰਬੰਧ ਹੈ, ਪਰ ਫਿਰ ਵੀ ਉਹ ਆਪਣੇ ਕਾਨੂੰਨ ਸਖਤੀ ਨਾਲ ਲਾਗੂ ਕਰਨ ਦੇ ਕਾਬਲ ਹੈ, ਉਸ ਲਈ ਆਰਥਕਤਾ ਪਿਛੋਂ ਅਤੇ ਲੋਕਾਂ ਦੀ ਸਿਹਤ ਪਹਿਲਾਂ ਹੈ। ਇਲਾਜ ਕਰਨ ਸਮੇਂ ਇਹ ਨਹੀਂ ਵੇਖਿਆ ਜਾਂਦਾ ਕਿ ਕਿਸੇ ਕੋਲ ਬੀਮਾ ਹੈ ਜਾਂ ਨਹੀਂ। ਇਹ ਚੀਨ ਹੀ ਸੀ, ਜਿਸ ਨੇ ਇਸ ਬਿਮਾਰੀ ਦੇ ਇਲਾਜ ਲਈ 1000 ਬੈਡਾਂ ਵਾਲਾ ਹਸਪਤਾਲ ਕੁਝ ਦਿਨਾਂ ਵਿਚ ਹੀ ਬਣਾ ਲਿਆ। ਜੇ ਕੋਈ ਬਿਮਾਰ ਘਰੋਂ ਹਸਪਤਾਲ ਨਹੀਂ ਜਾਂਦਾ, ਉਸ ਨੂੰ ਸਰਕਾਰੀ ਕਰਮਚਾਰੀ ਜ਼ਬਰਦਸਤੀ ਵੀ ਲੈ ਜਾਂਦੇ ਹਨ।
ਲੋਕਾਂ ਦੇ ਇਲਾਜ ਲਈ ਕੈਨੇਡਾ ਵਿਚ ਵੀ ਸਹੀ ਪ੍ਰਬੰਧ ਹੈ, ਹਰ ਇੱਕ ਦੇ ਇਲਾਜ ਦੀ ਜਿੰਮੇਵਾਰੀ ਸਰਕਾਰ ਦੇ ਸਿਰ ਹੈ; ਪਰ ਅਮਰੀਕਾ, ਜੋ ਸਭ ਤੋਂ ਅਮੀਰ ਦੇਸ਼ਾਂ ਵਿਚ ਗਿਣਿਆ ਜਾਂਦਾ ਹੈ, ਵਿਚ ਸ਼ਾਇਦ ਇਸ ਬਿਮਾਰੀ ਦੇ ਸਾਰੇ ਮਰੀਜ਼ਾਂ ਨੂੰ ਚੰਗਾ ਇਲਾਜ ਨਾ ਮਿਲ ਸਕੇ, ਕਿਉਂਕਿ ਸਾਰਾ ਪ੍ਰਬੰਧ ਮੁਨਾਫੇ ਨਾਲ ਬੱਝਾ ਹੋਇਆ ਹੈ।
ਕਰੋਨਾ ਵਾਇਰਸ ਅਜੇ ਤੱਕ ਸਭ ਤੋਂ ਖਤਰਨਾਕ ਬਿਮਾਰੀ ਵੀ ਨਹੀਂ ਲਗਦੀ, ਪਰ ਕਿਉਂਕਿ ਇਸ ਦਾ ਹਰ ਕਿਸੇ ਨੂੰ ਹੋਣ ਦਾ ਖਦਸ਼ਾ ਹੈ, ਸਮੇਤ ਅਮੀਰਾਂ ਦੇ, ਇਸ ਲਈ ਇਸ ਦਾ ਦੁਨੀਆਂ ਵਿਚ ਡਰ ਕੁਝ ਵੱਧ ਹੈ। ਮੈਨੂੰ ਨਹੀਂ ਲਗਦਾ ਕਿ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਦੁਨੀਆਂ ਦੇ ਗਰੀਬਾਂ ਅਤੇ ਗਰੀਬ ਦੇਸ਼ਾਂ ਵਿਚ ਹਰ ਸਾਲ ਭੁੱਖ ਨਾਲ ਜਾਂ ਭੁੱਖੇ ਰਹਿਣ ਕਰਕੇ ਹੋਈਆਂ ਅਲਾਮਤਾਂ ਨਾਲ ਹੋ ਰਹੀਆਂ 90 ਲੱਖ ਮੌਤਾਂ ਦੀ ਗਿਣਤੀ ਦੇ ਆਸ-ਪਾਸ ਵੀ ਪਹੁੰਚੇ, ਪਰ ਕਿਉਂਕਿ ਵਿਕਸਿਤ ਦੇਸ਼ਾਂ ਵਿਚ ਭੁੱਖ ਦੀ ਸਮੱਸਿਆ ਘੱਟ ਹੈ, ਇਸ ਲਈ ਇਨ੍ਹਾਂ ਮੌਤਾਂ ਵੱਲ ਦੁਨੀਆਂ ਦਾ ਧਿਆਨ ਘੱਟ ਹੀ ਜਾਂਦਾ ਹੈ। ਮਹਾਂਮਾਰੀਆਂ ਵੀ ਦੁਨੀਆਂ ਵਿਚ ਬਹੁਤ ਵੱਡੀਆਂ ਆਉਂਦੀਆਂ ਰਹੀਆਂ ਹਨ, ਜਿਵੇਂ 1347-1351 ਦਰਮਿਆਨ ਫੈਲੀ ਪਲੇਗ ਨੇ 20 ਕਰੋੜ ਜਾਨਾਂ ਲਈਆਂ ਤੇ 1520 ਦੀ ਮਾਤਾ ਦੀ ਬਿਮਾਰੀ ਨੇ 5 ਕਰੋੜ 60 ਲੱਖ ਲੋਕ ਮਾਰੇ। ਉਸੇ ਸਾਲ ਸਪੇਨੀ ਲੋਕਾਂ ਨਾਲ ਇਹ ਬਿਮਾਰੀ ਮੈਕਸੀਕੋ ਵਿਚ ਆ ਗਈ ਅਤੇ 1736 ਤੋਂ 1738 ਅਤੇ 1837-38 ਵਿਚ ਜਦੋਂ ਗੋਰੇ ਲੋਕਾਂ ‘ਤੇ ਜਾਣ ਬੁੱਝ ਕੇ ਮਾਤਾ ਦੀ ਬਿਮਾਰੀ ਤੋਂ ਪੀੜਤ ਲੋਕਾਂ ਦੇ ਕੰਬਲ ਵੰਡਣ ਦਾ ਇਲਜ਼ਾਮ ਲਾਇਆ ਜਾਂਦਾ ਹੈ, ਕੈਨੇਡਾ-ਅਮਰੀਕਾ ਦੇ ਮੂਲ ਨਿਵਾਸੀਆਂ ਦਾ ਤਾਂ ਇਸ ਬਿਮਾਰੀ ਨੇ ਕਈ ਥਾਂਈਂ ਖਾਤਮਾ ਹੀ ਕਰ ਦਿੱਤਾ। ਕੋਵਿਡ-19 ਕਿਸੇ ਵੀ ਹਾਲਤ ਵਿਚ ਇੰਨਾ ਖਤਰਨਾਕ ਨਹੀਂ ਹੋ ਸਕਦਾ।