ਅਮਰਦੀਪ ਗਿੱਲ ਦੀ ਫਿਲਮ ‘ਸੁੱਤਾ ਨਾਗ’

ਬਠਿੰਡਾ ਵਾਲੇ ਕਵੀ, ਗੀਤਕਾਰ, ਪ੍ਰੋਮੋਟਰ ਅਮਰਦੀਪ ਗਿੱਲ ਦੇ ਪਿਤਾ ਮਰਹੂਮ ਕਾਮਰੇਡ ਸੁਰਜੀਤ ਗਿੱਲ 25-30 ਸਾਲ ਪਹਿਲਾਂ ਮੇਰੇ ਪਿੰਡ ਦੀ ਨਵੀਂ ਨਵੀਂ ਬਣੀ ਨੌਜਵਾਨ ਸਭਾ ਅਤੇ ਕਿਸਾਨ ਸਭਾ ਦੀ ਸਕੂਲਿੰਗ ਤੇ ਖੱਬੇ ਪੱਖੀ ਰਾਜਨੀਤੀ ਦੀ ਪਾਣ ਲਾਉਂਦੇ ਜੁਝਾਰੂ ਸਾਹਿਤ ਵੰਡਣ ਆਉਂਦੇ ਰਹਿੰਦੇ ਸਨ। ਉਨ੍ਹਾਂ ਆਪਣੀ ਸਾਰੀ ਉਮਰ ਕਮਿਊਨਿਸਟ ਲਹਿਰ ਖਾਤਰ ਲਗਾ ਦਿੱਤੀ। ਉਨ੍ਹਾਂ ਦਾ ਹੋਣਹਾਰ ਪੁੱਤਰ ਅਮਰਦੀਪ ਗਿੱਲ ਆਪਣੇ ਪਿਤਾ ਦੇ ਨਕਸ਼ੇ-ਕਦਮ ‘ਤੇ ਚੱਲ ਰਿਹਾ ਹੈ।
ਅਮਰਦੀਪ ਗਿੱਲ ਵੱਲੋਂ ਤਖ਼ਤ ਹਜ਼ਾਰਾ ਬੈਨਰ ਅਧੀਨ ਬਣਾਈ ਪਹਿਲੀ ਲਘੂ ਫਿਲਮ ‘ਸੁੱਤਾ ਨਾਗ’ ਕੈਨੇਡਾ ਵਿਚ ਹਾਲ ਹੀ ਵਿਚ ਹੋਏ ਫ਼ਿਲਮ ਫੈਸਟੀਵਲ ਵਿਚ ਦਿਖਾਈ ਜਿਸ ਨੂੰ ਪੰਜਾਬੀ ਮੀਡੀਆ ਤੇ ਦਰਸ਼ਕਾਂ ਨੇ ਵਾਹਵਾ ਹੁੰਗਾਰਾ ਭਰਿਆ ਹੈ। ਇਸ ਫ਼ਿਲਮ ਦੀ ਕਹਾਣੀ ਰਾਮ ਸਰੂਪ ਅਣਖੀ ਦੀ ਇਸੇ ਨਾਂ ਵਾਲੀ ਕਹਾਣੀ ਉਤੇ ਆਧਾਰਿਤ ਹੈ। ਫ਼ਿਲਮ ਵਿਚ ਮੁੱਖ ਅਦਾਕਾਰ ਕੁਲ ਸਿੱਧੂ (ਅੰਨੇ ਘੋੜੇ ਦਾ ਦਾਨ ਵਾਲੀ ਨਾਇਕਾ), ਰਾਜ ਜੋਸ਼ੀ, ਜਗਤਾਰ ਔਲਖ, ਗੁਰਨਾਮ ਸਿੱਧੂ, ਦਰਸ਼ਨ ਘਾਰੂ, ਹਰਜਿੰਦਰ ਢਿੱਲਵਾ, ਧਰਮਿੰਦਰ ਕੌਰ, ਸ਼ਗਨ ਸਿੰਘ ਰਾਠੀ, ਸੋਹਜਦੀਪ ਬਰਾੜ, ਬੇਬੀ ਨਾਦੀਆ ਹਨ। ਫਿਲਮ ਵਿਚ ਅੱਜ ਤੋਂ 50 ਸਾਲ ਪੁਰਾਣੇ ਪੰਜਾਬੀ ਮਾਹੌਲ ਨੂੰ ਕੈਮਰਾਬੱਧ ਕਰਨ ਲਈ ਰਾਜਸਥਾਨ, ਪੰਜਾਬ ਅਤੇ ਪਾਕਿਤਸਾਨੀ ਸਰਹੱਦ ਨਾਲ ਲੱਗਦੇ ਪਛੜੇ ਇਲਾਕਿਆਂ ਦੇ ਪਿੰਡਾਂ ਵਿਚ ਸ਼ੂਟਿੰਗ  ਕੀਤੀ ਗਈ। ਅਮਰਦੀਪ ਗਿੱਲ ਅਨੁਸਾਰ ‘ਸੁੱਤਾ ਨਾਗ’ ਬਾਜ਼ਾਰਵਾਦ ਦੇ ਲਾਲਚੀ ਦੌਰ ਵਿਚ ਅਜੋਕੀਆਂ ਪੰਜਾਬੀ ਫ਼ਿਲਮਾਂ ਦੀ ਚੱਲ ਰਹੀ ਭੇਡ ਚਾਲ ਦਾ ਹਿੱਸਾ ਨਹੀਂ ਹੈ, ਸਗੋਂ ਇਹ ਲੀਹ ਪਾੜ ਕੇ ਤੁਰਨ ਵਾਲਾ ਔਖਾ, ਪਰ ਸਮਾਜ ਨੂੰ ਜਵਾਬ ਦੇਣ ਵਾਲਾ ਸਹੀ ਰਾਹ ਹੈ।
ਅਮਰਦੀਪ ਆਪ ਵੀ ਸਦਾ ਇਸ ਰਾਹ ਦਾ ਰਾਹੀ ਰਿਹਾ ਹੈ। ਘਰ ਵਿਚਲੀ ਪਿਤਾ ਦੀ ਲਾਇਬ੍ਰੇਰੀ ਵਿਚੋਂ ਵਧੀਆ ਸਾਹਿਤਕ ਕਿਤਾਬਾਂ ਪੜ੍ਹਨ ਕਾਰਨ ਤੇ ਅਨੇਕਾਂ ਸਾਹਿਤਕਾਰਾਂ ਦੇ ਘਰ ਵਿਚ ਆਉਣ-ਜਾਣ ਕਾਰਨ ਬਚਪਨ ਤੋਂ ਹੀ ਅਮਰਦੀਪ ਨੂੰ ਕਵਿਤਾ ਲਿਖਣ ਦੀ ਚੇਟਕ ਲੱਗ ਗਈ ਤੇ 10-11 ਸਾਲ ਦੀ ਉਮਰ ਵਿਚ ਹੀ ਪਹਿਲੀ ਕਵਿਤਾ ਲਿਖੀ ਜੋ ‘ਅਣੂ’ ਰਸਾਲੇ ਵਿਚ ਛਪੀ। ਹੁਣ 3-4 ਪਹਿਲਾਂ ਉਹਦੀਆਂ ਰਚਨਾਵਾਂ ਦਾ ਕਾਵਿ ਸੰਗ੍ਰਹਿ ‘ਅਰਥਾਂ ਦਾ ਜੰਗਲ’ ਛØਪਿਆ। ਉਸ ਨੂੰ ਪਾਸ਼, ਸੁਰਜੀਤ ਪਾਤਰ, ਗੁਲਜ਼ਾਰ, ਨਿਦਾ ਫ਼ਾਜ਼ਲੀ, ਬਸ਼ੀਰ ਬਦਰ, ਮੁਨੱਵਰ ਰਾਣਾ, ਅਹਿਮਦ ਫਰਾਜ਼, ਗੁਰਤੇਜ ਕੋਹਾਰਵਾਲਾ, ਵਿਜੈ ਵਿਵੇਕ ਦੀਆਂ ਰਚਨਾਵਾਂ ਬੇਹੱਦ ਪਸੰਦ ਹਨ। ਅਮਰਦੀਪ ਗਿੱਲ ਦੀ ਕਵਿਤਾਵਾਂ ਦੀ ਪਹਿਲੀ ਕਿਤਾਬ ‘ਵਰਤਮਾਨ ਦਾ ਜਨਾਮਾ’ ਵੀ ਛਪੀ ਸੀ ਜਿਸ ਵਿਚ ਉਸ ਤੋਂ ਇਲਾਵਾ ਦੋ ਹੋਰ ਕਵੀਆਂ ਦੀਆਂ ਰਚਨਾਵਾਂ ਵੀ ਸਨ। ਉਹਦਾ ਲਿਖਿਆ ਪਹਿਲਾ ਰਿਕਾਰਡ ਹੋਇਆ ਗੀਤ ‘ਕੁੜੀਆਂ ਤਾਂ ਕੁੜੀਆਂ ਨੇ’ ਹੰਸ ਰਾਜ ਹੰਸ ਦੀ ਟੇਪ ‘ਲਾਲ ਗਰਾਰਾ’ ਵਿਚਲਾ ਹੈ। ਫ਼ਿਰ ‘ਪਰਦੇਸਣ ਧੀਆਂ’, ‘ਇਹ ਪੰਜਾਬ ਵੀ ਮੇਰਾ ਏ’, ‘ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ’ ਜਿਹੇ ਗੀਤ ਵੀ ਹੰਸ ਨੇ ਗਾਏ। ਉਸ ਦੇ ਗੀਤ ‘ਔਹ ਵੇਖੋ ਸੜਕਾਂ ‘ਤੇ ਅੱਗ ਤੁਰੀ ਜਾਂਦੀ ਹੈ’ ਦੀ ਬਹੁਤ ਆਲੋਚਨਾ ਹੋਈ ਤੇ ਹੁਣ ਵੀ ਹੋ ਰਹੀ ਹੈ, ਪਰ ਅਸਲ ਵਿਚ ਇਸ ਅੱਗ ਦਾ ਇਸ਼ਾਰਾ ਕ੍ਰਾਂਤੀ ਤੇ ਜੁਝਾਰੂ ਜਵਾਨੀ ਸੀ, ਪਰæææ। ਹੁਣ ਅਮਰਦੀਪ ਗਿੱਲ ਆਪਣੀ ਨਵੀਂ ਫ਼ਿਲਮ ‘ਕੱਲਰੀ ਧਰਤੀ’ ਦੀ ਸ਼ੂਟਿੰਗ ਕਰਨ ਦੀ ਤਿਆਰੀ ਵਿਚ ਹੈ ਜੋ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਕੱਲਰੀ ਧਰਤੀ’ ਉਤੇ ਆਧਾਰਿਤ ਹੋਵੇਗੀ। ਇਸ ਦਾ ਰੰਗ ਵੀ ‘ਸੁੱਤਾ ਨਾਗ’ ਵਰਗਾ ਹੀ ਹੋਵੇਗਾ ਅਤੇ ਇਸ ਉਤੇ ਅਮਰਦੀਪ ਪੂਰੀ ਮਿਹਨਤ ਕਰ ਰਿਹਾ ਹੈ।
-ਜਗਰਾਜ ਗਿੱਲ ਸ਼ਾਰਲਟ
ਫੋਨ: 704-257-6693

Be the first to comment

Leave a Reply

Your email address will not be published.