ਕਰੋਨਾ ਵਾਇਰਸ ਕਾਰਨ ਵਧ ਰਿਹਾ ਆਰਥਕ ਮੰਦਵਾੜਾ

ਅੱਬਾਸ ਧਾਲੀਵਾਲ, ਮਾਲੇਰਕੋਟਲਾ
ਫੋਨ: 91-98552-59650
ਅੱਜ ਕਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆਂ ਵਿਚ ਫੈਲ ਜਾਣ ਕਾਰਨ ਸਮੁੱਚੀ ਮਾਨਵਤਾ ਗੰਭੀਰ ਚਿੰਤਾ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ ਹੁਣ ਤੱਕ ਇਸ ਦੀ ਲਪੇਟ ‘ਚ ਦੁਨੀਆਂ ਦੇ ਕਰੀਬ 156 ਦੇਸ਼ ਆ ਚੁਕੇ ਹਨ। ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਹਰ ਰੋਜ ਵਧ ਰਹੀ ਹੈ।

ਅਮਰੀਕਾ ਅਤੇ ਚੀਨ ਵਿਚਾਲੇ ਪਿਛਲੇ ਲੰਮੇ ਸਮੇਂ ਤੋਂ ਟਰੇਡ ਵਾਰ ਚਲ ਰਹੀ ਸੀ। ਹੁਣ ਕਰੋਨਾ ਵਾਇਰਸ ਕਾਰਨ ਦੋਵੇਂ ਦੇਸ਼ ਇਕ ਦੂਜੇ ਦੇ ਆਹਮੋ ਸਾਹਮਣੇ ਹਨ। ਅਮਰੀਕਾ ਇਸ ਨੂੰ ਚੀਨ ਦੇ ਵੂਹਾਨ ਤੋਂ ਫੈਲਣ ਵਾਲੀ ਮਹਾਂਮਾਰੀ ਆਖ ਰਿਹਾ ਹੈ, ਦੂਜੇ ਪਾਸੇ ਇਕ ਰਿਪੋਰਟ ਅਨੁਸਾਰ ਚੀਨ ਦੀ ਸਰਕਾਰ ਨੇ ਅਮਰੀਕਾ ‘ਤੇ ਦੋਸ਼ ਲਾਇਆ ਹੈ ਕਿ ਅਮਰੀਕੀ ਆਰਮੀ ਕਰੋਨਾ ਵਾਇਰਸ ਵੂਹਾਨ ਲੈ ਕੇ ਆਈ ਸੀ, ਇਸ ਪਿਛੋਂ ਇਹ ਪੂਰੀ ਦੁਨੀਆਂ ਵਿਚ ਫੈਲ ਗਿਆ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਜਿਅਨ ਝਾਓ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਹੋ ਸਕਦਾ ਹੈ, ਅਮਰੀਕੀ ਸੈਨਾ ਹੀ ਵੂਹਾਨ ਵਿਚ ਕਰੋਨਾ ਵਾਇਰਸ ਲੈ ਕੇ ਆਈ ਹੋਵੇ। ਦਲੀਲ ਵਿਚ ਝਾਓ ਨੇ ਇਹ ਹਵਾਲਾ ਵੀ ਦਿੱਤਾ ਹੈ ਕਿ ਅਮਰੀਕਾ ਵਿਚ ਸੀ. ਡੀ. ਸੀ. ਦੇ ਰਾਬਰਟ ਰੇਡਫੀਲਡ ਨੇ ਹਾਊਸ ਆਫ ਰਿਪਰਜ਼ੈਂਟੇਟਿਵ ਦੇ ਸਾਹਮਣੇ ਇਹ ਮੰਨਿਆ ਹੈ ਕਿ ਇੰਫਲੂੰਐਜਾ ਵਿਖੇ ਹੋਣ ਵਾਲੀਆਂ ਕੁਝ ਮੌਤਾਂ ਦੀ ਅਸਲ ਵਜ੍ਹਾ ਕਰੋਨਾ ਵਾਇਰਸ ਸੀ।
ਹੁਣ ਕਰੋਨਾ ਵਾਇਰਸ ਦੇ ਸਾਈਡ ਇਫੈਕਟ ਵੀ ਦੁਨੀਆਂ ਦੇ ਕੰਮਾਂ ਕਾਰਾਂ ‘ਤੇ ਸਪਸ਼ੱਟ ਨਜ਼ਰ ਆਉਣ ਲੱਗੇ ਹਨ। ਵੱਡੇ ਵੱਡੇ ਦੇਸ਼ਾਂ ਦੇ ਸ਼ੇਅਰ ਬਾਜ਼ਾਰ ਨਿੱਤ ਨਵੀਆਂ ਗਿਰਾਵਟਾਂ ਵੱਲ ਜਾ ਰਹੇ ਹਨ। ਭਾਰਤੀ ਅਰਥ-ਵਿਵਸਥਾ, ਜੋ ਪਿਛਲੇ ਕਾਫੀ ਸਮੇਂ ਤੋਂ ਮੰਦੀ ਨਾਲ ਜੂਝ ਰਹੀ ਹੈ, ਅਜਿਹੇ ਹਾਲਾਤ ਵਿਚ ਹੋਰ ਵੱਧ ਮੰਦਹਾਲੀ ਦਾ ਸ਼ਿਕਾਰ ਹੋ ਗਈ ਹੈ। ਸੰਯੁਕਤ ਰਾਸ਼ਟਰ ਦੀ ਕਾਨਫਰੰਸ ਆਨ ਟਰੇਡਿੰਗ ਡਿਵੈਲਪਮੈਂਟ ਅਨੁਸਾਰ ਕਰੋਨਾ ਵਾਇਰਸ ਕਾਰਨ ਪ੍ਰਭਾਵਤ ਹੋਣ ਵਾਲੀਆਂ ਵਿਸ਼ਵ ਦੀਆਂ 15 ਵੱਡੀਆਂ ਅਰਥ-ਵਿਵਸਥਾਵਾਂ ਵਿਚੋਂ ਇੱਕ ਭਾਰਤ ਵੀ ਹੈ। ਇਕ ਅੰਦਾਜ਼ੇ ਮੁਤਾਬਕ ਭਾਰਤ ਦੀ ਅਰਥ-ਵਿਵਸਥਾ ਨੂੰ ਕਰੀਬ 34.8 ਕਰੋੜ ਡਾਲਰ ਦਾ ਨੁਕਸਾਨ ਬਰਦਾਸ਼ਤ ਕਰਨਾ ਪੈ ਸਕਦਾ ਹੈ।
ਉਧਰ ਯੂਰਪ ਦੇ ਆਰਥਕ ਸਹਿਯੋਗ ਤੇ ਵਿਕਾਸ ਸੰਗਠਨ (ਓ. ਈ. ਸੀ. ਡੀ.) ਨੇ 2020-21 ਲਈ ਭਾਰਤ ਦੀ ਆਰਥਕ ਵਿਕਾਸ ਦਰ ਦਾ ਅਨੁਮਾਨ 1.1 ਫੀਸਦੀ ਘਟਾ ਦਿੱਤਾ ਹੈ। ਓ. ਈ. ਸੀ. ਡੀ. ਦਾ ਪਹਿਲਾਂ ਅਨੁਮਾਨ ਸੀ ਕਿ ਭਾਰਤ ਦੀ ਵਿਕਾਸ ਦਰ 6.2 ਫੀਸਦੀ ਰਹੇਗੀ, ਪਰ ਹੁਣ ਉਸ ਨੇ ਇਹ ਘਟਾ ਕੇ 5.1 ਫੀਸਦੀ ਕਰ ਦਿੱਤੀ ਹੈ।
ਇਸ ਸਮੇਂ ਕਰੋਨਾ ਵਾਇਰਸ ਦੇ ਡਰ ਦਾ ਮਾਹੌਲ ਲੋਕਾਂ ਦੇ ਮਨਾਂ ‘ਤੇ ਇਸ ਕਦਰ ਹਾਵੀ ਹੈ ਕਿ ਉਹ ਆਪਣੇ ਪਾਸ ਦਵਾਈਆਂ, ਮਾਸਕ ਤੇ ਸੈਨੇਟਾਈਜ਼ਰ ਜਮ੍ਹਾਂ ਕਰਨ ਲੱਗ ਪਏ ਹਨ। ਮੈਡੀਕਲ ਸਟੋਰਾਂ ‘ਤੇ ਦਵਾਈਆਂ ਦੀ ਕਮੀ ਹੋ ਰਹੀ ਹੈ। ਵੱਡੇ ਵੱਡੇ ਸ਼ਹਿਰਾਂ ਦੇ ਕੈਮਿਸਟ ਦਵਾਈਆਂ, ਮਾਸਕ ਤੇ ਸੈਨੇਟਾਈਜ਼ਰ ਦੇ ਆਰਡਰ ਦੇ ਰਹੇ ਹਨ, ਪਰ ਦੂਜੇ ਪਾਸੇ ਮਾਲ ਨਹੀਂ ਮਿਲ ਰਿਹਾ।
ਇਕ ਰਿਪੋਰਟ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਆਨਲਾਈਨ ਥੋਕ ਕਾਰੋਬਾਰ ਕਰਨ ਵਾਲੀ ਕੰਪਨੀ ਟਰੇਡ ਇੰਡੀਆ ਡਾਟ ਕਾਮ ਮੁਤਾਬਕ ਪਿਛਲੇ ਤਿੰਨ ਮਹੀਨਿਆਂ ਦੌਰਾਨ ਮਾਸਕ ਤੇ ਸੈਨੇਟਾਈਜ਼ਰ ਦੀ ਮੰਗ ਵਿਚ 316 ਫੀਸਦੀ ਦਾ ਵਾਧਾ ਹੋ ਚੁਕਾ ਹੈ ਅਤੇ ਮੰਗ ਲਗਾਤਾਰ ਵਧ ਰਹੀ ਹੈ।
ਇਥੇ ਜ਼ਿਕਰਯੋਗ ਹੈ ਕਿ ਭਾਰਤ ਜੈਨੇਰਿਕ ਦਵਾਈਆਂ ਦਾ ਦੁਨੀਆਂ ਵਿਚ ਸਭ ਤੋਂ ਵੱਡਾ ਸਪਲਾਇਰ ਹੈ। ਚੀਨ ਵਿਚ ਉਤਪਾਦਨ ਬੰਦ ਹੋਣ ਕਾਰਨ ਭਾਰਤ ਨੇ ਕੁਝ ਦਵਾਈਆਂ ਦੇ ਨਿਰਯਾਤ ‘ਤੇ ਪਾਬੰਦੀ ਲਾ ਦਿੱਤੀ ਹੈ, ਤਾਂ ਜੋ ਘਰੇਲੂ ਮੰਗ ਦੀ ਪੂਰਤੀ ਨੂੰ ਯਕੀਨੀ ਬਣਾਇਆ ਜਾ ਸਕੇ। ਵੈਸੇ ਕਰੋਨਾ ਵਾਇਰਸ ਦਾ ਸਭ ਤੋਂ ਮਾੜਾ ਪ੍ਰਭਾਵ ਸੈਰ-ਸਪਾਟਾ ਉਦਯੋਗ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਹਾਲਾਤ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ ਭਾਰਤ ਨੇ ਇਟਲੀ, ਇਰਾਨ, ਦੱਖਣੀ ਕੋਰੀਆ ਤੇ ਜਪਾਨ ਸਮੇਤ ਕਈ ਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਦੇ ਦਾਖਲੇ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਭਾਰਤ ਆਉਣ ਵਾਲੇ ਯਾਤਰੀਆਂ ਵਿਚ ਵੱਡੀ ਪੱਧਰ ‘ਤੇ ਕਮੀ ਆਈ ਹੈ, ਜਿਸ ਦੇ ਫਲਸਰੂਪ ਦੇਸ਼ ਵਿਚਲੇ ਹੋਟਲਾਂ ਦੇ ਕਮਰਿਆਂ ਦੀ ਬੁਕਿੰਗ ਵਿਚ 20 ਤੋਂ 90 ਫੀਸਦੀ ਦੀ ਕਮੀ ਆ ਗਈ ਹੈ।
ਟਰੈਵਲਜ਼ ਐਂਡ ਟੂਰਿਜ਼ਮ ਕੌਂਸਲ ਨੇ ਵਿਸ਼ਵ ਦੇ ਸੈਰ-ਸਪਾਟਾ ਉਦਯੋਗ ਦੇ ਕਰੋਨਾ ਵਾਇਰਸ ਤੋਂ ਪ੍ਰਭਾਵਤ ਹੋਣ ਬਾਰੇ ਕੀਤੇ ਇਕ ਅਧਿਐਨ ਵਿਚ ਕਿਹਾ ਹੈ ਕਿ ਕੋਵਿਡ-19 ਨਾਲ ਸੈਰ-ਸਪਾਟਾ ਸਨਅਤ ਨੂੰ 22 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਸੇ ਤਰ੍ਹਾਂ ਹਵਾਬਾਜ਼ੀ ਉਦਯੋਗ ਨੂੰ ਵੀ 63 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਸੈਰ-ਸਪਾਟਾ ਉਦਯੋਗ ‘ਤੇ ਕਰੋਨਾ ਵਾਇਰਸ ਦਾ ਜੋ ਸਭ ਤੋਂ ਬੁਰਾ ਪ੍ਰਭਾਵ ਪੈ ਰਿਹਾ ਹੈ, ਉਹ ਇਹ ਹੈ ਕਿ ਤੈਅ ਹੋਏ ਪ੍ਰੋਗਰਾਮ ਰੱਦ ਹੋ ਰਹੇ ਹਨ। ਸੀ. ਏ. ਆਈ. ਟੀ. ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਮੀਡੀਆ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਵੱਖ-ਵੱਖ ਵਪਾਰਕ ਸੰਗਠਨਾਂ ਵੱਲੋਂ ਦੇਸ਼ ਭਰ ਵਿਚ ਹੋਣ ਵਾਲੇ 10 ਹਜ਼ਾਰ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕਰੀਬ 4,000 ਉਡਾਣਾਂ ਰੱਦ ਹੋਈਆਂ ਹਨ ਅਤੇ ਟੂਰ ਐਂਡ ਟਰੈਵਲ ਨਾਲ ਜੁੜੇ ਲੋਕਾਂ ਦੀਆਂ 5 ਕਰੋੜ ਨੌਕਰੀਆਂ ਨੂੰ ਖਤਰਾ ਪੈਦਾ ਹੋ ਗਿਆ ਹੈ।
ਸੈਰ-ਸਪਾਟਾ, ਹਵਾਬਾਜ਼ੀ ਤੇ ਹੋਟਲ ਸਨਅਤ ਤੋਂ ਇਲਾਵਾ ਬਾਕੀ ਸਨਅਤਾਂ ਵਿਚ ਵੀ ਕਰੋਨਾ ਵਾਇਰਸ ਕਾਰਨ ਮੁਸ਼ਕਿਲਾਂ ਦੇ ਦੌਰ ਸ਼ੁਰੂ ਹੋ ਗਏ ਹਨ। ਆਟੋਮੋਬਾਇਲ ਸੈਕਟਰ, ਜਿਸ ਵਿਚ ਪੌਣੇ ਚਾਰ ਕਰੋੜ ਲੋਕ ਕੰਮ ਕਰਦੇ ਹਨ, ਪਹਿਲਾਂ ਤੋਂ ਹੀ ਮੰਦੀ ਦਾ ਸ਼ਿਕਾਰ ਸੀ। ਹੁਣ ਚੀਨ ਵਿਚ ਮੰਦੀ ਕਾਰਨ ਇਸ ਸੈਕਟਰ ਵਿਚ ਕਲਪੁਰਜ਼ਿਆਂ ਦੀ ਕਿੱਲਤ ਸ਼ੁਰੂ ਹੋ ਗਈ ਹੈ। ਇਸ ਤੋਂ ਬਿਨਾ ਭਵਿੱਖ ਤੋਂ ਚਿੰਤਤ ਕੋਈ ਵੀ ਵਿਅਕਤੀ ਨਵੀਂ ਕਾਰ ਜਾਂ ਹੋਰ ਵਾਹਨ ਖਰੀਦਣ ਬਾਰੇ ਸੋਚਦਾ ਵੀ ਨਹੀਂ।
ਦੇਸ਼ ਦੇ ਵੱਖ ਵੱਖ ਸੂਬਿਆਂ ਨੇ ਵੀ ਇਹਤਿਆਤੀ ਕਦਮ ਚੁੱਕਦਿਆਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ 31 ਮਾਰਚ ਤੱਕ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਜਿਮ, ਰੈਸਟੋਰੈਂਟ ਅਤੇ ਸਵਿਮਿੰਗ ਪੂਲ ਵੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ।
ਕਰੋਨਾ ਵਾਇਰਸ ਦੇ ਸੰਤਾਪ ਨੇ ਸਭ ਤੋਂ ਵੱਧ ਨੁਕਸਾਨ ਜਵਾਹਰਾਤ ਤੇ ਜਿਊਲਰੀ ਕਾਰੋਬਾਰ ਦਾ ਕੀਤਾ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਸੈਕਟਰ ਵਿਚ ਕਰੀਬ ਸਵਾ ਅਰਬ ਡਾਲਰ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਤਰਾਸ਼ੇ ਹੀਰਿਆਂ ਦੇ ਸਭ ਤੋਂ ਵੱਡੇ ਖਰੀਦਦਾਰ ਚੀਨ ਅਤੇ ਹਾਂਗਕਾਂਗ ਹਨ। ਇਤਫਾਕਨ ਉਕਤ ਦੋਵਾਂ ਥਾਂਵਾਂ ‘ਤੇ ਹੀ ਕਰੋਨਾ ਵਾਇਰਸ ਦੀ ਮਾਰ ਵੱਧ ਹੈ। ਇਹੋ ਵਜ੍ਹਾ ਹੈ ਕਿ ਇਸ ਵਕਤ ਇਨ੍ਹਾਂ ਦੇਸ਼ਾਂ ਤੋਂ ਪੁਰਾਣੇ ਭੇਜੇ ਮਾਲ ਦਾ ਭੁਗਤਾਨ ਨਹੀਂ ਹੋ ਰਿਹਾ ਤੇ ਨਾ ਕੋਈ ਨਵਾਂ ਆਰਡਰ ਮਿਲ ਰਿਹਾ ਹੈ।
ਪੋਲਟਰੀ ਉਦਯੋਗ ਨੂੰ ਵੀ ਕਈ ਤਰ੍ਹਾਂ ਦੀਆਂ ਅਫਵਾਹਾਂ ਦੇ ਚਲਦਿਆਂ ਡਾਢੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੋ ਵਜ੍ਹਾ ਹੈ ਕਿ ਚਿਕਨ ਤੇ ਆਂਡੇ ਖਾਣ ਨਾਲ ਕਰੋਨਾ ਹੋ ਜਾਣ ਦੀਆਂ ਅਫਵਾਹਾਂ ਨੇ ਸਮੁੱਚੇ ਦੇਸ਼ ਦੇ ਪੋਲਟਰੀ ਉਦਯੋਗ ਦਾ ਦਮ ਕੱਢ ਕੇ ਰੱਖ ਦਿੱਤਾ ਹੈ। ਇਥੋਂ ਤੱਕ ਕਿ ਕਈ ਸ਼ਹਿਰਾਂ ਵਿਚ ਜੋ ਮੁਰਗਾ 150 ਤੋਂ ਲੈ ਕੇ 170 ਰੁਪਏ ਕਿਲੋ ਵਿਕਦਾ ਸੀ, ਅੱਜ ਕੱਲ ਅੱਧੇ ਮੁੱਲ ‘ਤੇ ਵਿਕਦਾ ਹੈ। ਅਜਿਹੇ ਹਾਲਾਤ ਅਜੇ ਕਿੰਨਾ ਕੁ ਚਿਰ ਬਣੇ ਰਹਿਣਗੇ, ਇਸ ਬਾਰੇ ਕੁਝ ਵੀ ਕਹਿ ਸਕਣਾ ਫਿਲਹਾਲ ਮੁਸ਼ਕਿਲ ਹੈ।