ਸੁਰਿੰਦਰ ਸਿੰਘ ਤੇਜ
ਫਿਲਮ ‘ਸਿਲਸਿਲਾ’ (1981) ਦੇ ਗੀਤ ਅੱਜ ਵੀ ਓਨੇ ਹੀ ਮਕਬੂਲ ਹਨ ਜਿੰਨੇ ਇਸ ਦੇ ਰਿਲੀਜ਼ ਹੋਣ ਸਮੇਂ ਸਨ। ਅਮਿਤਾਭ ਬੱਚਨ, ਰੇਖਾ, ਜਯਾ ਬੱਚਨ ਤੇ ਸੰਜੀਵ ਕੁਮਾਰ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਸ ਫਿਲਮ ਵਿਚ ਵਿਸ਼ਾ ਵਸਤੂ ਪੱਖੋਂ ਤਾਜ਼ਗੀ ਸੀ। ਇਸ ਤਾਜ਼ਗੀ ਨੂੰ ਹੁਣ ਤਕ ਬਰਕਰਾਰ ਰੱਖਣ ਵਿਚ ਫਿਲਮ ਦੇ ਸੰਗੀਤ ਨੇ ਮੁੱਖ ਭੂਮਿਕਾ ਨਿਭਾਈ। ਇਹ ਸੰਗੀਤ ਸੰਤੂਰਵਾਦਕ ਸ਼ਿਵਕੁਮਾਰ ਸ਼ਰਮਾ ਤੇ ਬੰਸਰੀਨਵਾਜ਼ ਹਰੀਪ੍ਰਸਾਦ ਚੌਰਸੀਆ ਦੀ ਜੋੜੀ ਨੇ ਦਿੱਤਾ ਸੀ। ਦੋਵਾਂ ਦੀ ਦੋਸਤੀ 1960ਵਿਆਂ ਵਿਚ ਜਲੰਧਰ ਦੇ ਹਰਿਵੱਲਭ ਸੰਗੀਤ ਸੰਮੇਲਨ ਵਿਚ ਸ਼ਮੂਲੀਅਤ ਦੇ ਦਿਨਾਂ ਦੀ ਸੀ। ਦੋਵੇਂ ਸ਼ਾਸਤਰੀ ਸੰਗੀਤ ਦੇ ਖੇਤਰ ਵਿਚ ਚੰਗਾ ਨਾਮ ਕਮਾ ਚੁੱਕੇ ਸਨ, ਪਰ ਦੋਵਾਂ ਦੀ ਰੋਟੀ ਉਤੇ ਮੱਖਣ ਫਿਲਮ ਗੀਤਾਂ ਲਈ ਸਾਜ਼ਿੰਦਿਆਂ ਵਜੋਂ ਹੋਣ ਵਾਲੀ ਕਮਾਈ ਦੇ ਜ਼ਰੀਏ ਹੀ ਲੱਗਦਾ ਸੀ। ਫਿਲਮ ਸੰਗੀਤਕਾਰ ਦੋਵਾਂ ਨੂੰ ਮਾਣ-ਤਾਣ ਦਿੰਦੇ ਸਨ, ਪਰ ਸਿਰਫ ਓਨਾ ਕੁ ਹੀ ਜਿੰਨਾ ਕਿਸੇ ਚੰਗੇ ਸਾਜ਼ਿੰਦੇ ਨੂੰ ਮਿਲਣਾ ਚਾਹੀਦਾ ਹੈ। ਇਸ ਵਰਤਾਵੇ ਤੋਂ ਦੋਵੇਂ ਨਾਖੁਸ਼ ਸਨ।
ਇਸ ਨਾਖੁਸ਼ੀ ਨੂੰ ਫਿਲਮਸਾਜ਼ ਯਸ਼ ਚੋਪੜਾ ਨੇ ਪਛਾਣਿਆ। ਉਨ੍ਹਾਂ ਨੇ ‘ਕਭੀ ਕਭੀ’ (1976) ਜ਼ਰੀਏ ਸੰਗੀਤਕਾਰ ਖੱਯਾਮ ਨੂੰ ਫਿਲਮ ਸੰਗੀਤ ਦੇ ਖੇਤਰ ਵਿਚ ਵਾਪਸੀ ਲਈ ਮੰਚ ਮੁਹੱਈਆ ਕੀਤਾ ਸੀ। ਖੱਯਾਮ, ਯਸ਼ਰਾਜ ਫਿਲਮਜ਼ ਤੇ ਇਸ ਦੇ ਸਹਿਯੋਗੀਆਂ ਲਈ ਛੇ ਫਿਲਮਾਂ ਦਾ ਸੰਗੀਤ ਦੇ ਚੁੱਕੇ ਸਨ; ਪਰ ‘ਸਵਾਲ’ (1982) ਤੋਂ ਇਹ ਆਭਾਸ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਧੁਨਾਂ ‘ਚ ਦੁਹਰਾਅ ਹਾਵੀ ਹੋ ਗਿਆ ਹੈ। ‘ਕਭੀ ਕਭੀ’ ਵਾਲੀ ਤਾਜ਼ਗੀ ਗਾਇਬ ਹੋ ਚੁੱਕੀ ਹੈ। ਤਾਜ਼ਗੀ ਦੀ ਤਲਾਸ਼ ਨੇ ਯਸ਼ ਚੋਪੜਾ ਨੂੰ ਸ਼ਿਵ-ਹਰੀ ਦੀ ਸੰਗੀਤਕਾਰ ਜੋੜੀ ਖੜ੍ਹੀ ਕਰਨ ਦੇ ਰਾਹ ਪਾਇਆ। ਇਹ ਤਜਰਬਾ ਕਾਮਯਾਬ ਸਾਬਤ ਹੋਇਆ। ਯਸ਼ਰਾਜ ਫਿਲਮਜ਼ ਨੂੰ ਅਗਲੇ ਇਕ ਦਹਾਕੇ ਲਈ ਸਥਾਈ ਸੰਗੀਤਕਾਰ ਜੋੜੀ ਮਿਲ ਗਈ। ਦੋਵੇਂ ਪੰਡਿਤ- ਸ਼ਿਵ ਕੁਮਾਰ ਸ਼ਰਮਾ ਤੇ ਹਰੀਪ੍ਰਸਾਦ ਚੌਰਸੀਆ, ਫਿਲਮ ਸੰਗੀਤ ਦੇ ਖੇਤਰ ਵਿਚ ਵੀ ਕੱਦਾਵਰ ਹਸਤੀਆਂ ਬਣ ਗਏ ਅਤੇ ਸ਼ਾਸਤਰੀ ਸੰਗੀਤ ਦੇ ਖੇਤਰ ਵਿਚ ਵੀ ਉਨ੍ਹਾਂ ਦੀਆਂ ਐਲਬਮਾਂ ਧੜਾਧੜ ਵਿਕਣ ਲੱਗੀਆਂ।
ਅਜਿਹੀਆਂ ਦਰਜਨਾਂ ਕਹਾਣੀਆਂ ਨਾਲ ਲੈਸ ਹੈ ਸੀਨੀਅਰ ਪੱਤਰਕਾਰ ਸਤਿਆ ਸਰਨ ਦੀ ਕਿਤਾਬ ‘ਬ੍ਰੈਥ ਆਫ ਗੋਲਡ’ (ਸੋਨੇ ਦਾ ਸਾਹ)। ਇਹ ਕਿਤਾਬ ਹਰੀਪ੍ਰਸਾਦ ਚੌਰਸੀਆ ਦੀ ਜੀਵਨ ਕਹਾਣੀ ਹੈ। ਕਿਤਾਬ ਅੰਦਰਲੀ ਲੇਖਣੀ ਓਨੀ ਹੀ ਪੁਰਸੋਜ਼ ਤੇ ਲੈਅਦਾਰ ਹੈ ਜਿੰਨਾ ਹਰੀਪ੍ਰਸਾਦ ਦਾ ਬੰਸਰੀਵਾਦਨ। ਉਹ ਇਸ ਵੇਲੇ ਦੇਸ਼ ਦਾ ਸਿਰਮੌਰ ਬੰਸਰੀਨਵਾਜ਼ ਹੈ। ਦਰਅਸਲ, ਪੰਡਿਤ ਪੰਨਾ ਲਾਲ ਘੋਸ਼ ਤੋਂ ਬਾਅਦ ਹਰੀਪ੍ਰਸਾਦ ਚੌਰਸੀਆ ਦੂਜਾ ਅਜਿਹਾ ਬੰਸਰੀਵਾਦਕ ਹੈ ਜਿਸ ਨੇ ਮੁਰਲੀ/ਵੰਝਲੀ/ਬੰਸਰੀ ਨੂੰ ਰੂਹਾਨੀਅਤ ਪਰ ਮਾਇਕ ਗ਼ੁਰਬਤ ਦੇ ਦਾਇਰੇ ਵਿਚੋਂ ਕੱਢ ਕੇ ਇਨਸਾਨੀਅਤ ਤੇ ਆਲਮੀਅਤ ਦਾ ਸਾਜ਼ ਬਣਾਇਆ। ਇਸ ਕਾਰਜ ਵਿਚਲੀ ਉਸ ਦੀ ਪ੍ਰਗਤੀ ਦੀ ਹਮਕਦਮੀ ਕੌਮੀ ਐਜਾਜ਼ ਵੀ ਕਰਦੇ ਰਹੇ। ਪਹਿਲਾਂ ਪਦਮਸ੍ਰੀ, ਫਿਰ ਪਦਮ ਭੂਸ਼ਨ, ਫਿਰ ਪਦਮ ਵਿਭੂਸ਼ਨ। ਦੁਨੀਆਂ ਭਰ ਦੀਆਂ ਗੈਰ ਸਰਕਾਰੀ ਸੰਸਥਾਵਾਂ ਵਲੋਂ ਦਿੱਤੇ ਗਏ ਸਨਮਾਨਾਂ ਦੀ ਫਹਿਰਿਸਤ ਤਾਂ ਲੱਠੇ ਦੇ ਥਾਨ ਜਿੰਨੀ ਲੰਮੀ ਹੈ। ਇਹ ਮੁਕਾਮ ਹਾਸਿਲ ਕਰਨ ਲਈ ਚੌਰਸੀਆ ਨੂੰ ਜੋ ਜੱਦੋਜਹਿਦ, ਜੋ ਸਾਧਨਾ ਕਰਨੀ ਪਈ, ਉਸ ਨੂੰ ਜਾਨਦਾਰ ਤਰਤੀਬ ਦਿੰਦੀ ਹੈ ਸਤਿਆ ਸਰਨ ਦੀ ਕਿਤਾਬ।
ਚੌਰਸੀਆ ਬਾਰੇ ਇਹ ਚੌਥੀ ਕਿਤਾਬ ਹੈ। ਪਹਿਲੀਆਂ ਤਿੰਨ ਵੀ ਨਾਮਵਰਾਂ ਨੇ ਲਿਖੀਆਂ। ਪਹਿਲੀ ਕਲਾ ਪਾਰਖੂ ਪੱਤਰਕਾਰ ਉਮਾ ਵਾਸੂਦੇਵ ਨੇ, ਦੂਜੀ ਸੰਗੀਤ ਸਾਧਕ ਸੁਰਜੀਤ ਸਿੰਘ ਨੇ ਅਤੇ ਤੀਜੀ ਵਿਦੇਸ਼ੀ ਸੰਗੀਤ ਸ਼ਾਸਤਰੀ ਜੌਹਨ ਮੈਕਲੌਲਿਨ ਨੇ। ‘ਫੈਮਿਨਾ’ ਰਸਾਲੇ ਦੀ ਸਾਬਕਾ ਸੰਪਾਦਕ ਤੇ ਸ਼ਾਸਤਰੀ ਸੰਗੀਤ ਦੀ ਗਿਆਨਵਾਨ ਸਤਿਆ ਸਰਨ ਨੂੰ ਕਿਤਾਬ ਲਿਖਣ ਲਈ ਹਰੀਪ੍ਰਸਾਦ ਦੇ ਬੇਟੇ ਰਾਜੀਵ ਚੌਰਸੀਆ ਨੇ ਮਨਾਇਆ ਤਾਂ ਜੋ “ਪੰਡਿਤ ਜੀ ਦੇ ਜੀਵਨ ਤੇ ਯੋਗਦਾਨ ਨੂੰ ਸਰਲ ਸ਼ਬਦਾਵਲੀ ਤੇ ਰੌਚਿਕ ਲਹਿਜੇ ‘ਚ ਸੰਗੀਤ ਪ੍ਰੇਮੀਆਂ ਤਕ ਪਹੁੰਚਾਇਆ ਜਾ ਸਕੇ।” ਸਤਿਆ ਨੇ ਇਹ ਕੰਮ ਬਾਖੂਬੀ ਕੀਤਾ ਹੈ।
ਪਹਿਲੀ ਜੁਲਾਈ 1938 ਨੂੰ ਅਲਾਹਾਬਾਦ (ਪ੍ਰਯਾਗਰਾਜ) ਵਿਚ ਜਨਮਿਆ ਹਰੀਪ੍ਰਸਾਦ ਛੇ ਵਰ੍ਹਿਆਂ ਦਾ ਸੀ ਜਦੋਂ ਮਾਂ ਗੁਜ਼ਰ ਗਈ। ਪਿਤਾ ਛੇਦੀ ਲਾਲ ਨੇ ਬੇਟੀ ਤੇ ਦੋ ਬੇਟਿਆਂ (ਹਰੀਪ੍ਰਸਾਦ ਵਿਚਕਾਰਲੀ ਔਲਾਦ ਸੀ) ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਆਪਣੇ ਸਿਰ ‘ਤੇ ਲੈਂਦਿਆਂ ਦੁਬਾਰਾ ਵਿਆਹ ਨਹੀਂ ਕਰਾਇਆ। ਛੇਦੀ ਲਾਲ ਭਲਵਾਨ ਸੀ, ਅਖਾੜਾ ਚਲਾਉਂਦਾ ਸੀ, ਦੁੱਧ ਵੀ ਵੇਚਦਾ ਸੀ, ਪਰ ਬੱਚਿਆਂ ਲਈ ਰੋਟੀ-ਟੁੱਕ ਆਪਣੇ ਹੱਥੀਂ ਬਣਾਉਂਦਾ ਸੀ। ਉਹ ਸਨੇਹੀ ਪਿਤਾ ਸੀ, ਪਰ ਅਨੁਸ਼ਾਸਨ ਦਾ ਪੱਕਾ ਪਾਬੰਦ। ਹਰੀਪ੍ਰਸਾਦ ਦਾ ਜੀਵਨ ਟੀਚਾ ਉਸ ਨੇ ਉਸ ਦੇ ਜਨਮ ਵੇਲੇ ਤੋਂ ਹੀ ਮਿਥ ਰੱਖਿਆ ਸੀ: ਭਲਵਾਨੀ। ਅਖਾੜੇ ਵਿਚ ਰੋਜ਼ਾਨਾ ਛੇ ਘੰਟੇ ਬਿਤਾਉਣੇ ਹਰੀਪ੍ਰਸਾਦ ਲਈ ਲਾਜ਼ਮੀ ਸਨ। ਅਜਿਹੀ ਲਾਜ਼ਮੀਅਤ ਦੇ ਬਾਵਜੂਦ ਹਰੀਪ੍ਰਸਾਦ ਦਾ ਮਨ ਕਦੇ ਵੀ ਅਖਾੜੇ ਵਿਚ ਨਹੀਂ ਲੱਗਿਆ। ਉਸ ਨੂੰ ਮੁਹੱਲੇ ਦੇ ਮੰਦਿਰ ਵਿਚ ਪਿਤਾ ਦੇ ਨਾਲ ਨਾਲ ਭਜਨ ਗਾਉਣੇ ਚੰਗੇ ਲੱਗਦੇ ਸਨ। ਪਿਤਾ ਬੇਸੁਰਾ ਹੁੰਦਾ, ਪੁੱਤਰ ਸੁਰ ਸਹੀ ਕਰ ਦਿੰਦਾ। ਇਸ ਪ੍ਰਤਿਭਾ ਨੂੰ ਮੁਹੱਲੇਦਾਰ ਤਾਂ ਸਮਝ ਗਏ, ਪਰ ਛੇਦੀ ਲਾਲ ਨੇ ਇਸ ਉਤੇ ਕਦੇ ਗੌਰ ਨਹੀਂ ਕੀਤਾ। ਗੌਰ ਇਕ ਗੁਆਂਢਣ ਨੇ ਕੀਤਾ।
ਉਦੋਂ ਹਰੀਪ੍ਰਸਾਦ ਬਾਰ੍ਹਾਂ ਕੁ ਵਰ੍ਹਿਆਂ ਦਾ ਸੀ। ਉਨ੍ਹਾਂ ਦੇ ਐਨ ਗੁਆਂਢ ਵਿਚ ਸੰਗੀਤ ਅਧਿਆਪਕ ਰਾਜਾ ਰਾਮ ਆ ਵਸਿਆ। ਉਸ ਦੀ ਕੋਈ ਔਲਾਦ ਨਹੀਂ ਸੀ। ਉਸ ਦੀ ਪਤਨੀ ਆਪਣੇ ਪਤੀ ਦੇ ਸ਼ਾਗਿਰਦਾਂ ‘ਤੇ ਹੀ ਮਾਂ ਵਾਲਾ ਸਨੇਹ ਨਿਛਾਵਰ ਕਰਦੀ ਸੀ। ਹਰੀਪ੍ਰਸਾਦ ਨੇ ਉਸ ਦਾ ਧਿਆਨ ਖਿੱਚਣ ਲਈ ਅਸਰਦਾਰ ਢੰਗ ਚੁਣਿਆ। ਉਹ ਮੱਝਾਂ ਦੀ ਦੇਖਭਾਲ ਕਰਨ ਵੇਲੇ ਉਚੀ-ਉਚੀ ਭਜਨ ਗਾਉਣ ਲੱਗਾ। ਗੁਆਂਢਣ ਨੂੰ ਉਸ ਦੀ ਆਵਾਜ਼ ਸੁਰੀਲੀ ਲੱਗੀ। ਉਸ ਨੇ ਇਸ ਦੀ ਦੱਸ ਪਤੀ ਨੂੰ ਪਾਈ। ਰਾਜਾ ਰਾਮ ਨੇ ਹਰੀਪ੍ਰਸਾਦ ਨੂੰ ਆਪਣੇ ਘਰ ਬੁਲਾ ਲਿਆ। ਸੰਗੀਤ ਸਿਖਾਉਣ ਦੀ ਪੇਸ਼ਕਸ਼ ਕੀਤੀ ਪਰ ਹਰੀਪ੍ਰਸਾਦ ਨੂੰ ਪਿਤਾ ਦੇ ਗੁੱਸੇ ਦਾ ਡਰ ਸਤਾਉਣ ਲੱਗਾ। ਅਖੀਰ ਉਸ ਨੇ ਚੋਰੀ ਸੰਗੀਤ ਸਿੱਖਣ ਦਾ ਫੈਸਲਾ ਕਰ ਲਿਆ। ਰਾਜਾ ਰਾਮ ਸੁਰ ਫੜਨ ਦੀ ਹਰੀਪ੍ਰਸਾਦ ਦੀ ਕਾਬਲੀਅਤ ਤੋਂ ਪ੍ਰਭਾਵਿਤ ਸੀ, ਪਰ ਮਹਿਸੂਸ ਕਰਦਾ ਸੀ ਕਿ ਉਚੀ ਆਵਾਜ਼ ਵਿਚ ਗਾਉਂਦਿਆਂ ਉਹ ਸੁਰੋਂ ਭਟਕ ਜਾਂਦਾ ਹੈ। ਇਸ ਲਈ ਉਸ ਨੂੰ ਗਾਇਕੀ ਦੀ ਥਾਂ ਸਾਜ਼ਿੰਦਗੀ ਅਪਣਾਉਣ ਦਾ ਮਸ਼ਵਰਾ ਦਿੱਤਾ ਗਿਆ। ਇਸ ਲਈ ਬੰਸਰੀ ਦੀ ਚੋਣ ਫਾਈਨਲ ਹੋ ਗਈ।
ਹਰੀਪ੍ਰਸਾਦ ਮੱਝਾਂ ਸਾਂਭਣ ਦੇ ਬਹਾਨੇ ਦਿਨੇ ਰਾਜਾ ਰਾਮ ਦੇ ਘਰ ਸੁਰ ਸੰਗੀਤ ਦੀ ਸਿੱਖਿਆ ਗ੍ਰਹਿਣ ਕਰਦਾ। ਫਿਰ ਸ਼ਾਮ ਨੂੰ ਅਖਾੜੇ ਵਿਚ ਅਭਿਆਸ ਤੋਂ ਬਾਅਦ ਧੂੜ ਮਿੱਟੀ ਤੇ ਪਸੀਨੇ ਤੋਂ ਮੁਕਤ ਹੋਣ ਦੇ ਬਹਾਨੇ ਗੰਗਾ ਨਦੀ ਦਾ ਪੂਰਾ ਘਾਟ ਪਾਰ ਕਰਕੇ ਦੂਜੇ ਕਿਨਾਰੇ ਤਕ ਜਾਂਦਾ। ਉਥੇ ਤਰਬੂਜ਼ਾਂ ਤੇ ਖੀਰਿਆਂ ਦੇ ਖੇਤਾਂ ਵਿਚ ਬਹਿ ਕੇ ਉਹ ਬੰਸਰੀ ਵਜਾਉਣ ਦਾ ਅਭਿਆਸ ਕਰਦਾ। ਡੇਢ ਸਾਲ ਦੇ ਅੰਦਰ ਉਹ ਬੰਸਰੀ ‘ਤੇ ਖੁਦ ਧੁਨਾਂ ਰਚਣ ਲੱਗਾ। ਇਹ ਹੁਨਰ ਉਸ ਨੂੰ ਸੰਗੀਤ ਸ਼ਾਸਤਰੀ ਭੋਲਾ ਨਾਥ ਪ੍ਰਸੰਨ ਦੇ ਸੰਗੀਤਕ ਅਖਾੜੇ ਵਿਚ ਲੈ ਗਿਆ। ਸ਼ਿਸ਼ ਵਜੋਂ ਸੇਵਾ ਕਰ ਕੇ ਉਸ ਨੇ ਅੱਠ ਵਰ੍ਹੇ ਸੰਗੀਤ ਦੀ ਤਾਲੀਮ ਲਈ। ਇਸੇ ਤਾਲੀਮ ਨੇ ਉਸ ਨੂੰ ਆਕਾਸ਼ਬਾਣੀ ਦੇ ਕਟਕ ਕੇਂਦਰ ਵਿਚ ਨੌਕਰੀ ਦਿਵਾਈ। ਇਸ ਨੌਕਰੀ ਨੇ ਛੇਦੀ ਲਾਲ ਦਾ ਗੁੱਸਾ ਠੰਢਾ ਕਰ ਦਿੱਤਾ, ਘਰ ਵਿਚ ਦਮਲਾ ਨਾਮ ਦੀ ਜੀਵਨ ਸਾਥਣ ਦੀ ਆਮਦ ਸੰਭਵ ਬਣਾਈ ਅਤੇ ਸੰਗੀਤਕਾਰੀ ਵਾਲਾ ਰਾਹ ਖੋਲ੍ਹਿਆ।
ਕਟਕ ਵਿਚਲਾ ਕਿਆਮ ਹਰੀਪ੍ਰਸਾਦ ਲਈ ਫਲਦਾਇਕ ਸਾਬਤ ਹੋਇਆ। ਉਸ ਨੇ ਉੜੀਆ ਸੰਗੀਤ ਸ਼ਾਸਤਰੀ ਭੁਬਨੇਸ਼ਵਰ ਮਿਸ਼ਰਾ ਨਾਲ ਮਿਲ ਕੇ ਭੁਬੇਨ-ਹਰੀ ਦੀ ਜੋੜੀ ਬਣਾਈ। ਕਈ ਉੜੀਆ ਫਿਲਮਾਂ ਲਈ ਸੰਗੀਤ ਦਿੱਤਾ। ਬੰਸਰੀਵਾਦਕ ਦੇ ਰੂਪ ਵਿਚ ਉਸ ਦੀਆਂ ਆਜ਼ਾਦ ਐਲਬਮਾਂ ਆਉਣੀਆਂ ਸ਼ੁਰੂ ਹੋ ਗਈਆਂ। ਸ਼ਿਵਕੁਮਾਰ ਸ਼ਰਮਾ ਨਾਲ ਦੋਸਤੀ ਹੋਈ। ਤਬਲਾਨਵਾਜ਼ ਉਸਤਾਦ ਅੱਲ੍ਹਾ ਰੱਖਾ ਤੇ ਜ਼ਾਕਿਰ ਹੁਸੈਨ ਨਾਲ ਪਹਿਲਾਂ ਤੁਆਰੁਫ ਤੇ ਫਿਰ ਜੁਗਲਬੰਦੀ ਹੋਈ। ਬੰਬਈ ਵੱਲ ਉਡਾਣ ਸੰਭਵ ਹੋਈ। ਹਰ ਨਾਮੀਂ ਫਿਲਮ ਸੰਗੀਤਕਾਰ ਨਾਲ ਸਾਜ਼ਿੰਦੇ ਵਜੋਂ ਕੰਮ ਕੀਤਾ। ਮਾਇਕ ਤੋਟਾਂ ਦੂਰ ਹੋਈਆਂ, ਪਰ ਸੀਨੇ ਵਿਚ ਅਧੂਰੇ ਹੋਣ ਦੀ ਕਸਕ ਜ਼ੋਰ ਫੜਦੀ ਗਈ। ਇਹ ਭਾਵਨਾ ਤੀਬਰ ਹੁੰਦੀ ਗਈ ਕਿ ਮਾਇਕ ਹੋੜ ਵਿਚ ਸੰਗੀਤ ਕਿਤੇ ਪਿੱਛੇ ਛੁੱਟਦਾ ਜਾ ਰਿਹਾ ਹੈ। ਪਹਿਲੀ ਪਤਨੀ ਦੋ ਬੇਟੇ-ਵਿਨੈ ਤੇ ਅਜੈ ਛੱਡ ਕੇ ਚੱਲ ਵਸੀ ਸੀ, ਦੂਜੀ ਪਤਨੀ ਅਨੁਰਾਧਾ ਨੇ ਪਤੀ ਦਾ ਦਰਦ ਪਛਾਣਿਆ। ਅਨੁਰਾਧਾ ਖੁਦ ਸੰਗੀਤ ਦੀ ਸ਼ੈਦਾਈ ਸੀ। ਉਸ ਨੇ ਹਰੀਪ੍ਰਸਾਦ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਭੁੱਲ ਕੇ ਆਪਣੀ ਸੰਗੀਤਕ ਸੁੱਧ ਲੈਣ ਦੀ ਸਲਾਹ ਦਿੱਤੀ। ਇਹ ਸਲਾਹ ਹਰੀਪ੍ਰਸਾਦ ਨੂੰ ਅੰਨਪੂਰਨਾ ਦੇਵੀ ਦੇ ਫਲੈਟ ਦੇ ਦਰ ‘ਤੇ ਲੈ ਗਈ। ਅੰਨਪੂਰਨਾ ਦੇਵੀ ਉਨ੍ਹੀਂ ਦਿਨੀਂ ਸੰਗੀਤਕ ਦੁਨੀਆਂ ਨਾਲੋਂ ਨਾਤਾ ਤੋੜ ਚੁੱਕੀ ਸੀ। ਉਹ ਆਪਣੇ ਪਤੀ ਪੰਡਿਤ ਰਵੀਸ਼ੰਕਰ ਨਾਲ ਤਲਾਕ ਦੀ ਲੜਾਈ ਲੜ ਰਹੀ ਸੀ। ਸੁਰਬਹਾਰ ਨਾਲ ਉਸ ਦਾ ਅੰਤਾਂ ਦਾ ਮੋਹ ਸੀ, ਪਰ ਰਵੀਸ਼ੰਕਰ ਅੰਦਰ ਉਪਜੀ ਅਸੁਰੱਖਿਆ ਨੇ ਅੰਨਪੂਰਨਾ ਦੇਵੀ ਨੂੰ ਸੰਗੀਤ ਸਭਾਵਾਂ ਤੋਂ ਦੂਰ ਰਹਿਣ ਦੇ ਰਾਹ ਪਾ ਦਿੱਤਾ ਸੀ। ਉਹ ਖੁਦ ਚੁਣੀ ਜਲਾਵਤਨੀ ਭੋਗ ਰਹੀ ਸੀ। ਉਸ ਦੇ ਦੋ-ਤਿੰਨ ਸ਼ਿਸ ਜ਼ਰੂਰ ਸਨ, ਪਰ ਨਵੇਂ ਸ਼ਾਗਿਰਦਾਂ ਲਈ ਉਸ ਦੇ ਦਰ ਬੰਦ ਸਨ। ਹਰੀਪ੍ਰਸਾਦ ਲਈ ਵੀ ਉਸ ਨੇ ਦਰ ਨਾ ਖੋਲ੍ਹਿਆ। ਉਹ ਹਰ ਹਫਤੇ ਉਸ ਦਰ ‘ਤੇ ਜਾਂਦਾ ਰਿਹਾ। ਤਿੰਨ ਵਰ੍ਹਿਆਂ ਤਕ ਅੰਤ ਇਹ ਸਾਧਨਾ ਪੂਰੀ ਹੋਈ। ਅੰਨਪੂਰਨਾ ਨੇ ਹਰੀਪ੍ਰਸਾਦ ਤੋਂ ਕੁਝ ਧੁਨਾਂ ਸੁਣੀਆਂ। ‘ਤੂੰ ਤਾਂ ਆਪ ਉਸਤਾਦ ਏਂ, ਮੈਂ ਤੈਨੂੰ ਕੀ ਸਿਖਾਵਾਂ?’ ਇਹ ਉਸ ਦੀ ਟਿੱਪਣੀ ਸੀ। ਹਰੀਪ੍ਰਸਾਦ ਨੇ ਮੁੱਢ ਤੋਂ ਸਭ ਕੁਝ ਸਿਖਾਏ ਜਾਣ ਦੀ ਬੇਨਤੀ ਕੀਤੀ। ਫਿਰ ਅੱਠ ਵਰ੍ਹੇ ਤਾਲੀਮ ਚੱਲਦੀ ਰਹੀ। ਬਾਬਾ ਅਲਾਊਦੀਨ ਦੇ ਘਰਾਣੇ ਵਾਲਾ ਵਜਦ ਇਸੇ ਸਾਧਨਾ ਦੇ ਜ਼ਰੀਏ ਹਰੀਪ੍ਰਸਾਦ ਦੀ ਬੰਸਰੀਨਵਾਜ਼ੀ ਦਾ ਅੰਗ ਬਣ ਗਿਆ।
ਬੜੇ ਕਿੱਸੇ ਹਨ ਕਿਤਾਬ ਵਿਚ। ਉਸ ਨੇ ਹਰੀਪ੍ਰਸਾਦ ਨੂੰ ‘ਉਤਮ ਕਲਾਕਾਰ, ਮੱਧਮ ਇਨਸਾਨ’ ਵਾਲੇ ਲਬਾਦੇ ਤਕ ਹੀ ਸੀਮਤ ਰੱਖਿਆ ਹੈ। ਇਹੋ ਮੂਲ ਤੱਤ ਇਸ ਕਿਤਾਬ ਨੂੰ ਪੜ੍ਹਨਯੋਗ ਬਣਾਉਂਦਾ ਹੈ।