ਪੰਜਾਬ ਦੇ ਸਿਆਸੀ ਪਿੜ ਅੰਦਰ ਖਲਾਅ ਕਿਸ ਕਦਰ ਭਾਰੀ ਹੈ, ਇਸ ਦੀ ਤਾਜ਼ਾ ਮਿਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਮਿਲਦੀ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਉਹ 2022 ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ। ਯਾਦ ਰਹੇ, 2017 ਵਾਲੀਆਂ ਚੋਣਾਂ ਦੌਰਾਨ ਉਨ੍ਹਾਂ ਆਪਣੇ ਚੋਣ ਜਲਸਿਆਂ ਵਿਚ ਬਾਕਾਇਦਾ ਐਲਾਨ ਕੀਤਾ ਸੀ ਕਿ ਉਹ ਚੋਣਾਂ ਉਨ੍ਹਾਂ ਦੀਆਂ ਆਖਰੀ ਚੋਣਾਂ ਹਨ। ਇਸੇ ਆਧਾਰ ਉਤੇ ਹੀ ਉਨ੍ਹਾਂ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਸੀ ਕਿ ਉਹ (ਲੋਕ) ਉਨ੍ਹਾਂ ਦੀ ਪਾਰਟੀ ਨੂੰ ਜਿਤਾਉਣ ਤਾਂ ਕਿ 2007 ਤੋਂ 2017 ਤਕ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਗਠਜੋੜ ਸਰਕਾਰ ਵਲੋਂ ਪੰਜਾਬ ਦੇ ਕੀਤੇ ਘਾਣ ਦੀ ਭਰਪਾਈ ਕੀਤੀ ਜਾ ਸਕੇ ਅਤੇ ਸੂਬੇ ਨੂੰ ਲੀਹ ਉਤੇ ਲਿਆਂਦਾ ਜਾ ਸਕੇ। ਦਰਅਸਲ, ਉਸ ਵਕਤ ਆਮ ਆਦਮੀ ਪਾਰਟੀ (ਆਪ) ਐਨ ਠੋਕ-ਵਜਾ ਕੇ ਮੈਦਾਨ ਵਿਚ ਸੀ ਅਤੇ ਉਦੋਂ ਚੋਣਾਂ ਦੌਰਾਨ ਕਈ ਥਾਂਈਂ ਮੁਕਾਬਲਾ ਤਿਕੋਣਾ ਬਣ ਰਿਹਾ ਸੀ।
ਉਸ ਵਕਤ ਆਮ ਆਦਮੀ ਪਾਰਟੀ ਅਤੇ ਕੁਝ ਸਿਆਸੀ ਮਾਹਿਰ ਤਾਂ ਇਹ ਦਾਅਵੇ ਵੀ ਕਰ ਰਹੇ ਸਨ ਕਿ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣਨੀ ਹੈ। ਜਾਹਰ ਸੀ ਕਿ ਉਸ ਵਕਤ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਨਹੀਂ, ਸਗੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਸੀ। ਇਸ ਦਾ ਸਿੱਧਾ ਜਿਹਾ ਮਤਲਬ ਇਹ ਸੀ ਕਿ ਪੰਜਾਬ ਵਿਚ ਚਿਰਾਂ ਤੋਂ ਚਲ ਰਹੀ ਰਵਾਇਤੀ ਸਿਆਸਤ ਨੂੰ ਵੱਡਾ ਮੋੜਾ ਪਿਆ ਸੀ ਅਤੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਵਾਹਵਾ ਹੁੰਗਾਰਾ ਭਰ ਰਹੇ ਸਨ। ਇਹ ਉਹ ਹਾਲਾਤ ਸਨ, ਜਿਨ੍ਹਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਅੱਗੇ ਆਪਣੀ ਜਿੱਤ ਲਈ ਤਰਲੇ ਕੱਢ ਰਹੇ ਸਨ। ਉਸ ਵਕਤ ਤਾਂ ਆਮ ਆਦਮੀ ਪਾਰਟੀ ਦੀ ਚੜ੍ਹਾਈ ਇੰਨੀ ਜ਼ਿਆਦਾ ਜਾਪ ਰਹੀ ਸੀ ਕਿ ਇਹ ਵੀ ਸੁਣਨ ਵਿਚ ਆਇਆ ਕਿ ਇਸ ਪਾਰਟੀ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਕਾਂਗਰਸ ਅਤੇ ਅਕਾਲੀ ਦਲ ਦੇ ਕੁਝ ਆਗੂਆਂ ਨੇ ਆਪਸ ਵਿਚ ਰਾਬਤਾ ਵੀ ਬਣਾਇਆ ਸੀ। ਖੈਰ, ਇਹ ਤਾਂ ਬਹਿਸ ਗੋਚਰਾ ਮਸਲਾ ਹੈ, ਪਰ ਹਕੀਕਤ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਹੱਥਾ-ਪੈਰਾਂ ਦੀ ਜ਼ਰੂਰ ਪੁਆ ਦਿੱਤੀ ਸੀ।
ਹੁਣ ਕੈਪਟਨ ਦੀ ਸਰਕਾਰ ਬਣਿਆਂ ਤਿੰਨ ਸਾਲ ਲੰਘ ਗਏ ਹਨ। ਇਨ੍ਹਾਂ ਤਿੰਨਾਂ ਸਾਲਾਂ ਦੌਰਾਨ ਬਹੁਤ ਸਾਰਾ ਪਾਣੀ ਪੁਲਾਂ ਹੇਠੋਂ ਵਹਿ ਚੁਕਾ ਹੈ। ਸ਼੍ਰੋਮਣੀ ਅਕਾਲੀ ਦਲ ਫੁੱਟ-ਦਰ-ਫੁੱਟ ਦਾ ਸ਼ਿਕਾਰ ਹੈ ਅਤੇ ਬੇਅਦਬੀ ਵਰਗੇ ਸੰਵੇਦਨਸ਼ੀਲ ਮਸਲਿਆਂ ਕਾਰਨ ਲੋਕਾਂ ਨੇ ਬਾਦਲ ਪਰਿਵਾਰ ਨੂੰ ਅਜੇ ਤਕ ਨਿਸ਼ਾਨੇ ‘ਤੇ ਰੱਖਿਆ ਹੋਇਆ ਹੈ। ਜਥੇਬੰਦਕ ਤੌਰ ‘ਤੇ ਭਾਵੇਂ ਬਾਦਲਾਂ ਵਾਲੇ ਅਕਾਲੀ ਦਲ ਦਾ ਤਾਣਾ-ਬਾਣਾ ਅਜੇ ਕਾਇਮ ਹੈ, ਪਰ ਚੋਣਾਂ ਜਿੱਤਣ ਦੇ ਹਿਸਾਬ ਨਾਲ ਲੋਕਾਂ ਤੋਂ ਜੋ ਹੁੰਗਾਰਾ ਮਿਲਣਾ ਚਾਹੀਦਾ ਹੈ, ਉਹ ਅਜੇ ਤਕ ਮਿਲ ਨਹੀਂ ਰਿਹਾ। ਇਹ ਤੱਥ ਤਾਂ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਨੇ ਵੀ ਸਾਬਤ ਕੀਤਾ ਹੈ। ਉਪਰੋਂ ਅਕਾਲੀ ਲੀਡਰਸ਼ਿਪ ਉਤੇ ਭਾਜਪਾ ਦੇ ਵੱਖ ਹੋ ਕੇ ਜਾਂ ਬਾਗੀ ਅਕਾਲੀਆਂ ਨਾਲ ਰਲ ਕੇ ਚੋਣਾਂ ਲੜਨ ਦੀ ਤਲਵਾਰ ਵੀ ਲਟਕ ਰਹੀ ਹੈ। ਦੂਜੇ ਬੰਨੇ ‘ਆਪ’ ਦਾ ਹਾਲ ਵੀ ਬਹੁਤਾ ਚੰਗਾ ਨਹੀਂ। 2017 ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਪਾਰਟੀ ਭਾਵੇਂ ਆਸ ਮੁਤਾਬਕ ਸਰਕਾਰ ਤਾਂ ਨਹੀਂ ਸੀ ਬਣਾ ਸਕੀ, ਮੁੱਖ ਵਿਰੋਧੀ ਪਾਰਟੀ ਜ਼ਰੂਰ ਬਣ ਗਈ ਸੀ, ਪਰ ਪਾਰਟੀ ਦੇ ਅੰਦਰੂਨੀ ਕਲੇਸ਼ ਅਤੇ ਦਿੱਲੀ ਵਾਲਿਆਂ ਦੇ ਦਖਲ ਕਾਰਨ ਪਾਰਟੀ ਪੰਜਾਬ ਦੇ ਸਿਆਸੀ ਪਿੜ ਅੰਦਰ ਆਪਣਾ ਠੁੱਕ ਬੰਨ੍ਹਣ ਵਿਚ ਕਾਮਯਾਬ ਨਹੀਂ ਹੋ ਸਕੀ। ਹੁਣ ਦਿੱਲੀ ਚੋਣਾਂ ਵਿਚ ਪਾਰਟੀ ਦੀ ਬੇਮਿਸਾਲ ਜਿੱਤ ਪਿਛੋਂ ਇਸ ਦਾ ਫਾਇਦਾ ਪੰਜਾਬ ਵਿਚ ਹੋਣ ਬਾਰੇ ਚਰਚਾ ਜ਼ਰੂਰ ਚੱਲੀ ਸੀ, ਪਰ ਕੇਂਦਰ ਵਿਚ ਸੱਤਾਧਾਰੀ ਭਾਜਪਾ ਨੇ ਦਿੱਲੀ ਵਿਚ ਜਿਸ ਢੰਗ ਨਾਲ ਘੱਟਗਿਣਤੀ ਮੁਸਲਮਾਨਾਂ ਖਿਲਾਫ ਹਿੰਸਾ ਵਰਤਾਈ, ਉਸ ਮੌਕੇ ਮੂਕ ਦਰਸ਼ਕ ਬਣੀ ਰਹਿਣ ਕਾਰਨ ਇਹ ਪਾਰਟੀ ਇਕ ਵਾਰ ਫਿਰ ਪੰਜਾਬ ਦੇ ਲੋਕਾਂ ਦੇ ਮਨਾਂ ਵਿਚੋਂ ਉਤਰ ਗਈ ਜਾਪਦੀ ਹੈ।
ਜਾਹਰ ਹੈ ਕਿ ਸਿਆਸੀ ਕਾਰਨਾਂ ਕਰਕੇ ਪੰਜਾਬ ਵਿਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਪੈਰ ਨਹੀਂ ਲੱਗ ਰਹੇ। ਇਸੇ ਗਿਣਤੀ-ਮਿਣਤੀ ਵਿਚੋਂ ਹੀ ਕੈਪਟਨ ਦਾ ਤਾਜ਼ਾ ਬਿਆਨ ਆਇਆ ਹੈ। ਉਂਜ, ਜੇ ਕੈਪਟਨ ਅਮਰਿੰਦਰ ਸਿੰਘ ਦੀ ਤਿੰਨ ਸਾਲ ਦੀ ਕਾਰਗੁਜ਼ਾਰੀ ਦੀ ਪੁਣ-ਛਾਣ ਕੀਤੀ ਜਾਵੇ ਤਾਂ ਇਸ ਦਾ ਹਾਲ ਵੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਨਾਲੋਂ ਕੋਈ ਬਹੁਤਾ ਵੱਖਰਾ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਸਾਰੇ ਵਆਦੇ ਪੂਰੇ ਕਰਨ ਦਾ ਦਾਅਵਾ ਕਰ ਮਾਰਿਆ ਹੈ, ਪਰ ਸੱਚ ਇਹ ਹੈ ਕਿ ਇਸ ਸਰਕਾਰ ਨੇ ਤਿੰਨ ਸਾਲਾਂ ਦੌਰਾਨ ਇਕ ਵੀ ਕਾਰਜ ਸਿਰੇ ਨਹੀਂ ਚਾੜ੍ਹਿਆ ਹੈ। ਹੋਰ ਤਾਂ ਹੋਰ, ਉਹ ਆਪਣੀ ਪਾਰਟੀ ਦੇ ਆਗੂਆਂ ਅਤੇ ਵਿਧਾਇਕਾਂ ਨੂੰ ਵੀ ਨਾਲ ਲੈ ਕੇ ਚੱਲ ਨਹੀਂ ਸਕੇ ਹਨ। ਉਨ੍ਹਾਂ ਦੀ ਨਵਜੋਤ ਸਿੰਘ ਸਿੱਧੂ ਨਾਲ ਲੜਾਈ ਜੱਗ-ਜਾਹਰ ਹੈ। ਵਿਧਾਇਕ ਪਰਗਟ ਸਿੰਘ ਵਲੋਂ ਉਨ੍ਹਾਂ ਨੂੰ ਲਿਖੀ ਚਿੱਠੀ ਸਾਫ ਦੱਸ ਰਹੀ ਹੈ ਕਿ ਪਾਰਟੀ ਵਿਧਾਇਕਾਂ ਦਾ ਸਰਕਾਰ ਬਾਰੇ ਕੀ ਨਜ਼ਰੀਆ ਹੈ। ਇਸ ਤੋਂ ਪਹਿਲਾਂ ਵੀ ਵਿਧਾਇਕ ਗਾਹੇ-ਬਗਾਹੇ ਆਪਣੀ ਨਾਰਾਜ਼ਗੀ ਜਾਹਰ ਕਰਦੇ ਰਹੇ ਹਨ। ਉਂਜ, ਸੱਚਾਈ ਇਹ ਵੀ ਹੈ ਕਿ ਨਾ ਤਾਂ ਕਾਂਗਰਸੀ ਵਿਧਾਇਕ ਜਾਂ ਆਗੂ ਅਤੇ ਨਾ ਹੀ ਵਿਰੋਧੀ ਧਿਰ, ਕੈਪਟਨ ਸਰਕਾਰ ਖਿਲਾਫ ਕੋਈ ਬੱਝਵਾਂ ਪ੍ਰਭਾਵ ਪਾ ਸਕੀ ਹੈ। ਵਿਧਾਨ ਸਭਾ ਵਿਚ ਵੀ ਵਿਰੋਧੀ ਧਿਰ ਸਰਕਾਰ ਨੂੰ ਘੇਰਨ ਵਿਚ ਨਾਕਾਮ ਹੀ ਰਹੀ ਹੈ, ਹਾਲਾਂਕਿ ਅਜਿਹੇ ਅਨੇਕ ਮੁੱਦੇ ਸਨ, ਜਿਨ੍ਹਾਂ ਦੇ ਆਧਾਰ ‘ਤੇ ਸਰਕਾਰ ਅਤੇ ਕੈਪਟਨ ਨੂੰ ਲੈਣੇ ਦੇ ਦੇਣੇ ਪੈ ਸਕਦੇ ਸਨ। ਪੰਜਾਬ ਦੇ ਅਜਿਹੇ ਸਿਆਸੀ ਹਾਲਾਤ ਤੋਂ ਫਿਲਹਾਲ ਜਾਪ ਇਹ ਰਿਹਾ ਹੈ ਕਿ ਸਿਆਸੀ ਸਥਿਤੀ ਜਿਉਂ ਦੀ ਤਿਉਂ ਹੀ ਰਹਿਣੀ ਹੈ। ਇਹ ਗੱਲ ਵੱਖਰੀ ਹੈ ਕਿ ਸਿਆਸੀ ਸਫਾ ਅੰਦਰ ਕੁਝ ਵੀ ਨਵਾਂ ਵਾਪਰਨ ਦੀ ਸੰਭਾਵਨਾ ਸਦਾ ਮੌਜੂਦ ਰਹਿੰਦੀ ਹੈ, ਪਰ ਉਦੋਂ ਤਕ ਪੰਜਾਬ ਦੇ ਲੋਕਾਂ ਨੂੰ ਉਡੀਕ ਹੀ ਕਰਨੀ ਪੈਣੀ ਹੈ।