ਤਿੰਨ ਸਾਲ ਸੱਤਾ ਭੋਗਣ ਪਿੱਛੋਂ ਕੈਪਟਨ ਦੀ ਜਾਗ ਖੁੱਲ੍ਹੀ

ਦੋ ਸਾਲਾਂ ਵਿਚ ਉਲਾਂਭੇ ਲਾਹੁਣ ਦੀ ਫੜ੍ਹ ਮਾਰੀ
ਚੰਡੀਗੜ੍ਹ: ਪੰਜਾਬ ਵਿਚ ਤਿੰਨ ਸਾਲ ਸੱਤਾ ਭੋਗਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਾਗ ਖੁੱਲ੍ਹ ਗਈ ਹੈ। ਤਿੰਨ ਸਾਲ ਪੂਰੇ ਹੋਣ ਉਤੇ ਕੈਪਟਨ ਨੇ ਆਪਣੇ ਕੁਝ ਮੰਤਰੀਆਂ ਸਮੇਤ ਪ੍ਰੈਸ ਕਾਨਫਰੰਸ ਕਰਕੇ ਅਗਲੇ ਦੋ ਸਾਲਾਂ ਵਿਚ ਸਾਰਿਆਂ ਦੇ ਉਲਾਂਭੇ ਲਾਹੁਣ ਦੀ ਫੜ੍ਹ ਮਾਰੀ ਹੈ ਪਰ ਅਗਲੇ ਸਾਲਾਂ ਲਈ ਸਰਕਾਰ ਦੀ ਕੀ ਰਣਨੀਤੀ ਹੋਵੇਗੀ, ਇਸ ਬਾਰੇ ਕੁਝ ਵੀ ਬੋਲਣ ਤੋਂ ਟਾਲਾ ਵੱਟਿਆ।
ਕੈਪਟਨ ਦੀ ਇਹ ਫੁਰਤੀ ਉਸ ਵੇਲੇ ਦੇਖਣ ਨੂੰ ਮਿਲੀ ਹੈ ਜਦੋਂ ਸੀਨੀਅਰ ਅਕਾਲੀ ਆਗੂ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਸਿਆਸੀ ਸਰਗਰਮੀਆਂ ਵਧਾਉਂਦੇ ਹੋਏ ਆਪਣੇ ਯੂ-ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਨਾਲ ਮੈਦਾਨ ਵਿਚ ਨਿੱਤਰੇ ਹਨ। ਇਸ ਤੋਂ ਪਹਿਲਾਂ ਸਿੱਧੂ ਦਿੱਲੀ ਵਿਚ ਰਾਹੁਲ ਗਾਂਧੀ ਅੱਗੇ ਵੀ ਕੈਪਟਨ ਸਰਕਾਰ ਦੀਆਂ ਨਾਲਾਇਕੀਆਂ ਦੀ ਦੁਹਾਈ ਪਾ ਕੇ ਆਏ ਹਨ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਆਪਣੀ ਹੀ ਸਰਕਾਰ ਦੀਆਂ ਨਾਲਾਇਕੀਆਂ ਦਾ ਰੌਲਾ ਪਾਉਣ ਵਾਲੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਣੇ ਕੁਝ ਮੰਤਰੀ ਕੈਪਟਨ ਦੇ ਸੋਹਲੇ ਗਾਉਂਦੇ ਨਜ਼ਰ ਆਏ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਤਿੰਨ ਸਾਲਾਂ ਵਿਚ ਪੰਜਾਬ ਦੇ ਚੋਣ ਮੈਨੀਫੈਸਟੋ ਵਿਚਲੇ 424 ਵਾਅਦਿਆਂ ਵਿਚੋਂ 225 ਪਹਿਲਾਂ ਹੀ ਪੂਰੇ ਕਰ ਦਿੱਤੇ ਗਏ ਹਨ, 96 ਨੂੰ ਅੰਸ਼ਿਕ ਰੂਪ ਵਿਚ ਲਾਗੂ ਕੀਤਾ ਗਿਆ ਹੈ ਤੇ ਬਾਕੀ 103 ਅਗਲੇ ਦੋ ਸਾਲਾਂ ਵਿਚ ਲਾਗੂ ਕਰ ਦਿੱਤੇ ਜਾਣਗੇ। ਹਾਲਾਂਕਿ ਕੈਪਟਨ ਇਹ ਤਾਂ ਨਹੀਂ ਦੱਸ ਸਕੇ ਕਿ ਸਰਕਾਰ ਨੇ ਕਿਹੜੇ-ਕਿਹੜੇ ਵਾਅਦੇ ਪੂਰੇ ਕਰ ਦਿੱਤੇ ਹਨ ਪਰ ਅਗਲੇ ਦੋ ਸਾਲਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ, ਖਣਨ, ਨਸ਼ਾ, ਟਰਾਂਸਪੋਰਟ ਮਾਫੀਆ, 2022 ਤੱਕ 20 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਟੀਚਾ ਪੂਰਾ ਕਰਨ ਤੇ ਕਿਸਾਨਾਂ ਦੀ ਕਰਜ਼ ਮੁਆਫੀ ਦਾ ਦਾਅਵਾ ਕਰ ਕੇ ਕਈ ਸਵਾਲ ਜ਼ਰੂਰ ਛੱਡ ਗਏ। ਸਵਾਲ ਇਹ ਉਠ ਰਹੇ ਹਨ ਕਿ ਜੇਕਰ ਸੂਬੇ ਦੇ ਇਨ੍ਹਾਂ ਅਹਿਮ ਮਸਲਿਆਂ ਉਤੇ ਸਰਕਾਰ ਨੇ ਤਿੰਨ ਸਾਲਾਂ ਵਿਚ ਕੁਝ ਨਹੀਂ ਕੀਤਾ ਤਾਂ ਉਹ ਵਾਅਦੇ ਕਿਹੜੇ ਹਨ, ਜਿਨ੍ਹਾਂ ਨੂੰ ਸਰਕਾਰ ਪੂਰਾ ਕਰਨ ਦਾ ਦਾਅਵਾ ਕਰ ਰਹੀ ਹੈ।
ਅਸਲ ਵਿਚ, ਪੰਜਾਬ ਦੀ ਆਰਥਿਕਤਾ ਨੂੰ ਲੀਹ ਉਤੇ ਲਿਆਉਣ ਲਈ ਕੈਪਟਨ ਸਰਕਾਰ ਫੇਲ੍ਹ ਹੀ ਸਾਬਤ ਹੋਈ ਹੈ। ਕਾਂਗਰਸ ਸਰਕਾਰ ਵਲੋਂ ਨਿੱਘਰੀ ਹੋਈ ਵਿੱਤੀ ਹਾਲਤ ਲਈ ਪਿਛਲੀ ਅਕਾਲੀ ਸਰਕਾਰ ਉਤੇ ਹੀ ਠੀਕਰਾ ਭੰਨ ਕੇ ਤਿੰਨ ਸਾਲ ਬੁੱਤਾ ਸਾਰਿਆ ਗਿਆ ਤੇ ਆਪ ਡੱਕਾ ਨਹੀਂ ਤੋੜਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਸਰਕਾਰ ਦੇ ਚਾਰ ਬਜਟ ਪੇਸ਼ ਕਰ ਚੁੱਕੇ ਹਨ ਪਰ ਇਸ ਬਜਟ ਰਾਹੀਂ ਸੂਬੇ ਦੇ ਭਵਿਖ ਦੀ ਵਿੱਤੀ ਤਸਵੀਰ ਨੂੰ ਸਪਸ਼ਟ ਕਰਨ ਦੀ ਥਾਂ ਹਨੇਰੀ ਸੁਰੰਗ ਵੱਲ ਧੱਕਣ ਦੀ ਸਥਿਤੀ ਹੀ ਜ਼ਿਆਦਾ ਦਿਖਾਈ ਦੇ ਰਹੀ ਹੈ।
ਵਿੱਤੀ ਪੱਖ ਤੋਂ ਪੰਜਾਬ ਸਰਕਾਰ ਦੀ ਲੰਘੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦੇਖੀ ਜਾਵੇ ਤਾਂ ਕਰਜ਼ੇ ਲੈ ਕੇ ਗੁਜ਼ਾਰਾ ਕਰਨਾ ਅਤੇ ਤਨਖਾਹਾਂ ਦੇਣ ਸਮੇਤ ਹੋਰ ਬੱਝਵੇਂ ਖਰਚਿਆਂ ਦਾ ਜੁਗਾੜ ਕਰਨਾ ਵੀ ਬਹੁਤ ਵੱਡਾ ਕੰਮ ਲੱਗਦਾ ਰਿਹਾ ਹੈ। ਪੰਜਾਬ ਵਿਚ ਜਦੋਂ ਅਕਾਲੀ-ਭਾਜਪਾ ਸਰਕਾਰ ਨੇ ਕਾਂਗਰਸ ਨੂੰ ਸੱਤਾ ਸੌਂਪੀ ਸੀ ਤਾਂ ਉਸ ਸਮੇਂ ਇਕ ਲੱਖ 82 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ। ਕੈਪਟਨ ਸਰਕਾਰ ਵਲੋਂ ਤਿੰਨ ਸਾਲਾਂ ਦੇ ਅਰਸੇ ਤਕਰੀਬਨ 66 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਡੰਗ ਟਪਾਈ ਦੀ ਯੋਜਨਾ ਬਣਾਈ ਗਈ। ਇਹੀ ਕਾਰਨ ਹੈ ਕਿ 31 ਮਾਰਚ 2021 ਤੱਕ 2 ਲੱਖ 48 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੋ ਜਾਵੇਗਾ। ਇਸ ਤਰ੍ਹਾਂ ਕਰਜ਼ਾ ਚੜ੍ਹਾਉਣ ਵਿਚ ਕਾਂਗਰਸ ਸਰਕਾਰ ਅਕਾਲੀਆਂ ਨਾਲੋਂ ਪਿੱਛੇ ਨਹੀਂ ਰਹੀ। ਇਸ ਦੇ ਉਲਟ ਪੰਜਾਬ ਸਰਕਾਰ ਆਮਦਨ ਵਧਾਉਣ ਵਿਚ ਕਾਮਯਾਬ ਨਹੀਂ ਹੋਈ। ਇਥੋਂ ਤੱਕ ਕਿ ਬਜਟ ਵਿਚ ਜੋ ਆਸ ਮੁਤਾਬਕ ਅੰਕੜੇ ਪੇਸ਼ ਕਰਕੇ ਸਾਲਾਨਾ ਆਮਦਨ ਦੇ ਦਾਅਵੇ ਕੀਤੇ ਜਾਂਦੇ ਹਨ, ਉਹ ਟੀਚੇ ਵੀ ਪੂਰੇ ਨਹੀਂ ਕੀਤੇ ਜਾ ਸਕੇ। ਦੇਖਿਆ ਜਾਵੇ ਤਾਂ ਆਮਦਨ ਘਟਣ ਕਾਰਨ ਸਰਕਾਰ ਨੂੰ ਸਾਰੇ ਪਾਸਿਆਂ ਤੋਂ ਮਾਰ ਪੈ ਰਹੀ ਹੈ। ਸਭ ਤੋਂ ਵੱਡੀ ਮਾਰ ਸ਼ਰਾਬ ਦੀ ਵਿਕਰੀ ਤੋਂ ਪਈ ਹੈ। ਵੱਡਾ ਸਵਾਲ ਉਠਦਾ ਹੈ ਕਿ ਸਰਕਾਰ ਦੀ ਇਹ ਆਮਦਨ ਕਿਧਰ ਜਾ ਰਹੀ ਹੈ ਤੇ ਸਰਕਾਰ ਨੇ ਆਮਦਨ ਵਧਾਉਣ ਅਤੇ ਪੰਜਾਬ ਨੂੰ ਵਿੱਤੀ ਪੱਖ ਤੋਂ ਖੜ੍ਹਾ ਕਰਨ ਲਈ ਉਪਰਾਲੇ ਕਿਉਂ ਨਹੀਂ ਕੀਤੇ। ਪਾਵਰਕੌਮ ਨੂੰ ਸਾਲ 2016-17 ਦੇ ਸਬਸਿਡੀ ਦੇ 2500 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਹੁਣ ਤੱਕ ਨਹੀਂ ਕੀਤਾ ਜਾ ਸਕਿਆ ਤੇ ਪੈਸਾ ਨਾ ਦੇਣ ਕਾਰਨ ਪਾਵਰਕੌਮ ਦੀ ਵੀ ਬੱਤੀ ਗੁੱਲ ਹੋਣ ਦੇ ਕੰਢੇ ਪਹੁੰਚ ਗਈ ਹੈ।
ਕੈਪਟਨ ਸਰਕਾਰ ਦਾ ਦਾਅਵਾ ਹੈ ਕਿ ਸੱਤਾ ਸੰਭਾਲਣ ਤੋਂ ਬਾਅਦ ਉਸ ਨੇ ਅਮਨ-ਕਾਨੂੰਨ ਦੇ ਖੇਤਰ ਵਿਚ ਸਭ ਤੋਂ ਵੱਡੀ ਪ੍ਰਾਪਤੀ ਕੀਤੀ ਹੈ ਤੇ ਸੂਬੇ ਦੇ ਲੋਕਾਂ ਨੂੰ ਗੈਂਗਸਟਰਾਂ ਤੋਂ ਨਿਜਾਤ ਦਿਵਾਈ ਹੈ। ਇਸ ਤੋਂ ਇਲਾਵਾ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਪਹਿਲਕਦਮੀ ਕੀਤੀ ਹੈ ਪਰ ਜ਼ਮੀਨੀ ਹਕੀਕਤਾਂ ਕੁਝ ਹੋਰ ਕਹਿੰਦੀਆਂ ਹਨ। ਸਰਕਾਰ ਵਲੋਂ ਸੀਮਤ ਕਰਜ਼ਾ ਮੁਆਫੀ ਸਕੀਮ ਦੇ ਬਾਵਜੂਦ ਕਿਸਾਨੀ ਸਿਰ ਕਰਜ਼ੇ ਦਾ ਬੋਝ ਵਧ ਰਿਹਾ ਤੇ ਘਟ ਰਹੀ ਆਮਦਨ ਕਾਰਨ ਖੁਦਕੁਸ਼ੀਆਂ ਬਾਦਸਤੂਰ ਜਾਰੀ ਹਨ। ਨੌਜਵਾਨ ਨੌਕਰੀਆਂ ਦੀ ਖਾਤਰ ਨਿੱਤ ਦਿਨ ਸੜਕਾਂ ਉਤੇ ਨਿਕਲ ਰਹੇ ਹਨ ਅਤੇ ਰੋਕਾਂ ਲਾਉਣ ਕਰ ਕੇ ਪੁਲਿਸ ਨਾਲ ਵੀ ਉਲਝਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 28 ਦਿਨਾਂ ਨਸ਼ਾ ਵਿਚ ਖਤਮ ਕਰਨ ਦਾ ਵਾਅਦਾ ਕੀਤਾ ਸੀ ਤੇ ਕਾਂਗਰਸ ਸਰਕਾਰ ਤਿੰਨ ਸਾਲ ਦੇ ਰਾਜ ਵਿਚ ਵੀ ਇਸ ਉਤੇ ਕਾਬੂ ਨਹੀਂ ਪਾਇਆ ਜਾ ਸਕਿਆ। ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਅਜੇ ਵੀ ਮਰ ਰਹੇ ਹਨ।
——————————-
‘ਅਜੇ ਤਾਂ ਮੈਂ ਜਵਾਨ ਹਾਂ’
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤ ਵਿਚ ਬਣੇ ਰਹਿਣ ਅਤੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਆਪਣੀ ਸਰਕਾਰ ਦੇ ਗਠਨ ਦੀ ਤੀਜੀ ਵਰ੍ਹੇਗੰਢ ਮੌਕੇ ਮੁੱਖ ਮੰਤਰੀ ਨੇ ਕਿਹਾ, “ਮੈਂ ਅਜੇ ਵੀ ਪੂਰਾ ਜਵਾਨ ਹਾਂ। ਕੀ ਤੁਸੀਂ ਸੋਚਦੇ ਹੋ ਕਿ ਚੋਣਾਂ ਲੜਨ ਲਈ ਮੈਂ ਬੁੱਢਾ ਹੋ ਗਿਆਂ?” ਕ੍ਰਿਕਟ ਦੇ ਮੈਦਾਨ ‘ਚੋਂ ਸਿਆਸਤ ਵਿਚ ਆਏ ਨਵਜੋਤ ਸਿੰਘ ਸਿੱਧੂ ਦੀ ਮੌਜੂਦਾ ਭੂਮਿਕਾ ਤੇ ਰੁਤਬੇ ਬਾਰੇ ਪੁੱਛੇ ਜਾਣ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਮੰਤਰੀ ਕਾਂਗਰਸ ਪਾਰਟੀ ਅਤੇ ਟੀਮ ਦਾ ਹਿੱਸਾ ਹਨ ਅਤੇ ਕਿਸੇ ਵੀ ਫੈਸਲੇ ‘ਤੇ ਅਸੀਂ ਉਸ ਦੀਆਂ ਇਛਾਵਾਂ ਉਤੇ ਵਿਚਾਰ ਕਰਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸਿੱਧੂ ਨਾਲ ਕੋਈ ਜ਼ਾਤੀ ਮਸਲਾ ਨਹੀਂ ਹੈ।