ਨਾਨਕਸ਼ਾਹੀ ਕੈਲੰਡਰ ਵਿਵਾਦ ਮੁੜ ਅਕਾਲ ਤਖਤ ‘ਤੇ ਪੁੱਜਾ

ਅੰਮ੍ਰਿਤਸਰ: ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਮੁੜ ਭਖ ਗਿਆ ਹੈ। ਨਵੇਂ ਵਰ੍ਹੇ 2020-21 ਸੰਮਤ 552 ਵਾਸਤੇ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਜਾਰੀ ਕਰਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਹੈ ਕਿ ਸੰਗਤਾਂ ਗੁਰਪੁਰਬ ਤੇ ਹੋਰ ਦਿਨ ਤਿਉਹਾਰ ਇਸ ਕੈਲੰਡਰ ਅਨੁਸਾਰ ਹੀ ਮਨਾਉਣ। ਜਦਕਿ ਕੁਝ ਸਿੱਖ ਜਥੇਬੰਦੀਆਂ ਵਲੋਂ ਇਸ ਵਾਰ ਫਿਰ ਮੂਲ ਨਾਨਕਸ਼ਾਹੀ ਕੈਲੰਡਰ ਉਤੇ ਆਧਾਰਿਤ ਨਾਨਕਸ਼ਾਹੀ ਸੰਮਤ 552 ਦਾ ਨਵੇਂ ਵਰ੍ਹੇ ਦਾ ਕੈਲੰਡਰ ਜਾਰੀ ਕਰ ਦਿੱਤਾ।

ਦੋ ਕੈਲੰਡਰ ਜਾਰੀ ਹੋਣ ਨਾਲ ਸਿੱਖ ਸੰਗਤ ਵਿਚ ਮੁੜ ਭੰਬਲਭੂਸਾ ਪੈਦਾ ਹੋ ਗਿਆ ਹੈ। ਉਧਰ, ਸਿੱਖ ਜਥੇਬੰਦੀਆਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ ਕਰਨ ਲਈ ਇਕ ਵਾਰ ਫਿਰ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਪਹੁੰਚ ਕੀਤੀ ਹੈ।
ਦਲ ਖਾਲਸਾ ਨੇ ਨਵੇਂ ਵਰ੍ਹੇ ਦਾ ਕੈਲੰਡਰ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਟ ਕਰਕੇ ਕਿਹਾ ਹੈ ਕਿ ਸਿੱਖ ਸੰਸਥਾਵਾਂ ਦੇ ਉਚ ਅਹੁਦਿਆਂ ਉਤੇ ਬੈਠੀਆਂ ਸ਼ਖਸੀਅਤਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਵਿਵਾਦ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਹੱਲ ਕਰਨ ਲਈ ਉਪਰਾਲੇ ਕਰਨ। ਜਥੇਬੰਦੀ ਦੇ ਨੁਮਾਇੰਦਿਆਂ ਨੇ ਕੈਲੰਡਰ ਜਾਰੀ ਕਰਨ ਸਮੇਂ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਦੇ ਬਾਹਰ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਵਲੋਂ ਕੀਤੀ ਗਈ ਖਿੱਚਧੂਹ ਬਾਰੇ ਵੀ ਜਥੇਦਾਰ ਨੂੰ ਜਾਣੂ ਕਰਾਇਆ ਹੈ।
ਦਲ ਖਾਲਸਾ ਦੇ ਨੁਮਾਇੰਦਿਆਂ ਨੇ ਕੈਲੰਡਰ ਭੇਟ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਪੰਥ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਉਹ ਕੈਲੰਡਰ ਸਬੰਧੀ ਵਿਵਾਦ ਨੂੰ ਹੱਲ ਕਰਨ ਦੀ ਪਹਿਲਕਦਮੀ ਕਰਨ। ਇਹ ਕੈਲੰਡਰ ਸਿੱਖਾਂ ਦੀ ਅੱਡਰੀ ਪਛਾਣ ਅਤੇ ਵੱਖਰੇ ਧਰਮ ਦੀ ਨਿਸ਼ਾਨੀ ਹੈ। ਉਨ੍ਹਾਂ ਆਖਿਆ ਕਿ ਕੈਲੰਡਰ ਵਿਵਾਦ ਨੂੰ ਧੜਿਆਂ ਦੀ ਰਾਜਨੀਤੀ ਤੋਂ ਉਪਰ ਉਠ ਕੇ ਹੱਲ ਕੀਤਾ ਜਾਵੇ।
ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਹੋਰਨਾਂ ਧਰਮਾਂ ਵਾਂਗ ਸਿੱਖ ਕੌਮ ਦਾ ਵੀ ਵੱਖਰਾ ਕੈਲੰਡਰ ਹੋਣਾ ਚਾਹੀਦਾ ਹੈ। ਸਿੱਖ ਸੰਸਥਾਵਾਂ ਦੇ ਉਚ ਅਹੁਦਿਆਂ ਉਤੇ ਬੈਠੀਆਂ ਸ਼ਖਸੀਅਤਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਵਿਵਾਦ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਹੱਲ ਕਰਨ ਲਈ ਉਪਰਾਲੇ ਕਰਨ। ਉਧਰ, ਗਿਆਨੀ ਹਰਪ੍ਰੀਤ ਸਿੰਘ ਨੇ ਕੈਲੰਡਰ ਵਿਵਾਦ ਬਾਰੇ ਕਿਹਾ ਕਿ ਸ੍ਰੀ ਅਕਾਲ ਤਖਤ ਤੋਂ ਯਤਨ ਕੀਤਾ ਜਾਵੇਗਾ ਕਿ ਸਮੁੱਚੀ ਸਿੱਖ ਸੰਗਤ ਸਾਰੇ ਦਿਨ ਤਿਉਹਾਰ ਇਕੋ ਦਿਨ ਅਤੇ ਇਕਜੁੱਟਤਾ ਨਾਲ ਮਨਾਵੇ। ਉਹ ਖੁਦ ਚਾਹੁੰਦੇ ਹਨ ਕਿ ਸਿੱਖ ਕੌਮ ਦਾ ਇਕੋ ਕੈਲੰਡਰ ਹੋਣਾ ਚਾਹੀਦਾ ਹੈ ਜਿਸ ਮੁਤਾਬਕ ਸਾਰੇ ਇਕੱਠੇ ਹੋ ਕੇ ਗੁਰਪੁਰਬ ਆਦਿ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ। ਕੈਲੰਡਰ ਵਿਵਾਦ ਤੇ ਹੋਰ ਮਸਲਿਆਂ ਨੂੰ ਸੰਵਾਦ ਰਾਹੀਂ ਹੱਲ ਕੀਤਾ ਜਾਵੇਗਾ। ਇਸ ਸਬੰਧੀ ਜਲਦੀ ਹੀ ਯਤਨ ਕੀਤੇ ਜਾਣਗੇ।