ਕਰੋਨਾ ਵਾਇਰਸ ਨੇ ਮਹਾਮਾਰੀ ਦਾ ਰੂਪ ਧਾਰਿਆ, ਹਜ਼ਾਰਾਂ ਮੌਤਾਂ

ਨਵੀਂ ਦਿੱਲੀ: ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਲਪੇਟੇ ਵਿਚ ਲੈ ਲਿਆ ਹੈ। ਭਾਰਤ ਤੇ ਅਮਰੀਕਾ ਸਮੇਤ ਤਕਰੀਬਨ ਸਾਰੇ ਦੇਸ਼ਾਂ ਨੇ ਇਸ ਨੂੰ ਕੌਮੀ ਆਫਤ ਐਲਾਨ ਦਿੱਤਾ ਹੈ। ਕਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਨਵੀਂ ਰਿਪੋਰਟ ਅਨੁਸਾਰ ਵਿਸ਼ਵ ਪੱਧਰ ਉੱਤੇ ਮਰਨ ਵਾਲਿਆਂ ਦੀ ਗਿਣਤੀ 6500 ਤੋਂ ਟੱਪ ਗਈ ਹੈ। 159,844 ਲੋਕ ਪ੍ਰਭਾਵਿਤ ਹਨ।

ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਇਹਤਿਆਤ ਵਜੋਂ ਸੂਬੇ ‘ਚ ਵੱਡੇ ਇਕੱਠ ਨਾ ਕਰਨ, ਖੇਡ ਮੇਲੇ ਤੇ ਸਭਿਆਚਾਰਕ ਸਮਾਗਮ ਨਾ ਕਰਾਉਣ ਸਮੇਤ ਸਾਰੇ ਸਿਨੇਮਾ ਘਰ, ਜਿਮ, ਸਵਿਮਿੰਗ ਪੂਲ ਆਦਿ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਹ ਪਾਬੰਦੀਆਂ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਵਿਦਿਅਕ ਅਦਾਰੇ ਵੀ ਬੰਦ ਕਰ ਦਿੱਤੇ ਗਏ ਹਨ। ਸਪੇਨ ਵਿਚ ਇਸ ਨਾਲ 105 ਲੋਕ ਮਾਰੇ ਗਏ ਹਨ ਤੇ ਚੀਨ ਵਿਚ ਸਭ ਤੋਂ ਵੱਧ 3299 ਮੌਤਾਂ ਹੋਈਆਂ ਹਨ। ਇਰਾਨ ਵਿਚ 150 ਜਣਿਆਂ ਦੀ ਮੌਤ ਹੋ ਗਈ ਹੈ। ਇਹ ਇਕ ਦਿਨ ਵਿਚ ਕਰੋਨਾਵਾਇਰਸ ਕਾਰਨ ਹੋਈਆਂ ਸਭ ਤੋਂ ਵੱਧ ਮੌਤਾਂ ਹਨ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਹੈ।
ਭਾਰਤ ਸਰਕਾਰ ਨੇ ਕਰੋਨਾ ਵਾਇਰਸ ਨੂੰ ਕੌਮੀ ਆਫਤ ਘੋਸ਼ਿਤ ਕਰਦਿਆਂ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਚਾਰ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ। ਭਾਰਤ ਵਿਚ ਕਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਕੇ 125 ਹੋ ਗਈ ਹੈ ਅਤੇ ਇਸ ਵਾਇਰਸ ਕਾਰਨ ਹੁਣ ਤੱਕ 3 ਮੌਤਾਂ ਹੋ ਚੁੱਕੀਆਂ ਹਨ। ਕਰੋਨਾਵਾਇਰਸ ਦੇ ਮੱਦੇਨਜ਼ਰ ਭਾਰਤ ਸਰਕਾਰ ਵਲੋਂ ਪਦਮ ਪੁਰਸਕਾਰ ਸਮਾਗਮ, ਜੋ 3 ਅਪਰੈਲ ਨੂੰ ਹੋਣਾ ਸੀ, ਮੁਲਤਵੀ ਕਰ ਦਿੱਤਾ ਗਿਆ ਹੈ। ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਪੱਤਰ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਕੋਵਿਡ-19 ਦੇ ਫੈਲਾਅ ਅਤੇ ਵਿਸ਼ਵ ਸਿਹਤ ਸੰਸਥਾ (ਡਬਲਿਯੂ.ਐਚ.ਓ.) ਵਲੋਂ ਇਸ ਨੂੰ ਮਹਾਂਮਾਰੀ ਐਲਾਨੇ ਜਾਣ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਨਾਲ ਨੋਟੀਫਾਈਡ ਆਫਤ ਵਾਂਗ ਨਜਿੱਠਿਆ ਜਾਵੇ ਅਤੇ ਇਸ ਲਈ ਸੂਬਾ ਆਫਤ ਰਿਸਪੌਂਸ ਫੰਡ (ਐਸ਼ਡੀ.ਆਰ.ਐਫ਼) ਤਹਿਤ ਸਹਾਇਤਾ ਦਿੱਤੀ ਜਾਵੇ।
ਕੇਂਦਰ ਸਰਕਾਰ ਨੇ ਦੱਸਿਆ ਕਿ ਕੋਵਿਡ-19 ਦੇ ਮਰੀਜ਼ਾਂ ਦੀ ਸਾਂਭ-ਸੰਭਾਲ ਸਬੰਧੀ ਹਸਪਤਾਲਾਂ ਦਾ ਖਰਚਾ ਸੂਬਾ ਸਰਕਾਰਾਂ ਵਲੋਂ ਨਿਰਧਾਰਿਤ ਰੇਟਾਂ ਅਨੁਸਾਰ ਹੋਵੇਗਾ। ਪੀੜਤ ਲੋਕਾਂ ਨੂੰ ਵੱਖਰੇ ਤੌਰ ਉਤੇ ਰੱਖਣ ਜਾਂ ਘਰਾਂ ਵਿਚ ਰੱਖਣ ਜਾਂ ਫਿਰ ਇਕੱਠੇ ਸਮੂਹਾਂ ਨੂੰ ਸੰਭਾਲਣ ਲਈ ਸੂਬਾ ਸਰਕਾਰਾਂ ਐਸ਼ਡੀ.ਆਰ.ਐਫ਼ ਦੀ ਵਰਤੋਂ ਕਰਕੇ ਆਰਜ਼ੀ ਰਿਹਾਇਸ਼, ਖਾਣਾ, ਕੱਪੜੇ ਅਤੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕਰ ਸਕਦੀਆਂ ਹਨ। ਨੋਟੀਫਿਕੇਸ਼ਨ ਵਿਚ ਅੱਗੇ ਕਿਹਾ ਗਿਆ ਹੈ ਕਿ ਸੂਬਾ ਐਗਜ਼ੈਕੇਟਿਵ ਕਮੇਟੀ ਵਲੋਂ ਵੱਖਰੇ ਕੈਂਪਾਂ, ਉਨ੍ਹਾਂ ਦਾ ਸਮਾਂ ਅਤੇ ਲੋਕਾਂ ਦੀ ਗਿਣਤੀ ਆਦਿ ਬਾਰੇ ਫੈਸਲੇ ਲਏ ਜਾਣਗੇ। ਕੇਂਦਰ ਸਰਕਾਰ ਵਲੋਂ ਸੂਬਿਆਂ ਨੂੰ ਐਸ਼ਡੀ.ਆਰ.ਐਫ਼ ਫੰਡਾਂ ਦੀ ਵਰਤੋਂ ਸਬੰਧੀ ਦਿਸ਼ਾ -ਨਿਰਦੇਸ਼ ਦਿੱਤੇ ਗਏ ਹਨ। ਇਸ ਫੰਡ ਦੀ ਵਰਤੋਂ ਕਰਕੇ ਜ਼ਰੂਰੀ ਸਾਮਾਨ ਦੀ ਖਰੀਦ ਕੀਤੀ ਜਾ ਸਕਦੀ ਹੈ ਅਤੇ ਲੋਕਾਂ ਨੂੰ ਵੱਖਰੇ ਤੌਰ ਉਤੇ ਰੱਖਣ ਸਬੰਧੀ ਪ੍ਰਬੰਧ ਕੀਤੇ ਜਾ ਸਕਦੇ ਹਨ। ਸਾਰੇ ਸੂਬਿਆਂ ਲਈ ਜਾਰੀ ਦੋ ਸਫਿਆਂ ਦੇ ਨਿਰਦੇਸ਼ਾਂ ਵਿਚ ਲੋੜੀਂਦੀਆਂ ਵਸਤਾਂ ਦੀ ਸੂਚੀ ਅਤੇ ਵਾਇਰਸ ਦਾ ਫੈਲਾਅ ਰੋਕਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।
ਸਿਹਤ ਮੰਤਰਾਲੇ ਅਨੁਸਾਰ ਕਰੋਨਾਵਾਇਰਸ ਦੇ ਕੇਰਲ ਵਿਚ 19 ਕੇਸ, ਮਹਾਰਾਸ਼ਟਰ ਵਿਚ 14, ਉੱਤਰ ਪ੍ਰਦੇਸ਼ ਵਿੱਚ 11, ਦਿੱਲੀ ਵਿਚ ਸੱਤ, ਕਰਨਾਟਕ ਛੇ, ਲੱਦਾਖ ਵਿੱਚ ਤਿੰਨ, ਜੰਮੂ ਕਸ਼ਮੀਰ ਦੋ ਅਤੇ ਰਾਜਸਥਾਨ, ਤੇਲੰਗਾਨਾ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼ ਤੇ ਪੰਜਾਬ ਵਿਚ ਇਕ-ਇਕ ਮਰੀਜ਼ ਸਾਹਮਣੇ ਆਏ ਹਨ। ਇਸੇ ਦੌਰਾਨ ਮਹਾਰਾਸ਼ਟਰ ਦੇ ਪੁਣੇ ਨੇੜੇ ਪਿੰਪਰੀ-ਚਿੰਚਵਾੜ ‘ਚ ਪੰਜ ਵਿਅਕਤੀਆਂ ਦੇ ਕਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
________________________________________
ਹੰਗਾਮੀ ਫੰਡ ਲਈ ਭਾਰਤ ਵਲੋਂ ਇਕ ਕਰੋੜ ਡਾਲਰ ਦੀ ਪੇਸ਼ਕਸ਼
ਨਵੀਂ ਦਿੱਲੀ: ਕਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਨੇ ‘ਸਾਰਕ’ (ਦੱਖਣੀ ਏਸ਼ਿਆਈ ਮੁਲਕਾਂ ਵਿਚਾਲੇ ਖੇਤਰੀ ਸਹਿਯੋਗ ਲਈ ਸੰਗਠਨ) ਮੁਲਕਾਂ ਦਾ ਇਕ ਸਾਂਝਾ ਹੰਗਾਮੀ ਫੰਡ ਕਾਇਮ ਕਰਨ ਦੀ ਤਜਵੀਜ਼ ਰੱਖੀ ਹੈ। ਇਸ ਦੇ ਨਾਲ ਹੀ ਭਾਰਤ ਨੇ ਇਕ ਕਰੋੜ ਅਮਰੀਕੀ ਡਾਲਰ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ। ਵਿਸ਼ਵ ਵਿਆਪੀ ਕੂਟਨੀਤੀ ਦੇ ਇਤਿਹਾਸ ‘ਚ ਇਕ ਅਨੋਖੇ ‘ਵੈੱਬ ਸਿਖਰ ਸੰਮੇਲਨ’ (ਵੀਡੀਓ ਕਾਨਫਰੰਸ) ਵਿਚ ‘ਸਾਰਕ ਮੁਲਕ’ ਕਰੋਨਾ ਵਾਇਰਸ ਦੇ ਖਤਰੇ ਨਾਲ ਕਾਰਗਰ ਢੰਗ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ ਘੜਨ ਲਈ ਸਹਿਮਤ ਹੋਏ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਗੁਆਂਢੀ ਦੇਸ਼ਾਂ ਦੇ ਆਗੂਆਂ ਨੇ ਸਾਂਝੀ ਰਣਨੀਤੀ ਉਤੇ ਅਮਲ ਕਰਨ ‘ਤੇ ਵਿਚਾਰ-ਵਟਾਂਦਰਾ ਕੀਤਾ। ਵਿਸ਼ਵ ਸਿਹਤ ਸੰਗਠਨ ਵੱਲੋਂ ਇਕੱਠਾਂ ਤੋਂ ਦੂਰੀ ਬਣਾਉਣ ਦੀ ਸਲਾਹ ‘ਤੇ ਅਮਲ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀਡੀਓ ਕਾਨਫਰੰਸ ਕੀਤੀ।