ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਅਸਥਾਈ ਤੌਰ ‘ਤੇ ਬੰਦ

ਡੇਰਾ ਬਾਬਾ ਨਾਨਕ: ਕੇਂਦਰ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਵਧ ਰਹੇ ਖਤਰੇ ਦੇ ਮੱਦੇਨਜ਼ਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ 16 ਮਾਰਚ ਤੋਂ 14 ਦਿਨਾਂ ਲਈ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਕਾਰਨ ਹੁਣ ਸ਼ਰਧਾਲੂ ਅਗਲੇ ਕੁਝ ਦਿਨਾਂ ਲਈ ਦਰਸ਼ਨ ਕਰਨ ਲਈ ਕਰਤਾਰਪੁਰ ਨਹੀਂ ਜਾ ਸਕਣਗੇ। ਪੈਸੰਜਰ ਟਰਮੀਨਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਇਸ ਫੈਸਲੇ ਦੀ ਮਿਤੀ ਨੂੰ ਹੋਰ ਵੀ ਵਧਾ ਸਕਦੀ ਹੈ।

ਕੇਂਦਰ ਸਰਕਾਰ ਨੇ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਵਜੋਂ ਲਿਆ ਹੈ। ਗ੍ਰਹਿ ਮੰਤਰਾਲੇ ਵਲੋਂ ਜਾਰੀ ਪੱਤਰ ਰਾਹੀਂ ਕਿਹਾ ਗਿਆ ਹੈ ਕਿ ਭਾਰਤ ਵਿਚ ਕਰੋਨਾ ਵਾਇਰਸ ਦੇ ਵਾਧੇ ਨੂੰ ਰੋਕਣ ਲਈ ਆਰਜ਼ੀ ਤੌਰ ਉਤੇ ਸ੍ਰੀ ਕਰਤਾਰਪੁਰ ਸਾਹਿਬ ਲਈ ਯਾਤਰਾ ਤੇ ਰਜਿਸਟਰੇਸ਼ਨ ਬੰਦ ਰਹੇਗੀ। ਲੰਘੇ ਸਾਲ 9 ਨਵੰਬਰ ਤੋਂ ਚਾਲੂ ਹੋਏ ਇਸ ਲਾਂਘੇ ਰਾਹੀਂ ਹੁਣ ਤੱਕ ਲਗਭਗ 50 ਹਜ਼ਾਰ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਕਿ ਉਹ ਦਰਸ਼ਨਾਂ ਲਈ ਜਾਣ ਲਈ ਆਪਣੇ ਫੈਸਲੇ ਇਤੇ ਪੁਨਰ ਵਿਚਾਰ ਕਰਨ। ਗ੍ਰਹਿ ਮੰਤਰਾਲੇ ਵੱਲੋਂ ਲਾਂਘਾ 14 ਦਿਨਾਂ ਲਈ ਬੰਦ ਕਰਨ ਦੇ ਹੁਕਮ ਕੀਤੇ ਗਏ, ਪਰ ਇਹ ਸਮਾਂ ਹੋਰ ਵੀ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਆਰਜ਼ੀ ਤੌਰ ਉਤੇ ਬੰਦ ਕੀਤੇ ਜਾਣ ਦੇ ਫੈਸਲੇ ਨਾਲ ਅਕਾਲ ਤਖਤ ਦੇ ਕਾਰਜਕਾਰੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਹਿਮਤੀ ਪ੍ਰਗਟਾਉਂਦਿਆਂ ਸਿੱਖ ਸੰਗਤ ਨੂੰ ਵੀ ਕਰੋਨਾਵਾਇਰਸ ਦੇ ਚੱਲਦੇ ਵਿਸ਼ੇਸ਼ ਇਹਤਿਆਤ ਵਰਤਣ ਦੀ ਅਪੀਲ ਕੀਤੀ ਹੈ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ‘ਚ ਕਰੋਨਾਵਾਇਰਸ ਨੂੰ ਮਹਾਮਾਰੀ ਐਲਾਨ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਭਾਰਤ ਸਰਕਾਰ ਦੇਸ਼ ਨਾਲ ਲੱਗਦੀਆਂ ਸਾਰੇ ਗੁਆਂਢੀ ਮੁਲਕਾਂ ਦੀਆਂ ਸਰਹੱਦਾਂ ਸੀਲ ਕਰ ਚੁੱਕੀ ਹੈ। ਲਿਹਾਜ਼ਾ ਇਹਤਿਆਤ ਵਜੋਂ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਆਰਜ਼ੀ ਤੌਰ ਉਤੇ ਬੰਦ ਕਰਨਾ ਗਲਤ ਨਹੀਂ ਹੈ।
________________
ਲਾਂਘੇ ‘ਤੇ ਰੋਕ ਨਾਲ ਸ਼੍ਰੋਮਣੀ ਕਮੇਟੀ ਅਸਹਿਮਤ
ਅੰਮ੍ਰਿਤਸਰ: ਕਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਅ ਵਾਸਤੇ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਬੰਦ ਕਰਨ ਦੇ ਫੈਸਲੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਆਖਿਆ ਕਿ ਇਹ ਵਾਇਰਸ ਫੈਲਣ ਤੋਂ ਬਚਾਅ ਵਾਸਤੇ ਸਾਵਧਾਨੀ ਰੱਖਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ ਪਰ ਸ਼ਰਧਾਲੂਆਂ ਨੂੰ ਧਰਮ ਅਸਥਾਨਾਂ ਉਤੇ ਜਾਣ ਤੋਂ ਰੋਕਣਾ ਜਾਇਜ਼ ਨਹੀਂ ਹੈ।
______________________
ਦਰਬਾਰ ਸਾਹਿਬ ਪਲਾਜ਼ੇ ਦੀਆਂ ਗੈਲਰੀਆਂ ਯਾਤਰੀਆਂ ਵਾਸਤੇ ਬੰਦ
ਅੰਮ੍ਰਿਤਸਰ: ਕਰੋਨਾ ਵਾਇਰਸ ਤੋਂ ਬਚਾਅ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਪਲਾਜਾ ਦੇ ਜ਼ਮੀਨਦੋਜ ਹਿੱਸੇ ਵਿਚ ਬਣਾਈਆਂ ਗੈਲਰੀਆਂ ਨੂੰ ਯਾਤਰੂਆਂ ਵਾਸਤੇ ਬੰਦ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਵੀ ਆਪਣੇ ਸਮੂਹ ਵਿਦਿਅਕ ਅਦਾਰੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਪਲਾਜ਼ਾ ਦੇ ਜ਼ਮੀਨਦੋਜ਼ ਹਿੱਸੇ ਵਿਚ ਯਾਤਰੂਆਂ ਨੂੰ ਸਿੱਖ ਧਰਮ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਾਉਣ ਲਈ ਬਣਾਈਆਂ ਗਈਆਂ ਗੈਲਰੀਆਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੁਨੀਆ ਭਰ ਵਿਚ ਕਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਨੂੰ ਦੇਖਦਿਆਂ ਸਾਵਧਾਨੀ ਵਜੋਂ ਇਹ ਫੈਸਲਾ ਕੀਤਾ ਹੈ।
ਸ਼੍ਰੋਮਣੀ ਕਮੇਟੀ ਨੇ ਵੀ ਸਾਵਧਾਨੀ ਵਜੋਂ ਆਪਣੇ ਸਮੂਹ ਵਿਦਿਅਕ ਅਦਾਰੇ 31 ਮਾਰਚ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਕਰੋਨਾ ਵਾਇਰਸ ਕਾਰਨ ਬਣੇ ਚਿੰਤਾਜਨਕ ਹਾਲਾਤ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲ ਰਹੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਨੂੰ 31 ਮਾਰਚ ਤਕ ਬੰਦ ਕਰ ਦਿੱਤਾ ਹੈ। ਚੱਲ ਰਹੀਆਂ ਪ੍ਰੀਖਿਆਵਾਂ ਬਾਰੇ ਸਬੰਧਤ ਬੋਰਡਾਂ ਦੀਆਂ ਹਦਾਇਤਾਂ ਨੂੰ ਲਾਗੂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਵੀ ਸਾਰੇ ਵਿਦਿਅਕ ਅਦਾਰੇ 31 ਮਾਰਚ ਤੱਕ ਬੰਦ ਰੱਖਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਤੇ ਸਮਾਜਿਕ ਇਕੱਠ ਵੀ ਅੱਗੇ ਪਾਏ ਜਾਣ ਅਤੇ ਮੌਜੂਦਾ ਸਮੇਂ ਸਥਿਤੀ ਦੀ ਨਜ਼ਾਕਤ ਨੂੰ ਸਮਝਦੇ ਹੋਏ ਇਕੱਠ ਨਾ ਕੀਤੇ ਜਾਣ।