ਭਾਰਤ ਵੱਲੋਂ 15 ਅਪਰੈਲ ਤੱਕ ਸਾਰੇ ਸੈਲਾਨੀ ਵੀਜ਼ੇ ਰੱਦ

ਜਨੇਵਾ: ਵਿਸ਼ਵ ਸਿਹਤ ਸੰਗਠਨ ਨੇ ਦੁਨੀਆਂ ਭਰ ‘ਚ ਹਜ਼ਾਰਾਂ ਜਾਨਾਂ ਲੈਣ ਵਾਲੇ ਕਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਦਿੱਤਾ ਹੈ, ਜਿਸ ਤੋਂ ਬਾਅਦ ਭਾਰਤ ਨੇ ਦੇਸ਼ ਵਿਚ ਕਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ 15 ਅਪਰੈਲ ਤੱਕ ਸਾਰੇ ਸੈਲਾਨੀ ਵੀਜ਼ੇ ਰੱਦ ਕਰ ਦਿੱਤੇ ਹਨ।

ਸਿਹਤ ਮੰਤਰੀ ਹਰਸ਼ ਵਰਧਨ ਦੀ ਅਗਵਾਈ ਵਿਚ ਹੋਈ ਮੰਤਰੀਆਂ ਦੇ ਗਰੁੱਪ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਕੂਟਨੀਤਕ, ਅਧਿਕਾਰੀਆਂ, ਸੰਯੁਕਤ ਰਾਸ਼ਟਰ, ਅੰਤਰਰਾਸ਼ਟਰੀ ਸੰਗਠਨਾਂ, ਰੁਜ਼ਗਾਰ ਅਤੇ ਪ੍ਰੋਜੈਕਟ ਵੀਜ਼ਿਆਂ ਨੂੰ ਛੱਡ ਕੇ ਬਾਕੀ ਸਾਰੇ ਵੀਜ਼ੇ 15 ਅਪਰੈਲ ਤੱਕ ਰੱਦ ਕੀਤੇ ਗਏ ਹਨ। ਇਸ ਤੋਂ ਇਲਾਵਾ ਓ.ਸੀ.ਆਈ. ਕਾਰਡ ਧਾਰਕਾਂ ਨੂੰ ਦਿੱਤੀ ਜਾਣ ਵਾਲੀ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਵੀ 15 ਅਪਰੈਲ ਤੱਕ ਰੱਦ ਕੀਤੀ ਗਈ ਹੈ। ਜਾਨਲੇਵਾ ਕਰੋਨਾ ਵਾਇਰਸ ਦੇ ਕੇਰਲ ‘ਚ 10 ਅਤੇ ਦਿੱਲੀ ਤੇ ਰਾਜਸਥਾਨ ‘ਚ ਇਕ-ਇਕ ਨਵਾਂ ਮਾਮਲਾ ਸਾਹਮਣੇ ਆਉਣ ਦੇ ਬਾਅਦ ਦੇਸ਼ ‘ਚ ਪੀੜਤਾਂ ਦੀ ਗਿਣਤੀ ਵਧ ਕੇ 125 ਹੋ ਗਈ ਹੈ। ਇਸੇ ਦੌਰਾਨ ਕਰਨਾਟਕ ‘ਚ ਕੋਵਿਡ-19 ਦੇ ਇਕ ਸ਼ੱਕੀ ਵਿਅਕਤੀ ਦੀ ਮੌਤ ਹੋ ਗਈ।
ਅਧਿਕਾਰਤ ਸੂਤਰਾਂ ਅਨੁਸਾਰ ਮ੍ਰਿਤਕ ਦੀ ਪਛਾਣ ਮੁਹੰਮਦ ਸਿੱਦੀਕੀ (76) ਵਜੋਂ ਹੋਈ ਹੈ, ਜੋ ਬੀਤੀ 29 ਫਰਵਰੀ ਨੂੰ ਸਾਊਦੀ ਅਰਬ ਤੋਂ ਕਾਲਾਬੁਰਗੀ (ਕਰਨਾਟਕ) ਆਇਆ ਸੀ। ਸੂਬੇ ਦੇ ਸਿਹਤ ਕਮਿਸ਼ਨਰ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਉਕਤ ਵਿਅਕਤੀ ਦੀ ਮੌਤ ਕਰੋਨਾ ਵਾਇਰਸ ਕਾਰਨ ਹੋਈ ਹੈ, ਕਿਉਂਕਿ ਇਸ ਸਬੰਧੀ ਰਿਪੋਰਟ ਆਉਣੀ ਅਜੇ ਬਾਕੀ ਹੈ। ਤੇਲੰਗਾਨਾ, ਤਾਮਿਲਨਾਡੂ, ਜੰਮੂ-ਕਸ਼ਮੀਰ ਅਤੇ ਪੰਜਾਬ ‘ਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ।
ਕੇਰਲ ‘ਚ ਸਭ ਤੋਂ ਵੱਧ 15 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਤਿੰਨ ਉਹ ਮਰੀਜ਼ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪਿਛਲੇ ਮਹੀਨੇ ਠੀਕ ਹੋਣ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਸੀ। ਮੌਜੂਦਾ ਪ੍ਰੋਟੋਕਾਲ ਮੁਤਾਬਕ ਸ਼ੱਕੀ ਮਾਮਲਿਆਂ ਦੀ ਪੁਸ਼ਟੀ ਤੋਂ ਪਹਿਲਾਂ ਉਨ੍ਹਾਂ ਦਾ ਘੱਟੋ ਘੱਟ ਦੋ ਵਾਰ ਟੈਸਟ ਕੀਤਾ ਜਾ ਰਿਹਾ ਹੈ। ਵਿਸ਼ਵ ਪੱਧਰ ਉਤੇ ਕੋਵਿਡ-19 ਦੇ ਵਧਦੇ ਪ੍ਰਕੋਪ ਦਰਮਿਆਨ ਭਾਰਤ ਨੇ ਫਰਾਂਸ, ਜਰਮਨੀ ਅਤੇ ਸਪੇਨ ਦੇ ਨਾਗਰਿਕਾਂ ਦੇ ਦਾਖਲੇ ਉਤੇ ਪਾਬੰਦੀ ਲਗਾ ਦਿੱਤੀ ਅਤੇ ਉਨ੍ਹਾਂ ਲਈ ਹੁਣ ਤੱਕ ਜਾਰੀ ਵੀਜ਼ੇ ਨੂੰ ਰੱਦ ਕਰ ਦਿੱਤਾ ਗਿਆ।
ਭਾਰਤ ਇਟਲੀ, ਈਰਾਨ, ਦੱਖਣੀ ਕੋਰੀਆ, ਜਾਪਾਨ ਅਤੇ ਚੀਨ ਦੇ ਨਾਗਰਿਕਾਂ ਲਈ ਪਹਿਲਾਂ ਹੀ ਵੀਜ਼ੇ ਰੱਦ ਕਰ ਚੁੱਕਾ ਹੈ। ਸਿਹਤ ਮੰਤਰਾਲੇ ਨੇ ਸਲਾਹ ਜਾਰੀ ਕਰਦਿਆਂ ਚੀਨ, ਹਾਂਗਕਾਂਗ, ਕੋਰੀਆ ਗਣਰਾਜ, ਜਾਪਾਨ, ਇਟਲੀ, ਥਾਈਲੈਂਡ, ਸਿੰਗਾਪੁਰ, ਈਰਾਨ, ਮਲੇਸ਼ੀਆ, ਫਰਾਂਸ, ਸਪੇਨ ਅਤੇ ਜਰਮਨੀ ਦੇ ਦੌਰੇ ਤੋਂ ਆਉਣ ਵਾਲੇ ਲੋਕਾਂ ਨੂੰ ਭਾਰਤ ਆਉਣ ਦੇ ਬਾਅਦ 14 ਦਿਨਾਂ ਤੱਕ ਖੁਦ ਨੂੰ ਅਲੱਗ ਰੱਖਣ ਲਈ ਕਿਹਾ ਹੈ।
_______________________________
ਏਅਰ ਇੰਡੀਆ ਵੱਲੋਂ ਯੂਰਪੀ ਮੁਲਕਾਂ ਲਈ ਉਡਾਣਾਂ ਰੱਦ
ਮੁੰਬਈ/ਪੁਣੇ: ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਇਟਲੀ, ਫਰਾਂਸ, ਜਰਮਨੀ, ਸਪੇਨ, ਇਜ਼ਰਾਈਲ, ਦੱਖਣੀ ਕੋਰੀਆ ਤੇ ਸ੍ਰੀਲੰਕਾ ਲਈ 30 ਅਪਰੈਲ ਤੱਕ ਉਡਾਣਾਂ ਰੱਦ ਕਰ ਦਿੱਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੁਵੈਤ ਲਈ 30 ਅਪਰੈਲ ਤੱਕ ਹਵਾਈ ਸੇਵਾ ਬੰਦ ਕਰਨ ਤੋਂ ਬਾਅਦ ਏਅਰ ਇੰਡੀਆ ਨੇ ਉਕਤ ਯੂਰਪੀ ਮੁਲਕਾਂ ਲਈ ਹਵਾਈ ਸੇਵਾ ਆਰਜ਼ੀ ਤੌਰ ਉਤੇ ਰੱਦ ਕਰਨ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਦੁਬਈ ਤੋਂ ਜਹਾਜ਼ ਰਾਹੀਂ ਇਥੇ ਪਹੁੰਚੇ ਯਾਤਰੀਆਂ ਵਿਚੋਂ ਕਿਸੇ ਨੇ ਵੀ ਲੰਘੇ ਕੁਝ ਹਫਤਿਆਂ ਦੌਰਾਨ ਕਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ ‘ਚੋਂ ਕਿਸੇ ਵੀ ਦੇਸ਼ ਦੀ ਯਾਤਰਾ ਨਹੀਂ ਕੀਤੀ ਹੈ। ਸਪਾਈਸ ਜੈੱਟ ਦੀ ਇਸ ਉਡਾਣ ‘ਚ 125 ਯਾਤਰੀ ਸਵਾਰ ਸਨ। ਇਨ੍ਹਾਂ ‘ਚੋਂ ਕਿਸੇ ਨੇ ਵੀ ਚੀਨ, ਇਟਲੀ, ਇਰਾਨ, ਦੱਖਣੀ ਕੋਰੀਆ, ਫਰਾਂਸ, ਸਪੇਨ ਜਾਂ ਜਰਮਨੀ ਦੀ ਯਾਤਰਾ ਨਹੀਂ ਕੀਤੀ ਹੈ।